ਦਲ ਬਦਲੂਆਂ ਤੇ ਬਾਹਰੀ ਉਮੀਦਵਾਰਾਂ ਕਾਰਨ ‘ਆਪ’ ਵਿਚ ਘਮਾਸਾਣ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ 29 ਉਮੀਦਵਾਰਾਂ ਦੀ ਐਲਾਨੀ ਤੀਜੀ ਸੂਚੀ ਵਿਚੋਂ ਸੱਤ ਉਮੀਦਵਾਰਾਂ ਵਿਰੁੱਧ ਬਗਾਵਤੀ ਸੁਰਾਂ ਉਠੀਆਂ ਹਨ। ਘੱਟੋ-ਘੱਟ ਸੱਤ ਹਲਕਿਆਂ ਵਿਚ ਬਾਹਰੀ ਤੇ ਦਲਬਦਲੂ ਆਗੂਆਂ ਨੂੰ ਟਿਕਟਾਂ ਦੇਣ ਕਾਰਨ ਵਾਲੰਟੀਅਰ ਭੜਕ ਗਏ ਹਨ।

‘ਆਪ’ ਨੇ ਤਰਨਤਾਰਨ ਤੋਂ ਪਹਿਲਵਾਨ ਕਰਤਾਰ ਸਿੰਘ, ਬੰਗਾ ਤੋਂ ਹਰਜੋਤ ਕੌਰ, ਖਰੜ ਤੋਂ ਪੱਤਰਕਾਰ ਕੰਵਰ ਸੰਧੂ, ਜਗਰਾਓਂ ਤੋਂ ਸਰਵਜੀਤ ਕੌਰ ਮਾਨੂਕੇ, ਮਾਨਸਾ ਤੋਂ ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਤੋਂ ਅਗਾਊਂ ਸੇਵਾ ਮੁਕਤੀ ਲੈਣ ਵਾਲੇ ਨਾਜਰ ਸਿੰਘ ਮਨਸ਼ਾਹੀਆ, ਭਦੌੜ ਤੋਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ, ਮਹਿਲਕਲਾਂ ਤੋਂ ਪ੍ਰੈਸ ਕਲੱਬ ਦੇ ਪ੍ਰਧਾਨ ਕੁਲਵੰਤ ਪੰਡੋਰੀ, ਬਰਨਾਲਾ ਤੋਂ ਵਿਦਿਆਰਥੀ ਆਗੂ ਤੇ ਮਕੈਨੀਕਲ ਇੰਜਨੀਅਰ ਮੀਤ ਹੇਅਰ ਸਮੇਤ ਤਿੰਨ ਡਾਕਟਰਾਂ; ਸ਼ਾਹਕੋਟ ਤੋਂ ਡਾਕਟਰ ਅਮਰਜੀਤ ਸਿੰਘ ਥਿੰਦ, ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਅਤੇ ਧਰਮਕੋਟ ਤੋਂ ਡਾਕਟਰ ਰਣਜੋਧ ਸਿੰਘ ਸਰਾ ਨੂੰ ਟਿਕਟਾਂ ਦਿੱਤੀਆਂ ਹਨ।
ਖਰੜ ਹਲਕੇ ਤੋਂ ਪੰਚਾਇਤ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਆਰæਟੀæਆਈæ ਵਿੰਗ ਦੇ ਜੁਆਇੰਟ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਸੁਦੇਸ਼ ਮੁੰਧੋਂ ਅਤੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਜਗਦੇਵ ਮਲੋਆ ਨੇ ਪਾਰਟੀ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ 25 ਅਕਤੂਬਰ ਤੱਕ ਕੰਵਰ ਸੰਧੂ ਦੀ ਥਾਂ ਇਸ ਹਲਕੇ ਦੇ ਕਿਸੇ ਆਗੂ ਨੂੰ ਟਿਕਟ ਨਾ ਦਿੱਤੀ ਤਾਂ ਉਹ ਕੋਈ ਅਗਲਾ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਖਰੜ ਦੇ ਜਾਏ ਹਨ, ਪਰ ਬਾਹਰੀ ਬੰਦੇ ਨੂੰ ਟਿਕਟ ਦੇ ਕੇ ਲੀਡਰਸ਼ਿਪ ਨੇ ਵੱਡੀ ਭੁੱਲ ਕੀਤੀ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਵੇਗਾ। ਸ੍ਰੀ ਸੰਧੂ ਵੀ ਪਿਛਲੇ ਸਮੇਂ ਤੋਂ ਖਰੜ ਹਲਕੇ ਦੇ ਹੀ ਪਿੰਡ ਕਾਂਸਲ ਵਿਚ ਰਹਿ ਰਹੇ ਹਨ। ਗਿੱਦੜਬਾਹਾ ਹਲਕੇ ਦੇ ਵਾਲੰਟੀਅਰ ਵੀ ਜਗਦੀਪ ਸਿੰਘ ਸੰਧੂ ਨੂੰ ਬਾਹਰੀ ਉਮੀਦਵਾਰ ਦੱਸ ਕੇ ਵਿਰੋਧ ਕਰ ਰਹੇ ਹਨ।
ਸਮਾਣਾ ਹਲਕੇ ਵਿਚ ਵੀ ਵਾਲੰਟੀਅਰ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਨੂੰ ਟਿਕਟ ਦੇਣ ਵਿਰੁੱਧ ਹਨ। ਮਾਨਸਾ ਹਲਕੇ ਦੇ ਵਾਲੰਟੀਅਰ ਵੀ ਸ੍ਰੀ ਮਾਨਸ਼ਾਹੀਆ ਵਿਰੁੱਧ ਡੱਟ ਗਏ ਹਨ। ਪਾਰਟੀ ਦੇ ਐਨæਆਰæਆਈæ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ ਵਿਰੁੱਧ ਵੀ ਨਕੋਦਰ ਦੇ ਕੁੱਝ ਵਾਲੰਟੀਅਰ ਭੜਕੇ ਹਨ। ਕੁਝ ਦਿਨ ਪਹਿਲਾਂ ਹੀ ‘ਆਪ’ ਵਿਚ ਸ਼ਾਮਲ ਹੋਏ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਸ਼ਹਿਰ ਤੋਂ ਟਿਕਟ ਦੇਣ ਵਿਰੁੱਧ ਵੀ ਵਾਲੰਟੀਅਰਾਂ ਵਿਚ ਘੁਸਰ-ਮੁਸਰ ਹੈ।
ਦੂਜੇ ਪਾਸੇ ਛੋਟੇਪੁਰ ਧੜਾ ਇਨ੍ਹਾਂ ਬਗਾਵਤੀ ਸੁਰਾਂ ਉਪਰ ਆਸ ਦੀ ਨਜ਼ਰ ਟਿਕਾਈ ਬੈਠਾ ਹੈ। ਸ੍ਰੀ ਸੰਘੇੜਾ ਅਤੇ ਸ੍ਰੀ ਚੰਨੀ ਨੇ ਕਿਹਾ ਕਿ ਕੁਝ ਵਾਲੰਟੀਅਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ, ਪਰ ਹੁਣ ਸਭ ਕੁੱਝ ਠੀਕ ਹੈ। ਸੂਤਰਾਂ ਅਨੁਸਾਰ ਇਨ੍ਹਾਂ ਬਗਾਵਤੀ ਸੁਰਾਂ ਦੌਰਾਨ ਹੀ ਸਿਖਰਲੀ ਲੀਡਰਸ਼ਿਪ ਨੇ ਉਮੀਦਵਾਰਾਂ ਨਾਲ ਇਥੇ ਮੁੱਖ ਦਫ਼ਤਰ ਵਿਚ ਸਾਂਝੀਆਂ ਅਤੇ ਵੱਖ-ਵੱਖ ਮੀਟਿੰਗਾਂ ਕਰ ਕੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਦੀ ਟਿਕਟ ਬਦਲੀ ਨਹੀਂ ਜਾਵੇਗੀ। ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ‘ਆਪ’ ਦੀ ਚੜ੍ਹਤ ਕਾਰਨ ਹਰੇਕ ਹਲਕੇ ਵਿਚ ਕਈ ਉਮੀਦਵਾਰ ਸਨ ਅਤੇ ਇਕ ਆਗੂ ਨੂੰ ਟਿਕਟ ਮਿਲਣ ਤੋਂ ਬਾਅਦ ਬਾਕੀ ਦਾਅਵੇਦਾਰਾਂ ਨੂੰ ਠੇਸ ਲੱਗਣੀ ਸੁਭਾਵਕ ਸੀ। ਉਹ ਅਜਿਹੇ ਆਗੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਅਤੇ ਪੰਜਾਬ ਦੇ ਹਿੱਤਾਂ ਲਈ ਰੋਸ ਛੱਡਣ ਲਈ ਮਨਾਇਆ ਜਾ ਰਿਹਾ ਹੈ।
__________________________________________
‘ਆਪ’ ਦੇ 27 ਹੋਰ ਵਿਧਾਇਕਾਂ ਦੀਆਂ ਮੁਸ਼ਕਲਾਂ ਵਧੀਆਂ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ 27 ਹੋਰ ਵਿਧਾਇਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਆਮ ਆਦਮੀ ਪਾਰਟੀ ਦੇ 27 ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਵਾਲੀ ਪਟੀਸ਼ਨ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ ਅਤੇ ਇਸ ਮਾਮਲੇ ‘ਚ ਰਾਸ਼ਟਰਪਤੀ ਨੇ ਜਾਂਚ ਲਈ ਕਿਹਾ ਹੈ। ਦਰਅਸਲ, ਆਮ ਆਦਮੀ ਪਾਰਟੀ ਦੇ ਇਹ 27 ਵਿਧਾਇਕ ਲਾਭ ਅਹੁਦੇ ਦੇ ਮਾਮਲੇ ‘ਚ ਫਸੇ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਰੋਗੀ ਕਲਿਆਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਜ਼ਿਕਰੇਖਾਸ ਹੈ ਕਿ ਲਾਭ ਦੇ ਅਹੁਦੇ ਦੇ ਇਸ ਨਵੇਂ ਮਾਮਲੇ ‘ਚ ਸੰਸਦੀ ਸਕੱਤਰ ਦੀ ਨਿਯੁਕਤੀ ਮਾਮਲੇ ਵਿਚ ਫਸੇ 21 ਵਿਧਾਇਕਾਂ ਵਿਚੋਂ ਕੁਝ ਵਿਧਾਇਕਾਂ ਵੀ ਸ਼ਾਮਲ ਹਨ। ਦਰਅਸਲ, ਇਕ ਕਾਨੂੰਨ ਵਿਸ਼ੇ ਦੇ ਵਿਦਿਆਰਥੀ ਵਿਭੋਰ ਆਨੰਦ ਨੇ ਦਰਜ ਕਾਰਵਾਈ ਗਈ ਸ਼ਿਕਾਇਤ ‘ਚ ਕਿਹਾ ਸੀ ਕਿ ਆਪਣੇ ਹੀ ਇਲਾਕੇ ਵਿਚ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ 27 ਵਿਧਾਇਕ ਕਲਿਆਣ ਕਮੇਟੀ ਦੇ ਚੇਅਰਮੈਨ ਥਾਪੇ ਗਏ ਹਨ ਜਦ ਕਿ ਕੇਂਦਰ ਸਰਕਾਰ ਦੇ 2015 ਦੇ ਨਿਰਦੇਸ਼ਾਂ ਅਨੁਸਾਰ ਸਿਰਫ ਸਿਹਤ ਮੰਤਰੀ, ਖੇਤਰੀ ਸੰਸਦੀ ਮੈਂਬਰ, ਜ਼ਿਲ੍ਹਾ ਪੰਚਾਇਤ ਪ੍ਰਧਾਨ ਜਾਂ ਫਿਰ ਜ਼ਿਲ੍ਹਾ ਅਧਿਕਾਰੀ ਹੀ ਰੋਗੀ ਕਲਿਆਣ ਕਮੇਟੀ ਦਾ ਚੇਅਰਮੈਨ ਹੋ ਸਕਦਾ ਹੈ।
____________________________________________
ਯੋਗੇਂਦਰ ਯਾਦਵ ਵੱਲੋਂ ਕੇਜਰੀਵਾਲ ਦੀ ਰਣਨੀਤੀ ‘ਤੇ ਸਵਾਲ
ਨਵੀਂ ਦਿੱਲੀ: ਪੰਜਾਬ ਦੀਆਂ ਚੋਣਾਂ ਵਿਚ ਰੁੱਝੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ‘ਸਵਰਾਜ ਇੰਡੀਆ’ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ‘ਲਾਂਚ ਪੈਡ’ ਵਾਂਗ ਵਰਤ ਰਹੇ ਹਨ। ਯੋਗੇਂਦਰ ਯਾਦਵ ਨੇ ਕੇਜਰੀਵਾਲ ‘ਤੇ ਡੇਂਗੂ ਅਤੇ ਚਿਕਨਗੁਨੀਆ ਤੋਂ ਪ੍ਰਭਾਵਿਤ ਦਿੱਲੀ ਦੀ ਜਨਤਾ ਨੂੰ ਰੱਬ ਆਸਰੇ ਛੱਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਦਿੱਲੀ ਅਜਿਹੀਆਂ ਬਿਮਾਰੀਆਂ ਨਾਲ ਜੰਗ ਲੜ ਰਹੀ ਸੀ ਤਾਂ ਦਿੱਲੀ ਸਰਕਾਰ ਦਾ ਕੋਈ ਵੀ ਮੰਤਰੀ ਰਾਜਧਾਨੀ ‘ਚ ਮੌਜੂਦ ਨਹੀਂ ਸੀ। ਦਿੱਲੀ ਐਮæਸੀæਡੀæ ਚੋਣਾਂ ਵਿਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੀ ਸਵਰਾਜ ਇੰਡੀਆ ਦੇ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਉਹ ਇਕ ਪਾਸੇ ਤਾਂ ਕੇਂਦਰ ‘ਤੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ, ਦੂਜੇ ਪਾਸੇ ਇਹ ਦਾਅਵਾ ਵੀ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਦੇ ਸੂਰਤੇ ਹਾਲ ਬਦਲ ਦਿੱਤੀ ਹੈ।