ਲੇਖ ਵਿਚ ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਹੈ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਨੱਕ-ਨਮੂਜ਼ ਰੱਖਣ ਲਈ ਲੋਕਾਂ ਵਲੋਂ ਰੱਖੇ ਜਾਂਦੇ ਓਹਲੇ, ਮਨੁੱਖ ਨੂੰ ਅੰਦਰੋਂ ਖੋਖਲੇ ਕਰ, ਹੋਂਦ ਦਾ ਆਖਰੀ ਵਰਕਾ ਬਣ ਜਾਂਦੇ। ਅਣਖ ਖਾਤਰ ਪੁੱਤਾਂ-ਧੀਆਂ ਦਾ ਸਿਵਾ ਬਾਲਣ ਤੀਕ ਪਹੁੰਚ ਚੁੱਕੀ ਮਨੁੱਖੀ ਸੋਚ ਨੇ ਪਤਾ ਨਹੀਂ ਕਿੰਨੀਆਂ ਜਾਨਾਂ ਲਈਆਂ ਨੇ? ਫੋਕੀ ਸ਼ਾਨ ਖਾਤਰ ਮਨੁੱਖੀ ਹਉਮੈ ਨੂੰ ਪੱਠੇ ਪਾ ਕੇ ਮਨੁੱਖ ਬਾਹਰੀ ਰੂਪ ਵਿਚ ਤਾਂ ਸਾਬਤ ਨਜ਼ਰ ਆ ਸਕਦਾ ਏ ਪਰ ਅਜਿਹੇ ਮਨੁੱਖ ਅੰਦਰੋਂ ਤਿੜਕੇ ਘੜੇ ਵਰਗੇ ਹੁੰਦੇ ਜੋ ਤਿੱਪ-ਤਿੱਪ ਚੋਂਦਾ, ਮੌਤ-ਮਾਰਗ ਵੰਨੀਂ ਤੁਰਦਾ ਏ।
ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਬੰਦੇ ਦੇ ਪੈਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮਨ ਦੀ ਬਾਤ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਹਿੱਕ ਬਾਰੇ ਉਨ੍ਹਾਂ ਕਿਹਾ ਸੀ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਗਰਦਨ ਬਾਰੇ ਉਨ੍ਹਾਂ ਦੱਸਿਆ ਸੀ ਕਿ ਗਰਦਨ ਸਿੱਧੀ ਰਹੇ ਤਾਂ ਸਿਰਾਂ ‘ਤੇ ਦਸਤਾਰਾਂ ਸੋਂਹਦੀਆਂ, ਸਰਦਾਰੀਆਂ ਕਾਇਮ ਰਹਿੰਦੀਆਂ ਅਤੇ ਸਿਰਤਾਜਾਂ ਨੂੰ ਸਲਾਮਾਂ ਹੁੰਦੀਆਂ। ਬੁੱਲੀਆਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਬੁੱਲੀਆਂ ‘ਚੋਂ ਰਸ ਵੀ ਚੋਂਦਾ ਅਤੇ ਕੁੜੱਤਣ ਵੀ, ਸੋਗੀ ਸੁਰਾਂ ਵੀ ਨਿਕਲਦੀਆਂ ਤੇ ਦੀਪਕ ਰਾਗ ਵੀ, ਸੁੱਚੇ ਬੋਲ ਵੀ ਅਤੇ ਕੁਬੋਲ ਵੀ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਇਨ੍ਹਾਂ ਦੀ ਅਵੱਗਿਆ ਤੇ ਅਣਗਹਿਲੀ, ਸਾਡੀ ਤਲੀ ‘ਤੇ ਮੌਤ ਦਾ ਪੈਗਾਮ ਖੁਣਨ ਲਈ ਕਾਹਲੀ ਹੈ। ਹਥਲੇ ਲੇਖ ਵਿਚ ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਹੈ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਨੱਕ-ਨਮੂਜ਼ ਰੱਖਣ ਲਈ ਲੋਕਾਂ ਵਲੋਂ ਰੱਖੇ ਜਾਂਦੇ ਓਹਲੇ, ਮਨੁੱਖ ਨੂੰ ਅੰਦਰੋਂ ਖੋਖਲੇ ਕਰ, ਹੋਂਦ ਦਾ ਆਖਰੀ ਵਰਕਾ ਬਣ ਜਾਂਦੇ। ਅਣਖ ਖਾਤਰ ਪੁੱਤਾਂ-ਧੀਆਂ ਦਾ ਸਿਵਾ ਬਾਲਣ ਤੀਕ ਪਹੁੰਚ ਚੁੱਕੀ ਮਨੁੱਖੀ ਸੋਚ ਨੇ ਪਤਾ ਨਹੀਂ ਕਿੰਨੀਆਂ ਜਾਨਾਂ ਲਈਆਂ ਨੇ? ਫੋਕੀ ਸ਼ਾਨ ਖਾਤਰ ਮਨੁੱਖੀ ਹਉਮੈ ਨੂੰ ਪੱਠੇ ਪਾ ਕੇ ਮਨੁੱਖ ਬਾਹਰੀ ਰੂਪ ਵਿਚ ਤਾਂ ਸਾਬਤ ਨਜ਼ਰ ਆ ਸਕਦਾ ਏ ਪਰ ਅਜਿਹੇ ਮਨੁੱਖ ਅੰਦਰੋਂ ਤਿੜਕੇ ਘੜੇ ਵਰਗੇ ਹੁੰਦੇ ਜੋ ਤਿੱਪ-ਤਿੱਪ ਚੋਂਦਾ, ਮੌਤ-ਮਾਰਗ ਵੰਨੀਂ ਤੁਰਦਾ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਨੱਕ ਨਰਾਇਣ-ਨਜ਼ਰਾਨਾ, ਮੁੱਖ-ਮੁਹਾਂਦਰਾ, ਸੁਹਜ-ਸੁਹੱਪਣ, ਬੰਦਗੀ-ਬਿੰਬ, ਜੀਵਨ-ਜ਼ੁਬਾਨ, ਮਾਨਵ-ਮੁਖਾਰਬਿੰਦ।
ਨੱਕ, ਚਿਹਰੇ ‘ਤੇ ਮਾਸ ਦਾ ਲੋਥੜਾ। ਕਈ ਰੂਪ, ਆਕਾਰ ਤੇ ਸ਼ਕਲ। ਨੱਕ ਤਿੱਖੇ, ਕੁਝ ਫੀਨੇ। ਕੁਝ ਉਭਰੇ, ਕੁਝ ਨਾ-ਮਾਲੂਮ। ਕੁਝ ਤਿੱਖੀ ਤਲਵਾਰ, ਕੁਝ ਕੋਝਾ ਆਕਾਰ। ਕੁਝ ਨਿੱਕੇ, ਕੁਝ ਵੱਡੇ। ਦੁਨੀਆਂ ਵਿਚ ਸਭ ਤੋਂ ਵੱਡੇ ਨੱਕ ਦੀ ਚਿਹਰੇ ਤੋਂ ਉਚਾਈ 3æ46 ਇੰਚ।
ਨੱਕ ਬਹੁ-ਪ੍ਰਤੀ ਕਾਰਜਾਂ ‘ਚ ਕਾਰਜਸ਼ੀਲ। ਸਾਫ-ਸੁਥਰੇ ਸਾਹ ਦਾ ਸਰੋਤ। ਬਿਮਾਰੀਆਂ ਦੇ ਕੀਟਾਣੂਆਂ ਲਈ ਰੁਕਾਵਟ। ਸੁਗੰਧ-ਦੁਰਗੰਧ ਦਾ ਪਾਰਖੀ। ਆਵਾਜ਼ ਦੀ ਸ਼ੁਧਤਾ ਤੇ ਤਿੱਖੇਪਣ ਨੂੰ ਨਿਰਧਾਰਤ ਕਰਨ-ਹਾਰਾ। ਨੱਕ ਵਿਚ ਬੋਲਣ ਵਾਲੇ ਲੋਕ ਜਲਦੀ ਪਛਾਣੇ ਜਾਂਦੇ। ਸਵਾਦ ਨੂੰ ਪਰਖਣ ਦਾ ਸਭ ਤੋਂ ਉਤਮ ਤੇ ਤੇਜ ਕਾਰਗਰ ਸਾਧਨ। ਘਰ ਵਿਚ ਫੈਲੀ ਹੋਈ ਖਾਣੇ ਦੀ ਸੁਗੰਧ, ਸਭ ਤੋਂ ਪਹਿਲਾਂ ਨੱਕ ਰਾਹੀਂ ਮਨੁੱਖੀ ਸੋਚ ਵਿਚ ਉਤਰਦੀ, ਭੁੱਖ ਵਧਾਉਂਦੀ ਅਤੇ ਖਾਣ ਲਈ ਉਤੇਜਿਤ ਕਰਦੀ। ਵੱਖ ਵੱਖ ਕਿਸਮ ਦੇ ਲੱਖਾਂ ਹੀ ਇਤਰਾਂ ਦੀ ਪਛਾਣ ਨੱਕ ਰਾਹੀਂ ਹੀ ਹੁੰਦੀ।
ਨੱਕ, ਮਨੁੱਖ ਦੀ ਸਾਹ ਰਗ। ਇਸੇ ਲਈ ਜ਼ਿੰਦਗੀ ਦੇ ਆਖਰੀ ਪਲ ‘ਚ, ਮਨੁੱਖ ਨੂੰ ਜਿਉਂਦਾ ਰੱਖਣ ਲਈ ਨੱਕ ਵਿਚ ਨਾਲੀਆਂ ਪਾ ਕੇ, ਧੜਕਣ ਨੂੰ ਬਰਕਰਾਰ ਰੱਖਣ ਲਈ ਹਰ ਹੀਲਾ ਵਰਤਿਆ ਜਾਂਦਾ।
ਨੱਕ, ਮੌਸਮ ਦਾ ਸਭ ਤੋਂ ਵੱਡਾ ਥਰਮਾਮੀਟਰ। ਸਰਦੀ-ਗਰਮੀ ਦਾ ਸਭ ਤੋਂ ਪਹਿਲਾ ਅਸਰ ਨੱਕ ‘ਤੇ ਹੁੰਦਾ। ਮੌਸਮ ਨਾਲ ਜੁੜੇ ਰੋਗ ਨੱਕ ਰਾਹੀਂ ਹੀ ਸਰੀਰ ਵਿਚ ਦਾਖਲ ਹੋ, ਮਨੁੱਖ ਨੂੰ ਆਪਣੀ ਲਪੇਟ ‘ਚ ਲੈਂਦੇ।
ਨੱਕ ਸਿਰਫ ਮਨੁੱਖੀ ਅੰਗ ਹੀ ਨਹੀਂ ਸਗੋਂ ਮਨੁੱਖੀ ਸਰੋਕਾਰ। ਮਨੁੱਖੀ ਸੋਚ ਦਾ ਵਿਸਥਾਰ ਤੇ ਆਕਾਰ। ਮਨੁੱਖੀ ਵਿਹਾਰ ਤੇ ਕਾਰਜ ਦਾ ਪਸਾਰ। ਮਨੁੱਖ ਵਿਚੋਂ ਅਦ੍ਰਿਸ਼ਟ ਮਨੁੱਖ ਨੂੰ ਦੇਖਣ, ਪਰਖਣ, ਸਮਝਣ ਅਤੇ ਸਮਝਾਉਣ ਦਾ ਆਧਾਰ।
ਨੱਕ, ਸਮਾਜਿਕ ਆਧਾਰ। ਉਚੇ ਨੱਕ ਵਾਲੇ ਲੋਕਾਂ ਲਈ, ਆਮ ਲੋਕ ਕੀੜੇ-ਮਕੌੜੇ, ਉਨ੍ਹਾਂ ਨੂੰ ਮਸਲ ਕੇ ਉਚੇ ਦਿਸਹੱਦਿਆਂ ‘ਤੇ ਪਹੁੰਚਣ ਜਾਂ ਉਚਤਾ ਪ੍ਰਗਟਾਉਣ ਲਈ ਹਰ ਹਰਬਾ ਵਰਤਦੇ। ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਨੱਕ-ਨਮੂਜ਼ ਰੱਖਣ ਲਈ ਲੋਕਾਂ ਵਲੋਂ ਰੱਖੇ ਜਾਂਦੇ ਓਹਲੇ, ਮਨੁੱਖ ਨੂੰ ਅੰਦਰੋਂ ਖੋਖਲੇ ਕਰ, ਹੋਂਦ ਦਾ ਆਖਰੀ ਵਰਕਾ ਬਣ ਜਾਂਦੇ। ਅਣਖ ਖਾਤਰ ਪੁੱਤਾਂ-ਧੀਆਂ ਦਾ ਸਿਵਾ ਬਾਲਣ ਤੀਕ ਪਹੁੰਚ ਚੁੱਕੀ ਮਨੁੱਖੀ ਸੋਚ ਨੇ ਪਤਾ ਨਹੀਂ ਕਿੰਨੀਆਂ ਜਾਨਾਂ ਲਈਆਂ ਨੇ? ਫੋਕੀ ਸ਼ਾਨ ਖਾਤਰ ਮਨੁੱਖੀ ਹਉਮੈ ਨੂੰ ਪੱਠੇ ਪਾ ਕੇ ਮਨੁੱਖ ਬਾਹਰੀ ਰੂਪ ਵਿਚ ਤਾਂ ਸਾਬਤ ਨਜ਼ਰ ਆ ਸਕਦਾ ਏ ਪਰ ਅਜਿਹੇ ਮਨੁੱਖ ਅੰਦਰੋਂ ਤਿੜਕੇ ਘੜੇ ਵਰਗੇ ਹੁੰਦੇ ਜੋ ਤਿੱਪ-ਤਿੱਪ ਚੋਂਦਾ, ਮੌਤ-ਮਾਰਗ ਵੰਨੀਂ ਤੁਰਦਾ ਏ।
ਨੱਕ ਵਿਚੋਂ ਜਦ ਠੂਹੇਂ ਡਿੱਗਣ ਲੱਗ ਪੈਣ, ਨੱਕ ਨੂੰ ਹੋਰ ਉਚੇਰਾ ਤੇ ਤਿਖੇਰਾ ਕਰਨ ਲਈ ਹਰ ਹਰਬਾ ਵਰਤਣ ਦੇ ਲਾਲਚ ‘ਚ ਮਨੁੱਖੀ ਕਮੀਨਗੀ ਕੋਹਜ ਬਣ ਜਾਵੇ ਤਾਂ ਨੱਕ ਆਪਣੀ ਹੋਣੀ ‘ਤੇ, ਨਮੋਸ਼ੀ ਵਿਚ ਜਿਉਂਦਿਆਂ ਹੀ ਮਰ ਜਾਂਦਾ।
ਨੱਕ ਵਿਚ ਪਾਈ ਨੱਥ ਜਦ ਨਕੇਲ ਬਣ ਜਾਵੇ ਤਾਂ ਜਵਾਨ-ਮਨ ਵਿਚ ਉਪਜਦੀਆਂ ਮੋਹ-ਤਰੰਗਾਂ ਦਮ ਤੋੜ ਜਾਂਦੀਆਂ, ਮੁਹੱਬਤ ਦੇ ਚਸ਼ਮੇ ‘ਚ ਬਰੇਤਾ ਉਗਦਾ ਅਤੇ ਚਾਵਾਂ ਦੇ ਵਿਹੜੇ ‘ਚ ਸੋਗ, ਸੰਤਾਪ ਤੇ ਸੁੰਨ ਹਾਵੀ ਹੋ ਜਾਂਦੇ। ਅਫਸੋਸ ਇਸ ਗੱਲ ਦਾ ਹੈ ਕਿ ਅਜੋਕੀ ਮਨੁੱਖੀ ਸੋਚ ‘ਚੋਂ ਮਨੁੱਖੀ ਭਾਵਨਾਵਾਂ ਮਨਫੀ। ਕੋਕੇ ਦੇ ਲਿਸ਼ਕਾਰੇ ‘ਤੇ ਅੰਧੇਰ ਛਿੜਕ ਭਾਵਨਾਵਾਂ ਦਾ ਕਾਤਲ ਹੋਣ ‘ਤੇ ਮਨੁੱਖ ਮਾਣ ਕਰਦਾ।
ਜਦ ਕੋਈ ਜੋਰਾਵਰ ਧੀ-ਭੈਣ ਦੀ ਇੱਜਤ ਸ਼ਰ੍ਹੇਆਮ ਨਿਲਾਮ ਕਰੇ, ਸੱਤਾਂ ਪਰਦਿਆਂ ਵਿਚ ਲਪੇਟੀ ਪੱਤ ਚੌਗਿਰਦੇ ‘ਚ ਬੇ-ਪਰਦ ਹੋ ਜਾਵੇ ਜਾਂ ਆਪਣੇ ਹੀ ਹਿੱਕ ਵਿਚ ਖੁੱਭਿਆ ਕਬਰੀ-ਕਿੱਲ ਬਣ ਜਾਣ ਤਾਂ ਨੱਕ ਆਪਣੀ ਸਮਾਜਿਕ ਹੋਂਦ ਤੇ ਪਛਾਣ ਨੂੰ ਕੋਸਦਾ ਆਪਣੀ ਮੌਤ ਖੁਦ ਮਰ ਜਾਂਦਾ।
ਨੱਕ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਸਰੋਕਾਰਾਂ ਵਿਚਲੀ ਅਹਿਮੀਅਤ ਸਦਕਾ ਅਹਿਮ। ਅਸੀਂ ਹਰ ਦਾਇਰੇ, ਕਾਰਜ, ਸੰਦੇਵਨਾ ਅਤੇ ਸੋਚ ਵਿਚ ਇਸ ਦੀ ਵਰਤੋਂ-ਕੁਵਰਤੋਂ ਕਰਦੇ, ਕਦੇ ਆਪਣੇ ਆਪ ‘ਚ ਖੁਦੀ ਉਪਜਾਉਂਦੇ ਤੇ ਕਦੇ ਇਸ ਨੂੰ ਭਸਮ ਕਰਦਿਆਂ ਆਪਣਾ ਕਰਮ-ਸਫਰ ਜਾਰੀ ਰੱਖਦੇ।
ਸਮਾਜਿਕ ਨੱਕ ਦਾ ਹਰ ਕੋਸ਼ਿਸ਼ ਵਿਚੋਂ ਕੁਝ ਪਾਉਣ ਦੀ ਦੌੜ ਵਿਚ ਉਲਝਣਾ, ਬੇਲੋੜਾ। ਜੇਕਰ ਮਨੁੱਖ ਖੋਹਣ ਨਾਲੋਂ ਵੰਡਣ ਦੇ ਰਾਹ ਤੁਰ ਪਵੇ ਤਾਂ ਜਿੰæਦਗੀ ਦੇ ਅਰਥ ਹੀ ਬਦਲ ਜਾਂਦੇ।
ਗੁਰਬਾਣੀ ਦਾ ਫੁਰਮਾਨ, “ਨਕ ਨ ਰਜਾ ਵਾਸਨਾ ਦੁਰਗੰਧ ਸਵਾਸੇ” ਬਹੁਤ ਕੁਝ ਅਜਿਹਾ ਫਰਮਾ ਰਿਹਾ ਏ ਜਿਸ ਦੀ ਸਮਝ ਵਿਚੋਂ ਅਸੀਂ ਜ਼ਿੰਦਗੀ ਨੂੰ ਸੂਖਮ, ਸਾਰਥਕ, ਸਮਰਪਿਤ ਅਤੇ ਸੰਪੂਰਨ ਪਰਿਭਾਸ਼ਤ ਕਰ ਸਕਦੇ ਹਾਂ। ਪਰ ਅਸੀਂ ਤਾਂ ਗੁਰਬਾਣੀ ਨੂੰ ਸਮਝਣ ਅਤੇ ਇਸ ਅਨੁਸਾਰ ਜ਼ਿੰਦਗੀ ਨੂੰ ਢਾਲਣ ਤੋਂ ਬੇਮੁੱਖ। ਧਰਮ ਸਿਰਫ ਇਕ ਮੁਖੌਟਾ ਅਤੇ ਅਸੀਂ ਮੁਖੌਟਾਧਾਰੀ।
ਨਤਸਮਤਕ ਹੁੰਦਿਆਂ ਨੱਕ ਹੀ ਸਭ ਤੋਂ ਪਹਿਲਾਂ ਚਰਨ-ਬੰਧਨਾ ਵਿਚ ਝੁਕਦਾ, ਮਿੱਟੀ ਨਾਲ ਮੋਹ ਜਤਾਉਂਦਾ, ਆਪੇ ਨੂੰ ਅਕੀਦਤ ਵਿਚ ਅਰਪਿਤ ਕਰ ਜੋਦੜੀ ਬਣਦਾ। ਉਸ ਵਕਤ ਇਬਾਦਤ ਵਿਚ ਜੁੜੇ ਹੱਥਾਂ ਨਾਲ ਮਨ-ਇੱਛਤ ਪੂਰਤੀ, ਮਨੁੱਖ ਦਾ ਹਾਸਲ। ਅਰਪਿਤਾ ਵਿਚੋਂ ਹੀ ਮੰਜ਼ਿਲ-ਪ੍ਰਾਪਤੀਆਂ ਦੇ ਸਿਰਲੇਖ ਜਾਂ ਨਵੇਂ ਦਿਸਹੱਦਿਆਂ ਦੇ ਸਿਰਨਾਵੇਂ ਦੀ ਸਿਰਜਣਾ ਉਘੜਦੀ।
ਨੱਕ ਦੀ ਸੇਧ ਵਿਚ ਤੁਰੇ ਜਾਂਦੇ ਲੋਕ ਕਈ ਵਾਰ ਖਾਈਆਂ, ਟੋਇਆਂ ਅਤੇ ਔਝੜ ਰਾਹਾਂ ਵਿਚ ਉਲਝ ਕੇ ਰਹਿ ਜਾਂਦੇ। ਆਪਣੇ ਆਪ ਨੂੰ ਸਮੇਂ, ਸਥਿਤੀ ਸਮਕਾਲਤਾ ਅਤੇ ਸਮ-ਸੋਚ ਦੇ ਹਾਣੀ ਬਣਾ ਲਈਏ ਤਾਂ ਕਦਮਾਂ ਵਿਚ ਪੈੜਾਂ ਉਗਦੀਆਂ।
ਜਦ ਕੋਈ ਗਰੀਬੀ ਦਾ ਸਤਾਇਆ, ਜੁਲਮਾਂ ਦੀ ਚੱਕੀ ‘ਚ ਪੀਸਦਾ, ਕਿਸੇ ਜਾਲਮ ਸਾਹਵੇਂ ਨੱਕ ਨਾਲ ਲਕੀਰਾਂ ਕੱਢਣ ਲਈ ਮਜਬੂਰ ਕੀਤਾ ਜਾਵੇ ਤਾਂ ਨੱਕ-ਲੀਕਾਂ ਦੀ ਗਿਣਤੀ, ਜਾਲਮ ਦੇ ਸਾਹਾਂ ਦੀ ਗਿਣਤੀ ਵੀ ਨਿਸਚਿਤ ਕਰ ਦਿੰਦੀ ਏ।
ਨੱਕ ਵਿਚ ਤੀਲੀ, ਲੌਂਗ, ਕੋਕਾ ਜਾਂ ਨੱਥ ਔਰਤ ਦੀ ਸੁੰਦਰਤਾ ਵਿਚ ਵਾਧਾ। ਇਨ੍ਹਾਂ ਦੇ ਲਿਸ਼ਕਾਰੇ ‘ਚ ਅੱਖਾਂ ਚੁੰਧਿਆ ਜਾਂਦੀਆਂ। ਕਈ ਵਾਰ ਇਹ ਮਾਣ-ਮਰਤਬਾ ਤੇ ਸਿਆਣਪ ਰਾਹੀਂ ਸੁੱਘੜ-ਸੁਆਣੀ ਦਾ ਸਮਰੂਪ ਬਣ, ਸਮਾਜ ਦਾ ਸਿਆਣਪੀ ਵਰਤਾਰਾ ਵੀ ਬਣ ਜਾਂਦੇ। ਪਰ ਕੁਝ ਲੋਕਾਂ ਲਈ ਇਹ ਗਹਿਣੇ, ਅਚੇਤ ਰੂਪ ਵਿਚ ਜਗੀਰੂ ਰੁਚੀਆਂ ਪ੍ਰਗਟ ਕਰਦੇ, ਔਰਤ ਨੂੰ ਇਕ ਗੁਲਾਮ ਸਮਝ, ਵਰਤੋਂ ਦੀ ਵਸਤ ਵੀ ਬਣਾ ਦਿੰਦੇ।
ਦਰਗਾਹਾਂ, ਦਰਬਾਰਾਂ ਤੇ ਧਾਰਮਿਕ-ਅਸਥਾਨਾਂ ਦੀਆਂ ਸਰਦਲਾਂ ‘ਤੇ ਨੱਕ ਰਗੜ ਕੇ ਪੁੱਤਰਾਂ ਦੀ ਦਾਤ ਮੰਗਣ ਵਾਲੀਆਂ ਮਾਂਵਾਂ ਜਦ ਪੁੱਤਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ, ਘਰ ਦੀ ਕਾਲ ਕੋਠੜੀ ਵਿਚ ਕੈਦ ਹੋ, ਬੁਢਾਪੇ ਦਾ ਬਨਵਾਸ ਹੰਢਾਉਣ ਲਈ ਮਜਬੂਰ ਹੋ ਜਾਣ ਤਾਂ ਉਨ੍ਹਾਂ ਲਈ ਮੌਤ ਮੰਗਣ ਵਾਸਤੇ ਨੱਕ ਰਗੜਨ ਦੀ ਨੌਬਤ ਵੀ ਆ ਜਾਂਦੀ ਏ। ਕਿੰਨੀ ਦੁਖਦਾਈ ਹੁੰਦੀ ਏ ਮੰਨਤ ਤੋਂ ਮੌਤ ਤੀਕ ਦੀ ਅਰਦਾਸ।
ਜਦ ਕਿਸੇ ਜਾਲਮ ਨੂੰ ਨੱਕ ਵਿਚ ਨਕੇਲ ਪਾ ਕੇ ਬਾਜ਼ਾਰਾਂ ਵਿਚ ਘਸੀਟਿਆ ਜਾਂਦਾ ਤਾਂ ਉਸ ਦੇ ਪਾਪ ਸਾਖਸ਼ਾਤ ਪ੍ਰਗਟ ਹੋ, ਕੀਤੇ ਦਾ ਫਲ ਭੁਗਤਣ ਦਾ ਸਬਕ ਬਣਦੇ। ਭਵਿੱਖੀ ਨਸਲਾਂ ਸਮਝ ਸਕਦੀਆਂ ਕਿ ਪਾਪੀ ਦਾ ਅੰਤ ਉਸ ਦੇ ਪਾਪਾਂ ਤੋਂ ਵੀ ਜ਼ਿਆਦਾ ਦੁਖਦਾਈ ਹੁੰਦਾ।
ਨੱਕ ਨਮੋਸ਼ੀ ਦੀ ਬਜਾਏ ਨਗੀਨਾ ਬਣੇ, ਦੁਰਗੰਧ ਦੀ ਬਜਾਏ ਸੁਗੰਧ ਨੂੰ ਸਾਹਾਂ ਦੀ ਸੌਗਾਤ ਬਣਾਵੇ, ਸੁਹੱਪਣ ਦੀ ਬਜਾਏ ਸੁਹਜ ਨੂੰ ਸਮਰਪਿਤ ਹੋਵੇ ਅਤੇ ਨੱਕ ਨਾਲ ਕੀਤੀ ਇਬਾਦਤ ਵਿਚੋਂ ਖੁਦੀ ਨੁੰ ਮਿਟਾਵੇ ਤਾਂ ਨੱਕ ਦੀ ਨੇਕ-ਨੀਤੀ ਵਿਚੋਂ ਮਨੁੱਖੀ-ਮਾਣ ਅਤੇ ਮਾਨਵੀ-ਬੰਦਿਆਈ ਦੇ ਦੀਦਾਰੇ ਹੁੰਦੇ। ਇਹ ਦੀਦਾਰੇ ਹੀ ਚਾਨਣ-ਭਿੱਜੇ ਰਾਹਾਂ ਦਾ ਮਾਰਗ ਦਰਸ਼ਨ।
ਜਦ ਕੋਈ ਨੱਕ ‘ਤੇ ਮੱਖੀ ਨਾ ਬਹਿਣ ਦੇਣ ਵਾਲਾ ਮੱਖੀ ਉਡਾਉਣ ਤੋਂ ਆਤੁਰ ਹੋ ਜਾਵੇ, ਹੁਸਨ ਦੀ ਆਬ ਵਿਚ ਖੁਦੀ ਨੂੰ ਭੁੱਲ ਚੁੱਕੀ ਨੱਢੀ, ਖੁਦ ਦੀ ਭਾਲ ਲਈ ਤਰਲੋਮੱਛੀ ਹੋਵੇ, ਲੌਂਗ ਦੇ ਲਿਸ਼ਕਾਰੇ ਨਾਲ ਅੱਖਾਂ ਚੁੰਧਿਆਉਣ ਵਾਲਾ ਹਨੇਰੇ ਵਿਚ ਅੱਕੀਂ ਪਲਾਹੀਂ ਹੱਥ ਮਾਰੇ ਜਾਂ ਤਲਵਾਰ ਰੂਪੀ ਨੱਕ ਰਾਹੀਂ ਕਤਲਾਂ ਦੀ ਗਿਣਤੀ ਵਿਚ ਉਲਝੀ ਜਵਾਨੀ ਮੁਆਫੀਨਾਮਾ ਬਣ ਜਾਵੇ ਤਾਂ ਬੀਤੇ ਦਾ ਪਲ-ਪਲ ਤੁਹਾਡੇ ਸਨਮੁੱਖ ਹੋ, ਕੀਤੇ ਕਰਮਾਂ ਦਾ ਵਹੀ-ਖਾਤਾ ਖੋਲ੍ਹ, ਤੁਹਾਡੇ ਅੰਦਰਲੇ ਨੂੰ ਚਾਨਣ ਨਾਲ ਭਰ ਦਿੰਦਾ। ਅਜਿਹੇ ਵਕਤ ਖੁਦ ਦੇ ਰੂਬਰੂ ਹੋਣਾ ਹੀ ਅਸਲ ਵਿਚ ਸਵੈ-ਸਫਰ ਦਾ ਸਿਰਨਾਵਾਂ ਬਣਦਾ।
ਕਦੇ ਨੱਕ ‘ਤੇ ਐਨਕਾਂ ਟਿਕਾਈ ਘਰ ਦੇ ਸੁੰਨੇ ਦਰ ‘ਚ ਬੈਠੇ ਬਾਪ ਨੂੰ ਕਿਆਸਣਾ ਜੋ ਪਰਦੇਸੀ ਪੁੱਤ ਦੀ ਉਡੀਕ ‘ਚ ਆਖਰੀ ਸਾਹ ਨੂੰ ਦੁਰਕਾਰਦਾ, ਹਰ ਪ੍ਰਛਾਵੇਂ ਵਿਚੋਂ ਹੀ ਪੁੱਤ ਦੇ ਨਕਸ਼ ਪਛਾਣਦਾ ਏ। ਪਰ ਭਰਮ ਟੁੱਟਣ ‘ਤੇ ਜਾਰੋ-ਜਾਰ ਰੋਂਦਾ, ਹੰਝੂਆਂ ਨੂੰ ਅੰਦਰੋਂ ਅੰਦਰ ਹੀ ਪੀਂਦਾ। ਘਰ ‘ਚ ਪਸਰੀ ਚੁੱਪ, ਕਮਰਿਆਂ ‘ਚ ਫੈਲੀ ਉਦਾਸੀ ਅਤੇ ਕੰਧਾਂ ‘ਤੇ ਲਟਕਦੀਆਂ ਪਰਿਵਾਰਕ-ਤਸਵੀਰਾਂ ਜਦ ਆਪਣਿਆਂ ਦੀ ਛੋਹ ਨੂੰ ਲੋਚਦੀਆਂ ਮੂਕ ਚੀਖ ਬਣ ਕੇ ਘਰ ਵਿਚ ਦਫਨ ਹੋ ਜਾਣ ਤਾਂ ਬਹੁਤ ਕੁਝ ਅਣਕਿਆਸਿਆ ਵਾਪਰਦਾ ਏ ਜੋ ਸਿਰਫ ਇਕ ਬਾਪ ਹੀ ਸਮਝ ਸਕਦਾ ਏ। ਜਦ ਕੋਈ ਮਾਂ ਅਲਾਣੇ ਮੰਜੇ ‘ਤੇ ਬਰਾਂਡੇ ਵਿਚ ਬੈਠੀ ਮੱਥੇ ‘ਤੇ ਹੱਥ ਦੀ ਓਟ ਕਰ ਮੋਟੀਆਂ ਐਨਕਾਂ ਵਿਚੋਂ ਝਾਕਦੀ ਆਪਣਿਆਂ ਦੀ ਸੂਰਤ ਜਾਂ ਪੈੜਚਾਲ ਦਾ ਭੁਲੇਖਾ ਵੀ ਨਾ ਸਿਰਜ ਸਕੇ ਤਾਂ ਉਸ ਦੇ ਸਾਹਾਂ ਦਾ ਰੈਣ ਬਸੇਰਾ ਇਕ ਮਨਾਹੀ ਤੇ ਕੋਤਾਹੀ ਬਣ ਜਾਂਦਾ। ਅਜਿਹੀ ਸੰਵੇਦਨਾ ਵਿਚੋਂ ਹੀ ਉਪਜਦੀ ਏ ਮਾਂ ਦੀ ਆਪਣੇ ਜਾਇਆਂ ਨੂੰ ਗਲ ਲਾਉਣ ਦੀ ਵੇਦਨਾ, ਮਨ ਫਰੋਲਣ ਦੀ ਚਾਹਨਾ ਅਤੇ ਆਪਣਿਆਂ ਦੀ ਸੰਗਤ ਵਿਚ ਆਖਰੀ ਸਾਹਾਂ ਨੂੰ ਸਦੀਵੀ ਅਲਵਿਦਾ ਕਹਿਣ ਦੀ ਅਰਜ਼ੋਈ। ਕਦੇ ਕਦਾਈਂ ਮਨ ਵਿਚ ਮਾਪਿਆਂ ਵਰਗੇ ਬਣ, ਉਨ੍ਹਾਂ ਦੀ ਸੋਚ ਤੇ ਸੰਵੇਦਨਾ ਨੂੰ ਅੰਤਰੀਵ ਵਿਚ ਉਤਾਰਨਾ ਤੁਹਾਨੂੰ ਮਾਂ ਦੀ ਮਮਤਾ ਤੇ ਬਾਪ ਦੀ ਦਿਲਗੀਰੀ ਦਾ ਅਹਿਸਾਸ ਜਰੂਰ ਹੋਵੇਗਾ।
ਨੱਕ ਨਗਮਾ ਹੈ ਜੀਵਨ ਤੇ ਫਲਸਫੇ ਦਾ, ਮਨੁੱਖੀ ਸੁੰਦਰਤਾ ਤੇ ਸੀਰਤ ਦਾ, ਮਨ ਤੇ ਤਨ ਦਾ, ਹਉਮੈ ਤੇ ਨਿਮਰਤਾ ਦਾ, ਅਦਬ ਤੇ ਅਧੀਨਗੀ ਦਾ, ਕਰਮ ਤੇ ਧਰਮ ਦਾ, ਕਰਮਯੋਗਤਾ ਤੇ ਨਿਰਮਾਣਤਾ ਦਾ, ਜਿੰਦ ਤੇ ਜ਼ਿੰਦਾਦਿਲੀ ਦਾ ਅਤੇ ਸੋਚ ਤੇ ਸੁਹਿਦਰਤਾ ਦਾ।
ਬੇ-ਨੱਕਾ ਸ਼ਖਸ ਜਦ ਮਾਨਵੀ ਕਦਰਾਂ ਕੀਮਤੀ ਦਾ ਬਿੰਬ ਬਣ ਕੇ ਨੱਕ ਵਾਲੇ ਲੋਕਾਂ ਦੀਆਂ ਅੱਖਾਂ ਨੀਵੀਆਂ ਕਰ ਜਾਂਦਾ ਤਾਂ ਉਹ ਸਿਰਫ ਨੱਕ ਦੇ ਨਾਮ ‘ਤੇ ਕਲੰਕ ਦਾ ਹਰਫ ਹੀ ਹੁੰਦੇ।
ਨੱਕ ਨਿਮਾਣਾ ਤੇ ਨਿਤਾਣਾ, ਨੱਕ ਦੇ ਰਾਹੀਂ ਸੱਚ-ਮਾਰਗ ਜਾਣਾ। ਨੱਕ ਸਾਹਾਂ ਦਾ ਵਣਜਾਰਾ, ਨੱਕ ਸਵਾਦਾਂ ਦਾ ਭੰਡਾਰਾ। ਨੱਕ ਸੁਗੰਧ ਨੂੰ ਗਲ ਨਾਲ ਲਾਵੇ, ਪਰ ਦੁਰਗੰਧ ਤੋਂ ਦੂਰ ਹੀ ਜਾਵੇ। ਨੱਕ ਦੀ ਪੂਜਾ ਜਦ ਹਉਮੈ ਬਣਦੀ ਤਾਂ ਜੀਵਨ-ਅੰਬਰ ‘ਤੇ ਬੱਦਲੀ ਤਣਦੀ। ਨੱਕ ਨੂੰ ਸਮਾਜ ਦਾ ਨੱਕ ਬਣਾਓ, ਨੱਕ ਵਿਚੋਂ ਖੁਦਾ ਦਾ ਦਰਸ਼ ਉਪਜਾਓ ਤੇ ਨੱਕ ਨੂੰ ਖੁਦ ਦਾ ਨਗਮਾ ਬਣਾਓ।
ਨੱਕ ਨਮਾਜ਼ੀ, ਅਦਬ-ਅਦੀਬੀ। ਉਸ ਦੇ ਭੇਤਾਂ-ਰਹਿਮਤਾਂ ਦਾ ਗਿਆਤਾ, ਅਸੀਸਾਂ ਦਾ ਰਿਣੀ, ਇਨਾਇਤਾਂ ਦਾ ਸ਼ੁਕਰਗੁਜ਼ਾਰ। ਰਹਿਮਤ ਵਿਚ ਬੀਤਦੇ ਸਾਹਾਂ ਦੀ ਸ਼ੁਕਰਗੁਜਾਰੀ ਵਿਚ ਹੀ ਜ਼ਿੰਦਗੀ ਦਾ ਸੂਹਾ ਰੰਗ। ਅਜਿਹੇ ਨਮਾਜ਼ੀ, ਨਮਾਜ਼ ਦਾ ਸੁੱਚਾ ਫਲਸਫਾ।
ਆਮੀਨ।