ਬਾਬਾ ਦੀਪ ਸਿੰਘ ਦਾ ਚਿੱਤਰ

ਚਿੱਤਰਕਾਰ ਕਿਰਪਾਲ ਸਿੰਘ (10 ਦਸੰਬਰ 1923-26 ਅਪਰੈਲ 1990) ਨੇ ਸਿੱਖ ਧਰਮ ਬਾਰੇ ਚਿੱਤਰਕਾਰੀ ਕੀਤੀ ਹੈ। ਇਨ੍ਹਾਂ ਚਿੱਤਰਾਂ ਵਿਚੋਂ ਸਿੱਖੀ ਦੀ ਰੂਹ ਝਾਕਦੀ ਦਿਸਦੀ ਹੈ। ਇਹੀ ਉਨ੍ਹਾਂ ਦੀ ਕਲਾ ਦਾ ਕਮਾਲ ਹੈ। ਜਗਤਾਰਜੀਤ ਨੇ ਆਪਣੇ ਇਸ ਲੇਖ ਵਿਚ ਉਨ੍ਹਾਂ ਵੱਲੋਂ ਬਾਬਾ ਦੀਪ ਸਿੰਘ ਦੇ ਬਣਾਏ ਚਿੱਤਰ ਬਾਰੇ ਚਰਚਾ ਕੀਤੀ ਹੈ। ਬਾਬਾ ਦੀਪ ਸਿੰਘ ਬਾਰੇ ਚਿੱਤਰ ਕੁਝ ਹੋਰ ਚਿੱਤਰਕਾਰਾਂ ਨੇ ਵੀ ਬਣਾਏ ਹਨ, ਪਰ ਕਿਰਪਾਲ ਸਿੰਘ ਦਾ ਸਿਰਜਿਆ ਚਿੱਤਰ ਨਿਆਰਾ ਅਤੇ ਨਿਵੇਕਲਾ ਹੈ।

-ਸੰਪਾਦਕ

ਜਗਤਾਰਜੀਤ
ਫੋਨ: +91-98990-91186
ਸਿੱਖ ਧਰਮ ਵਿਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰ ਕੇ ਵੱਖਰੀ ਮਹੱਤਤਾ ਹੈ। ਇਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਬਹਾਲੀ ਵਾਸਤੇ ਲੜਦਿਆਂ ਸ਼ਹੀਦੀ ਦਿੱਤੀ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ 75 ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿਚ ਲੰਮਾ ਸਮਾਂ ਰਹੇ। ਉਨ੍ਹਾਂ ਆਪਣਾ ਸਾਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ਕਿਰਪਾਲ ਸਿੰਘ ਨੇ ਇਸ ਸੂਰਬੀਰ ਦੀ ਸੂਰਬੀਰਤਾ ਨੂੰ ਉਭਾਰਦਾ ਚਿੱਤਰ ਬਣਾਇਆ ਹੈ। ਚਿੱਤਰ ਦੀਆਂ ਆਪਣੀਆਂ ਰੂਪਗਤ ਅਤੇ ਵਿਸ਼ੇਗਤ ਵਿਸ਼ੇਸ਼ਤਾਵਾਂ ਹਨ। ਚਿੱਤਰ ਬਿਰਤਾਂਤਕ ਹੈ ਜਿਸ ਦਾ ਆਧਾਰ ਸਰਬ-ਗਿਆਤ ਇਤਿਹਾਸ ਹੈ।
ਬਾਬਾ ਦੀਪ ਸਿੰਘ ਦਾ ਜਨਮ 20 ਜੁਲਾਈ 1682 ਨੂੰ ਪੋਹਵਿੰਡ (ਹੁਣ ਪਾਕਿਸਤਾਨ ਵਿਚ) ਵਿਖੇ ਹੋਇਆ ਸੀ। ਪਿਤਾ ਭਾਈ ਭਗਤੂ ਦਾ ਗੁਰੂ ਘਰ ਨਾਲ ਪਿਆਰ ਸੀ। ਇਸੇ ਲਈ ਉਹ ਆਪਣੇ ਬੱਚੇ ਨੂੰ ਨਾਲ ਲੈ ਅਨੰਦਪੁਰ ਪਹੁੰਚਦੇ ਹਨ, ਜਦੋਂ ਗੁਰੂ ਗੋਬਿੰਦ ਰਾਏ (ਸਿੰਘ) ਨੇ ਵਿਸਾਖੀ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਕੀਤਾ ਸੀ।
ਅੰਮ੍ਰਿਤਪਾਨ ਪਿਛੋਂ ਬਾਬਾ ਦੀਪ ਸਿੰਘ 8 ਸਾਲ ਅਨੰਦਪੁਰ ਹੀ ਟਿਕੇ ਰਹੇ। ਉਥੇ ਉਨ੍ਹਾਂ ਭਾਈ ਮਨੀ ਸਿੰਘ ਤੋਂ ਗੁਰਮੁਖੀ ਦੇ ਨਾਲ-ਨਾਲ ਗੁਰਬਾਣੀ ਅਤੇ ਗੁਰਬਾਣੀ ਅਰਥ-ਬੋਧ ਦੀ ਸਿੱਖਿਆ ਲਈ। ਅਧਿਆਤਮ ਚਿੰਤਨ ਤੋਂ ਇਲਾਵਾ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵੀ ਸਿੱਖੀ। 1702 ਵਿਚ ਗ੍ਰਹਿਸਥ ਜੀਵਨ ਅਪਨਾਇਆ। 1705 ਨੂੰ ਅਨੰਦਪੁਰ ਤਿਆਗ ਕੇ ਗੁਰੂ ਗੋਬਿੰਦ ਸਿੰਘ ਤਲਵੰਡੀ ਸਾਬੋ ਜਾ ਟਿਕੇ। ਗੁਰੂ ਜੀ ਨੇ ਬਾਬਾ ਦੀਪ ਸਿੰਘ ਨੂੰ ਆਪਣੇ ਕੋਲ ਸੱਦ ਲਿਆ। ਉਨ੍ਹਾਂ ਨਾਲ ਭਾਈ ਮਨੀ ਸਿੰਘ ਵੀ ਸਨ। ਉਥੇ ਉਨ੍ਹਾਂ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਪਾਸੋਂ ਆਦਿ ਗ੍ਰੰਥ ਦੇ ਉਤਾਰੇ ਕਰਵਾਏ। ਗੁਰੂ ਜੀ ਜਦੋਂ ਦੱਖਣ ਵੱਲ ਰਵਾਨਾ ਹੋਏ ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਨੂੰ ਤਖ਼ਤ ਦਮਦਮਾ ਦਾ ਮੁਖੀ ਥਾਪ ਦਿੱਤਾ। ਮੁਗ਼ਲ ਜਰਵਾਣਿਆਂ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ‘ਤੇ ਚੜ੍ਹਾਈ ਕੀਤੀ ਤਾਂ ਦੋਵਾਂ ਯੋਧਿਆਂ ਨੇ ਮਿਲ ਕੇ ਕਈ ਲੜਾਈਆਂ ਲੜੀਆਂ। 1748 ਵਿਚ ਦਲ ਖਾਲਸਾ ਨੂੰ 12 ਮਿਸਲਾਂ ‘ਚ ਵੰਡ ਦਿੱਤਾ ਗਿਆ ਅਤੇ ਬਾਬਾ ਦੀਪ ਸਿੰਘ Ḕਸ਼ਹੀਦ ਮਿਸਲḔ ਦੇ ਮੁਖੀ ਬਣਾਏ ਗਏ।
1757 ਵਿਚ ਅਹਿਮਦ ਸ਼ਾਹ ਅਬਦਾਲੀ ਚੌਥੀ ਵਾਰ ਲੁੱਟ-ਖਸੁੱਟ ਕਰ ਕੇ ਆਪਣੇ ਵਤਨ ਪਰਤ ਰਿਹਾ ਸੀ। ਉਸ ਦੇ ਕੁਰੂਕਸ਼ੇਤਰ ਦੇ ਪੜਾਅ ਸਮੇਂ ਅੱਧੀ ਰਾਤ ਨੂੰ ਬਾਬਾ ਜੀ ਨੇ ਅਫਗਾਨ ਫੌਜ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਲੁੱਟੀ ਧਨ-ਦੌਲਤ ਕਬਜ਼ੇ ਵਿਚ ਕਰਨ ਤੋਂ ਇਲਾਵਾ ਜਬਰੀ ਚੁੱਕੀਆਂ ਔਰਤਾਂ ਨੂੰ ਵੀ ਮੁਕਤ ਕਰਵਾ ਲਿਆ। ਅਬਦਾਲੀ ਨੇ ਇਸ ਨੂੰ ਆਪਣੀ ਹੇਠੀ ਜਾਣਿਆ। ਫਲਸਰੂਪ, ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਹੁਕਮ ਚਾੜ੍ਹਿਆ ਕਿ ਤਮਾਮ ਗੁਰਦੁਆਰੇ ਤਬਾਹ ਕਰਨ ਦੇ ਨਾਲ-ਨਾਲ ਸਰੋਵਰ ਵੀ ਪੂਰ ਦਿੱਤੇ ਜਾਣ। ਸਿੱਖਾਂ ਵਾਸਤੇ ਇਹ ਸੰਕਟ ਦਾ ਸਮਾਂ ਸੀ। ਸਿੱਖਾਂ ਨੂੰ ਮਾਰ ਮੁਕਾਉਣ ਤੋਂ ਇਲਾਵਾ ਗੁਰਦੁਆਰੇ ਤਬਾਹ ਕੀਤੇ ਜਾ ਰਹੇ ਸਨ। ਇਸ ਵੇਲੇ ਬਾਬਾ ਦੀਪ ਸਿੰਘ ਨੇ ਐਲਾਨਿਆ ਕਿ ਇਸ ਵਰ੍ਹੇ ਦੀ ਦੀਵਾਲੀ ਅੰਮ੍ਰਿਤਸਰ ਵਿਖੇ ਹੀ ਮਨਾਈ ਜਾਵੇਗੀ।
ਕਿਰਪਾਲ ਸਿੰਘ ਨੇ ਬਾਬਾ ਦੀਪ ਸਿੰਘ ਦੀ ਇਕੋ-ਇਕ ਪੇਂਟਿੰਗ ਬਣਾਈ ਹੈ ਅਤੇ ਉਹ ਵੀ ਫੈਸਲਾਕੁਨ ਪਲ ਨੂੰ ਰੂਪਮਾਨ ਕਰਦੀ ਹੋਈ। ਇਕੋ ਚਿੱਤਰ ਉਨ੍ਹਾਂ ਦੇ ਹੁਨਰ ਦੀ ਇਬਾਰਤ ਹੈ। ਪੇਂਟਿੰਗ 43 ਜਰਬ 52 ਇੰਚ ਦੀ ਹੈ। ਇਹ 1958 ਵਿਚ ਬਣਾਈ ਗਈ। ਮੂਲ ਦ੍ਰਿਸ਼ ਲੜਾਈ ਦਾ ਨਹੀਂ ਹੈ, ਪਰ ਲੜਾਈ ਹੋਣ ਦੀ ਸੰਭਾਵਨਾ ਵੱਲ ਸੰਕੇਤ ਜ਼ਰੂਰ ਕਰ ਰਿਹਾ ਹੈ। ਇਕ ਵੱਡੀ ਉਮਰ ਦਾ ਯੋਧਾ ਆਪਣੇ ਤੋਂ ਕਾਫੀ ਘੱਟ ਉਮਰ ਦੇ ਨਿੱਕੇ ਜਿਹੇ ਸਮੂਹ ਨੂੰ ਸੰਬੋਧਿਤ ਹੈ। ਨਾ ਸਮਾਂ ਸਾਧਾਰਨ ਹੈ ਤੇ ਨਾ ਦ੍ਰਿਸ਼ ਰਚਨਾ। ਦੋਵਾਂ ਦੀ ਸੰਜੁਗਤੀ ਵਿਚੋਂ ਪ੍ਰਭਾਵਸ਼ਾਲੀ ਸੰਦੇਸ਼ ਮਿਲ ਰਿਹਾ ਹੈ। ਦਿਖਾਈ ਦੇ ਰਹੇ ਸਭ ਯੋਧੇ ਆਦਮ ਕੱਦ ਦੇ ਹਨ। ਅਜਿਹਾ ਕੋਈ ਯੋਧਾ ਨਹੀਂ ਜੋ ਅੱਧ-ਅਧੂਰਾ ਚਿਤਰਿਆ ਗਿਆ ਹੋਵੇ।
ਚਿੱਤਰ ਤਿੰਨ ਇਕਾਈਆਂ ਨੂੰ ਉਭਾਰ ਰਿਹਾ ਹੈ। ਧਰਤੀ, ਅੰਬਰ ਅਤੇ ਧਰਤੀ ਉਪਰ ਖੜ੍ਹੇ ਸੂਰੇ। ਦੂਰ, ਪਰ੍ਹਾਂ ਹਰਿਆਵਲ ਹੋ ਸਕਦੀ ਹੈ ਜੋ ਧੁੰਦਲੀ-ਧੁੰਦਲੀ ਹੈ। ਇਸੇ ਕਾਰਨ ਉਹ ਆਪਣੇ ਤਾਜ਼ਾ ਰੰਗ ਵਿਚ ਨਹੀਂ। ਇਸੇ ਧੁੰਦਲਕੇ ਵਿਚੋਂ ਇਮਾਰਤਨੁਮਾ ਉਸਾਰੀ ਦਿਖਦੀ ਹੈ। ਪੇਂਟਿੰਗ ਦੇ ਖੱਬੇ ਪਾਸੇ ਵੱਲ ਵੱਡੀ ਉਮਰ ਦੇ ਬਾਬਾ ਦੀਪ ਸਿੰਘ ਖੜ੍ਹੇ ਹਨ। ਉਨ੍ਹਾਂ ਜਦੋਂ ਪ੍ਰਣ ਕੀਤਾ ਕਿ ਇਸ ਸਾਲ ਸਾਰੇ ਸਿੰਘ ਮਿਲ ਕੇ ਦੀਵਾਲੀ ਅੰਮ੍ਰਿਤਸਰ ਮਨਾਉਣਗੇ, ਤਦ ਉਨ੍ਹਾਂ ਦੀ ਉਮਰ ਪਝੱਤਰ ਸਾਲ ਦੇ ਲਗਪਗ ਸੀ। ਉਨ੍ਹਾਂ ਨੇ ਆਪਣੇ ਸੱਜੇ ਹੱਥ ਵਿਚ ਖੰਡਾ ਫੜਿਆ ਹੋਇਆ ਹੈ ਜਿਸ ਦਾ ਵਜ਼ਨ ਅਠਾਰਾਂ ਸੇਰ ਹੈ। ਰੋਹਬਦਾਰ, ਤਕੜੇ ਜੁੱਸੇ ਸਨਮੁੱਖ ਕੁਝ ਸਿੰਘ ਖੜ੍ਹੇ ਹਨ। ਕਿਰਪਾਲ ਸਿੰਘ, ਅਸਲ ਵਿਚ, ਫੈਸਲਾਕੁਨ ਪਲ ਨੂੰ ਸਮੂਰਤ ਕਰਨ ਦਾ ਯਤਨ ਕਰ ਰਿਹਾ ਹੈ। ਜਦੋਂ ਬਾਬਾ ਜੀ ਦਮਦਮਾ ਸਾਹਿਬ ਤੋਂ ਰਵਾਨਾ ਹੋਏ ਸਨ, ਤਦ ਉਨ੍ਹਾਂ ਨਾਲ ਚੱਲਣ ਵਾਲਿਆਂ ਦੀ ਗਿਣਤੀ ਪੰਜ ਕੁ ਸੌ ਸੀ। ਵੱਖ ਵੱਖ ਪਿੰਡਾਂ ਵਿਚੋਂ ਦੀ ਲੰਘਦੇ ਸਮੇਂ ਹੋਰ ਸਿੰਘ ਨਾਲ ਰਲਦੇ ਰਹੇ। ਫਲਸਰੂਪ, ਅੰਮ੍ਰਿਤਸਰ ਤੋਂ ਦੂਰ ਤਰਨ ਤਾਰਨ ਵਿਖੇ ਇਨ੍ਹਾਂ ਯੋਧਿਆਂ ਟਿਕਾਣਾ ਕੀਤਾ ਤਾਂ ਕੁੱਲ ਗਿਣਤੀ ਪੰਜ ਹਜ਼ਾਰ ਦੇ ਆਸ-ਪਾਸ ਜਾ ਪਹੁੰਚੀ ਸੀ। ਬਾਬਾ ਦੀਪ ਸਿੰਘ ਉਸ ਸਮੂਹ ਦੇ ਮਨ ਦੀ ਦ੍ਰਿੜ੍ਹਤਾ ਦੀ ਪਰਖ ਹਿੱਤ ਖੰਡੇ ਦੀ ਨੋਕ ਨਾਲ ਜ਼ਮੀਨ ਉਪਰ ਲਕੀਰ ਖਿੱਚਦੇ ਹਨ। ਆਪਣੇ ਸੰਬੋਧਨ ਵਿਚ ਕਹਿੰਦੇ ਹਨ ਕਿ ਜੋ ਵੀ ਸ਼ਖਸ ਹਰਿਮੰਦਰ ਦੀ ਰੱਖਿਆ ਲਈ ਆਪਣੇ ਆਪ ਨੂੰ ਨਿਛਾਵਰ ਕਰਨ ਲਈ ਤਿਆਰ ਹੈ, ਓਹੀ ਇਸ ਲਕੀਰ ਨੂੰ ਪਾਰ ਕਰ ਇਧਰ ਆ ਜਾਵੇ, ਬਾਕੀ ਆਪੋ ਆਪਣੇ ਘਰ ਪਰਤ ਸਕਦੇ ਹਨ।
ਪੇਂਟਿੰਗ ‘ਚ ਧਰਤੀ ਉਪਰ ਵਾਹੀ ਲਕੀਰ ਦਿਖ ਰਹੀ ਹੈ। ਖੰਡੇ ਦੀ ਮੁੱਠ ਉਪਰ ਹੱਥ ਦੀ ਪਕੜ, ਬਾਂਹ ਦੀ ਹਰਕਤ ਦੇ ਅਨੁਰੂਪ ਸਾਰੇ ਸਰੀਰ ਦੀ Ḕਪੋਜੀਸ਼ਨਿੰਗḔ ਮਜ਼ਬੂਤ ਇਰਾਦੇ ਦਾ ਅਨੁਵਾਦ ਕਰ ਰਹੀ ਹੈ। ਚਿੱਤਰ ਵਿਚ ਵਾਹੀ ਲਕੀਰ ਦਿਖਾਈ ਦਿੰਦੀ ਹੈ, ਉਸ ਨੂੰ ਪਾਰ ਕਰਦਾ ਕੋਈ ਯੋਧਾ ਨਹੀਂ ਦਿਖਾਇਆ ਗਿਆ। ਇਹ ਗੱਲ ਇਸ ਦਾ ਸਬੂਤ ਹੈ ਕਿ ਚਿਤੇਰਾ ਸੰਜਮੀ ਹੈ।
ਅੰਮ੍ਰਿਤਪਾਨ ਮਗਰੋਂ ਬਾਬਾ ਦੀਪ ਸਿੰਘ ਦਾ ਜੀਵਨ ਭਗਤੀ ਅਤੇ ਸ਼ਕਤੀ ਵਾਲਾ ਰਿਹਾ। ਜੇ ਬੀਤੇ ਵੱਲ ਝਾਕੀਏ ਤਾਂ ਇਕ ਹੋਰ ਵੇਰਵਾ ਮਿਲਦਾ ਹੈ, ਜਦ ਲਕੀਰ ਖਿੱਚ ਕੇ ਸੀਤਾ ਵਾਸਤੇ ਸੁਰੱਖਿਅਤ ਥਾਂ ਬਣਾਈ ਜਾਂਦੀ ਹੈ। ਜਦ ਤਕ ਲਕੀਰ ਦੇ ਅੰਦਰ ਰਿਹਾ ਜਾਵੇਗਾ, ਉਹ ਸੁਰੱਖਿਅਤ ਰਹੇਗੀ, ਪਰ ਬਾਬਾ ਦੀਪ ਸਿੰਘ ਵੱਲੋਂ ਵਾਹੀ ਲਕੀਰ ਕਿਸੇ ਨੂੰ ਸੁਰੱਖਿਆ ਦਾ ਵਚਨ ਨਹੀਂ ਦਿੰਦੀ। ਇਹ ਤਾਂ ਗੁਰੂ ਘਰ ਦੀ ਸੁਰੱਖਿਆ ਹਿੱਤ ਪ੍ਰਾਣਾਂ ਦੀ ਮੰਗ ਕਰ ਰਹੀ ਹੈ। ਅਨੰਦਪੁਰੋਂ ਪਰਤ ਕੇ ਉਨ੍ਹਾਂ ਨੇ ਲੋਕਾਂ ਵਿਚ ਗੁਰਬਾਣੀ, ਗੁਰਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਕਰ ਲਈ ਸੀ। ਨਤੀਜੇ ਵਜੋਂ ਉਹ ਸਮੁੱਚੇ ਗੁਰਬਾਣੀ ਅਰਥ ਕਰ ਲੋਕਾਂ ਨੂੰ ਸਮਝਾਉਂਦੇ ਸਨ। ਜਦੋਂ ਧਰਮ ਦੀ ਰਾਖੀ ਦਾ ਸਮਾਂ ਆਇਆ ਤਾਂ ਹੱਥਾਂ ਵਿਚ ਸ਼ਸਤਰ ਸੰਭਾਲ ਚੱਲ ਪਏ। ਇਹ ਸੰਤ-ਸਿਪਾਹੀ ਵਾਲਾ ਸਰੂਪ ਹੈ ਜਿਸ ਦੀ ਕਲਪਨਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਅਸਲ ਵਿਚ ਉਸ ਵੇਲੇ ਅਤੇ ਬਾਅਦ ਵਿਚ ਸਿੱਖਾਂ ਵਿਚ ਇਸ ਸੁਮੇਲ ਦੇ ਦਰਸ਼ਨ ਹੁੰਦੇ ਰਹੇ। ਚਿੱਤਰ ਵਿਚ ਬਾਬਾ ਦੀਪ ਸਿੰਘ ਨੇ ਨੀਲਾ ਚੋਲਾ ਪਹਿਨਿਆ ਹੋਇਆ ਹੈ ਜੋ ਗੋਡਿਆਂ ਤੋਂ ਥੱਲੇ ਤਕ ਦਾ ਹੈ। ਲੱਕ ਦੁਆਲੇ ਘੁੱਟ ਕੇ ਬੰਨ੍ਹਿਆ ਕੇਸਰੀ ਕਮਰਕੱਸਾ ਹੈ ਅਤੇ ਉਸੇ ਵਿਚ ਕਟਾਰ ਰੱਖੀ ਹੋਈ ਹੈ। ਹੱਥ ਫੜੇ ਖੰਡੇ ਤੋਂ ਇਲਾਵਾ ਗਲੇ ਗਾਤਰਾ ਹੈ। ਸੰਭਵ ਹੈ, ਕ੍ਰਿਪਾਨ ਹੋਵੇ ਜਿਹੜੀ ਦਿਸ ਨਹੀਂ ਰਹੀ। ਛਾਤੀ, ਗਲ, ਮੋਢਿਆਂ ਦੇ ਬਚਾਅ ਵਾਸਤੇ ਲੋੜੀਂਦੇ ਕਵਚ ਪਹਿਨੇ ਹੋਏ ਹਨ। ਬਾਹਾਂ ਦੀ ਰਾਖੀ ਵਾਸਤੇ ਬਾਜੂਬੰਦ ਹਨ। ਸਿਰ ਉਪਰ ਉਚਾ ਦੁਮਾਲਾ ਸੋਭ ਰਿਹਾ ਹੈ। ਇਹ ਕੇਸਰੀ, ਨੀਲੇ ਰੰਗ ਦਾ ਹੈ। ਦੁਮਾਲੇ ਦੁਆਲੇ ਚੱਕਰ ਹਨ। ਇਹ ਬਚਾਅ ਵਾਸਤੇ ਵੀ ਹਨ ਅਤੇ ਵਾਰ ਦੇ ਕੰਮ ਵੀ ਆਉਂਦੇ ਹਨ। ਦੁਮਾਲੇ ਦੇ ਐਨ ਸਿਖਰ ਫਰਲਾ ਹੈ। ਇਹ ਜਥੇਦਾਰੀ ਦਾ ਪ੍ਰਤੀਕ ਹੈ। ਚਿਹਰੇ ‘ਤੇ ਸੋਭਦਾ ਸਫੈਦ ਦਾਹੜਾ ਵੀ ਉਮਰ ਘਟਾ ਨਹੀਂ ਰਿਹਾ। ਰੋਹਬੀਲੇ Ḕਪ੍ਰੋਫਾਈਲḔ ਦੀ ਦਿਖਾਈ ਦਿੰਦੀ ਅੱਖ ਦਾ ਤੇਜ ਅਤੇ ਟਿਕਟਿਕੀ ਖੁਦ ਬਾਬਾ ਜੀ, ਸੰਬੋਧਿਤ ਸੂਰਬੀਰਾਂ ਤੋਂ ਇਲਾਵਾ ਸਾਰੇ ਚਿੱਤਰ ਦੇ ḔਮੁਹਾਵਰੇḔ ਨੂੰ ਬਦਲ ਰਹੀ ਹੈ। ਲੱਗਦਾ ਹੈ, ਸ਼ਬਦਾਂ ਦੀ ਬਜਾਏ ਅੱਖਾਂ ਦੀ ਜਵਾਲਾ ਸੂਰਬੀਰਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਸੂਰਬੀਰ ਵੀ ਉਸੇ ਜੀਵਨ ਸਾਂਚੇ ਵਿਚ ਢਲੇ ਲੱਗਦੇ ਹਨ ਜਿਸ ਵਿਚ ਬਾਬਾ ਦੀਪ ਸਿੰਘ। ਤਾਹੀਓਂ ਇਹ ਆਪੋ-ਆਪਣਾ ਘਰ-ਬਾਰ ਤਿਆਗ ਮਿਥੇ ਉਦੇਸ਼ ਦੀ ਪ੍ਰਾਪਤੀ ਲਈ ਇਸ ਥਾਂ ਆ ਪਹੁੰਚੇ ਹਨ।
ਜ਼ਾਹਰ ਹੈ, ਇਹ ਯੁੱਧ ਭੂਮੀ ਨਹੀਂ। ਇਹ ਪੱਕਾ ਹੈ ਕਿ ਯੁੱਧ ਜ਼ਰੂਰ ਹੋਵੇਗਾ, ਕਿਉਂਕਿ ਹਾਲਾਤ ਹੀ ਅਜਿਹੇ ਹਨ। ਇਹ ਸੰਬੋਧਨ ਯੁੱਧ ਭੂਮੀ ਦਰਮਿਆਨ ਨਹੀਂ ਹੈ ਜਿਵੇਂ ਦਾ ਭਗਵਾਨ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੀ ਲੜਾਈ ਵੇਲੇ ਅਰਜੁਨ ਨੂੰ ਕੀਤਾ ਸੀ। ਉਥੇ ਵੀ ਧਰਮ-ਅਧਰਮ ਦਾ ਸੰਕਟ ਸੀ, ਇਥੇ ਵੀ ਇਹੋ ਹੈ। ਫਰਕ ਸਮੇਂ, ਸਥਾਨ ਤੇ ਬੰਦਿਆਂ ਦਾ ਹੈ। ਸਮੇਂ ਦੀ ਗੰਭੀਰਤਾ ਨੂੰ ਚਿੱਤਰਕਾਰ ਕਿਰਪਾਲ ਸਿੰਘ ਉਸੇ ਮਾਨਸਿਕ ਅਵਸਥਾ ਤੋਂ ਪੇਂਟ ਕਰ ਰਿਹਾ ਹੈ। ਸੱਤ ਹਜ਼ਾਰ ਦੇ ਕਰੀਬ ਇਕੱਠ ਵਿਚੋਂ ਉਂਗਲੀਆਂ ‘ਤੇ ਗਿਣਨਯੋਗ ਸਿੰਘ ਚਿੱਤਰ ਵਿਚ ਦਿਖਾਈ ਦੇ ਰਹੇ ਹਨ। ਬਾਕੀ ਮਰਜੀਵੜੇ ਤਾਂ ਇਨ੍ਹਾਂ ਦੇ ਪਿੱਛੇ ਦੂਰ ਤਕ ਖੜ੍ਹੇ ਹੋਣਗੇ। ਮੂਲ ਕਹਿਣਯੋਗ ਨੁਕਤਾ ਇਹ ਹੈ ਕਿ ਕਿਸੇ ਵੀ ਸਿੰਘ ਦੀ ਨਜ਼ਰ ਲਕੀਰ ਵੱਲ ਹੈ ਹੀ ਨਹੀਂ।
ਲੱਗਦਾ ਉਨ੍ਹਾਂ ਨੇ ਜਦੋਂ ਘਰ ਜਿਹੇ ਨਿਮਾਣੇ ਘਰਾਂ ਜਾਂ ਲੁਕਣਗਾਹਾਂ ਦੀ ਵਲਗਣ ਤੋਂ ਬਾਹਰ ਪੈਰ ਰੱਖਿਆ ਸੀ, ਤਾਂ ḔਅਣਦਿਸਦੀḔ ਲਕੀਰ ਪਾਰ ਕਰ ਲਈ ਸੀ। ਉਹ ਤਾਂ ਸਵੈ-ਪ੍ਰੀਖਿਆ ਸੀ ਅਤੇ ਇਹ ḔਦਿਸਦੀḔ ਪ੍ਰੀਖਿਆ ਦਾ ਵੇਲਾ ਹੈ ਜਿਸ ਨੂੰ ਪਾਰ ਕਰਨ ਵਿਚ ਕਿਸੇ ਨੂੰ ਕੋਈ ਝਿਜਕ ਨਹੀਂ। ਇਤਿਹਾਸ ਵਿਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ। ਇਹ ਇਕ ਹੈ ਅਤੇ ਸਿਰਮੌਰ ਹੈ। ਕਿਰਪਾਲ ਸਿੰਘ ਨੇ ਉਸ ਘਟਨਾ ਨੂੰ ਆਪਣੀ ਕਲਪਨਾ ਸ਼ਕਤੀ ਵਰਤਦਿਆਂ ਲੋਕਮਨ ਵਿਚ ਟਿਕਾਉਣ ਦਾ ਯਤਨ ਕੀਤਾ ਹੈ।
ਇਕੱਠ ਦੇ ਮੂਹਰਲੇ ਸਿੰਘਾਂ ਦਾ ਲਿਬਾਸ ਧਿਆਨ ਗੋਚਰਾ ਹੈ। ਇਹ ਉਨ੍ਹਾਂ ਸਾਰਿਆਂ ਦੀ ਪਿੱਠਭੂਮੀ (ਆਰਥਿਕ ਅਤੇ ਸਮਾਜਿਕ) ਨੂੰ ਬਿਆਨਦਾ ਹੈ। ਅਗਲੇਰੇ ਸਿੰਘਾਂ ਤੋਂ ਪਿਛਲੇਰੇ ਸਿੰਘਾਂ ਦੇ ਹਾਲਾਤ ਦਾ ਅੰਦਾਜ਼ਾ ਆਰਾਮ ਨਾਲ ਲਾਇਆ ਜਾ ਸਕਦਾ ਹੈ। ਹਰ ਸਿੰਘ ਦੇ ਸਿਰ ਦਸਤਾਰ ਹੈ ਜਿਸ ਦਾ ਇਕ ਪਾਸੇ ਦਾ ਖੁੱਲ੍ਹਾ ਲੜ ਗਰਦਨ ਅਤੇ ਮੋਢਿਆਂ ਉਪਰ ਪਿਆ ਹੋਇਆ ਹੈ। ਕਿਸੇ-ਕਿਸੇ ਦੇ ਸਿਰ ਚੱਕਰ ਸਜੇ ਹਨ। ਪਿੰਡੇ ਚੋਲਾ ਅਤੇ ਤੇੜ ਕਛਹਿਰੇ ਹਨ। ਕਮਰਕੱਸਿਆਂ ਵਿਚ ਕਟਾਰਾਂ ਜਾਂ ਦੂਜੇ ਦਸਤੀ ਛੋਟੇ ਹਥਿਆਰ ਹਨ। ਗਲੀਂ ਪਾਏ ਗਾਤਰਿਆਂ ਵਿਚ ਕਿਰਪਾਨਾਂ ਹਨ ਤੇ ਇਨ੍ਹਾਂ ਦੇ ਹੱਥੀਂ ਨੇਜ਼ੇ ਹਨ ਜਾਂ ਫਿਰ ਗੰਡਾਸੇ। ਪੈਰੋਂ ਸਭ ਦੇ ਸਭ ਨੰਗੇ ਹਨ। ਪਵਿੱਤਰ ਗੁਰੂਧਾਮ ਦੀ ਪਵਿੱਤਰਤਾ ਦੀ ਬਹਾਲੀ ਵਾਸਤੇ ਲੜਨ ਵਾਲੇ ਸਿੰਘਾਂ ਪਾਸ ਇਹੋ ਨਿੱਕ-ਸੁੱਕ ਹੈ। ਨੰਗੇ ਧੜ ਲੜਨਾ ਸ਼ਾਇਦ ਇਸੇ ਨੂੰ ਕਿਹਾ ਗਿਆ ਹੈ।
ਆਉਣ ਵਾਲੇ ਗਭਰੇਟ, ਦਰਮਿਆਨੀ ਜਾਂ ਥੋੜ੍ਹੀ ਵੱਡੀ ਉਮਰ ਵਾਲੇ ਹਨ, ਪਰ ਕੋਈ ਵੀ ਬਾਬਾ ਦੀਪ ਸਿੰਘ ਦੀ ਉਮਰ ਜਿੱਡਾ ਨਹੀਂ। ਨਾ ਹੀ ਕੋਈ ਉਨ੍ਹਾਂ ਜਿਹੀ ਸਰੀਰਕ ਬਣਤਰ ਤੇ ਰੋਹਬ ਵਾਲਾ ਹੈ। ਅੱਖਾਂ ਜਾਂ ਸਰੀਰਕ ਹਰਕਤ ਵਿਚ ਊਰਜਾ ਹੈ। ਕਿਰਪਾਲ ਸਿੰਘ ਨੇ ਦਲ ਦੇ ਮੁਖੀ ਨੂੰ ਚਿੱਤਰ ਦਾ ਮੁਖੀ ਵੀ ਬਣਾਇਆ ਹੈ। ਬਾਬਾ ਦੀਪ ਸਿੰਘ ਕੈਨਵਸ ਦੇ ਬਿਲਕੁਲ ਦਰਮਿਆਨ ਨਹੀਂ ਸਗੋਂ ਹਟ ਕੇ ਖੱਬੇ ਵੱਲ ਹਨ। ਸਰੀਰਕ ਗਠਨ, ਮੁਦਰਾ, ਸਾਜ-ਸਜਾ ਦੇਖਣ ਵਾਲੇ ਨੂੰ ਆਪਣੇ ਉਪਰ ਕੇਂਦਰਿਤ ਕਰ ਲੈਂਦੀ ਹੈ।
ਬਾਬਾ ਦੀਪ ਸਿੰਘ ਦੇ ਸੱਜੇ ਪਾਸੇ ਘੋੜਾ ਹੈ। ਨਾਲ ਹੀ ਕੇਸਰੀ ਪੌਸ਼ਾਕ ਪਹਿਨੀ ਸ਼ਸਤਰਧਾਰੀ ਸਿੰਘ ਘੋੜੇ ਦੀ ਲਗਾਮ ਫੜੀ ਖੜ੍ਹਾ ਹੈ। ਘੋੜੇ ਅਤੇ ਸਿੰਘ ਦਾ ਵਡੇਰਾ ਹਿੱਸਾ ਬਾਬਾ ਦੀਪ ਸਿੰਘ ਦੀ ਵਿਰਾਟਤਾ ਨੇ ਜਿਵੇਂ ਲੁਕਾ ਰੱਖਿਆ ਹੈ। ਹਰ ਚੀਜ਼ ਨੂੰ ਸਪਸ਼ਟਤਾ ਦੇਣੀ ਜਾਂ ਪੂਰੀ ਤਰ੍ਹਾਂ ਉਘਾੜ ਕੇ ਪੇਸ਼ ਕਰ ਦੇਣਾ, ਚਿੱਤਰਕਾਰ ਦਾ ਕੰਮ ਨਹੀਂ। ਪੇਂਟਿੰਗ ਉਪਰ ਸ਼ਬਦ ਸੰਸਾਰ ਦੇ ਨੇਮ ਇੰਨ-ਬਿੰਨ ਲਾਗੂ ਨਹੀਂ ਕੀਤੇ ਜਾ ਸਕਦੇ, ਪਰ ਉਨ੍ਹਾਂ ਤੋਂ ਸੇਧ ਜ਼ਰੂਰ ਲਈ ਜਾ ਸਕਦੀ ਹੈ। ਫਰਕ ਸਿਰਫ ਮਾਧਿਅਮ ਦਾ ਹੀ ਨਹੀਂ, ਹੋਰ ਵੀ ਕਾਫੀ ਕੁਝ ਹੈ। ਬਾਬਾ ਦੀਪ ਸਿੰਘ ਦੇ ਖੱਬੇ ਹੱਥ ਵੱਲ, ਥੋੜ੍ਹਾ ਥੱਲੇ, ਇਕ ਹੋਰ ਦੌੜਦੇ ਘੋੜੇ ਦਾ ਪਿਛਲਾ ਭਾਗ ਦਿਸਦਾ ਹੈ। ਇਹ ਹਲਚਲ ਦਾ ਸੰਕੇਤ ਹੈ ਜਿਸ ਦਾ ਪਤਾ ਸਿੰਘਾਂ ਵੱਲੋਂ ਚੁੱਕੇ ਪੈਰਾਂ ਤੋਂ ਵੀ ਲੱਗ ਜਾਂਦਾ ਹੈ।
ਆਪਣੇ ਨੂੰ ਕੁਰਬਾਨ ਕਰਨ ਵਾਲੇ ਯੋਧੇ ਸ਼ਾਹੀ ਫੌਜਾਂ ਵਾਂਗ ਸੁਚੱਜੇ ਹਥਿਆਰਬੰਦ ਨਹੀਂ। ਦੇਹ ਦੀ ਰਾਖੀ ਵਾਸਤੇ ਵੀ ਕੋਈ ਬਖ਼ਤਰਬੰਦ ਜਾਂ ਕਵਚ ਨਹੀਂ। ਇਨ੍ਹਾਂ ਨੂੰ ਦੇਖ ਕੇ ਯੁੱਧ ਦੀ ਭਿਅੰਕਰ ਤਸਵੀਰ ਅੱਖਾਂ ਅੱਗੋਂ ਗੁਜ਼ਰਦੀ ਹੈ। ਇਹ ਜ਼ਿੰਦਾ ਰਹਿਣ ਜਾਂ ਮਰ ਜਾਣ ਦਾ ਸਮਾਂ ਹੈ। ਨਾ ਤਾਂ ਜ਼ਖਮੀ ਚਾਹੁੰਦਾ ਹੋਵੇਗਾ ਕਿ ਉਹ ਜਿਉਂਦਾ ਰਹੇ ਤੇ ਨਾ ਹੀ ਦੁਸ਼ਮਣ ਜ਼ਖਮੀ ਨੂੰ ਛੱਡਦਾ ਹੋਵੇਗਾ। ਇਸੇ ਕਰ ਕੇ ਸਿੰਘ ਜਾਨ ਹੂਲ ਕੇ ਜੂਝਦੇ ਹੋਣਗੇ।
ਕਿਰਪਾਲ ਸਿੰਘ ਤਤਕਾਲੀ ਸਮੇਂ ਦੀ ਤਸਵੀਰਕਸ਼ੀ ਕਰਦਾ ਹੈ। ਸ਼ਬਦਾਂ ਵਿਚ ਜੋ ਪੜ੍ਹਨ ਨੂੰ ਮਿਲਦਾ ਹੈ, ਉਸ ਦੀ ਤਸਵੀਰ ਉਲੀਕਣੀ ਕਠਿਨ ਹੈ; ਪਰ ਚਿੱਤਰਕਾਰ ਉਸ ਸਮੇਂ ਨੂੰ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਬਣਾ ਰਿਹਾ ਹੈ। ਕਿਰਪਾਲ ਸਿੰਘ ਦਾ ਕੰਮ ਮੁਲਾਇਮ ਸੁਭਾਅ ਦਾ ਨਹੀਂ। ਲਿਸ਼ਕ-ਪੁਸ਼ਕ ਜਾਂ ਕੋਮਲਤਾ ਦਾ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ। ਪਹਿਲੀ ਨਜ਼ਰੇ ਦਰਸ਼ਕ ਵਿਸ਼ੇ ਨਾਲ ਜੁੜ ਉਸ ਦੇ ਮੁਹਾਵਰੇ ਨੂੰ ਪਕੜਨਾ ਚਾਹੁੰਦਾ ਹੈ।
ਪੇਂਟਿੰਗ ਸਿੰਘਾਂ ਦੀ ਸ਼ਾਨੋ-ਸ਼ੌਕਤ ਨੂੰ ਨਹੀਂ ਦਰਸਾਉਂਦੀ। ਚਿਹਰੇ, ਸਰੀਰ ਜਾਂ ਵਸਤਾਂ ਨੂੰ ਬਣਾ-ਸੰਵਾਰ ਕੇ ਪੇਂਟ ਕਰਨਾ ਇਤਿਹਾਸਕ ਭੁੱਲ ਹੋ ਸਕਦੀ ਸੀ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਉਨ੍ਹਾਂ ਵਾਸਤੇ ਬਣਾ ਦਿੱਤੇ ਗਏ ਸਨ, ਉਨ੍ਹਾਂ ਵਿਚ ਐਸ਼-ਆਰਾਮ ਅਸੰਭਵ ਸੀ। ਉਸ ਪੱਖੋਂ ਚਿਤੇਰਾ ਸਜਗ ਹੈ। ਕੇਸਰੀ, ਨੀਲੇ, ਸਫੈਦ ਤੋਂ ਇਲਾਵਾ ਹਲਕੇ ਮਟਿਆਲੇ ਰੰਗ ਦੀਆਂ ਕਈ ਰੰਗਤਾਂ ਦੀ ਵਰਤੋਂ ਹੋਈ ਹੈ। ਦੇਹ ਦੇ ਰੰਗ ਨੂੰ ਜ਼ਿਆਦਾ ਬਦਲ ਕੇ ਪੇਸ਼ ਨਹੀਂ ਕੀਤਾ। ਇਸ ਚਿੱਤਰ ਦਾ ਸਮਾਂ ਦੁਪਹਿਰ ਦਾ ਹੈ। ਹਲਕੇ ਕੋਣ ਤੋਂ ਆ ਰਹੀ ਧੁੱਪ ਸਾਰਿਆਂ ਦੇ ਸਿਰਾਂ ਤੋਂ ਹੋ ਕੇ ਸਰੀਰਾਂ ਨਾਲ ਖਹਿਸਰ ਕੇ ਜ਼ਮੀਨ ਉਪਰ ਪਰਛਾਵੇਂ ਬਣਾ ਰਹੀ ਹੈ। ਧੁੱਪ, ਛਾਂ, ਪਰਛਾਵੇਂ ਚਿੱਤਰ ਵਿਚ ਲੋੜ ਯੋਗ Ḕਵਿੱਥ-ਸੂਝḔ (ਪ੍ਰਸਪੈਕਟਿਵ) ਸਿਰਜਦੇ ਹਨ। ਇਹ ਤੋਂ ਇਲਾਵਾ ਸਿਖਰ ਦੁਪਹਿਰ ਨੂੰ ਭਿੰਨ ਅਰਥਾਂ ਵਿਚ ਲਿਆ ਜਾਂਦਾ ਹੈ। ਚਿੱਤਰ ਤੋਂ ਅਗਲੀ ਕਥਾ ਅਨੁਸਾਰ ਦੋ ਵਿਰੋਧੀ ਧਿਰਾਂ ਵਿਚਾਲੇ ਲੜਾਈ ਹੁੰਦੀ ਹੈ। ਬਾਬਾ ਦੀਪ ਸਿੰਘ ਦਾ ਸਿਰ ਦੁਸ਼ਮਣ ਦੀ ਤਲਵਾਰ ਨਾਲ ਕੱਟ ਜਾਂਦਾ ਹੈ। ਬਾਬਾ ਜੀ ਕੱਟੇ ਸਿਰ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਧੜ ਉਪਰ ਟਿਕਾਈ ਰੱਖਦੇ ਹਨ ਅਤੇ ਦੁਸ਼ਮਣ ਨਾਲ ਲੜਦੇ-ਲੜਦੇ ਦਰਬਾਰ ਦੀ ਪਰਿਕਰਮਾ ਵਿਚ ਦਾਖਲ ਹੋ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
ਬਾਬਾ ਦੀਪ ਸਿੰਘ ਦੀ ਸੂਰਬੀਰਤਾ ਬਾਰੇ ਕੁਝ ਹੋਰ ਚਿਤੇਰਿਆਂ ਨੇ ਵੀ ਚਿੱਤਰ ਰਚੇ ਹਨ। ਇਕ ਥਾਂ ਉਹ ਚੌਂਕੜਾ ਮਾਰੀ ਬੈਠੇ ਹਨ (ਪੇਂਟਰ: ਸੋਭਾ ਸਿੰਘ), ਸਾਹਮਣੇ ਰੇਹਲ ਉਪਰ ਪੋਥੀ ਪਈ ਹੈ। ਉਹ ਸਿੱਧਾ ਦਰਸ਼ਕਾਂ ਵੱਲ ਦੇਖ ਰਹੇ ਹਨ। ਇਕ ਹੋਰ ਜਗ੍ਹਾ ਉਹ ਲੜਦੇ ਦਿਸਦੇ ਹਨ (ਪੇਂਟਰ: ਜੀæਐਸ਼ ਸੋਹਨ ਸਿੰਘ), ਸੱਜੇ ਹੱਥ ਵਿਚ ਖੰਡਾ ਹੈ ਅਤੇ ਖੱਬੇ ਹੱਥ ਦੀ ਤਲੀ ਉਪਰ ਆਪਣਾ ਸਿਰ ਟਿਕਾਇਆ ਹੋਇਆ ਹੈ। ਪ੍ਰਚਲਿਤ ਰੂਪਾਂ ਵਿਚੋਂ ਇਕ ਉਹ ਰੂਪ ਹੈ ਜਿਥੇ ਉਹ ਚੌਂਕੜਾ ਮਾਰੀ ਬੈਠੇ ਹਨ ਅਤੇ ਸੱਜੇ ਹੱਥ ਵਿਚ ਫੜਿਆ ਨੰਗਾ ਖੰਡਾ ਮੋਢੇ ਲੱਗਾ ਹੋਇਆ ਹੈ। ਉਹ ਹਰ ਤਰ੍ਹਾਂ ਦੇ ਸ਼ਸਤਰ ਨਾਲ ਲੈਸ ਦਿਸਦੇ ਹਨ। ਜ਼ਿਆਦਾਤਰ ਇਹ ਜਾਂ ਇਹੋ ਜਿਹੀਆਂ ਹੋਰ ਤਸਵੀਰਾਂ ਪ੍ਰਚਲਿਤ ਹਨ। ਹਰ ਤਸਵੀਰ ਥੋੜ੍ਹੀ ਤੋਂ ਬਹੁਤ ਜ਼ਿਆਦਾ ਊਣਤਾਈ ਦਾ ਸ਼ਿਕਾਰ ਹੈ। ਨਾਟਕੀ ਤੱਤ ਜ਼ਿਆਦਾ ਹੈ। ਨਾਮੰਨਣਯੋਗ ਹਾਲਾਤ ਜ਼ਿਆਦਾ ਹਨ।
ਕਿਸੇ ਵੀ ਕਲਾਕਾਰ ਨੇ ਤਤਕਾਲੀ ਵਸਤੂ ਸਥਿਤੀ ਜਾਂ ਇਤਿਹਾਸਕ ਵੇਰਵਿਆਂ ਨੂੰ ਛੋਹਣ ਦੀ ਹਿੰਮਤ ਨਹੀਂ ਕੀਤੀ। ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਚਿਤੇਰਿਆਂ ਪਾਸ ਕਲਪਨਾ ਸ਼ਕਤੀ ਦੀ ਸੂਝ-ਬੂਝ ਦੀ ਘਾਟ ਹੈ। ਇਉਂ ਚਿੱਤਰਾਂ ਵਿਚ ਉਹ ਜਿਥੇ ਵੀ ਆਏ ਹਨ, ਇਕੱਲੇ ਆਏ ਹਨ। ਉਨ੍ਹਾਂ ਦਾ ਸਰੀਰ ਉਨ੍ਹਾਂ ਦੀ ਅਵਸਥਾ ਨੂੰ ਬਿਆਨਦਾ ਨਹੀਂ।
ਉਹ ਸੰਤ-ਸਿਪਾਹੀ ਨਾਂ ਦੇ ਨਹੀਂ, ਸਗੋਂ ਅਭਿਆਸੀ ਸੰਤ-ਸਿਪਾਹੀ ਸਨ। ਇਕ ਪਾਸੇ ਉਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ, ਬ੍ਰਹਮਗਿਆਨੀ ਭਾਈ ਮਨੀ ਸਿੰਘ ਨਾਲ ਮਿਲ, ਆਦਿ ਗ੍ਰੰਥ ਦੇ ਉਤਾਰੇ ਤਿਆਰ ਕਰਦੇ ਹਨ ਤਾਂ ਦੂਜੇ ਪਾਸੇ, ਭੀੜ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਯੁੱਧ ਭੂਮੀ ਵਿਚ ਨਿੱਤਰਦੇ ਹਨ। ਹਰ ਘਟਨਾ ਚਿੱਤਰਨਯੋਗ ਨਹੀਂ ਹੁੰਦੀ। ਚਿੱਤਰਕਾਰ ਉਸੇ ਪਲ ਨੂੰ ਆਪਣੇ ਬੁਰਸ਼ ਥੱਲੇ ਲਿਆਉਂਦਾ ਹੈ ਜੋ ਮਹੱਤਵ ਵਾਲਾ ਅਤੇ ਆਦਰਸ਼ਪੂਰਨ ਹੁੰਦਾ ਹੈ।