ਜਸਬੀਰ
ਸੰਦੀਪ ਦੀ ਸ਼ਾਇਰੀ ਦੀ ਪੋਥੀ ‘ਰੂਹ ਦੀ ਪਰਵਾਜ਼’ (ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ) ਪੜ੍ਹਦਿਆਂ ਵਾਰ-ਵਾਰ ਇਹ ਅਹਿਸਾਸ ਹੋਇਆ ਕਿ ਕਵਿਤਾ ਬਾਰੇ ਲਿਖਣਾ ਕਿੰਨਾ ਔਖਾ ਹੈ! ਸੋਚਾਂ ਦੇ ਘੋੜਿਆਂ ਦੀ ਦੁੜਕੀ ਦੇ ਬਾਵਜੂਦ, ਥੋੜ੍ਹੀ ਕੀਤੇ ਕਿਤੇ ਦਾਤੀ ਪੈ ਨਹੀਂ ਸੀ ਰਹੀ। ਸ਼ਾਇਦ ਖਾਮੋਸ਼ੀ ਦੀਆਂ ਲਹਿਰਾਂ, ਸ਼ਾਇਰੀ ਦੀਆਂ ਅਣਕਹੀਆਂ ਅੰਦਰ ਬਹੁਤ ਡੂੰਘੀਆਂ ਲੱਥੀਆਂ ਹੋਈਆਂ ਹਨ। ਸੰਦੀਪ ਖੁਦ ਆਪਣੀ ਕਵਿਤਾ ‘ਖਾਮੋਸ਼ੀ’ ਵਿਚ ਆਖਦੀ ਹੈ: ‘ਮੁਹੱਬਤ ਵਿਚ ਖਾਮੋਸ਼ ਹੀ ਰਹੀਏ/ਤਾਂ ਚੰਗੈ/ਜੇ ਬੋਲ ਪਏ ਤਾਂ ਫਿਰ/ਬੋਲਣ ਜੋਗੇ ਨਹੀਂ ਰਹਾਂਗੇ’; ਪਰ ਸ਼ਾਇਰਾ ਨੇ ਜਦੋਂ ਸ਼ਬਦਾਂ ਦੀ ਸੱਦ ਲਾਈ ਹੈ,
ਤਾਂ ਉਹ ਇਸ ਨਿੱਕੀ ਜਿਹੀ ਪੋਥੀ ਦੀ ਆਖਰੀ ਕਵਿਤਾ/ਸਤਰ ਤਕ ਆਪਣੇ ਅਹਿਸਾਸਾਂ ਦੀ ਵਾਛੜ ਕਰੀ ਜਾਂਦੀ ਹੈ। ਇਸ ਵਾਛੜ ਵਿਚ ਆਪੇ ਦੀ ਪਛਾਣ ਦੀ ਕੋਈ ਲਲ੍ਹਕ ਘੁਲੀ ਹੋਈ ਹੈ ਜਿਹੜੀ ਢੋਏ ਪਏ ਹਰ ਬੂਹੇ ਉਤੇ ਧਰਤ ‘ਤੇ ਡਿੱਗਦੀਆਂ ਪਹਿਲ-ਪਲੇਠੀਆਂ ਕਣੀਆਂ ਵਾਂਗ ਦਸਤਕ ਦਿੰਦੀ ਹੈ। ਇਹ ਦਸਤਕ ਸਾਧਾਰਨ ਨਹੀਂ; ਇਸ ਵਿਚ ਵਿਰਲਾਪ, ਬੇਵਸੀ, ਵਿਅੰਗ ਅਤੇ ਵੰਗਾਰ ਦੀਆਂ ਤੀਬਰ, ਤਿੱਖੀਆਂ, ਤੇਜ਼ ਤੇ ਤੁਰਸ਼ ਟਕੋਰਾਂ ਹਨ। ਵਿਰਲਾਪ, ਬੇਵਸੀ, ਵਿਅੰਗ ਤੇ ਵੰਗਾਰ ਦਾ ਇਹ ਚਿਹਨ-ਚੱਕਰ ਨਿਰਵਿਘਨ, ਲਗਾਤਾਰ ਚੱਲਦਾ ਹੈ। ਅਰੋਕ। ਅਟੁੱਟ। ਬਹੁਤ ਥਾਈਂ ਇਹ ਸਹਿਜ ਦੀ ਚਾਸ਼ਣੀ ਵਿਚ ਲਿਪਟਿਆ, ਬਹੁਤ ਧੀਮੀ ਦਸਤਕ ਦਿੰਦਾ ਹੈ। ਇਹ ਦਸਤਕ ਇੰਨੀ ਧੀਮੀ ਹੈ ਕਿ ਸੁਣਨ ਲਈ ਪੌਣਾਂ ਅਤੇ ਪਾਣੀ ਨੂੰ ਰਤਾ ਕੁ ਸਾਹ ਲੈਣ ਲਈ ਆਖਣਾ ਪੈਂਦਾ ਹੈ। ਖੌਰੇ ਇਸੇ ਕਰ ਕੇ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਇਸ ਪੋਥੀ ਦੀ ‘ਆਦਿਕਾ’ ਵਿਚ ਉਪਰੋਥਲੀ ਦੋ ਵਾਰ, ਪਹਿਲਾਂ ਅਲਾਮਾ ਇਕਬਾਲ, ਤੇ ਫਿਰ ਮਿਰਜ਼ਾ ਗਾਲਿਬ ਦੇ ਸ਼ਿਅਰਾਂ ਨੂੰ ਹਾਕਾਂ ਮਾਰਨੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਪੋਥੀ ਦੀ ‘ਭੂਮਿਕਾ’ ਵਿਚ ਸ਼ਾਇਰ ਸਿਰੀ ਰਾਮ ਅਰਸ਼ ਨੂੰ ਇਸਤਰੀ ਮਨ ਦੀ ਵੇਦਨਾ ਵਾਲੇ ਭਾਵਾਂ ਦੀ ਗੱਲ ਕਰਨ ਵੇਲੇ ਪੁਰਾਤਨ ਗ੍ਰੰਥਾਂ ਦਾ ਸਹਾਰਾ ਲੱਭਣਾ ਪੈਂਦਾ ਹੈ ਜਿਨ੍ਹਾਂ ਵਿਚ, ਉਨ੍ਹਾਂ ਦੇ ਆਖਣ ਮੁਤਾਬਕ, ਇਸਤਰੀ ਤੇ ਧਰਤੀ ਦੀ ਤੁਲਨਾ ਕੀਤੀ ਗਈ ਹੈ। ਸੰਦੀਪ ਨੇ ਆਪਣੀ ਕਵਿਤਾ ਵਿਚ ਔਰਤ ਦੀ ਗੱਲ ਪੂਰੀ ਫੁਰਸਤ ਨਾਲ ਛੋਹੀ ਹੈ। ਇਸ ਫੁਰਸਤ ਕਰ ਕੇ ਹੀ ਉਹ ਜਦੋਂ ਆਪਣੇ ਅਹਿਸਾਸ ਬਿਆਨ ਕਰਦੀ ਹੈ ਤਾਂ ਸ਼ਬਦਾਂ ਨੂੰ ਖੁਦ ਦਾ ਢਾਸਣਾ ਲੁਆਉਂਦੀ ਹੈ:
ਮੇਰਾ ਹਮਸਫਰ
ਜ਼ਿੰਦਗੀ ਦੇ ਸਫਰ ‘ਚ/ਮੇਰੇ ਨਾਲ ਰਿਹਾ
ਖਾਣ-ਪੀਣ ਸੌਣ ਸਮੇਂ
ਹਰ ਪਲ ਮੇਰੇ ਨਾਲ
ਬੱਸ ਜਦੋਂ ਜਾਗਦੀ ਸਾਂ
ਉਦੋਂ ਮੈਂ ਇਕੱਲੀ ਸਾਂ।
ਇਹ ਜਾਣ-ਪਛਾਣ ਅਤੇ ਹਕੀਕਤ ਔਰਤ ਦੀ ਹੈ ਜਿਹੜੀ ਅਰੰਭ ਤੋਂ ਅਖੀਰ ਤਕ ਵਿਰਲਾਪ ਦੀਆਂ ਜਰਬਾਂ ਖਾਂਦੀ ਹੈ। ਜਰਬਾਂ ਦੇ ਬਾਵਜੂਦ ਇਸ ਸ਼ਾਇਰੀ ਅੰਦਰ ਅੰਤਾਂ ਦਾ ਜ਼ਬਤ ਹੈ। ਮਾਮੂਲੀ ਜਿਹੀ ਕੋਸ਼ਿਸ਼ ਕੀਤਿਆਂ ਹੀ, ਵਿਰਲਾਪ ਤੋਂ ਪਹਿਲਾਂ ਵਾਲੇ ਹਾਲਾਤ ਦੇ ਦਰਸ਼ਨ ਹੋ ਜਾਂਦੇ ਹਨ- ‘ਦੋਸਤ ਖਫਾ ਹੁੰਦੇ ਨੇ/ਉਨ੍ਹਾਂ ਦੀ ਨਜ਼ਰ ਵਿਚ ਤੂੰ ਮੇਰੇ ਕਾਬਲ ਨਹੀਂ/ਪਰ ਦੋਸਤ ਦੋਸਤ ਹੁੰਦੇ ਨੇ/ਹਮਨਜ਼ਰ ਨਹੀਂ/ਮੇਰੀ ਨਜ਼ਰ ਦੀ ਸੀਮਾ ਉਹ ਨਹੀਂ ਮਿਥ ਸਕਦੇ।’ ਇਨ੍ਹਾਂ ਮਨ-ਸਮਝਾਉਣੀਆਂ ਦੇ ਬਾਵਜੂਦ ਹਾਲਾਤ ਚੁੱਪ-ਚੁਪੀਤੇ ਵਿਰਲਾਪ ਦੀ ਜੂਨੇ ਪੈ ਜਾਂਦੇ ਹਨ- ‘ਮੇਰੇ ਨਾਲ ਤਾਂ ਕੁਦਰਤ ਵੀ ਧੋਖਾ ਕਰ ਗਈ/ਹਰ ਚੀਜ਼ ਉਹਦੀ ਮਰਜ਼ੀ ਨਾਲ ਰਲ ਗਈ’ ਅਤੇ ‘ਹਮਸੁਖਨ/ਹਮਰਾਜ਼ ਸੀ/ਹਮਸਫਰ ਸੀ ਉਹ/ਪਰ ਸੀਨੇ ਵਿਚ ਜੋ ਵੱਸਦਾ/ਉਹ ਅਕਸ ਨਹੀਂ ਸੀ।’ ‘ਬਾਬਲ’ ਕਵਿਤਾ ਵਾਲਾ ਵਿਰਲਾਪ, ਪਰਵਾਜ਼ ਤੋਂ ਪਹਿਲਾਂ ਵਾਲੇ ਹਾਲਾਤ ਨਾਲ ਦੋ-ਚਾਰ ਹੋ ਰਿਹਾ ਹੈ। ਪਰਵਾਜ਼ ਅਸਲ ਵਿਚ ਪਿੰਜਰੇ ਤੋਂ ਬਾਅਦ ਦੀ ਕਹਾਣੀ ਹੀ ਤਾਂ ਹੈ ਜਿਹੜੀ ਅਜ਼ਲਾਂ ਤੋਂ ਅਧੂਰੇਪਣ ਦਾ ਅਹਿਸਾਸ ਹੰਢਾ ਰਹੀ ਹੈ। ਇਹ ਅਹਿਸਾਸ ਹੀ ‘ਸਵੈ-ਸੰਵਾਦ’ ਕਵਿਤਾ ਵਿਚਲੇ ਉਡਾਰ ਹੋ ਰਹੇ ਅਹਿਸਾਸਾਂ ਲਈ ਰਾਹ ਤਲਾਸ਼ਦਾ ਹੈ। ਉਂਜ ਦੇਖੀਏ ਤਾਂ ਉਸ ਦੇ ਵਾਅਦੇ ਵਿਚ ਵੀ ਵਿਰਲਾਪ ਹੈ: ‘ਉਦੋਂ ਤਕ ਯਾਦ ਕਰਾਂਗੀ/ਜਦੋਂ ਤਕ/ਸਿਮਰਤੀਆਂ ਦੀ ਮਿੱਟੀ/ਪੱਥਰ ਨਹੀਂ ਬਣ ਜਾਂਦੀ।’ ਫਿਰ ‘ਸਰਦ ਹਉਕਾ’ ਕਵਿਤਾ ਵਾਲੀ ਤੜਫਾਹਟ ਅਤੇ ‘ਜੋਗੀ’ ਕਵਿਤਾ ਵਿਚ ਚਾਰਦੀਵਾਰੀ ਅੰਦਰਲੀ ਛਟਪਟਾਹਟ ਇਸ ਵਿਰਲਾਪ ਦਾ ਰੁਖ ਬਦਲ ਦਿੰਦੀ ਹੈ। ਅਸਲ ਵਿਚ ਸੰਦੀਪ ਦੀ ਕਵਿਤਾ ਦੀ ਇਹੀ ਤਾਕਤ ਹੈ ਜਿਹੜੀ ਔਰਤ ਦੀ ਵੇਦਨਾ ਦੇ ਇਸ ਵਿਰਲਾਪ ਨੂੰ ਬੇਵਸੀ ਵਿਚੋਂ ਕੱਢ ਕੇ ਵਿਅੰਗ ਅਤੇ ਵੰਗਾਰ ਦੀ ਸਾਣ ਉਤੇ ਚਾੜ੍ਹ ਦਿੰਦੀ ਹੈ। ਵਿਰਲਾਪ ਤੇ ਬੇਵਸੀ ਤੋਂ ਬਾਅਦ ਦੀ ਪਰਵਾਜ਼ ਜ਼ਰਾ ਦੇਖੋ:
ਜੇਕਰ ਮੇਰਾ ਪਰਿਚਯ
ਤੁਹਾਡੇ ਨਾਲ ਨਾ ਹੁੰਦਾ ਤਾਂ
ਮੈਂ ਪਿਆਰ ਨੂੰ ਧੜਕਦੇ ਦਿਲਾਂ ਦੀ
ਦਾਸਤਾਂ ਸਮਝਦੇ ਰਹਿਣਾ ਸੀ।
‘ਵਰ’ ਵਿਚ ਇਹ ਵਿਅੰਗ ਬਹੁਤ ਕਹਿਰਵਾਨ ਹੋ ਕੇ ਟੱਕਰਦਾ ਹੈ। ਸ਼ਬਦਾਂ ਦੀ ਇਹ ਲੜੀ ਸਵਾਲਾਂ ਦੀਆਂ ਕੜੀਆਂ ਜੋੜਨ ਲਗਦੀ ਹੈ: ‘ਇਕ ਗੱਲ ਤਾਂ ਦੱਸ/ਤੇਰੀ ਹਰ ਰਾਤ ਦੇ ਡਿਨਰ ਪਿੱਛੋਂ/ਕੁਝ ਮਸਾਲੇਦਾਰ ਖਾਣ ਦੀ ਆਦਤ/ਕਿਵੇਂ ਐ ਅੱਜ ਕੱਲ੍ਹ।’ ਇਸ ਲੜੀ ਦਾ ਅਗਲਾ ਰੰਗ ਹੈ: ‘ਬਾਕੀ ਗੱਲਾਂ ਛੱਡ/ਤੂੰ ਮੈਨੂੰ ਇੰਜ ਹੀ ਮਿਲ ਲੈ/ਜਿਵੇਂ ਬੰਦੇ ਨੂੰ ਬੰਦਾ ਮਿਲਦਾ ਏ।’ ਇਹ ਰੰਗ ਦਰਅਸਲ ਉਸ ਵੰਗਾਰ ਦਾ ਹੈ ਜਿਹੜੀ ਜੀਣ ਦੇ ਦਾਈਏ ਬੰਨ੍ਹਦੀ/ਬੰਨ੍ਹਾਉਂਦੀ ਹੈ। ‘ਲਕਸ਼ਮੀ’, ‘ਦਾਇਰੇ’, ‘ਕੁਲ ਮਰਿਆਦਾ’ ਆਦਿ ਕਵਿਤਾਵਾਂ ਵੰਗਾਰ ਦੇ ਬਾਣ ਚਲਾਉਂਦੀਆਂ ਹਨ। ਵੰਗਾਰ ਦੇ ਇਹ ਬਾਣ ਸ਼ਾਇਰਾ ਆਪਣੇ ਆਪ ਤੋਂ ਸ਼ੁਰੂ ਕਰਦੀ ਹੈ, ਇਸੇ ਕਰ ਕੇ ਇਸ ਵੰਗਾਰ ਵਿਚ ਸਹਿਜ ਬਹੁਤ ਸਹਿਜ ਨਾਲ ਟਿਕਿਆ ਹੋਇਆ ਪ੍ਰਤੀਤ ਹੁੰਦਾ ਹੈ। ‘ਮਿੱਟੀ’ ਵਿਚ ਇਹ ਸਹਿਜ ਲਾਜਵਾਬ ਹੈ। ਇਹ ਸਹਿਜ ਮੁਹੱਬਤ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਾ ਝੁੰਡ ਰਚਦਾ ਹੈ। ‘ਇਲਤਜਾ’ ਵਿਚ ਇਹ ਮੁਹੱਬਤ ਜੇ ਹੂੰਗਦੀ ਹੋਈ ਸੁਣਾਈ ਪੈਂਦੀ ਹੈ, ਤਾਂ ‘ਸੱਚ’ ਵਿਚ ਯਾਦਾਂ ਦਾ ਕਾਫਲਾ ਬਹੁਤ ਡੂੰਘਾ ਉਤਰ ਜਾਣ ਦੇ ਬਾਵਜੂਦ ਹਾਜ਼ਰੀ ਲਵਾਈ ਜਾਂਦਾ ਹੈ। ਸ਼ਾਇਰਾ ਜਦੋਂ ‘ਕਾਰਨ’ ਕਵਿਤਾ ਰਚ ਕੇ ਇਸ ਸਹਿਜ ਨੂੰ ਸਮੇਟਦੀ ਅਤੇ ਸਹੇਜਦੀ ਹੈ ਤਾਂ ਤਸੱਲੀ ਦੀਆਂ ਤਤੀਰੀਆਂ, ਮੱਥੇ ‘ਤੇ ਆਏ ਮੁੜ੍ਹਕੇ ਵਾਂਗ ‘ਝਾਤ’ ਆਖਣ ਲਗਦੀਆਂ ਹਨ। ਇਸ ਤੋਂ ਬਾਅਦ ਤਾਂ ਫਿਰ ‘ਅਜ਼ਮਾਇਸ਼’ ਵਿਚ ਦਰਜ ਹੋਈ ਅਗਲੀ ਤਿਆਰੀ ਦੀ ਦਸਤਕ ਆਣ ਦਰ ਠਕੋਰਦੀ ਹੈ:
ਮਨ ਦਾ ਭਾਂਡਾ, ਐਨਾ ਵੀ ਨਾ ਟੁਣਕਾਈਏ
ਕਿ ਉਹ ਟੁੱਟ ਹੀ ਜਾਏ
ਆਪਣੇ ਆਪ ਨੂੰ, ਐਨਾ ਵੀ ਨਾ ਅਜ਼ਮਾਈਏ
ਕਿ ਸਭ ਲੁੱਟ ਹੀ ਜਾਏ
ਕੁਝ ਤਾਂ ਬਚਾ ਲਈਏ
ਕਿਸੇ ਹੋਰ ਨੂੰ ਅਜ਼ਮਾਉਣ ਲਈ।
ਸੰਦੀਪ ਦੀਆਂ ਕਵਿਤਾਵਾਂ ਆਕਾਰ ਵਿਚ ਬਹੁਤ ਨਿੱਕੀਆਂ, ਪਰ ਭਾਵਾਂ ਪੱਖੋਂ ਤਰ ਹਨ। ਕਿਤੇ ਕਿਸੇ ਵਿਆਖਿਆ ਦੀ ਲੋੜ ਨਹੀਂ ਪੈਂਦੀ। ਕਵਿਤਾ ਵਿਚ ਪਰੋਏ ਭਾਵ ਜ਼ਿਹਨ ਅੰਦਰ ਥਿਕਰਦੀ ਸੋਚ ਨੂੰ ਸੁਰ ਕਰੀ ਜਾਂਦੇ ਹਨ। ਸੰਦੀਪ ਇਕ ਕਵਿਤਾ ਵਿਚ ਆਪਣੀ ਗੱਲ ਕਹਿੰਦੀ-ਕਹਿੰਦੀ ਅਗਲੀ ਕਵਿਤਾ ਦੇ ਦਰਵਾਜ਼ੇ ਉਤੇ ਜਾ ਖੜ੍ਹਦੀ ਹੈ, ਤੇ ਪਾਠਕ ਨੂੰ ਵੀ ਭੱਜ ਕੇ ਉਹਦੇ ਨਾਲ ਰਲਣਾ ਪੈਂਦਾ ਹੈ। ਇਸ ਪੋਥੀ ਵਿਚ ਕੁਝ ਕੁ ਕਵਿਤਾਵਾਂ ਮੁਕਾਬਲਤਨ ਲੰਮੀਆਂ ਵੀ ਹਨ। ਇਨ੍ਹਾਂ ਵਿਚ ਬਾਕਾਇਦਾ ਕੋਈ ਕਹਾਣੀ ਤੁਰਦੀ ਜਾਪਦੀ ਹੈ। ‘ਰਿਸ਼ਤੇ ਬਨਾਮ ਜੁੱਤੇ’ ਪੜ੍ਹ ਕੇ ਸੋਚ ਦੇ ਕਪਾਟ ਖੁੱਲ੍ਹਦੇ ਹਨ ਕਿ ਜੀਵਨ-ਕਹਾਣੀ ਇਸ ਤਰ੍ਹਾਂ ਵੀ ਬਿਆਨ ਕੀਤੀ ਜਾ ਸਕਦੀ ਹੈ! ਇਸੇ ਤਰ੍ਹਾਂ ‘ਜੀਵਨ ਜਾਚ’ ਅਤੇ ‘ਰਾਹੁਲ ਨੂੰ ਛੱਡ ਕੇ’ ਵਾਲੀਆਂ ਕਵਿਤਾਵਾਂ ਦੀ ਕਥਾ ਹੈ।
ਪਹਿਲੀ ਵਾਰ ਸੰਦੀਪ ਦੀਆਂ ਕਵਿਤਾਵਾਂ ਪੂਰੇ 13 ਸਾਲ ਪਹਿਲਾਂ ‘ਸਿਰਜਣਾ’ ਦੇ ਸਫਿਆਂ ਰਾਹੀਂ ਪਾਠਕਾਂ ਤਕ ਪੁੱਜੀਆਂ ਸਨ। ਉਦੋਂ ਪੰਜਾਬੀ ਪਾਠਕਾਂ ਅਤੇ ਸਾਹਿਤ ਦੇ ਆਲੋਚਕਾਂ ਨੇ ਇਨ੍ਹਾਂ ਸਹਿਜ ਕਵਿਤਾਵਾਂ ਦਾ ਵਾਹਵਾ ਨੋਟਿਸ ਲਿਆ ਸੀ। ਉਸ ਤੋਂ ਬਾਅਦ ਸੰਦੀਪ ‘ਰੂਹ ਦੀ ਪਰਵਾਜ਼’ ਨਾਲ ਹੁਣ ਸਾਹਿਤ ਦੇ ਵਿਹੜੇ ਵਿਚ ਆਈ ਹੈ। ‘ਰੂਹ ਦੀ ਪਰਵਾਜ਼’ ਦਾ ਖਰੜਾ ਤਿਆਰ ਹੋਣ ਅਤੇ ਪ੍ਰਕਾਸ਼ਕ ਕੋਲ ਪੁੱਜਦਾ ਹੋਣ ਦੇ ਬਾਵਜੂਦ ਜੇ ਇਹ ਪੋਥੀ ਦਾ ਰੂਪ ਧਾਰਨ ਵਿਚ ਤਕਰੀਬਨ ਡੇਢ ਦਹਾਕੇ ਦਾ ਸਮਾਂ ਲੈਂਦਾ ਹੈ ਤਾਂ ਇਹ ਬਹਿਸ ਗੋਚਰਾ ਮਸਲਾ ਬਣਦਾ ਹੈ। ਲੇਖਕ ਨੇ ਬੇਸ਼ੱਕ, ਸ਼ਬਦ ਤਾਂ ਆਪ ਹੀ ਬੀੜਨੇ ਹਨ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ; ਪੋਥੀ ਆਪ ਛਪਵਾਉਣੀ ਹੈ, ਇਹ ਗੱਲ ਵੀ ਸਮਝ ਪੈਂਦੀ ਹੈ, ਪਰ ਲੇਖਖ ਨੇ ਜੇ ਆਪਣੀ ਪੋਥੀ ਪਾਠਕਾਂ ਤਕ ਪੁੱਜਦੀ ਵੀ ਆਪ ਹੀ ਕਰਨੀ ਹੈ, ਤਾਂ ਫਿਰ ਸਵਾਲਾਂ ਦਾ ਸਵਾਲ, ਪੰਜਾਬੀ ਪ੍ਰਕਾਸ਼ਨ ਨਾਲ ਜੁੜੇ ਕਾਰੋਬਾਰ ਬਾਰੇ ਹੈ। ਇਸ ਪ੍ਰਸੰਗ ਵਿਚ ਸੰਦੀਪ ਦੀ ਕਵਿਤਾ ‘ਸੂਰਤਾਂ’ ਦੀਆਂ ਦੋ ਸਤਰਾਂ ਚੇਤੇ ਵਿਚ ਉਭਰਦੀਆਂ ਹਨ, ਲਿਖੀਆਂ ਭਾਵੇਂ ਉਹਨੇ ਕਿਸੇ ਹੋਰ ਪ੍ਰਸੰਗ ਵਿਚ ਹਨ: ‘ਹਰ ਭਿਖਾਰੀ ਨੂੰ ਤਰਸ ਨਾਲ ਨਹੀਂ ਦੇਖੀਦਾ/ਕੋਈ ਅਦਾਕਾਰ ਵੀ ਹੋ ਸਕਦੈ।’ ਅਦਾਕਾਰਾਂ ਦੀ ਦੁਨੀਆਂ ਅੰਦਰ ਇਸ ਬਾਬਤ ਹੁਣ ਕੁਝ ਹੋਰ ਕਹਿਣ ਦਾ ਕੋਈ ਮਤਲਬ ਨਹੀਂ। ਉਂਜ, ਇਸ ਪ੍ਰਸੰਗ ਵਿਚ ਸੰਦੀਪ ਦੀ ਇਕ ਹੋਰ ਕਵਿਤਾ ‘ਡਬਲ ਜੌਬ’ ਦਾ ਪਾਠ ਸ਼ਾਇਦ ਸਹਾਈ ਹੋ ਜਾਵੇ:
ਮੇਰੀ ਭੈਣ, ਅੱਠ ਘੰਟੇ ਨੌਕਰੀ ਕਰ
ਛੇ ਘੰਟੇ ਓਵਰਟਾਈਮ ਲਾਉਂਦੀ ਏ
ਥੱਕੀ ਟੁੱਟੀ ਘਰ ਆਉਂਦੀ ਏ
ਡਿੱਗਦੀ ਤੇ ਸੌਂ ਜਾਂਦੀ ਏ
ਕਹਿੰਦੀ “ਥੱਕ ਕੇ ਸੌਂਵੋ
ਤਾਂ ਸੁਪਨੇ ਨਹੀਂ ਆਉਂਦੇ
ਨਾ ਸੁਪਨੇ ਆਵਣ
ਨਾ ਟੁੱਟਣ ਤੇ ਨਾ ਤੜਫਾਵਣ।”
ਇਹ ਵਿਅੰਗ ਜਾਂ ਸੱਚ ਉਸ ਨਿਜ਼ਾਮ ਬਾਰੇ ਹੈ ਜਿਹੜਾ ਆਵਾਮ ਨੂੰ ਲਗਾਤਾਰ ਇਕੋ ਦਾਇਰੇ ਵਿਚ ਘੁਮਾ ਰਿਹਾ ਹੈ। ਇਹ ਉਹ ਨਿਜ਼ਾਮ ਹੈ ਜਿਹੜਾ ਬੰਦੇ ਨੂੰ ਅਹੁਦੇਦਾਰ ਬਣਾ ਕੇ ਸਮਾਜ ਦੇ ਸਮੁੰਦਰ ਵਿਚ ਸੁੱਟ ਦਿੰਦਾ ਹੈ: ‘ਬੰਦਾ ਬਣਨ ਤੋਰਿਆ ਸੀ/ਅਹੁਦੇਦਾਰ ਬਣ ਕੇ ਪਰਤ ਆਇਆ।’
ਸੰਦੀਪ ਦੀ ਸ਼ਾਇਰੀ ਇਥੇ ਹੀ ਰੁਕਦੀ ਨਹੀਂ। ‘ਖਾਨਾਬਦੋਸ਼’ ਕਵਿਤਾ ਦੱਸਦੀ ਹੈ: ‘ਮੈਂ ਡਰਿਆ ਕਿਉਂ ਸਾਂ/ਜਦੋਂ ਅੱਗ ਬਰਸੀ/ਉਸ ਬਸਤੀ ‘ਚ ਮੇਰਾ ਤਾਂ/ਘਰ ਹੀ ਨਹੀਂ ਸੀ।’ ਇਹ ਫਿਕਰ ਜ਼ਿੰਦਗੀ ਦੀਆਂ ਜਰਬਾਂ ਨਾਲ ਵਾਬਸਤਾ ਹੈ। ਸੰਦੀਪ ਦੀ ਕਵਿਤਾ ਦੀ ਡੋਰ ਇਸ ਫਿਕਰ ਨਾਲ ਜੁੜੀ ਹੋਈ ਹੈ। ਇਉਂ ਸੰਦੀਪ ਭਾਵਾਂ ਦਾ ਮਾਹੌਲ ਸਿਰਜਦੀ ਹੈ। ਇਨ੍ਹਾਂ ਭਾਵਾਂ ਦੀ ਵੰਨਗੀ ਪੇਸ਼ ਹੈ:
ਉਗਿਆ ਤਾਂ ਧਰਤ ‘ਤੇ ਹੀ ਹਾਂ
ਖੂਹ ਜਾਂ ਕੰਧ ‘ਤੇ ਨਹੀਂ
ਬਿਰਥਾ ਤਾਂ ਨਹੀਂ ਜਾਣ ਲੱਗਾ
ਲੱਕੜ ਹੀ ਸਹੀ, ਜੇ ਛਾਂ ਨਹੀਂ।
—
ਖੁਸ਼ੀ ਹੋਵੇ ਗਮੀ ਹੋਵੇ
ਮਹਿਫਲ ਜਾਂ ਤਨਹਾਈ
ਦਿਲ ਨੇ ਜੋ ਚਾਹਿਆ, ਉਹ ਕਦੇ ਨਾ ਕੀਤਾ।
—
ਪਿਆਰ ਦੀ ਕਸਕ
ਨੀਂਦਰ ਦੀਆਂ ਗੋਲੀਆਂ
ਨਾਲ ਨਾ ਸੁਲਾਇਆ ਕਰ
ਇੰਜ ਨਾ ਹੋਵੇ
ਕੋਈ ਖਾਬ ਵੀ ਨਾਲ ਹੀ ਸੌਂ ਜਾਵੇ।
—
ਤੇਰੇ ਸਵਾਲਾਂ ਦੇ ਜਵਾਬ ਤਾਂ ਹੀ ਦੇ ਸਕਾਂਗੀ
ਜੇ ਤੂੰ ਆਪਣੀ ਮੌਜੂਦਗੀ ਦੇ ਨਿੱਘ ਨਾਲ
ਹੋਠਾਂ ‘ਤੇ ਆ ਕੇ ਜੰਮ ਗਏ ਬੋਲਾਂ ਨੂੰ
ਪਿਘਲਾ ਸਕੇਂ।
ਡੇਢ ਦਹਾਕੇ ਦੇ ਵਕਫੇ ਪਿਛੋਂ ਇੰਨੀਆਂ ਪਿਆਰੀਆਂ ਕਵਿਤਾਵਾਂ ਲੈ ਕੇ ਆਉਣ ਵਾਲੀ ਸੰਦੀਪ ਦੀ ਅਗਲੀ ਪੋਥੀ ਦੀ ਉਡੀਕ ਤਾਂ ਹੁਣ ਹੋਣੀ ਹੀ ਹੋਈæææ।
(‘ਸਿਰਜਣਾ’ ਵਿਚੋਂ ਧੰਨਵਾਦ ਸਹਿਤ)