ਵਿਚਾਰਧਾਰਾ ਤੇ ਪੰਜਾਬੀ ਕਵਿਤਾ: ਪ੍ਰਸੰਗ ਸੁਰਜੀਤ ਪਾਤਰ ਤੇ ਹਰਿੰਦਰ ਮਹਿਬੂਬ

ਗੁਰਦੇਵ ਚੌਹਾਨ
ਫੋਨ: 647-866-2630
ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ Ḕਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾḔ (ਪੰਜਾਬ ਟਾਈਮਜ਼, ਅੰਕ 38) ਕਵਿਤਾ ਅਤੇ ਪੰਜਾਬੀ ਕਵਿਤਾ ਬਾਰੇ ਕੁਝ ਦਿਲਚਸਪ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਵਿਚ ਉਸ ਨੇ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਨੂੰ ਉਤਮ, ਉਸਾਰੂ ਅਤੇ ਵਿਚਾਰਧਾਰਾ ਦੀਆਂ ਵਲੱਗਣਾਂ ਤੋਂ ਆਜ਼ਾਦ ਆਖ ਕੇ ਵਡਿਆਇਆ ਹੈ ਜਦ ਕਿ ਸੁਰਜੀਤ ਪਾਤਰ ਦੀ ਕਵਿਤਾ ਨੂੰ ਬਿਮਾਰ ਮਨ, ਢਹਿੰਦੀਆਂ ਸੁਰਾਂ ਜਾਂ ਡਿਪਰੈਸ਼ਨ ਦੀ ਸ਼ਿਕਾਰ ਤੇ ਵਿਚਾਰਧਾਰਾ ਦੀ ਕੈਦ ਵਿਚ ਹੋਣ ਲਈ ਕੋਸਿਆ ਹੈ। ਇਸ ਦੇ ਪ੍ਰਤੀਕਰਮ ਵਜੋਂ Ḕਤਸ਼ਖੀਸ਼, ਤਫ਼ਤੀਸ਼ ਅਤੇ ਅਹਿਸਾਸḔ (ਅੰਕ 39) ਲੇਖ ਰਾਹੀਂ ਅਵਤਾਰ ਸਿੰਘ (ਪ੍ਰੋæ) ਨੇ ਉਲਟਾ ਮਹਿਬੂਬ ਦੀ ਕਵਿਤਾ ਨੂੰ ਪੁਰਾਣੀ ਅਤੇ ਵੇਲਾ ਵਹਾ ਚੁਕੀ ਸ਼ੈਲੀ ਦੀ ਕਵਿਤਾ ਗਰਦਾਨਿਆ ਹੈ ਅਤੇ ਸੁਰਜੀਤ ਪਾਤਰ ਨੂੰ ਪੰਜਾਬੀ ਕਵਿਤਾ ਦਾ ਸ਼ਾਹਕਾਰ ਕਿਹਾ ਹੈ।

ਇਸ ਪਿਛੋਂ ਪ੍ਰਭਸ਼ਰਨਬੀਰ ਸਿੰਘ ਨੇ ਇਕ ਹੋਰ ਲੇਖ Ḕਵਿਸ਼ਲੇਸ਼ਣਾਂ ਦੀ ਭੀੜ Ḕਚ ਗੁਆਚੇ ਅਰਥਾਂ ਅਤੇ ਅਹਿਸਾਸਾਂ ਦੀ ਦਾਸਤਾਨḔ (ਪੰਜਾਬ ਟਾਈਮਜ਼, ਅੰਕ 40) ਵਿਚ ਆਧੁਨਿਕ ਆਲੋਚਨਾਤਮਕ ਭਾਸ਼ਾ ਅਤੇ ਦਾਰਸ਼ਨਿਕ ਮੁਦਰਾ ਵਿਚ ਆਪਣੇ ਪੱਖ ਵਿਚ ਹੋਰ ਵਿਸਤਾਰ ਭਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਲੇਖ ਪਿੱਛੇ ਮੇਰਾ ਮਨੋਰਥ ਇਨ੍ਹਾਂ ਦੋਹਾਂ ਵਿਚੋਂ ਕਿਸੇ ਇਕ ਦੇ ਹੱਕ ਵਿਚ ਖੜੇ ਹੋਣਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਗੈਰ-ਸਾਹਿਤਕ ਬਹਿਸ ਵਿਚ ਲਿਜਾਣਾ ਹੈ। ਕੁਝ ਗੱਲਾਂ ਵਿਚ ਦੋਵੇਂ ਹੀ ਆਧੁਨਿਕ ਜ਼ਿੰਦਗੀ ਦੀ ਪੇਚੀਦਗੀ ਦੇ ਸਨਮੁੱਖ ਆਪੋ ਆਪਣੀ ਥਾਂ ਖਲੋਤੇ ਹਨ ਅਤੇ ਕਵਿਤਾ ਬਾਰੇ ਬਹਿਸ ਨੂੰ ਪ੍ਰਭਾਵੀ ਮੋੜ ਦੇਣਾ ਚਾਹੁੰਦੇ ਹਨ। ਉਹ ਪੱਛਮੀ ਆਲੋਚਨਾ ਪ੍ਰਣਾਲੀਆਂ ਅਤੇ ਅਡੋਰਨੋ, ਯੱਕ ਦੈਰੀਦਾ ਅਤੇ ਜੈਕ ਕੋਪੀਐਨ ਦੇ ਹਵਾਲੇ ਨਾਲ ਗੱਲ ਕਰਦੇ ਹਨ। ਇਹ ਸਭ ਕੁਝ ਅੱਛਾ ਹੈ, ਕਿਉਂਕਿ ਗੱਲ ਜਿਸ ਸਮੇਂ ਵਿਚ ਹੋ ਰਹੀ ਹੈ, ਉਸ ਸਮੇਂ ਦੀ ਭਾਸ਼ਾ ਤੇ ਮੁਹਾਵਰੇ ਵਿਚ ਹੋਵੇ, ਤਾਂ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ।
ਮੇਰਾ ਇਰਾਦਾ ਹਰਿੰਦਰ ਸਿੰਘ ਮਹਿਬੂਬ ਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਨੁਕਤੇ ਉਘਾੜਨਾ ਹੈ ਤਾਂ ਕਿ ਉਨ੍ਹਾਂ ਨਾਲ ਇਨਸਾਫ ਕੀਤਾ ਜਾ ਸਕੇ, ਭਾਵੇਂ ਦੋਹਾਂ ਵਿਦਵਾਨਾਂ ਨੇ ਇਨ੍ਹਾਂ ਕਵੀਆਂ ਦੀਆਂ ਕੁਝ ਕਵਿਤਾਵਾਂ ਜਾਂ ਕਾਵਿ-ਟੁਕੜੀਆਂ ਨੂੰ ਲੈ ਕੇ ਹੀ ਕੁਝ ਗੱਲਾਂ ਕੀਤੀਆਂ ਹਨ ਜਿਨ੍ਹਾਂ ਦੀ ਪਛਾਣ ‘ਚ ਕੁਝ ਹੋਰ ਕਦਮ ਪੁੱਟਣੇ ਜ਼ਰੂਰੀ ਹਨ।
ਪਹਿਲੀ ਗੱਲ, ਅਡੋਰਨੋ ਦੇ ਕਵਿਤਾ ਬਾਰੇ ਜਿਸ ਕਥਨ ਨੂੰ ਪ੍ਰਭਸ਼ਰਨਬੀਰ ਆਪਣੇ ਲੇਖ ਦਾ ਮੁੱਖ ਬਿੰਦੂ ਬਣਾਉਂਦਾ ਹੈ, ਉਹ ਸੀ, “ਆਸ਼ਵਿਟਜ਼ (ਯਹੂਦੀਆਂ ਨੂੰ ਮਾਰਨ ਵਾਲੇ ਗੈਸ ਚੈਂਬਰ) ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ”, ਭਾਵੇਂ ਅਡੋਰਨੋ ਨੇ ਸਿਰਫ ਇਹ ਕਿਹਾ ਸੀ ਕਿ “ਆਸ਼ਵਿਟਜ਼ ਤੋਂ ਬਾਅਦ ਕੋਈ ਕਵਿਤਾ ਨਹੀਂ” (ਸੰਭਵ ਨਹੀਂ ਜਾਂ ਲਿਖੀ ਹੀ ਨਹੀਂ ਜਾ ਸਕਦੀ)। ਉਸ ਦਾ ਭਾਵ ਅਜਿਹੀ ਕਵਿਤਾ ਤੋਂ ਸੀ ਜੋ ਮਨੱਖੀ ਜੀਵਨ ਦੀ ਜਾਂ ਕੁਦਰਤੀ ਸੁੰਦਰਤਾ ਦਾ ਮਹਿਜ਼ ਕੋਮਲ ਭਾਵੀ ਸੁਖਦ ਵਰਣਨ ਹੋਵੇ। ਉਸ ਇਹ ਨਹੀਂ ਕਿਹਾ ਸੀ ਕਿ ਇਸ ਘਟਨਾ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ। ਅਸੀਂ ਦੇਖਦੇ ਹਾਂ ਕਿ ਹੋਲੋਕਾਸਟ (ਹਿਟਲਰ ਵਲੋਂ ਯਹੂਦੀਆਂ ਦੀ ਨਸਲਕੁਸ਼ੀ) ਪਿਛੋਂ ਬਰੈਖ਼ਤ ਨੇ ਵੀ ਕਿਹਾ ਸੀ ਕਿ ਹੁਣ ਰੁੱਖਾਂ ਬਾਰੇ ਗੱਲ ਕਰਨਾ ਜੁਰਮ ਹੈ, ਕਿਉਂਕਿ ਇੰਜ ਕਰਨਾ ਅਨਿਆਂ ਬਾਰੇ ਇਕ ਕਿਸਮ ਦੀ ਚੁੱਪ ਧਾਰਨ ਬਰਾਬਰ ਹੈ। ਇਕ ਹੋਰ ਥਾਂ ਅਡੋਰਨੋ ਕਹਿੰਦਾ ਹੈ, “ਆਸ਼ਵਿਟਜ਼ ਉਦੋਂ ਵਾਪਰਦਾ ਹੈ ਜਦ ਕੋਈ ਕਤਲਗਾਹ ਦੇਖ ਕੇ ਇਹ ਸੋਚੇ ਕਿ ਇਥੇ ਤਾਂ ਸਿਰਫ ਪਸ਼ੂ ਹੀ ਕਤਲ ਕੀਤੇ ਜਾਂਦੇ ਹਨ।”
ਪ੍ਰਭਸ਼ਰਨਬੀਰ ਸਿੰਘ ਠੀਕ ਹੀ ਪੰਜਾਬ ਦੇ 1947 ਅਤੇ 1984 ਦੇ ਦੁਖਾਂਤ ਨੂੰ ਹੋਲੋਕਾਸਟ ਵਾਂਗ ਵੇਖਦਾ ਹੈ, ਪਰ ਪਤਾ ਨਹੀਂ ਉਹ ਇਹ ਕਿਉਂ ਸਮਝਦਾ ਹੈ ਕਿ ਪਾਤਰ ਦੀ ਕਵਿਤਾ ਇਸ ਦੀ ਬਰਬਰਤਾ ਪੇਸ਼ ਕਰਨ ਵਿਚ ਵਿਚਾਰਧਾਰਾ ਦੀ ਸਿਥਲਤਾ ਅਤੇ ਸੰਕੀਰਨਤਾ ਦੀ ਸ਼ਿਕਾਰ ਹੈ ਜਦੋਂਕਿ ਮਹਿਬੂਬ ਦੀ ਕਵਿਤਾ ਵਿਚਾਰਧਾਰਕ ਵਲੱਗਣਾਂ ਤੋਂ ਆਜ਼ਾਦ ਹੈ। ਮਿਸਾਲ ਵਜੋਂ ਉਹ ਮਹਿਬੂਬ ਦੀਆਂ ਦੋ ਕਾਵਿ-ਟੁਕੜੀਆਂ “ਕੁਰਲਾਂਦੇ ਕਾਫਲੇ” (1947 ਦੀ ਵੰਡ ਸਮੇਂ) ਅਤੇ “ਸ਼ਹੀਦ ਦੀ ਅਰਦਾਸ” ਪੇਸ਼ ਕਰਦਾ ਹੈ।
ਵਿਚਾਰਧਾਰਾ ਨਾ ਆਪਣੇ ਆਪ ਵਿਚ ਚੰਗੀ ਆਖੀ ਜਾ ਸਕਦੀ ਹੈ, ਨਾ ਮਾੜੀ। ਸਵਾਲ ਹੈ ਕਿਹੜੀ ਵਿਚਾਰਧਾਰਾ? ਕੀ ਇਹ ਉਹ ਜਿਸ ਵਿਚ ਲੇਖਕ ਦੀ ਆਸਥਾ ਹੈ, ਜਾਂ ਉਹ ਜੋ ਉਸ ਦੇ ਪਾਠਕ ਦੇ ਮਨ ਵਿਚ ਪਈ ਹੋਵੇ। ਕੀ ਇਹ ਕਿਸੇ ਸਿਸਟਮ ਦੀ ਹੈ ਜਿਵੇਂ ਪੂੰਜੀਵਾਦ ਜਾਂ ਮਾਰਕਸਵਾਦ ਦੀ, ਜਾਂ ਕਿਸੇ ਧਰਮ, ਜਾਤ, ਖੇਤਰ, ਦੇਸ਼, ਕੌਮ, ਜਾਂ ਸਭਿਆਚਾਰ ਨਾਲ ਜੁੜੀ ਹੋਈ ਹੈ। ਜ਼ਾਹਰ ਹੈ, ਲੇਖਕ ਦਾ ਭਾਵ ਹੈ ਅੱਛੀ ਵਿਚਾਰਧਾਰਾ, ਪਰ ਵਿਚਾਰਧਾਰਾ ਦਾ ਕਿਹੜਾ ਗੁਣ ਉਸ ਨੂੰ ਅੱਛੀ ਬਣਾਉਂਦਾ ਹੈ? ਨਿਹਾਇਤ ਉਹ ਜੋ ਮਾਨਵ ਪੱਖੀ ਹੋਵੇ, ਵੈਸੇ ਕਵਿਤਾ ਜੇ ਨਿਰੀ ਵਿਚਾਰਧਾਰਾ ਦਾ ਕਾਵਿਕ ਵਾਹਨ ਬਣਨ ਦੇ ਰਾਹ ਪੈਂਦੀ ਹੈ ਤਾਂ ਇਹ ਨਿਰੀ ਸਿੱਖਿਆ ਜਾਂ ਗੁਣਗਾਨ ਬਣ ਕੇ ਰਹਿ ਜਾਂਦੀ ਹੈ। ਦੋਹਾਂ ਸ਼ਾਇਰਾਂ ਦੀ ਕਵਿਤਾ ਵੱਲ ਆਉਣ ਤੋਂ ਪਹਿਲਾਂ ਕਵਿਤਾ ਦੇ ਪਛਾਣ ਪੱਤਰ Ḕਤੇ ਝਾਤ ਮਾਰਨਾ ਜ਼ਰੂਰੀ ਹੈ; ਇਹ ਦੇਖਣ ਲਈ ਕਿ ਕਵਿਤਾ ਦੇ ਭੇਸ ‘ਚ ਕੋਈ ਭੇਸ ਬਦਲੀ ਸ਼ੈਅ ਤਾਂ ਨਹੀਂ ਬੈਠੀ ਹੋਈ!
ਕਵਿਤਾ ਕਿਸੇ ਸਿਰਲੇਖ ਤੋਂ ਨਹੀਂ ਉਪਜਦੀ; ਹਾਂ, ਇਸ ਦਾ ਸਿਰਲੇਖ ਕਵਿਤਾ ਤੋਂ ਉਪਜਦਾ ਆਖਿਆ ਜਾ ਸਕਦਾ ਹੈ। ਸਿਰਲੇਖ ਜਾਂ ਪੂਰਬ ਸੋਚ ਤੋਂ ਹੋਂਦ ਵਿਚ ਆਈ ਕਵਿਤਾ ਮਸ਼ਹੂਰੀ ਜਾਂ ਭੇਂਟ, ਮਰਸੀਆ ਜਾਂ ਵਿਚਾਰਧਾਰਾ ਦਾ ਅਲਾਪ ਜਾਂ ਸਿੱਖਿਆ ਤਾਂ ਹੋ ਸਕਦੀ ਹੈ, ਪਰ ਕਵਿਤਾ ਨਹੀਂ। ਜੇ ਕਵੀ ਨੂੰ ਲਿਖਣ ਤੋਂ ਪਹਿਲਾਂ ਪਤਾ ਹੋਵੇ ਕਿ ਕਵਿਤਾ ਕੀ ਹੋਵੇਗੀ, ਕਿਥੋਂ ਸ਼ੁਰੂ ਹੋਵੇਗੀ, ਕਿਥੇ ਜਾ ਕੇ ਮੁੱਕੇਗੀ, ਤਾਂ ਇਹ ਕਵਿਤਾ ਨਹੀਂ, ਕਵਿਤਾ ਦਾ ਭੂਤ ਹੀ ਹੋ ਸਕਦਾ ਹੈ। ਸਾਰੰਸ਼ ਜਾਂ ਖੁਲਾਸਾ ਜਾਂ ਕਿਸੇ ਸਮੱਸਿਆ ਦੇ ਸਮਾਧਾਨ ਦੀ ਦਵਾਈ ਦੀ ਪੁੜੀ ਜਾਂ ਭਾਸ਼ਨ।
ਪਾਲ ਵੈਲਰੀ ਨੇ ਕਿਹਾ ਹੈ ਕਿ ਤੁਰਨਾ ਵਾਰਤਕ ਹੈ ਅਤੇ ਨੱਚਣਾ ਕਵਿਤਾ। ਕਵਿਤਾ ਤੁਕਾਂਤ ਵਾਲੀ ਵੀ ਹੋ ਸਕਦੀ ਹੈ, ਲੈਅ-ਬੱਧ ਵੀ। ਖੁੱਲ੍ਹੀ ਕਵਿਤਾ ਵੀ ਲੈਅ-ਬੱਧ ਹੋ ਸਕਦੀ ਹੈ ਅਤੇ ਹੋਣੀ ਚਾਹੀਦੀ ਹੈ। ਤੁਕਾਂਤ ਦੀ ਬੰਦਿਸ਼ ਕਈ ਵਾਰੀ ਯੰਤਰਕ ਹੋ ਨਿਬੜਦੀ ਹੈ ਅਤੇ ਇਸੇ ਤਰ੍ਹਾਂ ਖੁੱਲ੍ਹੀ ਕਵਿਤਾ ਕਈ ਵਾਰ ਨਿਰੀ ਵਾਰਤਕ ਹੋ ਜਾਂਦੀ ਹੈ। ਸੋ, ਕਵਿਤਾ ਨੂੰ ਇਕ ਪਾਸੇ ਨਿਰੀ ਤੁਕਬੰਦੀ ਬਣਨ ਤੋਂ ਅਤੇ ਦੂਜੇ ਬੰਨੇ ਨਿਰੀ ਵਾਰਤਕ ਬਣਨ ਤੋਂ ਬਚਾਉਣਾ ਹੋਵੇਗਾ। ਉਂਜ ਤਾਂ ਇਹ ਜ਼ਰੂਰੀ ਨਹੀਂ, ਕਿਉਂਕਿ ਸਾਹਿਤ ਰੂਪ (ਯਾਨਰ) ਆਖਰ ਬੰਦੇ ਦੇ ਹੀ ਬਣਾਏ ਹੋਏ ਹਨ। ਸੋ, ਇਹ ਬਦਲੇ ਵੀ ਜਾ ਸਕਦੇ ਹਨ ਅਤੇ ਇਕ ਦੂਜੇ ਵਿਚ ਸਮਿਲਤ ਹੋ ਕੇ ਨਵਾਂ ਤੇ ਵੱਖਰਾ ਰੂਪ ਵੀ ਧਾਰਨ ਕਰ ਸਕਦੇ ਹਨ।
ਮਨੋਵੇਗ ਜਾਂ ਆਵੇਗ ਦਾ ਨਿਯੰਤਰਣ ਜ਼ਰੂਰੀ ਹੈ ਨਹੀਂ ਤਾਂ ਕਵਿਤਾ ਆਪਹੁਦਰੀ ਹੋ ਜਾਵੇਗੀ। ਕਵਿਤਾ ਨੂੰ ਝੂਠੀ ਆਜ਼ਾਦੀ ਤੋਂ ਵੀ ਬਚਾਉਣਾ ਹੋਵੇਗਾ। ਕਵਿਤਾ ਸ਼ਾਹਰਾਹ Ḕਤੇ ਨਹੀਂ ਤੁਰਦੀ। ਇਹ ਪਗਡੰਡੀ ਦੀ ਯਾਤਰਾ ਹੈ। ਇੰਜ ਅਰਥ ਦੀ ਅਧਿਕ ਖੁੱਲ੍ਹ ਲਈ ਨਵੇਂ ਦੁਆਰ ਖੁਲ੍ਹ ਜਾਣੇ ਸੰਭਵ ਹੋ ਜਾਂਦੇ ਹਨ। ਸਿਰਜਣਾ ਉਸ ਸਮੇਂ ਸੰਭਵ ਹੁੰਦੀ ਹੈ ਜਦ ਜੋ ਪਹਿਲਾਂ ਸਫਰ ਕੀਤਾ ਗਿਆ ਹੈ, ਉਸ ਵਿਚੋਂ ਕੁਝ ਨਵਾਂ ਉਪਜੇ। ਜਿੰਨੀ ਕਲਪਨਾ ਦੀ ਵਡੇਰੀ ਉਡਾਰੀ, ਜਿੰਨਾ ਧੰਦੂਕਾਰਾ, ਜਿੰਨੀ ਉਥਲ-ਪੁਥਲ ਜਾਂ ਅਫਰਾ-ਤਫਰੀ ਕਵੀ ਮਹਿਸੂਸ ਕਰਦਾ ਹੈ, ਉਨੀ ਹੀ ਜਾਨਦਾਰ ਕਵਿਤਾ ਉਸ ਵਿਚੋਂ ਪੈਦਾ ਹੁੰਦੀ ਹੈ। ਜ਼ਰੂਰੀ ਨਹੀਂ ਕਿ ਕਵਿਤਾ ਰਾਜਨੀਤਕ ਹੋਵੇ, ਪਰ ਇਸ ਵਿਚ ਕਿਸੇ ਵੀ ਮਨੁੱਖੀ ਸਥਿਤੀ ਦੀ ਗਤੀਸ਼ੀਲਤਾ ਦੀ ਸਮਝ ਹੋਣੀ ਚਾਹੀਦੀ ਹੈ, ਤਾਂ ਕਿ ਇਸ ਵਿਚ ਤਬਦੀਲੀ ਲਿਆਂਦੀ ਜਾ ਸਕੇ।
ਜਿਵੇਂ ਅਵਤਾਰ ਸਿੰਘ ਨੇ ਆਪਣੇ ਲੇਖ ਵਿਚ ਕਿਹਾ ਹੈ, ਮਹਿਬੂਬ ਦੀ ਪਹਿਲੀ ਕਵਿਤਾ ਜਿਸ ਨੂੰ ਉਹ ਵੱਡੀ ਕਵਿਤਾ ਦਾ ਅੰਸ਼ ਆਖਦਾ ਹੈ, ਕਵਿਤਾ ਦੀ ਮੁੱਢਲੀ ਸ਼ਰਤ, ਅਰਥ ਦੀ ਤਹਿਦਾਰ ਪੇਸ਼ਕਾਰੀ, ਦੀ ਗੱਲ ਤਾਂ ਵੱਖਰੀ ਰਹੀ, ਇਹ ਤਾਂ ਸਥਿਤੀ ਦੇ ਸਤਹੀ ਵਰਣਨ ਤੋਂ ਵੀ ਵਾਂਝੀ ਹੈ। ਉਸ ਦਾ ਇਹ ਕਹਿਣਾ ਵੀ ਠੀਕ ਹੈ ਕਿ ਇਸ ਦੀ ਲਿਖਣ ਸ਼ੈਲੀ ਵੇਲਾ ਵਿਹਾ ਚੁੱਕੀ ਹੈ। ਇਥੋਂ ਤੀਕ ਕਿ ਇਹ 1947 ਦੀਆਂ ਘਟਨਾਵਾਂ ਦਾ ਸਾਧਾਰਨ ਬਿਆਨ ਵੀ ਨਹੀਂ ਹੈ। ਇਥੇ ਮੈਂ ਮਹਿਬੂਬ ਦੀਆਂ ਸਿਰਫ ਚਾਰ ਮੁਢਲੀਆਂ ਸਤਰਾਂ ਲੈ ਰਿਹਾ ਹਾਂ:
ਉਜੜੇ ਪਿੰਡ ਦੇ ਬੋਹੜ ਦੀ ਟੀਸੀ
ਰਲ ਕੂੰਜਾਂ ਫਿਰ ਰੋਈਆਂ।
ਜੁੱਗਾਂ ਦੇ ਨ੍ਹੇਰ Ḕਚੋਂ ਨਿਕਲ ਉਜਾੜਾਂ
ਸਾਹਾਂ ਕੋਲ ਖਲੋਈਆਂ।
ਪਹਿਲੀ ਗੱਲ ਤਾਂ ਇਹ ਹੀ ਹੈ ਕਿ ਪਤਾ ਨਹੀਂ ਕਿਤਨੀ ਮਿਹਨਤ ਨਾਲ ਪ੍ਰਭਸ਼ਰਨਬੀਰ ਸਿੰਘ ਨੇ ਕਾਫੀ ਲੰਮੀ ਕਵਿਤਾ ਤੋਂ ਇਹ ਪੈਰਾ ਚੁਣਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਬਾਕੀ ਕਵਿਤਾ ਵਿਚ ਇਸ ਪੈਰੇ ਜਿਤਨਾ ਦਮ ਵੀ ਸ਼ਾਇਦ ਨਾ ਹੋਵੇ।
ਮਹਿਬੂਬ ਇਥੇ 1947 ਦੇ ਰੌਲਿਆਂ ਵਾਲੇ ਪਿੰਡ ਦੀ ਗੱਲ ਕਰ ਰਿਹਾ ਹੈ। ਪਿੰਡ ਉਜੜ ਗਿਆ, ਲੋਕ ਚਲੇ ਗਏ, ਜਾਂ ਮਾਰੇ ਗਏ। ਉਨ੍ਹਾਂ ਲੋਕਾਂ ਦੇ ਉਜਾੜੇ ਦੀ ਅੱਖਾਂ ਸਾਹਵੇਂ ਖੁਲ੍ਹਣ ਵਾਲੀ ਤਸਵੀਰ ਪੇਸ਼ ਕਰਨ ਦੀ ਥਾਂ ਕਵੀ ਉਸ ਪਿੰਡ ਨੂੰ ਉਜਾੜੇ ਤੋਂ ਬਾਅਦ ਪੇਸ਼ ਕਰ ਰਿਹਾ ਹੈ ਜੋ ਦਰਦਨਾਕ ਹਾਦਸੇ ਦੀ ਭਰਵੀਂ ਗਵਾਹੀ ਪੇਸ਼ ਕਰਨ ਦੇ ਅਸਮਰਥ ਹੈ। ਸੋ, ਕਵੀ ਦੀ ਘਟਨਾ ਸਮੇਂ ਦੀ ਚੋਣ ਅਤੇ ਦ੍ਰਿਸ਼ ਚੋਣ ਹੀ ਗਲਤ ਅਤੇ ਕਮਜ਼ੋਰ ਹੈ। ਦੂਜਾ, ਉਜੜੇ ਘਰ ਦਿਖਾਉਣ ਦੀ ਥਾਂ ਉਹ ਬੋਹੜ ਨੂੰ ਚੁਣਦਾ ਹੈ। ਹੁਣ ਬੋਹੜ ਤਾਂ ਉਜੜਿਆ ਵੀ ਹੋਵੇ, ਬੋਹੜ ਹੀ ਹੈ। ਉਸ ਰਾਹੀਂ ਤਬਾਹੀ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ। ਫਿਰ ਕੂੰਜਾਂ ਨੂੰ ਤਾਂ ਉਡ ਜਾਣਾ ਚਾਹੀਦਾ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਉਹ ਬੋਹੜ ਦੇ ਸਿਖਰ Ḕਤੇ ਬੈਠੀਆਂ ਹਨ, ਜਿਵੇਂ ਕੁਝ ਹੋਇਆ ਹੀ ਨਾ ਹੋਵੇ; ਵੈਸੇ ਤਾਂ ਕੂੰਜਾਂ ਘੱਟ ਹੀ ਬੋਹੜਾਂ Ḕਤੇ ਬੈਠਦੀਆਂ ਹਨ, ਹੋਰ ਪੰਛੀ ਤਾਂ ਬੈਠੇ ਆਖੇ ਜਾ ਸਕਦੇ ਸਨ। ਕੂੰਜਾਂ ਦਾ ਰੋਣਾ ਵੀ ਸਮਝ ਨਹੀਂ ਆਉਂਦਾ, ਕੋਈ ਹੋਰ ਸ਼ਬਦ ਉਨ੍ਹਾਂ ਦੇ ਵਿਰਲਾਪ ਲਈ ਵਰਤਣਾ ਚਾਹੀਦਾ ਸੀ, ਜਿਵੇਂ ਚੀਕਣਾ ਜਾਂ ਕੂਹਣਾ। ਰੋਂਦੇ ਤਾਂ ਸਿਰਫ ਬੰਦੇ ਹੀ ਹੁੰਦੇ ਹਨ, ਉਹ ਵੀ ਦਰਖਤ Ḕਤੇ ਚੜ੍ਹ ਕੇ ਨਹੀਂ, ਸਗੋਂ ਧਰਤੀ Ḕਤੇ ਨਿੰਵ ਕੇ, ਜਾਂ ਗੋਡਿਆਂ ਵਿਚ ਮੂੰਹ ਦੇ ਕੇ। ਕੀ ਕੂੰਜਾਂ ਪਹਿਲਾਂ ਵੀ ਰੋਈਆਂ ਸਨ; ਜੇ ਹਾਂ, ਤਾਂ ਫਿਰ ਤ੍ਰਾਸਦੀ ਦਾ ਸੱਜਰਾ ਦ੍ਰਿਸ਼ ਜਾਂ ਅਹਿਸਾਸ ਪੇਸ਼ ਕਰਨ ਦਾ ਮੌਕਾ ਕਵੀ ਹੋਰ ਵੀ ਹੱਥੋਂ ਗੁਆ ਲੈਂਦਾ ਹੈ। ਲਗਦਾ ਹੈ, ਜਿਵੇਂ ਕੂੰਜਾਂ ਦਾ ਕੰਮ ਹੀ ਰੋਣਾ ਹੈ। ਕਵੀ ਕੂੰਜਾਂ ਨੂੰ ਕੁੜੀਆਂ ਦੇ ਅਰਥ ਵਿਚ ਪੇਸ਼ ਕਰ ਸਕਦਾ ਸੀ, ਪਰ ਬੋਹੜ ਦੀ ਸਿਖਰ Ḕਤੇ ਕੁੜੀਆਂ ਨੂੰ ਬਿਠਾਲਣਾ ਅਤਿ-ਅਸੰਭਵ ਸੀ, ਉਹ ਵੀ ਜਦ ਕਤਲੇਆਮ ਦੇ ਦਿਨ ਹੋਣ। ਕਵੀ ਨੇ ਪਤਾ ਨਹੀਂ ਇਹ ਅਸੰਭਵ ਥਾਂ ਕਿਉਂ ਚੁਣਿਆ। “ਜੁਗਾਂ ਦੇ ਨ੍ਹੇਰ Ḕਚੋਂ ਨਿਕਲ ਉਜਾੜਾਂ” ਵਾਕਅੰਸ਼ ਵੀ ਪਾਠਕ ਨੂੰ ਹੋਰ ਹਨੇਰੀ ਗੁਫਾ ਵਿਚ ਲੈ ਜਾਂਦਾ ਹੈ। ਸਵਾਲ ਹੈ, ਕਿਹੜੇ ਜੁੱਗ ਅਤੇ ਗਿਣਤੀ ਵਿਚ ਕਿੰਨੇ? “ਉਜਾੜਾਂ ਦਾ ਸਾਹਾਂ ਕੋਲ ਖਲੋਣ” ਦਾ ਬਿੰਬ ਵੀ ਨਿਰਾ ਸ਼ਬਦ ਜਾਲ ਜਾਪਦਾ ਹੈ। ਇਸ ਵਿਚ ਕੁਝ ਵੀ ਰਚਨਾਤਮਕ ਨਹੀਂ ਆਖਿਆ ਜਾ ਸਕਦਾ। ਇਸ ਨੂੰ ਕਵਿਤਾ ਆਖਣਾ ਕਵਿਤਾ ਦੀ ਤੌਹੀਨ ਤੋਂ ਵੱਧ ਕੁਝ ਨਹੀਂ ਹੈ। ਕਵਿਤਾ ਦੀ ਨਿਰੀ ਬਰਬਰਤਾ ਹੈ।
ਮੈਂ ਇਹ ਸਾਰੀ ਕਵਿਤਾ ਨਹੀਂ ਪੜ੍ਹੀ। ਮੁਆਫ ਕਰਨਾ, ਹੋ ਸਕਦਾ ਹੈ, ਕਵੀ ਨੇ ਪਹਿਲੇ ਹਿੱਸੇ ਵਿਚ ਉਜੜੇ ਕਾਫਲੇ ਦੇ ਬਹੁਤ ਦਰਦਨਾਕ ਸੀਨ ਵੀ ਪੇਸ਼ ਕੀਤੇ ਹੋਣ, ਪਰ ਸਿਰਫ ਇਨ੍ਹਾਂ ਟੁਕੜੀਆਂ ਦੇ ਆਧਾਰ Ḕਤੇ ਤਾਂ ਜੋ ਕਿਹਾ ਗਿਆ ਹੈ, ਉਹੀ ਕਿਹਾ ਜਾ ਸਕਦਾ ਸੀ।
ਹੁਣ ਅਸੀਂ ਪਾਤਰ ਦੀਆਂ ਉਨ੍ਹਾਂ ਕਵਿਤਾਵਾਂ ਵੱਲ ਝਾਤੀ ਮਾਰਾਂਗੇ ਜਿਨ੍ਹਾਂ ਦੇ ਆਧਾਰ Ḕਤੇ ਪ੍ਰਭਸ਼ਰਨਬੀਰ ਸਿੰਘ ਪਾਤਰ ਦੀ ਸਾਰੀ ਕਵਿਤਾ ਨੂੰ ਵਿਚਾਰਧਾਰਾ ਦੀ ਵਲਗਣ ਵਿਚ ਕੈਦ ਹੋਈ ਸਮਝ ਕੇ ਨਿੰਦਦਾ ਹੈ।
ਮਾਤਮ, ਹਿੰਸਾ, ਖੌਫ਼, ਬੇਬਸੀ ਤੇ ਅਨਿਆਂ
ਇਹ ਨੇ ਅੱਜ ਕੱਲ੍ਹ ਮੇਰੇ ਦਰਿਆਵਾਂ ਦੇ ਨਾਂ।
ਪ੍ਰਭਸ਼ਰਨਬੀਰ ਸਿੰਘ ਦਾ ਖਿਆਲ ਹੈ ਕਿ ਸੁਰਜੀਤ ਪਾਤਰ ਨੂੰ ਪੰਜਾਬ ਦੇ ਦਰਿਆਵਾਂ ਨੂੰ ਨਿਰਾਸ਼ਾ ਦੇ ਰੂਪ ਵਿਚ ਨਹੀਂ ਸੀ ਬਿਆਨ ਕਰਨਾ ਚਾਹੀਦਾ, ਕਿਉਂਕਿ ਇਹ ਦਰਿਆ ਤਾਂ ਜ਼ਿੰਦਗੀ ਦੀ ਰਵਾਨੀ, ਪੀਰਾਂ ਫਕੀਰਾਂ ਦੇ ਵਰੋਸਾਏ ਹੋਏ ਹਨ; ਪਰ ਇਹ ਹੀ ਤਾਂ ਇਸ ਕਵਿਤਾ ਦਾ ਸੁਨੇਹਾ ਹੈ ਕਿ ਇਨ੍ਹਾਂ ਦਰਿਆਵਾਂ ਵਿਚ ਜਿਥੇ ਕਦੇ ਜਵਾਨੀ ਅਤੇ ਪਿਆਰ ਧੜਕਦਾ ਸੀ, ਉਹ ਹੁਣ ਨਿਰਾ ਖੌਫ, ਅਨਿਆਂ, ਮਾਤਮ ਅਤੇ ਹਿੰਸਾ ਦਾ ਰੂਪ ਬਣ ਗਏ ਹਨ। ਹੁਣ ਇਨ੍ਹਾਂ ਵਿਚ ਨਿਰਦੋਸ਼ਾਂ ਦੀਆਂ ਲਾਸ਼ਾਂ ਤਰਦੀਆਂ ਹਨ। ਦਰਿਆਵਾਂ ਦਾ ਇਹ ਅਮੂਰਤੀਕਰਨ, ਉਨ੍ਹਾਂ ਨੂੰ ਇਸ ਰੂਪ ਵਿਚ ਵੇਖਣਾ ਜਾਂ ਕਲਪਣਾ ਰਚਨਾਤਮਕ ਹੈ, ਕਾਵਿਕ ਹੈ। ਚੀਜ਼ਾਂ ਨੂੰ ਕੈਮਰੇ ਵਾਂਗ ਵੇਖਣਾ ਅਤੇ ਬਿਆਨਣਾ ਨਿਰਾ ਵਾਰਤਕ ਹੈ। ਇਸ ਸਬੰਧ ਵਿਚ ਇਹ ਕਹਿਣਾ ਵੀ ਬਣਦਾ ਹੈ ਕਿ ਜਿਤਨੀਆਂ ਤੈਹਾਂ ਵਾਲੇ ਅਰਥ ਹੋਣਗੇ, ਉਤਨੀ ਹੀ ਕਵਿਤਾ ਪ੍ਰਭਾਵੀ ਬਣ ਸਕੇਗੀ। ਅਸਲ ਕਵਿਤਾ ਉਹ ਹੈ ਜਿਹੜੀ ਇਕ ਪੜ੍ਹਤ ਵਿਚ ਹੀ ਖਤਮ ਨਾ ਹੋ ਜਾਵੇ। ਜਿਸ ਦੇ ਹਰ ਪਾਠ ਬਾਅਦ ਵੀ ਕੁਝ ਬਚ ਜਾਵੇ ਅਤੇ ਜਿਸ ਦੇ ਹਰ ਪਾਠ ਵਿਚ ਪਾਠਕ ਨੂੰ ਕੁਝ ਨਵਾਂ ਮਿਲ ਸਕੇ। ਦਿਸਦੀ ਤ੍ਰਾਸਦੀ ਨੂੰ ਸੱਚਾਈ ਵਿਚ, ਨਾ ਕਿ ਆਦਰਸ਼ਕ ਰੂਪ ਵਿਚ ਬੰਨ੍ਹਣਾ ਹੀ ਕਵਿਤਾ ਕਹਾਉਂਦਾ ਹੈ। ਯਾਦ ਰਹੇ, ਹੋਲੋਕਾਸਟ ਦੇ ਸ਼ਿਕਾਰ ਹੋਏ ਪਾਲ ਸੇਲਾਂ ਨੇ ਕਵਿਤਾ ਲਿਖਣੀ ਬੰਦ ਨਹੀਂ ਸੀ ਕੀਤੀ, ਪਰ ਉਸ ਦੀ ਕਵਿਤਾ ਨੇ ਇਸ ਤ੍ਰਾਸਦੀ ਨੂੰ ਆਪਣੀ ਜਗਤ ਪ੍ਰਸਿੱਧ ਕਵਿਤਾ ਵਿਚ ਯਹੂਦੀਆਂ ਨੂੰ ਆਪਣੀਆਂ ਹੀ ਕਬਰਾਂ ਖੋਦਦੇ ਬਿਆਨ ਕੀਤਾ ਸੀ:
ਉਹ ਇਕ, ਉਹ ਕੋਈ ਨਹੀਂ,
ਉਹ ਇਕ ਉਹ ਤੁਸੀਂ
ਰਸਤਾ ਕਿਥੇ ਲਿਜਾਂਦਾ ਹੈ
ਜਦ ਕੋਈ ਜਾਣ ਵਾਲਾ ਹੀ ਨਹੀਂ ਹੁੰਦਾ।
ਉਹ ਤੁਸੀਂ ਕਬਰ ਖੋਦੋ
ਮੈਂ ਕਬਰ ਖੋਦਦਾ ਹਾਂ
ਤੁਸੀਂ ਖੋਦੋ, ਮੈਂ ਖੋਦਦਾ ਹਾਂ,
ਤੁਸੀਂ ਮੇਰੀ ਵੱਲ ਖੋਦਦੇ ਆਓ
ਮੈਂ ਤੁਹਾਡੇ ਵਲ ਖੋਦਦਾ ਆਉਂਦਾ ਹਾਂ
ਅਤੇ ਸਾਡੀ ਉਂਗਲ Ḕਤੇ ਮੁੰਦਰੀ
ਅਜੇ ਵੀ ਚਮਕਦੀ ਹੈ।
ਅਸਲ ਵਿਚ ਕਵਿਤਾ ਦਾ ਕੰਮ ਉਹ ਦਿਖਾਉਣਾ ਹੈ ਜੋ ਅਸੀਂ ਅਕਸਰ ਨਹੀਂ ਦੇਖਦੇ, ਜਾਂ ਉਸ ਤਰ੍ਹਾਂ ਨਹੀਂ ਦੇਖਦੇ ਜਿਸ ਤਰ੍ਹਾਂ ਕਵੀ ਸਾਨੂੰ ਦਿਖਾਲਦਾ ਹੈ। ਅਦ੍ਰਿਸ਼ ਨੂੰ ਦ੍ਰਿਸ਼ਟਤ ਕਰਨਾ, ਅਣ-ਪਛਾਣੇ ਨੂੰ ਪਛਾਣ ਦੇਣੀ ਹੀ ਕਵਿਤਾ ਦਾ ਮੁੱਖ ਗੁਣ ਹੈ। ਸੋ, ਹੇਠਲੀਆਂ ਸਤਰਾਂ ਨੂੰ ਨਾਂਹ-ਵਾਚੀ, ਜਾਂ ਢਾਹੂ ਆਖਣਾ ਠੀਕ ਨਹੀਂ ਹੋਵੇਗਾ। ਕਵਿਤਾ ਤਬਦੀਲੀ ਲਈ ਤਲਬ ਜਗਾਉਂਦੀ ਹੈ। ਤ੍ਰਾਸਦੀ ਦੇ ਛਿਣਾਂ ਦੇ ਸ਼ਿੱਦਤੀ ਅਹਿਸਾਸ ਤੋਂ ਹੀ ਕਈ ਵਾਰ ਇਹ ਤਲਬ ਸੰਭਵ ਹੋ ਸਕੀ ਹੁੰਦੀ ਹੈ। ਕਵੀ ਇਥੇ ਕਹਿੰਦਾ ਹੈ “ਜੇ ਹਵਾ ਇਹ ਰਹੀ” ਜਿਸ ਵੱਲ ਸ਼ਾਇਦ ਪ੍ਰਭਸ਼ਰਨਬੀਰ ਸਿੰਘ ਦਾ ਧਿਆਨ ਨਹੀਂ ਗਿਆ:
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ Ḕਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ
ਸਭ ਘਰਾਂ Ḕਚ ਵੀ ਦੀਵੇ ਬੁਝੇ ਰਹਿਣਗੇ।

ਇਸ ਅਦਾਲਤ Ḕਚ ਬੰਦੇ ਬਿਰਖ ਹੋ ਗਏæææ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਇਸ ਕਾਵਿ-ਟੁਕੜੀ ਵਿਚੋਂ “ਅਦਾਲਤ Ḕਚ” ਨੂੰ ਅੱਖੋਂ ਉਹਲੇ ਕਰ ਕੇ ਮਹਿਜ਼ ਬੰਦੇ ਨੂੰ ਬਿਰਖ ਦੇ ਰੂਪ ਵਿਚ ਹੀ ਦੇਖਣਾ ਅਤੇ ਕਹਿਣਾ ਕਿ ਬਿਰਖ ਤਾਂ ਧਰਤ-ਖਿੱਚ ਦੇ ਵਿਰੁਧ ਸੰਘਰਸ਼ ਕਰ ਕੇ ਧਰਤੀ ਤੋਂ ਉਪਰ ਉਠਦੇ ਹਨ, ਇਸ ਲਈ ਪਾਤਰ ਬਿਰਖ ਦਾ ਨਿਰਾਦਰ ਕਰ ਰਿਹਾ ਹੈ ਜੋ ਗੁਰਬਾਣੀ ਵਿਚ ਵਰੋਸਾਇਆ ਗਿਆ ਹੈ। ਹਰ ਕਾਵਿ-ਟੁਕੜੀ ਨੂੰ ਉਸ ਦੇ ਪ੍ਰਸੰਗ ਨਾਲੋਂ ਕੱਟ ਕੇ ਦੇਖਣਾ, ਪਰਖਣਾ ਅਤੇ ਫਤਵਾ ਦੇਣਾ ਸੋਭਦਾ ਨਹੀਂ।
ਬਲਦਾ ਬਿਰਖ ਹਾਂ, ਖਤਮ ਹਾਂ,
ਬਸ ਸ਼ਾਮ ਤੀਕ ਹਾਂ।
ਉਪਰਲੀ ਕਾਵਿ-ਟੁਕੜੀ ਵੀ ਇਸੇ ਤਰ੍ਹਾਂ ਦੇ ਯਤਨ ਦੀ ਮੰਗ ਕਰਦੀ ਹੈ।

ਝੀਲ ਵਿਚ ਸੁੱਟੀ ਤਾਂ ਪਲ ਵਿਚ
ਡੁੱਬ ਗਈ ਭਾਰੀ ਕਿਤਾਬ।
ਓਸ ਵਿਚ ਸਨ ਦਰਜ
ਭਵਜਲ ਤਰਨ ਦੇ ਸਾਰੇ ਹਿਸਾਬ।
ਜਾਪਦਾ ਹੈ, ਤੇ ਅਕਸਰ ਇਹ ਹੁੰਦਾ ਹੈ ਕਿ ਅਸੀਂ ਉਹੀ ਸੁਣਦੇ ਹਾਂ ਜੋ ਸੁਣਨਾ ਚਾਹੁੰਦੇ ਹਾਂ ਅਤੇ ਉਹ ਨਹੀਂ ਸੁਣਦੇ ਜੋ ਨਹੀਂ ਸੁਣਨਾ ਚਾਹੁੰਦੇ। ਇਹੀ ਗੱਲ ਪੜ੍ਹਨ ਬਾਰੇ ਵੀ ਕਹੀ ਜਾ ਸਕਦੀ ਹੈ। ਵਿਚਾਰਾ ਸੁਰਜੀਤ ਪਾਤਰ ਇਸ ਆਮ ਪਾਈ ਜਾਂਦੀ ਪ੍ਰਵਿਰਤੀ ਦਾ ਸ਼ਿਕਾਰ ਹੋ ਗਿਆ ਨਜ਼ਰ ਆਉਂਦਾ ਹੈ। ਜਦ ਭਾਰੀ ਕਿਤਾਬ ਨੂੰ ਲੇਖਕ ਆਪਣੀ ਵਿਰਾਸਤ ਨਾਲ ਹੀ ਅਤੇ ਆਪਣੀ ਵਿਰਾਸਤ ਦੀ ਬੇਅਦਬੀ ਨਾਲ ਹੀ ਜੋੜ ਕੇ ਦੇਖਦਾ ਹੈ, ਅਨੇਕਾਂ ਹੋਰ ਪੁਸਤਕਾਂ ਨਾਲ ਨਹੀਂ ਜਿਨ੍ਹਾਂ ਵਿਚ ਅਜਿਹੀਆਂ ਵਿਧੀਆਂ ਅਤੇ ਹਿਸਾਬ-ਕਿਤਾਬ ਦਰਜ ਹੁੰਦੇ ਹਨ। ਸ਼ਬਦ “ਸਾਰੇ ਹਿਸਾਬ” ਤੋਂ ਹੀ ਸਮਝ ਪੈ ਜਾਣੀ ਚਾਹੀਦੀ ਹੈ ਕਿ ਕਵੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਦੀ ਗੱਲ ਕਰ ਰਿਹਾ ਹੈ।
-0-