ਗੁਲਜ਼ਾਰ ਸਿੰਘ ਸੰਧੂ
ਜੇ ਸ੍ਰੀ ਲੰਕਾ ਦੇ ਇਕ ਪਾਸੇ ਅੰਡੇਮਾਨ ਤੇ ਨਿੱਕੋਬਾਰ ਦੇ ਦੀਪ (ਟਾਪੂ) ਹਨ ਤਾਂ ਦੂਜੇ ਪਾਸੇ ਮਾਲਦੀਵ ਨਾਂ ਦੇ ਦੀਪਾਂ ਦੀ ਮਾਲਾ ਹੈ। ਅੰਡੇਮਾਨ ਵਾਲੇ ਦੀਪ ਭਾਰਤ ਦੇ ਹਨ ਤੇ ਮਾਲਦੀਵ ਵਾਲੇ ਸੁਤੰਤਰ ਦੇਸ਼। ਦੇਸ਼ ਦੀ ਰਾਜਧਾਨੀ ਵਾਲਾ ਟਾਪੂ ਕੇਵਲ ਇੱਕ ਮੀਲ ਲੰਮਾ ਤੇ ਪੌਣਾ ਮੀਲ ਚੌੜਾ ਬਕਰੇ ਦੇ ਪੱਟ ਦੀ ਸ਼ਕਲ ਦਾ ਹੈ ਪਰ ਦੇਸ਼ ਦੇ ਸੌ ਤੋਂ ਵੱਧ ਹੋਰ ਟਾਪੂ 400 ਮੀਲ ਲੰਮੇ ਤੇ 80 ਮੀਲ ਚੌੜੇ ਸਾਗਰ ਵਿਚ ਫੈਲੇ ਹੋਏ ਹਨ। ਦੇਸ਼ ਦੀ ਕੁਲ ਵੱਸੋਂ ਮੁਸਲਮਾਨ ਹੈ।
ਇਬਨ ਬਟੂਟ ਨੇ ਇਨ੍ਹਾਂ ਨੂੰ ਬੋਧੀਆਂ ਤੋਂ ਮੁਸਲਮਾਨ ਬਣਾਇਆ ਸੀ, ਜਿਸ ਦੀ 98 ਪ੍ਰਤੀਸ਼ਤ ਵੱਸੋਂ ਪੜ੍ਹਨਾ-ਲਿਖਣਾ ਜਾਣਦੀ ਹੈ। ਚਾਲੀ ਸਾਲ ਪਹਿਲਾਂ, 1976 ਦੇ ਅਕਤੂਬਰ ਮਹੀਨੇ ਮੇਰੀ ਪਤਨੀ ਉਥੇ ਦੋ ਮਹੀਨੇ ਸਲਾਹਕਾਰ ਵਜੋਂ ਗਈ ਸੀ ਤੇ ਮੈਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਉਥੇ ਚਲਾ ਗਿਆ ਸਾਂ।
ਅਗਸਤ 1984 ਤੋਂ ਭਾਰਤ-ਮਾਲਦੀਵ ਮਿੱਤਰਤਾ ਨਾਂ ਦੀ ਸੰਸਥਾ ਨ੍ਰਿਤ, ਸਾਹਿਤ ਤੇ ਸਭਿਆਚਾਰ ਦਾ ਆਦਾਨ-ਪ੍ਰਦਾਨ ਕਰ ਰਹੀ ਹੈ। ਪਿਛਲੇ ਹਫਤੇ ਸਾਕਸ਼ਮ ਸਧਰਸ਼ ਆਰਟ ਫਾਊਡੇਸ਼ਨ ਨੇ ਚੰਡੀਗੜ੍ਹ ਵਿਚ ਮਾਲਦੀਵ ਦੀ ਨੈਸ਼ਨਲ ਸੈਂਟਰ ਫਾਰ ਆਰਟਸ ਨਾਲ ਮਿਲ ਕੇ ਯੂਨੀਫਿਕੇਸ਼ਨ ਥਰੂ ਆਰਟ ਨਾਂ ਦੀ ਵਰਕਸ਼ਾਪ ਲਾਈ ਸੀ ਜਿੱਥੇ ਮਾਲਦੀਵ ਵਾਲਿਆਂ ਦੀਆਂ ਕਲਾ ਕ੍ਰਿਤਾਂ ਤਾਂ ਪਹੁੰਚ ਗਈਆਂ ਪਰ ਕਿਸੇ ਕਾਰਨ ਕਲਾਕਾਰ ਲੇਟ ਹੋ ਗਏ। ਨੁਮਾਇਸ਼ ਵਿਚ ਸਾਰੇ ਕਲਾਕਾਰਾਂ ਦੇ ਚਿੱਤਰ ਸੂਤ ਧਾਗਿਆਂ ਤੇ ਮਾਣਕ ਮੋਤੀਆਂ ਵਾਲੇ ਸਨ ਤੇ ਸਾਡੇ ਫੋਟੋਗ੍ਰਾਫਰਾਂ ਨੇ ਉਤਰੀ ਭਾਰਤ ਦੇ ਮਨੁੱਖੀ ਚਿਹਰੇ, ਵਸਤਰ ਤੇ ਹਾਰ ਸ਼ਿੰਗਾਰ ਪੇਸ਼ ਕਰ ਰੱਖੇ ਸਨ।
ਮੈਂ ਇਸ ਵਰਕਸ਼ਾਪ ਤੇ ਨੁਮਾਇਸ਼ ਵਿਚ ਮਾਲਦੀਵ ਵਾਲਿਆਂ ਤੋਂ ਉਨ੍ਹਾਂ ਦੇ ਜੀਵਨ ਤੇ ਸਭਿਆਚਾਰ ਵਿਚ ਆਈਆਂ ਚਾਲੀ ਸਾਲਾ ਤਬਦੀਲੀਆਂ ਪੁੱਛਣਾ ਚਾਹੁੰਦਾ ਸਾਂ। ਉਨ੍ਹਾਂ ਦੇ ਨਾ ਆਉਣ ਕਾਰਨ ਏਧਰ ਦੇ ਪ੍ਰਬੰਧਕ ਗੁਰਦੀਪ ਧੀਮਾਨ ਤੇ ਓਧਰ ਦੇ ਪ੍ਰਬੰਧਕ ਅਹਿਮਦ ਸੁਵੇਵ ਨਾਲ ਟੈਲੀਫੋਨ ਉਤੇ ਸੰਪਰਕ ਕਰਕੇ ਜਿਹੜੀ ਜਾਣਕਾਰੀ ਲਈ, ਉਹ ਦੇ ਰਿਹਾ ਹਾਂ। ਉਦੋਂ ਮਾਲਦੀਵ ਵਿਚ ਪੀਣ ਵਾਲਾ ਪਾਣੀ ਇਮਾਰਤਾਂ ਦੀਆਂ ਛੱਤਾਂ ਉਤੇ ਵਰ੍ਹੇ ਮੀਂਹ ਨੂੰ ਸਟੋਰ ਕਰਕੇ ਰਖਿਆ ਜਾਂਦਾ ਸੀ ਪਰ ਹੁਣ ਸਮੁੰਦਰ ਦਾ ਪਾਣੀ ਸਾਫ ਕਰਨ ਦਾ ਪ੍ਰਬੰਧ ਹੋ ਚੁਕਾ ਹੈ। ਉਦੋਂ ਦੇਸ਼ ਦੀ ਆਮਦਨ ਟਿਊਨਾ ਮੱਛੀ ਵਿਦੇਸ਼ ਭੇਜਣ ਤੋਂ ਹੁੰਦੀ ਸੀ ਤੇ ਅੱਜ ਟੂਰਿਜ਼ਮ ਦੁਆਰਾ। ਉਦੋਂ ਇਕ ਵਰਗ ਮੀਲ ਦੀ ਰਾਜਧਾਨੀ ਵਿਚ 80 ਕਾਰਾਂ ਸਨ ਅੱਜ ਢਾਈ-ਤਿੰਨ ਸੌ, ਜਿਨ੍ਹਾਂ ਦੀ ਪਾਰਕਿੰਗ ਵੱਡੀ ਸਮੱਸਿਆ ਹੈ। ਉਦੋਂ ਮਰਦ-ਔਰਤਾਂ ਸਮੁੰਦਰ ਦੇ ਕੰਢੇ ਹਰ ਰੋਜ਼ ਸੈਰ ਕਰਦੇ ਸਨ, ਅੱਜ ਉਥੇ ਏਨੀ ਵਸੋਂ ਹੋ ਗਈ ਹੈ ਕਿ ਸੈਰ ਸੰਭਵ ਨਹੀਂ। ਉਦੋਂ ਹਰ ਘਰ ਵਿਚ ਇੱਕ ਝੂਲਾ ਹੁੰਦਾ ਸੀ, ਹੁਣ ਘਰਾਂ ਵਿਚ ਝੂਲਾ ਰੱਖਣ ਲਈ ਕੋਈ ਥਾਂ ਨਹੀਂ। ਪੱਛਮੀ ਪਹਿਰਾਵਾ ਪਹਿਲਾਂ ਨਾਲੋਂ ਵੱਧ ਗਿਆ ਹੈ ਤੇ ਬੁਰਕਾ ਪਹਿਨਣ ਦਾ ਰਿਵਾਜ਼ ਘਟ ਰਿਹਾ ਹੈ। ਪੂਰੇ ਦੇਸ਼ ਵਿਚ ਚੂਹੇ ਤੋਂ ਵੱਡਾ ਕੋਈ ਜਾਨਵਰ ਨਹੀਂ ਤੇ ਹਾਲੇ ਵੀ ਤੁਸੀਂ ਉਥੇ ਬਿੱਲੀ, ਕੁੱਤਾ ਜਾਂ ਪੀਣ ਵਾਲੀ ਸ਼ਰਾਬ ਨਾਲ ਪ੍ਰਵੇਸ਼ ਨਹੀਂ ਕਰ ਸਕਦੇ। ਉਥੋਂ ਦੀ ਪੁਲਿਸ ਕੋਲ ਅੱਜ ਵੀ ਡੰਡੇ ਤੋਂ ਵੱਡਾ ਕੋਈ ਹਥਿਆਰ ਨਹੀਂ। ਪਹਿਲਾਂ ਵਾਂਗ ਅੱਜ ਵੀ ਤੁਸੀਂ ਉਥੋਂ ਦੀ ਕੁੜੀ ਨਾਲ ਵਿਆਹ ਤਾਂ ਕਰ ਸਕਦੇ ਹੋ ਪਰ ਮੁਸਲਮਾਨ ਬਣ ਕੇ। ਉਥੋਂ ਬਾਰੇ ਹੋਰ ਵੀ ਨਵੀਆਂ ਗੱਲਾਂ ਹਨ ਪਰ ਉਨ੍ਹਾਂ ਬਾਰੇ ਤੁਹਾਨੂੰ ਦਸੰਬਰ ਮਹੀਨੇ ਤੱਕ ਉਡੀਕਣਾ ਪਵੇਗਾ ਜਦੋਂ ਸਾਕਸ਼ਮ ਸਪਰਸ਼ ਆਰਟ ਫਾਊਂਡੇਸ਼ਨ ਵਾਲੇ ਆਦਾਨ-ਪ੍ਰਦਾਨ ਅਧੀਨ ਉਥੇ ਨਹੀਂ ਹੋ ਆਉਂਦੇ। ਇਨਸ਼ਾ ਅੱਲ੍ਹਾ ਕੋਈ ਵਿਘਨ ਨਾ ਪਵੇ।
ਖੁਸ਼ਵੰਤ ਸਿੰਘ ਸਾਹਿਤ ਸੰਮੇਲਨ ਕਸੌਲੀ: ਕਸੌਲੀ ਵਿਖੇ ਪੰਜਵਾਂ ਖੁਸ਼ਵੰਤ ਸਿੰਘ ਸਾਹਿਤ ਸੰਮੇਲਨ ਕੁਝ ਨਵੇਂ ਮੁੱਦੇ ਉਠਾ ਕੇ ਸਮਾਪਤ ਹੋਇਆ। ਸਦਾ ਵਾਂਗ ਕਈ ਪ੍ਰਸਿੱਧ ਚਿਹਰੇ ਨਹੀਂ ਆ ਸਕੇ ਤੇ ਕਈ ਨਵਿਆਂ ਨੇ ਸ਼ਿਰਕਤ ਕੀਤੀ। ਇਸ ਵਾਰੀ ਪਾਕਿਸਤਾਨੀ ਕਲਾਕਾਰ ਤੇ ਸਾਹਿਤਕਾਰ ਭਾਵੇਂ ਨਹੀਂ ਆਏ ਪਰ ਸ਼ਿਆਮ ਬੈਨੇਗਲ ਨੇ ਬਾਹਰਲੇ ਦੇਸ਼ਾਂ ਤੋਂ ਆਏ ਕਲਾਕਾਰਾਂ ਦੀਆਂ ਸੀਮਾਵਾਂ ਉਤੇ ਵਧੀਆ ਚਾਨਣਾ ਪਾਇਆ। ਉਸ ਦਾ ਮੱਤ ਹੈ ਕਿ ਭਾਰਤੀਆਂ ਨੂੰ ਵਿਦੇਸ਼ੀ ਕਲਾਕਾਰਾਂ ਜਾਂ ਸਾਹਿਤਕਾਰਾਂ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਸਾਡੇ ਦੇਸ਼ ਆ ਕੇ ਆਪਣੇ, ਦੇਸ਼ ਦੀਆਂ ਸਰਕਾਰਾਂ ਨੂੰ ਨਿੰਦਣ! ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਜੇ ਅਸੀਂ ਪਾਕਿਸਤਾਨ ਜਾਈਏ ਤਾਂ ਉਹ ਸਾਡੇ ਕੋਲੋਂ ਸਾਡੀ ਸਰਕਾਰ ਜਾਂ ਸਾਡੀ ਲੋਕਾਈ ਦੀ ਨੁਕਤਾਚੀਨੀ ਚਾਹੁਣ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕਨ੍ਹਈਆ ਕੁਮਾਰ ਨੇ ਜਦੋਂ ਭਾਰਤੀ ਸੈਨਾ ਦੀ ਨੁਕਤਾਚੀਨੀ ਕੀਤੀ ਤਾਂ ਸੇਵਾ ਮੁਕਤ ਜਨਰਲ ਸੱਈਅਦ ਅਤਾ ਹੁਸੈਨ ਨੇ ਭਾਰਤੀ ਸੈਨਾ ਦੇ ਬਹੁ-ਸਭਿਆਚਾਰੀ ਚਰਿਤਰ ਨੂੰ ਉਭਾਰਿਆ ਅਤੇ ਸਰੋਤਿਆਂ ਨੂੰ ਆਪਣੇ ਰਾਜਨੀਤਕ ਤੇ ਧਾਰਮਿਕ ਦਰਵਾਜ਼ੇ ਖੁਲ੍ਹੇ ਰੱਖਣ ਦੀ ਸਲਾਹ ਦਿੱਤੀ। ਇਸ ਤਿੰਨ ਦਿਨਾ ਉਤਸਵ ਵਿਚ ਹਰਿਆਣਾ ਵਰਗੇ ਰਾਜਾਂ ਵਿਚ ਇਸਤਰੀਆਂ ਦੀ ਪ੍ਰਤੀਨਿਧਤਾ ਬਾਰੇ ਵੀ ਸ਼ੰਕੇ ਪ੍ਰਗਟ ਹੋਏ ਜਿੱਥੇ ਅਸੈਂਬਲੀ ਜਾਂ ਪੰਚਾਇਤੀ ਚੋਣਾਂ ਵਿਚ ਔਰਤਾਂ ਦੀ ਗਿਣਤੀ ਤਾਂ ਵਧੀ ਹੈ ਪਰ ਮਰਦ ਪ੍ਰਧਾਨ ਰਾਜ ਉਨ੍ਹਾਂ ਨੂੰ ਉਨੀ ਸ਼ਕਤੀ ਨਹੀਂ ਪ੍ਰਦਾਨ ਹੋਣ ਦਿੰਦਾ ਜਿੰਨੀ ਚਾਹੀਦੀ ਹੈ।
ਸਰੋਤਿਆਂ ਤੇ ਦਰਸ਼ਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਸ ਵਾਰੀ ਦੇ ਉਤਸਵ ਵਿਚ ਖੁਸ਼ਵੰਤ ਸਿੰਘ ਦੀਆਂ ਰਚਨਾਵਾਂ ਦੇ ਯੋਗਦਾਨ ਨੂੰ ਬਣਦੀ ਥਾਂ ਨਹੀਂ ਮਿਲੀ। ਬਹੁਤੇ ਬੁਲਾਰੇ ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਹੀ ਗੱਲਾਂ ਕਰਦੇ ਰਹੇ। ਉਤਸਵ ਦਾ ਵਿਸ਼ਾ ਤਾਂ ਖੁਸ਼ਵੰਤ ਸਿੰਘ ਦੀ ਸੋਚ ਨੂੰ ਪ੍ਰਣਾਇਆ ਹੋਇਆ ਸੀ ਪਰ ਇਸ ਵਿਚ ਹੱਦਾਂ, ਬੰਨੇ ਤੇ ਸੀਮਾਵਾਂ ਦੀ ਇਕਸਾਰਤਾ ਉਨੀ ਨਹੀਂ ਉਭਰੀ, ਜਿੰਨੀ ਦੀ ਆਸ ਸੀ।
ਅੰਤਿਕਾ: ਮਾਧਵ ਕੌਸ਼ਿਕ
ਬਸ ਏਕ ਕਾਮ ਯਹੀ ਬਾਰ ਬਾਰ ਕਰਤਾ ਥਾ।
ਭੰਵਰ ਕੇ ਬੀਚ ਸੇ ਦਰਿਆ ਕੋ ਪਾਰ ਕਰਤਾ ਥਾ।
ਸੁਨਾ ਹੈ ਵਕਤ ਨੇ ਉਸ ਕੋ ਬਨਾ ਦੀਆ ਪੱਥਰ,
ਜੋ ਰੋਜ਼ ਵਕਤ ਕੋ ਭੀ ਸੰਗਸਾਰ ਕਰਤਾ ਥਾ।