ਆਪੇ ਆਪਿ ਵਰੱਤਦਾ ਗੁਰਮੁਖਿ ਵੀਚਾਰੇ

ਡਾæ ਗੁਰਨਾਮ ਕੌਰ, ਕੈਨੇਡਾ
ਗਿਆਰਵੀਂ ਪਉੜੀ ਵਿਚ ਭਾਈ ਗੁਰਦਾਸ ਸੋਨੇ ਅਤੇ ਸੋਨੇ ਤੋਂ ਬਣੇ ਗਹਿਣਿਆਂ ਦਾ ਦ੍ਰਿਸ਼ਟਾਂਤ ਪੇਸ਼ ਕਰਦੇ ਹਨ। ਭਾਈ ਸਾਹਿਬ ਸਮਝਾਉਂਦੇ ਹਨ, ਸੋਨੇ ਨੂੰ ਸੰਵਾਰ ਕੇ ਸੁਨਿਆਰਾ ਉਸ ਤੋਂ ਤਰ੍ਹਾਂ ਤਰ੍ਹਾਂ ਦੇ ਗਹਿਣੇ ਘੜਦਾ ਹੈ ਜਿਵੇਂ ਪਿੱਪਲ ਦੇ ਪੱਤਿਆਂ ਦੀ ਸ਼ਕਲ ਦੀਆਂ ਪਿੱਪਲ-ਪੱਤੀਆਂ (ਪੁਰਾਣੇ ਰਿਵਾਜ ਅਨੁਸਾਰ ਕੰਨਾਂ ਦਾ ਗਹਿਣਾ), ਨੱਥ ਵਿਚ ਵੀ ਪਿੱਪਲ ਦੇ ਪੱਤੇ ਦੀ ਸ਼ਕਲ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ ਹਨ, ਵਾਲੀਆਂ, ਤਾਨਉੜੇ (ਕੰਨਾਂ ਦਾ ਗਹਿਣਾ) ਜਿਸ ਨੂੰ ਕਰਨ ਫੁੱਲ ਵੀ ਕਹਿੰਦੇ ਹਨ ਅਤੇ ਸੋਨੇ ਦੀਆਂ ਤਾਰਾਂ ਦੇ ਰੂਪ ਵਿਚ ਬਣੇ ਹੋਏ ਕਈ ਕਿਸਮ ਦੇ ਗਹਿਣੇ।

ਇਸਤਰੀਆਂ ਦੇ ਨੱਕ ਵਿਚ ਪਾਉਣ ਲਈ ਬਲਾਕ ਤੇ ਨੱਥ; ਮੱਥੇ ‘ਤੇ ਪਹਿਨਣ ਲਈ ਮਣੀਆਂ ਨਾਲ ਜੜਿਆ ਹੋਇਆ ਟਿੱਕਾ; ਗਲ ਵਿਚ ਪਹਿਨਣ ਲਈ ਮੋਤੀਆਂ ਦੀ ਮਾਲਾ ਅਤੇ ਬਾਹਵਾਂ ਲਈ ਗਜਰੇ ਘੜਦਾ ਸੋਨੇ ਨੂੰ ਕਈ ਤਰ੍ਹਾਂ ਨਾਲ ਫੈਲਾਉਂਦਾ ਹੈ। ਬਾਜੂ-ਬੰਦ, ਛੱਲੇ, ਛਾਪਾਂ ਕਈ ਤਰ੍ਹਾਂ ਦੇ ਆਕਾਰ ਉਹ ਗਹਿਣਿਆਂ ਨੂੰ ਦਿੰਦਾ ਹੈ। ਸੋਨਾ ਇੱਕ ਹੀ ਹੈ ਪਰ ਸੁਨਿਆਰ ਵੱਖ ਵੱਖ ਅੰਗਾਂ ਲਈ ਅਤੇ ਵੱਖ ਵੱਖ ਸ਼ਕਲਾਂ ਵਿਚ ਗਹਿਣੇ ਤਿਆਰ ਕਰਦਾ ਹੈ।
ਇਸੇ ਤਰ੍ਹਾਂ ਅਕਾਲ ਪੁਰਖ ਸ੍ਰਿਸ਼ਟੀ ਦੀ ਹਰ ਤਰ੍ਹਾਂ ਦੀ ਰਚਨਾ ਦਾ ਆਧਾਰ ਹੈ ਜਿਸ ਨੇ ਆਪਣੇ ਆਪ ਤੋਂ ਕੁਦਰਤਿ ਦੇ ਅਨੇਕ ਰੰਗਾਂ ਵਿਚ ਇਸ ਨੂੰ ਸਿਰਜਿਆ ਹੈ। ਗੁਰੂ ਦੇ ਦੱਸੇ ਰਾਸਤੇ ‘ਤੇ ਚੱਲਣ ਵਾਲੇ ਮਨੁੱਖ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ ਕਿ ਉਹ ਅਕਾਲ ਪੁਰਖ ਆਪ ਹੀ ਸਭ ਅੰਦਰ ਵਰਤ ਰਿਹਾ ਹੈ:
ਸੁਨਿਆਰਾ ਸੁਇਨਾ ਘੜੈ ਗਹਣੇ ਸਾਵਾਰੇ।
ਪਿਪਲ ਵਤਰੇ ਵਾਲੀਆ ਤਾਨਉੜੇ ਤਾਰੇ।
ਵੇਸਿਰ ਨਥਿ ਵਖਾਣੀਐ ਕੰਠ ਮਾਲਾ ਧਾਰੇ।
ਟੀਕਤਿ ਮਣੀਆ ਮੋਤਿਸਰ ਗਜਰੇ ਪਾਸਾਰੇ।
ਦੁੱਰ ਬਹੁੱਟਾ ਗੋਲ ਛਾਪ ਕਰਿ ਬਹੁ ਪਰਕਾਰੇ।
ਆਪੇ ਆਪਿ ਵਰੱਤਦਾ ਗੁਰਮੁਖਿ ਵੀਚਾਰੇ॥੧੧॥
ਅਗਲੀ ਪਉੜੀ ਵਿਚ ਇਸੇ ਵਿਚਾਰ ਦੀ ਚਰਚਾ ਗੰਨੇ ਦੀ ਉਦਾਹਰਣ ਦੇ ਕੇ ਕੀਤੀ ਗਈ ਹੈ। ਜਦੋਂ ਗੰਨੇ ਨੂੰ ਵੇਲਣੇ ਵਿਚ ਪੀੜਿਆ ਜਾਂਦਾ ਹੈ ਤਾਂ ਉਸ ਵਿਚੋਂ ਤੁਰੰਤ ਰਸ ਨਿਕਲਦਾ ਹੈ ਅਤੇ ਫਿਰ ਇਸ ਰਸ ਨੂੰ ਪਕਾ ਕੇ ਕੋਈ ਇਸ ਤੋਂ ਗੁੜ ਦੀਆਂ ਭੇਲੀਆਂ ਬਣਾਉਂਦਾ ਹੈ ਅਤੇ ਕੋਈ ਸ਼ੱਕਰ। ਕੋਈ ਖੰਡ ਤਿਆਰ ਕਰਦਾ ਹੈ ਅਤੇ ਕਈ ਮਖਾਣੇ, ਲਾਚੀਆਂ ਤੇ ਹੋਰ ਪਦਾਰਥ ਪਾ ਕੇ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਪਦਾਰਥ ਤਿਆਰ ਕਰਦੇ ਹਨ। ਇਸ ਤੋਂ ਤਿਆਰ ਮਿੱਠੇ ਤੋਂ ਮਿਸਰੀ, ਕਲਾਕੰਦ ਅਤੇ ਹੋਰ ਢਾਲਵੀਆਂ ਮਠਿਆਈਆਂ (ਪੇਠਾ ਆਦਿ) ਤਿਆਰ ਕੀਤੇ ਜਾਂਦੇ ਹਨ। ਇਸ ਨੂੰ ਸਭ ਸੁਆਦ ਨਾਲ ਖਾਂਦੇ ਹਨ ਅਤੇ ਅਨੰਦ ਮਾਣਦੇ ਹਨ। ਇਥੇ ਭਾਈ ਸਾਹਿਬ ਨੇ ਦੱਸਿਆ ਹੈ ਕਿ ਰਸ ਦਾ ਸੋਮਾ ਗੰਨਾ ਹੈ ਅਤੇ ਉਸ ਗੰਨੇ ਦੇ ਰਸ ਤੋਂ ਭਿੰਨ ਭਿੰਨ ਕਿਸਮ ਦੇ ਪਦਾਰਥ ਤਿਆਰ ਹੁੰਦੇ ਹਨ ਅਤੇ ਅੱਗੋਂ ਫਿਰ ਖੰਡ ਜਾਂ ਗੁੜ ਭਾਵ ਮਿੱਠੇ ਤੋਂ ਹੋਰ ਪਦਾਰਥ ਬਣਦੇ ਹਨ ਪਰ ਇਨ੍ਹਾਂ ਦਾ ਸੋਮਾ ਇੱਕੋ ਹੈ। ਇਸੇ ਤਰ੍ਹਾਂ ਇਸ ਕੁਦਰਤਿ ਦੀ ਰਚਨਾ ਦਾ ਸੋਮਾ ਵੀ ਇੱਕੋ ਕਰਤਾਰ ਹੈ। ਅਕਾਲ ਪੁਰਖ ਹਰ ਇੱਕ ਰਚਨਾ ਵਿਚ ਵਿਆਪਕ ਹੈ ਅਤੇ ਗੁਰਮੁਖਾਂ ਲਈ ਉਹ ਹਰ ਤਰ੍ਹਾਂ ਦੇ ਅਨੰਦ ਦਾ ਸੋਮਾ ਹੈ:
ਗੰਨਾ ਕੋਲੂ ਪੀੜੀਐ ਰਸੁ ਦੇ ਦਰਹਾਲਾ।
ਕੋਈ ਕਰੇ ਗੁੜੁ ਭੇਲੀਆਂ ਕੋ ਸਕਰ ਵਾਲਾ।
ਕੋਈ ਖੰਡ ਸਵਾਰਦਾ ਮੱਖਣ ਮੱਸਾਲਾ।
ਹੋਵੈ ਮਿਸਰੀ ਕਲੀਕੰਦ ਮਠਿਆਈ ਢਾਲਾ।
ਖਾਵੈ ਰਾਜਾ ਰੰਕੁ ਕਰਿ ਰਸ ਭੋਗ ਸੁਖਾਲਾ।
ਆਪੇ ਆਪਿ ਵਰੱਤਦਾ ਗੁਰਮੁਖਿ ਸੁਖਾਲਾ॥੧੨॥
ਇਸ ਤੋਂ ਅੱਗੇ ਭਾਈ ਗੁਰਦਾਸ ਨੇ ਗਊ, ਗਊ ਦਾ ਦੁੱਧ ਅਤੇ ਉਸ ਤੋਂ ਬਣਨ ਵਾਲੇ ਪਦਾਰਥਾਂ ਦੀ ਚਰਚਾ ਕੀਤੀ ਹੈ। ਗਾਂਵਾਂ ਵੱਖ ਵੱਖ ਰੰਗਾਂ ਦੀਆਂ ਹੁੰਦੀਆ ਹਨ; ਕਿਸੇ ਦਾ ਰੰਗ ਬਿਲਕੁਲ ਚਿੱਟਾ ਹੁੰਦਾ ਹੈ, ਕਿਸੇ ਦਾ ਖਾਕੀ-ਭੂਰਾ; ਕਿਸੇ ਦਾ ਕਾਲਾ ਤੇ ਕੋਈ ਡੱਬ-ਖੜੱਬੀ ਵੀ ਹੁੰਦੀ ਹੈ ਪਰ ਸਾਰੀਆਂ ਗਾਂਵਾਂ ਦਾ ਦੁੱਧ ਇੱਕੋ ਰੰਗ ਦਾ ‘ਉਜਲੁ ਵਰਣਾ’ ਅਰਥਾਤ ਚਿੱਟਾ ਹੁੰਦਾ ਹੈ। ਉਸੇ ਦੁੱਧ ਨੂੰ ਜਾਗ ਲਾ ਕੇ ਦਹੀਂ ਜਮਾਉਣ ਲਈ ਭਾਂਡੇ ਨੂੰ ਟਿਕਾ ਕੇ ਇੱਕ ਥਾਂ ਰੱਖ ਦੇਈਦਾ ਹੈ। ਫਿਰ ਉਸ ਦਹੀਂ ਨੂੰ ਜਦੋਂ ਰਿੜਕਦੇ ਹਾਂ ਤਾਂ ਉਸ ਵਿਚੋਂ ਨਿਕਲੇ ਮੱਖਣ ਨੂੰ ਜਦੋਂ ਭਾਂਡੇ ਵਿਚ ਪਾ ਕੇ ਅੱਗ ‘ਤੇ ਤਾਇਆ ਜਾਂਦਾ ਹੈ ਤਾਂ ਚੰਗੀ ਤਰ੍ਹਾਂ ਪਕਾਉਣ ‘ਤੇ ਉਸ ਵਿਚੋਂ ਘਿਉ ਨਿਕਲ ਆਉਂਦਾ ਹੈ। ਇਸ ਘਿਉ ਨੂੰ ਫਿਰ ਕਿੰਨੇ ਕੰਮਾਂ ਵਿਚ ਵਰਤਿਆ ਜਾਂਦਾ ਹੈ ਇਸ ਨਾਲ ਹੋਮ ਅਤੇ ਜੱਗ ਕੀਤੇ ਜਾਂਦੇ ਹਨ, ਪੂਜਾ ਲਈ ਵਰਤਿਆ ਜਾਂਦਾ ਹੈ। ਗਾਂ ਵੱਖੋ ਵੱਖਰੇ ਰੰਗ ਦੀ ਹੋਣ ‘ਤੇ ਵੀ ਦੁੱਧ ਦਾ ਇੱਕੋ ਰੰਗ ਸਫੈਦ ਹੈ ਅਤੇ ਦੁੱਧ ਤੋਂ ਕਿੰਨੇ ਪਦਾਰਥ ਦਹੀਂ, ਮੱਖਣ, ਲੱਸੀ ਅਤੇ ਘਿਉ ਬਣਦੇ ਹਨ ਪਰ ਸਭ ਦਾ ਮੂਲ ਇੱਕ ਦੁੱਧ ਹੈ। ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਮੂਲ ਉਹ ਅਕਾਲ ਪੁਰਖ ਹੈ ਜੋ ਸਾਰਿਆਂ ਵਿਚ ਵਿਆਪਕ ਹੈ। ਉਹ ਅਨੇਕਤਾ ਵਿਚ ਏਕਤਾ ਹੋ ਕੇ ਵੀ ਨਿਰਲੇਪ ਹੈ। ਗੁਰਮੁਖ ਨੂੰ ਉਸ ਦੀ ਇਸ ਵਿਆਪਕਤਾ ਦਾ ਗਿਆਨ ਹੈ ਅਤੇ ਉਸ ਨੂੰ ਇਸ ਤੱਥ ਦਾ ਵੀ ਗਿਆਨ ਹੈ ਕਿ ਉਸ ਨੂੰ ਪਾਉਣ ਲਈ ਮਨੁੱਖ ਵਿਚ ਅਧਿਆਤਮਕ ਅਕਾਂਖਿਆ ਅਤੇ ਸਬਰ-ਸੰਤੋਖ ਚਾਹੀਦਾ ਹੈ ਜੋ ਉਸ ਵਿਚ ਸਹਿਣ ਦੀ ਸ਼ਕਤੀ ਪੈਦਾ ਕਰੇ। ਦੁੱਧ ਦੇ ਦ੍ਰਿਸ਼ਟਾਂਤ ਤੋਂ ਜੋ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ, ਉਹ ਇਹ ਹਨ ਕਿ ਦਹੀਂ ਬਣਨ ਲਈ ਟਿਕਾਉ ਦਾ ਹੋਣਾ ਜ਼ਰੂਰੀ ਹੈ ਜਿਵੇਂ ਦੁੱਧ ਨੂੰ ਜਾਗ ਲਾ ਕੇ ਭਾਂਡੇ ਨੂੰ ਟਿਕਾ ਕੇ ਰੱਖ ਦੇਣਾ ਜ਼ਰੂਰੀ ਹੈ। ਦਹੀਂ ਵਿਚੋਂ ਮੱਖਣ ਪੈਦਾ ਕਰਨ ਲਈ ਉਸ ਨੂੰ ਰਿੜਕਣਾ ਪੈਂਦਾ ਹੈ, ਰਿੜਕਣ ਤੋਂ ਬਿਨਾ ਮੱਖਣ ਹੱਥ ਨਹੀਂ ਆਉਂਦਾ ਅਤੇ ਉਸੇ ਮੱਖਣ ਤੋਂ ਘਿਉ ਬਣਾਉਣ ਲਈ ਉਸ ਨੂੰ ਬਲਦੀ ਅੱਗ ‘ਤੇ ਤਾਉਣਾ ਪੈਂਦਾ ਹੈ। ਰਿੜਕੇ ਜਾਣ ਲਈ, ਅੱਗ ‘ਤੇ ਤਾਏ ਅਰਥਾਤ ਕਾੜ੍ਹੇ ਜਾਣ ਲਈ ਜਿੱਥੇ ਅਗਲੀ ਪ੍ਰਾਪਤੀ ਲਈ ਅਕਾਂਖਿਆ ਸ਼ਾਮਲ ਹੈ, ਉਸ ਦੇ ਨਾਲ ਹੀ ਸਬਰ ਅਤੇ ਸੰਤੋਖ ਅਰਥਾਤ ਜਿਰਾਂਦ ਪੈਦਾ ਕਰਨ ਦੀ ਜ਼ਰੂਰਤ ਹੈ। ਪਰਮਾਤਮ-ਅਨੁਭਵ ਲਈ ਵੀ ਇਹ ਦੋਵੇਂ ਗੱਲਾਂ ਜ਼ਰੂਰੀ ਹਨ-ਅਕਾਂਖਿਆ ਅਤੇ ਜਿਰਾਂਦ, ਸੰਤੋਖ:
ਗਾਈ ਰੰਗ ਬਿਰੰਗ ਬਹੁ ਦੁਧੁ ਉਜਲੁ ਵਰਣਾ।
ਦੁਧਹੁ ਦਹੀ ਜਮਾਈਐ ਕਰਿ ਨਿਹਚਲੁ ਧਰਣਾ।
ਦਹੀ ਵਿਲੋਇ ਅਲੋਈਐ ਛਾਹਿ ਮਖਣ ਤਰਣਾ।
ਮਖਣੁ ਤਾਇ ਅਉਟਾਇ ਕੈ ਘਿਉ ਨਿਰਮਲ ਕਰਣਾ।
ਹੋਮ ਜਗ ਨਈਵੇਦ ਕਰਿ ਸਭ ਕਾਰਜ ਸਰਣਾ।
ਆਪੇ ਆਪਿ ਵਰੱਤਦਾ ਗੁਰਮੁਖਿ ਹੋਇ ਜਰਣਾ॥੧੩॥
ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਸਰਵ-ਵਿਆਪਕਤਾ ਨੂੰ ਬਨਸਪਤੀ ਅਤੇ ਅੱਗ, ਦੁੱਧ ਅਤੇ ਘਿਉ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਹਰ ਤਰ੍ਹਾਂ ਦੀ ਬਨਸਪਤੀ ਵਿਚ ਅੱਗ ਵਿਆਪਕ ਹੁੰਦੀ ਹੈ, ਛੁਪੀ ਹੋਈ ਹੁੰਦੀ ਹੈ ਅਤੇ ਹਰ ਕਿਸਮ ਦੇ ਦੁੱਧ ਵਿਚ (ਭਾਵੇਂ ਉਹ ਕਿਸੇ ਵੀ ਪਸ਼ੂ ਦਾ ਹੋਵੇ) ਘਿਉ ਵਿਆਪਕ ਹੁੰਦਾ ਹੈ; ਇਸੇ ਤਰ੍ਹਾਂ ਹਰ ਇੱਕ ਸਰੀਰ ਵਿਚ ਭਾਵੇਂ ਕੋਈ ਛੋਟਾ ਹੈ ਜਾਂ ਵੱਡਾ, ਉਚਾ ਹੈ ਜਾਂ ਨੀਵਾਂ ਹਰ ਇੱਕ ਜੀਵ ਵਿਚ ਅਕਾਲ ਪੁਰਖ ਜੋਤਿ-ਸਰੂਪ ਹੋ ਕੇ ਵਸਿਆ ਹੋਇਆ ਹੈ। ਹਰ ਇੱਕ ਸਥਾਨ ਵਿਚ ਭਾਵੇਂ ਸੁੱਕੀ ਧਰਤੀ ਹੈ ਜਾਂ ਪਾਣੀ, ਹਰ ਥਾਂ ਵਿਆਪਕ ਹੈ। ਉਹ ਸਾਰਿਆਂ ਵਿਚ ਭਰਪੂਰ ਵੀ ਹੈ ਅਤੇ ਸਾਰਿਆਂ ਤੋਂ ਨਿਰਲੇਪ ਵੀ ਹੈ। ਸਤਿਗੁਰੂ ਨੇ ਉਸ ਅਕਾਲ ਪੁਰਖ ਪ੍ਰਤੀ ਹਰ ਤਰ੍ਹਾਂ ਦਾ ਭੁਲੇਖਾ ਦੂਰ ਕਰ ਦਿੱਤਾ ਹੈ ਅਤੇ ਨਾਨਕ (ਪੰਜਵੇਂ ਗੁਰੂ ਲਈ ਆਇਆ ਹੈ) ਉਸ ਦੇ ਗੁਣ ਗਾ ਰਿਹਾ ਹੈ:
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥੧॥
ਸੰਤਹੁ ਘਟਿ ਘਟਿ ਰਹਿਆ ਸਮਾਹਿਓ॥
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ॥੧॥ਰਹਾਉ॥
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ॥
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥੨॥ (ਪੰਨਾ ੬੧੭
ਅਗਲੀ ਪਉੜੀ ਵਿਚ ਸੂਰਜ ਅਤੇ ਸਮੇਂ ਦਾ ਦ੍ਰਿਸ਼ਟਾਂਤ ਦਿੰਦਿਆਂ ਭਾਈ ਗੁਰਦਾਸ ਕਹਿੰਦੇ ਹਨ ਪਲਾਂ, ਘੜੀਆਂ, ਮਹੂਰਤ, ਪਹਿਰ, ਥਿਤਾਂ ਅਤੇ ਵਾਰ ਗਿਣੀਦੇ ਹਨ। ਦੋ ਪੱਖ ਆਉਂਦੇ ਹਨ-ਚਾਨਣ ਤੇ ਹਨੇਰਾ; ਬਾਰਾਂ ਮਹੀਨੇ ਸੰਜੋਗ ਨਾਲ ਬਣਾਏ ਹਨ, ਛੇ ਰੁੱਤਾਂ ਵਰਤਾਈਆਂ ਹਨ। ਇਸ ਤਰ੍ਹਾਂ ਇੱਕ ਸੂਰਜ ਤੋਂ ਬਹੁਤ ਕੌਤਕ ਵਰਤਾਏ ਹਨ। ਛੇ ਦਰਸ਼ਨ (ਹਿੰਦੂ ਸ਼ਾਸਤਰ ਨਿਆਇ, ਵੈਸ਼ੇਸ਼ਕ, ਸਾਂਖ, ਯੋਗ, ਮੀਮਾਂਸਾ ਅਤੇ ਵੇਦਾਂਤ) ਅਤੇ ਚਾਰ ਵਰਨ ਆਦਿ ਬਹੁਤੇ ਰਸਤੇ ਲੋਕਾਂ ਨੇ ਆਪ ਤੋਰੇ ਹਨ। ਗੁਰਮੁਖ ਇਹ ਗੱਲ ਸਮਝਾਉਂਦੇ ਹਨ ਕਿ ਸਾਰੇ ਉਹ ਅਕਾਲ ਪੁਰਖ ਵਿਆਪਕ ਹੈ, ਇਸ ਲਈ ਆਪਸ ਵਿਚ ਝਗੜਨਾ ਨਹੀਂ ਚਾਹੀਦਾ:
ਪਲ ਘੜੀਆ ਮੂਰਤਿ ਪਹਰਿ ਥਿਤ ਵਾਰ ਗਣਾਏ।
ਦੁਇ ਪਖ ਬਾਰਹ ਮਾਹ ਕਰਿ ਸੰਜੋਗ ਬਣਾਏ।
ਛਿਅ ਰੁਤੀ ਵਰਤਾਈਆ ਬਹੁ ਚਲਿਤ ਬਣਾਏ।
ਸੂਰਜੁ ਇਕੁ ਵਰਤਦਾ ਲੋਕੁ ਵੇਦ ਅਲਾਏ।
ਚਾਰਿ ਵਰਨ ਛਿਅ ਦਰਸਨਾਂ ਬਹੁ ਪੰਥਿ ਚਲਾਏ।
ਆਪੇ ਆਪਿ ਵਰੱਤਦਾ ਗੁਰਮੁਖਿ ਸਮਝਾਏ॥੧੪॥
ਗੁਰੂ ਨਾਨਕ ਰਾਗੁ ਆਸਾ ਵਿਚ ਫੁਰਮਾਉਂਦੇ ਹਨ ਕਿ ਛੇ ਦਰਸ਼ਨ ਹਨ ਅਤੇ ਛੇ ਹੀ ਇਨ੍ਹਾਂ ਦੇ ਚਲਾਉਣ ਵਾਲੇ ਹਨ (ਭਾਈ ਗੁਰਦਾਸ ਵੀ ਪਹਿਲੀ ਵਾਰ ਵਿਚ ਇਨ੍ਹਾਂ ਦਰਸ਼ਨਾਂ ਅਤੇ ਇਨ੍ਹਾਂ ਦੇ ਰਚਣ ਵਾਲਿਆਂ ਦਾ ਵੇਰਵਾ ਦੇ ਚੁੱਕੇ ਹਨ-ਗੌਤਮ ਰਿਸ਼ੀ, ਜੈਮਨੀ, ਵਿਆਸ, ਕਪਲ ਮੁਨੀ, ਕਣਾਦ ਅਤੇ ਪਾਤੰਜਲਿ ਰਿਸ਼ੀ) ਅਤੇ ਇਨ੍ਹਾਂ ਛੇ ਸ਼ਾਸਤਰਾਂ ਦੇ ਛੇ ਹੀ ਸਿਧਾਂਤ ਹਨ ਪਰ ਇਨ੍ਹਾਂ ਸਾਰਿਆਂ ਦਾ ਮੂਲ ਇੱਕ ਵਾਹਿਗੁਰੁ ਹੈ। ਉਹ ਆਪ ਇੱਕ ਹੈ ਪਰ ਉਸ ਨੇ ਆਪਣਾ ਪ੍ਰਗਟਾਵਾ ਬਹੁਤ ਵੇਸਾਂ-ਰੂਪਾਂ ਵਿਚ ਕੀਤਾ ਹੋਇਆ ਹੈ। ਪਲ, ਘੜੀਆਂ, ਪਹਿਰ, ਥਿਤਾਂ, ਵਾਰ ਮਹੀਨੇ, ਪੰਦਰਵਾੜਾ (ਹਨੇਰ ਅਤੇ ਚਾਨਣ), ਸਭ ਉਸ ਨੇ ਘੜੇ ਹਨ। ਸੂਰਜ ਇੱਕੋ ਹੈ ਪਰ ਉਸ ਤੋਂ ਅਨੇਕ ਰੁੱਤਾਂ ਬਣੀਆਂ ਹਨ। ਉਸ ਅਕਾਲ ਪੁਰਖ ਦਾ ਪ੍ਰਕਾਸ਼ਨ ਉਸ ਦੀ ਰਚਨਾ ਦੇ ਰੂਪ ਵਿਚ ਅਨੇਕ ਤਰ੍ਹਾਂ ਨਾਲ ਹੁੰਦਾ ਹੈ:
ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ॥੧॥
æææ
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇ ਕੇਤੇਵੇਸ॥੨॥ (ਪੰਨਾ ੧੨)
ਭਾਈ ਗੁਰਦਾਸ ਨੇ ਅੱਗੇ ਬਿਆਨ ਕੀਤਾ ਹੈ ਕਿ ਪਾਣੀ ਵੀ ਇੱਕ ਹੀ ਹੈ ਅਤੇ ਧਰਤੀ ਵੀ ਇੱਕ ਹੈ ਪਰ ਦੋਵਾਂ ਤੋਂ ਹੀ ਅਨੇਕ ਕਿਸਮ ਦੀ ਬਨਸਪਤੀ-ਬ੍ਰਿਛ, ਬੂਟੇ ਆਦਿ ਪੈਦਾ ਹੁੰਦੇ ਹਨ। ਇਨ੍ਹਾਂ ਬ੍ਰਿਛ-ਬੂਟਿਆਂ ਵਿਚੋਂ ਕਈਆਂ ਨੂੰ ਫਲ ਨਹੀਂ ਲੱਗਦਾ ਅਤੇ ਕਈ ਫਲ ਸਹਿਤ ਹੁੰਦੇ ਹਨ ਤੇ ਕਈ ਪ੍ਰਕਾਰ ਦੇ ਫਲ-ਫੁਲ ਲੱਗੇ ਹੋਏ ਸੋਹਣੇ ਲੱਗਦੇ ਹਨ। ਇਨ੍ਹਾਂ ਫਲ-ਫੁੱਲਾਂ ਵਿਚੋਂ ਕਈ ਕਿਸਮ ਦਾ ਸੁਆਦਲਾ ਰਸ ਨਿਕਲਦਾ ਹੈ, ਸੋਹਣੀ ਖੁਸ਼ਬੂ ਆਉਂਦੀ ਹੈ ਅਤੇ ਕੁਦਰਤਿ ਨੂੰ ਸੁਹਾਵਣੀ ਬਣਾਉਂਦੇ ਹਨ। ਇੱਕ ਸਰੂਪ ਹੋ ਕੇ ਸਾਰੀ ਬਨਸਪਤੀ-ਬ੍ਰਿਛ-ਬੂਟਿਆਂ ਵਿਚ ਇੱਕੋ ਜਿਹੀ ਅੱਗ ਵਿਆਪਕ ਹੁੰਦੀ ਹੈ। ਇਹ ਅੱਗ ਜਦੋਂ ਗੁਪਤ ਰੂਪ ਤੋਂ ਪ੍ਰਗਟ ਹੋ ਜਾਂਦੀ ਹੈ, ਬਾਹਰ ਆਉਂਦੀ ਹੈ ਤਾਂ ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਗੁਰਮੁਖਿ ਇਹ ਸੋਚ ਕੇ ਖੁਸ਼ ਹੁੰਦਾ ਹੈ ਕਿ ਉਹ ਆਪ ਹੀ ਸਾਰੇ ਵਰਤ ਰਿਹਾ ਹੈ:
ਇਕੁ ਪਾਣੀ ਇਕ ਧਰਤਿ ਹੈ ਬਹੁ ਬਿਰਖ ਉਪਾਏ।
ਅਫਲ ਸਫਲ ਪਰਕਾਰ ਬਹੁ ਫਲ ਫੁਲ ਸੁਹਾਏ।
ਬਹੁ ਰਸ ਰੰਗ ਸੁਵਾਸਨਾ ਪਰਕਿਰਤਿ ਸੁਭਾਏ।
ਬੈਸੰਤਰੁ ਇਕੁ ਵਰਨ ਹੋਇ ਸਭ ਤਰਵਰ ਛਾਏ।
ਗੁਪਤਹੁ ਪਰਗਟ ਹੋਇ ਕੈ ਭਸਮੰਤ ਕਰਾਏ।
ਆਪੇ ਆਪਿ ਵਰੱਤਦਾ ਗੁਰਮੁਖਿ ਸੁਖ ਪਾਏ॥੧੫॥
ਗੁਰੂ ਰਾਮ ਦਾਸ ਸਿਰੀ ਰਾਗ ਕੀ ਵਾਰ ਵਿਚ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਤੋਂ ਇਸ ਕੁਦਰਤਿ ਨੂੰ ਸਾਜਿਆ ਹੈ, ਧਰਤੀ ਬਣਾਈ ਹੈ ਅਤੇ ਫਿਰ ਇਸ ‘ਤੇ ਰੌਸ਼ਨੀ ਕਰਨ ਲਈ ਚੰਦ ਅਤੇ ਸੂਰਜ-ਦੋ ਦੀਪਕ ਬਣਾਏ ਹਨ। ਇਸ ਧਰਤੀ ਦੇ ਜੀਵਾਂ ਲਈ ਸੱਚਾ ਵਪਾਰ ਕਰਨ ਲਈ ਚੌਦਾਂ ਲੋਕਾਂ ਦੀ ਰਚਨਾ ਕੀਤੀ ਹੈ, ਸਮਝੋ ਇਹ ਹੱਟੀਆਂ ਬਣਾਈਆਂ ਹਨ। ਜਿਹੜੇ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਉਸ ਦੇ ਅੰਮ੍ਰਿਤ-ਰੂਪੀ ਨਾਮ ਜਲ ਦਾ ਪਾਨ ਕੀਤਾ ਹੈ, ਨਾਮ ਦਾ ਸਿਮਰਨ ਕੀਤਾ ਹੈ, ਉਨ੍ਹਾਂ ‘ਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ ਅਤੇ ਉਨ੍ਹਾਂ ਦੇ ਮਨ ਵਿਚੋਂ ਮੌਤ ਦਾ ਭੈ ਖਤਮ ਹੋ ਗਿਆ ਹੈ, ਮੌਤ ਦੇ ਫਰਿਸ਼ਤੇ ਉਨ੍ਹਾਂ ਦਾ ਕੁਝ ਵਿਗਾੜ ਸਕਦੇ ਹਨ। ਦੂਸਰੇ ਵੀ ਉਨ੍ਹਾਂ ਦੇ ਰਸਤੇ ‘ਤੇ ਚੱਲ ਕੇ ਇਸ ਭੈ ਤੋਂ ਮੁਕਤ ਹੋ ਜਾਂਦੇ ਹਨ:
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ॥
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ॥
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ॥
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ॥
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ॥੩॥ (ਪੰਨਾ ੮੩)
ਇਸੇ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਫੁਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਕਰਤਾਰ ਆਪ ਇਸ ਕੁਦਰਤਿ ਦੀ ਸਾਜਨਾ ਕਰਕੇ ਇਸ ਵਿਚ ਸਮਾ ਗਿਆ ਹੈ। ਇਸ ਧਰਤੀ ‘ਤੇ ਆ ਕੇ ਜਿਹੜਾ ਮਨੁੱਖ ਆਪਣੇ ਇਸ ਮਨੁੱਖਾ ਜਨਮ ਬਾਰੇ ਵਿਚਾਰਦਾ ਹੈ ਕਿ ਉਹ ਕਿਸ ਮਕਸਦ ਲਈ ਧਰਤੀ ‘ਤੇ ਆਇਆ ਹੈ, ਉਸ ਦਾ ਆਉਣਾ ਹੀ ਸਫਲ ਹੈ। ਉਹ ਅਕਾਲ ਪੁਰਖ ਆਪਣੀ ਕੁਦਰਤਿ ਵਿਚ ਵਿਆਪਕ ਹੈ ਅਤੇ ਉਸ ਦੀ ਸਾਜੀ ਕੁਦਰਤਿ ਬੇਅੰਤ ਅਤੇ ਅਨਮੋਲ ਹੈ, ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜਿਹੜੇ ਮਨੁੱਖ ਸਿਰਫ਼ ਨਿਰੀ ਸ਼ਰੀਅਤ ਆਦਿ ਭਾਵ ਬਾਹਰਲੀਆਂ ਧਾਰਮਿਕ ਰਸਮਾਂ ਦੀ ਹੀ ਵਿਚਾਰ ਕਰਦੇ ਹਨ, ਉਹ ਅਸਲੀਅਤ ਸਮਝੇ ਬਿਨਾ ਜ਼ਿੰਦਗੀ ਦੇ ਪਰਲੇ ਪਾਰ ਨੂੰ ਕਿਵੇਂ ਲੱਭ ਸਕਦੇ ਹਨ, ਪਾਰਲਾ ਕੰਢਾ ਉਨ੍ਹਾਂ ਨੂੰ ਕਿਵੇਂ ਨਜ਼ਰ ਆ ਸਕਦਾ ਹੈ? ਰੱਬ ਉਤੇ ਭਰੋਸਾ ਰੱਖਣਾ ਅਤੇ ਉਸ ਅੱਗੇ ਆਪਣਾ ਸਿਰ ਨਿਵਾਉਣਾ, ਆਪਣੇ ਮਨ ਨੂੰ ਉਸ ਵਿਚ ਜੋੜਨਾ, ਇਸ ਨਾਲ ਹੀ ਜ਼ਿੰਦਗੀ ਦਾ ਅਸਲ ਮਕਸਦ ਲੱਭਦਾ ਹੈ। ਫਿਰ ਜਦੋਂ ਅਸੀਂ ਜਿਸ ਪਾਸੇ ਵੀ ਦੇਖਦੇ ਹਾਂ ਤਾਂ ਸਾਨੂੰ ਸਭ ਵਿਚ ਉਹ ਹੀ ਨਜ਼ਰ ਆਉਂਦਾ ਹੈ:
ਕੁਦਰਤਿ ਕਰਿ ਕੈ ਵਸਿਆ ਸੋਇ॥
ਵਖਤੁ ਵੀਚਾਰੇ ਸੁ ਬੰਦਾ ਹੋਇ॥
ਕੁਦਰਤਿ ਹੈ ਕੀਮਤਿ ਨਹੀ ਪਾਇ॥
ਜਾ ਕੀਮਤਿ ਪਾਇ ਤਾ ਕਹੀ ਨਾ ਜਾਇ॥
ਸਰੈ ਸਰੀਅਤ ਕਰਹਿ ਬੀਚਾਰੁ॥
ਬਿਨੁ ਬੂਝੇ ਕੈਸੇ ਪਾਵਹਿ ਪਾਰੁ॥
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ॥
ਜਿਹਿ ਧਿਰਿ ਦੇਖਾ ਤਿਹ ਧਿਰਿ ਮਉਜੂਦੁ॥੧॥ (ਪੰਨਾ ੮੪)