ਕ੍ਰਾਂਤੀਕਾਰੀਆਂ ਦਾ ਇੰਨਾ ਜ਼ਿਆਦਾ ਫਿਕਰ ਕਰਦਾ ਸੀ ਬ੍ਰਿਟਿਸ਼ ਸਾਮਰਾਜ਼…

ਚੰਡੀਗੜ੍ਹ: ਬ੍ਰਿਟਿਸ਼ ਰਾਜ ਵਿਚ ਪੁਲਿਸ ਲਈ ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦਾ ਤਕਰੀਬਨ ਹਰ ਪੱਖ ਮਹੱਤਤਾ ਰੱਖਦਾ ਸੀ, ਜਿਵੇਂ ਕਿ ਉਹ ਕੀ ਖਾਂਦੇ ਹਨ? ਉਹ ਕਿਵੇਂ ਸਫਰ ਕਰਦੇ ਹਨ? ਉਹ ਕਿਥੇ ਰਹਿੰਦੇ ਤੇ ਪੜ੍ਹਦੇ ਹਨ? ਉਨ੍ਹਾਂ ਦੀ ਸ਼ਹੀਦੀ ਤੋਂ ਤਕਰੀਬਨ ਅੱਠ ਤੋਂ ਵੱਧ ਦਹਾਕਿਆਂ ਬਾਅਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮੇ ਨਾਲ ਸਬੰਧਤ 160 ਫਾਈਲਾਂ ਨੂੰ ਅਖੀਰ ਰੌਸ਼ਨੀ ਨਸੀਬ ਹੋ ਸਕਦੀ ਹੈ। ਆਜ਼ਾਦੀ ਦੇ ਘੋਲ ਦੌਰਾਨ ਉੱਠੀ ਇਨਕਲਾਬੀ ਲਹਿਰ ਉਤੇ ਕੰਮ ਕਰ ਰਹੀ ਇਕ ਇਤਿਹਾਸਕਾਰ ਨੇ ਲਾਹੌਰ ਵਿਚ ਪਈਆਂ ਇਨ੍ਹਾਂ ਫਾਈਲਾਂ ਤੱਕ ਪਹਿਲੀ ਵਾਰ ਪਹੁੰਚ ਕੀਤੀ ਹੈ।

ਜ਼ਿਆਦਾਤਰ ਫਾਈਲਾਂ ਦਾ ਸਿਰਲੇਖ ‘ਲਾਹੌਰ ਸਾਜ਼ਿਸ਼ ਕੇਸ 1929’ ਹੈ। ਵਿਸ਼ੇਸ਼ ਟ੍ਰਿਬਿਊਨਲ ਦੀ ਕਾਰਵਾਈ, ਅਦਾਲਤ ਵਿਚ ਪੇਸ਼ ਕੀਤੀਆਂ ਵਸਤਾਂ ਅਤੇ ਫੈਸਲਾ ਪਹਿਲਾਂ ਹੀ ਜਨਤਕ ਹੋ ਚੁੱਕਾ ਹੈ। ਇਨ੍ਹਾਂ ਨਵੀਆਂ ਫਾਈਲਾਂ ਦੇ ਜਨਤਕ ਹੋਣ ਬਾਅਦ ਇਨਕਲਾਬੀ ਸੰਘਰਸ਼ ਦੇ ਕਈ ਅਣਗੌਲੇ ਪੱਖਾਂ ਅਤੇ ਸ਼ਹੀਦਾਂ ਦੀ ਜ਼ਿੰਦਗੀ ਉਤੇ ਚਾਨਣ ਪਵੇਗਾ। ਹਰਿਆਣਾ ਵਿਚ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਡਾæ ਅਪਰਨਾ ਵੈਦਿਕ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਲਾਹੌਰ ਦੀਆਂ ਦੋ ਫੇਰੀਆਂ ਸਮੇਂ ਜ਼ਿਆਦਾਤਰ ਫਾਈਲਾਂ ਤੱਕ ਪਹੁੰਚ ਕਰ ਲਈ ਸੀ ਅਤੇ ਉਹ ਇਸ ਸਬੰਧੀ ਇਕ ਕਿਤਾਬ ਉਤੇ ਕੰਮ ਕਰ ਰਹੀ ਹੈ।
ਡਾæ ਅਪਰਨਾ ਨੇ ਦੱਸਿਆ ਕਿ ਇਨ੍ਹਾਂ ਫਾਈਲਾਂ ਦਾ ਇਕ ਵੀ ਸਫਾ ਗਾਇਬ ਨਹੀਂ ਹੈ ਅਤੇ ਫਾਈਲਾਂ ਦਾ ਜ਼ਿਆਦਾਤਰ ਹਿੱਸਾ ਲੈਮੀਨੇਟ ਕੀਤਾ ਗਿਆ ਹੈ। ਲਗਦੈ ਕਿ ਹਾਲ ਹੀ ਵਿਚ ਇਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇਹ ਯਤਨ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਕੁਝ ਫਾਈਲਾਂ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਜਥੇਬੰਦੀ ਦੇ ਰੋਜ਼ਾਨਾ ਦੇ ਕੰਮ-ਕਾਜ ਦੇ ਵੇਰਵੇ ਹਨ, ਜਿਵੇਂ ਸਕੂਲ, ਕਾਲਜ, ਹੋਸਟਲ, ਲਾਇਬ੍ਰੇਰੀ ਅਤੇ ਇਥੋਂ ਤੱਕ ਕਿ ਧੋਬੀ, ਢਾਬਾ, ਦੋਧੀ, ਮਕਾਨ ਮਾਲਕ, ਰੇਲਵੇ, ਡਾਕਖਾਨਿਆਂ ਤੇ ਟਰਾਂਸਪੋਰਟ ਕੰਪਨੀਆਂ ਦਾ ਰਿਕਾਰਡ ਵੀ ਰੱਖਿਆ ਗਿਆ ਹੈ। ਇਹ ਸਭ ਪੰਜਾਬ, ਦਿੱਲੀ, ਯੂਪੀ, ਬਿਹਾਰ, ਬੰਗਾਲ ਅਤੇ ਮਹਾਰਾਸ਼ਟਰ ਵਿਚੋਂ ਜ਼ਬਤ ਕੀਤਾ ਗਿਆ ਸੀ ਅਤੇ ਇਨਕਲਾਬੀਆਂ ਖਿਲਾਫ਼ ਅਦਾਲਤ ਵਿਚ ਸਬੂਤ ਵਜੋਂ ਇਹ ਵੇਰਵੇ ਵਰਤੇ ਗਏ ਸਨ।
ਉਨ੍ਹਾਂ ਕਿਹਾ ਕਿ ਦੇਖਣ ਨੂੰ ਇਹ ਵੇਰਵੇ ਤੁੱਛ ਲੱਗ ਸਕਦੇ ਹਨ ਜਿਸ ਵਿਚ ਇਨਕਲਾਬੀਆਂ ਦੀ ਸੰਜਮੀ ਨਿੱਜੀ ਜ਼ਿੰਦਗੀ, ਉਨ੍ਹਾਂ ਦੇ ਸਫਰ ਤੇ ਰਹਿਣ ਸਹਿਣ ਬਾਰੇ ਵੇਰਵੇ ਹਨ, ਪਰ ਇਹ ਫਾਈਲਾਂ ਸ਼ਹੀਦਾਂ ਦੀ ਜ਼ਿੰਦਗੀ ਤੇ ਉਸ ਸਮੇਂ ਨੂੰ ਤਾਜ਼ਾ ਕਰਨ ਵਿਚ ਮਦਦ ਕਰ ਸਕਦੀਆਂ ਹਨ।
ਇਨ੍ਹਾਂ ਫਾਈਲਾਂ ਵਿਚ ਡੀæਏæਵੀæ ਕਾਲਜ, ਲਾਹੌਰ ਦੇ ਦਾਖਲਾ ਰਜਿਸਟਰ ਤੋਂ ਲੈ ਕੇ ਕੈਸ਼ ਬੁੱਕ ਅਤੇ ਦਵਾਰਕਾ ਦਾਸ ਲਾਇਬ੍ਰੇਰੀ ਦੇ ਕਿਤਾਬਾਂ ਜਾਰੀ ਕਰਨ ਵਾਲੇ ਰਜਿਸਟਰ ਬਾਰੇ ਵੇਰਵੇ ਸ਼ਾਮਲ ਹਨ। ਹੁਣ ਚੰਡੀਗੜ੍ਹ ਦੇ ਸੈਕਟਰ-15 ਵਿਚ ਸਥਿਤ ਦਵਾਰਕਾ ਦਾਸ ਲਾਇਬ੍ਰੇਰੀ, ਜੋ ਬਟਵਾਰੇ ਤੋਂ ਪਹਿਲਾਂ ਲਾਹੌਰ ਵਿਚ ਸੀ, ਵਿਚੋਂ ਭਗਤ ਸਿੰਘ ਤੇ ਉਸ ਦੇ ਸਾਥੀ ਅਕਸਰ ਕਿਤਾਬਾਂ ਲੈਂਦੇ ਰਹਿੰਦੇ ਸਨ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਕਿਸ਼ੋਰੀ ਲਾਲ ਤੇ ਪ੍ਰੇਮ ਦੱਤ ਡੀæਏæਵੀæ ਕਾਲਜ ਦੇ ਵਿਦਿਆਰਥੀ ਹਨ ਤਾਂ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਕਾਲਜ ਦਾ ਰਿਕਾਰਡ ਵੀ ਜ਼ਬਤ ਕਰ ਲਿਆ, ਜੋ 14 ਤੇ 39 ਨੰਬਰ ਫਾਈਲਾਂ ਦੇ ਹਿੱਸੇ ਹਨ। ਬਟਵਾਰੇ ਬਾਅਦ ਡੀæਏæਵੀæ ਕਾਲਜ ਵੀ ਚੰਡੀਗੜ੍ਹ ਆ ਗਿਆ। ਫਾਈਲ ਨੰਬਰ-52 ਵਿਚ ਬੰਬੇ ਸਾਈਕਲ ਐਂਡ ਮੋਟਰ ਏਜੰਸੀ ਲਿਮਟਡ ਲਾਹੌਰ ਦਾ ਹਾਜ਼ਰੀ ਰਜਿਸਟਰ ਹੈ, ਜਿਥੇ ਉਹ ਡਰਾਈਵਿੰਗ ਸਿੱਖਦੇ ਸਨ। ਇਨ੍ਹਾਂ ਵਿਚ ਸੁਖਦੇਵ ਤੇ ਰਾਜਗੁਰੂ ਵੀ ਸ਼ਾਮਲ ਸਨ।
ਪੁਲਿਸ ਵੱਲੋਂ ਇਨਕਲਾਬੀਆਂ ਦੇ ਰਿਹਾਇਸ਼ੀ ਸਥਾਨਾਂ ਬਾਰੇ ਵੀ ਪੜਤਾਲ ਕੀਤੀ ਜਾਂਦੀ ਸੀ। ਫਾਈਲ ਨੰਬਰ-111 ਤੋਂ 115 ਵਿਚ ਹਿੰਦੂ ਹੋਟਲ, ਲਾਹੌਰ ਤੇ ਸ਼ਰਮਾ ਹਿੰਦ ਹੋਟਲ ਫਿਰੋਜ਼ਪੁਰ ਦਾ ਰਿਕਾਰਡ ਵੀ ਹੈ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਇਨਕਲਾਬੀ ਆਮ ਤੌਰ ‘ਤੇ ਰੇਲ ਵਿਚ ਸਫ਼ਰ ਕਰਦੇ ਹਨ ਤਾਂ ਉਨ੍ਹਾਂ ਨੇ ਈਸਟਰਨ ਇੰਡੀਅਨ ਰੇਲਵੇ, ਕਾਨਪੁਰ ਨਾਲ ਸਬੰਧਤ ਸਟੇਸ਼ਨਾਂ ਦੇ ਰਜਿਸਟਰ ਜ਼ਬਤ ਕਰ ਲਏ, ਜੋ ਹੁਣ 53 ਨੰਬਰ ਫਾਈਲ ਦਾ ਹਿੱਸਾ ਹਨ। ਇਨ੍ਹਾਂ ਫਾਈਲਾਂ ਤੋਂ ਇਨਕਲਾਬੀਆਂ ਦੀ ਸੰਜਮੀ ਤੇ ਤੋਟ ਵਾਲੀ ਜ਼ਿੰਦਗੀ ਦੀ ਝਲਕ ਮਿਲਦੀ ਹੈ। ਉਨ੍ਹਾਂ ਕੋਲ ਕਈ ਵਾਰ ਚੌਲ ਖਰੀਦਣ ਜੋਗੇ ਵੀ ਪੈਸੇ ਨਹੀਂ ਹੁੰਦੇ ਸਨ। ਉਹ ਉਧਾਰ ਚੀਜ਼ਾਂ ਖਰੀਦਦੇ ਸਨ। ਲਾਹੌਰ ਦੇ ਦੁਕਾਨਦਾਰ ਅਬਦੁਲ ਜੱਬਾਰ ਦੀ ਵਹੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿਸ ਨੂੰ ਅਦਾਲਤ ਵਿਚ ਸਬੂਤ ਵਜੋਂ ਪੇਸ਼ ਕੀਤਾ ਗਿਆ ਸੀ, ਜੋ 146 ਨੰਬਰ ਫਾਈਲ ਵਿੱਚ ਦਰਜ ਹੈ। ਇਨ੍ਹਾਂ 160 ਫਾਈਲਾਂ ਦਾ ਸਭ ਤੋਂ ਅਹਿਮ ਹਿੱਸਾ ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਲਿਖੇ ਗਏ ਪੱਤਰ ਹਨ। ਇਹ ਪੱਤਰ ਅਦਾਲਤ ਅਤੇ ਵਿਸ਼ੇਸ਼ ਟ੍ਰਿਬਿਊਨਲ, ਪੁਲਿਸ ਆਦਿ ਨੂੰ ਲਿਖੇ ਗਏ ਸਨ। ਇਹ ਵੇਰਵੇ ਭਾਵੇਂ ਸਰਕਾਰੀ ਹਨ, ਪਰ ਇਨ੍ਹਾਂ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਇਹ ਕ੍ਰਾਂਤੀਕਾਰੀ ਕਿਨ੍ਹਾਂ ਹਾਲਾਤ ਵਿਚੋਂ ਲੰਘ ਰਹੇ ਸਨ।
_________________________________
ਲਾਹੌਰ ਸਾਜ਼ਿਸ਼ ਕੇਸ ਦੇ ਵੇਰਵੇ
ਲਾਹੌਰ ਸਾਜ਼ਿਸ਼ ਕੇਸ 10 ਜੁਲਾਈ, 1929 ਨੂੰ ਸ਼ੁਰੂ ਹੋਇਆ ਸੀ, ਜਿਸ ਵਿਚ ਭਗਤ ਸਿੰਘ ਤੇ 27 ਹੋਰ ਕ੍ਰਾਂਤੀਕਾਰੀ ਸ਼ਾਮਲ ਸਨ। ਉਨ੍ਹਾਂ ਉਤੇ ਗੋਰੇ ਪੁਲਿਸ ਅਫ਼ਸਰ ਜੌਹਨ ਪੀ ਸਾਂਡਰਸ ਦੇ ਕਤਲ ਦੀ ਕੋਸ਼ਿਸ਼, ਸਕਾਟ ਦੀ ਹੱਤਿਆ ਦੀ ਸਾਜ਼ਿਸ਼ ਅਤੇ ਬ੍ਰਿਟਿਸ਼ ਸਾਮਰਾਜ ਖਿਲਾਫ਼ ਜੰਗ ਛੇੜਨ ਦੇ ਦੋਸ਼ ਸਨ। 18 ਮੁਲਜ਼ਮਾਂ ਖਿਲਾਫ਼ ਵਿਸ਼ੇਸ਼ ਟ੍ਰਿਬਿਊਨਲ ਕਾਇਮ ਕੀਤਾ ਗਿਆ ਸੀ, ਜਿਸ ਨੇ 5 ਮਈ, 1930 ਨੂੰ ਮੁਕੱਦਮੇ ਦੀ ਸੁਣਵਾਈ ਤੇਜ਼ ਕੀਤੀ ਸੀ। ਇਸ ਟ੍ਰਿਬਿਊਨਲ ਨੇ 7 ਅਕਤੂਬਰ, 1930 ਨੂੰ ਸਾਂਡਰਸ ਦੀ ਹੱਤਿਆ ਵਿਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਮੂਲੀਅਤ ਸਿੱਧ ਕੀਤੀ ਸੀ। ਅਜੈ ਘੋਸ਼, ਜਤਿੰਦਰ ਨਾਥ ਸਾਨਿਆਲ ਅਤੇ ਦੇਸ ਰਾਜ ਨੂੰ ਬਰੀ ਕਰ ਦਿੱਤਾ ਗਿਆ ਸੀ। ਕੁੰਦਨ ਲਾਲ ਤੇ ਪ੍ਰੇਮ ਦੱਤ ਨੂੰ ਸੱਤ ਤੇ ਪੰਜ ਸਾਲ ਦੀ ਸਖਤ ਸਜ਼ਾ ਦਿੱਤੀ ਗਈ ਸੀ। ਬਾਕੀ ਸੱਤ ਇਨਕਲਾਬੀਆਂ ਕਿਸ਼ੋਰੀ ਲਾਲ, ਮਹਾਬੀਰ ਸਿੰਘ, ਬਿਜੋਏ ਕੁਮਾਰ ਸਿਨਹਾ, ਸ਼ਿਵ ਵਰਮਾ, ਗਯਾ ਪ੍ਰਸ਼ਾਦ, ਜੈ ਦੇਵ ਅਤੇ ਕਮਲਨਾਥ ਤਿਵਾੜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।