ਕੁਲਦੀਪ ਕੌਰ
ਫੋਨ: +91-98554-04330
ਪਿਛਲੇ ਸਾਲ ਸ਼ਾਹਰੁਖ ਖਾਨ ਦੀ ਰਿਲੀਜ਼ ਹੋਈ ਫਿਲਮ ‘ਫੈਨ’ ਦਾ ਵਿਸ਼ਾ-ਵਸਤੂ ਅੱਲ਼੍ਹੜ ਉਮਰ ਦੇ ਮੁੰਡੇ ਦਾ ਆਪਣੇ ਪਸੰਦੀਦਾ ਹੀਰੋ ਪਿੱਛੇ ਪਾਗਲਪਣ ਦੀ ਕਹਾਣੀ ‘ਤੇ ਆਧਾਰਤ ਸੀ ਜਿਥੇ ਉਹ ਸੁਪਨਿਆਂ ਅਤੇ ਹਕੀਕਤ ਵਿਚ ਫਰਕ ਕਰਨਾ ਭੁੱਲ ਜਾਂਦਾ ਹੈ। ਇਸ ਫਿਲਮ ਨੇ ਜਿਥੇ ਸਟਾਰਡਮ ਦੀ ਚਕਾਚੌਂਧ ਵਿਚ ਗੁਆਚੇ ਸਿਤਾਰਿਆਂ ਦੀ ਜ਼ਿੰਦਗੀ ਬਾਰੇ ਸਵਾਲ ਖੜ੍ਹੇ ਕੀਤੇ, ਉਥੇ ਚੜ੍ਹਦੀ ਜਵਾਨੀ ਵਿਚ ਨਾਇਕ ਦੀ ਖੋਜ ਵਿਚ ਜੁਟੀ ਨਵੀਂ ਪੀੜ੍ਹੀ ਨੂੰ ਹਕੀਕਤਾਂ ਦੇ ਰੂ-ਬ-ਰੂ ਕਰਵਾਇਆ।
ਫਿਲਮਸਾਜ਼ ਰਿਸ਼ੀਕੇਸ਼ ਮੁਖਰਜੀ ਦੁਆਰਾ 1971 ਵਿਚ ਨਿਰਦੇਸ਼ਤ ਕੀਤੀ ਫਿਲਮ ‘ਗੁੱਡੀ’ ਦਾ ਵਿਸ਼ਾ-ਵਸਤੂ ਵੀ ਇਹੀ ਸੀ। ਇਸ ਫਿਲਮ ਨੂੰ ਗੁਲਜ਼ਾਰ ਦੀ ਫਿਲਮ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਦੀਆਂ ਕਹਾਣੀਆਂ ਦੇ ਕਿਰਦਾਰਾਂ ਵਾਲਾ ਮਨੋਵਿਗਿਆਨਕ ਖਾਕਾ ਅਤੇ ਸੰਵੇਦਨਸ਼ੀਲਤਾ ਦੀ ਝਲਕ ਇਸ ਫਿਲਮ ਦੇ ਕਿਰਦਾਰਾਂ ਵਿਚ ਵਾਰ-ਵਾਰ ਦੇਖੀ ਜਾ ਸਕਦੀ ਹੈ। ਇਸ ਫਿਲਮ ਵਿਚ ਗੁਲਜ਼ਾਰ ਦੁਆਰਾ ਲਿਖਿਆ ਗੀਤ ‘ਬੋਲੇ ਰੇ ਪਪੀਹਰਾ’ ਭਾਰਤੀ ਸਿਨੇਮਾ ਵਿਚ ਖਾਸ ਜਗ੍ਹਾ ਰੱਖਦਾ ਹੈ।
ਇਹ ਫਿਲਮ ਅੱਲ੍ਹੜ ਉਮਰ ਦੀ ਸਕੂਲੀ ਵਿਦਿਆਰਥਣ ਗੁੱਡੀ ਉਰਫ ਕੁਸਮ ਦੇ ਸੁਪਨਿਆਂ, ਜਜ਼ਬਾਤ, ਫੈਂਟੇਸੀ ਅਤੇ ਜ਼ਿਦ ਦੀ ਫਿਲਮ ਹੈ। 1971 ਦਾ ਸਮਾਂ ਭਾਰਤੀ ਫਿਲਮ ਸਿਨੇਮਾ ਵਿਚ ਸਟਾਰਡਮ ਦੀ ਚੜ੍ਹਤ ਅਤੇ ਗੈਰ-ਹਕੀਕੀ ਪ੍ਰੇਮ-ਕਹਾਣੀਆਂ ਦੇ ਸੁਨਹਿਰੇ ਪਰਦੇ ‘ਤੇ ਫਿਲਮਾਏ ਜਾਣ ਦਾ ਸਮਾਂ ਸੀ। ਮੁਲਕ ਦੀ ਸਿਆਸੀ ਫਿਜ਼ਾ ਵੀ ਪੂਰੀ ਤਰਾਂ੍ਹ ਸੁਲਗੀ ਹੋਈ ਸੀ। ਕਹਾਣੀ, ਕਵਿਤਾ, ਵਾਰਤਕ, ਸਿਨੇਮਾ, ਸੰਗੀਤ ਅਤੇ ਚਿੱਤਰਕਾਰੀ ਦੇ ਖੇਤਰ ਵਿਚ ਨਵੀਂ ਤਰ੍ਹਾਂ ਦੇ ਪ੍ਰਯੋਗ ਹੋ ਰਹੇ ਸਨ। ਨੌਜਵਾਨ ਪੀੜ੍ਹੀ ਦਾ ਨਿਆਂ ਅਤੇ ਸ਼ਾਂਤੀ ਲਈ ਲੜਨਾ-ਮਰਨਾ ਹੀ ਉਸ ਦੌਰ ਦਾ ਮੁਖ ਨਾਅਰਾ ਸੀ। ਅਜਿਹੇ ਸਮਿਆਂ ਵਿਚ ਨੌਜਵਾਨ ਆਪਣੇ ਹੋਣ ਦੀ ਸਾਰਥਿਕਤਾ ਕਿਸੇ ਨਾ ਕਿਸੇ ਤਤਕਾਲੀ ਨਾਇਕ ਨਾਲ ਜੋੜ ਕੇ ਸਮਝਣ ਲੱਗਦੇ ਹਨ। ਇਸ ਫਿਲਮ ਵਿਚ ਗੁੱਡੀ ਵੀ ਉਨ੍ਹਾਂ ਹਜ਼ਾਰਾਂ-ਲੱਖਾਂ ਨੌਜਵਾਨਾਂ ਦੀ ਨੁਮਾਇੰਦਗੀ ਕਰਦੀ ਨਜ਼ਰ ਆਉਂਦੀ ਹੈ ਜਿਨ੍ਹਾਂ ਲਈ ਸਕਰੀਨ ‘ਤੇ ਰੋਮਾਂਸ ਕਰਦੇ ਅਤੇ ਇਕੋ ਸਮੇਂ 20-20 ਗੁੰਡਿਆਂ ਦੀ ਗਤ ਸੰਵਾਰਦੇ ਨਾਇਕ ਅਸਲ ਜ਼ਿੰਦਗੀ ਦੇ ਸੰਘਰਸ਼ ਲਈ ਵੀ ਆਦਰਸ਼ ਬਣ ਜਾਂਦੇ ਹਨ। ਗੁੱਡੀ ਉਸ ਸਮੇਂ ਦੇ ਸਭ ਤੋਂ ਖੂਬਸੂਰਤ ਨਾਇਕ ਧਰਮਿੰਦਰ ਦੀ ਹਰ ਫਿਲਮ ਨੂੰ ਕਈ-ਕਈ ਵਾਰ ਦੇਖਦੀ ਹੈ।
ਹੌਲੀ-ਹੌਲੀ ਧਰਮਿੰਦਰ ਲਈ ਉਸ ਦੀ ਖਿੱਚ ਇਕਤਰਫਾ ਪਿਆਰ ਵਿਚ ਵਟ ਜਾਂਦੀ ਹੈ ਤੇ ਉਹ ਧਰਮਿੰਦਰ ਦੇ ਨਿਭਾਏ ਕਿਰਦਾਰਾਂ ਨੂੰ ਅਸਲੀ ਮੰਨ ਕੇ ਉਸ ਨੂੰ ਜਨੂੰਨ ਦੀ ਹੱਦ ਤੱਕ ਚਾਹੁਣ ਲੱਗਦੀ ਹੈ। ਉਹ ਆਪਣੇ ਮਾਪਿਆਂ ਅਤੇ ਹੋਣ ਵਾਲੇ ਮੰਗੇਤਰ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਉਹ ਜੇ ਵਿਆਹ ਕਰਵਾਏਗੀ ਤਾਂ ਧਰਮਿੰਦਰ ਨਾਲ, ਨਹੀਂ ਤਾਂ ਉਹ ਸਾਰੀ ਉਮਰ ਕੁਆਰੀ ਹੀ ਰਹੇਗੀ। ਉਸ ਦੇ ਇਸ ਫੈਸਲੇ ਨਾਲ ਉਸ ਦਾ ਪਿਤਾ (ਏæਕੇæ ਹੰਗਲ) ਅਤੇ ਮਾਮਾ (ਉਤਪਲ ਦੱਤ) ਹੈਰਾਨ-ਪਰੇਸ਼ਾਨ ਹੋ ਜਾਂਦੇ ਹਨ। ਆਖਿਰ ਉਸ ਦਾ ਮਾਮਾ ਗੁੱਡੀ ਨੂੰ ਹਕੀਕਤ ਦਿਖਾਉਣ ਦਾ ਫੈਸਲਾ ਕਰਦਾ ਹੈ। ਉਹ ਧਰਮਿੰਦਰ ਨੂੰ ਮਿਲ ਕੇ ਮਦਦ ਕਰਨ ਦੀ ਗੁਹਾਰ ਲਗਾਉਂਦਾ ਹੈ। ਥੋੜ੍ਹੀ ਨਾਂਹ-ਨੁੱਕਰ ਤੋਂ ਬਾਅਦ ਧਰਮਿੰਦਰ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ। ਪਹਿਲਾਂ-ਪਹਿਲ ਉਹ ਆਪਣੇ ਸਿਨੇਮਈ ਅਵਤਾਰਾਂ ਵਾਂਗ ਹੀ ਗੁੱਡੀ ਨਾਲ ਪੇਸ਼ ਆਉਂਦਾ ਹੈ।
ਹੌਲੀ-ਹੌਲੀ ਗੁੱਡੀ ਲਈ ਇਹ ਰਾਜ਼ ਖੁੱਲ੍ਹਣਾ ਸ਼ੁਰੂ ਹੁੰਦਾ ਹੈ ਕਿ ਕਿਵੇਂ ਫਿਲਮੀ ਸਿਤਾਰੇ ਵੀ ਆਮ ਲੋਕਾਂ ਵਾਂਗ ਹੀ ਈਰਖਾ, ਹੈਂਕੜ, ਡਰ ਅਤੇ ਬੇਵਸੀ ਨਾਲ ਭਰੇ ਹੁੰਦੇ ਹਨ। ਉਨ੍ਹਾਂ ਕੋਲ ਵੀ ਆਮ ਲੋਕਾਂ ਵਾਂਗ ਰੋਜ਼ ਦੀਆਂ ਸਮੱਸਿਆਵਾਂ ਦੇ ਚਮਤਕਾਰੀ ਹੱਲ ਨਹੀਂ ਹੁੰਦੇ, ਸਗੋਂ ਕਈ ਹਾਲਾਤ ਵਿਚ ਤਾਂ ਉਨ੍ਹਾਂ ਦੀ ਜ਼ਿੰਦਗੀ ਆਮ ਲੋਕਾਂ ਨਾਲੋਂ ਵੀ ਵੱਧ ਸਖਤ ਤੇ ਨਿਰਦਈ ਹੁੰਦੀ ਹੈ। ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਦੀ ਮੁਲਾਕਾਤ ਪ੍ਰਾਣ ਨਾਲ ਹੁੰਦੀ ਹੈ। ਗੁੱਡੀ ਲਈ ਪ੍ਰਾਣ ਦਹਿਸ਼ਤ ਦਾ ਚਿੰਨ੍ਹ ਹੈ, ਪਰ ਉਸ ਨੂੰ ਮਿਲ ਕੇ ਗੁੱਡੀ ਨੂੰ ਸਮਝ ਆਉਂਦੀ ਹੈ ਕਿ ‘ਰੀਅਲ ਲਾਈਫ’ ਅਤੇ ‘ਰੀਲ ਲਾਈਫ’ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।
ਪ੍ਰਸਿੱਧ ਅਦਾਕਾਰ ਧਰਮਿੰਦਰ ਦੇ ਸਾਧਾਰਨ ਇਨਸਾਨ, ਪਰ ਵਧੀਆ ਅਦਾਕਾਰ ਹੋਣ ਦਾ ਸੱਚ ਵੀ ਉਸ ਦੇ ਸਾਹਮਣੇ ਖੁੱਲ੍ਹਦਾ ਹੈ। ਫਿਲਮਸਾਜ਼ ਰਿਸ਼ੀਕੇਸ਼ ਮੁਖਰਜੀ ਆਪਣੇ ਕੈਮਰੇ ਦੀ ਅੱਖ ਰਾਹੀਂ ਗੁੱਡੀ ਦੇ ਅੰਤਰਮਨ ਵਿਚ ਆਈਆਂ ਤਬਦੀਲੀਆਂ ਨੂੰ ਸੰਵੇਦਨਸ਼ੀਲ ਢੰਗ ਨਾਲ ਫੜਦਾ ਹੈ। ਗੁੱਡੀ ਅੱਲ੍ਹੜ ਤੇ ਜ਼ਿੱਦੀ ਸਕੂਲੀ ਬੱਚੇ ਤੋਂ ਜ਼ਿੰਦਗੀ ਦੇ ਗੰਭੀਰ ਪੜਾਵਾਂ ਵੱਲ ਵਧਦੀ ਹੈ। ਫਿਲਮ ਵਿਚ ਦਲੀਪ ਕੁਮਾਰ, ਰਾਜੇਸ਼ ਖੰਨਾ, ਅਮਿਤਾਭ ਬੱਚਨ, ਅਸ਼ੋਕ ਕੁਮਾਰ ਆਦਿ ਸਾਰੇ ਸਿਤਾਰਿਆਂ ਨੇ ਫਿਲਮ ਸਟਾਰਾਂ ਦੀ ਅਸਲ ਜ਼ਿੰਦਗੀ ਨੂੰ ਯਥਾਰਥਵਾਦੀ ਢੰਗ ਨਾਲ ਸਾਕਾਰ ਕੀਤਾ ਹੈ। ‘ਗੁੱਡੀ’ ਜਯਾ ਭਾਦੁੜੀ ਅਤੇ ਉਤਪਲ ਦੱਤ ਦੀ ਜਾਦੂਈ ਅਦਾਕਾਰੀ ਵਾਲੀ ਫਿਲਮ ਹੈ।