ਉਤਰੀ ਅਮਰੀਕਾ ਦੀਆਂ ਸਟੇਟਾਂ ਵਿਚ ਬਹਾਰ ਦਾ ਤਾਂ ਆਪਣਾ ਰੰਗ ਹੁੰਦਾ ਹੀ ਹੈ, ਪਰ ਪੱਤਝੜ ਵੀ ਘੱਟ ਨਹੀਂ ਹੁੰਦੀ। ਇਹੋ ਸਭ ਕੈਨੇਡਾ ਦੀਆਂ ਨਾਲ ਲੱਗਦੀਆਂ ਸਟੇਟਾਂ ਵਿਚ ਵੀ ਤੱਕਿਆ ਜਾ ਸਕਦਾ ਹੈ। ਜੇ ਬਹਾਰ ਵਿਚ ਭਾਂਤ-ਸੁਭਾਂਤੇ ਰੰਗ ਖਿੜਦੇ ਹਨ ਤਾਂ ਪੱਤਝੜ ਵਿਚ ਵੀ ਰੰਗਾਂ ਦੀ ਮਹਿਫਿਲ ਲੱਗਦੀ ਹੈ। ਕਈ ਵਾਰ ਤਾਂ ਬੂਟਿਆਂ ਦੇ ਰੰਗ ਬਦਲਦਿਆਂ ਵੇਖ ਕੁਦਰਤ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ।
ਮਿਸ਼ੀਗਨ ਸਟੇਟ ਦੀ ਪੱਤਝੜ ਆਪਣੀ ਖੂਬਸੂਰਤੀ ਕਰ ਕੇ ਪੂਰੀ ਦੁਨੀਆਂ ਵਿਚ ਜਾਣੀ ਜਾਂਦੀ ਹੈ। ਆਪਣੇ ਇਸ ਲੇਖ ਵਿਚ ਕੈਨੇਡਾ ਵਿਚ ਤੱਕੇ ਇਨ੍ਹਾਂ ਨਜ਼ਾਰਿਆਂ ਨੂੰ ਖੇਡ ਲੇਖਕ ਪ੍ਰਿੰæ ਸਰਵਣ ਸਿੰਘ ਨੇ ਆਪਣੀ ਕਲਮ ਨਾਲ ਸ਼ਬਦਾਂ ਵਿਚ ਬੰਨਣ ਦੀ ਕੋਸ਼ਿਸ਼ ਕੀਤੀ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਬਹਾਰ ਦਾ ਆਪਣਾ ਨਜ਼ਾਰਾ ਹੁੰਦੈ ਤੇ ਪੱਤਝੜ ਦਾ ਆਪਣਾ। ਅਮਰੀਕਾ/ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਵੀ ਬੇਹੱਦ ਹੁਸੀਨ ਹੁੰਦੇ ਹਨ। ਛਹਿਬਰ ਲੱਗ ਜਾਂਦੀ ਹੈ, ਰੰਗ-ਬਰੰਗੇ ਪੱਤਿਆਂ ਦੀ। ਕੁਦਰਤ ਦੀ ਅਦਭੁੱਤ ਲੀਲ੍ਹਾ! ਪੱਛਮ ਦੀ ਪਤਝੜ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੀ ਹੈ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ, ਹਲਕੇ ਤੋਂ ਹਲਕਾ ਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ਵਿਚ ਪਾਰਕਾਂ ਤੇ ਰੱਖਾਂ ਦੀਆਂ ਪਹੀਆਂ ਉਤੇ ਸੈਰ ਕਰਦਾ ਹਾਂ ਤਾਂ ਰੁੱਖਾਂ/ਝਾੜੀਆਂ ਉਤੇ ਅਤੇ ਹੇਠਾਂ ਧਰਤੀ ਉਤੇ ਰੰਗਾਂ ਦੀ ਰਚੀ ਅਪਾਰ ਲੀਲ੍ਹਾ ਵੇਖਦਾ ਹਾਂ। ਅਨੇਕਾਂ ਰੰਗ ਹੁੰਦੇ ਹਨ ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ, ਰੁੱਖਾਂ ਬੂਟਿਆਂ ਤੇ ਆਲੇ ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਹੈ ਏਨੇ ਰੰਗ! ਖੜ੍ਹ ਖੜ੍ਹ ਵੇਖੀਦੈ ਤੇ ਵੇਖ ਵੇਖ ਤੁਰੀਦੈ। ਕੁਦਰਤ ਦੇ ਬਲਿਹਾਰੇ ਜਾਈਦੈ। ਖਿੜਨ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!
ਧਰਤੀ ਦੇ ਰੰਗ ਵੇਖਦਿਆਂ ਕਦੇ ਕਦੇ ਨਿਗ੍ਹਾ ਉਪਰ ਅੰਬਰ ਵੱਲ ਵੀ ਉਠ ਜਾਂਦੀ ਹੈ। ਅਸਮਾਨ ‘ਚ ਤੈਰਦੀਆਂ ਤਿੱਤਰ ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਦੇ ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਹਨ। ਕਦੇ ਸੂਰਜ ਦੀ ਲਿਸ਼ਕੋਰ ਵਿਚ ਸੰਤਰੀ ਭਾਅ ਮਾਰਦੀਆਂ ਹਨ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ ਕਿਨਾਰੀ ਲੱਗੀ ਹੋਵੇ। ਜਿਵੇਂ ਸੁਹੱਪਣ ਦੀਆਂ ਮਤਾਬੀਆਂ ਜਗ ਰਹੀਆਂ ਹੋਣ। ਉਡਦੇ ਪੰਖੇਰੂਆਂ ਦੇ ਖੰਭ ਪਲ ਪਲ ਰੰਗ ਵਟਾਉਂਦੇ ਲੱਗਦੇ ਹਨ। ਕਦੇ ਕਾਲੇ, ਕਦੇ ਚਿੱਟੇ, ਕਦੇ ਕੇਸਰੀ ਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉਘੜਵੇਂ, ਕਦੇ ਮਾਂਦੇ, ਕਦੇ ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਅਤੇ ਵੇਲਾਂ ‘ਤੇ ਰੰਗ ਖੇਡਦੇ ਹਨ, ਉਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ ‘ਤੇ ਕਲੋਲਾਂ ਕਰਦੇ ਹਨ। ਸੁਭਾਨ ਤੇਰੀ ਕੁਦਰਤ!
ਮੈਨੂੰ ਪੰਜਾਬ ਦੇ ਧਰਤ ਦ੍ਰਿਸ਼ ਯਾਦ ਆਉਣ ਲਗਦੇ ਹਨ। ਮੈਂ ਪੰਜਾਬ ਦੀਆਂ ਰੁੱਤਾਂ ਵੇਖਦਾ ਹੀ ਵੱਡਾ ਹੋਇਆ ਹਾਂ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾਂ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ ਰੰਗੀਆਂ ਧਾਰਾਂ ਦਾ ਵਹਿਣਾ, ਚਰ੍ਹੀਆਂ ਦੀ ਹੁੰਮਸੀ ਵਾਸ਼ਨਾ, ਬਾਜਰੇ ਦੇ ਗੁੰਦਵੇਂ ਸਿੱਟੇ, ਮੱਕੀਆਂ ਦੇ ਬੁੰਬਲਦਾਰ ਬਾਵੂ, ਹਰੇ ਭਰੇ ਲੂਸਣ, ਬਰਸੀਮ, ਗਿੱਲੀ ਮਿੱਟੀ ਦੀ ਮਹਿਕ, ਸੁਨਹਿਰੀ ਕਣਕਾਂ ਦਾ ਝੂੰਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ, ਕਦੇ ਨਹੀਂ ਭੁੱਲਿਆ। ਸਰੋਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ, ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ। ਮੈਂ ਵੀ ਕਦੇ ਸਿਰੇ ਦੇ ਸ਼ੌਕੀ ਅਥਲੀਟ ਮਹਿੰਦਰ ਸਿੰਘ ਗਿੱਲ ਦੇ ਰੇਖਾ ਚਿੱਤਰ ਦਾ ਨਾਂ ‘ਅਲਸੀ ਦਾ ਫੁੱਲ’ ਹੀ ਰੱਖਿਆ ਸੀ।
ਮੈਨੂੰ ਉਹ ਦ੍ਰਿਸ਼ ਮੁੜ ਮੁੜ ਨਜ਼ਰ ਆਉਂਦੇ ਨੇ ਜਦੋਂ ਟਿੱਬਿਆਂ ਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਕਾਲੀ ਕਿੱਕਰ ਦੇ ਦੁਸਾਂਗ ਉਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ ‘ਚ ਚਮਕਦੇ। ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ ‘ਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ‘ਤੇ ਮੋਰ ਦੀ ਧੌਣ ਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਅ ਲਿਸ਼ਕਦੀ। ਲਵੀਆਂ ਕਣਕਾਂ ਤੋਤੇ-ਰੰਗੀ ਸ਼ਨੀਲ ਦੀ ਭਾਅ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿਚ ਇਹ ਭਾਅ ਮੇਰੇ ਨਾਲ ਨਾਲ ਤੁਰੀ ਜਾਂਦੀ।
ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ, “ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲੱਖਿਆ।” ਇਥੇ ਕਿਸੇ ਉਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਨਾਂ ‘ਤੇ ਝਾਤੀ ਮਾਰਦਾ ਹਾਂ ਤਾਂ ਰੰਗਾਂ ਦੀ ਦਿਵਾਲੀ ਜਗਦੀ ਲੱਗਦੀ ਹੈ। ਅਨੇਕਾਂ ਰੰਗਾਂ ਦੀਆਂ ਫੁਲਝੜੀਆਂ ਚਲਦੀਆਂ ਮਾਲੂਮ ਹੁੰਦੀਆਂ ਹਨ। ਰੰਗਾਂ ਦੀ ਆਤਿਸ਼ਬਾਜ਼ੀ, ਉਪਰ ਆਕਾਸ਼ ਵਿਚ ਨਹੀਂ, ਧਰਤੀ ‘ਤੇ ਹੋ ਰਹੀ ਲੱਗਦੀ ਹੈ। ਕਦੇ ਕਦੇ ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਨਾਂ ਕਿ ਕੁਦਰਤ ਨੇ ਏਨੇ ਰੰਗ ਬਖਸ਼ੇ ਕਿਥੋਂ ਨੇ? ਕਿਹਾ ਜਾਂਦਾ ਹੈ ਕਿ ਕਾਲਾ, ਚਿੱਟਾ, ਹਰਾ, ਲਾਲ ਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ ‘ਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਹਨ। ਇਹ ਵੀ ਕਿਹਾ ਜਾਂਦੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ‘ਚੋਂ ਹੀ ਨਿਕਲੇ ਹਨ। ਤੇ ਉਹ ਏਨੇ ਰੰਗ ਬਣ ਗਏ ਹਨ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ‘ਚ ਇਨ੍ਹਾਂ ਰੰਗਾਂ ਦੇ ਵੱਖ ਵੱਖ ਨਾਂ ਰੱਖੇ ਹੋਏ ਹਨ। ਰੰਗਾਂ ਦੀ ਸ਼ਨਾਖਤ ਕਰਨ ਵਿਚ ਪੰਜਾਬੀ ਭਾਸ਼ਾ ਵੀ ਕਿਸੇ ਤੋਂ ਘੱਟ ਨਹੀਂ।
ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲ ਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਕਿਸੇ ਦਾ ਦੂਧੀਆ, ਕਿਸੇ ਦਾ ਰਾਣੀ ਕਲਰ, ਕਿਸੇ ਦਾ ਕਰੀਮ ਕਲਰ, ਕੋਈ ਕੱਚਾ ਪੀਲਾ, ਕੋਈ ਪੱਕਾ ਪੀਲਾ, ਕੋਈ ਸ਼ਬਨਮੀ, ਕੋਈ ਸੰਦਲੀ, ਕੋਈ ਲੂਸਣੀ, ਕੋਈ ਲਾਖਾ, ਕੋਈ ਸਾਵਾ, ਕੋਈ ਬੱਗਾ, ਕੋਈ ਬੂਰਾ, ਕੋਈ ਚਿਤਕਬਰਾ, ਕੋਈ ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਹੈ। ਕਿਸੇ ਦਾ ਰੰਗ ਮੋਰਪੰਖੀਆ, ਕਿਸੇ ਦਾ ਗੁਲਮੋਹਰੀ, ਕਿਸੇ ਦਾ ਯਾਕੂਤੀ ਤੇ ਕਿਸੇ ਦਾ ਸ਼ਰਬਤੀ!
ਖਿਲਰੇ ਹੋਏ ਪੱਤਿਆਂ ਤੇ ਖਿੜੇ ਹੋਏ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ ਰਾਹ ਜਾਂਦਿਆਂ ਨੂੰ ਰੋਕਦੇ ਹਨ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਹਨ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਕਿਸੇ ਦਾ ਬਦਾਮੀ, ਕਿਸੇ ਦਾ ਬਿਸਕੁਟੀ, ਕਿਸੇ ਦਾ ਗਾਜਰੀ ਤੇ ਕਿਸੇ ਦਾ ਸੰਤਰੀ। ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ ਫਲ (ਬੈਰੀਆਂ) ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ ਕਈ ਥਾਂਈਂ। ਕਦੇ ਕਦੇ ਤੋੜ ਵੀ ਬਹੀਦੈ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਹਨ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਹਨ। ਕਿਸੇ ਪੱਤੀ ਦਾ ਰੰਗ ਮੋਤੀਆ, ਕਿਸੇ ਦਾ ਬਡਮੋਤੀਆ, ਕਿਸੇ ਦਾ ਕੱਦੂ ਮੋਤੀਆ, ਕਿਸੇ ਦਾ ਕਪੂਰੀ, ਕਿਸੇ ਦਾ ਘਿਉ ਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾ ਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾ ਪਿਆਜ਼ੀ ਹੋਏ ਮਿਲਦੇ ਹਨ!
ਕੈਨੇਡਾ ਦਾ ਰਾਜਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਕੌਮੀ ਝੰਡੇ ‘ਤੇ ਅੰਕਿਤ ਹੈ। ਕੈਨੇਡਾ ਵਿਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ, ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਹਨ। ਪੱਤਝੜ ਵਿਚ ਮੇਪਲ ਦੇ ਪੱਤੇ ਵੀ ਅਨੇਕਾਂ ਰੰਗ ਵਟਾਉਂਦੇ ਹਨ। ਮੇਪਲ ਜਦੋਂ ਹਰਿਆ-ਭਰਿਆ ਹੋਵੇ ਤਾਂ ਤੋਤੇ-ਰੰਗਾ ਹੁੰਦੈ ਜਿਨ੍ਹਾਂ ‘ਚ ਤੋਤੇ ਲੁਕ ਵੀ ਸਕਦੇ ਨੇ। ਫਿਰ ਇਸ ਦੇ ਪੱਤੇ ਕਦੇ ਤਰਬੂਜ਼ੀਆ, ਕਦੇ ਬੈਂਗਣੀ, ਕਦੇ ਜਾਮਣੀ, ਕਦੇ ਮਹਿੰਦੀ ਰੰਗੇ, ਕਦੇ ਨਸਵਾਰੀ ਤੇ ਕਦੇ ਲਾਜਵਰੀ ਰੰਗਾਂ ‘ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤ ਜਦੋਂ ਸ਼ੁਰੂ ਹੁੰਦੀ ਹੈ, ਉਦੋਂ ਪੱਤੇ ਤੇ ਫੁੱਲ ਰੁੱਖਾਂ ਤੇ ਬੂਟਿਆਂ ਉਤੇ ਹੀ ਰੰਗ ਵਟਾਉਂਦੇ ਰਹਿੰਦੇ ਹਨ। ਰੁੱਖ ਇੰਜ ਲੱਗਦੇ ਹਨ ਜਿਵੇਂ ਰੰਗ-ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਣ। ਜਦੋਂ ਪਤਝੜ ਪੱਤੇ ਝਾੜਨ ‘ਤੇ ਆਉਂਦੀ ਹੈ ਤਾਂ ਪੱਤੇ ਧਰਤੀ ‘ਤੇ ਡਿੱਗ ਕੇ ਹੋਰ ਵੀ ਰੰਗ ਵਟਾਉਂਦੇ ਹਨ। ਧਰਤੀ ‘ਤੇ ਡਿੱਗੇ ਪਏ ਪੱਤਿਆਂ ਤੇ ਫੁੱਲ ਪੱਤੀਆਂ ‘ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ਵਿਚ ਅਸਮਾਨੀ ਰੰਗ ਵੀ ਹੁੰਦੇ ਹਨ, ਸਰ੍ਹੋਂ ਫੁੱਲੇ ਵੀ, ਊਦੇ ਵੀ, ਮੋਰ ਪੰਖੀਏ ਵੀ, ਗਿੱਦੜ ਰੰਗੇ ਵੀ ਤੇ ਘੁੱਗੀ ਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਕਿਸੇ ਦਾ ਭਗਵਾਂ, ਕਿਸੇ ਦਾ ਗੇਰੂਆ, ਕਿਸੇ ਦਾ ਗੁਲਾਨਾਰੀ, ਕਿਸੇ ਦਾ ਉਨਾਭੀ, ਕਿਸੇ ਦਾ ਜਾਮਣੀ, ਕਿਸੇ ਦਾ ਗੁਲਾਬੀ, ਕਿਸੇ ਦਾ ਕਬੂਤਰੀ ਤੇ ਕਿਸੇ ਦਾ ਕਿਰਮਚੀ।
ਇਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ ‘ਚੋਂ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ‘ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ/ਸਫੈਦ ਚਾਨਣ ਹੋ ਗਿਆ। ਸੂਰਜ ਦੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ਵਿਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਹਵਾ ਦੀ ਸਰਸਰਾਹਟ ਟੂਣੇਹਾਰੀ ਲੱਗਣ ਲੱਗੀ। ਲੱਗਾ ਜਿਵੇਂ ਪੌਣ ਬਾਰੀਆਂ ‘ਚੋਂ ਬਣ-ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ‘ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਕਿਧਰੇ ਅੰਬਰਸੀਆ, ਕਿਧਰੇ ਗਾਜਰੀ, ਕਿਧਰੇ ਲਸੂੜੀਆ, ਕਿਧਰੇ ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਦਿਸ ਰਹੀ ਸੀ। ਛੰਭ ਦਾ ਪਾਣੀ ਭਾਵੇਂ ਮਟਮੈਲਾ ਸੀ ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ਵਿਚੋਂ ਚਾਂਦੀ ਰੰਗੇ, ਤਾਂਬੇ ਰੰਗੇ ਤੇ ਸੋਨੇ ਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ ਗੋਰੀ ਸੀ ਤੇ ਛਾਂ ਸਾਂਵਲੀ ਸਾਂਵਲੀ। ਮਧਰੀਆਂ ਝਾੜੀਆਂ ਹਰੀਆਂ ਚੁੰਨੀਆਂ ਓੜੀ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ ‘ਚ ਟਹਿਕ ਸੀ ਤੇ ਫੁੱਲਾਂ ‘ਚ ਮਹਿਕ। ਅਗਸਤ ਤੇ ਸਤੰਬਰ ਦੀ ਹੁੰਮਸ ਅਕਤੂਬਰ ਦੀ ਮੱਠੀ ਮੱਠੀ ਠਾਰੀ ਵਿਚ ਬਦਲ ਗਈ ਸੀ।
ਕੈਨੇਡਾ ਦੀਆਂ ਚਾਰ ਰੁੱਤਾਂ ਵਿਚ ਸਭ ਤੋਂ ਕਠੋਰ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਉਦੋਂ ਟੋਰਾਂਟੋ ਵੱਲ ਬਰਫਾਂ ਪੈ ਜਾਂਦੀਆਂ ਹਨ। ਬਾਹਰ ਨਿਕਲਦਿਆਂ ਹੱਡ ਪੈਰ ਠਰਦੇ ਹਨ। ਉਦੋਂ ਬਾਰੀ ਤੋਂ ਬਾਹਰ ਬਰਫਾਂ ਦਾ ਸਫੈਦ ਰੰਗ ਦਿਸਦਾ ਹੈ ਜਾਂ ਸੁੱਕੇ ਰੁੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਉਦੋਂ ਰੰਗਾਂ ਵਿਚ ਵਿਲੱਖਣਤਾ ਨਹੀਂ ਹੁੰਦੀ। ਰੰਗਾਂ ਦਾ ਜਲੌਅ ਨਹੀਂ ਦਿਸਦਾ, ਰੰਗਾਂ ਦੀ ਹੋਲੀ ਨਹੀਂ ਹੁੰਦੀ। ਰੰਗ ਬਹਾਰ ਦੀ ਰੁੱਤ ਵਿਚ ਹੀ ਉਗਮਦੇ ਹਨ। ਉਹੀ ਰੰਗ ਗਰਮੀਆਂ ਦੇ ਦਿਨਾਂ ‘ਚ ਪੱਕਦੇ ਹਨ। ਬਹਾਰ ਸੋਹਣੀ ਹੈ ਤੇ ਗਰਮੀ ਸੁਖਾਵੀਂ। ਪਰ ਪਤਝੜ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਸ਼ੁਰੂ ‘ਚ ਕਿਹਾ ਸੀ ਕਿ ਕੈਨੇਡਾ ਦੀ ਪਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ‘ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਸੌ ਕੁ ਰੰਗਾਂ ਦੇ ਨਾਂ ਤਾਂ ਰੱਖੇ ਹੀ ਗਏ ਹਨ। ਕੈਨੇਡਾ ਦੀ ਪੱਤਝੜ ਨੂੰ ਮੈਂ ਸਿਰ ਨਿਵਾਉਂਦਾ ਹਾਂ ਜਿਸ ਨੇ ਮੈਨੂੰ ਭੁੱਲ ਰਹੇ ਰੰਗ ਮੁੜ ਚੇਤੇ ਕਰਾ ਦਿੱਤੇ ਹਨ।