ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਹਿਲਾ ਦ੍ਰਿਸ਼-ਪਿੰਡ ਵਿਚ ਸਮਾਜ ਸੇਵਾ ਦਾ ਕੋਈ ਕਾਰਜ ਚੱਲ ਰਿਹਾ ਹੈ। ਬੱਚੇ, ਬੁੱਢੇ ਤੇ ਨੌਜਵਾਨ, ਸਭ ਰਲ ਮਿਲ ਕੇ ਹੱਥੀਂ ਕੰਮ ਕਰ ਰਹੇ ਹਨ। ਕਈ ਪਿੰਡ ਵਾਸੀ ਪ੍ਰਬੰਧਕਾਂ ਪਾਸ ਰਸਦਾਂ-ਵਸਤਾਂ ਪਹੁੰਚਾ ਰਹੇ ਹਨ, ਕਿਉਂਕਿ ਕਾਮਿਆਂ ਲਈ ਲੰਗਰ-ਪਾਣੀ ਵੀ ਚੱਲ ਰਿਹਾ ਹੈ। ਕੋਈ ਯਥਾ-ਸ਼ਕਤੀ ਮਾਇਆ ਵੀ ਭੇਟ ਕਰ ਰਿਹਾ ਹੈ। ਇਕ ਬਜ਼ੁਰਗ ਆਪਣੇ ਪੋਤਰੇ ਨੂੰ ਨਾਲ ਲਈ ਉਥੇ ਆਣ ਖੜ੍ਹਾ ਹੋਇਆ। ਉਸ ਨੇ ਬਟੂਏ ਵਿਚੋਂ ਕੁਝ ਨੋਟ ਕੱਢੇ ਅਤੇ ਆਪਣੇ ਪੋਤਰੇ ਨੂੰ ਫੜਾ ਕੇ ਲਾਗੇ ਹੀ ਕਾਪੀ-ਪੈਨ ਲਈ ਬੈਠੇ ਸੱਜਣ ਵੱਲ ਇਸ਼ਾਰਾ ਕਰਦਿਆਂ ਕਿਹਾ, ਜਾਹ ਕਾਕਾ ਉਸ ਨੂੰ ਪੈਸੇ ਦੇ ਆ।
“ਬਜ਼ੁਰਗਾ ਕਿਹਦੇ ਨਾਂ ‘ਤੇ ਲਿਖਾਂ?” ਬੱਚੇ ਹੱਥੋਂ ਪੈਸੇ ਫੜ ਕੇ ਉਸ ਸੱਜਣ ਨੇ ਨੋਟ ਗਿਣਦਿਆਂ ਬਾਪੂ ਨੂੰ ਪੁੱਛਿਆ। ਦੂਰ ਖੜ੍ਹੇ ਬਜ਼ੁਰਗ ਨੇ ਮੋਹ-ਪਿਆਰ ਨਾਲ ਕਿਹਾ, “ਮੇਰੇ ਇਸ ਪੋਤਰੇ ਦੇ ਨਾਂ ‘ਤੇ ਹੀ ਲਿਖ ਲਓ ਜੀ!”
ਤੀਜੀ-ਚੌਥੀ ਜਮਾਤ ਵਿਚ ਪੜ੍ਹਦੇ ਸੋਹਣੇ-ਸੁਨੱਖੇ ਪੋਤਰੇ ਦੀਆਂ ਗੱਲ੍ਹਾਂ ਥਪ-ਥਪਾਉਂਦਿਆਂ ‘ਖਜ਼ਾਨਚੀ’ ਨੇ ਪੁੱਛਿਆ, “ਬੱਚੂ ਨਾਂ ਲਿਖਾ ਬਈ ਆਪਣਾ?”
ਸਕੂਲੇ ਹਾਜ਼ਰੀ ਬੋਲਣ ਵਾਂਗ ਬੱਚੇ ਨੇ ਉਚੀ ਬੋਲ ਕੇ ਆਪਣਾ ਨਾਂ ਕੀ ਲਿਖਵਾਇਆ, ਉਥੇ ਬੈਠੇ ਸਭ ਦੇ ਦਿਲ ਜਿੱਤ ਲਏ। ਉਸ ਦੇ ਦਾਦੇ ਦੀਆਂ ਅੱਖਾਂ ਵਿਚ ਵੀ ਚਮਕ ਆ ਗਈ ਅਤੇ ਨਾਂ ਲਿਖਣ ਵਾਲੇ ਸੱਜਣ ਨੇ ਵੀ ਗਦ-ਗਦ ਹੁੰਦਿਆਂ ਮੁੰਡੇ ਦਾ ਮੱਥਾ ਚੁੰਮ ਕੇ ਆਖਿਆ, “ਜੀ ਓਏ ਸੋਹਣਿਆ ਜੀਅ! ਸਵਾਦ ਲਿਆ’ਤਾ ਲਾਡਲਿਆ!”
ਕਿਉਂਕਿ ਬੱਚੇ ਨੇ ਆਪਣਾ ਨਾਮ ਲਿਖਾਉਣ ਵੇਲੇ ਬੜੇ ਸਤਿਕਾਰ ਨਾਲ ਦਾਦੇ ਦਾ ਨਾਂ ਜੋੜਦਿਆਂ ਕਿਹਾ ਸੀ, “ਜਸਨੂਰ ਸਿੰਘ ਪੋਤਰਾ ਸਰਦਾਰ ਜਰਨੈਲ ਸਿੰਘ।”
ਦ੍ਰਿਸ਼ ਦੂਸਰਾ: ਵਿਦੇਸ਼ ਵਿਚ ਪੰਜਾਬੀ ਪਰਵਾਸੀਆਂ ਦਾ ਮਹਿਲਨੁਮਾ ਘਰ। ਸਕੂਲੋਂ ਆਉਂਦਾ ਇਸ ਘਰ ਦਾ ਇਕ ਲੜਕਾ ਆਪਣੇ ਦੋਸਤ ਨੂੰ ਘਰੇ ਲੈ ਆਇਆ। ਦੋਵੇਂ ਜਣੇ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਡਰਾਇੰਗ ਰੂਮ ਵਿਚ ਸੋਫਿਆਂ ‘ਤੇ ਬਹਿ ਗਏ। ਗੱਲਾਂ-ਬਾਤਾਂ ਕਰਦਿਆਂ ਮੁੰਡੇ ਨੇ ਤਾੜਿਆ ਕਿ ਉਹਦਾ ਦੋਸਤ ਬੈਠਾ-ਬੈਠਾ ਖੂੰਜੇ ਵਿਚ ਰੱਖੀ ਉਸ ਦੇ ਸਵਰਗੀ ਬਾਬਾ ਜੀ ਦੀ ਵੱਡੀ ਸਾਰੀ ਫੋਟੋ ਵੱਲ ਘੜੀ-ਮੁੜੀ ਦੇਖੀ ਜਾਂਦਾ ਹੈ।
ਉਹੀ ਗੱਲ ਹੋਈ, ਉਧਰੋਂ ਮੁੰਡੇ ਦੀ ਦਾਦੀ ਨੇ ਆ ਕੇ ਪੁੱØਛ ਲਿਆ, “ਪੁੱਤ ਤੁਹਾਡੇ ਲਈ ਚਾਹ ਬਣਾਵਾਂ?” ਇਧਰੋਂ ਦੋਸਤ ਨੇ ਹਾਰ ਵਾਲੀ ਫੋਟੋ ਬਾਰੇ ਪੁੱਛ ਲਿਆ, “ਸੈਂਡੀ ਯਾਰ, ਇਹ ਸਰਦਾਰ ਜੀ ਕੌਣ ਨੇ?” ਆਪਣੇ ਪੋਤਰੇ ਦੇ ਦੋਸਤ ਮੂੰਹੋਂ ਇਹ ਸਵਾਲ ਸੁਣ ਕੇ ਬੇਬੇ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਤੇ ਉਹ ਲਾਗੇ ਹੀ ਬਹਿ ਕੇ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ। ਆਪਣੀ ਦਾਦੀ ਵੱਲ ਹੱਥ ਦਾ ਇਸ਼ਾਰਾ ਕਰ ਕੇ ਮੁੰਡੇ ਨੇ ਫੋਟੋ ਬਾਰੇ ਦੱਸਿਆ, “ਯਾਰ, ਇਹ ਮੇਰੀ ਗਰੈਂਡ ਮਾਂ ਦੇ ਹਸਬੈਂਡ ਦੀ ਫੋਟੋ ਹੈ।”
ਦ੍ਰਿਸ਼ ਤੀਸਰਾ: ਪਰਦੇਸ ਦੇ ਇਕ ਗੁਰਦੁਆਰੇ ਵਿਚ ਬਣੇ ਕਮਿਊਨਿਟੀ ਸੈਂਟਰ ਵਿਚ ਬੈਠੇ ਦੇਸੀ ਬਜ਼ੁਰਗ, ਅਖਬਾਰਾਂ ਪੜ੍ਹਨ ਤੋਂ ਬਾਅਦ ਆਪਸ ਵਿਚ ਗੱਪਾਂ ਮਾਰ ਰਹੇ ਸਨ। ਇਕ ਸੇਵਾਦਾਰ ਉਨ੍ਹਾਂ ਨੂੰ ਗਰਮ-ਗਰਮ ਚਾਹ ਫੜਾ ਗਿਆ। ਇਕ ਬਾਪੂ ਨੇ ਗਲਾਸ ਜ਼ਿਆਦਾ ਗਰਮ ਹੋਣ ਕਾਰਨ ਮੇਜ਼ ‘ਤੇ ਰੱਖ ਦਿੱਤਾ ਤੇ ਆਪਣੇ ਘਰ ਦੀ ‘ਠੰਢੀ ਚਾਹ’ ਵਾਲੀ ਗੱਲ ਛੋਹ ਲਈ, “ਬੰਤਾ ਸਿਆਂ, ਮੈਂ ਤਾਂ ਨ੍ਹੀਂ ਇਥੇ ਰਹਿਣਾ ਭਰਾਵਾæææਐਵੇਂ ਸਾਰੀ ਦੁਨੀਆਂ ‘ਬਾਹਰ ਬਾਹਰ’ ਦੀ ਰਟ ਲਾਈ ਜਾਂਦੀ ਐæææਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।”
“ਕਿਆ ਗੱਲ, ਹੁਣ ਕੋਈ ਹੋਰ ਨਵਾਂ ਪੰਗਾ ਪੈ ਗਿਆ ਐ?” ਚੁਗਲੀਆਂ ਸੁਣ-ਸੁਣ ਭੇਤੀ ਹੋਏ ਲੱਗਦੇ ਬੰਤਾ ਸਿੰਘ ਨੇ ਆਪਣੇ ਮੇਲੀ ਨੂੰ ਪੁੱਛਿਆ।
“ਹੋਣਾ ਕੀ ਐ!” ਕਹਿ ਕੇ ਪਹਿਲੇ ਬਜ਼ੁਰਗ ਨੇ ਪਰਵਾਸੀ ਦੁੱਖਾਂ ਦੇ ਭਰੇ ਪਏ ਗੋਹੜੇ ਵਿਚੋਂ ਪੂਣੀ ਕੱਤਣੀ ਸ਼ੁਰੂ ਕਰ ਦਿੱਤੀ, “ਕੱਲ੍ਹ ਇਕ ਤਾਂ ਮੇਰਾ ਚਿੱਤ ਊਂ ਢਿੱਲਾ-ਮੱਠਾ ਜਿਹਾ ਸੀ, ਉਤੋਂ ਸਾਰਾ ਦਿਨ ਕਿਣ-ਮਿਣ, ਕਿਣ-ਮਿਣ ਹੋਈ ਗਈ। ਹੱਡ ਮੇਰੇ ਠਰ੍ਹੇ ਪਏ। ਮੁੰਡੇ-ਬਹੂ ਨੇ ਕੰਮਾਂ ਤੋਂ ਆਉਣਾ ਸੀ, ਦੁਪਹਿਰੋਂ ਬਾਅਦ। ਕੰਬਲ ਵਿਚ ਗੁੱਛਾ-ਮੁੱਛਾ ਹੋ ਸਬਰ ਦੇ ਘੁੱਟ ਭਰਦਾ ਉਨ੍ਹਾਂ ਨੂੰ ਉਡੀਕਦਾ ਰਿਹਾ। ਉਨ੍ਹਾਂ ਤੋਂ ਪਹਿਲਾਂ ਸਕੂਲੋਂ ਨਿਆਣੇ ਆ ਗਏ ਦੁੜੰਗੇ ਮਾਰਦੇ। ਘਰ ਵਿਚ ਰੱਖੀ ਕੁਤੀੜ ਨੂੰ ਉਨ੍ਹਾਂ ਲਾਡ-ਪਿਆਰ ਨਾਲ ਪੁਚਕਾਰਿਆ, ਪਰ ਮੇਰੇ ਵੱਲ ਦੇਖਿਆ ਵੀ ਨਾ। ਲੈ ਜੀ, ਉਹ ਆਪਣੇ ਲਈ ਤਾਂ ਉਰਾ-ਪਰਾ ਕੱਚ-ਭੁੰਨਾ ਜਿਹਾ ਕਰ ਕੇ, ਖਾ ਪੀ ਕੇ ਆਪੋ ਆਪਣੇ ਰੂਮਾਂ ਵਿਚ ਜਾ ਵੜੇ, ਵਾੜ ਵਿਚ ਫਸੇ ਬਿੱਲੇ ਵਾਂਗ ਮੈਂ ਦੂਰ ਬੈਠਾ ਦੇਖਦਾ ਰਿਹਾ।
ਮੁੰਡਾ-ਬਹੂ ਆਏ ਤੋਂ ਨਿਆਣੇ ਵੀ ਬਾਹਰ ਨਿਕਲ ਆਏ। ਮੈਂ ਪੋਤੇ ਨੂੰ ‘ਵਾਜ਼ ਮਾਰੀ, ਪਰ ਕੰਨਾਂ ਨੂੰ ਖੋਪੇ ਜਿਹੇ ਲਾਈ ਉਹ ਮੇਰੇ ਵੱਲ ਬਿਨਾ ਝਾਕਿਆਂ ਹੀ ਕੋਲੋਂ ਲੰਘ ਗਿਆ। ਫਿਰ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਮੈਨੂੰ ਚਿੜਾਉਣ ਲਈ ਉਸ ਦੋ ਕੁ ਵਾਰ ਤਾਂ ਮੋਢੇ ਜਿਹੇ ਚੜ੍ਹਾਏ, ਪਰ ਫਿਰ ਮਨ-ਸੁਮੱਤਿਆ ਪੈਣ ‘ਤੇ ਮੇਰੇ ਕੋਲ ਆ ਗਿਆ। ਮੈਂ ਲਾਡ ਨਾਲ ‘ਪੂਚ ਪੂਚ’ ਕਰ ਕੇ ਕਿਹਾ, ਜਾਹ ਪੁੱਤ, ਆਪਣੀ ਮੰਮੀ ਤੋਂ ਇਕ ਕੱਪ ਚਾਹ ਦਾ ਬਣਵਾ ਕੇ ਲਿਆ। ਖੋਤੇ ਵਾਂਗ ਦੁਲੱਤੀ ਜਿਹੀ ਮਾਰ ਕੇ ਉਹ ਰਸੋਈ ਵੱਲ ਦੌੜ ਗਿਆ, ਜਿਥੇ ਸਾਡੀ ਬਹੂ ਆਪਣੇ ਖਾਣ-ਪੀਣ ਲਈ ਕੁਝ ਬਣਾ ਰਹੀ ਸੀ। ਰਸੋਈ ਵਿਚੋਂ ਮੇਰੇ ਕੰਨੀ ਆਵਾਜ਼ ਪਈ- ‘ਮੌਮæææਓਲਡ ਮੈਨ ਚਾਹ ਮੰਗਦਾ ਆ’, ਮੇਰਾ ਪੋਤਰਾ ਮਾਂ ਨੂੰ ਕਹਿ ਰਿਹਾ ਸੀ। ਸੁਣ ਕੇ ਮੇਰਾ ਦਿਲ ਬਹਿ ਗਿਆ। ਸੋਚਾਂ, ਹੇ ਮਨਾਂ! ਪਿੰਡ ਵਾਲੇ ਪੋਤੇ-ਪੋਤੀਆਂ, ਚਾਹ-ਰੋਟੀ ਟੈਮ ਨਾਲ ਦੇਣ ਜਾਂ ਬੇ-ਟੈਮ ਦੇਣ, ਪਰ ਇਹ ਤਾਂ ਕਹਿੰਦੇ ਈ ਆ ਕਿ ਲੈ ਬਾਬਾ ਚਾਹ, ਜਾਂ ਲੈ ਬਾਬਾ ਰੋਟੀ! ਇਥੇ ਤਾਂ ਬਣਾ’ਤਾ ਮੈਨੂੰ ਓਲਡਮੈਨ! ਫਿਰ ‘ਠਾਰੀਂ ਘੰਟੀ ਚਾਹ ਮਿਲੀ, ਉਹ ਵੀ ਠੰਢੀ!
ਦ੍ਰਿਸ਼ ਚੌਥਾ: “ਡੈਡ, ਮੈਨੂੰ ਲੱਗਦਾ, ਗਰੈਂਡ ਮਾਂ ਤੇ ਗਰੈਂਡ ਪਾ ਦਾ ਇਥੇ ਦਿਲ ਨਹੀਂ ਲੱਗਦਾ। ਜਦ ਦੇਖੋ ਪੰਜਾਬ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਆ। ਤੁਸੀਂ ਇਨ੍ਹਾਂ ਨੂੰ ਭੇਜ ਕਿਉਂ ਨਹੀਂ ਦਿੰਦੇ ਉਥੇ?” ਇਕ ਪਰਵਾਸੀ ਪੋਤਰੇ ਨੇ ਆਪਣੇ ਬਾਬੇ-ਦਾਦੀ ਨੂੰ ਪੰਜਾਬ ਲਈ ਝੂਰਦਿਆਂ ਦੇਖ ਕੇ ਪਿਉ ਨੂੰ ਸਿਫਾਰਸ਼ ਕੀਤੀ। ਜਿੰਨੇ ਤਰਸੇਵੇਂ ਅਤੇ ਦਿਆਲਤਾ ਨਾਲ ਪੋਤਰੇ ਨੇ ਆਪਣੇ ਬਾਪ ਨੂੰ ਗੱਲ ਕਹੀ ਸੀ, ਉਸ ਦੇ ਉਲਟ, ਉਹਦਾ ਬਾਪ ਉਨੀ ਲਾਪਰਵਾਹੀ ਤੇ ਮਖੌਲੀਆ ਸੁਰ ਵਿਚ ਬੋਲਿਆ, “ਓ ਕਾਕਾ! ਤੈਨੂੰ ਨਹੀਂ ਪਤਾ ਇਨ੍ਹਾਂ ਦਾ, ਕਿਹਨੇ ਪੰਜਾਬ ਜਾਣੈ ਤੇ ਕਿਹਦੀਆਂ ਗੱਲਾਂ! ਕਿਸੇ ਦਿਨ ਦਿਖਾ ਦਿੰਨਾ ‘ਤਮਾਸ਼ਾ’ ਤੈਨੂੰ!”
ਹਫਤੇ ਕੁ ਬਾਅਦ ਐਤਵਾਰੀਂ ਹਾਸੇ-ਭਾਣੇ ਦੇ ਮੂਡ ਵਿਚ ਸਾਰਾ ਪਰਿਵਾਰ ਚਾਹ ਪੀ ਰਿਹਾ ਸੀ। ਆਪਣੇ ਬੇਟੇ ਵੱਲ ਅੱਖ ਜਿਹੀ ਦੱਬ ਕੇ ਬਾਪ ਆਪਣੇ ਮਾਂ-ਪਿਉ ਨੂੰ ਕਹਿਣ ਲੱਗਾ, “ਭਾਈਆ, ਮੈਨੂੰ ਲਗਦੈ, ਤੁਸੀਂ ਪੰਜਾਬ ਰਹਿ ਕੇ ਹੀ ਖੁਸ਼ ਹੋ। ਤੁਹਾਨੂੰ ਕਾਹਨੂੰ ਮਜਬੂਰ ਕਰ ਕੇ ਇਥੇ ਰੱਖਣਾ ਐ। ਦੱਸੋ, ਕਦੋਂ ਦੀਆਂ ਟਿਕਟਾਂ ਲੈ ਦੇਈਏ ਤੁਹਾਡੀਆਂ?”
ਪੁੱਤ ਵੱਲੋਂ ਪੇਸ਼ ਹੋਈ ਅਣਕਿਆਸੀ ਪੇਸ਼ਕਸ਼ ਸੁਣ ਕੇ ਮਾਈ ਕਦੇ ਨੂੰਹ ਵੱਲ, ਕਦੇ ਪੋਤੇ ਪੋਤਰੀਆਂ ਵੱਲ ਅਤੇ ਕਦੇ ਆਪਣੇ ਘਰਵਾਲੇ ਵੱਲ ਝਾਕਣ ਲੱਗ ਪਈ। ਛਿੱਥਾ ਜਿਹਾ ਪੈਂਦਿਆਂ ਦਾੜ੍ਹੀ ਖੁਰਕਦਾ ਬਜ਼ੁਰਗ ਖਿਸਿਆਨੀ ਹਾਸੀ ਹੱਸਿਆ, “ਓ ਕਾਕਾ! ਉਥੇ ਹੁਣ ਸਾਡਾ ਕਿਥੇ ਦਿਲ ਲੱਗਣਾ ਐ, ਨਾਲੇ ਪਿੰਡ ਵਾਲੇ ਤੇਰੇ ਭਰਾ ਨੇ ਤੈਨੂੰ ਈ ਮਿਹਣੇ ਮਾਰਨੇ ਐਂ ਕਿ ਬੁੜ੍ਹਾ-ਬੁੜ੍ਹੀ ਝੱਲ ਨ੍ਹੀਂ ਹੋਏ। ਕਦੇ-ਕਦੇ ਪਿਛੋਕੇ ਦੀ ਯਾਦ ਤਾਂ ਆ ਜਾਂਦੀ ਹੈਗੀ, ਪਰ ਉਥੇ ਕਹਿੰਦੇ, ਹੁਣ ਗੰਦ ਬਹੁਤ ਪਿਆ ਹੋਇਐ, ਬਿਜਲੀ ਵੀ ਲੰਙੇ ਡੰਗ ਹੀ ਆਉਂਦੀ ਦੱਸਦੇ ਆ। ਐਥੇ ਦਵਾ ਦਾਰੂ ਵੀ ਵਧੀਆ ਮਿਲ ਜਾਂਦੀ ਆ ਟੈਮ ਸਿਰ। ਕਿਸੇ ਵਿਆਹ-ਸ਼ਾਦੀ ‘ਤੇ ਆਪਾਂ ‘ਕੱਠੇ ਈ ਗੇੜਾ ਮਾਰ ਆਵਾਂਗੇ ਪੰਜਾਬ। ਪੁੱਤ ਹੁਣ ਤੁਸੀਂ ਖੜ੍ਹੇ ਪੈਰ ਕਾਹਨੂੰ ਮਹਿੰਗੀਆਂ ਟਿਕਟਾਂ ਲੈਣੀਆਂ?”
ਮਾਈ ਤੇ ਬਜ਼ੁਰਗ ਦੇ ਮੁੰਡੇ ਨੇ ਮਿੰਨਾ-ਮਿੰਨਾ ਮੁਸਕਾਉਂਦਿਆਂ ਹੈਰਾਨ ਹੋ ਰਹੇ ਆਪਣੇ ਬੇਟੇ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ, ਜਿਵੇਂ ਉਹ ਪੁੱਛ ਰਿਹਾ ਹੋਵੇ, ਦੇਖ ਲਿਆ ਤਮਾਸ਼ਾ?