ਮਕਬੂਜ਼ਾ ਕਸ਼ਮੀਰ ਵਿਚ ਭਾਰਤੀ ਫੌਜ ਦਾ ‘ਸਰਜੀਕਲ ਸਟਰਾਈਕ’ ਹੁਣ ਸੱਤਾਧਾਰੀਆਂ ਲਈ ਸਿਆਸਤ ਦਾ ਹਥਿਆਰ ਬਣ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸ ਦੀ ਸਰਪ੍ਰਸਤ, ਹਿੰਦੂਵਾਦੀ ਜਮਾਤ-ਆਰæਐਸ਼ਐਸ਼ ਦਾ ਇਕੱਲਾ-ਇਕੱਲਾ ਆਗੂ ਛਾਤੀ ਠੋਕ ਕੇ ਇਸ ਫੌਜੀ ਕਾਰਵਾਈ ਦਾ ਜ਼ਿਕਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਂ ਆਪਣੇ ਇਕ ਭਾਸ਼ਣ ਦੌਰਾਨ ਸਭ ਹੱਦਾਂ ਪਾਰ ਕਰਦਿਆਂ ਇਸ ਕਾਰਵਾਈ ਨੂੰ ਇਸਰਾਈਲ ਦੀ ਫੌਜ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਨਾਲ ਮੇਲਿਆ ਹੈ।
ਸਾਰਾ ਜੱਗ ਜਾਣਦਾ ਹੈ ਕਿ ਇਸਰਾਈਲ ਆਪਣੀ ਫੌਜ ਦੇ ਜ਼ੋਰ ਫਲਸਤੀਨੀ ਇਲਾਕਿਆਂ ਵਿਚ ਕੀ ਕਹਿਰ ਕਮਾ ਰਿਹਾ ਹੈ। ਚੱਪੇ-ਚੱਪੇ ‘ਤੇ ਫੈਲੀ ਇਸਰਾਈਲੀ ਫੌਜ, ਫਲਸਤੀਨੀਆਂ ਦੇ ਘਰਾਂ ਦੇ ਦਰਵਾਜ਼ਿਆਂ-ਤਾਕੀਆਂ ਤੱਕ ਜਾ ਅੱਪੜੀ ਹੈ ਅਤੇ ਲਗਾਤਾਰ ਉਠ ਰਹੇ ਵਿਰੋਧ ਦੀ ਇਕ-ਇਕ ਆਵਾਜ਼ ਗੋਲੀ ਨਾਲ ਬੰਦ ਕੀਤੀ ਜਾ ਰਹੀ ਹੈ। ਕੋਈ ਸਮਾਂ ਸੀ, ਜਦੋਂ ਭਾਰਤ ਫਲਸਤੀਨੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੁੰਦਾ ਸੀ, ਅੱਜ ਭਾਰਤ ਸਰਕਾਰ ਦਾ ਪੱਖ ਇਸਰਾਈਲ ਨਾਲ ਹੈ। ਪਿਛਲੇ ਕਈ ਸਾਲਾਂ ਤੋਂ ਉਂਜ ਵੀ ਦੋਹਾਂ ਮੁਲਕਾਂ ਵਿਚਕਾਰ ਨੇੜਤਾ ਵਧ ਰਹੀ ਹੈ। ਜ਼ਾਹਰ ਹੈ ਕਿ ਸੱਤਾਧਾਰੀ ਲੋਕ ਫੌਜ ਦੇ ‘ਸਰਜੀਕਲ ਸਟਰਾਈਕ’ ਨੂੰ ਸਿਆਸੀ ਲਾਹੇ ਵਿਚ ਵਟਾਉਣ ਲਈ ਪੂਰੀ ਤਰ੍ਹਾਂ ਕਮਰ ਕੱਸੀ ਖੜ੍ਹੇ ਹਨ। ਅਗਲੇ ਸਾਲ ਪੰਜਾਬ ਦੇ ਨਾਲ-ਨਾਲ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਉਤਰ ਪ੍ਰਦੇਸ਼ ਦੀਆਂ ਚੋਣਾਂ ਭਾਜਪਾ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਨੂੰ ਭਾਜਪਾ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਆਧਾਰ ਮੰਨ ਕੇ ਚੱਲ ਰਹੀ ਹੈ। ਉਂਜ ਵੀ ਕੇਂਦਰ ਵਿਚ ਸੱਤਾ ਹਾਸਲ ਕੀਤਿਆਂ ਇਸ ਪਾਰਟੀ ਨੂੰ ਢਾਈ ਸਾਲ ਹੋ ਚੱਲੇ ਹਨ ਅਤੇ ਹੋਰ ਛੇ ਮਹੀਨਿਆਂ ਤੋਂ ਬਆਦ ਇਸ ਨੇ ਲੋਕ ਸਭਾ ਚੋਣਾਂ ਦੇ ਹਿਸਾਬ ਨਾਲ ਚੱਲਣ ਲੱਗ ਪੈਣਾ ਹੈ। ਇਸੇ ਕਰ ਕੇ ਉਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਇੰਨੀ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਪੰਜਾਬ ਤੋਂ ਫਿਲਹਾਲ ਇਸ ਪਾਰਟੀ ਨੂੰ ਬਹੁਤੀਆਂ ਆਸਾਂ ਨਹੀਂ। ਕੁਝ ਪਾਰਟੀ ਨੇਤਾਵਾਂ ਦੀ ਤਾਂ ਇਹ ਰਾਏ ਹੈ ਕਿ ਜਿੰਨਾ ਪਾਰਟੀ, ਅਕਾਲੀ ਦਲ ਦੇ ਸਾਏ ਤੋਂ ਬਾਹਰ ਨਹੀਂ ਆਉਂਦੀ, ਪਾਰਟੀ ਦਾ ਸੂਬੇ ਵਿਚ ਕੁਝ ਵੀ ਨਹੀਂ ਬਣਨਾ, ਪਰ ਇਸ ਵਕਤ ਸੱਤਾਧਾਰੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦਾ ਸੂਬੇ ਅੰਦਰ ਇੰਨਾ ਮਾੜਾ ਹਾਲ ਹੈ ਕਿ ਪੂਰੇ ਮੁਲਕ ਵਿਚ ਜਦੋਂ ਭਾਜਪਾ ਨੂੰ ‘ਸਰਜੀਕਲ ਸਟਰਾਈਕ’ ਦਾ ਸਿਆਸੀ ਤੌਰ ‘ਤੇ ਫਾਇਦਾ ਹੋ ਰਿਹਾ ਹੈ, ਪੰਜਾਬ ਵਿਚ ਗਠਜੋੜ ਨੂੰ ਨੁਕਸਾਨ ਹੀ ਝੱਲਣਾ ਪਿਆ ਹੈ। ਸਰਹੱਦੀ ਇਲਾਕਿਆਂ ਤੋਂ ਲੋਕਾਂ ਨੂੰ ਅਚਾਨਕ ਉਜਾੜਨ ਦੇ ਮਾਮਲੇ ਵਿਚ ਬਾਦਲ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਹੈ। ਲੋਕਾਂ ਦਾ ਪਹਿਲਾ ਹੀ ਸਵਾਲ ਹੈ ਕਿ ਉਨ੍ਹਾਂ ਨੂੰ ਸਿਆਸੀ ਲਾਹਾ ਲੈਣ ਖਾਤਰ ਦਰ-ਬਦਰ ਕੀਤਾ ਗਿਆ ਸੀ।
ਇਸੇ ਤਰ੍ਹਾਂ ਦੇ ਸਵਾਲ ਫਿਲਮ ਸਨਅਤ ਨਾਲ ਜੁੜੇ ਲੋਕ ਕਰ ਰਹੇ ਹਨ। ਯਾਦ ਰਹੇ, ਹਿੰਦੂਤਵੀ ਤਾਕਤਾਂ ਨੇ ਪਾਕਿਸਤਾਨੀ ਕਲਾਕਾਰ ਖਿਲਾਫ ਮੁਹਿੰਮ ਛੇੜੀ ਹੋਈ ਹੈ। ਇਨ੍ਹਾਂ ਕਲਾਕਾਰਾਂ ਦਾ ਹਿੰਦੀ ਫਿਲਮਾਂ ਵਿਚ ਕੰਮ ਤਾਂ ਫਿਲਹਾਲ ਬੰਦ ਹੀ ਹੋ ਗਿਆ ਹੈ, ਜਿਹੜੀਆਂ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਪਈਆਂ ਹਨ, ਉਹ ਦਿਖਾਉਣ ਉਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਦਾ ਸਿੱਧਾ ਨੁਕਸਾਨ ਫਿਲਮਾਂ ਦੇ ਨਿਰਮਾਤਾਵਾਂ ਨੂੰ ਹੋ ਰਿਹਾ ਹੈ। ਇਸੇ ਕਰ ਕੇ ਫਿਲਮਸਾਜ਼ ਅਨੁਰਾਗ ਕਸ਼ਯਪ ਅਤੇ ਹੋਰ ਫਿਲਮਸਾਜ਼ਾਂ ਤੇ ਕਲਾਕਾਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਹਰ ਸੰਜੀਦਾ ਸ਼ਖਸ ਦਾ ਆਖਣਾ ਹੈ ਕਿ ਦੋਹਾਂ ਮੁਲਕਾਂ ਦਾ ਆਵਾਮ ਜੰਗ ਨਹੀਂ ਚਾਹੁੰਦਾ, ਸਗੋਂ ਆਪਸ ਵਿਚ ਵਧੇਰੇ ਰਾਬਤਾ ਚਾਹੁੰਦਾ ਹੈ। ਪਿਛਲੇ ਸਮਿਆਂ ਦੌਰਾਨ ਵੀ ਇਹੀ ਤੱਥ ਉਭਰ ਕੇ ਸਾਹਮਣੇ ਆਉਂਦੇ ਰਹੇ ਹਨ ਕਿ ਆਵਾਮ ਦੋਹਾਂ ਪਾਸਿਆਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਸਿਆਸਤ ਨਾਲ ਸਹਿਮਤ ਨਹੀਂ। ਅਨੁਰਾਗ ਕਸ਼ਯਪ ਨੇ ਤਾਂ ਸਿੱਧਾ ਪ੍ਰਧਾਨ ਮੰਤਰੀ ਉਤੇ ਵਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦੀ ਦੇਸ਼ ਭਗਤੀ ਦੀ ਹੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੁਲਕ ਦੇ ਲੋਕਾਂ ਤੋਂ ਮੁਆਫੀ ਮੰਗਣ, ਕਿਉਂਕਿ ਉਹ ਅਚਾਨਕ ਲਾਹੌਰ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਚਲੇ ਗਏ ਸਨ। ਹਿੰਦੂਤਵਵਾਦੀਆਂ ਨੇ ਅਨੁਰਾਗ ਕਸ਼ਯਪ ਦੀ ਇਸ ਟਿੱਪਣੀ ਦਾ ਵਿਰੋਧ ਤਾਂ ਬਥੇਰਾ ਕੀਤਾ ਹੈ, ਪਰ ਉਸ ਦਾ ਸਵਾਲ ਆਪਣੀ ਥਾਂ ਇਸ ਕਰ ਕੇ ਜਾਇਜ਼ ਜਾਪਦਾ ਹੈ, ਕਿਉਂਕਿ ਆਪਣੀ ਸਿਆਸਤ ਲਈ ਮੋਦੀ ਲਾਣੇ ਦਾ ਹਰ ਆਗੂ ਆਪਣੇ ਹਰ ਕਦਮ ਨੂੰ ਜਾਇਜ਼ ਠਹਿਰਾ ਰਿਹਾ ਹੈ, ਪਰ ਇਸ ਸੌੜੀ ਸਿਆਸਤ ਕਾਰਨ ਰਗੜਾ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਲਾਇਆ ਜਾ ਰਿਹਾ ਹੈ। ਉਂਜ, ਇਹ ਗੱਲ ਸਪਸ਼ਟ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਇਸ ਦਾ ਹਰ ਕੰਮ ਸਮਾਜ ਵਿਚ ਤਰੇੜਾਂ ਉਘਾੜ ਕੇ ਆਪਣੀ ਫਿਰਕੂ ਸਿਆਸਤ ਚਮਕਾਉਣ ਦਾ ਹੈ; ਇਹ ਭਾਵੇਂ ਅਸਹਿਣਸ਼ੀਲਤਾ ਦਾ ਮੁੱਦਾ ਸੀ ਜਿਸ ਖਿਲਾਫ ਉਦੋਂ ਮੁਲਕ ਭਰ ਦੇ ਲੇਖਕ ਉਠ ਖਲੋਏ ਸਨ, ਅਤੇ ਜਾਂ ਗਾਂ ਮਾਸ ਦਾ ਮਸਲਾ ਸੀ। ਹੁਣ ਇਹ ਟੋਲਾ ‘ਸਰਜੀਕਲ ਸਟਰਾਈਕ’ ਦੇ ਨਾਂ ਉਤੇ ਸਿੱਧੀ ਸਿਆਸਤ ਉਤੇ ਉਤਰ ਆਇਆ ਹੈ ਅਤੇ ਸਾਰੀਆਂ ਸਿਆਸੀ ਧਿਰਾਂ ਬੇਵਸੀ ਨਾਲ ਸੱਤਾਧਾਰੀਆਂ ਦੀ ਇਹ ਖੇਡ ਦੇਖ ਰਹੀਆਂ ਹਨ। ਸਿਤਮਜ਼ਰੀਫੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਇਤਿਹਾਸਕ ਜਥੇਬੰਦੀ ਦੇ ਆਗੂ ਇਸ ਮਾਮਲੇ ਵਿਚ ਮੋਦੀ ਟੋਲੇ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ; ਹਾਲਾਂਕਿ ਮੋਦੀ ਅਤੇ ਉਸ ਦੇ ਸਾਥੀ ਪਿਛਲੇ ਕੁਝ ਸਮੇਂ ਤੋਂ ਦਲ ਦੇ ਆਗੂਆਂ ਵੱਲ ਉਕਾ ਹੀ ਤਵੱਜੋ ਨਹੀਂ ਦੇ ਰਹੇ। ਮੰਗਲਵਾਰ ਨੂੰ ਹੀ ਲੁਧਿਆਣਾ ਵਿਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੀਆਂ ਮੰਗਾਂ ਵੱਲ ਪ੍ਰਧਾਨ ਮੰਤਰੀ ਨੇ ਕੋਈ ਕੰਨ ਨਹੀਂ ਧਰਿਆ। ਜ਼ਾਹਰ ਹੈ ਕਿ ਇਹ ਟੋਲਾ ਹਰ ਹੀਲਾ-ਵਸੀਲਾ ਵਰਤ ਕੇ ਆਪਣੀ ਸਿਆਸਤ ਦੇ ਪੈਰ ਬੰਨ੍ਹ ਰਿਹਾ ਹੈ, ਆਮ ਲੋਕਾਂ ਦੀ ਗੱਲ ਬਹੁਤ ਪਿਛਾਂਹ ਛੁੱਟ ਗਈ ਹੈ।