ਆਪੇ ਆਪਿ ਵਰੱਤਦਾ ਸੰਗਤਿ ਗੁਣ ਗੋਈ

ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀ ਦੂਜੀ ਵਾਰ ਦੀਆਂ ਪਹਿਲੀਆਂ ਪੰਜ ਪਉੜੀਆਂ ਦਾ ਜ਼ਿਕਰ ਅਸੀਂ ਪਿਛਲੇ ਲੇਖ ਵਿਚ ਕਰ ਚੁਕੇ ਹਾਂ। ਅਗਲੀਆਂ ਪਉੜੀਆਂ ਵਿਚ ਵੀ ਉਨ੍ਹਾਂ ਅਕਾਲ ਪੁਰਖ ਦੀ ਸਰਵ-ਵਿਆਪਕਤਾ ਦੀ ਹੀ ਚਰਚਾ ਕੀਤੀ ਹੈ ਅਤੇ ਦੱਸਿਆ ਹੈ ਕਿ ਸਰਵ-ਵਿਆਪਕ ਹੋ ਕੇ ਵੀ ਉਹ ਨਿਰਲੇਪ ਹੈ ਅਤੇ ਰਚਨਾ ਦੀਆਂ ਵੱਖ ਵੱਖ ਵੰਨਗੀਆਂ ਅਨੁਸਾਰ ਉਹ ਭਿੰਨ ਭਿੰਨ ਨਜ਼ਰ ਆਉਂਦਾ ਹੈ ਪਰ ਉਹ ਹੈ ਇੱਕ ਹੀ। ਇਸ ਸਰਵ-ਵਿਆਪਕਤਾ, ਨਿਰਲੇਪਤਾ ਅਤੇ ਅਨੇਕਤਾ ਵਿਚ ਏਕਤਾ ਨੂੰ ਭਾਈ ਗੁਰਦਾਸ ਨੇ ਭਿੰਨ ਭਿੰਨ ਦ੍ਰਿਸ਼ਟਾਂਤਾਂ ਰਾਹੀਂ ਸਮਝਾਇਆ ਹੈ।

ਸੰਗਤ ਦੇ ਅਸਰ ਕਾਰਨ ਇੱਕੋ ਧਾਤੂ ਤਾਂਬਾ ਕਿਸ ਤਰ੍ਹਾਂ ਵੱਖ ਵੱਖ ਰੂਪ ਧਾਰਨ ਕਰ ਲੈਂਦਾ ਹੈ, ਪਹਿਲਾ ਦ੍ਰਿਸ਼ਟਾਂਤ ਭਾਈ ਗੁਰਦਾਸ ਨੇ ਤਾਂਬਾ ਧਾਤੂ ਦਾ ਦਿੱਤਾ ਹੈ। ਭਾਈ ਗੁਰਦਾਸ ਦੱਸਦੇ ਹਨ ਕਿ ਤਾਂਬੇ ਨੂੰ ਜੇ ਕਲੀ ਨਾਲ ਮਿਲਾ ਦਿੱਤਾ ਜਾਵੇ ਤਾਂ ਉਹ ਤਾਂਬਾ ਕੈਂਹ (ਇੱਕ ਧਾਤ ਜਿਸ ਦੇ ਆਮ ਤੌਰ ‘ਤੇ ਭਾਂਡੇ ਬਣਾਏ ਜਾਂਦੇ ਹਨ) ਅਰਥਾਤ ਕਾਂਸੀ ਬਣ ਜਾਂਦਾ ਹੈ। ਪਰ ਉਸੇ ਤਾਂਬੇ ਨੂੰ ਜੇਕਰ ਜਿਸਤ ਨਾਲ ਮਿਲਾ ਦਿੱਤਾ ਜਾਵੇ ਤਾਂ ਉਹ ਇੱਕ ਹੋਰ ਧਾਤ ਪਿੱਤਲ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਉਸੇ ਤਾਂਬੇ ਨੂੰ ਸਿੱਕੇ ਨਾਲ ਮਿਲਾ ਦਿੱਤਾ ਜਾਵੇ ਤਾਂ ਉਸ ਨੂੰ ਭਰਤ ਕਹਿੰਦੇ ਹਨ। ਉਸੇ ਹੀ ਤਾਂਬੇ ਨੂੰ ਜਦੋਂ ਪਾਰਸ ਨਾਮ ਦਾ ਪੱਥਰ ਛੂਹ ਜਾਂਦਾ ਹੈ ਤਾਂ ਉਹ ਸੋਨੇ ਦਾ ਰੂਪ ਧਾਰਨ ਕਰ ਲੈਂਦਾ ਹੈ (ਜਿਸ ਤੋਂ ਕੀਮਤੀ ਗਹਿਣੇ ਘੜੇ ਜਾਂਦੇ ਹਨ)। ਇਸੇ ਤਾਂਬੇ ਨੂੰ ਜਦੋਂ ਸਾੜ ਕੇ ਭਸਮ ਅਰਥਾਤ ਸੁਆਹ ਬਣਾ ਦਿੱਤਾ ਜਾਂਦਾ ਹੈ ਤਾਂ ਇਸ ਭਸਮ ਤੋਂ ਦੁਆਈ ਬਣ ਜਾਂਦੀ ਹੈ (ਜੋ ਕਈ ਰੋਗਾਂ ਦੇ ਇਲਾਜ ਵਿਚ ਕੰਮ ਆਉਂਦੀ ਹੈ। ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਵੀ ਆਯੁਰਵੈਦਿਕ ਦਵਾਈਆਂ ਕਈ ਤਰ੍ਹਾਂ ਦੀਆਂ ਧਾਤਾਂ ਦੀ ਭਸਮ ਤੋਂ ਤਿਆਰ ਹੁੰਦੀਆਂ ਹਨ)। ਇਸੇ ਤਰ੍ਹਾਂ ਉਹ ਇੱਕ ਅਕਾਲ ਪੁਰਖ ਹਰ ਥਾਂ ਵਿਆਪਕ ਹੈ ਪਰ ਲੋਕਾਂ ਦੀ ਸੰਗਤਿ ਅਨੁਸਾਰ ਉਸ ਦੇ ਪ੍ਰਭਾਵ ਵੱਖਰੇ ਨਜ਼ਰ ਆਉਂਦੇ ਹਨ। ਜਦੋਂ ਮਨੁੱਖ ਇਸ ਗੱਲ ਨੂੰ ਸਮਝ ਲੈਂਦਾ ਹੈ ਤਾਂ ਉਸ ਦੀ ਨਿਰਲੇਪਤਾ ਦਾ ਪਤਾ ਲੱਗਦਾ ਹੈ,
ਸੋਈ ਤਾਂਬਾ ਰੰਗ ਸੰਗਿ ਜਿਉ ਕੈਹਾਂ ਹੋਈ।
ਸੋਈ ਤਾਂਬਾ ਜਿਸਤ ਮਿਲਿ ਪਿਤਲ ਅਵਲੋਈ।
ਸੋਈ ਸੀਸੇ ਸੰਗਤੀ ਭੰਗਾਰ ਭੁਲੋਈ।
ਤਾਂਬਾ ਪਾਰਸਿ ਪਰਸਿਆ ਹੋਇ ਕੰਚਨ ਸੋਈ।
ਆਪੇ ਆਪਿ ਵਰੱਤਦਾ ਸੰਗਤਿ ਗੁਣ ਗੋਈ॥੬॥
ਅਗਲੀ ਪਉੜੀ ਵਿਚ ਇਸੇ ਸਰਵ-ਵਿਆਪਕਤਾ, ਸੰਗਤ ਦੇ ਪ੍ਰਭਾਵ ਅਤੇ ਨਿਰਲੇਪਤਾ ਨੂੰ ਜਲ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਹੈ। ਭਾਈ ਸਾਹਿਬ ਬਿਆਨ ਕਰਦੇ ਹਨ ਕਿ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ ਅਤੇ ਉਸ ਨੂੰ ਜਿਸ ਰੰਗ ਨਾਲ ਵੀ ਮਿਲਾ ਦੇਈਏ, ਉਹ ਉਹੋ ਜਿਹਾ ਹੀ ਨਜ਼ਰ ਆਉਂਦਾ ਹੈ। ਮਸਲਨ ਪਾਣੀ ਵਿਚ ਕਾਲਾ ਰੰਗ ਘੋਲ ਦਿੱਤਾ ਜਾਵੇ ਤਾਂ ਪਾਣੀ ਕਾਲੇ ਰੰਗ ਦਾ ਨਜ਼ਰ ਆਉਂਦਾ ਹੈ ਅਤੇ ਜੇ ਉਸ ਨੂੰ ਰੱਤੇ ਭਾਵ ਲਾਲ ਰੰਗ ਨਾਲ ਮਿਲਾ ਦੇਈਏ ਤਾਂ ਲਾਲ ਹੋ ਜਾਂਦਾ ਹੈ। ਪੀਲੇ ਰੰਗ ਵਿਚ ਮਿਲਾਉਣ ਨਾਲ ਉਹ ਪੀਲੇ ਰੰਗ ਜਿਹਾ ਹੀ ਲੱਗਦਾ ਹੈ, ਹਰੇ ਰੰਗ ਵਿਚ ਮਿਲ ਕੇ ਹਰਾ ਹੋ ਜਾਂਦਾ ਹੈ ਅਤੇ ਸਭ ਨੂੰ ਖੁਸ਼ੀ ਦਿੰਦਾ ਹੈ। ਇਸੇ ਤਰ੍ਹਾਂ ਮੌਸਮ ਦੇ ਮੁਤਾਬਿਕ ਗਰਮ ਮੌਸਮ ਵਿਚ ਗਰਮ ਲੱਗਦਾ ਹੈ ਅਤੇ ਠੰਢੇ ਵਿਚ ਠੰਢਾ ਮਹਿਸੂਸ ਹੁੰਦਾ ਹੈ ਅਰਥਾਤ ਪਾਣੀ ਦਾ ਤਾਪਮਾਨ ਮੌਸਮ ਦੇ ਤਾਪਮਾਨ ਅਨੁਸਾਰ ਹੋ ਜਾਂਦਾ ਹੈ। ਸਾਰੇ ਉਹ ਆਪ ਹੀ ਆਪਣੀ ਰਚਨਾ ਦੀਆਂ ਲੋੜਾਂ ਅਨੁਸਾਰ ਵਰਤ ਰਿਹਾ ਹੈ ਪਰ ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਜੋ ਸੁੱਖ ਨਾਲ ਭਰਿਆ ਹੋਇਆ, ਉਸ ਦੀ ਰਜ਼ਾ ਦਾ ਅਨੰਦ ਮਾਣਦਾ ਹੈ, ਉਹ ਇਸ ਭੇਤ ਨੂੰ ਸਮਝਦਾ ਹੈ,
ਪਾਣੀ ਕਾਲੇ ਰੰਗਿ ਵਿਚਿ ਜਿਉ ਕਾਲਾ ਦਿਸੈ।
ਰਤਾ ਰਤੇ ਰੰਗਿ ਵਿਚਿ ਮਿਲਿ ਮੇਲਿ ਸਲਿਸੈ।
ਪੀਲੈ ਪੀਲਾ ਹੋਇ ਮਿਲੈ ਹਿਤੁ ਜੇਹੀ ਵਿਸੈ।
ਸਾਵਾ ਸਾਵੇ ਰੰਗਿ ਮਿਲਿ ਸਭਿ ਰੰਗ ਸਰਿਸੈ।
ਤਤਾ ਠੰਢਾ ਹੋਇ ਕੈ ਹਿਤ ਜਿਸੈ ਤਿਸੈ।
ਆਪੇ ਆਪਿ ਵਰੱਤਦਾ
ਗੁਰਮੁਖਿ ਸੁਖੁ ਜਿਸੈ॥੭॥
ਅੱਠਵੀਂ ਪਉੜੀ ਵਿਚ ਇਸੇ ਤਰ੍ਹਾਂ ਦੇ ਹੋਰ ਦ੍ਰਿਸ਼ਟਾਂਤ ਦਿੱਤੇ ਗਏ ਹਨ। ਮਸਲਨ ਅੱਗ ਦਾ ਅਤੇ ਦੀਵੇ ਦਾ ਦ੍ਰਿਸ਼ਟਾਂਤ ਹੈ। ਅੱਗ ਤੋਂ ਦੀਵਾ ਬਾਲਿਆ ਜਾਂਦਾ ਹੈ ਜਿਸ ਨਾਲ ਹਨੇਰਾ ਚਾਨਣ ਵਿਚ ਬਦਲ ਜਾਂਦਾ ਹੈ ਅਰਥਾਤ ਸਾਰੇ ਰੋਸ਼ਨੀ ਹੋ ਜਾਂਦੀ ਹੈ। ਫਿਰ ਉਸ ਦੀਵੇ ਵਿਚੋਂ ਸਿਆਹੀ ਲੈ ਕੇ (ਪਿਛਲੇ ਸਮਿਆਂ ਵਿਚ ਦੀਵੇ ਦੀ ਲੋਅ ਤੋਂ ਕਾਲਖ ਲੈ ਕੇ ਉਸ ਦੀ ਸਿਆਹੀ ਬਣਾਈ ਜਾਂਦੀ ਸੀ) ਲਿਖਾਰੀ ਲੋਕ ਲਿਖਣ ਦੇ ਕੰਮ ਲਿਆਉਂਦੇ ਹਨ। ਉਸੇ ਦੀਪਕ ਦੀ ਕਾਲਖ ਤੋਂ ਇਸਤਰੀ ਆਪਣੀਆਂ ਅੱਖਾਂ ਵਾਸਤੇ ਕੱਜਲ ਤਿਆਰ ਕਰਦੀ ਹੈ। ਇਸ ਤਰ੍ਹਾਂ ਭਲੇ ਨਾਲ ਮਿਲ ਕੇ ਭਲਾ ਕੰਮ ਹੁੰਦਾ ਹੈ ਅਤੇ ਬੁਰੇ ਨਾਲ ਮਿਲ ਕੇ ਬੁਰਾ ਹੁੰਦਾ ਹੈ। ਇਹ ਸਭ ਚੀਜ਼ਾਂ ਦੇ ਸੁਭਾਅ ਅਨੁਸਾਰ ਵਾਪਰਦਾ ਹੈ। ਉਸੇ ਹੀ ਸਿਆਹੀ ਨਾਲ ਅਕਾਲ ਪੁਰਖ ਦੀ ਉਸਤਤਿ ਲਿਖੀ ਜਾਂਦੀ ਹੈ ਅਤੇ ਦਫਤਰੀ ਉਸੇ ਸਿਆਹੀ ਨਾਲ ਲੇਖਾ-ਜੋਖਾ ਲਿਖਦਾ ਹੈ, ਹਿਸਾਬ ਕਿਤਾਬ ਲਿਖਦਾ ਹੈ। ਇਸ ਤੱਥ ਦਾ ਅਨੁਭਵ ਕਿ ਉਹ ਅਕਾਲ ਪੁਰਖ ਆਪ ਹੀ ਸਾਰੇ ਵਰਤ ਰਿਹਾ ਹੈ, ਸਿਰਫ ਗੁਰਮੁਖਿ, ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਨੂੰ ਹੁੰਦਾ ਹੈ,
ਦੀਵਾ ਬਲੈ ਬੈਸੰਤਰਹੁ ਚਾਨਣੁ ਅਨ੍ਹੇਰੇ।
ਦੀਪਕ ਵਿਚਹੁੰ ਮਸੁ ਹੋਇ ਕੰਮ ਆਇ ਲਿਖੇਰੇ।
ਕਜਲੁ ਹੋਵੈ ਕਾਮਣੀ ਸੰਗਿ ਭਲੇ ਭਲੇਰੇ।
ਮਸਵਾਣੀ ਹਰਿ ਜਸੁ ਲਿਖੈ ਦਫਤਰ ਅਗਲੇਰੇ।
ਆਪੇ ਆਪਿ ਵਰੱਤਦਾ ਗੁਰਮੁਖਿ ਚਉਫੇਰੇ॥੮॥
ਭਾਈ ਗੁਰਦਾਸ ਦੀਆਂ ਰਚਨਾਵਾਂ, ਖਾਸ ਕਰਕੇ ਉਨ੍ਹਾਂ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਸਿਧਾਂਤਾਂ ਦੀ ਵਿਆਖਿਆ ਸਰਲ ਬੋਲੀ ਵਿਚ ਕੀਤੀ ਹੈ। ਅਕਾਲ ਪੁਰਖ ਦੀ ਸਰਵ-ਵਿਆਪਕਤਾ ਅਤੇ ਨਿਰਲੇਪਤਾ, ਜਿਸ ਦੀ ਵਿਆਖਿਆ ਉਪਰ ਭਾਈ ਸਾਹਿਬ ਨੇ ਆਮ ਜ਼ਿੰਦਗੀ ਵਿਚੋਂ ਕਈ ਕਿਸਮ ਦੇ ਦ੍ਰਿਸ਼ਟਾਂਤ ਜਿਵੇਂ ਤਾਂਬਾ, ਦੀਪਕ ਅਤੇ ਪਾਣੀ ਆਦਿ ਲੈ ਕੇ ਕੀਤੀ ਹੈ, ਉਸੇ ਦਾ ਜ਼ਿਕਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਹੁਤ ਥਾਂਵਾਂ ‘ਤੇ ਪ੍ਰਾਪਤ ਹੁੰਦਾ ਹੈ।
ਬਾਣੀ ਦਾ ਮੁੱਖ ਵਿਸ਼ਾ ਹੀ ਅਕਾਲ ਪੁਰਖ ਦੇ ਗੁਣ, ਆਪਣੇ ਆਪ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਅਤੇ ਇਸ ਵਿਚ ਵਿਅਪਕ ਹੋ ਕੇ ਵੀ ਇਸ ਤੋਂ ਨਿਰਲੇਪ ਹੋਣਾ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਿਆਂ ਆਪਣੇ ਸੋਮੇ ਦਾ ਅਨੁਭਵ ਕਰਨਾ ਹੈ। ਗੁਰੂ ਨਾਨਕ ਉਸ ਅਕਾਲ ਪੁਰਖ ਵੱਲੋਂ ਆਪਣੇ ਆਪ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਅਤੇ ਉਸ ਦੀ ਸਰਵ-ਵਿਆਪਕਤਾ ਦਾ ਬਿਆਨ ਕਰਦੇ ਹਨ। ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਉਹ ਸਭ ਦਾ ਮਾਲਕ ਅਕਾਲ ਪੁਰਖ ਪਿਆਰ ਵਿਚ ਰੰਗਿਆ ਹੋਇਆ ਹੈ ਅਤੇ ਆਪਣੀ ਰਚਨਾ ਵਿਚ ਪੂਰੀ ਤਰ੍ਹਾਂ ਵਿਆਪਕ ਹੈ। ਉਹ ਕਰਤਾ ਪੁਰਖ ਆਪ ਹੀ ਰਸ-ਭਰਿਆ ਪਦਾਰਥ ਹੈ ਅਤੇ ਆਪ ਹੀ ਉਸ ਵਿਚ ਵਿਆਪਕ ਰਸ ਹੈ ਅਤੇ ਆਪ ਹੀ ਉਸ ਰਸ ਦਾ ਅਨੰਦ ਮਾਣਨ ਵਾਲਾ ਹੈ। ਅਕਾਲ ਪੁਰਖ ਆਪ ਹੀ ਇਸਤਰੀ ਹੈ ਅਤੇ ਫਿਰ ਆਪ ਹੀ ਉਸ ਦੀ ਸੇਜ ਦਾ ਅਨੰਦ ਮਾਣਨ ਵਾਲਾ ਉਸ ਦਾ ਪਤੀ ਹੈ। ਅੱਗੇ ਦੱਸਦੇ ਹਨ ਕਿ ਅਕਾਲ ਪੁਰਖ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ ਅਤੇ ਆਪ ਹੀ ਜਿਸ ਪਾਣੀ ਵਿਚ ਮੱਛੀ ਰਹਿੰਦੀ ਹੈ, ਪਾਣੀ ਹੈ। ਕਰਤਾਰ ਆਪ ਹੀ ਉਹ ਜਾਲ ਹੈ ਜਿਸ ਵਿਚ ਮੱਛੀ ਨੇ ਪਕੜੀ ਜਾਣਾ ਹੈ, ਆਪ ਹੀ ਉਸ ਜਾਲ ਦੇ ਮਣਕੇ ਹੈ ਅਤੇ ਆਪ ਹੀ ਲਾਲ ਹੈ (ਲਾਲ ਪੁਰਾਣੀਆਂ ਕਹਾਣੀਆਂ ਅਨੁਸਾਰ ਮੱਛੀ ਦੇ ਪੇਟ ਵਿਚੋਂ ਨਿਕਲਦਾ ਹੈ। ਇਸ ਦਾ ਇੱਕ ਅਰਥ ਜਾਲ ਵਿਚ ਰੱਖੀ ਉਹ ਮਾਸ ਦੀ ਬੋਟੀ ਵੀ ਕੀਤਾ ਮਿਲਦਾ ਹੈ ਜਿਸ ਤੋਂ ਪ੍ਰੇਰਤ ਹੋ ਕੇ ਮੱਛੀ ਜਾਲ ਵੱਲ ਆਉਂਦੀ ਹੈ)। ਉਹ ਅਕਾਲ ਪੁਰਖ ਆਪ ਹੀ ਅਨੇਕ ਤਰ੍ਹਾਂ ਨਾਲ ਚੋਜ ਤਮਾਸ਼ੇ ਕਰਦਾ ਹੈ। ਭਾਗਾਂ ਵਾਲੇ ਵਿਅਕਤੀ ਉਸ ਦਾ ਅਨੁਭਵ ਕਰ ਲੈਂਦੇ ਹਨ, ਉਸ ਦਾ ਦੀਦਾਰ ਕਰ ਲੈਂਦੇ ਹਨ ਪਰ ਕਈ ਭਾਗਹੀਣ ਵਿਅਕਤੀ ਇਸ ਅਨੁਭਵ ਤੋਂ ਵਿਰਵੇ ਰਹਿ ਜਾਂਦੇ ਹਨ। ਗੁਰੂ ਨਾਨਕ ਹਰ ਥਾਂ ਵਿਆਪਕ ਉਸ ਵਾਹਿਗੁਰੂ ਅੱਗੇ ਦੀਦਾਰ ਲਈ ਅਰਦਾਸ ਕਰਦੇ ਹਨ ਕਿ ਤੂੰ ਆਪ ਹੀ ਸਰੋਵਰ ਹੈਂ, ਆਪ ਹੀ ਉਸ ਵਿਚ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੋਸ਼ਨੀ ਵਿਚ ਖਿੜਨ ਵਾਲਾ ਕੰਵਲ ਫੁੱਲ ਵੀ ਤੂੰ ਆਪ ਹੀ ਹੈਂ ਅਤੇ ਚੰਨ ਦੀ ਚਾਨਣੀ ਵਿਚ ਖਿੜਨ ਵਾਲਾ ਪਾਣੀ ਦਾ ਬੂਟਾ ਕਮੀਆ ਵੀ ਤੂੰ ਹੀ ਹੈਂ। ਆਪਣੇ ਇਸ ਜਮਾਲ ਅਤੇ ਜਲਾਲ ਨੂੰ ਦੇਖ ਕੇ ਖੁਸ਼ ਹੋਣ ਵਾਲਾ ਵੀ ਤੂੰ ਆਪ ਹੀ ਹੈਂ,
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥
ਆਵੇ ਹੋਵੈ ਚੋਲੜਾ ਆਪੇ ਸੇਜ ਭਤਾਰੁ॥੧॥
ਰੰਗਿ ਰਤਾ ਮੇਰਾ ਸਾਹਿਬੁ
ਰਵਿ ਰਹਿਆ ਭਰਪੂਰਿ੧॥ਰਹਾਉ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ॥
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ॥
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ॥੩॥
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ॥
ਕਉਲੁ ਤੂ ਹੈ ਕਵੀਆ ਤੂ ਹੈ
ਆਪੇ ਵੇਖਿ ਵਿਗਸੁ॥੪॥੨੫॥ (ਪੰਨਾ ੨੩)
ਅਗਲੀ ਪਉੜੀ ਵਿਚ ਭਾਈ ਗੁਰਦਾਸ ਬੀਜ ਅਤੇ ਬਿਰਛ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਧਰਤੀ ਵਿਚ ਬੀਜ ਬੀਜਿਆ ਜਾਂਦਾ ਹੈ ਜਿਸ ਤੋਂ ਦਰੱਖਤ ਉਗਦਾ ਹੈ ਅਤੇ ਫਿਰ ਉਹ ਫੈਲਦਾ ਹੈ। ਉਸ ਦਰੱਖਤ ਦੀ ਜੜ ਜ਼ਮੀਨ ਦੇ ਅੰਦਰ ਹੈ, ਤਣਾ ਜ਼ਮੀਨ ਤੋਂ ਬਾਹਰ ਹੈ ਅਤੇ ਟਾਹਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹਨ। ਦਰੱਖਤ ਵਧਦਾ ਫੁੱਲਦਾ ਹੈ, ਉਸ ਨੂੰ ਪੱਤੇ ਲੱਗਦੇ ਹਨ, ਫੁੱਲ ਲਗਦੇ ਹਨ ਅਤੇ ਫਿਰ ਫਲ ਪੈਂਦੇ ਹਨ; ਉਹ ਬਹੁਤ ਸਾਰੇ ਰੰਗ ਬਖੇਰਦਾ ਅਤੇ ਕਈ ਤਰ੍ਹਾਂ ਦੀਆਂ ਸੁਗੰਧੀਆਂ ਛੱਡਦਾ ਹੈ। ਇਸ ਦੇ ਫੁੱਲਾਂ ਅਤੇ ਫਲਾਂ ਵਿਚ ਸੁਗੰਧੀ ਪੈਦਾ ਹੁੰਦੀ ਹੈ, ਕਈ ਤਰ੍ਹਾਂ ਦੇ ਰਸ ਪੈਦਾ ਹੁੰਦੇ ਹਨ ਅਤੇ ਇਹ ਇੱਕ ਬੀਜ ਤੋਂ ਵੱਡਾ ਪਰਿਵਾਰ ਬਣ ਜਾਂਦਾ ਹੈ। ਇਸੇ ਫਲ ਦੇ ਵਿਚ ਫਿਰ ਹੋਰ ਬੀਜ ਪੈਦਾ ਹੁੰਦੇ ਹਨ ਜੋ ਅੱਗੋਂ ਅਨੇਕਾਂ ਫੁੱਲਾਂ ਅਤੇ ਫਲਾਂ ਨੂੰ ਪੈਦਾ ਕਰਨ ਦਾ ਸੋਮਾ ਬਣਦੇ ਹਨ। ਅਕਾਲ ਪੁਰਖ ਦੇ ਇਸ ਵਰਤਾਰੇ ਨੂੰ ਸਮਝ ਕੇ ਕਿ ਉਹ ਆਪ ਹੀ ਸਭ ਉਤਪਤੀ ਦਾ ਸੋਮਾ ਹੈ ਅਤੇ ਆਪ ਹੀ ਸਭ ਵਿਚ ਵਿਆਪਕ ਹੈ, ਗੁਰਮੁਖ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਵਿਅਕਤੀ ਮੁਕਤੀ ਪ੍ਰਾਪਤ ਕਰਦਾ ਹੈ,
ਬਿਰਖੁ ਹੋਵੈ ਬੀਉ ਬੀਜੀਐ ਕਰਦਾ ਪਾਸਾਰਾ।
ਜੜ ਅੰਦਰਿ ਪੇਡ ਬਾਹਰਾ ਬਹੁ ਡਾਲ ਬਿਸਥਾਰਾ।
ਪਤ ਫੁਲ ਫਲ ਫਲੀਦਾ ਰਸ ਰੰਗ ਸਵਾਰਾ।
ਵਾਸੁ ਨਿਵਾਸੁ ਉਲਾਸੁ ਕਰਿ
ਹੋਇ ਵਡ ਪਰਵਾਰਾ।
ਫਲ ਵਿਚਿ ਬੀਉ ਸੰਜੀਉ
ਹੋਇ ਫਲ ਫਲੇ ਹਜਾਰਾ।
ਆਪੇ ਆਪਿ ਵਰੱਤਦਾ ਗੁਰਮੁਖਿ ਨਿਸਤਾਰਾ॥੯॥
ਦਸਵੀਂ ਪਉੜੀ ਵਿਚ ਭਾਈ ਗੁਰਦਾਸ ਕਪਾਹ, ਉਸ ਤੋਂ ਬਣੇ ਸੂਤ ਅਤੇ ਫਿਰ ਸੂਤ ਨੂੰ ਬੁਣ ਕੇ ਵੱਖ ਵੱਖ ਕੱਪੜਿਆਂ ਦਾ ਰੂਪ ਦਿੱਤੇ ਜਾਣ ਦਾ ਜ਼ਿਕਰ ਕਰਦੇ ਹਨ। ਕਪਾਹ ਤੋਂ ਸੂਤ ਕੱਤਿਆ ਜਾਂਦਾ ਹੈ ਅਤੇ ਫਿਰ ਸੂਤ ਦਾ ਤਾਣਾ-ਬਾਣਾ ਤਣ ਕੇ ਕੱਪੜਾ ਬੁਣਿਆ ਜਾਂਦਾ ਹੈ। ਇਸ ਕੱਪੜੇ ਦੇ ਅੱਗੋਂ ਕਈ ਨਾਮ ਰੱਖੇ ਜਾਂਦੇ ਹਨ ਜਿਵੇਂ ਚਾਰ ਤਾਰਾਂ ਜਾਂ ਧਾਗਿਆਂ ਤੋਂ ਬਣਨ ਵਾਲੇ ਨੂੰ (ਚਾਰ ਤਾਰਾਂ ਜਾਂ ਧਾਗੇ ਇਕੱਠੇ ਕਰਕੇ ਬੁਣਨ ਨੂੰ) ਚਉਸੀ ਤੇ ਚਉਤਾਰ ਕਹਿੰਦੇ ਹਨ ਅਤੇ ਇੱਕ ਹੋਰ ਹੈ ਜਿਸ ਨੂੰ ਗੰਗਾਜਲੀ ਕਰਕੇ ਜਾਣਿਆ ਜਾਂਦਾ ਹੈ। ਇਹ ਕੱਪੜਾ ਕਈ ਕਿਸਮ ਦਾ ਹੁੰਦਾ ਹੈ ਜਿਵੇਂ ਖਾਸਾ, ਮਲਮਲ, ਸਿਰੀਸਾਫ ਆਦਿ ਜਿਸ ਤੋਂ ਤਨ ਨੂੰ ਸੁੱਖ ਮਿਲਦਾ ਹੈ ਅਤੇ ਮਨ ਨੂੰ ਚੰਗਾ ਲੱਗਦਾ ਹੈ। ਇਸ ਤੋਂ ਕਈ ਕਿਸਮ ਦੇ ਵਸਤਰ ਬਣਾਏ ਜਾਂਦੇ ਹਨ ਜਿਵੇਂ ਪੱਗ, ਇਸਤਰੀਆਂ ਦੇ ਸਿਰ ‘ਤੇ ਲੈਣ ਲਈ ਦੁਪੱਟਾ, ਕੁੜਤਾ, ਕਮਰਬੰਦ (ਲੱਕ ਦੁਆਲੇ ਪਾਉਣ ਲਈ)। ਇਸ ਤਰ੍ਹਾਂ ਕਈ ਨਾਂਵਾਂ ਦੇ ਪ੍ਰਮਾਣ ਦਿੱਤੇ ਜਾਂਦੇ ਹਨ। ਕਪਾਹ ਵੀ ਉਹੀ ਹੈ, ਸੂਤ ਵੀ ਉਹੀ ਹੈ ਪਰ ਕਿਸਮਾਂ, ਆਕਾਰ, ਵਸਤਰ ਭਿੰਨ ਭਿੰਨ ਹਨ। ਇਸੇ ਤਰ੍ਹਾਂ ਅਕਾਲ ਪੁਰਖ ਵੀ ਭਿੰਨਤਾ ਵਿਚ ਏਕਤਾ ਹੈ ਅਤੇ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਉਸ ਦੇ ਪ੍ਰੇਮ ਦਾ ਰੰਗ ਮਾਣਦੇ ਹਨ,
ਹੋਵੈ ਸੂਤੁ ਕਪਾਹ ਦਾ ਕਰਿ ਤਾਣਾ ਵਾਣਾ।
ਸੂਤਹੁ ਕਪੜੁ ਜਾਣੀਐ ਆਖਾਣ ਵਖਾਣਾ।
ਚਉਸੀ ਤੈ ਚਉਤਾਰ ਹੋਇ ਗੰਗਾ ਜਲੁ ਜਾਣਾ।
ਖਾਸਾ ਮਲਮਲ ਸਿਰੀਸਾਫੁ
ਤਨ ਸੁਖ ਮਨਿ ਭਾਣਾ।
ਪਗ ਦੁਪਟਾ ਚੋਲਣਾ ਪਟੁਕਾ ਪਰਵਾਣਾ।
ਆਪੇ ਆਪਿ ਵਰੱਤਦਾ
ਗੁਰਮੁਖਿ ਰੰਗ ਮਾਣਾ॥੧੦॥
ਪੰਚਮ ਪਾਤਿਸ਼ਾਹ ਹਜ਼ੂਰ ਅਕਾਲ ਪੁਰਖ ਦੇ ਉਤਪਤੀ ਦਾ ਸੋਮਾ ਹੋਣ, ਅਨੇਕਤਾ ਵਿਚ ਏਕਤਾ ਅਤੇ ਨਿਰਲੇਪਤਾ ਦਾ ਬਿਆਨ ਕਰਦੇ ਹਨ ਕਿ ਉਹ ਅਕਾਲ ਪੁਰਖ ਅਨੇਕ ਤਰ੍ਹਾਂ ਦੀ ਰਚਨਾ ਵਿਚ ਨਜ਼ਰ ਆਉਂਦਾ ਹੈ ਅਤੇ ਰਚਨਾ ਦੇ ਅਨੇਕਾਂ ਰੂਪ ਨਸ਼ਟ ਹੁੰਦੇ ਰਹਿੰਦੇ ਹਨ ਪਰ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਅਤੇ ਕਿੱਥੇ ਚਲਾ ਗਿਆ। ਜਿਸ ਤਰ੍ਹਾਂ ਇੱਕ ਬਾਜੀਗਰ ਬਾਜੀ ਪਾਉਂਦਾ ਹੈ ਅਤੇ ਕਈ ਤਰ੍ਹਾਂ ਦੇ ਸਵਾਂਗ ਰਚਦਾ ਹੈ, ਅਨੇਕਾਂ ਰੂਪ ਦਿਖਾਉਂਦਾ ਹੈ; ਇਸੇ ਤਰ੍ਹਾਂ ਅਕਾਲ ਪੁਰਖ ਨੇ ਆਪਣੀ ਰਚਨਾ ਦਾ ਤਮਾਸ਼ਾ ਰਚਿਆ ਹੋਇਆ ਹੈ। ਜਦੋਂ ਉਹ ਆਪਣੀ ਜਗਤ ਰੂਪੀ ਖੇਡ ਦਿਖਾ ਕੇ ਇਸ ਪਸਾਰੇ ਨੂੰ ਰੋਕ ਦਿੰਦਾ ਹੈ ਤਾਂ ਉਹ ਆਪ ਹੀ ਆਪ ਰਹਿ ਜਾਂਦਾ ਹੈ। ਪਾਣੀ ਤੋਂ ਅਨੇਕਾਂ ਤਰੰਗਾਂ ਉਠਦੀਆਂ ਹਨ ਅਤੇ ਫਿਰ ਪਾਣੀ ਵਿਚ ਹੀ ਸਮਾ ਜਾਂਦੀਆਂ ਹਨ। ਸੋਨੇ ਤੋਂ ਅਨੇਕਾਂ ਗਹਿਣੇ ਘੜੇ ਜਾਂਦੇ ਹਨ ਪਰ ਅਸਲ ਵਿਚ ਉਹ ਸੋਨਾ ਹੀ ਹੁੰਦਾ ਹੈ। ਕਿਸੇ ਰੁੱਖ ਦਾ ਜਦੋਂ ਬੀ ਬੀਜਿਆ ਜਾਂਦਾ ਹੈ ਤਾਂ ਦਰੱਖਤ ਦੀ ਸ਼ਕਲ ਵਿਚ ਉਹ ਸ਼ਾਖਾਂ, ਪੱਤੇ, ਫੁੱਲ ਅਤੇ ਫਲ ਆਦਿ ਦੇ ਕਿੰਨੇ ਰੂਪ ਧਾਰਦਾ ਹੈ। ਜਦੋਂ ਫਲ ਪੱਕਦਾ ਹੈ ਤਾਂ ਉਹ ਫਿਰ ਆਪਣਾ ਪਹਿਲਾ ਬੀਜ ਦਾ ਸਰੂਪ ਧਾਰ ਲੈਂਦਾ ਹੈ। ਇੱਕੋ ਅਕਾਸ਼ ਦਾ ਅਕਸ ਪਾਣੀ ਦੇ ਵੱਖ ਵੱਖ ਘੜਿਆਂ ਵਿਚ ਵੱਖਰਾ ਵੱਖਰਾ ਨਜ਼ਰ ਆਉਂਦਾ ਹੈ ਪਰ ਜਦੋਂ ਘੜੇ ਟੁੱਟ ਜਾਂਦੇ ਹਨ ਤਾਂ ਆਕਾਸ਼ ਆਪਣੇ ਅਸਲੀ ਰੂਪ ਵਿਚ ਆ ਜਾਂਦਾ ਹੈ। ਇਸੇ ਤਰ੍ਹਾਂ ਲੋਭ, ਮੋਹ ਆਦਿ ਵਿਕਾਰਾਂ ਦੇ ਪੈਦਾ ਕੀਤੇ ਹੋਏ ਮਾਇਆ ਦੇ ਭਰਮ ਕਾਰਨ ਉਹ ਅਕਾਲ ਪੁਰਖ ਵੱਖ ਵੱਖ ਨਜ਼ਰ ਆਉਂਦਾ ਹੈ ਪਰ ਜਦੋਂ ਭਰਮ ਦਾ ਪਰਦਾ ਹਟ ਜਾਂਦਾ ਹੈ ਤਾਂ ਉਹ ਇੱਕ ਹੀ ਨਜ਼ਰ ਆਉਂਦਾ ਹੈ। ਉਹ ਅਕਾਲ ਪੁਰਖ ਅਬਿਨਾਸ਼ੀ ਹੈ ਜੋ ਨਸ਼ਟ ਨਹੀਂ ਹੁੰਦਾ। ਇਸ ਲਈ ਉਹ ਨਾ ਜੰਮਦਾ ਹੈ ਅਤੇ ਨਾ ਮਰਦਾ ਹੈ। ਗੁਰੂ ਰਾਹੀਂ ਜਦੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ਤਾਂ ਉਸ ਨੂੰ ਅਨੁਭਵ ਕਰਨ ਵਾਲੀ ਉਚੀ ਅਵਸਥਾ ਪ੍ਰਾਪਤ ਹੁੰਦੀ ਹੈ,
ਬਾਜੀਗਰ ਜੈਸੇ ਬਾਜੀ ਪਾਈ॥
ਨਾਨਾ ਰੂਪ ਭੇਖ ਦਿਖਲਾਈ॥
ਸਾਂਗ ਉਤਾਰਿ ਥੰਮ੍ਹਿਓ ਪਾਸਾਰਾ॥
ਤਬ ਏਕੈ ਏਕੰਕਾਰਾ॥੧॥
ਕਵਨ ਰੂਪ ਦਿਸਟਇਓ ਬਿਨਸਾਇਓ॥
ਕਤਹਿ ਗਇਓ ਉਹੁ
ਕਤ ਤੇ ਆਇਓ॥੧॥ਰਹਾਉ॥
ਜਲ ਤੇ ਊਠਹਿ ਅਨਿਕ ਤਰੰਗਾ॥
ਕਨਿਕ ਭੂਖਨ ਕੀਨੇ ਬਹੁ ਰੰਗਾ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥
ਫਲ ਪਾਕੇ ਤੇ ਏਕੰਕਾਰਾ॥੨॥
ਸਹਸ ਘਟਾ ਮਹਿ ਏਕੁ ਆਕਾਸੁ॥
ਘਟ ਫੂਟੇ ਤੇ ਓਹੀ ਪ੍ਰਗਾਸੁ॥
ਭਰਮ ਲੋਭ ਮੋਹ ਮਾਇਆ ਵਿਕਾਰ॥
ਭ੍ਰਮ ਛੂਟੇ ਤੇ ਏਕੰਕਾਰ॥
ਓਹੁ ਅਬਿਨਾਸੀ ਬਿਨਸਤ ਨਾਹੀ॥
ਨਾ ਕੋ ਆਵੈ ਨਾ ਕੋ ਜਾਹੀ॥
ਗੁਰਿ ਪੂਰੈ ਹਉਮੈ ਮਲੁ ਧੋਈ॥
ਕਹੁ ਨਾਨਕ ਮੇਰੀ ਪਰਮ ਗਤਿ ਹੋਈ॥੪॥੧॥ (ਪੰਨਾ ੭੩੬)