ਨਸ਼ਿਆਂ ਨਾਲ ਨੱਕੋ ਨੱਕ ਭਰੇ ਪੰਜਾਬ ਪੁਲਿਸ ਦੇ ਮਾਲਖਾਨੇ

ਚੰਡੀਗੜ੍ਹ: ਪੰਜਾਬ ਵਿਚ ਨਸ਼ਾ ਤਸਕਰਾਂ ਤੋਂ ਫੜੇ ਜਾਂਦੇ ਨਸ਼ਿਆਂ ਨਾਲ ਪੰਜਾਬ ਪੁਲਿਸ ਦੇ ਮਾਲਖਾਨੇ ਨੱਕੋ ਨੱਕ ਭਰ ਗਏ ਹਨ। ਪੁਲਿਸ ਵੱਲੋਂ ਹੁਣ ਇਨ੍ਹਾਂ ਨੂੰ ਨਸ਼ਟ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 1989 ਤੋਂ ਬਾਅਦ ਫੜੇ ਗਏ ਜੋ ਵੀ ਨਸ਼ੇ ਮੌਜੂਦ ਹਨ ਅਤੇ ਜਿਨ੍ਹਾਂ ਸਬੰਧੀ ਅਦਾਲਤੀ ਫੈਸਲੇ ਆ ਚੁੱਕੇ ਹਨ, ਨੂੰ ਆਉਂਦੇ ਕੁਝ ਹਫਤਿਆਂ ਵਿਚ ਨਸ਼ਟ ਕਰ ਦਿੱਤਾ ਜਾਵੇਗਾ। ਪਹਿਲੇ ਦਿਨ ਪਟਿਆਲਾ ਦੇ 604 ਕੇਸਾਂ ਨਾਲ ਸਬੰਧਤ ਵੱਡੀ ਮਾਤਰਾ ਵਿਚ ਨਸ਼ਿਆਂ ਦੇ ਭੰਡਾਰ ਨਸ਼ਟ ਕੀਤੇ ਗਏ,

ਜਿਨ੍ਹਾਂ ਵਿਚ 5749 ਕਿੱਲੋ ਪੋਸਤ, 245 ਕਿੱਲੋ ਅਫੀਮ, 86æ154 ਹੈਰੋਇਨ, ਸਮੈਕ, ਚਰਸ, ਗਾਂਜਾ, ਸੁਲਫ਼ਾ, ਭੰਗ ਆਦਿ ਤੋਂ ਇਲਾਵਾ 2,61,604 ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਆਦਿ ਸ਼ਾਮਲ ਸਨ।
ਰਾਜ ਦੇ ਮੌਜੂਦਾ ਪੁਲਿਸ ਮੁਖੀ ਸੁਰੇਸ਼ ਅਰੋੜਾ ਵੱਲੋਂ ਇਸ ਮੰਤਵ ਲਈ ਰਾਜ ਵਿਚ ਮਾਨਸਾ ਅਤੇ ਕਪੂਰਥਲਾ ਵਿਖੇ 2 ਨਵੇਂ ਬਾਈਓ ਮੈਡੀਕਲ ਵੈਸਟ ਪਲਾਂਟ ਲਗਾਏ ਸਨ, ਜਦੋਂਕਿ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਅਜਿਹੇ ਪਲਾਂਟ ਸਥਾਪਤ ਕਰਨ ਲਈ ਕੰਮ ਜਾਰੀ ਹੈ, ਜਿਨ੍ਹਾਂ ਲਈ 1æ60 ਕਰੋੜ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਰਾਜ ਵਿਚ ਇਸ ਵੇਲੇ ਨਸ਼ਿਆਂ ਦੀਆਂ ਜਾਂਚ ਕਰਨ ਵਾਲੀਆਂ 5 ਸਰਕਾਰੀ ਲੈਬਾਰਟਰੀਆਂ ਮੌਜੂਦ ਹਨ। ਉਕਤ ਜਾਂਚ ਨਮੂਨੇ ਲੈਣ ਦੀ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ ਅਤੇ ਕੇਸ ਦੀ ਸੁਣਵਾਈ ਦੌਰਾਨ ਫੜੇ ਜਾਣ ਵਾਲੇ ਸਮੁੱਚੇ ਨਸ਼ੇ ਦੇ ਸਟਾਕ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕਰਨ ਦੀ ਜ਼ਰੂਰਤ ਨਹੀਂ ਰਹੇਗੀ। ਡੀæਜੀæਪੀæ ਵੱਲੋਂ ਲਏ ਗਏ ਫੈਸਲੇ ਅਨੁਸਾਰ ਹੁਣ ਫੜੇ ਜਾਣ ਵਾਲੇ ਨਸ਼ੇ ਕਿਸੇ ਵੀ ਥਾਣੇ ਵਿਚ ਨਹੀਂ ਰੱਖੇ ਜਾ ਸਕਣਗੇ, ਬਲਕਿ ਇਨ੍ਹਾਂ ਨੂੰ ਸਿੱਧਾ ਸਰਕਾਰੀ ਮਾਲ ਖਾਨਿਆਂ ਵਿਚ ਜਮ੍ਹਾਂ ਕਰਵਾਉਣ ਜ਼ਰੂਰੀ ਹੋਵੇਗਾ ਅਤੇ ਮਾਲ ਖਾਨਿਆਂ ਦੀ ਸੁਰੱਖਿਆ ਲਈ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਮਾਲਖ਼ਾਨਿਆਂ ਨਹੀਂ ਸੀæਸੀæਟੀæਵੀæ ਕੈਮਰਿਆਂ ਦਾ ਹੋਣਾ ਵੀ ਜ਼ਰੂਰੀ ਕਰਾਰ ਦਿੱਤਾ ਗਿਆ ਹੈ।
ਇਨ੍ਹਾਂ ਮਾਲ ਖਾਨਿਆਂ ਲਈ ਵੀ ਡਬਲ ਲਾਕ ਸਿਸਟਮ ਅਸਰਦਾਰ ਢੰਗ ਨਾਲ ਲਾਗੂ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਪੁਲਿਸ ਵੱਲੋਂ ਫੜੇ ਜਾਂਦੇ ਨਸ਼ਿਆਂ ਦੀ ਸੰਭਾਲ ਲਈ ਮਗਰਲੇ ਸਮੇਂ ਦੌਰਾਨ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪੁਲਿਸ ਵਿਭਾਗ ‘ਤੇ ਫੜੇ ਜਾਂਦੇ ਇਨ੍ਹਾਂ ਨਸ਼ਿਆਂ ਦੀ ਦੁਰਵਰਤੋਂ ਅਤੇ ਸਟਾਕ ਵਿਚੋਂ ਚੋਰੀ ਹੋਣ ਦੇ ਦੋਸ਼ ਲੱਗਦੇ ਰਹਿੰਦੇ ਸਨ ਅਤੇ ਸੁਪਰੀਮ ਕੋਰਟ ਵੱਲੋਂ ਵੀ ਅਜਿਹੇ ਦੋਸ਼ਾਂ ਦਾ ਨੋਟਿਸ ਲੈਂਦਿਆਂ ਜਨਵਰੀ 2016 ਦੌਰਾਨ ਇਕ ਕੇਸ ਵਿਚ ਨਸ਼ਿਆਂ ਦੀ ਸੰਭਾਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਅਤੇ ਫੜੇ ਜਾਣ ਵਾਲੇ ਨਸ਼ਿਆਂ ਨੂੰ ਨਸ਼ਟ ਕਰਨ ਸਬੰਧੀ ਵੀ ਆਦੇਸ਼ ਦਿੱਤੇ ਸਨ। ਚੋਣ ਕਮਿਸ਼ਨ ਵੱਲੋਂ ਵੀ ਅਪਣਾਏ ਜਾ ਰਹੇ ਸਖਤ ਰੁਖ ਕਾਰਨ ਰਾਜ ਸਰਕਾਰ ਵੱਲੋਂ ਸਟਾਕ ਵਿਚਲੇ ਨਸ਼ਿਆਂ ਨੂੰ ਨਸ਼ਟ ਕਰਨ ਸਬੰਧੀ ਨਵੀਂ ਨੀਤੀ ਬਣਾਉਂਦਿਆਂ ਉਸ ‘ਤੇ ਫੌਰੀ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮਗਰਲੇ 3 ਸਾਲਾਂ ਦੌਰਾਨ 30 ਜੂਨ 2016 ਤੱਕ 227 ਕਰੋੜ 60 ਲੱਖ 57 ਹਜ਼ਾਰ ਦੀ 195 ਨਸ਼ਾ ਸੌਦਾਗਰਾਂ ਦੀ ਜਾਇਦਾਦ ਅਤੇ ਧਨ ਰਾਸ਼ੀ ਜ਼ਬਤ ਕੀਤੀ ਗਈ ਹੈ। ਡੀæਜੀæਪੀæ ਵੱਲੋਂ ਰੇਂਜਾਂ ਦੇ ਡੀæਆਈæਜੀæ ਅਧੀਨ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ, ਤਾਂ ਜੋ ਨਸ਼ਾ ਸੌਦਾਗਰਾਂ ਦੀਆਂ ਜਾਇਦਾਦਾਂ ਦੀ ਕੁਰਕੀ ਸਬੰਧੀ ਕੇਸਾਂ ਨੂੰ ਉਪਰਲੇ ਪੱਧਰ ‘ਤੇ ਨਜਿੱਠਿਆ ਜਾਵੇ।
____________________________________________
ਜ਼ਬਤ ਕੀਤੇ ਵਾਹਨ ਵੀ ਬਣੇ ਮੁਸੀਬਤ
ਚੰਡੀਗੜ੍ਹ: ਰਾਜ ਸਰਕਾਰ ਵੱਲੋਂ ਐਨæਡੀæਪੀæਸੀæ ਐਕਟ ਨਾਲ ਕੋਈ 3826 ਕੇਸਾਂ ਵਿਚ 7581 ਵਾਹਨ ਵੀ ਜ਼ਬਤ ਕੀਤੇ ਗਏ ਹਨ, ਜੋ ਸਰਕਾਰੀ ਮਾਲ ਖਾਨਿਆਂ ਵਿਚ ਬੰਦ ਹਨ। ਇਨ੍ਹਾਂ ਵਿਚੋਂ 172 ਟਰੱਕ, 174 ਕੈਂਟਰ ਅਤੇ ਟਾਟਾ 407 ਦੇ ਛੋਟੇ ਟਰੱਕ, 64 ਜੀਪਾਂ, 25 ਟਰੈਕਟਰ ਟਰਾਲੀਆਂ, 765 ਕਾਰਾਂ, 11 ਵੈਨਾਂ, 1266 ਮੋਟਰਸਾਈਕਲ, 34 ਆਟੋ ਰਿਕਸ਼ਾ, 1224 ਸਕੂਟਰ ਸ਼ਾਮਲ ਹਨ। ਚਾਲੂ ਸਾਲ ਵਿਚ 30 ਸਤੰਬਰ 2016 ਤੱਕ ਰਾਜ ਵਿਚ ਨਸ਼ਾ ਵਿਰੋਧੀ ਕਾਨੂੰਨ ਹੇਠ 4708 ਕੇਸ ਦਰਜ ਕੀਤੇ ਗਏ, ਜਿਸ ਵਿਚ 5680 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਮੇਂ ਦੌਰਾਨ ਰਾਜ ‘ਚੋਂ 98æ319 ਕਿੱਲੋ ਗ੍ਰਾਮ ਹੈਰੋਇਨ ਵੀ ਫੜੀ ਗਈ ਜਿਸ ਵਿਚੋਂ 56æ092 ਪੰਜਾਬ ਪੁਲਿਸ ਨੇ ਖ਼ੁਦ ਫੜੀ। ਇਸ ਸਮੇਂ ਦੌਰਾਨ 21863 ਕਿੱਲੋ ਪੌਪੀਹਸਕ, 325æ661 ਕਿੱਲੋ ਅਫ਼ੀਮ, 16æ847 ਕਿੱਲੋ ਸਮੈਕ, 101æ762 ਕਿੱਲੋ ਚਰਸ ਅਤੇ 1æ1 ਕਿੱਲੋ ਕੋਕੀਨ ਫੜੀ ਗਈ, ਜਦੋਂਕਿ 14,50,000 ਤੋਂ ਵੱਧ ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਅਤੇ 14081 ਨਸ਼ੇ ਵਾਲੇ ਟੀਕੇ ਅਤੇ 145æ309 ਨਸ਼ੀਲਾ ਪਾਊਡਰ ਵੀ ਫੜਿਆ ਗਿਆ।