ਸਿਫਤੀ ਦੇ ਘਰ ਨੂੰ ਚਾਰ ਚੰਨ ਲਾਉਣਗੇ ਚਾਰ ਨਵੇਂ ਪ੍ਰਾਜੈਕਟ

ਅੰਮ੍ਰਿਤਸਰ: ਗੁਰੂ ਨਗਰੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਟਾਊਨ ਹਾਲ ਤੋਂ ਘੰਟਾ ਘਰ ਚੌਂਕ ਤੱਕ ਮੁੱਖ ਮਾਰਗ ਉਤੇ ਚੱਲ ਰਹੇ ਸੁੰਦਰੀਕਰਨ ਪ੍ਰੋਜੈਕਟ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਪਲਾਜਾ ਦਾ ਦੂਸਰੇ ਪੜਾਅ ਦਾ ਕੰਮ ਮੁਕੰਮਲ ਹੋਣ ਤੱਕ ਪੁੱਜ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ 24 ਅਕਤੂਬਰ ਨੂੰ ਹੋਣ ਉਪਰੰਤ ਇਹ ਲੋਕ ਅਰਪਿਤ ਹੋ ਜਾਣਗੇ।

ਸੁੰਦਰੀਕਰਨ ਪ੍ਰੋਜੈਕਟ ਜਿਸ ‘ਤੇ ਤਕਰੀਬਨ 103 ਕਰੋੜ ਖਰਚ ਕੀਤਾ ਜਾ ਰਿਹਾ ਹੈ, ਇਸ ਤਹਿਤ ਜਿਥੇ ਪੂਰੇ ਰਸਤੇ ਉਤੇ ਕਟਨੀ ਸਟੋਨ (ਪੱਥਰ) ਅਤੇ ਫੁੱਟਪਾਥ ‘ਤੇ ਗਰੇਅ ਨਾਈਟ ਪੱਥਰ ਲਗਾਇਆ ਗਿਆ ਹੈ, ਉਥੇ ਇਸ ਮਾਰਗ ਉਤੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ੍ਰੀ ਭੀਮ ਰਾਓ ਅੰਬੇਦਕਰ ਦੇ ਬੁੱਤ ਅਤੇ ਇਤਿਹਾਸਕ ਜਲ੍ਹਿਆ ਵਾਲਾ ਬਾਗ ਦੇ ਬਾਹਰਵਾਰ ਬਿਜਲੀ ਨਾਲ ਜਗਣ ਵਾਲੀ ਲਾਟ ਲਗਾਈ ਜਾ ਰਹੀ ਹੈ।
ਇਨ੍ਹਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ, ਭੀਮ ਰਾਓ ਅੰਬੇਦਕਰ ਤੇ ਜਲ੍ਹਿਆ ਵਾਲਾ ਬਾਗ ਦੇ ਬਾਹਰਵਾਰ ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੇ ਸਮੂਹਿਕ ਬੁੱਤ ਅਤੇ ਜਲ੍ਹਿਆ ਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਵਾਲੀ ਪੱਥਰ ਦੀ ਲਾਟਨੁਮਾ ਯਾਦਗਾਰ ਸਥਾਪਤ ਕੀਤੀ ਗਈ ਹੈ। ਵਿਰਾਸਤੀ ਦਿਖ ਵਾਲੇ ਟਾਊਨ ਹਾਲ ਵਿਖੇ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਆ ਦੇ 2 ਬੁੱਤ ਲਗਾਏ ਜਾ ਰਹੇ ਹਨ। ਇਸ ਤੋਂ ਅੱਗੇ ਅੰਬੇਦਕਰ ਚਾਕ ਵਿਖੇ ਭੀਮ ਰਾਓ ਅੰਬੇਦਕਰ ਦਾ ਇਕ ਬੁੱਤ ਲਗਾਇਆ ਗਿਆ ਹੈ। ਫੁਹਾਰਾ ਚਾਕ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਬੁੱਤ ਲਗਾਇਆ ਗਿਆ ਹੈ, ਜਿਸ ਦੇ ਦੁਆਲੇ 8 ਸਿਪਾਹੀਆਂ ਦੇ ਬੁੱਤ, ਇਸ ਦੇ ਹੇਠਾਂ ਇਕ ਪਾਣੀ ਦਾ ਝਰਨਾ ਹੋਵੇਗਾ।
ਜਲ੍ਹਿਆ ਵਾਲਾ ਬਾਗ ਦੇ ਬਾਹਰਵਾਰ 1919 ‘ਚ ਸਾਕੇ ਦੇ ਸ਼ਹੀਦਾਂ ਦੀ ਸੂਚੀ ਵਾਲੀ ਚੁਫੇਰੇ ਸਿਲ ਲਗਾਈ ਗਈ ਹੈ ਜਿਸ ਦੇ ਉਪਰ ਆਜ਼ਾਦੀ ਪਰਵਾਨਿਆਂ ਦੇ ਚਿਹਰੇ ਤਰਾਸ਼ੇ ਗਏ ਹਨ। ਇਸ ਤੋਂ ਇਲਾਵਾ ਇਥੇ ਬਿਜਲਈ ਲਾਟ ਜਗੇਗੀ। ਟਾਊਨ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸਾਰੀਆਂ ਇਮਾਰਤਾਂ ਨੂੰ ਇਕ ਜਿਹੀ ਵਿਰਾਸਤੀ ਦਿੱਖ ਦੇਣ ਵਾਲੇ ਫਸਾਡ ਪ੍ਰੋਜੈਕਟ ਜਿਸ ‘ਤੇ 7 ਕਰੋੜ ਖਰਚ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਨਕਸ਼ਾਹੀ ਇੱਟ, ਗੁਲਾਬੀ ਰੰਗ ਦਾ ਪੇਂਟ ਕੀਤਾ ਗਿਆ ਹੈ ਅਤੇ ਪੱਥਰ ਲਗਾਇਆ ਗਿਆ ਹੈ। ਵਪਾਰਕ ਅਦਾਰਿਆ ਦੇ ਬਾਹਰ ਇਕ ਆਕਾਰ, ਇਕ ਰੰਗ ਤੇ ਦਿੱਖ ਵਾਲੇ ਬੋਰਡ ਲਗਾਏ ਜਾਣਾ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ।
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ‘ਤੇ ਵੱਖ-ਵੱਖ ਥਾਂਵਾਂ ਉਤੇ ਕਰੀਬ 7000 ਸਕੇਅਰ ਫੁਟ ਖੇਤਰ ਵਿਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ‘ਤੇ ਸਵੇਰੇ-ਸ਼ਾਮ ਗੁਰਬਾਣੀ ਦਾ ਕੀਰਤਨ ਹੋਵੇਗਾ ਅਤੇ ਇਸ ਤੋਂ ਇਲਾਵਾ ਬਾਕੀ ਸਮਾਂ ਇਸ਼ਤਿਹਾਰਬਾਜ਼ੀ ਅਤੇ ਸੈਲਾਨੀਆਂ ਨੂੰ ਸ਼ਹਿਰ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ‘ਤੇ ਧਰਮ ਸਿੰਘ ਮਾਰਕੀਟ ਵਿਖੇ ਇਕ ਵਿਸ਼ਾਲ ਸਟੇਜ ਬਣਾਈ ਜਾਵੇਗੀ, ਜਿਥੇ ਮਾਰਸ਼ਲ ਆਰਟ (ਗਤਕੇ) ਜੌਹਰ ਵਿਖਾਏ ਜਾਣਗੇ, ਇਸ ਤੋਂ ਇਲਾਵਾ ਪੰਜਾਬ ਦਾ ਲੋਕ ਨਾਚ ਭੰਗੜਾ, ਪੁਲਿਸ ਅਤੇ ਸੈਨਾ ਬੈਂਡ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ।
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ 8250 ਵਰਗ ਮੀਟਰ ‘ਚ ਸੁੰਦਰ ਪਲਾਜਾ ਬਣਾਇਆ ਜਾ ਰਿਹਾ ਹੈ। ਇਸ ਦੇ ਦੂਸਰੇ ਪੜਾਅ ਦੇ ਕੰਮ ਨੂੰ ਵੀ ਹੁਣ ਅੰਤਿਮ ਛੋਹ ਦਿੱਤੀ ਜਾ ਰਹੀ ਹੈ। 130 ਕਰੋੜ ਦੀ ਲਾਗਤ ਵਾਲੇ ਇਸ ਜ਼ਮੀਨਦੋਜ਼ ਹਿੱਸੇ ‘ਚ 4 ਵਿਆਖਿਆ ਹਾਲ, 2 ਵੀæਵੀæਆਈæਪੀæ ਅਤੇ ਵੀæਆਈæਪੀæ ਲਾਂਚ, ਬਹੁਭਾਸ਼ੀ ਮੀਡੀਆ ਕੇਂਦਰ, ਜਨਤਕ ਸਹੂਲਤਾਂ ਲਈ ਪਖਾਨੇ, ਰੇਲ ਅਤੇ ਹਵਾਈ ਪੁਛਗਿੱਛ ਕੇਂਦਰ, ਏæਟੀæਐਮ ਤੋਂ ਇਲਾਵਾ 100 ਤੋਂ ਵਧੇਰੇ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਕਾਨਫਰੰਸ ਹਾਲ, ਵੀæਵੀæਆਈæਪੀæ 20 ਗੱਡੀਆਂ ਦੀ ਸਮਰੱਥਾ ਵਾਲੀ ਪਾਰਕਿੰਗ ਨੂੰ ਬਣਾਇਆ ਗਿਆ ਹੈ।
_________________________________________________
ਸ੍ਰੀ ਹਰਿਮੰਦਰ ਸਾਹਿਬ ‘ਤੇ ਕਿੱਲੋ ਸੋਨਾ ਭੇਟ
ਅੰਮ੍ਰਿਤਸਰ: ਗੁਰੂ ਘਰ ਵਿਚ ਅਥਾਹ ਸ਼ਰਧਾ ਰੱਖਣ ਵਾਲੀ ਮੁੰਬਈ ਨਿਵਾਸੀ ਸ਼ਰਧਾਲੂ ਬੀਬੀ ਸੁਰਜੀਤ ਕੌਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ਉਪਰ ਲੱਗਦੇ ਚੰਦੋਏ ਲਈ ਸੁਨਹਿਰੀ ਖੰਡੇ ਸਮੇਤ ਇਕ ਕਿੱਲੋ ਸੋਨੇ ਦੇ ਹਾਰ (ਸਿਹਰਾ ਪੱਟੀ) ਦੀ ਸੇਵਾ ਕਰਵਾਈ ਗਈ ਹੈ। ਇਹ ਸੇਵਾ ਕਰਾਉਣ ਸਮੇਂ ਭਾਈ ਸਤਨਾਮ ਸਿੰਘ ਅਰਦਾਸੀਆ ਵੱਲੋਂ ਅਰਦਾਸ ਕੀਤੀ ਤੇ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਬੀਬੀ ਸੁਰਜੀਤ ਕੌਰ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਬੀਬੀ ਸੁਰਜੀਤ ਕੌਰ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਿਰੋਪਾਉ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਸਦਕਾ ਬੀਬੀ ਸੁਰਜੀਤ ਕੌਰ ਵੱਲੋਂ ਗੁਰੂ ਘਰ ਲਈ 985 ਗ੍ਰਾਮ 24 ਕੈਰੇਟ ਸੋਨੇ ਵਿਚ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਖੰਡੇ ਸਮੇਤ ਸੋਨੇ ਦਾ ਹਾਰ ਤਿਆਰ ਕਰਵਾਇਆ ਗਿਆ ਹੈ। ਇਸ ਮੌਕੇ ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨਿਮਾਣੀ ਕੋਲੋਂ ਇਹ ਸੇਵਾ ਲਈ ਹੈ।