ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ ‘ਤੇ ਵਧੇ ਅਤਿਵਾਦੀ ਹਮਲੇ

ਨਵੀਂ ਦਿੱਲੀ: ਪਾਕਿਸਤਾਨੀ ਪੰਜਾਬ ਵਿਚ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ ‘ਤੇ ਅਤਿਵਾਦੀ ਹਮਲੇ ਵਧੇ ਹਨ। ਤਿਉਹਾਰਾਂ ਦੇ ਸੀਜਨ ਨੂੰ ਦੇਖਦਿਆਂ ਅਤਿਵਾਦੀ ਹਮਲੇ ਦੀ ਸ਼ੰਕਾ ਦੇ ਚੱਲਦਿਆਂ ਲਾਲ ਕਿਲੇ ਵਿਚ ਐਨæਐਸ਼ਜੀæ ਦੇ ਕਮਾਂਡੋ ਤਾਇਨਾਤ ਕੀਤੇ ਗਏ ਹਨ। ਸ਼੍ਰੀਨਗਰ ਦੇ ਪੰਪੋਰ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਫੌਜ ਨੇ ਤਕਰੀਬਨ 56 ਘੰਟੇ ਚੱਲੇ ਅਪ੍ਰੇਸ਼ਨ ਮਗਰੋਂ 2 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
ਸੁਰੱਖਿਆ ਬਲਾਂ ਦੀ ਇਹ ਵੱਡੀ ਕਾਮਯਾਬੀ ਹੈ, ਪਰ ਭਾਰਤੀ ਫੌਜ ਵੱਲੋਂ ਪੀæਓæਕੇæ ਵਿਚ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਅਤਿਵਾਦੀ ਹਮਲੇ ਤੇਜ ਹੋਏ ਹਨ।

ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਿੰਤਤ ਹਨ। 18 ਸਤੰਬਰ ਨੂੰ ਉੜੀ ‘ਚ ਫੌਜੀ ਕੈਂਪ ਉਤੇ ਹੋਏ ਅਤਿਵਾਦੀ ਹਮਲੇ ਮਗਰੋਂ 28 ਸਤੰਬਰ ਨੂੰ ਪੀæਓæਕੇæ ਵਿਚ ਸਰਜੀਕਲ ਅਪ੍ਰੇਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਅਤਿਵਾਦੀਆਂ ਨੇ ਇਕ ਤੋਂ ਬਾਅਦ ਇਕ ਕਈ ਹਮਲੇ ਕੀਤਾ ਹਨ। ਹਾਲਾਂਕਿ ਇਨ੍ਹਾਂ ਹਮਲਿਆਂ ‘ਚ ਅਤਿਵਾਦੀਆਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। 2 ਅਕਤੂਬਰ ਦੀ ਰਾਤ ਫੌਜ ਅਤੇ ਬੀæਐਸ਼ਐਫ਼ ਦੇ ਕੈਂਪ ‘ਤੇ ਹਮਲਾ ਹੋਇਆ। 6 ਅਕਤੂਬਰ ਦੀ ਰਾਤ ਹੰਦਵਾੜਾ ਵਿਚ ਰਾਸ਼ਟਰੀ ਰਾਈਫਲਜ਼ ਕੈਂਪ ‘ਤੇ ਹਮਲਾ ਕੀਤਾ ਗਿਆ। 8 ਅਕਤੂਬਰ ਨੂੰ ਸ਼ੋਪੀਆ ‘ਚ ਪੁਲਿਸ ਚੌਂਕੀ ਉਤੇ ਹਮਲਾ। 10 ਅਕਤੂਬਰ ਨੂੰ ਪੰਪੋਰ ਵਿਚ ਅਤਿਵਾਦੀ ਹਮਲਾ ਕੀਤਾ ਗਿਆ। ਹੁਣ ਸਰਕਾਰ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਨਵੀਂ ਰਣਨੀਤੀ ਬਣਾਉਣਾ ਚਾਹੁੰਦੀ ਹੈ।
______________________________________________
ਸਰਜੀਕਲ ਸਟ੍ਰਾਈਕ ਨੂੰ ਅਮਰੀਕਾ ਦਾ ਸਮਰਥਨ
ਵਾਸ਼ਿੰਗਟਨ: ਭਾਰਤੀ ਫੌਜ ਵੱਲੋਂ ਪੀæਓæਕੇæ ਵਿਚ ਕੀਤੇ ਸਰਜੀਕਲ ਸਟ੍ਰਾਈਕ ਦੀ ਅਮਰੀਕਾ ਨੇ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਨੂੰ ਆਤਮ ਰੱਖਿਆ ਦਾ ਹੱਕ ਹੈ। ਵਾਈਟ ਹਾਊਸ ਦੇ ਦੱਖਣੀ ਏਸ਼ੀਆ ਮਾਮਲੇ ਦੇ ਚਾਰਜ ਪੀਟਰ ਲਾਵੋਏ ਨੇ ਅਫਗਾਨਿਸਤਾਨ ਦੀ ਸ਼ਾਂਤੀ ਨੂੰ ਕਸ਼ਮੀਰ ਮੁੱਦੇ ‘ਤੇ ਪ੍ਰਸਤਾਵ ਨਾਲ ਜੋੜਨ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਵਾਈਟ ਹਾਊਸ ਨੇ ਸਰਜੀਕਲ ਸਟ੍ਰਾਈਕ ਨੂੰ ਭਾਰਤ ਵੱਲੋਂ ਆਪਣੀ ਰੱਖਿਆ ਲਈ ਚੁੱਕਿਆ ਕਦਮ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕਾ ਨੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਤਾਂ ਕੀਤਾ, ਪਰ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਸਰਹੱਦ ‘ਤੇ ਭਾਰੀ ਫੌਜ ਤਾਇਨਾਤ ਕੀਤੇ ਜਾਣ ਨੂੰ ਲੈ ਕੇ ਚਿੰਤਾ ਵੀ ਪ੍ਰਗਟ ਕੀਤੀ।
___________________________________________
ਪਾਕਿ ਸੈਨਾ ਵੱਲੋਂ 10 ਦਹਿਸ਼ਤਗਰਦਾਂ ਨੂੰ ਫਾਂਸੀ ਦੀ ਪੁਸ਼ਟੀ
ਇਸਲਾਮਾਬਾਦ: ਪਾਕਿਸਤਾਨ ਦੇ ਸੈਨਾ ਮੁਖੀ ਰਾਹੀਲ ਸ਼ਰੀਫ ਨੇ ਆਮ ਨਾਗਰਿਕਾਂ, ਪੋਲੀਓ ਕਾਮਿਆਂ ਅਤੇ ਹਥਿਆਰਬੰਦ ਬਲਾਂ ਦੇ ਮੁਲਾਜ਼ਮਾਂ ਨੂੰ ਕਤਲ ਕਰਨ ਵਿਚ ਸ਼ਮੂਲੀਅਤ ਲਈ ਸੈਨਿਕ ਅਦਾਲਤਾਂ ਵੱਲੋਂ 10 ਦਹਿਸ਼ਤਗਰਦਾਂ ਨੂੰ ਫਾਂਸੀ ‘ਤੇ ਲਟਕਾਉਣ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ। ਸੈਨਿਕ ਅਦਾਲਤਾਂ ਵੱਲੋਂ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਦੌਰਾਨ ਦੋਸ਼ੀ ਠਹਿਰਾਏ ਗਏ ਦਹਿਸ਼ਤਗਰਦ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਅਤਿਵਾਦੀ ਸੰਗਠਨ ਨਾਲ ਸਬੰਧਤ ਹਨ। ਉਨ੍ਹਾਂ ਦੇ ਕਬਜ਼ੇ ਵਿਚੋਂ ਅਗਨੀ ਸ਼ਸਤਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਸੀ।