ਮਾੜੇ ਅਤੀਤ ਨੇ ਪਾਇਆ ਡੋਨਲਡ ਟਰੰਪ ਨੂੰ ਚੁਫੇਰਿਓਂ ਘੇਰਾ

ਨਿਊ ਯਾਰਕ: ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਵਿਵਾਦਾਂ ਵਿਚ ਘਿਰ ਗਏ ਹਨ, ਜਿਸ ਦਾ ਅਸਰ ਉਨ੍ਹਾਂ ਦੀ ਪਹਿਲਾਂ ਤੋਂ ਕਮਜ਼ੋਰ ਮੁਹਿੰਮ ‘ਤੇ ਵੀ ਪੈ ਰਿਹਾ ਹੈ।

ਹੁਣ ਪੰਜ ਹੋਰ ਔਰਤਾਂ ਨੇ ਟਰੰਪ ਉਤੇ ਜਿਨਸੀ ਸ਼ੋਸ਼ਣ ਕਰਨ ਤੇ ਜਬਰਦਸਤੀ ਛੂਹਣ ਦੇ ਦੋਸ਼ ਲਗਾਏ ਹਨ। 70 ਸਾਲ ਦੇ ਰਿਪਬਲੀਕਨ ਉਮੀਦਵਾਰ ਉਤੇ ਲੱਗੇ ਦੋਸ਼ਾਂ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਸਾਲ 2005 ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਹੇ ਹਨ ਅਤੇ ਸ਼ੇਖ਼ੀ ਮਾਰ ਰਹੇ ਹਨ ਕਿ ਕਿਵੇਂ ਔਰਤਾਂ ਨੂੰ ਜਬਰਦਸਤੀ ਛੂੰਹਦੇ ਤੇ ਫੜਦੇ ਸਨ, ਪਰ ਸਟਾਰ ਹੋਣ ਕਾਰਨ ਬੜੇ ਸੌਖਿਆਂ ਹੀ ਬਚ ਜਾਂਦੇ ਸਨ। ਨਿਊ ਯਾਰਕ ਟਾਈਮਜ਼ ਨੇ ਦੋ ਔਰਤਾਂ ਵੱਲੋਂ ਟਰੰਪ ਉਤੇ ਲਗਾਏ ਦੋਸ਼ਾਂ ਨੂੰ ਵਿਸਥਾਰ ਨਾਲ ਛਾਪਿਆ ਹੈ।
ਪਾਮ ਬੀਚ ਪੋਸਟ ਮੁਤਾਬਕ ਇਕ ਹੋਰ ਔਰਤ ਨੇ ਵੀ ਅਜਿਹੇ ਹੀ ਦੋਸ਼ ਲਗਾਏ ਹਨ। ਅਪ੍ਰੈਂਟਾਈਮ ਦੀ ਜੈਨੀਫਰ ਮਰਫੀ ਦੀ ਤੇ ਪੀਪਲਜ਼ ਰਸਾਲੇ ਦੀ ਲੇਖਿਕਾ ਨਤਾਸ਼ਾ ਸਟਾਯਨਾਫ ਨੇ ਵੀ ਉਨ੍ਹਾਂ ਉਤੇ ਗੰਭੀਰ ਦੋਸ਼ ਲਗਾਏ ਹਨ। 74 ਸਾਲ ਦੀ ਜੈਸਿਕਾ ਲੀਡਸ ਦਾ ਦੋਸ਼ ਹੈ ਕਿ ਤਿੰਨ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਜਦੋਂ ਉਹ ਦੋਵੇਂ ਹਵਾਈ ਜਹਾਜ਼ ਵਿਚ ਇਕ ਦੂਜੇ ਨਾਲ ਬੈਠੇ ਸਨ ਤਾਂ ਟਰੰਪ ਨੇ ਉਨ੍ਹਾਂ ਨੂੰ ਜਬਰਦਸਤੀ ਛੂਹਿਆ।
ਨਿਊ ਯਾਰਕ ਟਾਈਮਜ਼ ਮੁਤਾਬਕ ਰਾਸ਼ੇਲ ਨੇ ਸਾਲ 2005 ਦੀ ਘਟਨਾ ਦੱਸੀ ਹੈ ਜਦੋਂ ਉਹ ਟਰੰਪ ਟਾਵਰ ਵਿਚ ਇਕ ਕੰਪਨੀ ਵਿਚ ਕੰਮ ਕਰਦੀ ਸੀ। ਉਦੋਂ ਰਾਸ਼ੇਲ 22 ਸਾਲ ਦੀ ਸੀ ਤੇ ਉਹ ਅਤੇ ਟਰੰਪ ਇਕ ਲਿਫਟ ਵਿਚ ਸਨ। ਜਦੋਂ ਰਾਸ਼ੇਲ ਨੇ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਟਰੰਪ ਨੇ ਉਸ ਨੂੰ ਚੁੰਮ ਲਿਆ।
36 ਸਾਲਾ ਮਿੰਡੀ ਮੈਕਗਿਲਿਵੇਰੀ ਨੇ ਪਾਮ ਬੀਚ ਪੋਸਟ ਨੂੰ ਦੱਸਿਆ ਸੀ ਕਿ 13 ਸਾਲ ਪਹਿਲਾਂ ਟਰੰਪ ਨੇ ਉਸ ਨੂੰ ਜਬਰਦਸਤੀ ਛੂਹਿਆ ਸੀ ਤੇ ਮਰਫੀ ਨੇ ਇਕ ਅਖਬਾਰ ਨੂੰ ਦੱਸਿਆ ਕਿ 2005 ਵਿਚ ਇਕ ਨੌਕਰੀ ਦੀ ਇੰਟਰਵਿਊ ਦੌਰਾਨ ਟਰੰਪ ਨੂੰ ਉਸ ਨੂੰ ਚੁੰਮ ਲਿਆ ਸੀ। ਸਟਾਯਨਾਫ ਨੇ ਵੀ 2005 ਦੀ ਅਜਿਹੀ ਹੀ ਘਟਨਾ ਦਾ ਜ਼ਿਕਰ ਕੀਤਾ ਹੈ। ਬੀਤੇ ਐਤਵਾਰ ਟਰੰਪ ਨੇ ਔਰਤਾਂ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ ਸੀ।
ਟਰੰਪ ਨੇ ਨਿਊ ਯਾਰਕ ਟਾਈਮਜ਼ ਉਪਰ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਬਜਫੀਡ ਨਿਊਜ਼ ਨੇ 1997 ਦੇ ਮਿਸ ਟੀਨ ਯੂæਐਸ਼ਏæ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਚਾਰ ਲੜਕੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਜਦੋਂ ਉਹ ਕੱਪੜੇ ਬਦਲ ਰਹੀਆਂ ਸਨ ਤਾਂ ਟਰੰਪ ਅਚਾਨਕ ਉਨ੍ਹਾਂ ਦੇ ਡਰੈਸਿੰਗ ਰੂਮ ਵਿਚ ਆ ਗਿਆ। ਉਦਰ, ਡੋਨਲਡ ਟਰੰਪ ਦੀਆਂ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਤੇ ਵੀਡੀਓ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ। ਹੁਣ ਉਸ ਦਾ 1992 ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਇਕ ਲੜਕੀ ਨੂੰ ਕਹਿ ਰਿਹਾ ਹੈ ਕਿ ਉਹ ਅਗਲੇ ਦਸ ਸਾਲ ਉਸ ਨਾਲ ਡੇਟਿੰਗ ਕਰੇਗਾ।
_______________________________________
ਰਾਸ਼ਟਰਪਤੀ ਬਣਨ ਲਈ ਟਰੰਪ ਦਾ ਮੋਦੀ ਮੰਤਰ
ਨਿਊ ਜਰਸੀ: ਅਮਰੀਕਾ ਵਿਚ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਚੋਣਾਂ ਤੋਂ ਪਹਿਲਾਂ ਇਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਊਜਰਸੀ ਵਿਚ ਦਹਿਸ਼ਤਵਾਦ ਨਾਲ ਪੀੜਤ ਹਿੰਦੂਆਂ ਲਈ ਹੋ ਰਹੇ ਚੈਰਟੀ ਸਮਾਰੋਹ ਵਿਚ ਟਰੰਪ ਨੇ ਪਹੁੰਚ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਖੂਬ ਤਾਰੀਫ ਕੀਤੀ। ਸਮਾਰੋਹ ਵਿਚ ਪਹੁੰਚ ਕੇ ਟਰੰਪ ਪੂਰੀ ਤਰ੍ਹਾਂ ਭਾਰਤੀ ਸੰਸਕ੍ਰਿਤੀ ਵਿਚ ਰੰਗੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਆਖਿਆ ਕਿ ਉਹ ਹਿੰਦੂਆਂ ਅਤੇ ਭਾਰਤੀਆਂ ਨੂੰ ਬੇਹੱਦ ਪਿਆਰ ਕਰਦੇ ਹਨ। ਟਰੰਪ ਇਥੇ ਹੀ ਨਹੀਂ ਰੁਕੇ ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ। ਟਰੰਪ ਨੇ ਆਖਿਆ ਕਿ ਨੌਕਰਸ਼ਾਹੀ ਵਿਚ ਜਿਸ ਤਰੀਕੇ ਨਾਲ ਮੋਦੀ ਨੇ ਭਾਰਤ ਵਿਚ ਬਦਲਾਅ ਲਿਆਂਦਾ ਹੈ, ਉਸ ਤਰ੍ਹਾਂ ਦੀ ਜ਼ਰੂਰਤ ਅਮਰੀਕਾ ਵਿਚ ਵੀ ਹੈ।