ਕਲਾਕਾਰਾਂ ਨੂੰ ਲੱਗਿਆ ਸਰਹੱਦੀ ਤਣਾਅ ਦਾ ਸੇਕ

ਮੁੰਬਈ: ਭਾਰਤ ਵਿਚ ਪਾਕਿਸਤਾਨੀ ਅਦਾਕਾਰਾਂ ਵਾਲੀਆਂ ਫਿਲਮਾਂ ਦੇ ਵਿਰੋਧ ਦੇ ਐਲਾਨ ਨੇ ਦੋਵਾਂ ਦੇਸ਼ਾਂ ਦੇ ਫਿਲਮਸਾਜ਼ਾਂ ਵਿਚ ਵੱਡੀ ਬੇਚੈਨੀ ਪੈਦਾ ਕਰ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚ ਤਣਾਅ ਵਧਣ ਕਾਰਨ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਗੋਆ ਦੇ ਸਿਨੇਮਾ ਘਰ ਮਾਲਕਾਂ ਨੇ ਪਾਕਿਸਤਾਨੀ ਅਦਾਕਾਰਾਂ ਵਾਲੀਆਂ ਹਿੰਦੀ ਫਿਲਮਾਂ ਦਾ ਪ੍ਰਦਰਸ਼ਨ ਨਾ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਸਿਨੇਮਾ ਘਰਾਂ ਨੇ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੇ ਪ੍ਰਦਰਸ਼ਨ ‘ਤੇ ਇਸ ਲਈ ਰੋਕ ਲਾ ਦਿੱਤੀ ਕਿਉਂਕਿ ਇਸ ਵਿਚ ਪਾਕਿਸਤਾਨੀ ਕਲਾਕਾਰ ਫ਼ਵਾਦ ਖ਼ਾਨ ਹੈ। ਕਰਨ ਜੌਹਰ ਦੀ ਫਿਲਮ ਵਿਚ ਐਸ਼ਵਰਿਆ ਰਾਏ ਬਚਨ, ਰਣਬੀਰ ਕਪੂਰ ਤੇ ਅਨੁਸ਼ਕਾ ਸ਼ਰਮਾ ਦੀ ਵੀ ਭੂਮਿਕਾ ਹੈ। ਇਸ ਫੈਸਲੇ ਤੋਂ ਬਾਅਦ ‘ਮਾਮੀ’ ਵੱਲੋਂ ਕਰਵਾਏ ਜਾਂਦੇ ਮੁੰਬਈ ਫਿਲਮ ਮੇਲੇ ਵਿਚ ਪਾਕਿਸਤਾਨੀ ਫਿਲਮ ‘ਜਾਗੋ ਹੁਆ ਸਵੇਰਾ’ ਨਾ ਦਿਖਾਉਣ ਦਾ ਫੈਸਲਾ ਕਰ ਦਿੱਤਾ ਗਿਆ। ਇਸ ਫਿਲਮ ਦੇ ਨਿਰਦੇਸ਼ਕ ਏæਜੇæ ਕਾਰਦਾਰ ਸਨ ਅਤੇ ਇਸ ਦੀ ਸ਼ੂਟਿੰਗ ਢਾਕਾ ਵਿਚ ਹੋਈ ਸੀ ਜਦੋਂ ਬੰਗਲਾ ਦੇਸ਼, ਪਾਕਿਸਤਾਨ ਦਾ ਹੀ ਹਿੱਸਾ ਹੁੰਦਾ ਸੀ। ਇਹ ਮਛੇਰਿਆਂ ਦੇ ਛੋਟੇ ਜਿਹੇ ਪਿੰਡ ਦੀ ਕਹਾਣੀ ‘ਤੇ ਆਧਾਰਤ ਹੈ। ਇਸ ਫਿਲਮ ਨੂੰ ਸਾਲ 1960 ਵਿਚ 32ਵੇਂ ਅਕੈਡਮੀ ਐਵਾਰਡਾਂ ਵਾਸਤੇ ਵਿਦੇਸ਼ੀ ਭਾਸ਼ਾ ਵਾਲੀ ਸਰਬੋਤਮ ਫਿਲਮ ਲਈ ਪਾਕਿਸਤਾਨ ਦੀ ਐਂਟਰੀ ਵਜੋਂ ਚੁਣਿਆ ਗਿਆ ਸੀ।
ਇਸ ਰੋਕ ਪਿੱਛੋਂ ਭਾਰਤ ਤੇ ਪਾਕਿਸਤਾਨੀ ਅਦਾਕਾਰਾਂ ਵੱਲੋਂ ਨਰੇਂਦਰ ਮੋਦੀ ਸਰਕਾਰ ਦੀ ਫਿਰਕੂਵਾਦ ਵਾਲੀ ਰਣਨੀਤੀ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਇਸ ਵਿਵਾਦ ਉਤੇ ਉਘੇ ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਮੋਦੀ ਨੂੰ ਕਿਹਾ ਕਿ ਜਦੋਂ ਭਾਰਤੀ ਫਿਲਮਸਾਜ਼ਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤਾਂ ਪ੍ਰਧਾਨ ਮੰਤਰੀ ਨੂੰ ਵੀ ਆਪਣੇ ਲਾਹੌਰ ਦੌਰੇ ਲਈ ਮੁਆਫੀ ਮੰਗਣੀ ਚਾਹੀਦੀ ਹੈ। 44 ਸਾਲਾ ਅਨੁਰਾਗ ਨੇ ਕਿਹਾ ਕਿ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਮੁਕੰਮਲ ਕਰ ਚੁੱਕੇ ਫਿਲਮਸਾਜ਼ ਹੀ ਰੋਕ ਦਾ ਸਾਹਮਣਾ ਕਿਉਂ ਕਰਨ? ਫਿਲਮ ਦੀ ਰਿਲੀਜ਼ ਰੁਕਣ ਨਾਲ ਨਿਰਮਾਤਾਵਾਂ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਚੁੱਕਦਿਆਂ ਅਨੁਰਾਗ ਨੇ ਕਿਹਾ ਕਿ ਨਰੇਂਦਰ ਮੋਦੀ ਜੀ, ਤੁਸੀਂ ਅਸਲ ਵਿਚ ਉਹ ਦੌਰਾ ਸਾਡੇ ਵੱਲੋਂ ਅਦਾ ਕੀਤੇ ਟੈਕਸਾਂ ਵਾਲੇ ਧਨ ਨਾਲ ਕੀਤਾ ਜਦੋਂ ਕਿ ਫਿਲਮ ਦੀ ਸ਼ੂਟਿੰਗ ਉਸ ਧਨ ਨਾਲ ਹੋਈ ਹੈ, ਜਿਸ ਉਤੇ ਕੋਈ ਵਿਆਜ ਅਦਾ ਕਰਦਾ ਹੈ। ਉਧਰ, ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਕੁਝ ਹੋਰ ਕਲਾਕਾਰਾਂ ਨੇ ਸਵਾਲ ਕੀਤਾ ਹੈ ਕਿ ਹਮੇਸ਼ਾ ਕਲਾਕਾਰਾਂ ਜਾਂ ਅਦਾਕਾਰਾਂ ਨੂੰ ਕਿਸੇ ਵੀ ਸਿਆਸੀ ਏਜੰਡੇ ਦਾ ਵਿਰੋਧ ਕਿਉਂ ਝੱਲਣਾ ਪੈਂਦਾ ਹੈ। ਕਾਰੋਬਾਰੀਆਂ, ਡਾਕਟਰਾਂ, ਸਿਆਸਤਦਾਨਾਂ ਜਾਂ ਹੋਰਾਂ ‘ਤੇ ਇਹ ਰੋਕ ਕਿਉਂ ਨਹੀਂ ਲਾਈ ਜਾਂਦੀ।