ਕੁਝ ਬਾਤਾਂ ਮੋਹਨ ਸਿੰਘ-ਅੰਮ੍ਰਿਤਾ ਕੀਆਂ

ਖਾਲਸਾ ਕਾਲਜ ਪਟਿਆਲਾ ਤੋਂ ਰਿਟਾਇਰਡ ਪ੍ਰੋæ ਮੇਵਾ ਸਿੰਘ ਤੁੰਗ ਹੁਣ ਉਮਰ ਦੇ 90ਵਿਆਂ ਵਿਚ ਹਨ, ਪਰ ਉਨ੍ਹਾਂ ਦੀ ਯਾਦਾਸ਼ਤ ਝੀਲ ਦੇ ਨਿਤਰੇ ਪਾਣੀ ਵਾਂਗ ਸਾਫ ਹੈ। ਪੰਜਾਬੀ ਸਾਹਿਤ ਵਿਚ ਮੋਹਨ ਸਿੰਘ ਅਤੇ ਅੰਮ੍ਰਿਤਾ ਬਾਰੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਹਨ। ਪਿਛਲੇ ਸਮੇਂ ਦੌਰਾਨ ਅੰਮ੍ਰਿਤਾ ਬਾਰੇ ਦੋ ਨਾਵਲ ਵੀ ਸਾਹਮਣੇ ਆਏ ਹਨ। ਦੋਵੇਂ ਨਾਵਲ ਦਿੱਲੀ ਵੱਸਦੇ ਲੇਖਕਾਂ ਨੇ ਲਿਖੇ ਹਨ। ‘ਬੱਦਲਾਂ ਦੀ ਪੌੜੀ’ ਦਰਸ਼ਨ ਸਿੰਘ ਨੇ ਅਤੇ ‘ਇਹੁ ਜਨਮ ਤੁਮਹਾਰੇ ਲੇਖੇ’ ਗੁਰਬਚਨ ਸਿੰਘ ਭੁੱਲਰ ਨੇ ਲਿਖਿਆ ਹੈ।

ਹੁਣ ਪ੍ਰੋæ ਤੁੰਗ ਨੇ ਮੋਹਨ ਸਿੰਘ-ਅੰਮ੍ਰਿਤਾ ਬਾਰੇ ਚੱਲਦੇ ਕਿੱਸਿਆਂ ਦੇ ਸਹੀ ਪ੍ਰਸੰਗ ਦੀ ਥਹੁ ਪਾਉਣ ਲਈ ਇਹ ਲੇਖ ਲਿਖਿਆ ਹੈ ਜੋ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ

ਪ੍ਰੋæ ਮੇਵਾ ਸਿੰਘ ਤੁੰਗ
ਫੋਨ: +91-99140-89221
ਮੋਹਨ ਸਿੰਘ ਨੇ ਭਾਈ ਵੀਰ ਸਿੰਘ ਅਤੇ ਪੂਰਨ ਸਿੰਘ ਦੇ ਮੁਹਾਵਰੇ ਤੋਂ ਪੰਜਾਬੀ ਕਵਿਤਾ ਨੂੰ ਮੁਕਤ ਕੀਤਾ। ਉਸ ਨੇ ਵੱਖਰੀ ਡਿਕਸ਼ਨ ਪੈਦਾ ਕੀਤੀ ਅਤੇ ਪੰਜਾਬੀ ਕਵਿਤਾ ਨੂੰ ਨਾਲ ਲੈ ਕੇ ਵੱਖਰੇ ਧਰਾਤਲ ‘ਤੇ ਵਿਚਰਨਾ ਸ਼ੁਰੂ ਕੀਤਾ ਜਿਥੇ ਧਨੀ ਰਾਮ ਚਾਤ੍ਰਿਕ ਪਹਿਲਾਂ ਹੀ ਆਪਣੇ ਝੰਡੇ ਗੱਡੀ ਬੈਠਾ ਸੀ ਅਤੇ ਸਮਾਧ ਲਾ ਕੇ ਕੁਦਰਤ ਦਾ ਕਾਰਖਾਨਾ ਦੇਖ ਰਿਹਾ ਸੀ। ਮੋਹਨ ਸਿੰਘ ਦੇ ਪ੍ਰਵੇਸ਼ ਨਾਲ ਇਹ ਕਾਵਿ-ਮੰਡਲ ਹੋਰ ਵੀ ਸੰਗੀਤਕ ਹੋ ਗਿਆ ਅਤੇ ਅੰਦਰਲੇ ਸਰੋਦੀ ਜੀਵਨ ਨਾਲ ਜੁੜੀ ਨਜ਼ਮ ਤੇ ਅਨੰਦ ਦੇ ਮੋਹ-ਭੋਗ ਦੀ ਲਾਲਸਾ ਅਧੀਨ ਕਿਤੇ ਵਧੇਰੇ ਸੰਗੀਤਮਈ ਸਰੋਦੀ ਏਂਦਰਿਕਤਾ ਅਤੇ ਸੌਂਦਰਯ ਨਾਲ ਓਤਪੋਤ ਹੋ ਗਿਆ। ‘ਆਲੋਚਨਾ’ ਦਾ ਮੋਹਨ ਸਿੰਘ ਅੰਕ ਅਤੇ ਮੋਹਨ ਸਿੰਘ ਦੀ ਦੂਜੀ ਪਤਨੀ ਸੁਰਜੀਤ ਦਾ ਲੇਖ ਪਾਠਕ ਪੜਨ੍ਹ ਤਾਂ ਕਈ ਵਹਿਮ ਸਾਫ ਹੋ ਜਾਣ।
ਮੈਂ ਅੰਮ੍ਰਿਤਾ ਦੇ ਸਤਿਕਾਰ ਖਿਲਾਫ ਜਾਣ ਵਾਲੀ ਹਰ ਗੱਲ ਦੇ ਖਿਲਾਫ ਹਾਂ, ਨਾ ਮੈਂ ਕਿਸੇ ਊਜ, ਤੁਹਮਤ ਦੀ ਹਮਾਇਤ ਕਰਦਾ ਹਾਂ। ਦੋਵਾਂ ਵਿਚ ਜਿਸਮਾਨੀ ਸਬੰਧ ਸਨ ਕਿ ਨਾ, ਅੱਜ ਵੀ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ, ਪਰ ਉਨ੍ਹਾਂ ਦਿਨਾਂ ਦੇ ਚਸ਼ਮਦੀਦ ਗਵਾਹਾਂ ਅਨੁਸਾਰ ਉਨ੍ਹਾਂ ਵਿਚ ਨੇੜ ਸੀ, ਇਕ ਦੂਜੇ ਨਾਲ ਮਿਲਣ-ਗਿਲਣ ਬਹਿਣ-ਉਠਣ ਆਮ ਸੀ। ਇਹ ਅਤਿ ਸਾਧਾਰਨ ਗੱਲਾਂ ਹਨ ਜਿਨ੍ਹਾਂ ਤੋਂ ਮੁਕਰਨ ਦਾ ਕੋਈ ਫਾਇਦਾ ਨਹੀਂ, ਨਾ ਪਾਣੀ ਪੀ ਪੀ ਕੇ ਮੋਹਨ ਸਿੰਘ ਨੂੰ ਕੋਸਣ ਦੀ ਲੋੜ ਹੈ। ਕਵੀ ਕਿਸੇ ‘ਤੇ ਵੀ ਕਿਸੇ ਵੇਲੇ ਕੋਈ ਕਵਿਤਾ ਲਿਖ ਸਕਦਾ ਹੈ। ਅੱਗੇ ਚਾਹੇ ਕੋਈ ਅੰਮ੍ਰਿਤਾ ਹਾਜ਼ਰ ਹੋਵੇ, ਚਾਹੇ ਗੈਰ ਹਾਜ਼ਰ; ਕੋਈ ਫਰਕ ਨਹੀਂ ਪੈਂਦਾ। ਅੰਮ੍ਰਿਤਾ ਪ੍ਰੀਤਮ ਬਾਰੇ ਪ੍ਰੀਤਮ ਸਿੰਘ ਸਫੀਰ ਨੇ ਵੀ ਕਵਿਤਾਵਾਂ ਲਿਖੀਆਂ ਸਨ, ਸ਼ੇਰ ਸਿੰਘ ਸ਼ੇਰ ਨੇ ਵੀ। ਇਕ ਦੋ ਔਰਤਾਂ ਨੇ ਵੀ ਅਜਿਹਾ ਕੀਤਾ ਹੈ। ਜੋਗਿੰਦਰ ਸਿੰਘ ਜੋਗੀ ਨੇ ਆਪਣੀ ਇਕ ਕਵਿਤਾ ਵਿਚ ਅੰਮ੍ਰਿਤਾ ਨੂੰ ਗਾਲ ਕੱਢੀ ਹੈ।
ਬਾਵਾ ਬਲਵੰਤ ਨੇ ਬਲਜੀਤ ਤੁਲਸੀ ਉਪਰ ਕਵਿਤਾ ਲਿਖੀ। ਮੈਂ ਪ੍ਰਭਜੋਤ ‘ਤੇ ਕਵਿਤਾਵਾਂ ਲਿਖੀਆਂ। ਸੰਤ ਸਿੰਘ ਸੇਖੋਂ ਨੇ ਪ੍ਰਭਜੋਤ ਉਪਰ ਅੰਗਰੇਜ਼ੀ ਵਿਚ ਕਵਿਤਾਵਾਂ ਲਿਖੀਆਂ, ਉਸ ਨੂੰ ਪਸੰਦ ਆਈਆਂ, ਉਹ ਖੁਸ਼ ਹੋਈ। ਆਪਣੀ ਕਿਤਾਬ ‘ਨੀਲਕੰਠ’ ਵਿਚ ਉਸ ਨੇ ਇਹ ਕਵਿਤਾਵਾਂ ਛਾਪੀਆਂ। ਇੰਦਰਾ ਗਾਂਧੀ ਅਤੇ ਸੰਤ ਈਸ਼ਰ ਸਿੰਘ ਰਾੜੇਵਾਲੇ ਨੂੰ ਮੈਂ ਕਦੀ ਨਹੀਂ ਮਿਲਿਆ, ਪਰ ਮੈਂ ਉਨ੍ਹਾਂ ‘ਤੇ ਨਜ਼ਮਾਂ ਲਿਖੀਆਂ। ਮਿਲਣਾ, ਨਾ ਮਿਲਣਾ; ਸਬੰਧ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ। ਇਸ ਪ੍ਰਥਾਏ ਇਤਰਾਜ਼ ਕਰਨ ਵਾਲਿਆਂ ਨੂੰ ਸੁਰਜੀਤ ਦੇ ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ, “ਮੈਂ ਸਭ ਕੁਝ ਇਸ ਲਈ ਜਰ ਲਿਆ ਕਿ ਬੱਚਿਆਂ ਦਾ ਆਲ੍ਹਣਾ ਨਾ ਟੁੱਟੇ।”
ਮੋਹਨ ਸਿੰਘ ਦਾ ਆਖਰੀ ਕਾਵਿ-ਸੰਗ੍ਰਿਹ ‘ਬੂਹੇ’ ਦਾ ਸਮਰਪਣ ਸੁਰਜੀਤ ਨੂੰ ਹੈ। ਇਹ ਧਿਆਨ ਵਿਚ ਰੱਖੋ, “ਬੱਚਿਆਂ ਦੀ ਮਾਂ ਨੂੰ ਜਿਸ ਨੇ ਸਭ ਕੁਝ ਜਰ ਲਿਆ ਕਿ ਬੱਚਿਆਂ ਦਾ ਆਲ੍ਹਣਾ ਨਾ ਟੁੱਟੇ।”
‘ਸੁਨੇਹੁੜੇ’ ਲਈ ਅੰਮ੍ਰਿਤਾ ਨੂੰ ਅਕਾਦਮੀ ਇਨਾਮ ਮਿਲਿਆ। ਹੁਣ ਤਕ ਉਸ ਨੂੰ ਲੋਕ ਕਵੀ ਮੰਨਿਆ ਜਾਂਦਾ ਸੀ। ਹਾਲਾਂ ਕਿ ਇਹ ਕਿਤਾਬ ਪੂਰਨ ਤੌਰ ‘ਤੇ ਅੰਤਰਮੁਖੀ ਅਤੇ ਨਿਜੀ ਅਨੁਭਵ ਨਾਲ ਭਰਪੂਰ ਹੈ ਜਦੋਂ ਕਿ ਲੋਕ ਸਾਹਿਤ ਵਿਚ ਇਹ ਇਲਾਮਤ ਸਭ ਤੋਂ ਪਹਿਲਾਂ ਖਾਰਜ ਹੁੰਦੀ ਹੈ। ਇਹ ਕਮਿਊਨਿਸਟਾਂ ਦੀ ਸਰਪ੍ਰਸਤੀ ਅਤੇ ਪ੍ਰਾਪੇਗੰਡੇ ਕਰ ਕੇ ਸੀ। ‘ਅਸ਼ੋਕਾ ਚੇਤੀ’ ਅਤੇ ‘ਕਸਤੂਰੀ’ ਵਿਚ ਉਸ ਦੀ ਕਵਿਤਾ ਜਾਮ ਹੁੰਦੀ ਹੈ ਜੋ ਥੋੜ੍ਹੇ ਬਹੁਤੇ ਅੰਤਰ ਨਾਲ ਤੁਰਦੀ ਰਹਿੰਦੀ ਹੈ। ਹਾਂ, ਉਹ ਵਿਅੰਗਮਈ ਅਰਥ ਭਰਪੂਰ ਟਿੱਪਣੀਆਂ ਨਾਲ ਕਿਸੇ ਹੱਦ ਤਕ ਇਹ ਘਾਟ ਪੂਰੀ ਕਰਦੀ ਹੈ। ਸੰਤ ਸਿੰਘ ਸੇਖੋਂ ਨੇ ਜੋ ਟਿੱਪਣੀ ਕੀਤੀ ਸੀ ਕਿ ਸਾਹਿਤ ਅਕਾਦਮੀ ਦਾ ਇਨਾਮ ਮਿਲਣ ‘ਤੇ ਉਸ ਨੂੰ ਭਰਮ ਹੋ ਗਿਆ ਕਿ ਉਹ ਕੁਝ ਕੱਚਾ ਪਿੱਲਾ ਲਿਖ ਸਕਦੀ ਹੈ, ਇਹ ਉਸ ਨੇ ਧੜੇਬੰਦੀ ਕਰ ਕੇ ਕਿਹਾ।
‘ਨਾਗਮਣੀ’ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਸਮਰਥਕਾਂ, ਖੁਸ਼ਾਮਦੀਆਂ ਅਤੇ ਝੋਲੀ ਚੁੱਕਾਂ ਦਾ ਲੰਮਾ ਕਾਫਲਾ ਮਿਲ ਗਿਆ ਜੋ ਲਗਾਤਾਰ ਮੋਹਨ ਸਿੰਘ ਨੂੰ ਝੂਠਾ ਸਿੱਧ ਕਰਨ ‘ਤੇ ਅਖੀਰ ਤੱਕ ਉਤਾਰੂ ਰਿਹਾ। ਇਹੋ ਅੰਮ੍ਰਿਤਾ ਚਾਹੁੰਦੀ ਸੀ।
ਇਨ੍ਹਾਂ ਵਿਚ ਮੋਹਨਜੀਤ, ਅਮੀਆ ਕੁੰਵਰ ਅਤੇ ਜਸਬੀਰ ਭੁੱਲਰ ਵਰਗੇ ਉਹਦੇ ਵਫਾਦਾਰ ਕਿੰਨੇ ਸਨ, ਇਸ ਦਾ ਸਮੇਂ ਨਾਲ ਪਤਾ ਲੱਗ ਜਾਵੇਗਾ, ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਲਾਹੌਰ ਦੇ ਦਿਨਾਂ ਵਿਚ ਅੰਮ੍ਰਿਤਾ ਦਾ ਰਵੱਈਆ ਹੋਰ ਸੀ, ਤੇ 1955 ਤੋਂ ਬਾਅਦ ਹੋਰ ਹੋ ਗਿਆ। ਮੋਹਨ ਸਿੰਘ ਨੂੰ ਨਕਾਰਨ ਦਾ ਜਿੰਨਾ ਵੱਧ ਜ਼ੋਰ ਲੱਗਾ, ਉਹ ਆਪਣੇ ਪਿਆਰ (ਇਕਪਾਸੜ ਸਹੀ) ਵਿਚ ਓਨਾ ਹੀ ਪਰਪੱਕ ਅਤੇ ਤੇਜ਼ ਹੋ ਗਿਆ। ਉਸ ਦੀਆਂ ‘ਜੰਦਰੇ’, ‘ਮਨਸੂਰ’ ਅਤੇ ਅਖੀਰਲੇ ਦੋ ਸੰਗ੍ਰਿਹਾਂ ਵਿਚ ਗ਼ਜ਼ਲ ਰੂਪ ਵਿਚ ਲਿਖੀਆਂ ਕਈ ਕਵਿਤਾਵਾਂ ਸੱਚ ਬੋਲਦੀਆਂ ਹਨ। ਇਸ ਇਸ਼ਕ ਕਾਰਨ ਮੋਹਨ ਸਿੰਘ ਨੂੰ ਡਿਪਰੈਸ਼ਨ ਦੇ ਦੌਰੇ ਲਾਹੌਰ ਤੇ ਜਲੰਧਰ ਵੀ ਪੈਂਦੇ ਸਨ, ਪਰ ਯੋਜਨਾਬਧ ਪ੍ਰਾਪੇਗੰਡੇ ਕਾਰਨ ਸਦਮਾ ਹੋਰ ਵੀ ਤੇਜ਼ ਅਤੇ ਡੂੰਘਾ ਹੋ ਗਿਆ। ਮੇਰੀ ਜਾਚੇ ਇਕ ਦਿਲ ਦੇ ਦੌਰੇ ਨਾਲ ਅਚਾਨਕ ਮਿੰਟਾਂ ਸਕਿੰਟਾਂ ਵਿਚ ਹੋਈ ਉਸ ਦੀ ਮੌਤ ਦਾ ਕਾਰਨ ਇਹੋ ਜਿਹੇ ਚਰਿਤਰ-ਘਾਤ ਦੀ ਨਹਿਰ ਹੀ ਸੀ।
ਅੰਮ੍ਰਿਤਾ ਦੇ ਕਈ ਝੋਲੀ ਚੁਕ ਉਸ ਦੇ ਹੱਕ ਵਿਚ ਨਹੀਂ ਸਨ। ਹੌਜ਼ ਖਾਸ ਤੋਂ ਬਾਹਰ ਜਾ ਕੇ ਉਸ ਦੇ ਖਿਲਾਫ ਭੁਗਤ ਜਾਂਦੇ ਸਨ। ਜੋਗਾ ਸਿੰਘ ਜਿਸ ‘ਤੇ ਉਸ ਨੇ ‘ਜੋਗਾ ਸਿੰਘ ਦਾ ਚੁਬਾਰਾ’ ਦੀ ਬਖਸ਼ਿਸ਼ ਕੀਤੀ ਅਤੇ ਕਸ਼ਮੀਰ ਕਾਦਰ ਇਹੋ ਜਿਹੇ ਸਨ।
ਸੁਰਜੀਤ ਸਿੰਘ ਸੇਠੀ ਦੀ ਸਾਧਾਰਨ ਜਿਹੀ ਟਿੱਪਣੀ ‘ਤੇ ਅੰਮ੍ਰਿਤਾ ਨੇ ਜੋ ਵਾ-ਵੇਲਾ ਖੜ੍ਹਾ ਕੀਤਾ, ਉਹ ਉਸ ਦੇ ਸਾਧਾਰਨ, ਤੁੱਛ ਅਤੇ ਅਤਿ-ਨੀਵੀਂ ਸੋਚ ਦਾ ਸੂਚਕ ਹੈ। ਸੇਠੀ ਨੇ ਇੰਨਾ ਹੀ ਲਿਖਿਆ ਸੀ, “ਅੰਮ੍ਰਿਤਸਰ ‘ਕਹਾਣੀ’ ਅਤੇ ‘ਪੰਜ ਦਰਿਆ’ ਦੇ ਦਫਤਰ ਕੋਲੋ ਕੋਲ ਸਨ। ਇਕ ਦਿਨ ਮੇਰੇ ਦਫਤਰ ਜਾਣ ਤੋਂ ਪਹਿਲਾਂ ਹੀ ਮੋਹਨ ਸਿੰਘ ਉਥੇ ਬੈਠਾ ਸੀ। ਉਸ ਨੇ ਹੱਥ ਵਿਚ ਲਿਫਾਫਾ ਫੜਿਆ ਹੋਇਆ ਸੀ ਤੇ ਇਸ ਨੂੰ ਨੀਝ ਨਾਲ ਦੇਖ ਰਿਹਾ ਸੀ। ਇਹ ਅੰਮ੍ਰਿਤਾ ਵੱਲੋਂ ਮੇਰੇ ਨਾਮ ਲਿਖਿਆ ਕੋਈ ਖਤ ਸੀ, ਉਤੇ ਮੇਰਾ ਸਿਰਨਾਵਾਂ ਸੀ। ਜਾਪਦਾ ਸੀ ਜਿਵੇਂ ਮੋਹਨ ਸਿੰਘ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ।”
ਇਸ ਲਿਖਤ ‘ਤੇ ਅੰਮ੍ਰਿਤਾ ਮੁਸਕਰਾ ਕੇ ਚੁੱਪ ਵੱਟ ਸਕਦੀ ਸੀ, ਪਰ ਉਹ ਰੋਂਦੀ ਹੋਈ ਖੁਸ਼ਵੰਤ ਸਿੰਘ ਕੋਲ ਗਈ ਤੇ ਉਸ ਦੀ ਸਿਫਾਰਸ਼ ਨਾਲ ਇੰਦਰਾ ਗਾਂਧੀ ਤੋਂ ਸੇਠੀ ਨੂੰ ਨੌਕਰੀਓਂ ਕਢਵਾ ਦਿੱਤਾ, ਪਰ ਸੇਠੀ ਆਪਣੇ ਮਾਮੇ ਗੁਰਮੁਖ ਸਿੰਘ ਮੁਸਾਫਰ ਰਾਹੀਂ ਫਿਰ ਬਹਾਲ ਹੋ ਗਿਆ। ਇਹ ਗੱਲ ਸੇਠੀ ਨੇ ਕਦੇ ਲਿਖੀ ਜਾਂ ਕਹੀ ਨਹੀਂ। ਹੋਇਆ ਇਸ ਤਰ੍ਹਾਂ ਕਿ ਅੰਮ੍ਰਿਤਾ ਦੇ ਸ਼ਿਕਾਇਤਨਾਮੇ ਨਾਲ ਸੇਠੀ ਦਾ ਜਵਾਬ ਤੇ ਲੇਖ ਦਾ ਅੰਗਰੇਜ਼ੀ ਤਰਜਮਾ ਨੱਥੀ ਕਰ ਕੇ ਇੰਦਰਾ ਨੇ ਸਾਰਾ ਕੇਸ ਅਰੁਣਾ ਆਸਿਫ ਅਲੀ ਦੇ ਹਵਾਲੇ ਕਰ ਦਿੱਤਾ ਤੇ ਰਾਇ ਮੰਗੀ। ਅਰੁਣਾ ਨੇ ਆਪਣੀ ਰਿਪੋਰਟ ਵਿਚ ਲਿਖਿਆ, “ਮੈਂ ਨਹੀਂ ਜਾਣਦੀ ਅੰਮ੍ਰਿਤਾ ਪ੍ਰੀਤਮ ਕੌਣ ਹੈ, ਸੁਰਜੀਤ ਸਿੰਘ ਸੇਠੀ ਕੌਣ ਹੈ, ਪਰ ਸੇਠੀ ਦੇ ਲੇਖ ਵਿਚ ਅੰਮ੍ਰਿਤਾ ਪ੍ਰੀਤਮ ਦੀ ਹੇਠੀ ਜਾਂ ਬੇਇਜਤੀ ਵਾਲੀ ਕੋਈ ਗੱਲ ਨਹੀਂ। ਇਹ ਕਿਸੇ ਤਰ੍ਹਾਂ ਵੀ ਅੰਮ੍ਰਿਤਾ ਪ੍ਰੀਤਮ ਦੇ ਵਿਰੁਧ ਨਹੀਂ।”
ਮੋਹਨ ਸਿੰਘ ਦੇ ਨੇੜੇ ਰਹਿਣ ਵਾਲੇ ਹਮੇਸ਼ਾ ਕਹਿੰਦੇ ਰਹੇ ਹਨ ਕਿ ਇਕ ਵਾਰੀ ਇਹ ਤੇ ਅੰਮ੍ਰਿਤਾ ਪ੍ਰੀਤਮ ਘਰੋਂ ਭੱਜਣ ਲੱਗੇ ਸਨ। ਫੈਸਲਾ ਕਰ ਲਿਆ। ਕਰਨਾਲ ਦੇ ਡਿਪਟੀ ਕਮਿਸ਼ਨਰ ਸ਼ ਕਪੂਰ ਸਿੰਘ ਨੇ ਇਨ੍ਹਾਂ ਨੂੰ ਸੁਰੱਖਿਆ ਅਤੇ ਸਮਰਥਨ ਦੇਣ ਦੀ ਹਾਂ ਕਰ ਦਿੱਤੀ, ਕਿਹਾ- ਇਕ ਵਾਰ ਮੇਰੀ ਕੋਠੀ ਆ ਜਾਉ, ਦੋ ਸਾਲ ਮੈਂ ਕਿਸੇ ਨੂੰ ਤੁਹਾਡੇ ਨੇੜੇ ਨਹੀਂ ਲੱਗਣ ਦਿਆਂਗਾ। ਖੈਰ! ਜੋ ਵੀ ਸੀ, ਇਹ ਗੱਲ ਸਿਰੇ ਨਾ ਚੜ੍ਹੀ। ਸੌ ਸਕੀਮਾਂ ਜੀਵਨ ਵਿਚ ਬਣਦੀਆਂ ਟੁੱਟਦੀਆਂ ਹਨ। ਇਸੇ ਲਈ ਤਾਂ ਪ੍ਰੀਤਮ ਸਿੰਘ ਇਨ੍ਹਾਂ ਨੂੰ ਮੂਰਤਾਂ ਆਖਦਾ ਹੈ। ਇਹ ਦਰਸ਼ਨੀ ਪਹਿਲਵਾਨ ਸਨ, ਕੁਝ ਕਰਨ ਜੋਗੇ ਨਹੀਂ।
ਪਿਆਰ ਇਕਪਾਸੜ ਵੀ ਹੁੰਦਾ ਹੈ। ਸਭ ਤੋਂ ਵੱਡੀ ਮਿਸਾਲ ਵਾਨ ਗਾਗ ਦੀ ਹੈ। ਮਜ਼ਾ ਇਸੇ ਜੁਮਲੇ ਵਿਚ ਆਉਂਦਾ ਹੈ। ਮੈਨੂੰ ਕਈ ਲੋਕਾਂ ਨੇ ਕਿਹਾ ਹੈ, ‘ਲਸਟ ਫਾਰ ਲਾਈਫ, ਤੇਰੇ ‘ਤੇ ਲਿਖਿਆ ਹੋਇਆ ਹੈ।’ ਇਹ ਸੱਚਾਈ ਹੀ ਹੈ; ਦੂਜੀ ਸੱਚਾਈ ਇਹ ਹੈ ਕਿ ਹਰ ਪਿਆਰ-ਪਾਤਰ ਨੂੰ ਕਦੇ ਨਾ ਕਦੇ ਇਹ ਅਹਿਸਾਸ ਹੋਣ ਲਗਦਾ ਹੈ ਕਿ ਉਹਦਾ ਪਿਆਰ ਇਕਪਾਸੜ ਹੈ, ਉਸ ਨੂੰ ਕੁਝ ਨਹੀਂ ਮਿਲਿਆ। ਅੰਮ੍ਰਿਤਾ ਆਪ ਕਹਿੰਦੀ ਹੈ:
ਲੱਖ ਤੇਰੇ ਅੰਬਾਰਾਂ ਦੇ ਵਿਚੋਂ
ਦੱਸ ਕੀ ਮਿਲਿਆ ਸਾਨੂੰ
ਇਕੋ ਤੰਦ ਪਿਆਰ ਦੀ ਲੱਭੀ
ਉਹ ਭੀ ਤੰਦ ਇਕਹਿਰੀ।
ਈਸ਼ਵਰ ਚਿਤਰਕਾਰ ਉਸ ਨੂੰ ਇਸ ਦਾ ਮਤਲਬ ਪੁੱਛਦਾ ਤਾਂ ਕਹਿੰਦੀ, ਮੈਂ ਪਿਆਰ ਦੀ ਇਕ ਤੰਦ ਪਾਈ। ਜਵਾਬ ਵਿਚ ਦੂਜੀ ਤੰਦ ਨਾ ਮਿਲੀ ਤਾਂ ਜੋ ਕੁਝ ਕੱਤਿਆ ਜਾਂਦਾ।
ਅਖਤਰ ਸ਼ੀਰਾਨੀ ਫਰਜ਼ੀ ਮਾਸ਼ੂਕਾਂ ਦੇ ਸਿਰ ‘ਤੇ ਉਰਦੂ ਸ਼ਾਇਰੀ ਨੂੰ ਬ੍ਰਾਊਨਿੰਗ ਅਤੇ ਬਾਇਰਨ ਬਰਾਬਰ ਲੈ ਗਿਆ ਸੀ, ਤੇ ਹਮੇਸ਼ਾ ਹਮੇਸ਼ਾ ਲਈ ਮਾਸ਼ੂਕ ਨੂੰ ਖੁੱਲ੍ਹ ਕੇ ਸੰਬੋਧਨ ਕਰਨ ਦੇ ਮਾਮਲੇ ਵਿਚ ਉਰਦੂ ਸ਼ਾਇਰਾਂ ਦਾ ਝਾਕਾ ਲਾਹ ਗਿਆ।
ਮੋਹਨ ਸਿੰਘ ਨੇ ਜਿਸ ਸ਼ਿੱਦਤ ਨਾਲ ਮਹਿਬੂਬ ਨੂੰ ਉਲਾਹਮਾ ਦਿੱਤਾ ਹੈ:
ਅਸਾਂ ਇਸ਼ਕ ਨੂੰ ਹੰਢਾਇਆ
ਹੱਡ ਮਾਸ ਦੀ ਤਰ੍ਹਾਂ।
ਉਨ੍ਹਾਂ ਪਹਿਨਿਆ ਪ੍ਰੀਤ ਨੂੰ
ਲਿਬਾਸ ਦੀ ਤਰ੍ਹਾਂ।
ਇਹ ਇਕਪਾਸੜ ਨਹੀਂ ਸਗੋਂ, ੂਨਰeਅਲਡਿeਦ ਲੋਵe ਦੀ ਚੀਸ, ਚੋਭ ਤੇ ਵੇਦਨਾ ਹੈ ਜਿਸ ਦੇ ਸਾਹਵੇਂ ਦੁਪਾਸੜ ਪਿਆਰ ਗਤੀਹੀਣ, ਵੇਦਨਾ ਰਹਿਤ ਅਤੇ ਤੀਬਰਤਾ ਰਹਿਤ ਲੱਗਣ ਲਗਦਾ ਹੈ।
ਮੋਹਨ ਸਿੰਘ ਨੂੰ ਮਿਹਣਾ ਮਾਰਿਆ ਗਿਆ ਕਿ ਉਹ ਪ੍ਰਗਤੀਵਾਦੀ ਲਹਿਰ ਨਾਲੋਂ ਟੁੱਟਣ ਦਾ ਅੰਮ੍ਰਿਤਾ ਵਰਗਾ ਸਾਹਸ ਨਹੀਂ ਕਰ ਸਕਿਆ। ਇਹ ਪਰਲੇ ਸਿਰੇ ਦੀ ਭੁੱਲ ਹੈ। ਇਹੋ ਜਿਹੀ ਤੁਲਨਾ ਗੱਪ-ਸ਼ੱਪ ਵਿਚ ਹੀ ਚੱਲਦੀ ਹੈ, ਸਾਹਿਤਕ ਮੁਲੰਕਣ ਵਿਚ ਨਹੀਂ। ਅੰਮ੍ਰਿਤਾ ਨੂੰ ਮੋਹਨ ਸਿੰਘ ਨਾਲ ਰੋਮਾਂਸ ਰਾਸ ਨਹੀਂ ਆਉਂਦਾ ਸੀ, ਉਹ ਟੁੱਟ ਗਈ, ਮੋਹਨ ਸਿੰਘ ਦੇ ਪਰਛਾਵੇਂ ਤੋਂ ਪਰ੍ਹਾਂ ਹੋ ਗਈ। ਮੋਹਨ ਸਿੰਘ ਦਾ ਕਹਿਣਾ ਇਹ ਹੈ ਕਿ ਉਹ ਆਪਣੇ ਸਾਰੇ ਸਿਰਜਣਾਤਮਕ ਪਰਿਵਰਤਨਾਂ ਦੇ ਬਾਵਜੂਦ ਉਸ ਨਾਲ ਜੁੜਿਆ ਰਿਹਾ। ਇਹ ਰੋਮਾਂਟਿਕ ਅੰਦੋਲਨ ਬੇਸੱæਕ ਖਤਮ ਹੋ ਗਿਆ, ਪਰ ਮੋਹਨ ਸਿੰਘ ਖਤਮ ਨਹੀਂ ਹੋਇਆ।
ਰਹੀ ਗੱਲ ਪਾਤਰਾਂ ਦੇ ਸਾਧਾਰਣੀਕਰਨ ਦੀ, ਇਹ ਕੋਈ ਨਵੀਂ ਗੱਲ ਨਹੀਂ। ਇਹ ਬਿਰਤੀ ਬਹੁਤ ਪੁਰਾਣੀ ਹੈ। ਇਬਸਨ ਅਤੇ ਚੈਖਵ ਇਸ ਨੂੰ ਸਿਰੇ ਲਾ ਚੁੱਕੇ ਹੋਏ ਸਨ। ਪ੍ਰੇਮ ਚੰਦ, ਰਾਜਿੰਦਰ ਸਿੰਘ ਬੇਦੀ, ਸੰਤ ਸਿੰਘ ਸੇਖੋਂ, ਨੌਰੰਗ ਸਿੰਘ, ਦਲੀਪ ਕੌਰ ਟਿਵਾਣਾ, ਅਜੀਤ ਕੌਰ ਨੇ ਇਹੋ ਕੁਝ ਤਾਂ ਕੀਤਾ। ਸੁਰਜੀਤ ਸਿੰਘ ਸੇਠੀ ਦੇ ਨਾਟਕ, ਨਰਿੰਦਰਪਾਲ ਸਿੰਘ ਦੇ ਪਿਛਲੇਰੇ ਨਾਵਲ ਇਲਮ ਅਤੇ ਆਜ਼ਾਦੀ ਦੀ ਹੀ ਗੱਲ ਕਰਦੇ ਹਨ, ਇਸੇ ਫਰਕ ਨੂੰ ਦਰਸਾਉਂਦੇ ਹਨ। ਹੋਰੀ ਪਾਤਰ ਵਰਗੀ ਮਿਸਾਲ ਤਾਂ ਕਿਤੇ ਮਿਲਦੀ ਹੀ ਨਹੀਂ।
ਅੰਮ੍ਰਿਤਾ ਦੇ ਉਪਾਸ਼ਕ ਆਖਦੇ ਹਨ- ਉਸ ਦੀ ਹਾਂ ਹੈ ਤਾਂ ਹਾਂ, ਨਾਂਹ ਹੈ ਤਾਂ ਨਾਂਹ। ਇਹ ਗੱਲ ਭੀ ਗਲਤ ਹੈ। ਇਹ ਉਸ ਦੀ ਕੋਰਟ ਤਕ ਸੀਮਤ ਹੋਏਗਾ। ਪੰਜਾਬੀ ਸਾਹਿਤ ਸੰਸਾਰ ਵਿਚ ਉਸ ਦੀ ਕਦੇ ਅਜਿਹੀ ਅਵਸਥਾ ਨਹੀਂ ਰਹੀ। ਉਸ ਦੀ ਹਾਂ ਹੈ ਤਾਂ ਹਾਂ, ਨਾਂਹ ਹੈ ਤਾਂ ਨਾਂਹ, ਵਾਲੀ ਗੱਲ ਪੰਜਾਬੀ ਦੇ ਕਿਸੇ ਵੱਡੇ ਵਿਦਵਾਨ, ਸਾਹਿਤਕਾਰ ਨੇ ਕਦੇ ਕਬੂਲ ਨਹੀਂ ਕੀਤੀ; ਸਗੋਂ ਐਸਾ ਕਦੇ ਖਿਆਲਿਆ ਭੀ ਨਹੀਂ ਗਿਆ। ਇਹ ਸਭ ਉਸ ਦੇ ਨਿਜੀ ਅੰਦਰੂਨੀ ਬੈਂਚ ਦੇ ਮੈਂਬਰਾਂ ਦੀਆਂ ਖਾਮਖਿਆਲੀਆਂ ਹਨ।
ਕਰਤਾਰ ਸਿੰਘ ਦੁੱਗਲ ਨੇ ਆਪਣੀ ਜੀਵਨੀ ਵਿਚ ਅੰਮ੍ਰਿਤਾ ਦੀ ਧੀ ਕੰਦਲਾ ਦਾ ਬਿਰਤਾਂਤ ਸਿਰਜ ਦਿੱਤਾ। ਉਸ ਦੀ ਟਿੱਪਣੀ ਪਿੱਛੋਂ ਜਦੋਂ ਕੰਦਲਾ ਨੂੰ ਪੰਜਾਹ ਸਾਲ ਬਾਅਦ ਪਤਾ ਲੱਗਿਆ ਕਿ ਉਹ ਅੰਮ੍ਰਿਤਾ ਦੀ ਧੀ ਨਹੀਂ ਹੈ, ਤਦ ਉਸ ‘ਤੇ ਕੀ ਬੀਤੀ ਹੋਵੇਗੀ? ਇਕਦਮ ਉਸ ਨੂੰ ਸੰਸਾਰ ਗਰਕਦਾ ਨਜ਼ਰ ਆਇਆ ਹੋਵੇਗਾ। ਕਿਹੋ ਜਿਹੇ ਹੌਲ ਪਏ ਹੋਣਗੇ, ਕੋਈ ਇਸ ਦੀ ਕਲਪਨਾ ਕਰ ਸਕਦਾ ਹੈ? ਇਹੋ ਜਿਹੇ ਮਾਰੂ, ਜਾਨਲੇਵਾ ਅਤੇ ਇਨਸਾਨ ਵਿਰੋਧੀ ਸੱਚ ਨਾਲੋਂ ਸੌ ਝੂਠ ਚੰਗੇ। ਯੁੱਧ ਜਿੱਤਣ ਲਈ ਧਰਮ ਪੁੱਤਰ ਯੁਧਿਸ਼ਟਰ ਨੇ ਇਕ ਭੋਲਾ ਜਿਹਾ ਝੂਠ ਬੋਲ ਹੀ ਦਿੱਤਾ ਸੀ।
ਦੁੱਗਲ ਨੇ ਲਿਖਿਆ, ਮੇਰੀ ਜੀਵਨੀ ਪੜ੍ਹ ਕੇ ਅਜੀਤ ਕੌਰ ਤਾਂ ਨਸ਼ਿਆ ਹੀ ਗਈ, ਪਰ ਉਸ ਦੇ ਆਪਣੇ ਲਿਖਣ ਮੂਜਬ ਉਹ ਸਾਰੀ ਜ਼ਿੰਦਗੀ ਅਜੀਤ ਕੌਰ ਦੀ ਤੁੱਛ ਜਿਹੀ ਪੁੱਛ ਦਾ ਉਤਰ ਨਹੀਂ ਦੇ ਸਕਿਆ। ਉਹ ਪੁੱਛਦੀ ਹੈ, ਜਿਹੜੀਆਂ ਕੁੜੀਆਂ ਰੱਜ ਕੇ ਸੁਹਣੀਆਂ ਸਨ, ਜਿਨ੍ਹਾਂ ਦੇ ਗਜ਼ ਗਜ਼ ਲੰਮੇ ਵਾਲ ਸਨ, ਫਿਰ ਇਹ ਕਿਵੇਂ ਹੋ ਸਕਦੈ ਕਿ ਅੱਗੇ ਕੁਝ ਹੋਇਆ ਨਾ ਹੋਵੇ?
ਦੁੱਗਲ ਇਹ ਗੱਲ ਬੜੇ ਮਾਣ ਨਾਲ ਦੱਸਦਾ ਹੈ ਕਿ ਉਸ ਦੀ ਬੀਵੀ ਡਾਕਟਰ ਆਇਸ਼ਾ ਮੁਸਲਮਾਨ ਹੈ। ਅਲੀ ਸਰਦਾਰ ਜਾਫਰੀ ਉਸ ਦਾ ਸਾਢੂ ਹੈ। ਫਸਾਦਾਂ ਦੇ ਦਿਨੀਂ ਉਸ ਦਾ ਵਿਆਹ ਮਿੰਟਾਂ ਸਕਿੰਟਾਂ ਵਿਚ ਗੁਰਬਚਨ ਸਿੰਘ ਤਾਲਿਬ ਦੇ ਘਰ ਹੋ ਗਿਆ। ਉਸ ਨੇ ਇਹ ਕਦੇ ਨਹੀਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਆਇਸ਼ਾ ਨੂੰ ਅਕਾਲ ਤਖਤ ‘ਤੇ ਅੰਮ੍ਰਿਤ ਛਕਾਇਆ ਗਿਆ ਤੇ ਅਨੰਦ ਕਾਰਜ ਦੀ ਰਸਮ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਨਿਭਾਈ। ਇਹ ਫਸਾਦੀਆਂ ਕੋਲੋਂ ਆਇਸ਼ਾ ਨੂੰ ਬਚਾਉਣ ਲਈ ਕੀਤਾ ਗਿਆ, ਪਰ ਕੀਤਾ ਤਾਂ ਸੀ। ਇਹ ਨਿਮਾਣਾ ਜਿਹਾ ਕਦਮ ਵੀ ਲੁਕਾਇਆ ਗਿਆ। ਧੰਨ ਦੁੱਗਲ ਤੇਰੀ ਧੰਨ ਕਮਾਈ। ਕਰਤਾਰ ਸਿੰਘ ਦੁੱਗਲ ਦਾ ਪਿਤਾ ਜੀਵਨ ਸਿੰਘ ਪੂਰਨ ਅਕਾਲੀ ਗੁਰਸਿਖ ਮਾਸਟਰ ਤਾਰਾ ਸਿੰਘ ਦਾ ਸਾਲਾ ਸੀ। ਦੂਜੇ ਘਰ ਲੱਗੀ ਅੱਗ ਨੂੰ ਬਸੰਤਰ ਕਹਿਣ ਵਾਲਾ ਦੁੱਗਲ ਕਿਸੇ ਦੀ ਮਾਸੂਮ ਧੀ ਕੰਦਲਾ ਦੀ ਇੱਜਤ ਬਾਰੇ ਵੀ ਕੁਝ ਸੋਚਦਾ। ਦੁੱਗਲ ਦਾ ਜੀਵਨ ਭਰ ਦਾ ਦੋਸਤ, ਮਦਦਗਾਰ ਤੇ ਪ੍ਰਸ਼ੰਸਕ ਜੋਗਿੰਦਰ ਸਿੰਘ ਵਾਸੂ ਮਰਨ ਤੋਂ ਪਹਿਲਾਂ ਇਹ ਸਭ ਕੁਝ ਦੱਸ ਗਿਆ। ਸ੍ਰੀ ਮੁਖ ਵਾਕ ਹੈ:
ਸਚਹੁ ਓਰੇ ਸਭ ਕੋ ਊਪਰਿ ਸਚ ਆਚਾਰ।