ਕਿਰਪਾਲ ਕੌਰ
ਫੋਨ: 815-356-9535
ਲਾਲਾ ਗੁਰਦਿੱਤਾ ਮੱਲ ਦੀ ਹੱਟੀ ਉਨ੍ਹਾਂ ਦੇ ਪਿੰਡ ਦਾ ਸਭ ਤੋਂ ਪੁਰਾਣਾ ਵਪਾਰਕ ਅਦਾਰਾ ਹੈ। ਹੱਟੀ ‘ਤੇ ਸੌਦਾ ਹੀ ਨਹੀਂ ਵਿਕਦਾ, ਇਥੇ ਕਿਸੇ ਨੇ ਗਾਂ/ਮੱਝ ਜਾਂ ਬਲਦ ਵੇਚਣਾ-ਖਰੀਦਣਾ ਹੋਵੇ, ਪੂਰੀ ਰਕਮ ਦੇਣ ਲਈ ਨਾ ਹੋਵੇ ਤਾਂ ਕਾਗਜ਼ ਲਿਖਣ/ਲਿਖਾਉਣ ਲਈ ਵੀ ਲਾਲਾ ਜੀ ਕੋਲ ਆਉਂਦੇ। ਲਾਲਾ ਜੀ ਨੂੰ ਰਸੀਦ ਤੇ ਇਕਰਾਰਨਾਮਾ ਲਿਖਣਾ ਆਉਂਦਾ ਸੀ। ਉਤੇ ਰੁਪਏ ਦਾ ਟਿਕਟ ਲਾ ਕੇ ਆਪਣੀ ਫੀਸ ਲੈ ਲੈਂਦਾ। ਪਿੰਡ ਭਾਵੇਂ ਵੱਡੇ ਸ਼ਹਿਰ ਦੀ ਜੂਹ ਉਤੇ ਵਸਿਆ ਹੋਇਆ ਹੈ, ਫਿਰ ਵੀ ਛੋਟੀ-ਮੋਟੀ ਖਰੀਦਦਾਰੀ ਸਾਰੇ ਇਥੋਂ ਹੀ ਕਰਦੇ। ਇਕ ਤਾਂ ਲਾਲਾ ਜੀ ਦਾ ਸੁਭਾਅ ਬੜਾ ਮਿੱਠਾ ਸੀ, ਦੂਸਰਾ ਉਹ ਨਫਾ ਬਣਦਾ ਹੀ ਲੈਂਦੇ। ਕਿਸੇ ਦੀ ਜੇਬ ਲੁੱਟਣ ਦੀ ਨੀਅਤ ਨਹੀਂ ਸਨ ਰੱਖਦੇ। ‘ਥੋੜ੍ਹੀ ਹੈ, ਥੋੜ੍ਹੇ ਦੀ ਜ਼ਰੂਰਤ ਹੈ’ ਵਾਲੇ ਸਨ, ਲਾਲ ਜੀ।
ਲਾਲਾ ਜੀ ਦਾ ਘਰ ਪਿੰਡ ਦੇ ਪਹਿਲੇ ਤਿੰਨ ਪੱਕੇ ਘਰਾਂ ਵਿਚੋਂ ਹੈ। ਹੱਟੀ ਘਰ ਦੀ ਡਿਓੜੀ ਵਿਚ ਹੀ ਹੈ। ਪਿੰਡ ਵਿਚ ਦੁੱਧ ਤੇ ਕਣਕ ਸਸਤੇ ਭਾਅ ਮਿਲਦੇ। ਸਬਜ਼ੀ ਲਾਲਾ ਜੀ ਦੇ ਪੁਰਾਣੇ ਗਾਹਕ ਮਲੇਰਕੋਟਲੇ ਤੋਂ ਲੁਧਿਆਣੇ ਵੇਚਣ ਜਾਂਦੇ ਸਮੇਂ ਦੁਕਾਨ ਉਤੇ ਛੱਡ ਜਾਂਦੇ।
ਬਾਕੀ ਸ਼ਹਿਰਾਂ ਵਾਂਗ ਲੁਧਿਆਣੇ ਨੇ ਵੀ ਆਸੇ-ਪਾਸੇ ਦੇ ਪਿੰਡਾਂ ਨੂੰ ਨਿਗਲਣਾ ਸ਼ੁਰੂ ਕੀਤਾ ਤਾਂ ਪਹਿਲੀ ਮਾਰ ਇਸੇ ਪਿੰਡ ਨੂੰ ਪਈ। ਪਿੰਡ ਕਾਰਪੋਰੇਸ਼ਨ ਦੀ ਹੱਦ ਵਿਚ ਆ ਗਿਆ। ਜਿਹੜੇ ਲੋਕ ਸ਼ਹਿਰ ਵਿਚ ਸਰਕਾਰੀ ਨੌਕਰੀ ਕਰਦੇ ਤੇ ਪਿੰਡ ਵਿਚ ਘੱਟ ਕਿਰਾਏ ‘ਤੇ ਰਹਿੰਦੇ ਸਨ, ਉਹ ਖੁਸ਼ ਸਨ ਕਿ ਹੁਣ ਕਿਰਾਇਆ ਸ਼ਹਿਰ ਦੇ ਹਿਸਾਬ ਉਤੇ ਮਿਲੇਗਾ। ਲਾਲਾ ਜੀ ਨੂੰ ਡਰ ਪੈ ਗਿਆ, ਕਿਤੇ ਟੈਕਸ ਨਾ ਲੱਗ ਜਾਵੇ ਜਾਂ ਮਹੱਲੇ ਵਿਚੋਂ ਹੱਟੀ ਹੀ ਨਾ ਚੁਕਵਾ ਦਿਤੀ ਜਾਵੇ। ਕਿਸਾਨਾਂ ਦੀਆਂ ਸ਼ਹਿਰ ਦੇ ਨਾਲ ਲੱਗਦੀਆਂ ਜ਼ਮੀਨਾਂ ਸੋਨੇ ਦੇ ਭਾਅ ਵਿਕਣ ਲੱਗ ਪਈਆਂ। ਕੱਚੇ ਘਰਾਂ ਵਾਲੇ ਪਿੰਡ ਵਿਚ ਕੋਠੀਆਂ ਪੈਣ ਲੱਗੀਆਂ।
ਲਾਲਾ ਜੀ ਦੀ ਸਵਿੱਤਰੀ ਨੂੰ ਤਾਂ ਬਹੁਤ ਚਿੰਤਾ ਹੋ ਗਈ- ਹੁਣ ਤਾਂ ਇਥੇ ਬਾਜ਼ਾਰ ਬਣ ਜਾਣੇ ਨੇ, ਸਾਡੀ ਹੱਟੀ ਨੂੰ ਕਿਸ ਪੁੱਛਣਾ! ਉਹ ਸਾਰਾ ਦਿਨ ਚਿੰਤਾ ਵਿਚ ਰਹਿੰਦੀ। ਇਕ ਦਿਨ ਲਾਲਾ ਜੀ ਨੂੰ ਚਾਹ ਦਾ ਕੱਪ ਫੜਾ ਕੇ ਆਪ ਵੀ ਕੋਲ ਬੈਠ ਗਈ ਤੇ ਬੋਲੀ, “ਸੁਣਿਆ ਜਿਹੜੀ ਜ਼ੈਲਦਾਰਾਂ ਨੇ ਜ਼ਮੀਨ ਬੇਚੀ, ਉਥੇ ਸਿਨਮਾ ਹਾਲ ਬਣਨਾ, ਨਾਲ ਬੜਾ ਬਾਜ਼ਾਰ ਕਈ ਮੰਜ਼ਲਾਂ ਉਚਾ।”
ਲਾਲਾ ਜੀ ਥੋੜ੍ਹਾ ਹੱਸਦੇ ਬੋਲੇ, “ਇਹ ਤਾਂ ਬੜੀ ਚੰਗੀ ਗੱਲ ਹੈ, ਕਦੀ ਆਪਾਂ ਵੀ ਸਿਨਮਾ ਦੇਖ ਆਇਆ ਕਰਾਂਗੇ।”
“ਆਹੋ, ਜਿੱਦਣ ਦਾ ਵਿਆਹ ਹੋਇਆ, ਅੱਜ ਤੱਕ ਤਾਂ ਦੇਖਿਆ ਨਹੀਂ। ਇਸ ਹੱਟੀ ਤੋਂ ਬਿਨਾ ਕੋਈ ਦੁਕਾਨ/ਬਾਜ਼ਾਰ ਨਹੀਂ ਦੇਖਿਆ। ਸਹੁਰੇ ਦੀਆਂ ਛੇ ਧੀਆਂ ਵਿਚੋਂ ਦੋ ਹੀ ਵਿਆਹੀਆਂ ਸਨ। ਬਾਕੀ ਚਹੁੰਆਂ ਦੇ ਵਿਆਹ, ਸਾਰੀਆਂ ਦੇ ਦਿਨ ਤਿਉਹਾਰ। ਨਾਨਕੀ ਛੱਕ, ਕੁੜਮਾਂ ਦੇ ਮਰਨੇ, ਮੈਂ ਤਾਂ ਇਹੀ ਕੁਛ ਕਰਦੀ ਰਹੀ। ਕਦੀ ਚੰਗਾ ਕੱਪੜਾ ਪਾ ਕੇ ਨਹੀਂ ਦੇਖਿਆ।” ਲਾਲਾ ਜੀ ਚੁੱਪ ਕਰ ਕੇ ਉਸ ਵੱਲ ਦੇਖਦੇ ਰਹੇ। ਫਿਰ ਬੋਲੇ, “ਸਵਿੱਤਰੀ, ਤੂੰ ਕਦੀ ਮੈਨੂੰ ਅੱਗੇ ਮਿਹਣਾ ਨਹੀਂ ਦਿਤਾ, ਮੈਥੋਂ ਮੂਹਰੇ ਤੂੰ ਮੇਰੀਆਂ ਭੈਣਾਂ ਲਈ ਸੋਚਦੀ ਰਹੀ, ਅੱਜ ‘ਕੱਠਾ ਹੀ ਮੇਰੇ ਉਤੇ ਭਾਰ ਪਾ ਦਿੱਤਾ।”
“ਨਹੀਂ ਭਾਰ ਨਹੀਂ, ਮੈਨੂੰ ਚਿੰਤਾ ਹੋ ਰਹੀ ਆ। ਮੁੰਡਿਆਂ ਕੋਲੋਂ ਕੋਈ ਉਮੀਦ ਨਹੀਂ। ਬੜਾ 12ਵੀਂ ਦਾ ਇਮਤਿਹਾਨ ਤੀਜੀ ਵਾਰ ਦੇ ਰਿਹੈ। ਤਿੰਨ ਟਿਊਸ਼ਨਾਂ ਰੱਖੀਆਂ ਹੋਈਆਂ।” ਸਵਿੱਤਰੀ ਰੋ ਪਈ। ਚੁੰਨੀ ਨਾਲ ਅੱਖਾਂ ਪੂੰਝਦੀ ਕੱਪ ਚੁੱਕ ਕੇ ਅੰਦਰ ਚਲੀ ਗਈ। ਲਾਲਾ ਜੀ ਨੇ ਦਰਵਾਜ਼ਾ ਖੋਲ੍ਹ ਕੇ ਛੋਟੇ ਮੁੰਡੇ ਨੂੰ ਆਵਾਜ਼ ਦਿਤੀ। ਉਹ ਹੱਥ ਵਿਚ ਥਾਲੀ ਫੜੀ ਰਸੋਈ ‘ਚੋਂ ਨਿਕਲਿਆ, “ਦੱਸੋ ਪਿਤਾ ਜੀ, ਮੈਂ ਪਰੌਂਠਾ ਖਾ ਰਿਹਾ ਸੀ। ਸਕੂਲ ਜਾਣਾ।”
“ਹਾਂ, ਮੈਂ ਵੀ ਇਸੇ ਲਈ ਬੁਲਾ ਰਿਹਾ ਸੀ। ਸਕੂਲ ਲਈ ਲੇਟ ਨਾ ਹੋਵੀਂ।”
“ਨਹੀਂ ਪਿਤਾ ਜੀ, ਮੈਂ ਤਿਆਰ ਹਾਂ, ਜਾ ਰਿਹਾਂ।” ਉਸ ਥਾਲੀ ਰੱਖ ਕੇ ਹੱਥ ਸਾਫ ਕੀਤੇ ਤੇ ਬਸਤਾ ਚੁੱਕ ਪਿਤਾ ਦੇ ਪੈਰੀਂ ਹੱਥ ਲਾ ਸਕੂਲ ਚਲਾ ਗਿਆ। ਸਵਿਤਰੀ ਅੰਦਰੋਂ ਬੋਲੀ, “ਤੁਸੀਂ ਆਪਣੇ ਕੱਪੜੇ ਬਦਲ ਲਵੋ, ਮੰਜੇ ਉਤੇ ਪਏ ਨੇ।”
“ਹਾਂ, ਅੱਜ ਤਾਂ ਸਾਲਾ ਸਾਹਿਬ ਨੇ ਆਉਣੈ, ਜਰਾ ਸਜ ਜਾਵਾਂ ਮੈਂ ਵੀ।” ਲਾਲਾ ਜੀ ਸਵਿੱਤਰੀ ਦਾ ਮੂਡ ਬਦਲਣਾ ਚਾਹੁੰਦੇ ਸਨ। ਕੱਪੜੇ ਬਦਲ ਕੇ ਫਿਰ ਦੁਕਾਨ ‘ਤੇ ਜਾ ਬੈਠੇ। ਸਵਿੱਤਰੀ ਖਾਣਾ ਤਿਆਰ ਕਰ ਕੇ ਤੇ ਨਹਾ ਕੇ ਬਰਾਂਡੇ ਵਿਚ ਬੈਠ ਗਈ। ਥੋੜ੍ਹੀ ਦੇਰ ਪਿਛੋਂ ਮੋਟਰਸਾਈਕਲ ਦੀ ਆਵਾਜ਼ ਆਈ ਤੇ ਸਵਿੱਤਰੀ ਦਾ ਭਰਾ ਆ ਗਿਆ। ਲਾਲਾ ਜੀ ਵੀ ਆ ਗਏ। ਤਿੰਨੋਂ ਮਿਲੇ ਤੇ ਬਰਾਂਡੇ ਵਿਚ ਬੈਠ ਗਏ। ਚਾਹ ਪਾਣੀ ਨਾਲ ਦੋਹਾਂ ਘਰਾਂ ਦੀ ਸੁੱਖ-ਸਾਂਦ, ਬੱਚਿਆਂ ਦੀ ਪੜ੍ਹਾਈ ਦੀਆਂ ਗੱਲਾਂ ਹੋਈਆਂ। ਦੁਕਾਨ ‘ਤੇ ਗਾਹਕ ਦੇਖ ਕੇ ਲਾਲਾ ਜੀ ਉਠ ਕੇ ਚਲੇ ਗਏ। ਭੈਣ ਭਰਾ ਦੁਖ-ਸੁਖ ਕਰਦੇ ਰਹੇ। ਸਵਿੱਤਰੀ ਨੇ ਦੱਸਿਆ ਕਿ ਵੱਡਾ ਮੁੰਡਾ ਪੜ੍ਹਾਈ ਵਿਚ ਬਹੁਤ ਨਿਕੰਮਾ ਹੈ। ਤੀਜੀ ਵਾਰ ਬਾਰ੍ਹਵੀਂ ਦਾ ਇਮਤਿਹਾਨ ਦਿੱਤਾ। ਤਿੰਨ ਟਿਊਸ਼ਨਾਂ ਰੱਖੀਆਂ, ਕੀ ਕਰੂਗਾ ਅੱਗੇ? ਭਰਾ ਚੁੱਪ ਰਿਹਾ ਤੇ ਕੁਝ ਸੋਚਦਾ ਰਿਹਾ, ਫਿਰ ਕਹਿਣ ਲੱਗਾ, “ਭੈਣ, ਮੁੰਡਾ ਉਂਜ ਸੁਖ ਨਾਲ ਸਿਹਤ ਵਾਲੈ, ਜੇ ਫੌਜ ਵਿਚ ਭਰਤੀ ਹੋ ਜਾਵੇ!”
“ਗੱਲ ਤਾਂ ਠੀਕ ਹੈ। ਆਪਣੇ ਜੀਜੇ ਨਾਲ ਗੱਲ ਕਰੀਂ।”
“ਭਰਤੀ ਜੀਜੇ ਨੇ ਨਹੀਂ, ਭਾਣਜੇ ਨੇ ਹੋਣੈ। ਜੇ ਉਹ ਤਿਆਰ ਹੋਵੇ ਤਾਂ ਗੱਲ ਬਣਨੀ ਹੈ।”
ਉਸੇ ਵੇਲੇ ਬਾਹਰੋਂ ਸੋਹਣਾ ਵੀ ਆ ਗਿਆ। ਮਾਮੇ ਨੂੰ ਪਿਆਰ ਤੇ ਸਤਿਕਾਰ ਨਾਲ ਮਿਲਿਆ। ਰਾਜ਼ੀ ਖੁਸ਼ੀ ਮਗਰੋਂ ਮਾਮੇ ਨੇ ਪੁੱਛਿਆ, “ਹੁਣ ਫਿਰ ਅੱਜ ਕੱਲ੍ਹ ਕੀ ਚੱਲਦੈ।” ਉਸ ਉਤਰ ਦਿਤਾ, “ਮਾਮਾ ਜੀ, ਉਮੀਦ ਹੈ ਚੰਗਾ ਹੀ ਚੱਲ ਪਵੇਗਾ। ਸਰੋਨ ਰਾਏ ਸੈਣੀ ਨੇ ਕਾਰਪੋਰੇਸ਼ਨ ਦੀ ਇਲੈਕਸ਼ਨ ਵਿਚ ਖੜ੍ਹਨੈ, ਉਹ ਮੈਨੂੰ ਆਪਣਾ ਕਨਵੈਸਿੰਗ ਇੰਚਾਰਜ ਤੇ ਬੁਲਾਰੇ ਦੇ ਤੌਰ ਲੈਣਾ ਚਾਹੁੰਦਾ।”
“ਅੱਛਾ, ਕੀ ਯੋਗਤਾ ਹੁੰਦੀ ਹੈ ਕਨਵੈਸਿੰਗ ਕਰਨ ਵਾਲੇ ਦੀ ਜੋ ਤੇਰੇ ਵਿਚ ਹੈ।”
“ਮਾਮਾ ਜੀ, ਮੈਂ ਪਿਤਾ ਜੀ ਨਾਲ ਵੀ ਗੱਲ ਨਹੀਂ ਕੀਤੀ, ਉਨ੍ਹਾਂ ਵੀ ਮੈਨੂੰ ਕੁਝ ਇਹੋ ਜਿਹਾ ਜਵਾਬ ਦੇਣਾ।”
“ਨਹੀਂ, ਤੂੰ ਸ਼ਾਇਦ ਮੈਨੂੰ ਗਲਤ ਸਮਝਿਆ, ਮੇਰਾ ਭਾਵ ਹੈ, ਆਖਰ ਕੁਝ ਤੇਰੇ ਬਾਰੇ ਉਸ ਜਾਣਿਆ ਹੋਵੇਗਾ। ਤਾਂ ਹੀ ਤੈਨੂੰ ਬਣਾਉਣਾ ਚਾਹੁੰਦਾ ਹੈ ਕਨਵੈਸਿੰਗ ਇੰਚਾਰਜ।”
“ਮਾਮਾ ਜੀ, ਇਸ ਦਾ ਜਵਾਬ ਮੈਂ ਕੁਝ ਨਹੀਂ ਦੇ ਸਕਦਾ।” ਮੁੰਡੇ ਨੇ ਕੁਝ ਖਿਝ ਨਾਲ ਕਿਹਾ।
“ਚਲੋ ਠੀਕ ਹੈ। ਪੁੱਤਰਾ ਕੋਈ ਕੰਮ ਹੋਵੇ, ਮਨ ਲਾ ਕੇ ਕਰੋ, ਸਫਲਤਾ ਮਿਲਦੀ ਹੈ।” ਮਾਮੇ ਨੇ ਉਤਰ ਦੇ ਕੇ ਜਿਵੇਂ ਚਰਚਾ ਖਤਮ ਕਰ ਦਿਤੀ। ਸੋਹਣਾ ਵੀ ਮਾਮੇ ਦੇ ਪੈਰ ਛੂਹ ਕੇ ਚਲਾ ਗਿਆ।
ਕਿਸ਼ੋਰੀ ਲਾਲ ਵੀ ਉਠ ਕੇ ਖੜ੍ਹਾ ਹੋ ਗਿਆ। ਕਹਿਣ ਲੱਗਾ, “ਭੈਣ, ਅੱਜ ਤਾਂ ਮੈਂ ਮੁਆਫੀ ਮੰਗਦਾਂ, ਜਾਣਾ ਪਵੇਗਾ ਹੁਣ। ਦੋ ਹਫਤਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਫਿਰ ਰਹਾਂਗਾ।” ਉਹ ਲਾਲਾ ਜੀ ਨੂੰ ਮਿਲ ਕੇ ਚਲਾ ਗਿਆ।
ਸਵਿੱਤਰੀ ਬੈਠੀ ਆਪਣੇ ਫਿਕਰਾਂ ਦੀ ਫੁਲਕਾਰੀ ਦੀਆਂ ਬੂਟੀਆਂ ਕੱਢਦੀ ਤੇ ਉਧੇੜਦੀ ਰਹੀ। ਮਨ ਨੂੰ ਤਸੱਲੀ ਦਿੰਦੀ ਕਿ ਭਗਵਾਨ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ। ਅਸੀਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਾ ਸੋਚਿਆ। ਸਾਡਾ ਵੀ ਸਭ ਠੀਕ ਹੋਵੇਗਾ।
ਲਾਲਾ ਜੀ ਦੀ ਦੁਕਾਨ ਉਤੇ ਗਾਹਕ ਬਹੁਤ ਸਨ। ਕੱਲ੍ਹ ਅਸ਼ਟਮੀ ਹੈ। ਲਾਲਾ ਜੀ ਨੇ ਕੰਜਕਾਂ ਦੀਆਂ ਤੇ ਦੇਵੀ ਮਾਂ ਦੀ ਚੁੰਨੀ ਨਾਲ ਮਹਿੰਦੀ ਦਾ ਪੈਕਟ ਜੋੜ ਕੇ ਰੱਖੇ ਹੋਏ ਸਨ। ਸੂਜੀ, ਚੀਨੀ ਤੇ ਘਿਉ ਦੀ ਵਿਕਰੀ ਚੱਲ ਰਹੀ ਸੀ। ਕੰਸਟਰੱਕਸ਼ਨ ਦਾ ਕੰਮ ਆਸ-ਪਾਸ ਚੱਲ ਰਿਹਾ ਹੈ। ਇਸ ਲਈ ਯੂæਪੀæ ਅਤੇ ਬਿਹਾਰ ਦੀਆਂ ਬੀਬੀਆਂ ਅੱਜ ਅਸ਼ਟਮੀ ਦਾ ਸਾਮਾਨ ਲੈ ਰਹੀਆਂ ਸਨ।
ਮੋਹਣਾ ਤਿੰਨ ਵਜੇ ਦੇ ਕਰੀਬ ਆਇਆ ਤੇ ਪੁੱਛਿਆ, “ਮਾਮਾ ਜੀ ਆਏ ਨਹੀਂ?”
“ਉਹ ਤਾਂ ਆ ਕੇ ਮੁੜ ਗਏ।” ਸਵਿੱਤਰੀ ਨੇ ਦੱਸਿਆ।
“ਮੈਂ ਮਿਲਣਾ ਸੀ।” ਫਿਰ ਬੋਲਿਆ, “ਉਹ ਆਪਣੇ ਸਕੂਲ ਨੂੰ ਗਏ ਜਾਂ ਘਰ?”
“ਪੁੱਤਰਾ, ਹੁਣ ਤਾਂ ਉਹ ਘਰ ਗਿਆ। ਅੱਜ ਹੀ ਸੰਗਰੂਰ ਚਲੇ ਜਾਣਾ, ਕੱਲ੍ਹ ਨੂੰ ਕਹਿੰਦਾ ਬਾਰ੍ਹਵੀਂ ਦਾ ਨਤੀਜਾ ਨਿਕਲਣਾ। ਉਹ ਹੈਡਮਾਸਟਰ ਹੈ ਤੇ ਉਸ ਦਾ ਸਕੂਲ ਹੋਣਾ ਜ਼ਰੂਰੀ ਹੈ।” ਸਵਿੱਤਰੀ ਨੇ ਉਤਰ ਦਿੱਤਾ। ਨਾਲ ਹੀ ਪੁਛਿਆ, “ਤੁਹਾਡੇ ਸਕੂਲ ਦਾ ਕਦ ਨਿਕਲਣਾ?”
“ਸਾਡਾ ਵੀ ਕੱਲ੍ਹ ਨੂੰ। ਪੂਰੇ ਪੰਜਾਬ ਦੇ ਸਕੂਲਾਂ ਦਾ ਤੇ ਪ੍ਰਾਈਵੇਟਾਂ ਦਾ ਕੱਲ੍ਹ ਹੀ ਆਉਣੈ।”
“ਅੱਛਾ! ਸਾਡੀ ਕਿਸਮਤ ਦੇਖੋ ਕੀ ਵਿਖਾਉਂਦੀ ਹੈ।” ਸਵਿੱਤਰੀ ਨੇ ਕਿਹਾ।
ਮੋਹਣਾ ਚੁੱਪ-ਚਾਪ ਆਪਣੇ ਕਮਰੇ ਵਿਚ ਚਲਾ ਗਿਆ। ਦੂਸਰੇ ਦਿਨ ਸਵਿੱਤਰੀ ਨੇ ਜਲਦੀ ਉਠ ਕੇ ਇਸ਼ਨਾਨ ਤੇ ਪਾਠ ਕੀਤਾ। ਫਿਰ ਛੋਲੇ ਪੂਰੀਆਂ ਤੇ ਪ੍ਰਸ਼ਾਦ ਬਣਾਇਆ। ਮੋਹਣਾ ਤੇ ਲਾਲਾ ਜੀ ਨੇ ਵੀ ਨਹਾ ਲਿਆ ਸੀ। ਸਵਿੱਤਰੀ ਨੇ ਕਿਹਾ, “ਮੈਂ ਮੰਦਰ ਜਾ ਆਵਾਂ, ਉਥੇ ਕੰਜਕਾਂ ਨੂੰ ਭੋਜਨ ਕਰਾ ਕੇ ਆਵਾਂਗੀ। ਆ ਕੇ ਚਾਹ ਬਣਾਵਾਂਗੀ।”
ਮੋਹਣਾ ਵੀ ਸਾਈਕਲ ਚੁੱਕ ਕੇ ਚਲਾ ਗਿਆ। ਬੁੱਕ ਸਟੋਰ ਉਤੇ ਪਹੁੰਚਿਆ, ਬਹੁਤ ਭੀੜ ਸੀ। ਗਜ਼ਟ ਵਿਚੋਂ ਆਪੋ-ਆਪਣਾ ਨਤੀਜਾ ਦੇਖਣ ਆਏ ਵਿਦਿਆਰਥੀ ਤੇ ਘਰਵਾਲੇ। ਅੱਠ ਵਜੇ ਤੱਕ ਰੇਟ ਦਸ ਰੁਪਏ। ਮੋਹਣੇ ਨੇ ਦੋ ਰੋਲ ਨੰਬਰਾਂ ਦੀਆਂ ਚਿੱਟਾਂ ਤੇ ਵੀਹ ਰੁਪਏ ਦਿਤੇ ਤੇ ਖੜ੍ਹਾ ਹੋ ਗਿਆ। ਪੰਜ ਮਿੰਟ ਪਿਛੋਂ ਚਿੱਟਾਂ ਵਾਪਸ ਆ ਗਈਆਂ। ਦੋਵੇਂ ਭਰਾ ਪਾਸ ਸਨ। ਛੋਟਾ ਫਸਟ ਡਵੀਜ਼ਨ ਵਿਚ ਤੇ ਤੀਜੀ ਵਾਰ ਵਾਲਾ ਪੂਰੇ ਨੰਬਰਾਂ ਉਤੇ ਪਾਸ।
ਉਹ ਸਾਈਕਲ ਦੁੜਾਉਂਦਾ ਘਰ ਆਇਆ। ਪਿਤਾ ਦੇ ਪੈਰੀਂ ਹੱਥ ਲਾ ਬੋਲਿਆ, “ਮੈਂ ਫਸਟ ਡਵੀਜ਼ਨ ਵਿਚ ਪਾਸ ਹਾਂ। ਸੋਹਣ ਵੀ ਪਾਸ ਹੈ।” ਲਾਲਾ ਜੀ ਹੈਰਾਨ ਸਨ ਕਿ ਉਹ ਤਾਂ ਇਸ ਨੂੰ ਵੀ ਵੱਡੇ ਵਰਗਾ ਸਮਝਦਾ ਸੀ। ਉਨ੍ਹਾਂ ਘੁੱਟ ਕੇ ਉਸ ਨੂੰ ਪਿਆਰ ਕੀਤਾ। ਫਿਰ ਜੇਬ ਵਿਚੋਂ ਵੀਹ ਰੁਪਏ ਦਾ ਨੋਟ ਕੱਢ ਕੇ ਬੋਲੇ, “ਜਾਹ, ਮੰਦਰ ਵਾਲੀ ਦੁਕਾਨ ਤੋਂ ਮਠਿਆਈ ਲੈ ਕੇ ਆ।” ਸਵਿੱਤਰੀ ਵੀ ਆ ਗਈ। ਲਾਲਾ ਜੀ ਬੋਲੇ, “ਸਵਿੱਤਰੀ ਵਧਾਈ, ਦੋਵੇਂ ਪਾਸ ਹੋ ਗਏ ਹਨ। ਇਕ ਫਸਟ ਡਵੀਜ਼ਨ ਵਿਚ ਪਾਸ ਹੈ।” ਸਵਿੱਤਰੀ ਨੇ ਪ੍ਰਸ਼ਾਦ ਦਿਤਾ। ਪੁੱਤ ਨੂੰ ਸੀਨੇ ਨਾਲ ਲਾਇਆ। ਆਂਢ-ਗੁਆਂਢ ਮਠਿਆਈ ਵੰਡੀ। ਮੋਹਣੇ ਨੂੰ ਵਾਰ-ਵਾਰ ਪਿਆਰ ਕਰਦੀ ਬੋਲੀ, “ਸੋਹਣ ਨੂੰ ਵੀ ਲਿਆ, ਕਿਥੇ ਹੈ ਉਹ?”
“ਉਹ ਤਾਂ ਪਤਾ ਨਹੀਂ, ਰਾਤ ਵੀ ਘਰ ਨਹੀਂ ਆਇਆ।”
“ਹਾਂ, ਕਹਿੰਦਾ ਸੀ ਪਾਂਡੇ ਦੇ ਦਫਤਰ ਦਾ ਕੰਮ ਕਰਨੈ, ਉਥੇ ਹੋਣੈ, ਜਾਹ ਲਿਆ ਮੇਰਾ ਪੁੱਤ। ਨਹੀਂ ਤਾਂ ਫੋਨ ਕਰ।” ਮਾਂ ਨੇ ਤਰਲਾ ਪਾਉਂਦਿਆਂ ਕਿਹਾ। ਮੋਹਣ ਨੇ ਉਸ ਦੇ ਦੋਸਤ ਨੂੰ ਫੋਨ ਕਰ ਕੇ ਦੱਸ ਦਿਤਾ ਸੀ। ਪਤਾ ਲੱਗਣ ਉਤੇ ਸੋਹਣ ਆ ਗਿਆ। ਸਾਰੇ ਬਹੁਤ ਖੁਸ਼ ਸਨ। ਅੱਜ ਲਾਲਾ ਜੀ ਦੇ ਘਰ ਸ਼ਾਇਦ ਪਹਿਲਾ ਦਿਨ ਸੀ ਕਿ ਚਾਰੇ ਇਕੱਠੇ ਬੈਠ ਕੇ ਨਾਸ਼ਤਾ ਕਰ ਰਹੇ ਸਨ।
ਸੋਹਣ ਨੇ ਕਿਹਾ, “ਮੈਨੂੰ ਤਾਂ ਪਾਂਡੇ ਜਿਹੜਾ ਐਮæਐਲ਼ਏæ ਹੈ, ਦੇ ਦਫਤਰ ਵਿਚ ਕੰਮ ਮਿਲ ਗਿਆ ਸਮਝੋ। ਹੁਣ ਵੀ ਉਥੋਂ ਹੀ ਆਇਆਂ।” ਮਾਂ ਖੁਸ਼ ਸੀ। ਫਿਰ ਉਹ ਵਾਪਸ ਚਲਾ ਗਿਆ। ਛੋਟੇ ਨੇ ਕਿਹਾ, ਉਹ ਵੀ ਚੱਲਿਆ ਹੈ। ਮਾਂ ਨੇ ਪੁੱਛਿਆ, ਤੈਨੂੰ ਕਾਹਦੀ ਕਾਹਲੀ ਹੈ। ਮੋਹਣ ਨੇ ਦੱਸਿਆ, “ਮੇਰੇ ਚੰਗੇ ਨੰਬਰ ਲੈਣ ਵਿਚ ਮੇਰੀ ਪੰਜਾਬੀ ਵਾਲੀ ਮੈਡਮ ਦਾ ਬੜਾ ਯੋਗਦਾਨ ਹੈ। ਛੇਵੀਂ ਕਲਾਸ ਤੋਂ ਅੱਜ ਤੱਕ ਕਿਸੇ ਵਿਸ਼ੇ ‘ਚੋਂ ਨੰਬਰ ਘੱਟ ਆਏ ਜਾਂ ਕੋਈ ਪ੍ਰਸ਼ਨ ਸਮਝ ਨਹੀਂ ਆਇਆ, ਉਹ ਆਪ ਮੈਨੂੰ ਉਸ ਵਿਸ਼ੇ ਦੇ ਅਧਿਆਪਕ ਕੋਲੋਂ ਸਮਾਂ ਲੈ ਕੇ ਜਾਂਦੇ। ਅੱਠਵੀਂ ਤੋਂ ਮੈਂ ਛੇਵੀਂ ਦੇ ਬੱਚਿਆਂ ਦੀਆਂ ਟਿਊਸ਼ਨਾਂ ਪੜ੍ਹਾਉਂਦਾ ਹਾਂ। ਉਹ ਆਪਣੇ ਘਰ ਆਪਣੀ ਕਾਲੋਨੀ ਦੇ ਬੱਚੇ ਪੜ੍ਹਾਉਣ ਲਈ ਮੈਨੂੰ ਲੈ ਜਾਂਦੇ। ਮੈਂ ਆਪਣੀ ਪੜ੍ਹਾਈ ਵੀ ਮਿਹਨਤ ਨਾਲ ਕਰਦਾ ਤੇ ਪੜ੍ਹਾਉਂਦਾ ਵੀ ਮਿਹਨਤ ਨਾਲ। ਉਹ ਪੋਸਟਲ ਕਾਲੋਨੀ ਵਿਚ ਰਹਿੰਦੇ ਹਨ। ਉਨ੍ਹਾਂ ਦੇ ਆਪਣਾ ਬੱਚਾ ਨਹੀਂ ਹੈ। ਅੰਕਲ ਪੋਸਟ ਆਫਿਸ ਵਿਚ ਛੋਟੇ ਅਫਸਰ ਹਨ।”
“ਅੱਛਾ!” ਸੋਹਣ ਦੀ ਮੰਮੀ ਤੇ ਪਿਤਾ ਜੀ ਦੇ ਮੂੰਹੋਂ ਇਕੱਠਾ ਨਿਕਲਿਆ।
“ਹਾਂ ਜੀ, ਹੁਣ ਨੌਵੀਂ ਦੇ ਛੇ ਮੁੰਡੇ ਨੇ ਜਿਨ੍ਹਾਂ ਨੂੰ ਸਵੇਰੇ ਤੇ ਸ਼ਾਮ ਨੂੰ ਮੈਂ ਦੋ ਗਰੁੱਪਾਂ ਵਿਚ ਪੜ੍ਹਾਉਂਦਾ ਹਾਂ। ਨੌਂ ਸੌ ਰੁਪਏ ਮਿਲਣਗੇ। ਮੇਰੇ ਕਾਲਜ ਦਾਖਲੇ ਲਈ ਅਸਾਨ ਹੋ ਜਾਵੇਗਾ।”
“ਉਹ ਤਾਂ ਕੋਈ ਦੇਵੀ ਹੈ ਫਿਰ! ਰਿਤੂ ਦੇ ਮੰਮੀ ਨੇ ਇਕ ਵਾਰ ਗੱਲ ਕੀਤੀ ਸੀ। ਐਨਾ ਨਹੀਂ ਪਤਾ ਸੀ। ਚੱਲ ਉਸ ਨੂੰ ਡੱਬਾ ਦੇ ਕੇ ਆਈਏ।”
“ਮੈਂ ਸੋਚਦਾਂ, ਤੁਸੀਂ ਕਦੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਛੁੱਟੀ ਵਾਲੇ ਦਿਨ ਤੁਹਾਡਾ ਮੁੰਡਾ ਕਿਥੇ ਜਾਂਦਾ ਹੈ, ਨਾ ਤੁਸੀਂ ਕਦੀ ਇਹ ਸੋਚਿਆ ਕਿ ਸੋਹਣ ਕਿਹੜੇ ਕੰਮ ਵਿਚ ਰੁੱਝਿਐ, ਰਾਤ ਨੂੰ ਵੀ ਘਰ ਨਹੀਂ ਆਉਂਦਾ। ਉਹ ਪੱਕਾ ਸ਼ਰਾਬੀ ਤੇ ਝੂਠ ਬੋਲਣ ਵਿਚ ਮਾਹਰ ਹੋ ਚੁੱਕਾ ਹੈ। ਜਿੰਨੀ ਮਿਲ ਸਕੇ, ਵੱਢੀ ਲੈਂਦਾ ਹੈ। ਜੇ ਸੈਣੀ ਜਾਂ ਪਾਂਡੇ ਦੇ ਘਰ ਦੀ ਕੰਧ ਨਾਲ ਕੋਈ ਸਬਜ਼ੀ ਵੇਚਣ ਵਾਲਾ ਆਪਣੀ ਰੇਹੜੀ ਖੜ੍ਹੀ ਕਰ ਦੇਵੇ ਤਾਂ ਉਸ ਕੋਲੋਂ ਪੰਜ ਦਸ ਰੁਪਏ ਝਾੜੂਗਾ ਜਾਂ ਖੜ੍ਹੀ ਕਰਨ ਨਹੀਂ ਦੇਵੇਗਾ।” ਉਹ ਦੋਵੇਂ ਆਪਣੇ ਛੋਟੇ ਪੁੱਤ ਨੂੰ ਇਵੇਂ ਸੁਣ ਰਹੇ ਸਨ, ਜਿਵੇਂ ਕੋਈ ਜੱਜ ਉਨ੍ਹਾਂ ਦੇ ਖਿਲਾਫ ਫੈਸਲਾ ਸੁਣਾ ਰਿਹਾ ਹੋਵੇ।
ਲਾਲਾ ਜੀ ਨੇ ਆਪਣਾ ਸਿਰ ਦੋਹਾਂ ਹੱਥਾਂ ਵਿਚ ਫੜ ਲਿਆ। ਸਵਿੱਤਰੀ ਦੇ ਹੰਝੂ ਨਿਕਲ ਆਏ। ਮੋਹਣ ਦੀਆਂ ਅੱਖਾਂ ਵੀ ਵਹਿ ਤੁਰੀਆਂ। ਬੋਲਿਆ, “ਤੁਸੀਂ ਤਾਂ ਪਿਤਾ ਜੀ ਆਪਣਾ ਮੁਨਾਫਾ ਵੀ ਧਰਮ ਦੀ ਤੱਕੜੀ ਵਿਚ ਰੱਖ ਕੇ ਤੋਲਦੇ ਹੋ, ਹੁਣ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਉਸ ਨੂੰ ਬਚਾ ਲਵੋ। ਅਜੇ ਮੌਕਾ ਹੈ।” ਫਿਰ ਅੱਖਾਂ ਪੂੰਝਦਾ ਬੋਲਿਆ, “ਪਿਤਾ ਜੀ, ਤੁਹਾਡੀ ਉਸ ਵੱਲ ਹਰ ਵੇਲੇ ਦੀ ਨਾਰਾਜ਼ਗੀ ਵੀ ਉਸ ਦੀ ਬਰਬਾਦੀ ਦਾ ਕਾਰਨ ਹੋ ਸਕਦੀ ਹੈ। ਤੁਸੀਂ ਮੇਰੇ ਬਾਰੇ ਵੀ ਕਦੀ ਨਹੀਂ ਪੁੱਛਿਆ ਕਿ ਛੁੱਟੀਆਂ ਵਿਚ ਵੀ ਦੋ ਵੇਲੇ ਕਿਥੇ ਜਾਂਦਾ ਹਾਂ।” ਦੋ ਮਿੰਟ ਖਾਮੋਸ਼ੀ ਰਹੀ। ਫਿਰ ਲਾਲਾ ਜੀ ਬੇਵਸੀ ਨਾਲ ਬੋਲੇ, “ਪੁੱਤਰਾ, ਤੱਕੜੀ ਵਿਚ ਮੈਂ ਕਦੀ ਕੂੜ ਨਹੀਂ ਤੋਲਿਆ। ਔਲਾਦ ਲਈ ਮੈਂ ਕੁਝ ਨਹੀਂ ਕੀਤਾ। ਹੁਣ ਤੂੰ ਜਿਵੇਂ ਕਹੇਂ, ਕਰੂੰਗਾ। ਆਪਾਂ ਉਸ ਨੂੰ ਡੁੱਬਣ ਤੋਂ ਬਚਾ ਲਈਏ।”
ਸਵਿੱਤਰੀ ਰੋਂਦੀ ਕਹਿ ਰਹੀ ਸੀ, “ਲਾਲਾ ਜੀ, ਇਸ ਜੀਣ ਜੋਗੇ ਨੇ ਅੱਖਾਂ ਖੋਲ੍ਹ ਦਿੱਤੀਆਂ। ਹੁਣ ਆਪਣੀ ਧਰਮ ਦੀ ਤੱਕੜੀ ਵਿਚ ਪਿਤਾ ਦਾ ਫਰਜ਼ ਵੀ ਧਰਮ ਦੇ ਨਾਲ ਤੋਲ ਲਵੋ।”