ਅੱਧੇ ਦੀ ਬਰਕਤ

ਬਲਜੀਤ ਬਾਸੀ
ਫੋਨ: 734-259-9353
ਅੱਧਾ ਸ਼ਬਦ ਦੀ ਮਹਿਮਾ ਪੂਰੇ ਨਾਲੋਂ ਘਟ ਨਹੀਂ। ਇਸ ਦਾ ਇਕ ਅਰਥ ਤਾਂ ਪੂਰੇ ਦੇਸ਼ ਨੂੰ ਕਲਾਵੇ ਵਿਚ ਲੈ ਲੈਂਦਾ ਹੈ। ਅੱਧੇ ਬਿਨਾ ਗੁਜ਼ਾਰਾ ਹੋ ਹੀ ਨਹੀਂ ਸਕਦਾ, ਘਰ ਵਾਲੀ ਜੋ ਅਰਧੰਗਣੀ ਹੁੰਦੀ ਹੈ। ਅੰਗਰੇਜ਼ੀ ਵਾਲਿਆਂ ਨੇ ਤਾਂ ਇਸ ਨੂੰ ਹੋਰ ਉਪਰ ਚੁੱਕ ਕੇ ਬੈਟਰ ਹਾਫ ਬਣਾ ਦਿੱਤਾ ਹੈ। ਸਾਲੀ ਅਧੀ ਘਰਵਾਲੀ ਬਣ ਜਾਵੇ ਤਾਂ ਪੂਰੀ ਘਰ ਵਾਲੀ ਦੀਆਂ ਪੂਛਾਂ ਚੁਕਾ ਦਿੰਦੀ ਹੈ।

ਜ਼ਰਾ ਸੋਚੋ, ਕਿਹੜੀ ਕੁਦਰਤ ਦੀ ਦੇਣ ਅੱਧੀ ਰਾਤ ਨਾਲੋਂ ਵਧੇਰੇ ਹੁਸੀਨ, ਰਹੱਸਮਈ ਅਤੇ ਵਹਿਸ਼ੀ ਹੋ ਸਕਦੀ ਹੈ? ਸਾਹਿਤ ਵਿਚ ਇਸ ਦਾ ਖੂਬ ਜ਼ਿਕਰ ਹੋਇਆ ਹੈ, ਕੁਝ ਨਮੂਨੇ ਦੇਖੋ:
ਅੱਧੀ ਰਾਤ ਦੇਸ ਚੰਬੇ ਦੇ
ਚੰਬਾ ਖਿੜਿਆ ਹੋ।
ਚੰਬਾ ਖਿੜਿਆ ਮਾਲਣੇ
ਉਹਦੇ ਮਹਿਲੀਂ ਗਈ ਖੁਸ਼ਬੋ।

ਜਿਉਂ ਥਲ ‘ਚੋਂ ਲੰਘੇ ਕਾਫਲਾ
ਜਦ ਅੱਧੀ ਰਾਤ ਵਿਹਾ।
ਹੈ ਸਾਰੀ ਵਾਦੀ ਗੂੰਜ ਪਈ
ਇਹ ਕੌਣ ਨੇ ਰਹੀਆਂ ਗਾ? -ਸ਼ਿਵ ਕੁਮਾਰ (ਲੂਣਾ)
ਹਥ ਵੰਝਲੀ ਪਕੜ ਕੇ ਰਾਤ ਅੱਧੀ,
ਰਾਂਝੇ ਮਜ਼ਾ ਭੀ ਖੂਬ ਬਣਾਇਆ ਏ।
ਰੰਨ ਮਰਦ ਨਾ ਪਿੰਡ ਵਿਚ ਰਹਿਆ ਕੋਈ,
ਸਭਾ ਗਿਰਦ ਮਸੀਤ ਦੇ ਆਇਆ ਏ। -ਵਾਰਿਸ ਸ਼ਾਹ
ਅੱਧੀ ਰਾਤ ਨੂੰ ਉਠ ਕੇ ਖਿਸਕ ਤੁਰੀਏ,
ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,
ਅਸੀਂ ਜਿਨ੍ਹਾਂ ਦੇ ਪੁਤਰ ਤੇ ਪੋਤਰੇ ਜੀ।
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ।
ਰਾਜੇ ਕਿਸੇ ‘ਤੇ ਨਿਹਾਲ ਹੋ ਕੇ ਅੱਧਾ ਰਾਜ ਦੇ ਦਿੰਦੇ ਸਨ। ਅੱਧਾ ਪਾਗਲ ਪੂਰੇ ਪਾਗਲ ਨਾਲੋਂ ਦੁੱਗਣਾ ਸਿਆਣਾ ਹੁੰਦਾ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ‘ਅੱਧੀ ਛੱਡ ਸਾਰੀ ਨੂੰ ਜਾਵੇ, ਅਧੀ ਰਹੇ ਨਾ ਸਾਰੀ ਜਾਵੇ।’ ਜਿਹੜੇ ਅੱਧੇ ਭੋਂ ਵਿਚ ਤੇ ਅੱਧੇ ਬਾਹਰ ਹੁੰਦੇ ਹਨ ਉਹ ਪੂਰੇ ਬਾਹਰ ਵਾਲਿਆਂ ਨਾਲੋਂ ਜ਼ਿੰਦਗੀ ਵਿਚ ਕਿਤੇ ਵੱਧ ਸਫਲ ਹੁੰਦੇ ਹਨ। ਅੱਧਜਲ ਗਗਰੀ ਪੂਰੀ ਤਰ੍ਹਾਂ ਭਰੀ ਗਗਰੀ ਨਾਲੋਂ ਵੱਧ ਛਲਕਦੀ ਹੈ। ਫਿਰ ‘ਸਾਰੀ ਖਾਧੀ ਅੱਧੀ ਖਾਏ, ਨਰੇ ਨਹੀਂ ਪਰ ਮੂਲੋਂ ਜਾਏ।’ ਆਧੁਨਿਕ ਮੋਟਾਪਾ-ਵਿਰੋਧੀ ਯੁੱਗ ਵਿਚ ਅੱਧਾ ਰਹਿ ਜਾਣਾ ਚੰਗਾ ਮੰਨਿਆ ਜਾਂਦਾ ਹੈ ਜਦ ਕਿ ਪਹਿਲੀਆਂ ਵਿਚ ਇਸ ਨੂੰ ਸਰੀਰਕ ਕਮਜ਼ੋਰੀ ਮੰਨਿਆ ਜਾਂਦਾ ਸੀ। ਹੋਰ ਸੁਣੋ: ਘਰ ਦੀ ਅੱਧੀ ਬਾਹਰ ਦੀ ਸਾਰੀ ਨਾਲੋਂ ਚੰਗੀ ਹੈ। ਕਹਿੰਦੇ ਨੇ, ਬੱਚੇ ਹਮੇਸ਼ਾ ਸੱਚ ਬੋਲਦੇ ਹਨ, ਜਦ ਸਕੂਲ ਵਿਚ ‘ਅੱਧੀ ਵੇਲੇ ਸਾਰੀ ਤੇ ਮੀਆਂ ਮੱਖੀ ਮਾਰੀ’ ਹੋ ਜਾਂਦੀ ਹੈ ਤਾਂ ਇਸ ਅੱਧ ਦੀ ਵਡਿਆਈ ਬੱਚਿਆਂ ਨੂੰ ਪੁਛ ਕੇ ਦੇਖੋ।
ਸ਼ਬਦ ਨਿਰਮਾਣ ਦੇ ਪੱਖੋਂ ਵੀ ‘ਅੱਧ’ ਸ਼ਬਦ ਨੇ ਕੋਈ ਕਸਰ ਨਹੀਂ ਛੱਡੀ, ਕਈ ਥਾਂਵੀਂ ਤਾਂ ਆਪਣੀ ਹੋਂਦ ਨੂੰ ਛੁਪਾ ਹੀ ਲਿਆ ਹੈ। ਅੱਧ ਦੀ ਬਹੁਤੀ ਮਹਿਮਾ ਨਾਲੋਂ ਪਹਿਲਾਂ ਇਸ ਦੀ ਮੁੱਢੀ ਲਭ ਲਈਏ। ਸੰਸਕ੍ਰਿਤ ਵਿਚ ਇਸ ਸ਼ਬਦ ਦਾ ਰੂਪ ਹੈ ‘ਅਰਧ’। ਪ੍ਰਾਕ੍ਰਿਤ ਵਿਚ ਇਸ ਦੀ ‘ਰ’ ਧੁਨੀ ਅਲੋਪ ਹੋ ਗਈ ਤੇ ‘ਧ’ ਧੁਨੀ ਦੂਹਰੀ ਹੋ ਗਈ। ਕੁਝ ਭਾਸ਼ਾਵਾਂ, ਜਿਵੇਂ ਹਿੰਦੀ ਵਿਚ ‘ਰ’ ਧੁਨੀ ‘ਆ’ ਵਿਚ ਪਲਟ ਗਈ ਤੇ ਸ਼ਬਦ ਬਣ ਗਿਆ ਆਧਾ। ‘ਅਰਧ ਸਰੀਰ ਕਟਾਈਐ ਸਿਰਿ ਕਰਵਤੁ ਧਰਾਇ’। ਰਵਾਇਤੀ ਤੌਰ ‘ਤੇ ਨਾਰੀ ਨੂੰ ਮਨੁੱਖ ਦਾ ਅੱਧਾ ਸਰੀਰ ਕਿਹਾ ਗਿਆ ਹੈ, ‘ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥’ (ਭਗਤ ਕਬੀਰ)। ਉਂਜ ਅੱਜ ਕਲ੍ਹ ਪੰਜਾਬੀ ਵਿਚ ਅਰਧ ਸ਼ਬਦ ਦੀ ਸੁਤੰਤਰ ਵਰਤੋਂ ਨਾਂਹ ਬਰਾਬਰ ਹੈ। ਹਾਂ, ਸਾਹਿਤਕ ਰੰਗਣ ਲਈ ਅਜੋਕੀ ਪੰਜਾਬੀ ਵਿਚ ਵੀ ਅਰਧ ਸ਼ਬਦ ਨੂੰ ਅਗੇਤਰ ਦੇ ਤੌਰ ‘ਤੇ ਵਰਤ ਕੇ ਕਈ ਸ਼ਬਦ ਘੜੇ ਗਏ ਹਨ। ਮਿਸਾਲ ਵਜੋਂ ਅਰਧ ਸਵਰ, ਅਰਧ ਸੁਰੱਖਿਆ ਬਲ, ਅਰਧ ਚੇਤਨਾ, ਅਰਧ ਵਿਆਸ, ਅਰਧ ਵਿਰਾਮ, ਅਰਧ ਚੰਦਰਮਾ, ਅਰਧ ਨਗਨ, ਅਰਧਨਿੰਦਰੇ (ਨੈਣ)।
ਜਿਵੇਂ ਪਹਿਲਾਂ ਸੰਕੇਤ ਦਿੱਤਾ ਜਾ ਚੁੱਕਾ ਹੈ, ਸੰਸਕ੍ਰਿਤ ਅਰਧ ਦਾ ਪਹਿਲਾ ਅਰਥ ਵਿਆਪਕ ਪਸਾਰ ਵਾਲਾ ਹੈ। ਇਹ ਸਥਾਨ, ਇਲਾਕਾ, ਪਰਦੇਸ, ਦੇਸ਼ ਆਦਿ ਅਰਥਾਂ ਦਾ ਧਾਰਨੀ ਹੈ ਪਰ ਇਸ ਦਾ ਮੂਲ ਅਰਥ ਪਾਸਾ, ਭਾਗ, ਖੰਡ ਆਦਿ ਹੈ। ਅਰਥ-ਵਿਕਾਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਹੈ: ਪਹਿਲਾਂ ਇਹ ਕਿਸੇ ਦੇਸ਼ ਦੇ ਭਾਗ ਵਜੋਂ ਸਾਹਮਣੇ ਆਉਂਦਾ ਹੈ, ਫਿਰ ਖੇਤਰ, ਫਿਰ ਪ੍ਰਦੇਸ਼ ਦੀਆਂ ਸੀਮਾਵਾਂ ਪਾਰ ਕਰਦਾ ਦੇਸ਼ ਦੇ ਅਰਥ ਹੀ ਗ੍ਰਹਿਣ ਕਰ ਲੈਂਦਾ ਹੈ। ਧਿਆਨ ਦਿਉ ਪਾਸਾ, ਭਾਗ, ਖੰਡ ਦੇ ਸੰਕਲਪ ਤੋਂ ਸਥਾਨ, ਪ੍ਰਦੇਸ਼, ਦੇਸ਼ ਆਦਿ ਦਾ ਅਰਥ-ਵਿਸਤਾਰ ਹੋਰ ਅਜਿਹੇ ਅਰਥਾਂ ਵਾਲੇ ਸ਼ਬਦਾਂ ਵਿਚ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਟਾਕਰਾ ਕਰੋ, ਖੰਡ ਸ਼ਬਦ “ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ” (ਗੁਰੂ ਨਾਨਕ) ਅਤੇ ਅੱਜ ਕਲ੍ਹ ਉਤਰਖੰਡ। ਅਸੀਂ ਟੁਕੜੇ ਦੇ ਅਰਥਾਂ ਵਾਲੇ ਅਰਬੀ ਸ਼ਿੱਕ (ਜਿਸ ਤੋਂ ਸਿਕਦਾਰ ਬਣਿਆ) ਸ਼ਬਦ ਵਿਚ ਵੀ ਇਹ ਅਰਥ ਵਿਸਤਾਰ ਦੇਖ ਚੁਕੇ ਹਾਂ। ਅੱਗੇ ਚੱਲ ਕੇ ਪੰਜਾਬੀ ਦੇ ਕੁਝ ਸ਼ਬਦਾਂ ਵਿਚ ਵੀ ਅਸੀਂ ਇਹ ਅਰਥ ਦੇਖਾਂਗੇ। ਅੰਗਰੇਜ਼ੀ ਫਅਰਟਸ ਦਾ ਇਕ ਅਰਥ ਵੀ ਇਲਾਕਾ, ਖਿੱਤਾ ਹੈ, A ਜੁਰਨਏ ਟੋ ੋਰeਗਿਨ ਪਅਰਟਸ। ਸੋ ਅਰਧ ਵਿਚ ਮੁਢਲਾ ਭਾਵ ਕਿਸੇ ਸਮੁੱਚ ਦਾ ਭਾਗ, ਟੁਕੜਾ, ਖੰਡ ਦਾ ਹੀ ਹੈ। ਭਾਗ, ਟੁਕੜਾ, ਖੰਡ ਵਿਚ ਮਾਤਰਾ ਦੇ ਪੱਖ ਤੋਂ ਅਨਿਸ਼ਚਿਤਤਾ ਹੈ ਪਰ ਹੌਲੀ ਹੌਲੀ ਸੰਕੁਚਿਤ ਹੋ ਕੇ ਅਰਧ ਦਾ ਅਜੋਕਾ ਗਣਿਤਕ ਤੌਰ ‘ਤੇ ਨਿਸ਼ਚਿਤ ਅਰਥ ‘ਦੋ ਬਰਾਬਰ ਦੇ ਭਾਗਾਂ ਵਿਚ ਵੰਡੀ ਹੋਈ ਚੀਜ਼ ਦਾ ਕੋਈ ਇਕ ਭਾਗ’ ਅਰਥਾਤ ‘ਇਕ ਬਟਾ ਦੋ’ ਬਣ ਜਾਂਦਾ ਹੈ। ਪਰ ਫਿਰ ਵੀ ਵਿਹਾਰਕ ਤੌਰ ‘ਤੇ ਅੱਧ ਸ਼ਬਦ ਵਿਚ ਲਗਭਗ ਅੱਧ ਦੇ ਅਰਥ ਕਾਇਮ ਰਹਿੰਦੇ ਹਨ ਜਿਵੇਂ ਅੱਧੀ ਰੋਟੀ, ਅੱਧਾ ਕੰਮ ਆਦਿ ਵਿਚ। ਗੁਰੂ ਨਾਨਕ ਨੇ ਅਧੀ ਸ਼ਬਦ ਵਰਤਿਆ ਹੈ, ‘ਦਇਆ ਦੁਆਪਰਿ ਅਧੀ ਹੋਈ।’
ਅੱਧ ਦਾ ਅਰਥ ਅੱਧਾ ਹਿੱਸਾ ਵੀ ਹੈ ਜਿਵੇਂ ਕਲ੍ਹ ਦੀ ਭੂਤਨੀ ਸਿਵਿਆਂ ‘ਚ ਅੱਧ; ਹਿੱਸਾ ਚੌਥਾ ਤੇ ਜੁੱਤੀਆਂ ਵਿਚ ਅੱਧ। ਅੱਧੋ ਅੱਧ ਕਰਨ ਦਾ ਮਤਲਬ ਦੋ ਵਿਚ ਬਰਾਬਰ ਵੰਡਣਾ ਹੈ। ਪਰ ਅੱਧ ਜਾਂ ਅੱਧਾ ਸ਼ਬਦ ਅਗੇਤਰ ਦੇ ਤੌਰ ‘ਤੇ ਵੀ ਵਰਤਿਆ ਮਿਲਦਾ ਹੈ ਜਿਵੇਂ ਅੱਧ ਪਚੱਧਾ (ਸ਼ਾਇਦ ਅੱਧ ਪੱਕਿਆ ਦੇ ਅਰਥਾਂ ਤੋਂ), ਅਧਵਾਟੇ, ‘ਅੱਧ ਪੁਰਾਣਾ’ ਤੋਂ ਵਿਗੜਿਆ ਅੱਧੋਰਾਣਾ, ਅਧਰੰਗ ਅਰਥਾਤ ਸਰੀਰ ਦੇ ਅੱਧੇ ਅੰਗਾਂ (ਕੁਝ ਹਿੱਸੇ) ਦਾ ਸਕਤੇ ਵਿਚ ਆ ਜਾਣਾ, ਜੋ ਅਰਧ-ਅੰਗ ਦਾ ਵਰਣ ਵਿਪਰੈ ਜਾਪਦਾ ਹੈ, ਅੱਧਖਿੜਿਆ, ਅੱਧਮੋਇਆ, ਅਧਰਿੜਕਾ, ਅੱਧਖੜ, ਅੱਧ-ਭੁੰਨਾ, ਅਧੀਆ, ਅਧਿਆਰਾ ਆਦਿ। ਅਧਿਆਨੀ ਪੁਰਾਣਾ ਅੱਧੇ ਆਨੇ ਦਾ ਅਰਥਾਤ ਟਕੇ ਦਾ ਸਿੱਕਾ ਹੁੰਦਾ ਸੀ। ਅਧ-ਪੰਧ ਦਾ ਸ਼ਾਬਦਿਕ ਅਰਥ ਹੈ ਅੱਧਾ ਮਾਰਗ। ਅਧ-ਪੰਧ ਹੁੰਦਾ ਹੈ ਸ਼ਮਸ਼ਾਨ ਅਤੇ ਘਰ ਦੇ ਅੱਧ ਵਿਚਾਲੇ ਮੁਰਦਾ ਦੇਹ ਦੀ ਅਰਥੀ ਨੂੰ ਜ਼ਮੀਨ ‘ਤੇ ਰੱਖ ਕੇ ਪਿੰਡਦਾਨ ਕਰਨ ਵਾਲੀ ਥਾਂ। ਅੱਧ-ਸਰਿੱਤਾ ਅੱਧੇ ਸਿਰ ਦੇ ਦਰਦ ਨੂੰ ਆਖਦੇ ਹਨ। ਵਾਰਸ ਸ਼ਾਹ ਨੇ ਇਸ ਲਈ ਅਧਸੀਸੀ ਸ਼ਬਦ ਵਰਤਿਆ ਹੈ। ਜਦ ਰਾਂਝਾ ਜੋਗੀ ਦੇ ਭੇਸ ਵਿਚ ਹੀਰ ਦੇ ਦਰ ‘ਤੇ ਜਾਂਦਾ ਹੈ,
ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ,
ਖੱਟਾ ਦਹੀਂ ਉਤੇ ਉਹਦੇ ਪਾਵਨੇ ਹਾਂ।
ਅਧਰੰਗ ਮੁਖ-ਭੈਂਗੀਆ ਹੋਵੇ ਜਿਸ ਨੂੰ,
ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ।
ਅੱਧੇ ਨੇ ਆਪਣੇ ਨਾਲ ਪੂਰਾ ਲਾ ਕੇ ਪੂਰਾ ਦੀ ਫੱਟੀ ਮੇਸ ਦਿੱਤੀ ਹੈ: ਅਧੂਰਾ ਹੁੰਦਾ ਹੈ ਅਧਪੂਰਾ, ਸੰਸਕ੍ਰਿਤ ਅਰਧਪੂਰਕ। ਅੱਧਵਰਿੱਤਾ (ਅੱਧਾ ਕੀਤਾ) ਵਿਚਲਾ ਵਰਿੱਤਾ ਵਰਿ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਘੁੰਮਣਾ ਹੈ। ਅਸੀਂ ਪਿਛੇ ਸੰਸਕ੍ਰਿਤ ਅਰਧ ਦੇ ਅਰਥ ਇਲਾਕਾ, ਪਰਦੇਸ਼, ਦੇਸ਼ ਦੱਸ ਆਏ ਹਾਂ। ਪੰਜਾਬੀ ਵਿਚ ਘੱਟੋ ਘੱਟ ਦੋ ਸ਼ਬਦ ਅਜਿਹੇ ਮਿਲਦੇ ਹਨ ਜਿਨ੍ਹਾਂ ਵਿਚ ਇਹ ਅਰਥ ਲੱਭਦਾ ਹੈ। ਪੁਆਧ ਬਣਿਆ ਹੈ ਪੂਰਬ+ਅਰਧ ਤੋਂ ਜਿਸ ਦਾ ਭਾਵ ਹੋਇਆ ਪੂਰਬ ਦਾ ਪ੍ਰਦੇਸ਼। ਪੁਆਦੜਾ ਨਾਂ ਦੇ ਕਈ ਪਿੰਡ ਹਨ। ਰਾਵੀ, ਸਤਲੁਜ, ਸਿੰਧ ਦੇ ਕਿਨਾਰੇ ਦੇ ਦੇਸ਼ ਅਰਥਾਤ ਪੰਜਾਬ ਦੇ ਪੱਛਮੀ ਇਲਾਕੇ ਨੂੰ ਪਚਾਧ ਆਖਦੇ ਹਨ, ਇਹ ਬਣਿਆ ਹੈ ਪਸ਼ਚ+ਅਰਧ ਤੋਂ ਜਿਸ ਵਿਚ ਪਸ਼ਚ ਦਾ ਅਰਥ ਪੱਛਮ ਹੈ, ਪੱਛਮ ਸ਼ਬਦ ਇਸੇ ਦਾ ਰੁਪਾਂਤਰ ਹੈ। ਪੱਛਮੀ ਪੰਜਾਬ ਦੇ ਮੂਲ ਵਸਨੀਕਾਂ ਨੂੰ ਪਚਾਧੀ ਆਖਦੇ ਹਨ, ਇਸ ਦਾ ਅਰਥ ਜਾਂਗਲੀ ਵੀ ਹੋ ਗਿਆ ਹੈ।
ਕੁਝ ਸ਼ਬਦ ਹਨ ਜਿਨ੍ਹਾਂ ਵਿਚ ਧਿਆਨ ਨਾਲ ਸੁਣਿਆਂ ਹੀ ਅੱਧ ਰੜਕਦਾ ਹੈ। ਅੱਧੇ ‘ਪੈਸੇ ਲਈ ‘ਧੇਲਾ’ ਸ਼ਬਦ ਦਾ ਮੁਢਲਾ ਰੂਪ ‘ਅਧੇਲਾ’ ਹੈ, ਜਿਸ ਵਿਚ ਅੱਧ ਸਾਫ ਝਲਕਦਾ ਹੈ, ਧੇਲੇ ਦੀ ਬੁੜੀ, ਟਕਾ ਸਿਰ ਮੁਨਾਈ। ਇਸੇ ਤਰ੍ਹਾਂ ਧੇਲੀ (ਅੱਧਾ ਰੁਪਿਆ) ਦਾ ਪਹਿਲਾ ਰੂਪ ਅਧੇਲੀ ਹੈ। ‘ਦਸੇਰ’ ਸ਼ਬਦ ਦਾ ‘ਦ’ ਦੋ ਦਾ ਭੁਲੇਖਾ ਪਾਉਂਦਾ ਹੈ ਪਰ ਇਸ ਦਾ ਅਸਲੀ ਰੂਪ ‘ਅਧਸੇਰ’ (ਅੱਧਾ ਸੇਰ) ਹੈ ਜਿਸ ਵਿਚੋਂ ‘ਅ’ ਧੁਨੀ ਅਲੋਪ ਹੋ ਗਈ ਹੈ। ‘ਪਾ ਦਸੇਰ’ ਮੁਹਾਵਰਾ ਵੀ ਹੈ। ਪਾਈਆ ਦਸੇਰ ਦਾਰੂ ਪੀ ਕੇ ਕਈ ਗਲੀਆਂ ਵਿਚ ਲਲਕਾਰੇ ਮਾਰਦੇ ਹਨ। ਅਧੇੜ ਉਮਰ ਅੱਧਖੜ ਅਰਥਾਤ ਅੱਧੀ ਹੁੰਦੀ ਹੈ। ਅਧਮਣ (ਅੱਧਾ ਮਣ) ਤੋਂ ਅਧਣ ਜਾਂ ਅਧੌਨ ਸ਼ਬਦ ਬਣੇ ਹਨ। ਧੌੜੀ ਦੀ ਮੋਟੀ ਜੁੱਤੀ ਤਾਂ ਬਥੇਰਿਆਂ ਨੇ ਪਾਈ ਜਾਂ ਵੇਖੀ ਹੋਵੇਗੀ। ਧੌੜੀ ਇਕ ਮੋਟਾ ਤੇ ਖੁਰਦਰਾ ਜਿਹਾ ਚਮੜਾ ਹੈ ਜੋ ਜੁੱਤੀਆਂ ਦੇ ਤਲੇ, ਲਗਾਮਾਂ ਅਤੇ ਚਰਸ ਬਣਾਉਣ ਦੇ ਕੰਮ ਆਉਂਦਾ ਹੈ। ਧੌੜੀ ਦਾ ਸ਼ਾਬਦਿਕ ਅਰਥ ਹੈ, ਅੱਧੀ ਖੱਲ। ਇਸ ਦਾ ਮੁਢਲਾ ਰੂਪ ਹੈ, ਅਧੌੜੀ ਤੇ ਇਹ ਬਣਿਆ ਹੈ ਅਰਧ+ਧੂਰਯ ਤੋਂ। ਧੌੜੀ ਹੁੰਦੀ ਹੈ ਪਸ਼ੂ ਦਾ ਪਕਾਇਆ ਹੋਇਆ ਮੋਟੇ ਚਮੜੇ ਦਾ ਅੱਧਾ ਟੁਕੜਾ। ਕਮਾਉਣ ਲਈ ਚਮੜੇ ਦੇ ਟੁਕੜੇ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਇਕ ਟੁਕੜੇ ਨੂੰ ਧੌੜੀ ਆਖਦੇ ਹਨ। ਧੌੜੀ ਲਾਹੁਣਾ ਮੁਹਾਵਰਾ ਹੈ ਜਿਸ ਦਾ ਅਰਥ ਚੰਮ ਉਧੇੜਨਾ, ਤਵੰਜ ਉੜਾਉਣਾ ਅਰਥਾਤ ਬਹੁਤ ਕੁੱਟਣਾ ਹੈ। ਤਵੰਜ ਸ਼ਬਦ ਸ਼ਾਇਦ ਤਵਚਾ ਦਾ ਹੀ ਵਿਗਾੜ ਹੈ। ਅੱਧੇ ਦੀ ਕਹਾਣੀ ਅਜੇ ਅੱਧ ਵਿਚਾਲੇ ਹੀ ਹੈ, ਪੂਰੀ ਨਹੀਂ ਹੋਈ, ਉਡੀਕ ਕਰੋ।