ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 24 ਸਤੰਬਰ ਦੇ ਅੰਕ ਵਿਚ ਛਾਪਿਆ ਜਾ ਚੁੱਕਾ ਹੈ। ਇਸੇ ਲੜੀ ਵਿਚ ਪ੍ਰਭਸ਼ਰਨਬੀਰ ਸਿੰਘ ਦਾ ਲੇਖ ਪਹਿਲੀ ਅਕਤੂਬਰ ਵਾਲੇ ਅੰਕ ਵਿਚ ਛਪਿਆ ਜਿਸ ਵਿਚ ਉਨ੍ਹਾਂ ਆਪਣੇ ਨਜ਼ਰੀਏ ਤੋਂ ਕੁਝ ਸਵਾਲ ਉਠਾਏ ਸਨ। ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 15 ਅਕਤੂਬਰ ਵਾਲੇ ਅੰਕ ਵਿਚ ਛਾਪਿਆ ਗਿਆ
ਜਿਸ ਦੇ ਪ੍ਰਤੀਕਰਮ ਵਿਚ 22 ਅਕਤੂਬਰ ਦੇ ਅੰਕ ਵਿਚ ਅਸੀਂ ਪ੍ਰਭਸ਼ਰਨਬੀਰ ਸਿੰਘ ਅਤੇ ਇਸੇ ਸਿਲਲਿਸੇ ਵਿਚ ਉਘੇ ਪੰਜਾਬੀ ਸ਼ਾਇਰ ਤੇ ਆਲੋਚਕ ਗੁਰਦੇਵ ਚੌਹਾਨ ਦਾ ਲੇਖ ਛਾਪ ਚੁਕੇ ਹਾਂ। ਪਿਛਲੇ ਅੰਕ ਵਿਚ ਛਪੇ ਪ੍ਰਭਸ਼ਰਨਬੀਰ ਸਿੰਘ ਦੇ ਲੇਖ ਦੇ ਪ੍ਰਤੀਕਰਮ ਵਜੋਂ ਆਇਆ ਪ੍ਰੋæ ਅਵਤਾਰ ਸਿੰਘ ਦਾ ਲੇਖ ਇਸ ਵਾਰ ਛਾਪ ਰਹੇ ਹਾਂ। ਸਾਡਾ ਮਨੋਰਥ ਪਾਠਕਾਂ ਨੂੰ ਵਿਚਾਰ-ਚਰਚਾ ਲਈ ਮੰਚ ਮੁਹੱਈਆ ਕਰਨਾ ਹੈ, ਕਿਸੇ ਦਾ ਪੱਖ ਲੈਣਾ ਨਹੀਂ। ਪ੍ਰਤੀਕਰਮ ਵਜੋਂ ਆਈਆਂ ਹੋਰ ਰਚਨਾਵਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬਸ, ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਪ੍ਰਭਸ਼ਰਨਬੀਰ ਦਾ ਉਤਰ ਪੜ੍ਹ ਕੇ ਮੈਨੂੰ ਏਨੀ ਕੁ ਤਸੱਲੀ ਜ਼ਰੂਰ ਹੋਈ ਕਿ ਉਸ ਨੇ ਮੰਨ ਲਿਆ ਕਿ ਉਹ ਮਹਿਬੂਬ ਦਾ ਭਗਤ ਨਹੀਂ। ਉਸ ਨੇ ਇਹ ਵੀ ਮੰਨਿਆ ਕਿ ਉਸ ਦਾ ਮੰਤਵ ਮਹਿਬੂਬ ਨੂੰ ਵਿਸ਼ਵ ਦਾ ਸਰਬੋਤਮ ਕਵੀ ਸਾਬਤ ਕਰਨਾ ਵੀ ਨਹੀਂ। ਪਰ ਉਸ ਨੇ ਇਹ ਨਹੀਂ ਲਿਖਿਆ ਕਿ ਪਾਤਰ ਨੂੰ ਵਿਸ਼ਵ ਦਾ ਸਭ ਤੋਂ ਮਾੜਾ ਕਵੀ ਸਾਬਤ ਕਰਨ ਦਾ ਵੀ ਉਸ ਦਾ ਮੰਤਵ ਨਹੀਂ ਹੈ।
ਮੇਰਾ ਮੰਨਣਾ ਹੈ ਕਿ ਲਿਖਤਾਂ ਆਪਣੇ ਜ਼ਮਾਨੇ ਵਿਚ ਖੁਦ ਬਖੁਦ ਬੋਲਦੀਆਂ ਹਨ; ਟੀਕੇ ਜਾਂ ਟੀਕਾਕਾਰਾਂ ਦੀ ਜ਼ਰੂਰਤ ਨਹੀਂ ਹੁੰਦੀ। ਮਹਿਬੂਬ ਨੇ ਜੋ ਲਿਖਿਆ, ਉਹ ਲਿਖਿਆ ਜਾ ਚੁਕਾ ਹੈ। ਕਮਾਨੋ ਛੁਟੇ ਤੀਰ ਵਾਪਸ ਨਹੀਂ ਮੁੜਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਬਾਬਤ ਪੁੱਠੀ ਸੋਚ ਪੁੱਠੇ ਕੌਮਿਆਂ ਨਾਲ ਸਿੱਧੀ ਨਹੀਂ ਹੋ ਜਾਂਦੀ। ਜੇ ਸਵੈ ਸਪਸ਼ਟ ਹਸਤਾਮਲ “ਜਰਨੈਲ” ਦਾ ਫੁੱਟ ਨੋਟ ਦੇਣਾ ਜ਼ਰੂਰੀ ਸੀ ਤਾਂ ਇਥੇ ਇਤਨੇ ਭਿਆਨਕ ਮੁਗਾਲਤੇ ਹੇਠ ਵੀ ਦੱਸਿਆ ਜਾ ਸਕਦਾ ਸੀ ਕਿ ਇਹ ਸਿਰੇ ਦਾ ਨਾਮਾਕੂਲ, ਬੇਜ਼ੌਕ, ਬੇਮੁਰੱਵਤ ਅਤੇ ਬੇਮਗਜ਼ ਫਰਿਆਦੀ ਉਹ ਖੁਦ ਨਹੀਂ, ਉਸ ਦੀ ਕਲੋਲ ਕਲਪਨਾ ਹੈ। ਵਾਰੇ ਵਾਰੇ ਜਾਈਏ ਮਹਿਬੂਬ ਸਾਹਿਬ ਦੇ ਕਾਵਿ ਆਵੇਸ਼ ਦੇ।
ਪ੍ਰਭਸ਼ਰਨਬੀਰ ਨੇ ਕਿਹਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਹੈ। ਮੈਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹਾਂ। ਹੈਰਾਨੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ ਕਾਲੀ ਤੇ ਸਰਬ ਦੇਸ਼ੀ ਸੱਚ ਨੂੰ ਘਾਟੀ ਦਾ ਸੱਚ ਬਣਾਉਣ ਦੀ ਕੁਚੇਸ਼ਟਾ ਨਜ਼ਰ ਕਿਉਂ ਨਹੀਂ ਆਉਂਦੀ? ਉਮਤ ਨੂੰ ਮਿੱਲਤ, ਮਿੱਲਤ ਨੂੰ ਮਹੱਲਾ ਅਤੇ ਮਹੱਲੇ ਨੂੰ ਵੀਹੀ ਤੱਕ ਮਹਿਦੂਦ ਕਰਨ ਵਾਲਿਆਂ ਦੇ ਇਰਾਦੇ ਨੇਕ ਕਿਉਂ ਲਗਦੇ ਹਨ?
ਗੁਰਬਾਣੀ ਦੀ ਰੌਸ਼ਨੀ ਵਿਚ ਗੁਰੂ ਕੀਆਂ ਸਾਖੀਆਂ ਦੀ ਸਮਝ ਪੈਂਦੀ ਹੈ ਤੇ ਸਾਖੀਆਂ ਗੁਰਬਾਣੀ ਦੇ ਰਹੱਸ ਖੋਲ੍ਹਣ ਵਿਚ ਮਦਦਗਾਰ ਹੁੰਦੀਆਂ ਹਨ। ਸਾਖੀਆਂ ਅਤੇ ਗੁਰਬਾਣੀ ਦੇ ਪਰਿਪੇਖ ਵਿਚ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਿੱਖਾਂ ਅਤੇ ਸੇਵਕਾਂ ਦੀ ਆਲੋਚਨਾ ਹੋ ਸਕਦੀ ਹੈ। ਬੰਦੇ ਬਹਾਦਰ ਤੋਂ ਲੈ ਕੇ ਰਣਜੀਤ ਸਿੰਘ ਤੱਕ ਫਿਰ ਅਕਾਲੀ ਫੂਲਾ ਸਿੰਘ ਦੇ ਉਸਤਾਦ ਨੈਨਾ ਸਿੰਘ ਅਕਾਲੀ ਤੋਂ ਲੈ ਕੇ ਲੱਲੇ, ਭੱਬੇ, ਬੱਬੇ ਅਕਾਲੀਆਂ ਤੱਕ ਸਭ ਦੀ ਆਲੋਚਨਾ ਹੋ ਸਕਦੀ ਹੈ। ਗੁਰੂ ਇਤਿਹਾਸ ਵਿਚ ਇੱਕ ਕਿਰਦਾਰ ਦੀ ਸਿਰਜਣਾ ਹੋਈ ਸੀ। ਸਿੱਖ ਇਤਿਹਾਸ ਵਿਚ ਜੇ ਉਸ ਕਿਰਦਾਰ ਵਿਚ ਆਈ ਗਿਰਾਵਟ ਦਾ ਕੋਈ ਸੰਕੇਤ ਕਰਦਾ ਹੈ ਤਾਂ ਉਹ ਕਿਸੇ ਨੂੰ ਕਿਉਂ ਬੁਰਾ ਲਗਦਾ ਹੈ? ਸਮਝ ਤੋਂ ਬਾਹਰ ਹੈ। ਸਿੱਖ ਇਖਲਾਕ ਦੇ ਬੁਲੰਦੀ ਤੋਂ ਲੁੜ੍ਹਕੇ ਹੋਏ ਲੋਕਾਂ ਦੇ Ḕਰਾਜ ਨਹੀਂ ਸੇਵਾḔ ਦੇ ਪਾਜ ਕਿਉਂ ਨਹੀਂ ਖੁੱਲ੍ਹਦੇ? ਪਾਕ ਨੂੰ ਖਾਕ ਤੱਕ ਸੀਮਤ ਕਰਨ ਦੇ ਮਨਸੂਬੇ ਕਦ ਤੱਕ ਜਾਰੀ ਰਹਿਣਗੇ? ਕਿਰਦਾਰ ਅਤੇ ਜ਼ਿਮੀਦਾਰ ਨੂੰ ਪਰਿਆਏ ਬਣਾਉਣਾ ਕਿਨ੍ਹਾਂ ਦਾ ਉਪੱਦਰ ਹੈ? ਇਨ੍ਹਾਂ ਤਮਾਮ ਸਵਾਲਾਂ ਦੀ ਤਫਤੀਸ਼ ‘ਤੇ ਹਮੇਸ਼ਾ ਸ਼ੱਕ ਕਿਉਂ ਕੀਤਾ ਜਾਂਦਾ ਹੈ?
ਗੁਰੂ ਸਾਹਿਬਾਨ ਦੀਆਂ ਜੰਗਾਂ ਕਿਸੇ ਜਾਤ, ਨਸਲ ਅਤੇ ਫਿਰਕੇ ਦੇ ਬਰਖਿਲਾਫ ਜਾਂ ਹੱਕ ਵਿਚ ਨਹੀਂ ਸਨ। ਜੇ ਉਹ ਇਸਲਾਮ ਦੇ ਖਿਲਾਫ ਹੁੰਦੀਆਂ ਤਾਂ ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ ਨਾਲ ਗੁਰੂ ਦੇ ਨੇੜਲੇ ਸਬੰਧ ਨਾ ਹੁੰਦੇ। ਫਰੁਖਸੀਅਰ ਨੇ ਸ਼ਾਹੀ ਫਰਮਾਨ ਜਾਰੀ ਕੀਤਾ ਸੀ ਕਿ ਜਿਥੇ ਕਿਤੇ ਸਿੱਖ ਦਿਖੇ, ਬਿਨਾ ਦੇਰੀ ਮਾਰ ਦਿਤਾ ਜਾਵੇ। ਬੰਦੇ ਨੇ ਇਸ ਦੇ ਜਵਾਬ ਵਿਚ ਕਿਹਾ ਸੀ ਕਿ ਸਾਡੀ ਕਿਸੇ ਮਜ਼ਹਬ ਜਾਂ ਫਿਰਕੇ ਨਾਲ ਕੋਈ ਦੁਸ਼ਮਣੀ ਨਹੀਂ। ਖਾਲਸਾ ਸਿਰਫ ਜ਼ੁਲਮ ਦੇ ਖਿਲਾਫ ਹੈ। ਪਰ ਇਹ ਕੌਣ ਹਨ ਜੋ ਅਜੋਕੇ ਸਿੱਖ ਵਿਦਰੋਹ ਨੂੰ ਹਕੂਮਤੀ ਜ਼ੁਲਮ ਦੀ ਬਜਾਏ Ḕਬਹੁ ਗਿਣਤੀḔ ਵੱਲ ਸੇਧਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?
ਵਿਸ਼ਵ ਕਦੀ ਵੀ ਬਰਬਰਤਾ ਮੁਕਤ ਨਹੀਂ ਰਿਹਾ ਅਤੇ ਨਾ ਹੀ ਬਰਬਰਤਾ ਦਾ ਕੋਈ ਇੱਕੋ ਇਕ ਕਾਰਨ ਜਾਂ ਪ੍ਰਸੰਗ ਰਿਹਾ ਹੈ। ਬੰਦੇ ਦੇ ਹਿਰਦੇ ਵਿਚ ਬਰਬਰਤਾ ਘਰ ਕਰ ਜਾਵੇ ਤਾਂ ਖੁਦ-ਬਖੁਦ ਉਹ ਪ੍ਰਸੰਗ ਬਣਾ ਲੈਂਦੀ ਹੈ। ਸਾਡੇ ਵਿਦਵਾਨ ਕਾਫੀ ਸਮਾਂ ਆਧੁਨਿਕਤਾ ਨੂੰ ਮਾਨਵੀ ਕਲਿਆਣ ਦਾ ਇੱਕੋ ਇਕ ਸਾਧਨ ਮੰਨਦੇ ਰਹੇ ਹਨ। ਜਦੋਂ ਇਨ੍ਹਾਂ ਦੇ ਸਿਰ ‘ਤੇ ਉਤਰ ਆਧੁਨਿਕਤਾ ਦਾ ਭੂਤ ਸਵਾਰ ਹੋਇਆ ਤਾਂ ਇਨ੍ਹਾਂ ਨੂੰ ਆਧੁਨਿਕਤਾ ਦੀ ਬਰਬਰਤਾ ਦੀ ਸਮਝ ਪਈ। ਜਦ ਇਨ੍ਹਾਂ ਦੇ ਸਿਰ ਤੋਂ ਉਤਰ ਆਧੁਨਿਕਤਾ ਦਾ ਭੂਤ ਉਤਰੇਗਾ ਤੇ ਕੋਈ ਹੋਰ ਜਿੰਨ ਭੂਤ ਸਵਾਰ ਹੋਵੇਗਾ ਤਾਂ ਉਤਰ ਆਧੁਨਿਕਤਾ ਦਾ ਭੂਤ ਵੀ ਉਤਰ ਜਾਵੇਗਾ। ਭੂਤਵਾੜੀ ਸੋਚ ਹਮੇਸ਼ਾ ਕਿਸੇ ਨਾ ਕਿਸੇ ਭੂਤ ਦੀ ਗੁਲਾਮ ਰਹਿੰਦੀ ਹੈ। Ḕਉਤਰ ਭੂਤਾ ਮੇਰੀ ਵਾਰੀḔ ਭੂਤਾਂ ਦੀ ਵੀ ਮਨ ਭਾਉਂਦੀ ਖੇਡ ਹੈ।
ਗੁਰੂ ਨਾਨਕ ਦਾ ਬਚਨ ਹੈ, “ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥” ਬੰਦਾ ਹਰ ਵਕਤ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਬੰਦੇ ਦੀ ਸੋਚ ਜ਼ਮੀਨੀ ਹਕੀਕਤਾਂ ਦੀ ਜਕੜ ਵਿਚ ਰਹਿੰਦੀ ਹੈ, ਜਿਸ ਤੋਂ ਮੁਕਤ ਕਰਨ ਲਈ ਗੁਰੂ ਨੇ ਸਾਨੂੰ ਸ਼ਬਦ ਦੀ ਬਖਸ਼ਿਸ਼ ਕੀਤੀ। ਸੋਚ ਨੂੰ ਸ਼ਬਦ ਦੀ ਓਟ ਵਿਚ ਰੱਖਣਾ ਮਾਨਵੀ ਫਰਜ਼ ਹੈ। ਪਰ ਸ਼ਬਦ ਨੂੰ ਸੋਚ ਦੀ ਓਟ ਵਿਚ ਰੱਖਣਾ ਸ਼ੈਤਾਨੀ ਕਾਰਾ ਹੈ। ਸੋਚ ਨੂੰ ਖਾਰਜ ਕਰਨਾ ਗੁਰਮਤਿ ਨਹੀਂ। ਇਸ ਨੂੰ ਸ਼ਬਦ ਦੀ ਸ਼ਰਣ ਵਿਚ ਰੱਖਣਾ ਗੁਰਮਤਿ ਹੈ। ਜਿਹੜੇ ਵਿਦਵਾਨ ਪੱਛਮੀ ਸੋਚਾਂ ਦੇ ਨਿਤ ਬਦਲਦੇ ਚੌਖਟਿਆਂ ਵਿਚ ਹੀ ਸ਼ਬਦ ਨੂੰ ਪਰਖਣ ਦੀ ਹਿਮਾਕਤ ਕਰਦੇ ਹਨ, ਉਹ ਕਦੀ ਉਨ੍ਹਾਂ ਚੌਖਟਿਆਂ ਦੀ ਪਰਖ-ਨਿਰਖ ਸ਼ਬਦ ਦੇ ਅਨੁਭਵ ਅਧੀਨ ਨਹੀਂ ਕਰਦੇ। ਨਾਸਤਿਕਤਾ ਚਾਹੇ ਉਤਰ ਹੋਵੇ, ਚੜ੍ਹਤ ਹੋਵੇ, ਖੰਡਣ ਹੋਵੇ, ਵਿਖੰਡਣ ਹੋਵੇ, ਨਾਸਤਿਕਤਾ ਹੀ ਰਹਿੰਦੀ ਹੈ। ਪਰ ਸ਼ਬਦ ਕਿਸੇ ਉਤਰ, ਚੜ੍ਹਤ ਜਾਂ ਖੰਡਣ, ਵਿਖੰਡਣ ਦਾ ਮੁਥਾਜ ਨਹੀਂ।
ਸਨਾਤਨਤਾ ਦੇ ਨਾਲ ਸਥਾਨਕਤਾ ਵੀ ਚੱਲ ਪੈਂਦੀ ਹੈ। ਕਿਤੇ ਅੱਡਰੀ, ਕਿਤੇ ਰਲਗਡ। ਇਨ੍ਹਾਂ ਦਾ ਨਿਖੇੜਾ ਨਾ ਕਰ ਸਕਣ ਕਾਰਨ ਬਖੇੜਾ ਉਤਪਨ ਹੁੰਦਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਨਿਖੇੜਾ ਕੀਤਾ, ਉਨ੍ਹਾਂ ਲਈ ਮੰਦਿਰ ਤੇ ਮਸੀਤ ਵਿਚ ਕੋਈ ਅੰਤਰ ਨਹੀਂ, ਪੂਜਾ ਤੇ ਨਮਾਜ ਇੱਕੋ ਗੱਲ ਹੈ, ਹਿੰਦੂ ਤੇ ਮੁਸਲਮਾਨ ਇੱਕੋ ਨੂਰ ਦੀ ਉਪਜ ਹਨ। ਕਿਸੇ ਨੂੰ ਵੀ ਕਿਸੇ ਹੋਰ ਦੀ ਸਥਾਨਕਤਾ ਪਸੰਦ ਨਹੀਂ ਹੁੰਦੀ। ਹਰ ਕਿਸੇ ਨੂੰ ਆਪਣੀ ਸਥਾਨਕਤਾ ਸਨਾਤਨਤਾ ਪ੍ਰਤੀਤ ਹੁੰਦੀ ਹੈ। ਦਸਮ ਪਾਤਸ਼ਾਹ ਨੇ ਸਪਸ਼ਟ ਕੀਤਾ: “ਸਭੈ ਅੱਛਰ ਬਿਦਿਆ ਸਭੈ ਦੇਸ ਬਾਨੀ॥ ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ॥” ਜੇ ਕੋਈ ਸਾਡੀ ਸਥਾਨਕਤਾ ਨੂੰ ਮਾਨਤਾ ਨਹੀਂ ਦਿੰਦਾ ਤਾਂ ਅਸੀਂ ਵੀ ਉਸ ਦੀ ਸਥਾਨਕਤਾ ਦਾ ਮੌਜੂ ਉਡਾਉਣ ਵਿਚ ਕੋਈ ਕਸਰ ਨਹੀਂ ਛੱਡਦੇ।
ਭਾਰਤੀ ਬਹੁਗਿਣਤੀ ਘੱਟ ਗਿਣਤੀਆਂ ਪ੍ਰਤੀ ਬਰਬਰ ਰਹਿੰਦੀ ਹੈ। ਇਹ ਕੇਵਲ ਭਾਰਤੀ ਵਰਤਾਰਾ ਨਹੀਂ ਹੈ। ਵਿਸ਼ਵ ਇਸ ਸਮੱਸਿਆ ਨਾਲ ਦੋ-ਚਾਰ ਹੋ ਰਿਹਾ ਹੈ। ਬਹੁਗਿਣਤੀ ਦੀ ਬਰਬਰਤਾ ਦੀ ਪਿੱਟ ਪਿੱਟ ਕੇ ਦੁਹਾਈ ਦੇਣ ਵਾਲੇ ਸਿੱਖਾਂ ਨੂੰ ਜੇ ਦੱਸੀਏ ਕਿ ਸਿੱਖਾਂ ਅੰਦਰ ਵੀ ਕੋਈ ਬਹੁਗਿਣਤੀ ਹੈ ਅਤੇ ਉਹ ਵੀ ਸਿੱਖ ਸਮਾਜ ਦੇ ਅੰਦਰਲੀ ਬਹੁਗਿਣਤੀ ਪ੍ਰਤੀ ਉਤਨੀ ਹੀ ਬਰਬਰ ਹੈ ਤਾਂ ਕਈ ਚੁੱਪ ਕਰ ਜਾਂਦੇ ਹਨ, ਕਈ ਕਹਿੰਦੇ ਕਿ ਇਹ ਫੁੱਟ-ਪਾਊ ਵਿਚਾਰ ਹੈ। ਇੱਕ ਪੱਤਰਕਾਰ ਭਾਊ ਇਸ ਹੱਦ ਤੱਕ ਚਲਾ ਗਿਆ, “ਬਹੁਗਿਣਤੀ ਦਾ ਏਨਾ ਹੱਕ ਤਾਂ ਬਣਦਾ ਹੈ।” ਇੱਕ ਸਿੱਖ ਵਿਦਵਾਨ ਨੇ ਤਾਂ ਇਥੋਂ ਤੱਕ ਵੀ ਆਖ ਦਿਤਾ, “ਵਿਆਹ ਸ਼ਾਦੀ ਜਾਤ-ਗੋਤ ਦੇ ਹਿਸਾਬ ਨਾਲ ਹੀ ਠੀਕ ਰਹਿੰਦੀ ਹੈ।” ਜਾਤ-ਗੋਤ ਸਿੱਖੀ ਸਿਧਾਂਤ ਹੈ ਕਿ ਬਹੁਗਿਣਤੀ ਦਾ?
“ਹਮ ਹਿੰਦੂ ਨਹੀਂ” ਦਾ ਕਰਤਾ ਆਪਣੇ ਮਹਾਨ ਕੋਸ਼ ਵਿਚ ਹਰ ਸਿੱਖ ਦਾ ਇੰਦਰਾਜ ਉਸ ਦੀ ਜਾਤ ਤੋਂ ਅਰੰਭ ਕਰਦਾ ਹੈ। ਕਈ ਮਹਾਨ ਸਿੱਖਾਂ ਦੀ ਜਾਤ ਬਾਬਤ ਮਹਾਨ ਕੋਸ਼ ਵਿਚ ਮਹਾਨ ਭੁਲੇਖੇ ਵੀ ਸਿਰਜ ਦਿਤੇ ਗਏ ਹਨ। ਜੱਟ ਜਾਤੀ ਨੂੰ ਰਾਜਪੂਤਾਂ ਦੀ ਇੱਕ ਸ਼ਾਖ ਦਰਸਾ ਕੇ, ਰਾਜਪੂਤਾਂ ਨੂੰ ਖੱਤਰੀਆਂ ਵਿਚ ਘਸੋੜਨ ਦੀ ਕੋਸ਼ਿਸ਼ ਕੀਤੀ। ਘੁਮਾ ਫਿਰਾ ਕੇ, ਟੇਢੇ ਢੰਗ ਨਾਲ ਜੱਟਾਂ ਨੂੰ ਖੱਤਰੀ ਸਾਬਤ ਕਰਨ ਦਾ ਕੀ ਮਨੋਰਥ ਹੋ ਸਕਦਾ ਹੈ? ਇਹ ਤਾਂ ਉਹੀ ਜਾਣਨ। ਪਰ, ਖੱਤਰੀ ਇੰਦਰਾਜ ਹੇਠ ਗੁਰੂ ਸਾਹਿਬਾਨ ਦੀਆਂ ਜਾਤਾਂ ਬੇਦੀ, ਤ੍ਰੇਹਣ, ਭੱਲੇ ਅਤੇ ਸੋਢੀਆਂ ਬਾਬਤ ਦੱਸਿਆ ਹੈ, “ਇਹ ਸਰੀਨ ਜਾਤਿ ਦੇ ਅੰਦਰ ਹਨ। ਖਤ੍ਰੀਆਂ ਵਿਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉਦੀਨ ਖਿਲਜੀ ਦੇ ਸਮੇਂ ਜਦ ਬਹੁਤ ਖਤ੍ਰੀ ਸਿਪਾਹੀ ਜੰਗ ਵਿਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤਰੀਆਂ ਦਾ ਪੁਨਰ ਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ। ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ, ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ-ਆਈਨ ਮੰਨਣ ਵਾਲੇ) ਹੋਇਆ।” ਗੁਰੂ ਸਾਹਿਬਾਨ ਨਾਲ ਸਬੰਧਤ ਜਾਤਾਂ ਦਾ ਸੋਹਣਾ ਗੁੱਡਾ ਬੰਨ੍ਹਿਆ। ਇਸ ਤਰ੍ਹਾਂ ਦਾ ਵਰਤਾਰਾ ਭਾਈ ਰਤਨ ਸਿੰਘ ਭੰਗੂ ਦੇ Ḕਪੰਥ ਪ੍ਰਕਾਸ਼Ḕ ਵਿਚ ਵੀ ਸੁਭਾਇਮਾਨ ਅਤੇ ਲੁਭਾਇਮਾਨ ਹੈ।
ਮਹਿਬੂਬ ਦੇ ਮਹਾਂਦੋਸ਼ਾਂ ਨੂੰ ਸੁਣੀਆਂ-ਸੁਣਾਈਆਂ ਗੱਲਾਂ ਕਹਿ ਕੇ ਨਕਾਰਿਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਉਹ ਗੱਲਾਂ ਆਪਣੇ ਕੰਨੀਂ ਸੁਣੀਆਂ ਤੇ ਅੱਖੀਂ ਦੇਖੀਆਂ ਹਨ, ਉਹ ਤਾਂ ਸਾਹਿਰ ਦੇ ਵਿਸ਼ਵਾਸ ‘ਚੋਂ ਹੀ ਧਰਵਾਸ ਦੀ ਕਣੀ ਲੈ ਸਕਦੇ ਹਨ, “ਜ਼ੁਲਮ ਫਿਰ ਜ਼ੁਲਮ ਹੈ ਬੜ੍ਹਤਾ ਹੈ ਤੋ ਮਿਟ ਜਾਤਾ ਹੈ, ਖੂਨ ਫਿਰ ਖੂਨ ਹੈ ਟਪਕੇਗਾ ਤੋ ਜਮ ਜਾਏਗਾ।”
ਮਹਿਬੂਬ ਦਾ ਪ੍ਰਵਚਨ ਸੀ, “ਗੁਰਦਿਆਲ ਸਿੰਘ ਦੀ ਛਾਤੀ ਵਿਚ ਵੱਡਾ ਨਾਵਲਕਾਰ ਨਹੀਂ।” ਜਿਨ੍ਹਾਂ ਲਈ ਵੱਡਾ ਨਾਵਲਕਾਰ ਹੋਣ ਲਈ ਕਿਸੇ ਵਿਸ਼ੇਸ਼ ਜਾਤ/ਵਰਗ ਨਾਲ ਸਬੰਧਤ ਹੋਣਾ ਲਾਜ਼ਮੀ ਹੈ, ਉਨ੍ਹਾਂ ਦੀ ਸੁਲੱਖਣੀ ਨਜ਼ਰ ਨੂੰ ਪਾਤਰ ਦੀ ਨਜ਼ਾਕਤ, ਲਤਾਫਤ ਅਤੇ ਲਿਆਕਤ ਕਿਵੇਂ ਭਾਅ ਸਕਦੀ ਹੈ। ਮਹਿਬੂਬ ਸਾਹਿਬ ਦੇ ਭਾਈਬੰਦ ਮਨਮੋਹਣ ਸਿੰਘ ਤੱਕ ਨੂੰ ਵੀ ਸਿੱਖ ਨਹੀਂ ਸੀ ਸਮਝਦੇ। ਦਿੱਲੀ ਕਤਲੇਆਮ ਸਮੇਂ ਕਿਸੇ ਨੇ ਫਿਕਰ ਜ਼ਾਹਰ ਕੀਤਾ, “ਦਿੱਲੀ ਬੰਦੇ ਮਾਰੇ ਗਏ।” ਦੂਸਰੇ ਨੇ ਕਿਹਾ, “ਬੰਦੇ ਨਹੀਂ, ਸਿੱਖ।” ਤੀਸਰਾ ਬੋਲਿਆ, “ਸਿੱਖ ਨਹੀਂ, ਭਾਪੇ।” ਇਕ ਪੜ੍ਹੇ ਲਿਖੇ ਪ੍ਰੋਫੈਸਰ ਨੇ ਭਾਪਿਆਂ ਬਾਬਤ ਮੰਦਬਚਨ ਬੋਲਿਆ ਤਾਂ ਕਿਸੇ ਨੇ ਕਿਹਾ, “ਪ੍ਰੋਫੈਸਰ ਸਾਹਿਬ ਗੁਰੂ ਸਾਹਿਬਾਨ ਭਾਪਿਆਂ ਵਿਚੋਂ ਹੀ ਸਨ।” ਉਹ ਠਠੰਬਰ ਗਿਆ, “ਅੱਛਾ, ਮੈਂ ਤਾਂ ਗੁਰੂਆਂ ਨੂੰ ਸਿੱਖ ਸਮਝਦਾ ਰਿਹਾ।” ਮੈਨੂੰ ਉਦੋਂ ਪਤਾ ਲੱਗਾ ਕਿ ਮਨਮੋਹਣ ਸਿੰਘ ਨੂੰ ਕੌਣ ਕਿਉਂ ਸਿੱਖ ਮੰਨਣ ਲਈ ਵੀ ਤਿਆਰ ਨਹੀਂ ਸੀ!
ਪੰਜਾਬ ਵਿਚ ਸਿੰਘ ਸਭਾ ਦੇ ਨਾਂ ਹੇਠ ਬਣਾਏ ਗਏ ਗੁਰਦੁਆਰਿਆਂ ਨੂੰ ਹੁਣ ਜਾਤ ਨਾਲ ਜੋੜ ਦਿੱਤਾ ਗਿਆ ਹੈ। ਇੱਕ ਜਾਤ ਦੇ ਸਿੱਖਾਂ ਦੇ ਗੁਰਦੁਆਰੇ ਵਿਚ ਦੂਸਰੀਆਂ ਜਾਤਾਂ ਦੇ ਸਿੱਖਾਂ ਨੂੰ ਪ੍ਰਸ਼ਾਦ ਦੇਣਾ ਤਾਂ ਕਿਤੇ ਰਿਹਾ, ਹੁਣ ਤਾਂ ਇੱਕ ਜਾਤ ਦੇ ਸਿੱਖ ਸਿਵਿਆਂ ਵਾਲੇ ਦੂਜੀ ਜਾਤ ਨੂੰ ਮੁਰਦਾ ਸਾੜਨ ਦੀ ਇਜਾਜ਼ਤ ਵੀ ਨਹੀਂ ਦਿੰਦੇ। ਇਹ ਪੰਜਾਬ ਸਿੱਖੀ ਦਾ ਪੰਘੂੜਾ ਹੈ?
ਪੰਜਾਬ ਦੀਆਂ ਬੱਸਾ, ਕਾਰਾਂ, ਟਰੱਕਾਂ, ਟਰੈਕਟਰਾਂ ਤੇ ਚੁਬਾਰਿਆਂ ‘ਤੇ ਵੱਜਦੇ ਗਾਣਿਆਂ ਨੂੰ ਸੁਣੋ। ਕਦੀ ਕਦੀ ਕੋਈ ਮੁਰਦਿਲੀ ਕਲਮ ਅਸ਼ਲੀਲਤਾ ਦੀ ਸ਼ਿਕਾਇਤ ਕਰਦੀ ਹੈ। ਸਿੱਖਾਂ ਦੀਆਂ ਘੱਟ ਗਿਣਤੀਆਂ ਪ੍ਰਤੀ ਬਹੁਗਿਣਤੀ ਦੇ ਸਭਿਆਚਾਰਕ ਪ੍ਰਹਾਰ ਜਾਂ ਬਰਬਰਤਾ ਨੂੰ ਅਸ਼ਲੀਲਤਾ ਕਹਿ ਦੇਣਾ ਸਰਾਸਰ ਅਨਿਆਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈਣ ਵਾਲੇ ਸਿੱਖ ਜਦ ਤੱਕ ਆਪਣੇ ਅੰਦਰਲੀ ਬਰਬਰਤਾ ਨੂੰ ਨਸ਼ਟ ਨਹੀਂ ਕਰਦੇ, ਉਦੋਂ ਤੱਕ ਬਾਹਰਲੀ ਬਰਬਰਤਾ ਵੀ ਰੁਕ ਨਹੀਂ ਸਕਦੀ। ਬਹੁਗਿਣਤੀ ਸਿੱਖਾਂ ਦਾ ਹਰ ਵਰਤਾਰਾ ਘੱਟ ਗਿਣਤੀ ਸਿੱਖਾਂ ਦੀਆਂ ਜ਼ਮੀਰਾਂ ਦਾ ਹੁਣ ਸੰਗੀਤਕ ਕਤਲ ਕਰਦਾ ਹੈ।
ਜਦ ਕੋਈ ਆਪਣੇ ਨਾਲ ਹੋ ਰਹੀ ਹਰ ਸਾਜ਼ਿਸ਼ ਦੇ ਦਰਦ ਨਾਲ ਕਰਾਹ ਰਿਹਾ ਹੋਵੇ ਪਰ ਉਸ ਨੂੰ ਆਪਣੀ ਕੀਤੀ ਸਾਜ਼ਿਸ਼ ਨਜ਼ਰ ਤੱਕ ਨਾ ਆਵੇ ਤਾਂ ਅਰਥ ਖੁਦ-ਬਖੁਦ ਮਰ ਜਾਂਦੇ ਹਨ। ਜੇ ਹਿੰਦੁਸਤਾਨ ਬਰਬਰਤਾ ਦਾ ਮੈਕਰੋਕੌਜ਼ਮ ਹੈ ਤਾਂ ਪੰਜਾਬ ਮਾਇਕਰੋਕੌਜ਼ਮ ਹੈ। ਹਿੰਦੁਸਤਾਨ ਵਿਚ ਜੋ ਹੋ ਰਿਹਾ ਹੈ, ਉਹੋ ਕੁਝ ਪੰਜਾਬ ਵਿਚ ਵੀ ਹੋ ਰਿਹਾ ਹੈ। ਦਲਿਤਾਂ ਦੇ ਕਤਲ ਹਿੰਦੁਸਤਾਨ ਵਿਚ ਵੀ ਹੋ ਰਹੇ ਹਨ ਤੇ ਪੰਜਾਬ ਵਿਚ ਵੀ। ਕੌਣ ਕਰਦਾ ਹੈ? ਹਿੰਦੁਸਤਾਨ ਵਿਚ ਵੇਦਾਂ ਦੀਆਂ ਗੱਲਾਂ ਕਰਨ ਵਾਲੇ ਵੀ ਸਰੀਰਾਂ ਅਤੇ ਜ਼ਮੀਰਾਂ ਦੇ ਕਤਲ ਕਰਦੇ ਹਨ ਤੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਕਰਨ ਵਾਲੇ ਵੀ ਸਰੀਰਾਂ ਅਤੇ ਜ਼ਮੀਰਾਂ ਦੇ ਕਤਲ ਕਰਦੇ ਹਨ। ਫਿਰ ਕਦ ਤੱਕ ਅਰਥ ਬਚੇ ਰਹਿਣਗੇ। ਅੰਬੇਦਕਰ ਗੁਰਬਾਣੀ ਦੇ ਅਰਥ ਪੜ੍ਹ ਕੇ ਅੰਮ੍ਰਿਤਸਰ ਵਿਖੇ ਸਿੱਖ ਬਣਨ ਆਇਆ ਸੀ। ਪਰ, ਸਿੱਖਾਂ ਦਾ ਵਰਤੋਂ ਵਿਹਾਰ ਵਿਚ ਅਨਰਥ ਦੇਖ ਕੇ, ਉਸ ਅੰਦਰ, ਬਾਣੀ ਦੇ ਅਰਥਾਂ ਦਾ ਕੀ ਬਣਿਆ ਹੋਵੇਗਾ!
ਸਿੱਖਾਂ ਵਿਚ ਖੁਦ ਨੂੰ ਯਹੂਦੀਆਂ ਨਾਲ ਰਲੇਟ ਕਰਕੇ ਦੇਖਣ ਦੀ ਆਦਤ ਹੈ। ਤਰਸ ਕਮਾਉਣ ਲਈ ਇਹ ਚੰਗਾ ਪੈਂਤੜਾ ਹੈ। ਆਜ਼ਾਦੀ ਉਪਰੰਤ ਬਹੁਤੀਆਂ ਸਿੱਖ ਲਿਖਤਾਂ ਕੇਂਦਰੀ ਧੋਖਿਆਂ ਦੇ ਰੋਣੇ ਰੋਂਦੀਆਂ ਹਨ। Ḕਕਿਤ ਬਿਧ ਰੁਲੀ ਪਾਤਸ਼ਾਹੀḔ, Ḕਤੇ ਸਿੱਖ ਵੀ ਨਿਗਲਿਆ ਗਿਆḔ, ਇਨ੍ਹਾਂ ਕਿਤਾਬਾਂ ਦੇ ਸਿਰਨਾਵੇਂ ਕੀ ਦਰਸਾਉਂਦੇ ਹਨ? ਤਰਸ। ਨਾਜ਼ੀ ਆਸ਼ਵਿਟਜ਼, ਤ੍ਰਿਲੋਕਪੁਰੀ ਤੇ ਲੱਡੇ ਦੀਆਂ ਘਟਨਾਵਾਂ ਆਧੁਨਿਕਤਾ ਦੀ ਦੇਣ ਨਹੀਂ।
ਬੰਦੇ ਨੂੰ ਫੁਰਨਾ ਫੁਰਦਾ ਹੈ ਤੇ ਫਿਰ ਉਸ ਫੁਰਨੇ ਦਾ ਉਹ ਚਿੰਤਨ ਕਰਦਾ ਹੈ। ਫੁਰਨਾ ਸ਼ਰੁਤੀ ਹੈ ਤੇ ਚਿੰਤਨ ਸਿਮਰਤੀ। ਸ਼ਰੁਤੀ ਸ਼ੁੱਧ ਅਤੇ ਮੌਲਿਕ ਗਿਆਨ ਹੈ। ਜਦ ਬੰਦਾ ਸ਼ਰੁਤੀ ਦਾ ਚਿੰਤਨ ਕਰਦਾ ਹੈ ਤਾਂ ਉਸ ਦਾ ਆਪਾ ਸ਼ਰੁਤੀ ਦੇ ਚਿੰਤਨ ਵਿਚ ਦਾਖਲ ਹੋ ਜਾਂਦਾ ਹੈ। ਸਾਮੀ ਇਤਿਹਾਸ ਦੇਖ ਲਉ। ਪੈਗੰਬਰ ਪੈਦਾ ਹੁੰਦਾ ਹੈ, ਰਾਜ ਪਾਟ ਬਣਦਾ ਹੈ। ਰਾਜ ਉਪਰੰਤ ਉਸ ਦਾ ਵੰਸ ਪੈਗੰਬਰੀ ਸੱਚ ਨੂੰ ਆਪਣਾ ਖਾਨਦਾਨੀ ਸੱਚ ਬਣਾ ਲੈਂਦਾ ਹੈ। ਜਿਥੇ ਸ਼ਬਦ ਨਾਜ਼ਲ ਹੁੰਦਾ ਹੈ, ਉਹ ਖਾਕ ਪਾਕ ਹੋ ਜਾਂਦੀ ਹੈ। ਜੇ ਖਾਕ ਸ਼ਬਦ ਨੂੰ ਵਿਸਾਰ ਦੇਵੇ ਤਾਂ ਉਹੀ ਖਾਕ ਨਾਪਾਕ ਹੋ ਜਾਂਦੀ ਹੈ।
ਸਾਮੀ ਪਰੰਪਰਾ ਅਨੁਸਾਰ ਹਜ਼ਰਤ ਆਦਮ ਪਹਿਲੇ ਪੈਗੰਬਰ ਸਨ, ਜਿਸ ਦੀ ਦਸਵੀਂ ਪੀੜ੍ਹੀ ‘ਚ ਹਜ਼ਰਤ ਨੂਹ ਹੋਏ, ਅੱਗੋਂ ਜਿਸ ਦੀ ਗਿਆਰਵੀਂ ਪੀੜ੍ਹੀ ‘ਚ ਹਜ਼ਰਤ ਅਬਰਾਹਮ ਹੋਏ। ਇਥੋਂ ਆਦਮ ਦਾ ਵੰਸ ਵੰਡ ਹੋ ਗਿਆ। ਗੋਲੀ ਦੀ ਕੁਖੋਂ, ਵੱਡੇ ਬੇਟੇ ਇਸਮਾਇਲ ਦੀ ਵੰਸ ਵਿਚ ਕੁਰੈਸ਼ ਦਾ ਜਨਮ ਹੋਇਆ, ਜਿਸ ਦੀ ਵੰਸ ਵਿਚ ਹਜਰਤ ਮੁਹੰਮਦ ਹੋਏ, ਜਿਨ੍ਹਾਂ ‘ਤੇ ਯਕੀਨ ਕਰਨ ਵਾਲੇ ਮੁਸਲਮਾਨ ਅਖਵਾਏ। ਅਬਰਾਹਮ ਦੇ ਨਿੱਕੇ ਬੇਟੇ ਇਸਹਾਕ ਦਾ ਵੱਡਾ ਬੇਟਾ ਯਾਕੂਬ ਸੀ, ਜਿਸ ਨੂੰ ਇਸਰਾਇਲ ਅਰਥਾਤ ਰੱਬ ਦਾ ਚੁਣਿਆ ਹੋਇਆ ਕਿਹਾ ਜਾਂਦਾ ਸੀ। ਇਸ ਦਾ ਵੰਸ ਇਸਰਾਇਲ ਵੰਸ ਸਦਾਇਆ। ਇਸੇ ਵੰਸ ਦੇ ਇਮਰਾਨ ਦੇ ਘਰ ਹਜ਼ਰਤ ਮੂਸਾ ਦਾ ਜਨਮ ਹੋਇਆ, ਜੋ ਇਸਰਾਇਲ ਵੰਸੀਆਂ ਦੇ ਕਾਤਲ ਫਿਰਾਊਨ ਬਾਦਸ਼ਾਹ ਦੀ ਨਜ਼ਰ ਤੋਂ ਮਸਾਂ ਬਚਿਆ ਸੀ। ਇਸੇ ਵੰਸ ਵਿਚ ਹਜ਼ਰਤ ਦਾਊਦ ਹੋਏ, ਜਿਸ ਦਾ ਬੇਟਾ ਸੁਲੇਮਾਨ ਪ੍ਰਸਿੱਧ ਹੈ। ਇਸਰਾਇਲ ਵੰਸੀ ਨੂੰ ਯਾਕੂਬ ਦੇ ਨਾਂ ਤੋਂ ਯਹੂਦੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਹੀ ਜਦ ਹਜ਼ਰਤ ਈਸਾ ਦਾ ਆਗਮਨ ਹੋਇਆ ਤਾਂ ਉਨ੍ਹਾਂ ਨੇ ਆਪਣਾ ਨਵਾਂ ਮੱਤ ਅਰੰਭ ਕੀਤਾ। ਹਜ਼ਰਤ ਈਸਾ ਨੇ ਖੁਦ ਨੂੰ ਰੱਬ ਦਾ ਪੁੱਤਰ ਆਖ ਕੇ ਇਸਰਾਇਲੀ ਵੰਸ ਅਰਥਾਤ ਯਹੂਦੀਅਤ ਤੋਂ ਨਾਤਾ ਤੋੜ ਲਿਆ ਸੀ। ਇਸ ਨੂੰ ਨਾ ਸਹਾਰਦਿਆਂ ਯਹੂਦੀਆਂ ਨੇ ਉਨ੍ਹਾਂ ਨੂੰ ਸਲੀਬ ‘ਤੇ ਟੰਗ ਕੇ, ਹੱਥੀਂ, ਪੈਰੀਂ ਅਤੇ ਮੱਥੇ ਵਿਚ ਕਿੱਲ ਠੋਕ ਕੇ ਸ਼ਹੀਦ ਕਰ ਦਿਤਾ। ਹਜ਼ਰਤ ਈਸਾ ਨੇ ਅੰਤਮ ਸਮੇਂ ਕਹਿ ਦਿਤਾ ਸੀ ਕਿ ਇਨ੍ਹਾਂ (ਯਹੂਦੀਆਂ) ਨੂੰ ਮਾਫ ਕਰੀ ਰੱਬਾ, ਇਨ੍ਹਾਂ ਨੂੰ ਪਤਾ ਨਹੀਂ ਇਹ ਕੀ ਕਰ ਰਹੇ ਹਨ। ਜੇ ਕਿਸੇ ਪੁੰਨ ਕਾਰਨ ਕਿਸੇ ਦੀਆਂ ਛੱਤੀ ਕੁੱਲਾਂ ਤਰ ਸਕਦੀਆਂ ਹਨ ਤਾਂ ਡੁੱਬ ਵੀ ਸਕਦੀਆਂ ਹਨ। ਬੰਦਾ ਇਕ ਮਰੇ, ਦੋ ਮਰਨ, ਦਸ, ਵੀਹ, ਤੀਹ ਹਜ਼ਾਰ ਮਰਨ, ਭਾਵੇਂ ਸੱਠ ਲੱਖ। ਗੱਲ ਇਕ ਹੀ ਹੈ। ਕੋਈ ਵੀ ਦੁੱਖ ਗਿਣਤੀ ਦਾ ਮੁਥਾਜ ਨਹੀਂ।
ਹਿੰਦੂ ਸ਼ਬਦ ਸਨਾਤਨ ਮੱਤ ਦਾ ਲਖਾਇਕ ਨਹੀਂ ਹੈ। ਸਨਾਤਨ ਸ਼ਬਦ ਦਾ ਅਰਥ ਹੈ ਸਦੀਵੀ, ਜੋ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਹੈ। ਸਨਾਤਨ ਹਰ ਪ੍ਰਕਾਰ ਦੀ ਸਥਾਨਕਤਾ ਤੋਂ ਮੁਕਤ ਹੈ। ਪਰ ਹਿੰਦੂ ਹੋਣ ਲਈ ਭਾਰਤ ਵਰਸ਼ ਵਿਚ ਜਨਮ ਲੈਣਾ ਜ਼ਰੂਰੀ ਹੈ। ਹਿੰਦੂਤਵੀ ਤਾਂ ਹੀ ਸਾਰੇ ਭਾਰਤੀਆਂ ਨੂੰ ਹਿੰਦੂ ਮੰਨਦੇ ਹਨ। ਜੋ ਨਹੀਂ ਮੰਨਦਾ, ਉਸ ਨੂੰ ਮੰਨਵਾਉਣ ਲਈ ਜ਼ਿੱਦ ਕਰਦੇ ਹਨ। ਬੋਧੀ ਕੋਈ ਵੀ ਹੋ ਸਕਦਾ ਹੈ, ਜੈਨੀ ਵੀ। ਸਿੱਖੀ ਤੋਂ ਵਿਸ਼ਾਲ ਧਰਮ ਸ਼ਾਇਦ ਹੀ ਕੋਈ ਹੋਵੇ। ਇਸਾਈ ਕੋਈ ਵੀ ਹੋ ਸਕਦਾ ਹੈ, ਮੁਸਲਮਾਨ ਵੀ। ਪਰ ਯਹੂਦੀ ਸਿਰਫ ਕਿਸੇ ਯਹੂਦੀ ਦੇ ਘਰ ਜਨਮ ਲੈਣ ਵਾਲਾ ਹੀ ਹੋ ਸਕਦਾ ਹੈ, ਕੋਈ ਦੂਸਰਾ ਨਹੀਂ। ਯਹੂਦੀਅਤ ਜਨਮ ਜਾਤ ਹੈ, ਜਿਸ ਵਿਚ ਬਦਲਾਉ ਸੰਭਵ ਨਹੀਂ। ਇਤਨਾ ਸੀਮਤ, ਸਖਤ ਅਤੇ ਕੱਟੜ ਧਰਮ ਹੋਰ ਕੋਈ ਨਹੀਂ। ਯਹੂਦੀਅਤ ਅਤੇ ਗੁਰਮਤਿ ਦਾ ਨੇੜੇ-ਤੇੜੇ ਦਾ ਵੀ ਰਿਸ਼ਤਾ ਨਹੀਂ ਹੈ। ਪਰ ਮਨੁੱਖਤਾ ਦੇ ਕਤਲੇਆਮ ਦਾ ਦਰਦ ਸਭ ਨੂੰ ਹੈ। ਇਸ ਦਰਦ ਨੂੰ ਬਾਬਰਵਾਣੀ ਦੇ ਪ੍ਰਸੰਗ ਵਿਚ ਦੇਖਣ ਅਤੇ ਸਮਝਣ ਦੀ ਜ਼ਰੂਰਤ ਹੈ।
ਆਧੁਨਿਕਤਾ ਵੀ ਇੱਕ ਧਰਮ ਬਣ ਗਈ ਹੈ, ਜਿਸ ਨੂੰ ਫੈਲਾਉਣ ਦਾ ਜ਼ਿੰਮਾ ਗੋਰਿਆਂ ਨੇ Ḕਵਾਈਟ ਮੈਨਜ਼ ਬਰਡਨḔ ਕਹਿ ਕੇ ਆਪਣੇ ‘ਤੇ ਲੈ ਕੇ ਅਤਿਆਚਾਰਾਂ ਦੀ ਨਵੀਂ ਪਾਰੀ ਦਾ ਅਰੰਭ ਕਰ ਲਿਆ ਸੀ। ਕੋਈ ਵੀ ਵਿਚਾਰ, ਖਿਆਲ ਜਾਂ ਧਰਮ ਜਦ ਕੋਈ ਵੰਸ, ਕਬੀਲਾ, ਵਰਣ ਜਾਂ ਜਾਤ ਵਲੋਂ ਇਸ ਤਰ੍ਹਾਂ ਵਰਗਲਾ ਲਿਆ ਜਾਂਦਾ ਹੈ ਕਿ ਸਿਰਫ ਉਸ ਜਾਤ ਨਾਲ ਸਬੰਧਤ ਹੋਣਾ ਹੀ ਧਰਮ ਬਣ ਜਾਵੇ ਤਾਂ ਅਤਿਆਚਾਰ ਦਰ ਅਤਿਆਚਾਰਾਂ ਦਾ ਸਿਲਸਿਲਾ ਜਾਰੀ ਹੋ ਜਾਂਦਾ ਹੈ। ਬਦਲੇ ਦੀ ਭਾਵਨਾ ਦਾ ਕੋਈ ਅੰਤ ਨਹੀਂ ਹੈ। ਅੱਖਾਂ ਅੰਨ੍ਹੀਆਂ ਹੋ ਜਾਂਦੀਆਂ ਹਨ। ਫਿਰ ਸਿਰਫ ਦੂਸਰੇ ਦੀ ਬਰਬਰਤਾ ਨਜ਼ਰ ਆਉਂਦੀ ਹੈ, ਆਪਣੀ ਨਹੀਂ।
ਜਿਹੜੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਖੀਆਂ ਦੀ ਵਿਸ਼ਵ ਵਿਆਪਕਤਾ ਨੂੰ ਪੰਜਾਬੀ ਜ਼ਿਮੀਂਦਾਰੀ ਦੀ ਸਥਾਨਕਤਾ ਦੇ ਰੂਪ ਵਿਚ ਛੁਟਿਆ ਕੇ, ਸੂਰਜ ਨੂੰ ਬੁਝਿਆ ਹੋਇਆ ਦੀਵਾ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਉਨ੍ਹਾਂ ਦੀ ਖਬਰਸਾਰ ਰੱਖਣਾ ਅਤੇ ਖਬਰਦਾਰ ਕਰਨਾ ਮੇਰਾ ਫਰਜ਼ ਹੈ: “ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।”