ਸਿੱਖ ਰਾਜ ਦੇ ਪੰਜਾਬ ਦੀਆਂ ਵਿਦਿਅਕ ਸਿਖਰਾਂ

-ਗੁਲਜ਼ਾਰ ਸਿੰਘ ਸੰਧੂ
ਆਮ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਸਮੇਂ ਪੰਜਾਬੀ ਨਾਲੋਂ ਫਾਰਸੀ ਨੂੰ ਚੰਗੇਰੀ ਪਦਵੀ ਦੇਣ ਕਾਰਣ ਨਿੰਦਿਆ ਜਾਂਦਾ ਹੈ। ਪਰ ਕਰਾਚੀ ਤੋਂ ਛਪਦੇ ‘ਡਾਅਨ’ ਨੇ ਖੁਲਾਸਾ ਕੀਤਾ ਹੈ ਕਿ ਸਿੱਖ ਰਾਜ ਸਮੇਂ ਪੰਜਾਬ ਦੁਨੀਆਂ ਵਿਚ ਸਭ ਤੋਂ ਵਧ ਪੜ੍ਹਿਆ-ਲਿਖਿਆ ਹੁੰਦਾ ਸੀ। ਮੰਨੇ ਪ੍ਰਮੰਨੇ ਭਾਸ਼ਾ-ਵਿਗਿਆਨੀ ਤੇ ਪੰਜਾਬ ਯੂਨੀਵਰਸਟੀ ਦੇ ਬਾਨੀ ਜੀæਡਲਲਿਊæ ਲੀਅਟਨਰ ਦੀ 1882 ਵਿਚ ਲਿਖੀ ਪੁਸਤਕ ਦੱਸਦੀ ਹੈ ਕਿ ਲਾਹੌਰ ਵਿਚ ਤਕਨੀਕੀ ਸਿੱਖਿਆ, ਗਣਿਤ, ਤਰਕ ਤੇ ਭਾਸ਼ਾਵਾਂ ਤੋਂ ਬਿਨਾਂ ਚਿੱਤਰਕਲਾ, ਦਸਤਕਾਰੀ, ਭਵਨ ਉਸਾਰੀ ਤੇ ਕਲਮਕਾਰੀ ਦੇ ਵਿਸ਼ੇਸ਼ ਸਕੂਲ ਸਨ।

ਕੁੜੀਆਂ ਲਈ 18 ਸਕੂਲ ਇਨ੍ਹਾਂ ਤੋਂ ਵੱਖਰੇ ਸਨ। ਕਾਇਦੇ ਤੇ ਬਾਲ ਪੁਸਤਕਾਂ ਤਹਿਸੀਲਦਾਰਾਂ ਰਾਹੀਂ ਪਿੰਡਾਂ ਵਿਚ ਪਹੁੰਚਾਏ ਜਾਂਦੇ ਸਨ, ਖਾਸ ਕਰਕੇ ਸੁਆਣੀਆਂ ਲਈ। ਸੰਨ 1857 ਤੋਂ ਪਿਛੋਂ ਗੋਰਿਆਂ ਨੇ ਭਾਰਤੀ ਵਿਦਿਆ ਨਾਲ ਸਬੰਧਤ ਪਾਠ ਪੁਸਤਕਾਂ ਸਾੜਨ ਲਈ ਘਰ ਘਰ ਛਾਪੇ ਮਾਰੇ ਤੇ ਇਨ੍ਹਾਂ ਦੀਆਂ ਧੂਣੀਆਂ ਬਾਲੀਆਂ। ਉਨ੍ਹਾਂ ਦੇ ਵਿਚਾਰ ਅਨੁਸਾਰ 1857 ਦੇ ਸੁਤੰਤਰਤਾ ਸੰਗ੍ਰਾਮ ਦੀਆਂ ਜੜ੍ਹਾਂ ਵਿਦਿਆ ਵਿਚ ਸਨ। ਵਿਦਿਆਰਥੀਆਂ ਦੀ ਗਿਣਤੀ 3,30,000 ਤੋਂ ਘਟ ਕੇ 1,90,000 ਰਹਿ ਗਈ।
ਲੇਖਕ ਅਨੁਸਾਰ ਮਸੀਤਾਂ, ਮੰਦਰ ਤੇ ਗੁਰਦੁਆਰੇ ਵਿਦਿਆ ਦਾ ਕੇਂਦਰ ਹੋਣ ਕਾਰਨ ਸਕੂਲਾਂ ਲਈ ਥਾਂਵਾਂ ਲੱਭਣ ਤੇ ਇਮਾਰਤਾਂ ਉਸਾਰਨ ਦੀ ਲੋੜ ਨਹੀਂ ਸੀ। ਅਧਿਆਪਕਾਂ ਨੂੰ ਤਨਖਾਹ ਅਨਾਜ ਦੇ ਰੂਪ ਵਿਚ ਦਿੱਤੀ ਜਾਂਦੀ ਸੀ। ਸਿਆਲਕੋਟ ਦੇ ਅਧਿਆਪਕ, ਜਿਨ੍ਹਾਂ ਨੇ ਅਲਾਮਾ ਇਕਬਾਲ ਤੇ ਫੈਜ਼ ਅਹਿਮਦ ਫੈਜ਼ ਪੈਦਾ ਕੀਤੇ, ਸਭ ਤੋਂ ਵੱਧ ਤਨਖਾਹ ਲੈਂਦੇ ਸਨ। ਜਿੰਨਾ ਪੈਸਾ ਈਸਟ ਇੰਡੀਆ ਕੰਪਨੀ ਬਾਕੀ ਦੇ ਸਾਰੇ ਹਿੰਦੁਸਤਾਨ ਉਤੇ ਖਰਚ ਕਰਦੀ ਸੀ, ਮਹਾਰਾਜਾ ਰਣਜੀਤ ਸਿੰਘ ਆਪਣੇ ਪੰਜਾਬ ਵਿਚ ਖਰਚ ਦਿੰਦਾ ਸੀ। ਲੀਅਟਨਰ ਅਨੁਸਾਰ ਪੰਜਾਬ ਦਾ ਵਿਦਿਅਕ ਗੁੱਡਾ ਬੰਨ੍ਹਣ ਵਿਚ ਔਰਤਾਂ ਤੇ ਧਰਮ ਅਸਥਾਨਾਂ, ਖਾਸ ਕਰਕੇ ਮਸੀਤਾਂ ਦਾ ਵਿਸ਼ੇਸ਼ ਯੋਗਦਾਨ ਸੀ।
ਬਰਜਿੰਦਰ ਸਿੰਘ ਹਮਦਰਦ ਦੀ ਅੱਠਵੀਂ ਸੰਗੀਤ ਐਲਬਮ: ਪਿਛਲੇ ਐਤਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਵਿਚ ਪੰਜਾਬ ਦੇ ਰਾਜਪਾਲ ਸ਼੍ਰੀ ਵੀæ ਪੀæ ਸਿੰਘ ਬਦਨੌਰ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮਾਲਕ ਸੰਪਾਦਕ ਡਾæ ਬਰਜਿੰਦਰ ਸਿੰਘ ਹਮਦਰਦ ਦੀ ਅਠਵੀਂ ਸੰਗੀਤ ਐਲਬਮ Ḕਆਸਥਾ’ ਰਿਲੀਜ਼ ਕੀਤੀ। ਨਵੇਂ ਗੀਤ ਆਤਮਕ ਤੇ ਅਧਿਆਤਮਕ ਸ਼ਕਤੀ ਦੇਣ ਵਾਲੇ ਹਨ। Ḕਹਮ ਕੋ ਮਨ ਕੀ ਸ਼ਕਤੀ ਦੇਨਾ’, Ḕਗਰਜ ਬਰਸ ਪਿਆਸੀ ਧਰਤੀ ਕੋ’ ਤੇ Ḕਐ ਮਾਲਕ ਤੇਰੇ ਬੰਦੇ ਹਮ’ ਆਦਿ ਮੁਖੜੇ ਧਾਰਮਕ, ਸਮਾਜਕ, ਪਰਿਵਾਰਕ ਤੇ ਰਾਜਨੀਤਕ ਝਮੇਲਿਆਂ ਵਿਚ ਉਲਝੀ ਮਾਨਵਤਾ ਨੂੰ ਸਕੂਨ ਦੇਣ ਵਾਲੇ ਹਨ। Ḕਸਰਫਰੋਸ਼ੀ ਕੀ ਤਮੰਨਾ’, Ḕਮੇਰਾ ਰੰਗ ਦੇ ਬਸੰਤੀ ਚੋਲਾ’ ਤੇ ‘ਖੁਦ ਜੀਏਂ ਸਭ ਕੋ ਜੀਨਾ ਸਿਖਾਏਂ’ ਦੀ ਕੋਰੀਓਗ੍ਰਾਫੀ ਪੇਸ਼ ਕਰਨ ਵਾਲੇ ਮੁੰਡੇ ਕੁੜੀਆਂ ਦੀਆਂ ਪੋਸ਼ਾਕਾਂ ਤੇ ਅੰਦਾਜ਼ ਦਿਲ ਦੀ ਧੁਰ ਅੰਦਰਲੀਆਂ ਤਰਜ਼ਾਂ ਤੇ ਪ੍ਰਭਾਵ ਪਾਉਣ ਵਾਲੇ ਸਨ। Ḕਮੈਂ ਤੁਮ ਕੋ ਵਿਸ਼ਵਾਸ ਦੂੰ’ ਜਾਂ Ḕਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ’ ਦੀ ਪੇਸ਼ਕਾਰੀ ਲਈ ਵਿਦਿਆਰਥੀਆਂ ਨੇ ਭੰਗੜੇ ਤੇ ਵਰਤਮਾਨ ਲੋਕ ਨਾਚਾਂ ਦੀ ਵਿਧਾ ਅਪਨਾਈ। ਬੋਲਾਂ ਵਿਚ ਰਚੀ ਹੋਈ ਬਰਜਿੰਦਰ ਸਿੰਘ ਦੀ ਹਮਦਰਦੀ ਅਤੇ ਪੇਸ਼ਕਾਰੀ ਵਿਚ ਲਵਲੀ ਯੂਨੀਵਰਸਟੀ ਦੇ ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਯੋਗਤਾ ਦੇ ਚਰਚੇ ਦਰ-ਦੀਵਾਰਾਂ ਦੇ ਆਰ-ਪਾਰ ਜਾਣ ਵਾਲੇ ਸਨ।
ਇਨ੍ਹਾਂ ਗੀਤਾਂ ਦਾ ਗਾਇਕ ਜਿਸ ਤਰ੍ਹਾਂ ਆਤਮਕ, ਅਧਿਆਤਮਕ ਤੇ ਸਮਾਜਕ ਵਿਸ਼ਿਆਂ ਵਲ ਵਧ ਰਿਹਾ ਹੈ, ਪੜ੍ਹਨ-ਸੁਣਨ ਵਾਲੇ ਨੂੰ ਸਾਧੂ ਦਯਾ ਸਿੰਘ ਆਰਿਫ ਦੇ Ḕਜ਼ਿੰਦਗੀ ਵਿਲਾਸ’ ਦੀਆਂ ਪੌੜੀਆਂ ਚੇਤੇ ਆ ਜਾਂਦੀਆਂ ਹਨ। ਆਰਿਫ ਨੇ ਮਨੁੱਖ ਦੀ ਉਮਰ ਇੱਕ ਸੌ ਸਾਲ ਚਿਤਵ ਕੇ ਬੰਦੇ ਨੂੰ ਹਰ ਚੜ੍ਹਦੇ ਵਰ੍ਹੇ ਉਹਦੇ ਭਾਈਚਾਰਕ ਤੇ ਸਦਾਚਾਰਕ ਫਰਜ਼ਾਂ ਤੋਂ ਸੁਚੇਤ ਕੀਤਾ ਹੈ। Ḕਆਸਥਾ’ ਇਸ ਚੇਤਨਾ ਤੇ ਸੁਚੇਤਨਾ ਦਾ ਹੀ ਬਦਲਵਾਂ ਰੂਪ ਹੈ। ਬਰਜਿੰਦਰ ਸਿੰਘ ਨੂੰ ਸੌ ਸਾਲਾ ਪੌੜੀ ਮੁਬਾਰਕ।
ਬਰਜਿੰਦਰ ਸਿੰਘ ਹਮਦਰਦ ਦੇ ਪੱਤਰਕਾਰੀ ਵਾਲੇ ਪਿਤਾ ਪੁਰਖੀ ਧੰਦੇ ਤੋਂ ਸੰਗੀਤ ਵਲ ਵਧਦੇ ਕਦਮ ਇਹ ਵੀ ਸਿੱਧ ਕਰਦੇ ਹਨ ਕਿ ਉਸ ਨੇ ਆਪਣੀ ਪੱਤਰਕਾਰੀ ਦੀ ਚਾਹਨਾ ਨੂੰ ਸਿਖਰਾਂ ਉਤੇ ਪਹੁੰਚਾ ਕੇ ਹੁਣ ਸੰਗੀਤ ਜਗਤ ਵਾਲੀ ਪਲੇਠੀ ਪ੍ਰੀਤ ਨੂੰ ਗਲ਼ ਲਾ ਲਿਆ ਹੈ। ਪੱਤਰਕਾਰੀ ਉਸ ਦੀ ਪਤਨੀ ਹੈ ਤੇ ਗੀਤ ਸੰਗੀਤ ਉਸ ਦੀ ਪ੍ਰੇਮਿਕਾ। ਪਰ ਇਸ ਦਾ ਭਾਵ ਇਹ ਨਹੀਂ ਕਿ ਉਸ ਨੇ ਪੱਤਰਕਾਰੀ ਵਿਸਾਰ ਛੱਡੀ ਹੈ। ਉਹਦੇ ਵੱਲੋਂ ਪੱਤਰਕਾਰੀ ਨੂੰ ਸੰਗੀਤ ਦੀ ਪੁੱਠ ਚਾੜ੍ਹਨਾ ਸੋਨੇ ਉਤੇ ਸੁਹਾਗਾ ਚਾੜ੍ਹਨ ਦੇ ਤੁੱਲ ਹੈ। Ḕਨਾਮ ਬੀਜ ਸੰਤੋਖ ਸੁਹਾਗਾ’। ਬਰਜਿੰਦਰ ਸਿੰਘ ਨੂੰ ਦੋਵੇਂ ਸ਼ੌਕ ਮੁਬਾਰਕ!
ਅੰਤਿਕਾ
(ਨੰਦ ਲਾਲ ਨੂਰਪੁਰੀ ਦੀ Ḕਪੰਜਾਬਣ’ ਵਿਚੋਂ)
ਤੇਰੀਆਂ ਰਕਾਨੇ ਗਿੱਧੇ ਵਿਚ ਧਮਕਾਂ
ਚੋਬਰਾਂ ਨੂੰ ਮਾਰੇਂ ਖਿੱਚ ਖਿੱਚ ਛਮਕਾਂ
ਨੱਚਦੀ ਦੇ ਤੇਰੇ ਖੁਲ੍ਹ ਗਏ ਕੇਸ ਨੀ
ਸਾਂਭ ਲੈ ਜਵਾਨੀ ਅਲ੍ਹੜ ਵਰੇਸ ਨੀ
ਮਹਿੰਦੀ ਵਾਲੇ ਹੱਥਾਂ ਵਿਚ ਛੱਲੇ ਮੁੰਦੀਆਂ
ਤੇਰੀਆਂ ਨੇ ਗੱਲਾਂ ਮੇਲਿਆਂ ‘ਚ ਹੁੰਦੀਆਂ
ਪਾਉਂਦੀਆਂ ਦੁਹਾਈ ਨੇ ਪੰਜੇਬਾਂ ਲੰਘੀਆਂ
ਸੁਥਣਾਂ ਸਵਾਈਆਂ ਕਿੱਥੋਂ ਸੱਪ ਰੰਗੀਆਂ
ਸ਼ੀਸ਼ੇ ਵਾਂਗੂੰ ਸਾਫ਼ ਸੱਚੀਏ ਤੇ ਸੁੱਚੀਏ
ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ!