ਦਾਦਰੀ ਕਾਂਡ: ਕਾਤਲ ਮਜ਼ਲੂਮ ਤੇ ਮਜ਼ਲੂਮ ਕਸੂਰਵਾਰ ਬਣਾਏ

ਬੂਟਾ ਸਿੰਘ
ਫੋਨ: +91-94634-74342
ਯੂæਪੀæ ਦੇ ਦਾਦਰੀ ਇਲਾਕੇ ਦੇ ਪਿੰਡ ਬਿਸਾੜਾ ਵਿਚ ਪਿਛਲੇ ਸਾਲ 28 ਸਤੰਬਰ ਨੂੰ ਭਗਵੇਂ ਗਰੋਹ ਦੀ ਅਗਵਾਈ ਵਿਚ ਹਿੰਦੂ ਹਜੂਮ ਨੇ ਮੁਹੰਮਦ ਅਖ਼ਲਾਕ ਨੂੰ ਉਸ ਦੇ ਘਰ ਵਿਚੋਂ ਧੁਹ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਉਸ ਦੇ ਬੇਟੇ ਨੂੰ ਇਸ ਕਦਰ ਜ਼ਖ਼ਮੀ ਕਰ ਦਿੱਤਾ ਸੀ ਕਿ ਦੋ ਓਪਰੇਸ਼ਨ ਹੋਣ ਪਿੱਛੋਂ ਹੀ ਉਸ ਦੀ ਜਾਨ ਬਚਾਈ ਜਾ ਸਕੀ ਸੀ। ਬਹਾਨਾ ਇਹ ਬਣਾਇਆ ਗਿਆ ਕਿ ਉਸ ਦੇ ਘਰ ਵਿਚ ਗਊ ਦਾ ਮਾਸ ਸੀ। ਉਸੇ ਬਿਸਾੜਾ ਪਿੰਡ ਵਿਚ ਇਕ ਸਾਲ ਬਾਅਦ 8 ਅਕਤੂਬਰ ਨੂੰ ਅਖ਼ਲਾਕ ਦੇ ਕਤਲ ਦੇ ਇਕ ਮੁਲਜ਼ਮ ਰੋਵਿਨ ਉਰਫ਼ ਰਵੀ ਸਿਸੋਦੀਆ ਦੀ ਮੌਤ ਬਦਲੇ ਕੇਂਦਰ ਅਤੇ ਯੂæਪੀæ ਸਰਕਾਰਾਂ ਵਲੋਂ ਮਿਲ ਕੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ

ਅਤੇ ਉਸ ਦੀ ਲਾਸ਼ ਉਪਰ ਤਿਰੰਗਾ ਪਾ ਕੇ ਪੂਰੀ ਸਰਕਾਰੀ ਸਜ ਧਜ ਨਾਲ ਉਸ ਦਾ ਸਸਕਾਰ ਕੀਤਾ ਗਿਆ। ਸਰਕਾਰੀ ਮੁਆਵਜ਼ਾ ਅਤੇ ਕੇਂਦਰੀ ਮੰਤਰੀ ਦੀ ਮੌਜੂਦਗੀ ਕਤਲ ਨੂੰ ਵਾਜਬੀਅਤ ਮੁਹੱਈਆ ਕਰਦੇ ਹਨ ਅਤੇ ਅਖੌਤੀ ਗਊ ਰੱਖਿਅਕ ਹਤਿਆਰਿਆਂ ਨੂੰ ਇਖ਼ਲਾਕੀ ਹੌਸਲਾ ਦਿੰਦੇ ਹਨ ਕਿ ਉਨ੍ਹਾਂ ਨੇ ਅਖ਼ਲਾਕ ਵਰਗਿਆਂ ਨੂੰ ਮਾਰ ਕੇ ਧਰਮ-ਕਰਮ ਅਤੇ ਪੁੰਨ ਦਾ ਕੰਮ ਕੀਤਾ ਹੈ।
ਰੋਵਿਨ ਉਨ੍ਹਾਂ 18 ਬੰਦਿਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਮੁਹੰਮਦ ਅਖ਼ਲਾਕ ਦੀ ਹੱਤਿਆ ਕਰਨ ਦੇ ਜੁਰਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬੇਕਸੂਰ ਅਖਲਾਕ ਦੇ ਕਤਲ ਨੇ ਕੁਲ ਦੁਨੀਆ ਦੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਦਿੱਤਾ ਸੀ। ਭਗਵੇਂ ਬ੍ਰਿਗੇਡ ਦੀ ਇਸ ਘਿਨਾਉਣੀ ਕਰਤੂਤ ਵਿਰੁੱਧ ਹਰ ਪਾਸਿਓਂ ਜ਼ੋਰਦਾਰ ਆਵਾਜ਼ ਉਠੀ ਜਿਸ ਦੇ ਦਬਾਓ ਹੇਠ ਯੂæਪੀæ ਸਰਕਾਰ ਨੂੰ ਅਖ਼ਲਾਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣਾ ਪਿਆ ਅਤੇ ਕਤਲ ਲਈ ਜ਼ਿੰਮੇਵਾਰ ਹਜੂਮ ਅੰਦਰ ਸਰਗਰਮ ਭੂਮਿਕਾ ਨਿਭਾਉਣ ਵਾਲਿਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਪਿਆ। ਕੁਝ ਮਹੀਨਿਆਂ ਤੋਂ ਇਹ ਅਠਾਰਾਂ ਜਣੇ ਜੇਲ੍ਹ ਵਿਚ ਬੰਦ ਸਨ। ਜੇਲ੍ਹ ਵਿਚ ਸਰੀਰ ਦੇ ਕਈ ਅੰਗ ਫੇਲ੍ਹ ਹੋਣ ਕਾਰਨ ਰੋਵਿਨ ਦੀ ਮੌਤ ਹੋ ਗਈ। ਉਸ ਦੀ ਮੌਤ ਸੰਘ ਪਰਿਵਾਰ ਅਤੇ ਦਾਦਰੀ ਦੇ ਹਿੰਦੂਤਵੀ ਜ਼ਹਿਰ ਨਾਲ ਡੰਗੇ ਲੋਕਾਂ ਨੂੰ ਖ਼ੂਬ ਰਾਸ ਆਈ। ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਸ਼ੀਸ਼ੇ ਦੇ ਸੰਦੂਕ ਵਿਚ ਸਜਾ ਕੇ ਉਸ ਉਪਰ ਤਿਰੰਗਾ ਝੰਡਾ ਪਾਇਆ ਅਤੇ ਤਿੰਨ ਦਿਨ ਇਹ ਜ਼ਿਦ ਫੜ ਕੇ ਬੈਠੇ ਰਹੇ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਸਸਕਾਰ ਨਹੀਂ ਕਰਨਗੇ। ਮੰਗ ਸੀ ਕਿ ਰੋਵਿਨ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ, ਅਖ਼ਲਾਕ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਮਾਮਲੇ ਦੀ ਜਾਂਚ ਸੀæਬੀæਆਈæ ਤੋਂ ਕਰਵਾਈ ਜਾਵੇ ਅਤੇ ਬਾਕੀ ਸਤਾਰਾਂ ਮੁਲਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਹ ਆਪਮੁਹਾਰਾ ‘ਵਿਰੋਧ-ਪ੍ਰਦਰਸ਼ਨ’ ਨਾ ਹੋ ਕੇ ਵਿਸ਼ਵ ਹਿੰਦੂ ਪਰੀਸ਼ਦ ਅਤੇ ਹੋਰ ਹਿੰਦੂਤਵੀ ਗਰੁੱਪਾਂ ਵਲੋਂ ਰਚਿਆ ਨਾਟਕ ਸੀ ਜਿਨ੍ਹਾਂ ਨੇ ਪਿੰਡ ਵਾਸੀਆਂ ਦੀ ਫਿਰਕੂ ਲਾਮਬੰਦੀ ਕਰ ਕੇ ਅਖ਼ਲਾਕ ਦੇ ਭਾਈ ਅਤੇ ਉਸ ਦੇ ਪਰਿਵਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।
ਭਗਵੇਂ ਕਾਤਲਾਂ ਦੇ ਇਕ ਇਕ ਕਰ ਕੇ ਜੇਲ੍ਹਾਂ ਵਿਚੋਂ ਬਾਹਰ ਆਉਣ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਅਖ਼ਲਾਕ ਦੇ ਕਤਲ ਦੇ ਬਾਕੀ ਮੁਲਜ਼ਮ ਵੀ ਜੇਲ੍ਹ ਤੋਂ ਬਾਹਰ ਆ ਜਾਣਗੇ ਅਤੇ ਇਹ ਵੀ ਹੈਰਾਨੀਜਨਕ ਨਹੀਂ ਹੋਵੇਗਾ ਕਿ ਅਖ਼ਲਾਕ ਦੇ ਪਰਿਵਾਰ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਭੇਜ ਦਿੱਤਾ ਜਾਵੇ। ਅਖ਼ਲਾਕ ਦੇ ਘਰੋਂ ਮਿਲੇ ਮਾਸ ਦੀ ਟੈਸਟ ਰਿਪੋਰਟ ਬਦਲ ਦਿੱਤੀ ਗਈ ਹੈ। ਪਹਿਲੀ ਰਿਪੋਰਟ (3 ਅਕਤੂਬਰ 2015 ਵੈਟਰਨਰੀ ਹਸਪਤਾਲ, ਦਾਦਰੀ) ਮੁਤਬਕ, ਮਾਸ ਗਊ ਦਾ ਨਹੀਂ, ਬੱਕਰੇ ਦਾ ਸੀ। ਨਵੀਂ ਰਿਪੋਰਟ (ਮਈ 2016, ਫੋਰੈਂਸਿਕ ਇਨਵੈਸਟੀਗੇਸ਼ਨ ਲੈਬੋਰੇਟਰੀ, ਮਥੁਰਾ) ਵਿਚ ਇਸ ਨੂੰ ਗਊ ਦਾ ਮਾਸ ਸਿੱਧ ਕਰ ਦਿੱਤਾ ਗਿਆ। ਸਿਤਮਜ਼ਰੀਫ਼ੀ ਇਹ ਕਿ ਅਦਾਲਤ ਵਲੋਂ ਪੁਲਿਸ ਨੂੰ ਮੁਹੰਮਦ ਅਖ਼ਲਾਕ ਦੇ ਪਰਿਵਾਰ ਦੇ ਖ਼ਿਲਾਫ਼ ਫ਼ੌਜਦਾਰੀ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ ਅਤੇ ਪੁਲਿਸ ਵਲੋਂ ਜੁਲਾਈ ਮਹੀਨੇ ਮਰਹੂਮ ਅਖ਼ਲਾਕ, ਉਸ ਦੇ ਭਾਈ ਅਤੇ ਉਸ ਦੀ ਪਤਨੀ ਸਮੇਤ ਛੇ ਜਣਿਆਂ ਖ਼ਿਲਾਫ਼ ਗਊ ਹੱਤਿਆ ਨੂੰ ਲੈ ਕੇ ਐਫ਼ਆਈæਆਰæ ਦਰਜ ਕਰ ਲਈ ਗਈ। ਉਨ੍ਹਾਂ ਉਪਰ ਇਹ ਦਬਾਓ ਕੇਸ ਵਾਪਸ ਲੈਣ ਲਈ ਪਾਇਆ ਜਾ ਰਿਹਾ ਹੈ।
ਜਦੋਂ ਬਿਸਾੜਾ ਦੇ ਹਿੰਦੂਆਂ ਦਾ ਇਹ ਨਾਟਕੀ ਪ੍ਰਦਰਸ਼ਨ ਚੱਲ ਰਿਹਾ ਸੀ, ਕੇਂਦਰੀ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਉਥੇ ਮੌਜੂਦ ਸੀ। ਉਸ ਨੇ ਆਪਣੀ ਮੌਜੂਦਗੀ ਬਾਰੇ ਸਪਸ਼ਟੀਕਰਨ ਇਹ ਦਿੱਤਾ ਕਿ ਹਾਲਤ ‘ਬਹੁਤ ਤਣਾਓਪੂਰਨ’ ਹੋਣ ਕਾਰਨ ਉਹ ਤਾਂ ਹਾਲਤ ‘ਤੇ ਕਾਬੂ ਪਾਉਣ ਵਿਚ ਸਹਾਇਤਾ ਕਰਨ ਉਥੇ ਆਇਆ ਸੀ। ਇਸੇ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਅਖ਼ਲਾਕ ਦੀ ਮੌਤ ਮਹਿਜ਼ ‘ਇਕ ਹਾਦਸਾ’ ਹੈ। ਭਾਜਪਾ ਦੇ ਵਿਧਾਇਕ ਸੰਗੀਤ ਸੋਮ ਨੇ ਵੀ ਹਿੰਦੂ ਫਿਰਕੇ ਨੂੰ ਭੜਕਾਉਣ ਲਈ ਬਿਸਾੜਾ ਵਿਚ ਜਾ ਕੇ ਮੁਹਿੰਮ ਚਲਾਈ। ਉਹ ਮੁਜ਼ੱਫ਼ਰਨਗਰ ਵਿਚ ਮੁਸਲਿਮ ਵਿਰੋਧੀ ਹਿੰਸਾ ਲਈ ਜ਼ਿੰਮੇਵਾਰ ਮੁੱਖ ਹਿੰਦੂਤਵੀ ਸਰਗਣਿਆਂ ਵਿਚੋਂ ਇਕ ਹੈ। ਦਰਅਸਲ, ਅਖ਼ਲਾਕ ਦੀ ਹੱਤਿਆ ਲਈ ਜ਼ਿੰਮੇਵਾਰ ਅਨਸਰਾਂ ਦੇ ਖ਼ਿਲਾਫ਼ ਕੇਸ ਵਾਪਸ ਕਰਾਉਣ ਲਈ ਪਿਛਲੇ ਸਮੇਂ ਤੋਂ ਹੀ ਸਾਧਵੀ ਹਰਸਿਧੀ ਗਿਰੀ (ਕੈਥਲ ਤੋਂ ਇਹ ਸਾਧਵੀ ਲਾਅ ਗਰੈਜੂਏਟ ਹੈ) ਦੀ ਅਗਵਾਈ ਹੇਠ ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਉਸੇ ਮੰਦਰ ਵਿਚ ਲਗਾਤਾਰ ਭੁੱਖ ਹੜਤਾਲ ‘ਤੇ ਬੈਠੀਆਂ ਹੋਈਆਂ ਸਨ ਜਿਸ ਦੇ ਸਪੀਕਰ ਵਿਚ ਹੋਕਾ ਦੇ ਕੇ ਪੁਜਾਰੀ ਵਲੋਂ ਅਖ਼ਲਾਕ ਦੇ ਘਰ ਗਊ ਦਾ ਮਾਸ ਹੋਣ ਦੀ ਅਫ਼ਵਾਹ ਫੇਲਾ ਕੇ ਹਜੂਮ ਨੂੰ ਭੜਕਾਇਆ ਗਿਆ ਸੀ। ਸਾਧਵੀ ਨੇ ਅਖ਼ਲਾਕ ਦੇ ਕਤਲ ਤੋਂ ਬਾਅਦ ਸਮੁੱਚੇ ਪਿੰਡ ਨੂੰ ਗਊ-ਮੂਤਰ ਅਤੇ ਗੰਗਾਜਲ ਨਾਲ ‘ਪਵਿੱਤਰ’ ਕੀਤਾ ਸੀ। ਸਾਧਵੀ ਅਨੁਸਾਰ ਸ਼ਿਵ ਸੈਨਾ, ਗੌ ਰਕਸ਼ਾ ਦਲ, ਬਜਰੰਗ ਦਲ, ਹਿੰਦੂ ਸੈਨਾ, ਹਿੰਦੂ ਮਹਾਂ ਸਭਾ ਅਤੇ ਹਿੰਦੂ ਮਹਾਸੰਘ ਸਮੇਤ ਸਾਰੀਆਂ ਹੀ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਥੇ ਆ ਕੇ ਉਸ ਦੀ ਭੁੱਖ ਹੜਤਾਲ ਦੀ ਹਮਾਇਤ ਕੀਤੀ ਹੈ। ਹਰ ਥਾਂ ਹੀ ਅਖੌਤੀ ‘ਅੰਦੋਲਨ’ ਰਾਹੀਂ ਮੁਸਲਮਾਨਾਂ ਨੂੰ ਦਬਾਉਣ ਦਾ ਸਿਲਸਿਲਾ ਬਹੁਤ ਵਿਉਂਤਬਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਕਾਤਲਾਂ ਨੂੰ ਮਜ਼ਲੂਮ ਬਣਾਇਆ ਜਾ ਰਿਹਾ ਹੈ ਅਤੇ ਮਜ਼ਲੂਮਾਂ ਨੂੰ ਕਸੂਰਵਾਰ। ਜੋ ਤਿਰੰਗਾ ਸੰਘ ਪਰਿਵਾਰ ਨੂੰ ‘ਕੌਮੀ ਝੰਡੇ’ ਦੇ ਤੌਰ ‘ਤੇ ਮਨਜ਼ੂਰ ਹੀ ਨਹੀਂ, ਉਸ ਨੂੰ ਹੁਣ ਭਗਵਾਂ ਬ੍ਰਿਗੇਡ ਕੌਮੀ ਜਜ਼ਬਾਤ ਭੜਕਾਉਣ ਅਤੇ ਆਪਣੇ ਕਾਤਲ ਗਰੋਹਾਂ ਦੇ ਖ਼ੂਨੀ ਕਿਰਦਾਰ ਨੂੰ ਢਕਣ ਲਈ ਪੂਰੀ ਇਸਤੇਮਾਲ ਕਰ ਰਿਹਾ ਹੈ।
ਭਗਵੇਂ ਬ੍ਰਿਗੇਡ ਨੇ ਮੁਆਵਜ਼ੇ ਦਾ ਪੈਮਾਨਾ ਹੀ ਉਲਟਾ ਦਿੱਤਾ ਹੈ। ਕਿਸੇ ਤਰ੍ਹਾਂ ਦੀ ਕਤਲੋਗ਼ਾਰਤ ਜਾਂ ਫਿਰਕੂ ਫ਼ਸਾਦਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਰਕਾਰ ਵਲੋਂ ਮੁਆਵਜ਼ਾ ਦਿੱਤੇ ਜਾਣ ਦੀ ਵਾਜਬੀਅਤ ਇਹ ਹੁੰਦੀ ਹੈ ਕਿ ਹਿੰਸਾ ਨਾਲ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਅਤੇ ਉਜਾੜਾ ਹੋਇਆ ਹੁੰਦਾ ਹੈ ਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਸਰਕਾਰੀ ਮਾਇਕ ਸਹਾਇਤਾ ਜ਼ਰੂਰੀ ਹੁੰਦੀ ਹੈ। ਇਹ ਮਜ਼ਲੂਮ ਧਿਰ ਲਈ ਧਰਵਾਸ ਵੀ ਹੁੰਦਾ ਹੈ ਕਿ ਉਨ੍ਹਾਂ ਨਾਲ ਹੋਏ ਅਨਿਆਂ ਨੂੰ ਅਨਿਆਂ ਮੰਨਿਆ ਜਾ ਰਿਹਾ ਹੈ। ਭਗਵੇਂ ਬ੍ਰਿਗੇਡ ਨੇ ਹਮਲਾਵਰ ਧਿਰ ਦੇ ਜੇਲ੍ਹ ਵਿਚ ਮਰੇ ਮੁਲਜ਼ਮ ਨੂੰ ਮੁਆਵਜ਼ਾ ਅਤੇ ਸਰਕਾਰੀ ਸਨਮਾਨ ਦੇਣ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਨਾਲ ਮੁਆਵਜ਼ੇ ਦਾ ਇਹ ਸੌਦਾ ਇਸ ਪੱਖੋਂ ਵੀ ਵਿਲੱਖਣ ਹੈ ਕਿ 25 ਲੱਖ ਰੁਪਏ ਦੀ ਰਕਮ ਵਿਚ 10 ਲੱਖ ਸੂਬਾ ਸਰਕਾਰ ਵਲੋਂ, 10 ਲੱਖ ਕਿਸੇ ਐੱਨæਜੀæਓæ ਵਲੋਂ ਅਤੇ 5 ਲੱਖ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਤੇ ਵਿਧਾਇਕ ਸੰਗੀਤ ਸੋਮ ਵਲੋਂ ਦਿੱਤੇ ਗਏ ਹਨ।
ਇਹ ਸ਼ਾਇਦ ਮੁਲਕ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਹੈ ਕਿ ਮੁਆਵਜ਼ਾ ਦੇਣ ਵਿਚ ਕੋਈ ਐਨæਜੀæਓæ ਸ਼ਾਮਲ ਹੈ। ਇਹ ਵੀ ਘੱਟ ਖ਼ਤਰਨਾਕ ਨਹੀਂ ਕਿ ਮੋਦੀ ਵਜ਼ਾਰਤ ਨੇ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਨੂੰ ਟਿੱਚ ਜਾਣ ਕੇ ਬਿਸਾੜਾ ਵਾਸੀਆਂ ਨਾਲ ਮੁਆਵਜ਼ੇ ਦਾ ਸੌਦਾ ਤੈਅ ਕਰਾਉਣ ਵਿਚ ਆਪਣੀ ਮਰਜ਼ੀ ਪੁਗਾਈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂ ਵਿਚੋਂ ਸਮਾਜਵਾਦੀ ਪਾਰਟੀ ਦੀ ਅਖਿਲੇਸ਼ ਯਾਦਵ ਸਰਕਾਰ ਨੇ ਪੂਰੀ ਮੌਕਾਪ੍ਰਸਤੀ ਨਾਲ ਭਗਵੇਂ ਬ੍ਰਿਗੇਡ ਅੱਗੇ ਗੋਡੇ ਟੇਕ ਕੇ ਮੁਆਵਜ਼ੇ ਦੇ ਇਸ ਸੌਦੇ ਨੂੰ ਸਹਿਮਤੀ ਦਿੱਤੀ।
ਇਹ ਘਟਨਾਕ੍ਰਮ ਯੂæਪੀæ ਦੇ ਮੁਸਲਮਾਨਾਂ, ਦਲਿਤਾਂ ਤੇ ਹਿੰਦੂਤਵੀ ਦਹਿਸ਼ਤਗਰਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਸੁਣਾਉਣੀ ਹੈ ਕਿ ਮੋਦੀ-ਅਮਿਤ ਸ਼ਾਹ ਦੀ ਅਗਵਾਈ ਹੇਠ ਭਗਵੇਂ ਰਾਜ ਵਿਚ ਨਾ ਸਿਰਫ਼ ਅਖ਼ਲਾਕ ਵਰਗਿਆਂ ਦੇ ਕਤਲ ਜਾਇਜ਼ ਹਨ, ਤੇ ਉਨ੍ਹਾਂ ਦੇ ਕਤਲਾਂ ਦੇ ਮੁਜਰਿਮ ਮਰਨ ਉਪਰੰਤ ਮੁਆਵਜ਼ੇ ਦੇ ਹੱਕਦਾਰ ਹਨ, ਸਗੋਂ ਅਖ਼ਲਾਕ ਦੇ ਪਰਿਵਾਰ ਨੂੰ ਉਸ ਦੇ ਕਤਲ ਦੀ ਪੈਰਵੀ ਕਰਨ ਬਦਲੇ ਅਜੇ ਹੋਰ ਵੀ ਕੀਮਤ ਚੁਕਾਉਣੀ ਪਵੇਗੀ।
ਆਰæਐਸ਼ਐਸ਼ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਸੰਘ ਪਰਿਵਾਰ ਵਲੋਂ ਇਸ ਵਕਤ ਇਸ ਫਿਰਕੂ ਤਣਾਓ ਨੂੰ ਵੱਧ ਤੋਂ ਵੱਧ ਭੜਕਾਉਣ ਦੀ ਇਕ ਹੋਰ ਵਜ੍ਹਾ ਹੈ। ਅਗਲੇ ਕੁਝ ਮਹੀਨਿਆਂ ਵਿਚ ਯੂæਪੀæ ਅਤੇ ਕੁਝ ਹੋਰ ਸੂਬਿਆਂ ਅੰਦਰ ਚੋਣਾਂ ਹੋ ਰਹੀਆਂ ਹਨ। ਯੂæਪੀæ ਵਿਚ ਖ਼ਾਸ ਕਰ ਕੇ ਮੁਸਲਮਾਨਾਂ, ਦਲਿਤਾਂ ਤੇ ਹੋਰ ਕਮਜ਼ੋਰ ਹਿੱਸਿਆਂ ਨੂੰ ਦਹਿਸ਼ਤਜ਼ਦਾ ਕਰ ਕੇ ਰੱਖਣਾ ਜ਼ਰੂਰੀ ਹੈ ਤਾਂ ਜੋ ਉਹ ਭਗਵੇਂ ਗਰੋਹਾਂ ਤੋਂ ਆਕੀ ਹੋ ਕੇ ਉਨ੍ਹਾਂ ਦੇ ਖ਼ਿਲਾਫ਼ ਵੋਟਾਂ ਨਾ ਪਾਉਣ। ਇਸ ਦਾ ਦੂਜਾ ਪਾਸਾ ਇਹ ਹੈ ਕਿ ਉਚ ਜਾਤੀ ਹਿੰਦੂ ਬਹੁਗਿਣਤੀ ਨੂੰ ਹਿੰਦੂ ਰਾਸ਼ਟਰਵਾਦ ਦੀ ਜ਼ਹਿਰ ਨਾਲ ਇਸ ਕਦਰ ਵਰਗਲਾ ਕੇ ਰੱਖਿਆ ਜਾਵੇ ਕਿ ਉਸ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਭਟਕਿਆ ਰਹੇ। ਯੂæਪੀæ ਦੀਆਂ ਚੋਣਾਂ ਵਿਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਭਗਵਾਂ ਬ੍ਰਿਗੇਡ ਐਸੇ ਹੱਥਕੰਡੇ ਅਖ਼ਤਿਆਰ ਕਰ ਰਿਹਾ ਹੈ।