ਭਾਰਤ ਦੀ ਆਜ਼ਾਦੀ ਲਈ ਮੁਲਕ ਵਿਚ ਚੱਲੀਆਂ ਲਹਿਰਾਂ ਅਤੇ ਸੰਗਠਨਾਂ ਰਾਹੀਂ ਵੱਖ ਵੱਖ ਧਰਮਾਂ, ਜਾਤਾਂ, ਜਮਾਤਾਂ ਦੇ ਸੂਰਬੀਰਾਂ ਨੇ ਯੋਗਦਾਨ ਪਾਇਆ। ਇਨ੍ਹਾਂ ਵਿਚੋਂ ਇਕ ਕ੍ਰਾਂਤੀਕਾਰੀ ਸੰਗਠਨ ਸੀ- ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ। 1928 ਵਿਚ ਇਸ ਦਾ ਨਾਂ ਬਦਲ ਕੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਹੋ ਗਿਆ। ਇਸ ਸੰਗਠਨ ਵੱਲੋਂ 1923 ਤੋਂ 1936 ਤੱਕ ਅੰਗਰੇਜ਼ਾਂ ਖਿਲਾਫ ਅਨੇਕਾਂ ਹਥਿਆਰਬੰਦ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚ ਮਹੱਤਵਪੂਰਨ ਕਾਰਵਾਈ 9-10 ਅਗਸਤ 1927 ਦੀ ਰਾਤ ਨੂੰ ਕਾਕੋਰੀ ਲਾਗੇ ਰੇਲ ਗੱਡੀ ਰੋਕ ਕੇ ਸਰਕਾਰੀ ਖਜ਼ਾਨਾ ਲੁੱਟਣ ਦੀ ਸੀ। ਇਸ ਕੇਸ ਵਿਚ ਅੰਗਰੇਜ਼ ਸਰਕਾਰ ਨੇ 18 ਨੌਜਵਾਨਾਂ ਨੂੰ ਫਸਾਇਆ। ਇਨ੍ਹਾਂ ਵਿਚੋਂ 4 ਨੂੰ ਫਾਂਸੀ, 4 ਨੂੰ ਉਮਰ ਕੈਦ ਜਾਂ ਕਾਲੇ ਪਾਣੀ ਦੀ ਸਜ਼ਾ ਅਤੇ ਬਾਕੀਆਂ ਨੂੰ 5 ਤੋਂ 14 ਸਾਲ ਕੈਦ ਦੀਆਂ ਸਜ਼ਾਵਾਂ ਦਿੱਤੀਆਂ।
ਕ੍ਰਾਂਤੀਕਾਰੀ ਅਸ਼ਫਾਕ ਉੱਲ੍ਹਾ ਖਾਂ ਉਨ੍ਹਾਂ ਚਾਰ ਨੌਜਵਾਨਾਂ ਵਿਚ ਸ਼ਾਮਲ ਸੀ, ਜਿਨ੍ਹਾਂ ਇਸ ਕੇਸ ਵਿਚ ਫਾਂਸੀ ਦਾ ਰੱਸਾ ਹੱਸਦੇ ਹੋਏ ਆਪਣੇ ਗਲਾਂ ਵਿਚ ਪੁਆਇਆ। ਅਸ਼ਫਾਕ ਨੂੰ 19 ਦਸੰਬਰ 1927 ਨੂੰ ਫੈਜ਼ਾਬਾਦ ਜੇਲ੍ਹ, ਰੌਸ਼ਨ ਸਿੰਘ ਨੂੰ ਨੈਨੀ (ਅਲਾਹਬਾਦ) ਜੇਲ੍ਹ ਅਤੇ ਰਾਮ ਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਰਾਜਿੰਦਰ ਨਾਥ ਲਹਿਰੀ ਨੂੰ ਦੋ ਦਿਨ ਪਹਿਲਾਂ 17 ਦਸੰਬਰ ਨੂੰ ਗੌਂਡਾ ਜੇਲ੍ਹ ਵਿਚ ਫਾਂਸੀ ਹੋ ਗਈ ਸੀ। ਅਸ਼ਫਾਕ ਦਾ ਜਨਮ 22 ਅਕਤੂਬਰ 1900 ਨੂੰ ਸ਼ਾਹਜਹਾਨਪੁਰ (ਉਤਰ ਪ੍ਰਦੇਸ਼) ਵਿਚ ਹੋਇਆ। ਉਹ ਵਿਦਿਆਰਥੀ ਜੀਵਨ ਦੌਰਾਨ ਹੀ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਿਆ ਸੀ। ਫਾਂਸੀ ਚੜ੍ਹਨ ਵੇਲੇ ਉਹ 27 ਵਰ੍ਹਿਆਂ ਦਾ ਸੀ। ਫਾਂਸੀ ਦੇ ਤਖਤੇ ‘ਤੇ ਚੜ੍ਹਨ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਦੇਸ਼ ਵਾਸੀਆਂ ਦੇ ਨਾਂ ਜੋ ਸੰਦੇਸ਼ ਲਿਖਿਆ, ਉਹ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ। ਉਰਦੂ ਵਿਚ ਲਿਖਿਆ ਇਹ ਸੰਦੇਸ਼ ਪੜ੍ਹ ਕੇ ਪਤਾ ਲੱਗਦਾ ਹੈ ਕਿ ਕ੍ਰਾਂਤੀਕਾਰੀ ਨੌਜਵਾਨ, ਅੰਗਰੇਜ਼ਾਂ ਦੀ ਗੁਲਾਮੀ ਦੂਰ ਕਰ ਕੇ ਕਿਹੋ ਜਿਹੇ ਆਜ਼ਾਦ ਮੁਲਕ ਬਣਾਉਣਾ ਚਾਹੁੰਦੇ ਸਨ। ਇਸ ਸੰਦੇਸ਼ ਦਾ ਪੰਜਾਬੀ ਉਤਾਰਾ ਸਾਡੇ ਸਹਿਯੋਗੀ ਕੰਵਲਬੀਰ ਸਿੰਘ ਪੰਨੂੰ (ਫੋਨ: +91-98766-98068) ਨੇ ਭੇਜਿਆ ਹੈ ਜੋ ਅਸੀਂ ਰਤਾ ਕੁ ਸੰਖੇਪ ਕਰ ਕੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। -ਸੰਪਾਦਕ
ਵਤਨੀ ਭਰਾਵਾਂ ਦੀ ਖਿਦਮਤ ਵਿਚ ਉਨ੍ਹਾਂ ਦੇ ਉਸ ਭਰਾ ਦਾ ਸਲਾਮ ਪਹੁੰਚੇ ਜੋ ਉਨ੍ਹਾਂ ਦੀ ਇਜ਼ਤ ਤੇ ਪਿਆਰੇ ਵਤਨ ਦੀ ਖਾਤਰ ਫੈਜ਼ਾਬਾਦ ਜੇਲ੍ਹ ਵਿਚ ਕੁਰਬਾਨ ਹੋ ਗਿਆ। ਅੱਜ ਜਦੋਂ ਮੈਂ ਇਹ ਸੰਦੇਸ਼ ਭੇਜ ਰਿਹਾ ਹਾਂ, ਇਸ ਤੋਂ ਬਾਅਦ ਮੈਂ ਤਿੰਨ ਦਿਨ ਤੇ ਚਾਰ ਰਾਤਾਂ ਗੁਜ਼ਾਰਨੀਆਂ ਹਨ, ਫਿਰ ਮੈਂ ਹੋਵਾਂਗਾ ਪਿਆਰੇ ਵਤਨ ਦੀ ਗੋਦ ਵਿਚ। ਸਾਡੇ ਉਤੇ ਜੋ ਜੁਰਮ ਲਗਾਏ, ਉਹ ਇਸ ਤਰ੍ਹਾਂ ਲੋਕਾਂ ਸਾਹਮਣੇ ਪੇਸ਼ ਕੀਤੇ ਗਏ ਹਨ ਕਿ ਘੱਟ ਸਮਝ ਜਾਂ ਹਕੂਮਤ ਦੀਆਂ ਜੁੱਤੀਆਂ ਚੱਟਣ ਵਾਲੇ ਲੋਕ ਸਾਨੂੰ ਖੂਨੀ, ਕਾਤਿਲ ਕਹਿ ਕੇ ਬੁਲਾਉਣ। ਅੱਜ ਮੈਂ ਫਾਂਸੀ ਦੀ ਕੋਠੜੀ ਵਿਚ ਬੈਠਾ ਵੀ ਖੁਸ਼ ਹਾਂ ਤੇ ਉਨ੍ਹਾਂ ਭਰਾਵਾਂ ਦਾ ਸ਼ੁਕਰੀਆਂ ਅਦਾ ਕਰਦਾ ਹੋਇਆ ਕਹਾਂਗਾ-
ਮਰ ਮਿਟਾ ਆਪ ਪੇ ਕੌਨ
ਆਪ ਨੇ ਯਹ ਭੀ ਨਾ ਸੁਨਾ,
ਆਪ ਕੀ ਜਾਨ ਸੇ ਦੂਰ
ਆਪ ਸੇ ਸ਼ਿਕਵਾ ਹੈ ਮੁਝੇ।
ਖੈਰ! ਮੈਂ ਉਸ ਪਾਕ ਤੇ ਪਵਿਤਰ ਵਤਨ ਦੀ ਕਸਮ ਖਾ ਕੇ ਕਹਾਂਗਾ ਜਿਸ ਖਾਤਰ ਅਸੀਂ ਕੁਰਬਾਨ ਹੋ ਗਏ। ਕੀ ਇਹ ਸ਼ਰਮ ਦੀ ਗੱਲ ਨਹੀਂ ਸੀ ਕਿ ਅਸੀਂ ਆਪਣੀਆਂ ਅੱਖਾਂ ਨਾਲ ਹਰ ਰੋਜ਼ ਗਰੀਬ ਹਿੰਦੋਸਤਾਨੀਆਂ ਨੂੰ ਦੇਸ਼ ਅੰਦਰ ਅਤੇ ਬਾਹਰਲੇ ਦੇਸ਼ਾਂ ਵਿਚ ਅਨੇਕਾਂ ਜ਼ੁਲਮ ਸਹਿੰਦੇ ਹੋਏ ਜ਼ਲੀਲ ਤੇ ਅਪਮਾਨਿਤ ਹੁੰਦੇ ਦੇਖਦੇ ਹਾਂ ਜਿਨ੍ਹਾਂ ਦਾ ਨਾ ਕੋਈ ਟਿਕਾਣਾ ਤੇ ਨਾ ਕੋਈ ਸਹਾਰਾ ਹੈ। ਅਸਲ ਗੱਲ ਇਹ ਹੈ ਕਿ ਸਾਡਾ ਵਤਨ ਵੀ ਸਾਡਾ ਨਹੀਂ। ਸਾਡੇ ‘ਤੇ ਟੈਕਸਾਂ ਦੀ ਮਾਰ, ਸਾਡੀ ਮਾਲੀ ਹਾਲਤ ਦਾ ਦਿਨੋ ਦਿਨ ਡਿੱਗਦੇ ਜਾਣਾ, 33 ਕਰੋੜ ਹਿੰਦੋਸਤਾਨੀ-ਹਿੰਦੂਆਂ ਤੇ ਮੁਸਲਮਾਨਾਂ ਨੂੰ ਭੇਡਾਂ ਬੱਕਰੀਆਂ ਵਾਂਗ ਅੰਗਰੇਜ਼ ਆਕਾ ਠੋਕਰਾਂ ਮਾਰਦੇ ਹਨ, ਕੋਈ ਪੁੱਛਣ ਵਾਲਾ ਨਹੀਂ। ਜੱਲਿਆਂਵਾਲੇ ਬਾਗ ਵਿਚ ਜਨਰਲ ਡਾਇਰ ਪਰਲੋ ਲੈ ਆਵੇ, ਸਾਡੀਆਂ ਮਾਤਾਵਾਂ ਦੀ ਬੇਇਜ਼ਤੀ ਕਰੇ, ਸਾਡੇ ਬਜ਼ੁਰਗਾਂ ਅਤੇ ਬੱਚਿਆਂ Ḕਤੇ ਬੰਬਾਂ ਦੇ ਗੋਲੇ ਤੇ ਮਸ਼ੀਨਗੰਨਾਂ ਦੀਆਂ ਗੋਲੀਆਂ ਵਰਸਾਏ ਤੇ ਹਰ ਨਵਾਂ ਦਿਨ ਸਾਡੇ ਲਈ ਨਵੀਂ ਮੁਸੀਬਤ ਲੈ ਕੇ ਆਵੇ-ਫਿਰ ਵੀ ਅਸੀਂ ਬੇਪ੍ਰਵਾਹ ਗਾਫਿਲ ਰਹੀਏ ਤੇ ਐਸ਼ੋ-ਅਰਾਮ ਵਿਚ ਜਵਾਨੀ ਗੁਜ਼ਾਰੀਏ?
ਆਹ! ਕੀ ਇਸ ਤਰ੍ਹਾਂ ਦੇ ਦੌਰ ਦੀ ਜ਼ਿੰਦਗੀ ਨੂੰ ਪਿਆਰ ਕੀਤਾ ਜਾ ਸਕਦਾ ਹੈ? ਜਦੋਂ ਕਿ ਸਾਡੇ ਹੀ ਰਾਜਨੀਤਕ ਸਮੂਹਾਂ ਵਿਚ ਝਗੜੇ ਪਏ ਹੋਣ। ਕੋਈ ਤਬਲੀਗ (ਇਸਲਾਮ ਦਾ ਪ੍ਰਚਾਰ ਕਰਨ ਵਾਲਾ ਸੰਗਠਨ) ਦਾ ਦਿਲਦਾਦਾ ਹੈ ਤੇ ਕੋਈ ਸ਼ੁੱਧੀ ਲਈ ਮਰ ਮਿਟਣ ਨੂੰ ਹੀ ਮੁਕਤੀ ਦਾ ਸਾਧਨ ਸਮਝ ਰਿਹਾ ਹੈ। ਮੈਨੂੰ ਇਨ੍ਹਾਂ ਰਾਜਨੀਤਕ ਗਿਆਨੀਆਂ ਦੀ ਅਕਲ ਅਤੇ ਦਿਮਾਗਾਂ ‘ਤੇ ਤਰਸ ਆ ਰਿਹਾ ਹੈ। ਕਾਸ਼! ਉਹ ਮਿਸਰ ਦੀ ਆਜ਼ਾਦੀ ਦੀ ਜੱਦੋਜਹਿਦ ਦੌਰਾਨ ਮਿਸਰੀਆਂ ਦੇ ਕਾਰਨਾਮੇ ਤੇ ਬਰਤਾਨਵੀ ਸਿਆਸੀ ਚਾਲਾਂ ਸਟੱਡੀ ਕਰ ਲੈਣ ਅਤੇ ਫਿਰ ਭਾਰਤ ਦੇ ਮੌਜੂਦਾ ਹਾਲਾਤ ਨਾਲ ਤੁਲਨਾ ਤੇ ਮੁਕਾਬਲਾ ਕਰਨ ਕਿ ਕੀ ਇਸ ਵੇਲੇ ਉਹੀ ਹਾਲਾਤ ਨਹੀਂ ਹਨ? ਸਰਕਾਰ ਦੇ ਖੁਫੀਆਂ ਏਜੰਟ ਮਜ਼ਹਬੀ ਬੁਨਿਆਦ ‘ਤੇ ਪ੍ਰਾਪੇਗੰਡਾ ਫੈਲਾ ਰਹੇ ਹਨ। ਇਨ੍ਹਾਂ ਲੋਕਾਂ ਦਾ ਮਕਸਦ ਮਜ਼ਹਬ ਦੀ ਤਰੱਕੀ ਜਾਂ ਹਿਫਾਜ਼ਤ ਨਹੀਂ, ਬਲਕਿ ਚੱਲਦੀ ਗੱਡੀ ਅੱਗੇ ਰੋੜੇ ਅਟਕਾਉਣਾ ਹੈ। ਮੇਰੇ ਕੋਲ ਸਮਾਂ ਨਹੀਂ ਤੇ ਨਾ ਹੀ ਮੌਕਾ ਹੈ ਕਿ ਸਾਰਾ ਕੱਚਾ ਚਿੱਠਾ ਖੋਲ੍ਹ ਕੇ ਰੱਖ ਸਕਾਂ ਜੋ ਕੁਝ ਮੈਨੂੰ ਫਰਾਰੀ ਦੇ ਸਮੇਂ ਅਤੇ ਉਸ ਤੋਂ ਬਾਅਦ ਪਤਾ ਲੱਗਾ ਹੈ। ਮੌਲਵੀ ਨਿਆਮਤ ਉਲ੍ਹਾ ਕਾਦਿਆਨੀ ਕੌਣ ਸੀ ਜਿਹਨੂੰ ਕਾਬੁਲ ਵਿਚ ਪੱਥਰਾਂ ਨਾਲ ਮਾਰ (ਸੰਗਸਾਰ) ਦਿੱਤਾ ਸੀ। ਉਹ ਬਿਟ੍ਰਿਸ਼ ਏਜੰਟ ਸੀ ਜਿਸ ਕੋਲ ਸਾਡੇ ਕਰਮ ਫਰਮਾ ਖਾਨ ਬਹਾਦੁਰ ਤਸਦੁਦਕ ਹੁਸੈਨ ਸਾਹਿਬ ਡਿਪਟੀ ਸੁਪਰਡੈਂਟ ਸੀæਆਈæਡੀæ ਗੌਰਮਿੰਟ ਆਫ ਇੰਡੀਆ ਸੰਦੇਸ਼ ਲੈ ਕੇ ਗਏ ਸਨ, ਪਰ ਕਾਬੁਲ ਦੀ ਚਤੁਰ ਹਕੂਮਤ ਨੇ ਛੇਤੀ ਹੀ ਇਲਾਜ ਕਰ ਦਿੱਤਾ ਅਤੇ ਬਿਮਾਰੀ ਨੂੰ ਅੱਗੇ ਨਾ ਫੈਲਣ ਦਿੱਤਾ। ਮੈਂ ਆਪਣੇ ਹਿੰਦੂ ਤੇ ਮੁਸਲਮਾਨ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਰਾ ਢੌਂਗ ਸੀæਆਈæਡੀ ਦੇ ਖੁਫੀਆ ਖਜ਼ਾਨੇ ਨਾਲ ਰਚਿਆ ਗਿਆ ਸੀ।
ਮੈਂ ਵਤਨ ਲਈ ਮਰ ਰਿਹਾ ਹਾਂ। ਮੇਰਾ ਫਰਜ਼ ਹੈ ਕਿ ਹਰ ਚੰਗੀ ਮਾੜੀ ਗੱਲ ਭਰਾਵਾਂ ਤੱਕ ਪਹੁੰਚਾ ਦੇਵਾਂ, ਮੰਨਣਾ ਜਾਂ ਨਾ ਮੰਨਣਾ ਉਨ੍ਹਾਂ ਦਾ ਕੰਮ ਹੈ। ਭਰਾਵੋ! ਤੁਹਾਡੀ ਖਾਨਾਜੰਗੀ ਅਤੇ ਆਪਸੀ ਫੁੱਟ ਤੁਹਾਡੇ ਦੋਵਾਂ ਵਿਚੋਂ ਕਿਸੇ ਲਈ ਵੀ ਫਾਇਦੇਮੰਦ ਨਹੀਂ ਹੋਵੇਗੀ। ਇਹ ਨਾਮੁਮਕਿਨ ਹੈ ਕਿ 7 ਕਰੋੜ ਮੁਸਲਮਾਨ ਸ਼ੁੱਧ ਹੋ ਜਾਣ ਅਤੇ ਇਹ ਵੀ ਨਿਰਾਰਥਕ ਗੱਲ ਹੈ ਕਿ 22 ਕਰੋੜ ਹਿੰਦੂ ਮੁਸਲਮਾਨ ਬਣਾ ਲਏ ਜਾਣ, ਪਰ ਇਹ ਬਿਲਕੁਲ ਅਸਾਨ ਹੈ ਕਿ ਸਭ ਮਿਲ ਕੇ ਗੁਲਾਮੀ ਦੀ ਜ਼ੰਜੀਰ ਹਮੇਸ਼ਾ ਲਈ ਗਲੇ ਪਾ ਲੈਣ। ਇਹ ਉਹ ਕੌਮ ਹੈ ਜਿਸ ਦਾ ਕੋਈ ਕੌਮੀ ਝੰਡਾ ਨਹੀਂ-ਤੇਰਾ ਵਤਨ ਵੀ ਤੇਰਾ ਨਹੀਂ। ਦੂਸਰਿਆਂ ਵੱਲ ਹੱਥ ਫੈਲਾ ਕੇ ਰਹਿਮ ਦੀ ਆਸ ਰੱਖਣ ਵਾਲੀ ਬੇਵੱਸ ਕੌਮ ਇਹ ਤੇਰੀਆਂ ਗਲਤੀਆਂ ਦਾ ਨਤੀਜਾ ਹੈ ਕਿ ਅੱਜ ਤੂੰ ਗੁਲਾਮ ਹੈਂ ਅਤੇ ਫਿਰ ਉਹੀ ਗਲਤੀਆਂ ਕਰ ਰਹੀ ਹੈਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਲਾਮੀ ਦਾ ਧੱਬਾ ਛੱਡ ਜਾਵੇਂਗੀ ਕਿ ਸਰਜ਼ਮੀਨ ਹਿੰਦ ‘ਤੇ ਜੋ ਵੀ ਕਦਮ ਰੱਖੇਗਾ, ਗੁਲਾਮੀ ਵਿਚ ਰੱਖੇਗਾ ਅਤੇ ਗੁਲਾਮ ਬਣੇਗਾ।
ਕਾਂਗਰਸ ਵਾਲੇ ਹੋਣ ਕਿ ਸਵਰਾਜ ਵਾਲੇ, ਤਬਲੀਗ ਵਾਲੇ ਹੋਣ ਕਿ ਸ਼ੁਧੀ ਵਾਲੇ, ਕਮਿਊਨਿਸਟ ਹੋਣ ਕਿ ਕ੍ਰਾਂਤੀਕਾਰੀ, ਅਕਾਲੀ ਹੋਣ ਕਿ ਬੰਗਾਲੀ, ਮੇਰਾ ਸੰਦੇਸ਼ ਵਤਨ ਦੇ ਹਰ ਫਰਜ਼ੰਦ ਤੱਕ ਪਹੁੰਚੇ। ਮੈਂ ਹਰ ਸ਼ਖਸ ਨੂੰ ਉਸ ਦੀ ਇਜ਼ਤ ਜਾਂ ਮਜ਼ਹਬ ਦਾ ਵਾਸਤਾ ਦਿੰਦਾ ਹਾਂ। ਅਗਰ ਉਹ ਮਜ਼ਹਬ ਦਾ ਕਾਇਲ ਨਹੀਂ ਤਾਂ ਉਸ ਦੀ ਜ਼ਮੀਰ ਨੂੰ ਅਤੇ ਜਿਸ ਨੂੰ ਉਹ ਮੰਨਦਾ ਹੋਵੇ, ਅਪੀਲ ਕਰਦਾ ਹਾਂ ਕਿ ਸਾਡੇ ਕਾਕੋਰੀ ਕੇਸ ਵਿਚ ਮਰ ਜਾਣ ਵਾਲੇ ਨੌਜਵਾਨਾਂ ‘ਤੇ ਤਰਸ ਖਾਉ। ਹਿੰਦੋਸਤਾਨ ਨੂੰ ਫਿਰ 1920-21 ਵਾਲਾ ਹਿੰਦੋਸਤਾਨ ਬਣਾ ਦਿਉ। ਤਬਲੀਗ ਅਤੇ ਸ਼ੁੱਧੀ ਵਾਲੇ ਖੁਦਗਰਜੋ! ਅੱਖਾਂ ਖੋਲ੍ਹੋ, ਕਿਥੇ ਸੀ ਅਤੇ ਕਿਥੇ ਪਹੁੰਚ ਗਏ। ਇਕ ਕੰਮ ਅਧੂਰਾ ਛੱਡ ਕੇ ਦੂਜੇ ਬੰਨੇ ਮੁੜ ਗਏ। ਅੱਜ ਕੌਣ ਐਸਾ ਹਿੰਦੂ ਜਾਂ ਮੁਸਲਮਾਨ ਹੈ ਜੋ ਮਜ਼ਹਬੀ ਆਜ਼ਾਦੀ ਉਸ ਤਰ੍ਹਾਂ ਰੱਖਦਾ ਹੈ ਜਿੰਨਾ ਉਸ ਦਾ ਹੱਕ ਹੈ? ਕੀ ਗੁਲਾਮ ਕੌਮ ਦਾ ਵੀ ਕੋਈ ਧਰਮ ਹੁੰਦਾ ਹੈ? ਤੁਸੀਂ ਆਪਣੇ ਮਜ਼ਹਬ ਦਾ ਕੀ ਸੁਧਾਰ ਕਰ ਸਕਦੇ ਹੋ? ਤੁਸੀਂ ਖੁਦਾ ਦੀ ਇਬਾਦਤ ਆਜ਼ਾਦੀ ਅਤੇ ਸ਼ਾਂਤੀ ਨਾਲ ਕਰੋ। ਪਹਿਲਾਂ ਹਿੰਦੋਸਤਾਨ ਆਜ਼ਾਦ ਕਰਾਉ, ਫਿਰ ਕੁਝ ਹੋਰ ਸੋਚਣਾ।
ਕਮਿਊਨਿਸਟ ਗਰੁਪ ਨੂੰ ਅਸ਼ਫਾਕ ਦੀ ਬੇਨਤੀ ਹੈ ਕਿ ਤੁਸੀਂ ਗੈਰਮੁਲਕੀ ਅੰਦੋਲਨ ਨੂੰ ਜਦੋਂ ਹਿੰਦੋਸਤਾਨ ਲੈ ਆਏ ਹੋ ਤਾਂ ਤੁਸੀਂ ਆਪਣੇ ਆਪ ਨੂੰ ਗੈਰਮੁਲਕੀ ਹੀ ਤਸੱਵਰ ਕਰਦੇ ਹੋ, ਦੇਸੀ ਚੀਜ਼ਾਂ ਨਾਲ ਨਫਰਤ, ਵਿਦੇਸ਼ੀ ਪੌਸ਼ਾਕ ਤੇ ਰਹਿਣ-ਸਹਿਣ ਦੇ ਪ੍ਰੇਮੀ ਹੋ, ਇਸ ਨਾਲ ਕੰਮ ਨਹੀਂ ਚੱਲੇਗਾ। ਆਪਣੇ ਅਸਲੀ ਰੰਗ ਵਿਚ ਆ ਜਾਉ। ਦੇਸ਼ ਲਈ ਮਰੋ, ਦੇਸ਼ ਲਈ ਜੀਉ। ਮੈਂ ਤੁਹਾਡੇ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਅਤੇ ਕਹਾਂਗਾ ਕਿ ਮੇਰਾ ਦਿਲ ਗਰੀਬ ਕਿਸਾਨਾਂ ਅਤੇ ਦੁਖੀ ਮਜ਼ਦੂਰਾਂ ਲਈ ਹਮੇਸ਼ਾ ਦੁਖੀ ਰਿਹਾ ਹੈ। ਮੈਂ ਆਪਣੀ ਫਰਾਰੀ (ਰੂਪੋਸ਼ੀ) ਦੌਰਾਨ ਇਨ੍ਹਾਂ ਦੀ ਹਾਲਤ ਵੇਖ ਕੇ ਅਕਸਰ ਰੋਂਦਾ ਸੀ। ਮੈਨੂੰ ਪੁੱਛੋ ਤਾਂ ਮੈਂ ਕਹਾਂਗਾ ਕਿ ਮੇਰੇ ਵੱਸ ਹੋਵੇ ਤਾਂ ਮੈਂ ਦੁਨੀਆਂ ਦੀ ਹਰ ਮੁਮਕਿਨ ਚੀਜ਼ ਇਨ੍ਹਾਂ ਨੂੰ ਦੇ ਦਿਆਂ। ਸਾਡੇ ਸ਼ਹਿਰਾਂ ਦੀ ਰੌਣਕ ਇਨ੍ਹਾਂ ਕਰ ਕੇ ਹੈ। ਇਨ੍ਹਾਂ ਦੀ ਵਜ੍ਹਾ ਨਾਲ ਹੀ ਸਾਡੇ ਕਾਰਖਾਨੇ ਆਬਾਦ ਹਨ। ਸਾਡੇ ਨਲਕਿਆਂ ਤੇ ਖੂਹਾਂ ਵਿਚੋਂ ਪਾਣੀ ਇਨ੍ਹਾਂ ਦੇ ਹੱਥ ਹੀ ਕੱਢਦੇ ਹਨ। ਗਰਜ ਦੀ ਦੁਨੀਆਂ ਦਾ ਹਰ ਕੰਮ ਇਨ੍ਹਾਂ ਦੀ ਵਜ੍ਹਾ ਨਾਲ ਹੀ ਹੁੰਦਾ ਹੈ। ਕਿਸਾਨ ਮੋਹਲੇਧਾਰ ਵਰ੍ਹਦੇ ਮੀਂਹ, ਜੇਠ ਹਾੜ੍ਹ ਦੀਆਂ ਧੁੱਪਾਂ ਵਿਚ ਖੇਤਾਂ ਵਿਚ ਕੰਮ ਕਰ ਕੇ, ਜੰਗਲ ਗਾਹੁੰਦੇ ਨੇ ਤੇ ਸਾਡੇ ਲਈ ਅਨਾਜ ਪੈਦਾ ਕਰਦੇ ਹਨ। ਜੋ ਉਹ ਪੈਦਾ ਕਰਦੇ, ਬਣਾਉਂਦੇ ਹਨ, ਉਸ ਵਿਚ ਉਨ੍ਹਾਂ ਦਾ ਹਿੱਸਾ ਨਹੀਂ ਹੁੰਦਾ। ਹਮੇਸ਼ਾ ਦੁੱਖ ਤੇ ਤੰਗੀ ਭਰਿਆ ਜੀਵਨ ਜਿਉਣ ਲਈ ਮਜਬੂਰ ਹੁੰਦੇ ਹਨ। ਮੈਂ ਇਸ ਨਾਲ ਸਹਿਮਤ ਹਾਂ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ ਜ਼ਿੰਮੇਵਾਰ ਸਾਡੇ ਗੋਰੇ ਮਾਲਿਕ (ਅੰਗਰੇਜ਼) ਅਤੇ ਉਨ੍ਹਾਂ ਦੇ ਏਜੰਟ ਹਨ, ਪਰ ਇਸ ਦਾ ਇਲਾਜ ਹੈ ਕਿ ਉਨ੍ਹਾਂ ਨੂੰ ਉਸ ਹਾਲਤ ਵਿਚ ਲੈ ਆਈਏ ਕਿ ਉਹ ਮਹਿਸੂਸ ਕਰਨ ਕਿ ਉਹ ਕੀ ਹਨ। ਇਸ ਦਾ ਵਾਹਿਦ ਤਰੀਕਾ ਹੈ ਕਿ ਤੁਸੀਂ ਉਨ੍ਹਾਂ ਵਰਗੇ ਤੌਰ-ਤਰੀਕੇ ਅਖਤਿਆਰ ਕਰੋ, ਜੈਂਟਲਮੈਨੀਆਂ ਛੱਡ ਕੇ ਪਿੰਡਾਂ ਦੇ ਚੱਕਰ ਲਗਾਉ। ਕਾਰਖਾਨਿਆਂ ਵਿਚ ਡੇਰੇ ਲਾਉ ਅਤੇ ਉਨ੍ਹਾਂ ਦੇ ਹਾਲਾਤ ਜਾਣੋ ਤੇ ਉਨ੍ਹਾਂ ਵਿਚ ਜਾਗਰਿਤੀ ਪੈਦਾ ਕਰੋ। ਤੁਸੀਂ ਕੈਥਰੀਨ, ਗਰੈਂਡ ਮਦਰ ਆਫ ਰਸ਼ੀਆ ਦੀ ਜੀਵਨੀ ਪੜ੍ਹੋ ਅਤੇ ਉਥੋਂ ਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਵੇਖੋ। ਤੁਸੀ ਕਾਲਰ, ਟਾਈ ਤੇ ਸੂਟ-ਬੂਟ ਪਾ ਕੇ ਲੀਡਰ ਜ਼ਰੂਰ ਬਣ ਸਕਦੇ ਹੋ, ਪਰ ਕਿਸਾਨਾਂ, ਮਜ਼ਦੂਰਾਂ ਲਈ ਫਾਇਦੇਮੰਦ ਸਾਬਤ ਨਹੀਂ ਹੋ ਸਕਦੇ। ਇਸ ਧਰਤੀ ਨਾਲ ਜੁੜੀਆਂ ਰਾਜਨੀਤਿਕ ਜਮਾਤਾਂ ਨਾਲ ਰਲ ਕੇ ਕੰਮ ਕਰੋ ਤੇ ਆਪਣੀ ਖੁਦਗਰਜੀ ਤੋਂ ਕਿਨਾਰਾ ਕਰੋ। ਇਹੀ ਤੁਹਾਨੂੰ ਦੂਜੀਆਂ ਜਮਾਤਾਂ ਤੋਂ ਵੱਖ ਕਰਦੀ ਹੈ। ਮੇਰੇ ਦਿਲ ਵਿਚ ਤੁਹਾਡੀ ਇੱਜਤ ਹੈ ਅਤੇ ਮੈਂ ਮਰਦਾ ਹੋਇਆ ਵੀ ਤੁਹਾਡੇ ਸਿਆਸੀ ਉਦੇਸ਼ ਨਾਲ ਸਹਿਮਤ ਹਾਂ। ਮੈਂ ਹਿੰਦੋਸਤਾਨ ਦੀ ਐਸੀ ਆਜ਼ਾਦੀ ਦਾ ਖਾਹਿਸ਼ਮੰਦ ਸੀ ਜਿਸ ਵਿਚ ਗਰੀਬ ਖੁਸ਼ ਤੇ ਆਰਾਮ ਨਾਲ ਰਹਿਣ। ਮੇਰੇ ਕਾਮਰੇਡੋ! ਮੇਰੇ ਕ੍ਰਾਂਤੀਕਾਰੀ ਭਰਾਉ! ਤੁਹਾਨੂੰ ਮੈਂ ਕੀ ਲਿਖਾਂ ਤੇ ਕੀ ਕਹਾਂ। ਕੀ ਤੁਹਾਡੇ ਲਈ ਘੱਟ ਪ੍ਰਸੰਨਤਾ ਦੀ ਗੱਲ ਹੋਵੇਗੀ, ਜਦੋਂ ਤੁਸੀ ਸੁਣੋਗੇ ਕਿ ਤੁਹਾਡਾ ਇਕ ਭਰਾ ਹੱਸਦਾ ਹੋਇਆ ਫਾਂਸੀ ਚੜ੍ਹ ਗਿਆ? ਮੈਂ ਤੁਹਾਡੇ ਅੰਦਰਲੇ ਜਜ਼ਬੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਨੂੰ ਵੀ ਫਖਰ ਹੈ ਕਿ ਸੱਚਾ ਕ੍ਰਾਂਤੀਕਾਰੀ ਹੋ ਕੇ ਮਰ ਰਿਹਾ ਹਾਂ। ਮੈਂ ਖੁਸ਼ ਹਾਂ, ਮੈਂ ਉਸ ਸਿਪਾਹੀ ਵਾਂਗ ਹਾਂ ਜੋ ਫਾਇਰਿੰਗ ਲਾਈਨ Ḕਤੇ ਜਾ ਰਿਹਾ ਹੋਵੇ ਅਤੇ ਹਨੇਰੇ ਮੋਰਚੇ ਵਿਚ ਬੈਠਾ ਗਾ ਰਿਹਾ ਹੋਵੇ। ਤੁਹਾਨੂੰ ਦੋ ਸ਼ੇਅਰ ਹਸਰਤ ਮੋਹਿਨੀ ਸਾਹਿਬ ਦੇ ਲਿਖ ਰਿਹਾ ਹਾਂ:
ਜਾਨ ਕੋ ਮਹਵੇ ਗਮ ਬਨਾ
ਦਿਲ ਕੋ ਵਫਾ ਨਿਹਾਦ ਕਰ,
ਬੰਦ-ਏ-ਇਸ਼ਕ ਹੈ ਤੋ,
ਯੂੰ ਕਤਾ ਰਹੇ ਮੁਰਾਦ ਕਰ।
ਏ ਕਿ ਨਿਜਾਤੇ ਹਿੰਦ ਕੀ,
ਦਿਲ ਸੇ ਹੈ ਤੁਝ ਕੋ ਆਰਜ਼ੂ
ਹਿੰਮਤੇ ਸਰ ਬੁਲੰਦ ਸੇ ਯਾਸ
ਯਾ ਇੰਸਦਾਦ ਕਾ।
ਹਜ਼ਾਰਾਂ ਦੁਖ ਆਉਣ, ਭਿਅੰਕਰ ਸਮੁੰਦਰੀ ਤੂਫਾਨ ਕਿਉਂ ਨਾ ਆਉਣ, ਅੱਗ ਦੇ ਪਹਾੜ ਕਿਉਂ ਨਾ ਡਿਗ ਪੈਣ, ਐ ਆਜ਼ਾਦੀ ਦੇ ਪਰਵਾਨਿਉ! ਤੁਸੀਂ ਆਪਣੇ ਗਰਮ ਲਹੂ ਨੂੰ ਮਾਤਰ ਭੂਮੀ ‘ਤੇ ਛਿੜਕਦੇ ਹੋਏ ਦੇਸ਼ ਤੋਂ ਜਾਨਾਂ ਕੁਰਬਾਨ ਕਰਦੇ ਹੋਏ ਅੱਗੇ ਵਧਦੇ ਜਾਇਉ। ਕੀ ਤੁਸੀਂ ਖੁਸ਼ ਨਾ ਹੋਵੋਗੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਹੱਸਦੇ ਹੋਏ ਸ਼ਹੀਦ ਹੋਏ ਹਾਂ। ਮੇਰਾ ਭਾਰ ਜ਼ਰੂਰ ਘਟ ਗਿਆ ਹੈ, ਪਰ ਇਹ ਘੱਟ ਖਾਣ ਨਾਲ ਹੋਇਆ ਹੈ, ਕਿਸੇ ਡਰ ਜਾਂ ਦਹਿਸ਼ਤ ਦੀ ਵਜ੍ਹਾ ਨਾਲ ਨਹੀਂ ਹੋਇਆ। ਕੀ ਮੇਰੇ ਲਈ ਇਸ ਤੋਂ ਵੱਧ ਕੋਈ ਇੱਜਤ ਹੋ ਸਕਦੀ ਹੈ ਕਿ ਸਭ ਤੋਂ ਪਹਿਲਾ ਮੁਸਲਮਾਨ ਹਾਂ ਜੋ ਆਜ਼ਾਦੀ-ਏ-ਵਤਨ ਦੀ ਖਾਤਿਰ ਫਾਂਸੀ ਲੱਗ ਰਿਹਾ ਹਾਂ। ਮੇਰੇ ਭਰਾਵੋ! ਮੇਰਾ ਸਲਾਮ ਲਉ ਅਤੇ ਨਾ-ਮੁਕੰਮਲ ਕੰਮ ਜੋ ਸਾਡੇ ਤੋਂ ਰਹਿ ਗਿਆ ਹੈ, ਤੁਸੀਂ ਪੂਰਾ ਕਰਨਾ ਹੈ। ਤੁਹਾਡੇ ਲਈ ਯੂæਪੀæਵਿਚ ਮੈਦਾਨ-ਏ-ਅਮਲ ਤਿਆਰ ਕਰ ਦਿੱਤਾ ਹੈ, ਅੱਗੇ ਤੁਹਾਡਾ ਕੰਮ ਜਾਣੇ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਨੌਜਵਾਨ ਸਾਡੇ ਵੱਲ ਭੱਜੇ ਆ ਰਹੇ ਹਨ, ਹੁਣ ਤੁਹਾਨੂੰ ਬਹੁਤੇ ਸਮੇਂ ਤੱਕ ਕੋਈ ਦਿੱਕਤ ਨਹੀਂ ਰਹੇਗੀ।
ਉਠੋ ਉਠੋ ਸੋ ਰਹੇ ਹੋ ਨਾਹਕ
ਪਯਾਮੇ ਬਾਂਗੇ ਜਰਸ ਤੋ ਸੁਨ ਲੋ।
ਬੜ੍ਹੋ ਕੇ ਕੋਈ ਬੁਲਾ ਰਹਾ ਹੈ
ਨਿਸ਼ਾਨ-ਏ-ਮੰਜ਼ਿਲ ਦਿਖਾ ਦਿਖਾ ਕਰ।
ਜ਼ਿਆਦਾ ਕੀ ਲਿਖਾਂ? ਕਮਰਕੱਸੇ ਕਰ ਕੇ ਮੈਦਾਨੇ ਅਮਲ ਵਿਚ ਆ ਜਾਉ। ਖੁਦਾ ਤੁਹਾਡੇ ਨਾਲ ਹੋਵੇ। ਮੈਦਾਨ ਦੇ ਸਿਆਸੀ ਲੀਡਰੋ! ਮੇਰਾ ਸਲਾਮ ਕਬੂਲ ਕਰੋ ਅਤੇ ਸਾਨੂੰ ਉਸ ਨਜ਼ਰ ਨਾਲ ਨਾ ਵੇਖਣਾ ਜਿਸ ਨਜ਼ਰ ਨਾਲ ਵਤਨ ਦੁਸ਼ਮਣ ਤੇ ਕੌਮ ਵਿਰੋਧੀ ਵੇਖਦੇ ਸੀ। ਨਾ ਅਸੀਂ ਡਾਕੂ ਸੀ ਤੇ ਨਾ ਕਾਤਿਲ:
ਕਹਾਂ ਗਿਆ ਕੋਹੇਨੂਰ ਹੀਰਾ,
ਕਿਧਰ ਗਈ ਮੇਰੀ ਹਾਏ ਮੇਰੀ ਦੌਲਤ,
ਵਹ ਸਭ ਕਾ ਸਭ ਲੂਟ ਕਰ
ਉਲਟਾ ਹਮੀਂ ਕੋ ਬਤਾ ਰਹਾ ਹੈਂ ਡਾਕੂ।
ਸਾਨੂੰ ਦਿਨ ਦਿਹਾੜੇ ਲੁੱਟਿਆ ਤੇ ਡਾਕੂ ਵੀ ਅਸੀਂ, ਸਾਡੇ ਭੈਣਾਂ-ਭਰਾਵਾਂ ਤੇ ਬੱਚਿਆਂ ਨੂੰ ਜੱਲਿਆਂਵਾਲੇ ਬਾਗ ਵਿਚ ਭੁੰਨ ਦਿੱਤਾ ਅਤੇ ਕਾਤਿਲ ਵੀ ਸਾਨੂੰ ਹੀ ਕਿਹਾ ਗਿਆ। ਜੇ ਅਸੀਂ ਇਹ ਹਾਂ ਤਾਂ ਉਨ੍ਹਾਂ ਨੂੰ ਕੀ ਖਿਤਾਬ ਦਿੱਤਾ ਜਾਵੇ ਜਿਨ੍ਹਾਂ ਨੇ ਹਿੰਦੋਸਤਾਨ ਦਾ ਸੁਹਾਗ ਲੁੱਟਿਆ, ਜਿਨ੍ਹਾਂ ਨੇ ਲੱਖਾਂ ਬਹਾਦਰਾਂ ਨੂੰ ਆਪਣੀ ਗਰਜ ਲਈ ਮੈਸੋਪਟਾਮੀਆ ਅਤੇ ਫਰਾਂਸ ਦੇ ਮੈਦਾਨਾਂ ਵਿਚ ਸਦਾ ਲਈ ਸੁਆ ਦਿੱਤਾ। ਖੂੰਖਾਰ ਜਾਨਵਰ, ਜ਼ਾਲਿਮ ਦਰਿੰਦੇ ਉਹ ਹਨ ਜਾਂ ਅਸੀਂ? ਅਸੀਂ ਬੇਵਸ ਸਾਂ, ਕਮਜ਼ੋਰ ਸਾਂ, ਸਭ ਕੁਝ ਸੁਣ ਲਿਆ। ਏ ਵਤਨੀ ਭਰਾਵੋ! ਫਿਰ ਇਕੱਠੇ ਹੋ ਜਾਉ! ਮੈਦਾਨ-ਏ-ਅਮਲ ਵਿਚ ਕੁੱਦ ਕੇ ਮੁਕੰਮਲ ਆਜ਼ਾਦੀ ਦਾ ਐਲਾਨ ਕਰ ਦਿਉ। ਚੰਗਾ ਹੁਣ ਰੁਖਸਤ ਹੁੰਦਾ ਹਾਂ ਅਤੇ ਹਮੇਸ਼ਾ ਲਈ ਖੈਰਬਾਦ ਕਹਿੰਦਾ ਹਾਂ। ਖੁਦਾ ਤੁਹਾਡੇ ਅੰਗ-ਸੰਗ ਹੋਵੇ ਤੇ ਫਿਜ਼ਾ-ਏ-ਹਿੰਦ ਵਿਚ ਆਜ਼ਾਦੀ ਦਾ ਝੰਡਾ ਜਲਦੀ ਲਹਿਰਾਵੇ।
ਮੇਰੇ ਕੋਲ ਨਾ ਉਹ ਤਾਕਤ ਹੈ ਕਿ ਹਿਮਾਲਾ ਦੀ ਟੀਸੀ ‘ਤੇ ਚੜ੍ਹ ਕੇ ਐਸੀ ਆਵਾਜ਼ ਦੇਵਾਂ ਜੋ ਹਰ ਸ਼ਖਸ ਨੂੰ ਜਾਗ੍ਰਿਤ ਕਰ ਦੇਵੇ ਅਤੇ ਨਾ ਉਹ ਸਾਧਨ ਹੈ ਕਿ ਜਿਸ ਨਾਲ ਤੁਹਾਡੇ ਦਿਲ-ਮੁਸ਼ਤਾਇਲ (ਭੜਕਾਉਣਾ) ਕਰ ਦੇਵਾਂ ਕਿ ਤੁਸੀਂ ਉਸੇ ਜੋਸ਼ ਨਾਲ ਅੱਗੇ ਵਧ ਕੇ ਖੜ੍ਹੇ ਹੋ ਜਾਉ ਜਿਸ ਤਰ੍ਹਾਂ 1920-21 ਵਿਚ ਸੀ। ਮੈਂ ਆਪਣੇ ਉਨ੍ਹਾਂ ਭਰਾਵਾਂ ਤੋਂ ਵੀ ਰੁਖਸਤ ਹੁੰਦਾ ਹਾਂ ਜਿਨ੍ਹਾਂ ਨੇ ਸਾਡੀ ਮਦਦ ਜ਼ਾਹਰਾ ਤੌਰ ‘ਤੇ ਜਾਂ ਪਰਦੇ ਪਿੱਛੇ ਕੀਤੀ। ਯਕੀਨ ਦਿਵਾਉਂਦਾ ਹਾਂ ਕਿ ਅਸ਼ਫਾਕ ਆਖਰੀ ਦਮ ਤੱਕ ਸੱਚਾ ਰਹਿ ਕੇ ਖੁਸ਼ੀ ਖੁਸ਼ੀ ਮਰ ਗਿਆ ਤੇ ਵਤਨ ਨਾਲ ਬੇਈਮਾਨੀ ਦਾ ਕੋਈ ਵੀ ਇਲਜ਼ਾਮ ਨਹੀਂ ਲੱਗਣ ਦਿੱਤਾ। ਵਤਨੀ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਮੇਰੇ ਬਾਅਦ ਮੇਰੇ ਭਰਾਵਾਂ ਨੂੰ ਸਮੇਂ ਨਾਲ ਨਾ ਭੁਲਾਉਣਾ, ਉਨ੍ਹਾਂ ਦਾ ਖਿਆਲ ਰੱਖਣਾ ਤੇ ਮਦਦ ਕਰਨਾ।
ਵਤਨ ਪਰ ਮਿਟਨੇ ਵਾਲਾ
ਅਸ਼ਫਾਕ ਵਾਰਸੀ ‘ਹਸਰਤ’
ਫੈਜ਼ਾਬਾਦ ਜੇਲ੍ਹ।
—
ਮੇਰੀ ਤਹਿਰੀਰ ਮੇਰੇ ਵਤਨੀ ਭਰਾਵਾਂ ਤੱਕ ਪਹੁੰਚ ਜਾਵੇ। ਵਿਦਿਆਰਥੀ ਜੀ, ਅਖਬਾਰ ਦੇ ਜ਼ਰੀਏ ਨਾਲ ਜਾਂ ਅੰਗਰੇਜ਼ੀ, ਹਿੰਦੀ, ਉਰਦੂ ਵਿਚ ਛਾਪ ਕੇ ਕਾਂਗਰਸ ਦੇ ਜਲਸੇ ਵਿਚ ਤਕਸੀਮ ਕਰਾ ਦਿਉ, ਤੁਹਾਡਾ ਧੰਨਵਾਦੀ ਹੋਵਾਂਗਾ। ਮੇਰਾ ਸਲਾਮ ਕਬੂਲ ਕਰੋ ਅਤੇ ਭਰਾਵਾਂ ਨੂੰ ਕਦੇ ਨਾ ਭੁੱਲਣਾ ਤੇ ਨਾ ਵਤਨੀ ਭਰਾ ਉਨ੍ਹਾਂ ਨੂੰ ਭੁਲਾਉਣ। ਅਲਵਿਦਾ।
ਅਸ਼ਫਾਕ ਉਲ੍ਹਾ ਵਾਰਸੀ ‘ਹਸਰਤ’
ਫੈਜ਼ਾਬਾਦ ਜੇਲ੍ਹ,
19 ਦਸੰਬਰ 1927