ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮਨ ਟੋਹਣ ‘ਚ ਜੁਟੀ ਸਰਕਾਰ

ਬਠਿੰਡਾ: ਪੰਜਾਬ ਸਰਕਾਰ ਭਲਾਈ ਸਕੀਮਾਂ ਦੀ ਫੀਡ ਬੈਕ ਬਹਾਨੇ ਪੰਜਾਬ ਦੀ ਸਿਆਸੀ ਨਬਜ਼ ਟਟੋਲਣ ਵਿਚ ਜੁਟੀ ਹੈ। ਆਂਧਰਾ ਪ੍ਰਦੇਸ਼ ਤੋਂ ਬੁਲਾਏ ਗਏ ਵਿਸ਼ੇਸ਼ ਮਾਹਿਰ ਵੱਲੋਂ ਇਹ ਫੀਡ ਬੈਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਾਂਗਰਸ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਰਕਾਰੀ ਪ੍ਰਾਜੈਕਟ ਤਕਰੀਬਨ 20 ਕਰੋੜ ਦਾ ਹੈ, ਜਿਸ ਤਹਿਤ ਫੋਨ, ਵੁਆਇਸ ਸੁਨੇਹਾ ਅਤੇ ਫੀਲਡ ਵਿਚ ਸਰਵੇਖਣ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਪੰਜਾਬ ‘ਚ ਤਕਰੀਬਨ ਢਾਈ ਸੌ ਸਾਬਕਾ ਸੈਨਿਕ ਵੀ ਗੁਪਤ ਸਰਵੇਖਣ ਲਈ ਮੋਰਚੇ ‘ਚ ਉਤਰੇ ਹਨ, ਜਿਨ੍ਹਾਂ ਦਾ ਹਾਲੇ ਭੇਤ ਬਣਿਆ ਹੋਇਆ ਹੈ। ਇਹ ਸਾਬਕਾ ਸੈਨਿਕ ਕਿਸੇ ਕੰਨੜ ਟੀæਵੀæ ਲਈ ਸਰਵੇਖਣ ਕਰਨ ਦੀ ਗੱਲ ਕਹਿ ਰਹੇ ਹਨ, ਪਰ ਇਨ੍ਹਾਂ ਦੀ ਗੁਪਤਤਾ ਤੋਂ ਕਈ ਸ਼ੰਕੇ ਖੜ੍ਹੇ ਹੁੰਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਨੇ 25 ਫਰਵਰੀ 2016 ਨੂੰ ਸਰਕਾਰੀ ਸਕੀਮਾਂ ਦੇ ਲੋਕਾਂ ‘ਤੇ ਪੈ ਰਹੇ ਪ੍ਰਭਾਵ ਦਾ ਅਧਿਐਨ ਕਰਾਉਣ ਲਈ ਇਕ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਪ੍ਰਾਜੈਕਟ ਲਈ ਇਕ ਪ੍ਰਾਈਵੇਟ ਫਰਮ ਨੇ 35 ਕਰੋੜ ਰੁਪਏ ਮੰਗੇ ਸਨ, ਪਰ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ। ਮਗਰੋਂ ਸਰਕਾਰ ਨੇ ਆਪਣੇ ਪੱਧਰ ‘ਤੇ ਕਾਲ ਸੈਂਟਰ/ਆਈæਵੀæਆਰæਐਸ਼ ਫੈਸਿਲਿਟੀ ਸਥਾਪਤ ਕਰਕੇ ਸਰਕਾਰੀ ਏਜੰਸੀਆਂ ਤੋਂ ਫੀਡ ਬੈਕ/ਸਰਵੇਖਣ ਦਾ ਕੰਮ ਕਰਾਉਣ ਦਾ ਫੈਸਲਾ ਕੀਤਾ। ਇਹ ਪ੍ਰਾਜੈਕਟ ਤਕਰੀਬਨ ਛੇ ਮਹੀਨੇ ਲਈ ਹੀ ਤਿਆਰ ਕੀਤਾ ਗਿਆ ਅਤੇ ਲੋੜ ਪੈਣ ‘ਤੇ ਹੋਰ ਛੇ ਮਹੀਨੇ ਦਾ ਵਾਧਾ ਹੋ ਸਕਦਾ ਹੈ। ਛੇ ਮਹੀਨਿਆਂ ਵਿਚ ਇਕ ਕਰੋੜ ਲੋਕਾਂ ਤੱਕ ਪਹੁੰਚ ਕਰਨ ਦਾ ਟੀਚਾ ਹੈ ਅਤੇ 31 ਜੁਲਾਈ ਤੱਕ ਤਕਰੀਬਨ 32 ਲੱਖ ਲੋਕਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਇਸ ਪ੍ਰਾਜੈਕਟ ਵਾਸਤੇ ਹੈਦਰਾਬਾਦ ਦੇ ਸਤਿਆ ਨਾਰਾਇਣ ਮਰੀਸੇਟੀ ਦੀ ਬਤੌਰ ਵਿਸ਼ੇਸ਼ ਕਾਰਜ ਅਫ਼ਸਰ/ਮੁੱਖ ਮੰਤਰੀ ਪੰਜਾਬ ਵਜੋਂ ਨਿਯੁਕਤੀ ਕੀਤੀ ਗਈ ਹੈ, ਜਿਸ ਨੂੰ ਦਫਤਰ, ਰਿਹਾਇਸ਼, ਟੈਲੀਫੋਨ ਅਤੇ ਸਟਾਫ ਕਾਰ ਆਦਿ ਦੀ ਸਹੂਲਤ ਦਿੱਤੀ ਗਈ ਹੈ। ਪੰਜਾਬ ਦੇ ਸਾਰੇ ਵਿਭਾਗਾਂ ਵੱਲੋਂ ਲਾਭਪਾਤਰੀਆਂ ਦੀਆਂ ਸਮੇਤ ਫੋਨ ਨੰਬਰ ਸੂਚੀਆਂ ਇਸ ਵਿਸ਼ੇਸ਼ ਕਾਰਜ ਅਫਸਰ ਹਵਾਲੇ ਕੀਤੀਆਂ ਗਈਆਂ ਹਨ।
ਬੀæਐਸ਼ਐਨæਐਲ਼ ਅਤੇ ਨੈਸ਼ਨਲ ਇਨਫੋਟਿਕਸ ਸੈਂਟਰ ਇਸ ਪ੍ਰਾਜੈਕਟ ਵਿਚ ਭਾਗੀਦਾਰ ਹਨ। ਪ੍ਰਾਜੈਕਟ ਵਿਚ 125 ਫੀਡ ਬੈਕ ਅਫਸਰ ਅਤੇ ਕਾਲ ਸੈਂਟਰ ਵਿਚ 500 ਕਾਲ ਅਪਰੇਟਰ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਫੀਡ ਬੈਕ ਅਫਸਰ ਦੀ ਤਨਖਾਹ ਪ੍ਰਤੀ ਮਹੀਨਾ 35 ਹਜ਼ਾਰ ਰੱਖੀ ਗਈ ਹੈ। ਪੰਜਾਬ ਭਰ ਵਿਚ ਲੋਕਾਂ ਦੇ ਘਰਾਂ ਵਿਚ ਫੀਡ ਬੈਕ ਵਾਲੇ ਫੋਨ ਪਿਛਲੇ ਕੁਝ ਸਮੇਂ ਤੋਂ ਖੜਕ ਰਹੇ ਹਨ। ਪ੍ਰਾਜੈਕਟ ਦੇ ਸ਼ੁਰੂ ਵਿਚ ਮੁੱਖ ਮੰਤਰੀ ਪੰਜਾਬ ਨੇ ਖੁਦ ਵੀ ਕੁਝ ਲਾਭਪਾਤਰੀਆਂ ਨੂੰ ਫੋਨ ਕੀਤੇ ਸਨ।
ਸੂਤਰਾਂ ਮੁਤਾਬਕ ਫੀਡ ਬੈਕ ਤਾਂ ਬਹਾਨਾ ਹੈ ਅਤੇ ਸਰਕਾਰ ਇਸ ਬਹਾਨੇ ਲੋਕਾਂ ਦਾ ਸਿਆਸੀ ਮੂਡ ਜਾਣਨਾ ਚਾਹੁੰਦੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਜਲੰਧਰ ਤੇ ਮੁਹਾਲੀ ਵਿਚ ਤਕਰੀਬਨ 250 ਸਾਬਕਾ ਸੈਨਿਕਾਂ ਦੀ ਗੁਪਤ ਸਰਵੇਖਣ ਲਈ ਟਰੇਨਿੰਗ ਹੋਈ ਹੈ, ਜਿਨ੍ਹਾਂ ਵੱਲੋਂ ਕੁਝ ਜ਼ਿਲ੍ਹਿਆਂ ‘ਚ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ਵਿਚ 20 ਅਕਤੂਬਰ ਤੋਂ ਇਹ ਕੰਮ ਸ਼ੁਰੂ ਹੋਣਾ ਹੈ। ਹਰ ਸਾਬਕਾ ਸੈਨਿਕ ਨੂੰ ਪ੍ਰਤੀ ਦਿਨ ਦੋ ਹਜ਼ਾਰ ਰੁਪਏ ਮਿਹਨਤਾਨਾ ਅਤੇ 500 ਰੁਪਏ ਦਾ ਤੇਲ ਖਰਚ ਦਿੱਤਾ ਜਾਣਾ ਹੈ। ਹਰ ਪਿੰਡ ‘ਚੋਂ 45 ਲੋਕਾਂ ਤੋਂ 17 ਸੁਆਲ ਪੁੱਛੇ ਜਾਣੇ ਹਨ ਜੋ ਨਿਰੋਲ ਸਿਆਸੀ ਹਨ। ਸਰਵੇਖਣ ਲਈ ਤਿਆਰ ਪ੍ਰੋਫਾਰਮਾ ਮੋਬਾਈਲ ਟੈਬ ਵਿਚ ਹੀ ਹੈ, ਜੋ ਹਰ ਸਾਬਕਾ ਸੈਨਿਕ ਨੂੰ ਦਿੱਤਾ ਗਿਆ ਹੈ। ਇਸ ਗੁਪਤ ਸਰਵੇਖਣ ਦਾ ਹਾਲੇ ਭੇਤ ਬਣਿਆ ਹੋਇਆ ਹੈ ਕਿ ਇਹ ਕਿਸ ਵੱਲੋਂ ਕਰਾਇਆ ਜਾ ਰਿਹਾ ਹੈ। ਕੁਝ ਸਾਬਕਾ ਸੈਨਿਕਾਂ ਦਾ ਕਹਿਣਾ ਸੀ ਕਿ ਕਰਨਾਟਕਾ ਦਾ ਇਕ ਟੀæਵੀæ ਚੈਨਲ ਇਹ ਸਰਵੇਖਣ ਕਰਾ ਰਿਹਾ ਹੈ, ਪਰ ਗੱਲ ਸਪੱਸ਼ਟ ਨਹੀਂ ਹੋ ਰਹੀ ਹੈ।
_____________________________________
ਲੋਕਾਂ ਨੂੰ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਦਾ ਵਾਸਤਾ
ਮੁਹਾਲੀ: ਪੰਜਾਬ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ 107 ਪੰਨਿਆਂ ਦੀ ਪ੍ਰਚਾਰ ਪੁਸਤਕ ਛਪਵਾ ਕੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੰਡਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹੁਕਮਰਾਨਾਂ ਨੇ ਰਾਜ ਦੇ ਸਮੂਹ ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿਚ ਹਰੇਕ ਮਿਉਂਸਪਲ ਕੌਂਸਲਰ ਨੂੰ ਆਪਣੇ ਵਾਰਡਾਂ ਵਿਚ ਵੰਡਣ ਲਈ 500-500 ਕਿਤਾਬਾਂ ਦਿੱਤੀਆਂ ਹਨ। ਇੰਝ ਹੀ ਪਿੰਡਾਂ ਵਿਚ ਅਕਾਲੀ ਪੱਖੀ ਸਰਪੰਚਾਂ ਅਤੇ ਵਰਕਰਾਂ ਨੂੰ ਹਰੇਕ ਘਰ ਵਿਚ ਕਿਤਾਬ ਪੁੱਜਦੀ ਕਰਨ ਲਈ ਆਖਿਆ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਦੇ ‘9 ਸਾਲ ਪੰਜਾਬ ਵਿਚ ਵਿਕਾਸ ਦੇ’ ਟਾਈਟਲ ਨਾਲ ਪ੍ਰਕਾਸ਼ਿਤ ਇਸ ਕਿਤਾਬ ਦੇ ਮੁੱਖ ਪੰਨੇ ‘ਤੇ ਹੇਠਲੇ ਪਾਸੇ ਇਕ ਕੋਨੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਛਾਪੀਆਂ ਗਈਆਂ ਹਨ ਅਤੇ ਅਖੀਰਲੇ ਪੰਨੇ ‘ਤੇ ਵੀ ਮੁੱਖ ਮੰਤਰੀ ਦੀ ਸੰਗਤ ਦਰਸ਼ਨ ਪ੍ਰੋਗਰਾਮ ਦੀ ਗਰੁੱਪ ਫੋਟੋ ਛਾਪੀ ਗਈ ਹੈ ਜਦੋਂਕਿ ਭਾਈਵਾਲ ਪਾਰਟੀ ਭਾਜਪਾ ਨੂੰ ਅਣਡਿੱਠ ਕੀਤਾ ਗਿਆ ਹੈ। ਹਾਲਾਂਕਿ ਕਿਤਾਬ ਦੇ ਕੁਝ ਅੰਦਰਲੇ ਪੰਨਿਆਂ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਈ ਹੋਰ ਆਗੂਆਂ ਦੇ ਕਿਤੇ-ਕਿਤੇ ਚਿਹਰੇ ਜ਼ਰੂਰ ਦਿਖਾਏ ਗਏ ਹਨ, ਪਰ ਜ਼ਿਆਦਾਤਰ ਪ੍ਰਚਾਰ ਅਕਾਲੀ ਦਲ ਦੇ ਹੀ ਹੱਕ ਵਿਚ ਹੈ।
ਇਸ ਮਾਮਲੇ ਵਿਚ ਪੰਜਾਬ ਕਾਂਗਰਸ ਅਤੇ ‘ਆਪ’ ਨੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਸਰਕਾਰੀ ਫੰਡਾਂ ਅਤੇ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਮੁਹਾਲੀ ਤੋਂ ਕਾਂਗਰਸ ਵਿਧਾਇਕ ਬਲਬੀਰ ਸਿੰਘ ਸਿੱਧੂ, ਖਰੜ ਦੇ ਵਿਧਾਇਕ ਜਗਮੋਹਨ ਸਿੰਘ ਕੰਗ ਅਤੇ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਲਖਵਿੰਦਰ ਕੌਰ ਗਰਚਾ ਨੇ ਹੁਕਮਰਾਨਾਂ ਵੱਲੋਂ ਪ੍ਰਚਾਰ ਕਰਨ ਲਈ ਨਿਰਾਸ਼ਾਪੂਰਨ ਤੇ ਘਟੀਆ ਤਰੀਕੇ ਅਪਣਾਏ ਜਾਣ ਦੀ ਨਿੰਦਾ ਕੀਤੀ ਹੈ। ‘ਆਪ’ ਦੇ ਜ਼ੋਨਲ ਕਨਵੀਨਰ ਦਰਸ਼ਨ ਸਿੰਘ ਧਾਲੀਵਾਲ, ਸੀਨੀਅਰ ਆਗੂ ਹਰਮਿੰਦਰ ਸਿੰਘ ਮਾਵੀ ਅਤੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਪੱਸ਼ਟ ਕਰਦੀਆਂ ਹਨ ਕਿ ਅਕਾਲੀ ਦਲ ਦੁਬਾਰਾ ਸੱਤਾ ਵਿਚ ਆਉਣ ਦੀ ਆਖਰੀ ਉਮੀਦ ਵੀ ਗੁਆ ਚੁੱਕਿਆ ਹੈ।