ਚੋਣ ਸਰਵੇਖਣਾਂ ਨੇ ਚਾੜ੍ਹਿਆ ਪੰਜਾਬ ਦਾ ਸਿਆਸੀ ਪਾਰਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਸਬੰਧੀ ਇਕ ਟੀæਵੀæ ਚੈਨਲ ਵੱਲੋਂ ਪੇਸ਼ ਕੀਤੇ ਗਏ ਚੋਣ ਸਰਵੇਖਣ ਨੇ ਸੂਬੇ ਦਾ ਸਿਆਸੀ ਪਾਰਾ ਇਕਦਮ ਸਤਵੇਂ ਅਸਮਾਨ ‘ਤੇ ਪਹੁੰਚਾ ਦਿੱਤਾ ਹੈ, ਹਾਲਾਂਕਿ ਇਸ ਚੋਣ ਸਰਵੇਖਣ ਵਿਚ ਕਿੰਨੀ ਕੁ ਸੱਚਾਈ ਹੈ, ਇਹ ਇਕ ਵੱਖਰਾ ਵਿਸ਼ਾ ਹੈ, ਪਰ ਜਿਸ ਤਰ੍ਹਾਂ ਇਸ ਸਰਵੇਖਣ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਘਮਸਾਣ ਮੱਚ ਗਿਆ ਹੈ, ਉਸ ਨਾਲ ਸੂਬੇ ਦੀ ਸਿਆਸਤ ਦਾ ਗਰਮਾਉਣਾ ਲਾਜ਼ਮੀ ਹੈ।

ਇਸ ਚੋਣ ਸਰਵੇਖਣ ਨੂੰ ਲੈ ਕੇ ਜਿਥੇ ਕਾਂਗਰਸੀ ਆਗੂ ਤੇ ਵਰਕਰ ਬਾਗੋ-ਬਾਗ ਹਨ, ਉਥੇ ਇਹ ਸਰਵੇਖਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਨਿਰਾਸ਼ਾ ਵਾਲਾ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਸਰਵੇਖਣ ਤੋਂ ਸੰਤੁਸ਼ਟ ਨਹੀਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਸਰਵੇਖਣ ਉਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਪੂਰਨ ਤੌਰ ‘ਤੇ ਪੱਖਪਾਤੀ ਦੱਸਦਿਆਂ ਕਿਹਾ ਹੈ ਕਿ ਉਕਤ ਚੈਨਲ ਵੱਲੋਂ ਪੰਜਾਬ ਸਬੰਧੀ ਪਹਿਲਾਂ ਵੀ ਸਰਵੇਖਣ ਹੁੰਦੇ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਗਲਤ ਸਾਬਤ ਹੋਏ ਸਨ।
ਨਿਊਜ਼ ਚੈਨਲ ਵੱਲੋਂ ਪੇਸ਼ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ 33 ਫੀਸਦੀ ਵੋਟ ਮਿਲਣਗੇ, ਜਿਸ ਨਾਲ ਉਹ 49 ਤੋਂ 55 ਸੀਟਾਂ ਜਿੱਤਣ ‘ਚ ਕਾਮਯਾਬ ਰਹੇਗੀ। ਜਦਕਿ ਆਮ ਆਦਮੀ ਪਾਰਟੀ 30 ਫੀਸਦੀ ਵੋਟਾਂ ਹਾਸਲ ਕਰ ਕੇ 42 ਤੋਂ 46 ਸੀਟਾਂ ‘ਤੇ ਜਿੱਤ ਹਾਸਲ ਕਰ ਸਕੇਗੀ।
ਸਰਵੇਖਣ ਵਿਚ ਅਕਾਲੀ-ਭਾਜਪਾ ਗਠਜੋੜ ਦੀ ਹਾਲਤ ਕਾਫੀ ਪਤਲੀ ਪੇਸ਼ ਕੀਤੀ ਗਈ ਹੈ ਤੇ ਉਸ ਨੂੰ ਸਿਰਫ 22 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ 17 ਤੋਂ 21 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਉਧਰ, ਇਸ ਚੋਣ ਸਰਵੇਖਣ ‘ਤੇ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਕਤ ਟੀæਵੀæ ਚੈਨਲ ਵੱਲੋਂ ਜੋ ਸਰਵੇਖਣ ਪੇਸ਼ ਕੀਤੇ ਗਏ ਸਨ, ਉਹ ਸਾਰੇ ਝੂਠੇ ਸਾਬਤ ਹੋਏ ਸਨ। ਇਸ ਚੈਨਲ ਵੱਲੋਂ 2002 ‘ਚ ਚੋਣਾਂ ਵਾਲੇ ਦਿਨ ਇਹ ਕਿਹਾ ਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਮੰਨ ਲਈ ਹੈ ਅਤੇ ਅਕਾਲੀ ਦਲ ਦਾ ਪੰਜਾਬ ‘ਚੋਂ ਸਫਾਇਆ ਹੋਣ ਜਾ ਰਿਹਾ ਹੈ, ਜਿਸ ਦਾ ਅਕਾਲੀ ਦਲ ਦੇ ਵਰਕਰਾਂ ‘ਤੇ ਨਾਂਹ ਪੱਖੀ ਅਸਰ ਪਿਆ ਸੀ। ਇਸ ਦੇ ਬਾਵਜੂਦ ਅਕਾਲੀ ਦਲ ਨੇ 2002 ਵਿਚ 44 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਸ ਸਰਵੇਖਣ ਬਾਰੇ ਉਕਤ ਚੈਨਲ ਨੂੰ ਚੋਣ ਕਮਿਸ਼ਨ ਤੋਂ ਮੁਆਫੀ ਤੱਕ ਮੰਗਣੀ ਪਈ ਸੀ।
_____________________________________________
ਨਵਜੋਤ ਸਿੱਧੂ ਨੇ ਉਲਝਾਈ ਸਿਆਸੀ ਧਿਰਾਂ ਦੀ ਤਾਣੀ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਫਰੰਟ ਦਾ ਕਾਂਗਰਸ ਨਾਲ ਜਾਣ ਨੂੰ ਲੈ ਕੇ ਪੇਚ ਅਜੇ ਵੀ ਫਸਿਆ ਹੋਇਆ ਹੈ। ਅਸਲ ਵਿਚ ਕਾਂਗਰਸ ਸਿੱਧੂ ਅਤੇ ਉਨ੍ਹਾਂ ਦੇ ਫਰੰਟ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ ਜਦੋਂਕਿ ਸਿੱਧੂ ਸਿਰਫ ਕਾਂਗਰਸ ਨੂੰ ਹਿਮਾਇਤ ਦੇ ਹੱਕ ਵਿਚ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਧੜਿਆਂ ਵਿਚ ਪੇਚ ਫਸਿਆ ਹੋਇਆ ਹੈ। ਕਾਂਗਰਸ ਦੀ ਦਲੀਲ ਇਹ ਵੀ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਸਿੱਧੂ ਖੇਮਾ ਕੁੱਝ ਸੀਟਾਂ ਜਿੱਤ ਜਾਂਦਾ ਹੈ ਤਾਂ ਉਨ੍ਹਾਂ ਦਾ ਕਾਂਗਰਸ ਤੋਂ ਵੱਖਰਾ ਹੋਣ ਦਾ ਰਸਤਾ ਖੁੱਲ੍ਹਾ ਹੋਵੇਗਾ। ਇਸ ਗੱਲ ਦੀ ਚਿੰਤਾ ਕਰਦਿਆਂ ਕਾਂਗਰਸ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਸਿੱਧੂ ਦਾ ਫਰੰਟ ਕਾਂਗਰਸ ਨੂੰ ਹਿਮਾਇਤ ਦੇਣਾ ਚਾਹੁੰਦਾ ਹੈ। ਸੂਤਰਾਂ ਅਨੁਸਾਰ ਸਿੱਧੂ ਨਾਲ ਤਾਲਮੇਲ ਨੂੰ ਕਾਂਗਰਸ ਰਾਜ਼ੀ ਹੋ ਗਈ ਹੈ ਅਤੇ ਇਸ ਲਈ ਫਾਰਮੂਲਾ ਵੀ ਤਿਆਰ ਹੋ ਗਿਆ ਹੈ, ਪਰ ਪੰਜਾਬ ਨੂੰ ਲੈ ਕੇ ਜੋ ਚੋਣ ਸਰਵੇਖਣ ਸਾਹਮਣੇ ਆਇਆ ਹੈ ਉਸ ਤੋਂ ਲੱਗ ਰਿਹਾ ਕਿ ਡੀਲ ਦੇ ਪਿੱਛੇ ਦੋਵਾਂ ਦਾ ਆਪਣਾ ਆਪਣਾ ਡਰ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਬਿਨਾਂ ਸ਼ਰਤ ਕਾਂਗਰਸ ਵਿਚ ਆਉਂਦੇ ਹਨ ਤਾਂ ਉਨ੍ਹਾਂ ਸਵਾਗਤ ਕੀਤਾ ਜਾਵੇਗਾ, ਪਰ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਸ਼ਰਤਾਂ ਨਾਲ ਕਾਂਗਰਸ ਵਿਚ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਹੋ ਸਕਦਾ। ਕੈਪਟਨ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ਹਾਈ ਕਮਾਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਸਿੱਧੂ ਬਾਰੇ ਕੋਈ ਫੈਸਲਾ ਲੈਣ ਦੇ ਮੂਡ ਵਿਚ ਨਹੀਂ ਹੈ। ਸਿੱਧੂ ਨਾਲ ਤਾਲਮੇਲ ਦਾ ਜੋ ਫਾਰਮੂਲਾ ਤਿਆਰ ਹੋ ਰਿਹਾ, ਉਸ ਅਨੁਸਾਰ ਕਾਂਗਰਸ ਛੇ ਸੀਟਾਂ ਉਨ੍ਹਾਂ ਲਈ ਛੱਡ ਸਕਦੀ ਹੈ। ਸਰਕਾਰ ਬਣਨ ਦੀ ਸਥਿਤੀ ਵਿਚ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਸੀਟ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੰਜਾਬ ਵਿਚ ਮੰਤਰੀ ਦਾ ਅਹੁਦਾ ਵੀ ਮਿਲ ਸਕਦਾ ਹੈ। ਭਾਜਪਾ ਤੋਂ ਨਾਤਾ ਤੋੜਨ ਤੋਂ ਬਾਅਦ ਸਿੱਧੂ ਨੇ ਅਸਲ ਵਿਚ ਆਮ ਆਦਮੀ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੁੱਖ ਮੰਤਰੀ ਦੇ ਅਹੁਦੇ ਉਤੇ ਕੇਜਰੀਵਾਲ ਨਾਲ ਸਹਿਮਤੀ ਨਾ ਬਣਨ ਕਾਰਨ ਇਹ ਗੱਲਬਾਤ ਅੱਧ ਵਿਚਾਲੇ ਟੁੱਟ ਗਈ।