ਪੰਜਾਬ ਦੇ ਮੁੱਖ ਸਿਆਸੀ ਦਲਾਂ ਦੀ ਨੌਕਰਸ਼ਾਹਾਂ ਵੱਲ ਝਾਕ

ਜਲੰਧਰ: ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਦੀ ਪਹਿਲੀ ਪਸੰਦ ਪੁਲਿਸ ਅਧਿਕਾਰੀ ਹੀ ਬਣੇ ਨਜ਼ਰ ਆਉਂਦੇ ਹਨ। ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਿਆਸੀ ਪਾਰਟੀਆਂ ਵੱਲੋਂ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ, ਹਾਲਾਂਕਿ ਪੁਲਿਸ ਅਧਿਕਾਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਤਜਰਬਾ ਸਿਆਸੀ ਪਾਰਟੀਆਂ ਲਈ ਕੋਈ ਬਹੁਤਾ ਵਧੀਆ ਨਾ ਰਹਿ ਕੇ ਖੱਟਾ-ਮਿੱਠਾ ਹੀ ਰਿਹਾ ਹੈ।

ਬਹੁਤੇ ਅਧਿਕਾਰੀਆਂ ਨੇ ਸੇਵਾ ਮੁਕਤੀ ਤੋਂ ਬਾਅਦ ਸਿਆਸਤ ‘ਚ ਪੈਰ ਧਰਿਆ, ਉਥੇ ਕਈਆਂ ਨੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਸਿਆਸਤ ਵਿਚ ਕਿਸਮਤ ਅਜ਼ਮਾਉਣ ਨੂੰ ਪਹਿਲ ਦਿੱਤੀ। ਹਾਲਾਂਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨੌਕਰੀ ਛੱਡ ਕੇ ਆਉਣ ਵਾਲੇ ਅਧਿਕਾਰੀਆਂ ਨੂੰ ਘੱਟੋ-ਘੱਟ ਪੰਜ ਸਾਲ ਬਾਅਦ ਹੀ ਕਿਸੇ ਪਾਰਟੀ ਵਲੋਂ ਟਿਕਟ ਦਿੱਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਅਕਸਰ ਅਜਿਹੇ ਅਧਿਕਾਰੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
‘ਆਪ’ ਵੱਲੋਂ ਐਲਾਨੇ ਉਮੀਦਵਾਰਾਂ ਦੀ ਸੂਚੀ ਵਿਚ ਵੀ ਕੁਝ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। ਸੁਲਤਾਨਪੁਰ ਲੋਧੀ ਤੋਂ ਪਾਰਟੀ ਵੱਲੋਂ ਬਣਾਏ ਉਮੀਦਵਾਰ ਸੱਜਣ ਸਿੰਘ ਚੀਮਾ ਐਸ਼ਪੀæ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ, ਜਦਕਿ ਆਈæਜੀæ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਪਹਿਲਵਾਨ ਕਰਤਾਰ ਸਿੰਘ ਨੂੰ ਵੀ ਪਾਰਟੀ ਵਲੋਂ ਤਰਨ ਤਾਰਨ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਜਲੰਧਰ ਛਾਉਣੀ ਹਲਕੇ ਤੋਂ ਪਾਰਟੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿਚ ਸੇਵਾ ਮੁਕਤ ਆਈæਜੀæ ਸੁਰਿੰਦਰ ਸਿੰਘ ਸੋਢੀ ਤੇ ਸੇਵਾ ਮੁਕਤ ਇੰਸਪੈਕਟਰ ਜਗਦੀਪ ਸਿੰਘ ਗਿੱਲ ਦੇ ਨਾਂ ਪ੍ਰਮੁੱਖ ਹਨ। ਬੰਗਾ ਵਿਧਾਨ ਸਭਾ ਹਲਕੇ ਤੋਂ ਬੇਸ਼ੱਕ ‘ਆਪ’ ਵੱਲੋਂ ਹਰਜੋਤ ਕੌਰ ਨੂੰ ਟਿਕਟ ਦੇ ਦਿੱਤੀ ਗਈ ਹੈ, ਪਰ ਉਨ੍ਹਾਂ ਦੇ ਮੁਕਾਬਲੇ ਸੇਵਾ ਮੁਕਤ ਆਈæਜੀæ ਹਰਭਜਨ ਸਿੰਘ ਵੱਲੋਂ ਵੀ ਇਸ ਹਲਕੇ ਤੋਂ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਜਲੰਧਰ ਦਿਹਾਤੀ ਦੇ ਐਸ਼ਐਸ਼ਪੀæ ਹਰਮੋਹਨ ਸਿੰਘ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਨ ਦੀ ਤਿਆਰੀ ਕਰ ਲਈ ਗਈ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਆਪਣੀ ਨੌਕਰੀ ਛੱਡਣ ਲਈ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ। ਇਸ ਵਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਸੀਟ ਨੂੰ ਜਿੱਤਣ ਲਈ ਪੂਰਾ ਟਿੱਲ ਲਗਾ ਰਹੇ ਦੱਸੇ ਜਾ ਰਹੇ ਹਨ ਤੇ ਹਰਮੋਹਨ ਸਿੰਘ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਵੀ ਉਨ੍ਹਾਂ ਦੀ ਇਸੇ ਰਣਨੀਤੀ ਦਾ ਹਿੱਸਾ ਸਮਝਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਨੂੰ ਵੀ ਅਕਾਲੀ ਦਲ ਵੱਲੋਂ ਪਟਿਆਲਾ ਦਿਹਾਤੀ ਤੋਂ ਇਕ ਤਰ੍ਹਾਂ ਨਾਲ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਇਸ ਦੌਰਾਨ ਕਪੂਰਥਲੇ ‘ਚ ਤਾਇਨਾਤ ਪੁਲਿਸ ਦੇ ਇਕ ਉਚ ਅਧਿਕਾਰੀ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰੇ ਪਾਏ ਦੱਸੇ ਜਾ ਰਹੇ ਹਨ ਤੇ ਪਾਰਟੀ ਵਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਚੋਣ ਲੜਾਏ ਜਾਣ ਦੀ ਚਰਚਾ ਵੀ ਪਿਛਲੇ ਸਮੇਂ ਦੌਰਾਨ ਚੱਲਦੀ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਹਲਕੇ ਤੋਂ ਪਾਰਟੀ ਮੌਜੂਦਾ ਵਿਧਾਇਕ ਸ਼ ਸਰਵਨ ਸਿੰਘ ਫਿਲੌਰ ਨੂੰ ਮੁੜ ਇਥੋਂ ਉਮੀਦਵਾਰ ਬਣਾਉਣ ਦੀ ਇਛੁੱਕ ਨਹੀਂ ਹੈ ਤੇ ਅਜਿਹੇ ‘ਚ ਨਵੇਂ ਉਮੀਦਵਾਰ ਦੀ ਭਾਲ ਦੌਰਾਨ ਗੁਣਾ ਉਕਤ ਪੁਲਿਸ ਅਧਿਕਾਰੀ ਉਤੇ ਵੀ ਪੈ ਸਕਦਾ ਹੈ।
______________________________
ਅਸਫਲ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਤਜਰਬਾ
ਜਲੰਧਰ: ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਲੜਾਉਣ ਦਾ ਤਜਰਬਾ ਬਹੁਤਾ ਸਫਲ ਨਹੀਂ ਰਿਹਾ ਤੇ ਸਾਬਕਾ ਡੀæਜੀæਪੀæ ਪਰਮਦੀਪ ਸਿੰਘ ਗਿੱਲ ਮੋਗਾ ਹਲਕੇ ਤੋਂ ਚੋਣ ਹਾਰ ਗਏ ਸਨ। ‘ਆਪ’ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਵਰਗਵਾਸੀ ਪਿਤਾ ਡੀæਐਸ਼ਪੀæ ਸੁਖਜਿੰਦਰ ਸਿੰਘ ਪੰਜਾਬ ਦੇ ਅਕਾਲੀ ਦਲ ਦੀ ਸਰਕਾਰ ‘ਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਸਿਆਸਤ ‘ਚ ਸਰਗਰਮ ਭੂਮਿਕਾ ਰਹੀ ਹੈ। ਸੇਵਾ ਮੁਕਤ ਆਈæਜੀæ ਪ੍ਰੀਤਮ ਸਿੰਘ ਭਿੰਡਰ ਦੀ ਪਤਨੀ ਸੁਖਬੰਸ ਕੌਰ ਭਿੰਡਰ ਕੇਂਦਰ ‘ਚ ਕਾਂਗਰਸੀ ਸਰਕਾਰ ਸਮੇਂ ਵਜ਼ੀਰ ਰਹਿ ਚੁੱਕੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਮੈਡਮ ਫਰਜ਼ਾਨਾ ਆਲਮ ਸੇਵਾ ਮੁਕਤ ਡੀæਜੀæਪੀæ ਇਜ਼ਹਾਰ ਆਲਮ ਦੀ ਪਤਨੀ ਹੈ। ਇਸ ਮਾਮਲੇ ‘ਚ ਕਾਂਗਰਸ ਵੀ ਅਕਾਲੀ ਦਲ ਦੇ ਰਾਹ ‘ਤੇ ਹੀ ਚੱਲ ਰਹੀ ਹੈ ਤੇ ਕਾਂਗਰਸ ਦੀ ਸਾਬਕਾ ਵਿਧਾਇਕਾ ਰਜ਼ੀਆ ਸੁਲਤਾਨਾ ਵੀ ਮੌਜੂਦਾ ਡੀæਜੀæਪੀæ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਦੀ ਪਤਨੀ ਹੈ।