ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਸੈਰਾਟ’ ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦਾ ਪਿਤਾ ਪੱਥਰ ਤੋੜਨ ਦਾ ਕੰਮ ਕਰਦਾ ਸੀ। ਕੰਮ ਸਖਤ ਹੋਣ ਦੇ ਨਾਲ-ਨਾਲ ਸਾਰਾ ਦਿਨ ਸਿਰ ‘ਤੇ ਚਮਕਦਾ ਸੂਰਜ ਉਸ ਦੇ ਸਰੀਰ ਨੂੰ ਰੂਹ ਤੱਕ ਸਾੜ ਦਿੰਦਾ। ਇਸ ਲਈ ਜਦੋਂ ਉਸ ਦਾ ਮੁੰਡਾ ਨਾਗਰਾਜ ਕੰਮ ‘ਤੇ ਜਾਣ ਜੋਗਾ ਹੋਇਆ ਤਾਂ ਪਿਉ ਦੇ ਮੂੰਹੋਂ ਇਕੋ ਦੁਆ ਨਿਕਲੀ, “ਰੱਬ ਕਰੇ ਇਸ ਨੂੰ ਛਾਵੇਂ ਖੜ੍ਹ ਕੇ ਕਰਨ ਵਾਲਾ ਕੰਮ ਮਿਲੇ”।
ਅੱਜ ਨਾਗਰਾਜ ਮਰਾਠੀ ਸਿਨੇਮਾ ਤੇ ਨਾਲ-ਨਾਲ ਭਾਰਤੀ ਸਿਨੇਮਾ ਵਿਚ ਫਿਲਮ ਬਣਾਉਣ ਦੇ ਢੰਗ-ਤਰੀਕਿਆਂ ਲਈ ਵੰਗਾਰ ਬਣ ਕੇ ਟੱਕਰਿਆ ਹੈ। ਉਸ ਦੀਆਂ ਫਿਲਮਾਂ ਵਿਚ ਉਚ ਜਾਤ ਵਾਲਿਆਂ ਦੀ ਸਿਆਸਤ ਪੂਰੀ ਨਿਰਲੱਜਤਾ, ਬੇਕਿਰਕੀ ਅਤੇ ਤਰਕਹੀਣਤਾ ਨਾਲ ਪਰਦੇ ‘ਤੇ ਪੇਸ਼ ਹੁੰਦੀ ਹੈ। ਫਿਲਮ ‘ਫੌਡਰੀ'(ਸੂਰ) ਤੋਂ ਬਾਅਦ ਉਸ ਦੀ ਦੂਜੀ ਫਿਲਮ ‘ਸੈਰਾਟ'(ਜੰਗਲੀ) ਰਿਲੀਜ਼ ਹੁੰਦਿਆਂ ਹੀ ਅਖਿਲ ਭਾਰਤੀ ਮਹਾਂਰਾਸ਼ਟਰ ਮਰਾਠਾ ਸੰਘ ਨੇ ਆਪਣੀਆਂ ‘ਭਾਵਨਾਵਾਂ’ ਨੂੰ ‘ਠੇਸ’ ਲਗਾਉਣ ਲਈ ਉਸ ਦੀ ਆਲੋਚਨਾ ਕੀਤੀ। ਦੂਜੇ ਪਾਸੇ ਮਹਾਂਰਾਸ਼ਟਰ ਦੇ ਅਖਬਾਰਾਂ ਵਿਚ ਉਚ ਜਾਤ ਵਾਲਿਆਂ ਦੁਆਰਾ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਕੀਤੇ ਕਤਲਾਂ ਦੀਆਂ ਸੁਰਖੀਆਂ, ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਨਾਗਰਾਜ ਭਾਰਤੀ ਸਿਨੇਮਾ ਵਿਚ ਜਾਤ ਦੇ ਸਵਾਲਾਂ ਦੁਆਲੇ ਹੁਣ ਤੱਕ ਬਣੇ ਸਿਨੇਮਾ ਨੂੰ ਨਾਕਾਫੀ ਮੰਨਦਿਆਂ ਜਾਤ ਦੇ ਆਧਾਰ ‘ਤੇ ਕਤਲ ਹੋਈਆਂ ਉਮੀਦਾਂ ਤੇ ਸੁਪਨਿਆਂ ਦੀ ਨਵੀਂ ਨਸਲ ਦੀ ਹੋਣੀ ਦੀ ਪਟਕਥਾ ਸਿਰਜਦਾ ਹੈ। ਇਨ੍ਹਾਂ ਕਤਲਾਂ ਦੇ ਚਸ਼ਮਦੀਦ ਗਵਾਹ ਵਾਂਗ ਉਹ ਉਸ ਘੁਟਨ, ਜ਼ਲਾਲਤ, ਹਿੰਸਾ, ਬੇਦਰਦੀ ਤੇ ਅਮਾਨਵੀ ਵਰਤਾਰੇ ਨੂੰ ਫਿਲਮਾਉਂਦਾ ਹੈ ਜੋ ਕਿਸੇ ਨਾਲ ਸਿਰਫ ਇਸ ਆਧਾਰ ‘ਤੇ ਕੀਤੀ ਜਾ ਸਕਦੀ ਹੈ ਕਿ ਉਹ ਦਲਿਤ ਜਾਤ ਨਾਲ ਸਬੰਧਿਤ ਹੈ। ਉਹ ਆਪਣੇ ਬਿਰਤਾਂਤ ਵਿਚ ਜਾਤ ਦੇ ਸੱਤਾ, ਧਰਮ ਅਤੇ ਮਨੁੱਖੀ ਆਜ਼ਾਦੀ ਨਾਲ ਸਬੰਧਾਂ ਬਾਰੇ ਸੁੰਨ ਕਰ ਦੇਣ ਵਾਲੇ ਸਵਾਲ ਖੜ੍ਹੇ ਕਰਦਾ ਹੈ।
ਨਾਗਰਾਜ ਦੀ ਮਰਾਠੀ ਫਿਲਮ ‘ਸੈਰਾਟ’ ਦੀ ਕਹਾਣੀ ਹੁਣ ਤੱਕ ਬਣੀਆਂ ਹਜ਼ਾਰਾਂ ਫਿਲਮਾਂ ਵਿਚ ਫਿਲਮਾਏ ਗਏ ਮਹੁੱਬਤ ਦੇ ਅਫਸਾਨਿਆਂ ਵਰਗੀ ਲੱਗਦੀ ਜ਼ਰੂਰ ਹੈ, ਪਰ ਉਸ ਦੀ ਫਿਲਮ ਵਿਚਲਾ ਜੋੜਾ ਭਾਰਤੀ ਸਮਾਜ ਦੀਆਂ ਸਮਕਾਲੀ ਹਕੀਕਤਾਂ ਨਾਲ ਦੋ-ਚਾਰ ਵੀ ਹੁੰਦਾ ਹੈ ਤੇ ਜਾਤੀ ਨਫਰਤ ਦੇ ਸਿਰ ਚੜ੍ਹ ਕੇ ਮਰਦਾ ਵੀ ਹੈ। ਨਿਰਦੇਸ਼ਕ ਇਸ ਮੌਤ ਨੂੰ ਸਾਡੇ ਦੌਰ ਦੀ ਸਭ ਤੋਂ ਬੇਦਰਦ ਸਿਆਸਤ ਦੱਸਦਾ ਹੈ। ਇਸੇ ਸਿਆਸਤ ਨੂੰ ਗੁਜਰਾਤ ਦਾ ਦਲਿਤ ਵਿਦਰੋਹੀ ਜ਼ਿਗਨੇਸ਼ ਮਵਾਨੀ ਦਲਿਤਾਂ ਖਿਲ਼ਾਫ ਢਾਂਚਾਗਤ ਸਿਆਸਤ ਦਾ ਹਿੱਸਾ ਦੱਸਦਿਆਂ ਇਸ ਤੋਂ ਛੁਟਕਾਰੇ ਲਈ ‘ਆਜ਼ਾਦੀ ਕੂਚ’ ਦਾ ਐਲਾਨ ਕਰਦਾ ਹੈ। ‘ਸੈਰਾਟ’ ਫਿਲਮ ਦੀ ਨਾਇਕਾ ਆਰਚੀ ਦੀ ਹਮਉਮਰ ਅਤੇ ਸਮਕਾਲੀ ਪੰਜਾਬ ਦੀ ਰੈਪ ਗਾਇਕਾ ਗਿੰਨੀ ਮਾਹੀ ਨਵੀਂ ਪੌਦ ਨੂੰ ਜਾਤੀ ਸ਼ਰਮ ਦਾ ਜੂਲਾ ਹਰ ਹੀਲੇ ਲਾਹ ਸੁੱਟਣ ਅਤੇ ਅਣਖ ਨਾਲ ਜਿਉਣ ਦਾ ਸੱਦਾ ਦਿੰਦੀ ਹੈ।
ਨਾਗਰਾਜ ਦੀ ਫਿਲਮ ਦੇ ਕਿਰਦਾਰਾਂ ਵਿਚ ਅਜਿਹੀ ਸੁਭਾਵਿਕਤਾ ਹੈ ਜੋ ਉਨ੍ਹਾਂ ਦੀ ਨਿੱਤ ਦਿਨ ਦੀ ਜ਼ਿੰਦਗੀ ਦੀਆਂ ਬਾਰੀਕੀਆਂ ਨੂੰ ਸ਼ਿੱਦਤ ਨਾਲ ਪਰਦੇ ‘ਤੇ ਸਾਕਾਰ ਕਰਦੀ ਹੈ। ਉਸ ਦੁਆਰਾ ਚੁਣੇ ਅਦਾਕਾਰ ਉਸ ਦੀ ਹੰਢਾਈ ਜ਼ਿੰਦਗੀ ਨੂੰ ਜਿੰਨੀ ਤਨਦੇਹੀ ਨਾਲ ਨਿਭਾਉਂਦੇ ਹਨ, ਉਹ ਬਾਕਮਾਲ ਹੈ। ਉਨ੍ਹਾਂ ਦੇ ਸਰੀਰ ਜਾਤ ਦੀ ਲੈਅ ਨਾਲ ਤੁਰਦੇ ਹਨ, ਉਨ੍ਹਾਂ ਦੇ ਅੰਗ ਉਨ੍ਹਾਂ ਦੀ ਸਮਾਜਿਕ ਹਾਲਤ ਦੇ ਹਿਸਾਬ ਨਾਲ ਹਿੱਲਦੇ ਹਨ ਤੇ ਉਨ੍ਹਾਂ ਦਾ ਜੀਵਨ-ਢੰਗ ਜਿਵੇਂ ਸਦੀਆਂ ਤੋਂ ਮਿੱਥੀ ਕਿਸੇ ਲੀਹ ‘ਤੇ ਬੇਰੋਕ ਤੁਰਿਆ ਜਾ ਰਿਹਾ ਹੈ। ਅਜਿਹੀ ਬੇਹਰਕਤ ਸੁੰਨ ਵਿਚ ਜਦੋਂ ਉਚ ਜਾਤੀ ਮਾਪਿਆਂ ਦੀ ਲਾਡਲੀ ਕੁੜੀ ਆਰਚੀ ਉਰਫ ਅਰਚਨਾ (ਰਿੰਕੂ ਰਾਜਗੁਰੂ) ਮਛੇਰਿਆਂ ਦੇ ਮੁੰਡੇ ਪਰਸ਼ੀਆ (ਆਕਾਸ਼ ਥੋਸਰ) ‘ਤੇ ਮਰ ਮਿਟਦੀ ਹੈ ਤਾਂ ਅਚਾਨਕ ਸਮਾਜਿਕ ਹਿੰਸਾ ਦੀਆਂ ਸਾਰੀਆਂ ਪਰਤਾਂ ਇਕ-ਇਕ ਕਰ ਕੇ ਖੁੱਲ੍ਹਣ ਲਗਦੀਆਂ ਹਨ। ਨਾਗਰਾਜ ਨੇ ਉਨ੍ਹਾਂ ਦੀ ਪਿਆਰ ਕਹਾਣੀ ਦੀ ਬੁਣਤੀ ਲਈ ਭਾਰਤੀ ਸਿਨੇਮਾ ਦੀਆਂ ਸਦਾਬਹਾਰ ਜੁਗਤਾਂ ਦਾ ਇਸਤੇਮਾਲ ਤਾਂ ਕੀਤਾ ਹੈ, ਪਰ ਕਹਾਣੀ ਨੂੰ ਉਹ ਆਪਣੀ ਨਾਇਕਾ ਆਰਚੀ ਦੀ ਦਲੇਰੀ ਦੇ ਸਿਰ ‘ਤੇ ਪਾਰ ਲਗਾਉਂਦਾ ਹੈ। ਉਸ ਨੂੰ ਪਤਾ ਹੈ ਕਿ ਜਾਤ ਦੀ ਲੜਾਈ ਲੜਦੀਆਂ ਔਰਤਾਂ ਦੀ ਇਕ ਜੰਗ ਸਦਾ ਪਿਤਰਸੱਤਾ ਨਾਲ ਚਲਦੀ ਰਹਿੰਦੀ ਹੈ। ਉਹ ਆਪਣੀ ਨਾਇਕਾ ਨੂੰ ਸੋਚਣ ਲਈ ਸਪੇਸ ਵੀ ਦਿੰਦਾ ਹੈ ਤੇ ਉੜਨ ਲਈ ਅਸਮਾਨ ਵੀ। ਉਹ ਕੁੜੀ ਫਿਲਮ ਦੇ ਪਹਿਲੇ ਅੱਧ ਵਿਚ ਮੋਟਰਸਾਇਕਲ ‘ਤੇ ਮਟਰਗਸ਼ਤੀ ਕਰਦੀ ਹੈ, ਟਰੈਕਟਰ ‘ਤੇ ਆਪਣੇ ਖੇਤਾਂ ਦਾ ਗੇੜਾ ਕੱਢਦੀ ਹੈ, ਮੁੰਡਿਆਂ ਦੀਆਂ ਆਕੜਾਂ ਭੰਨਦੀ ਸਾਰੀ ਦੁਨੀਆਂ ਨੂੰ ਟਿੱਚ ਜਾਣਦੀ ਹੈ। ਅਜਿਹੇ ਹਾਲਾਤ ਵਿਚ ਪਰਸ਼ੀਆ ਨਾਲ ਪਿਆਰ ਪੈ ਜਾਣ ਤੋਂ ਬਾਅਦ ਉਸ ਲਈ ਇਹ ਸਾਰਾ ਰੋਅਬ ਬੇਮਾਅਨਾ ਹੋ ਜਾਂਦਾ ਹੈ। ਨਾਗਰਾਜ ਪਿਆਰ ਤੇ ਜਾਤ ਦੀ ਸੰਵੇਦਨਸ਼ੀਲਤਾ ਨੂੰ ਬਾਰੀਕੀ ਨਾਲ ਫਿਲਮਾਉਂਦਾ ਹੈ। ਉਸ ਨੂੰ ਅਹਿਸਾਸ ਹੈ ਕਿ ਸਦੀਆਂ ਤੋਂ ਪਿਆਰ ਦੇ ਆਲੇ-ਦੁਆਲੇ ਮਿੱਥਾਂ ਤੇ ਭਰਮਾਂ ਦਾ ਅਜਿਹਾ ਜਾਲ ਹੈ ਕਿ ਇਸ ਦਾ ਅਨਭੁਵ ਹੀ ਬੰਦੇ ਨੂੰ ਅਸਲੀਅਤ ਦੀ ਸੋਝੀ ਕਰਵਾ ਸਕਦਾ ਹੈ। ਉਹ ਆਪਣੇ ਜੋੜੇ ਵਿਚ ਪਿਆਰ ਪਨਪਣ ਅਤੇ ਸਿਰੇ ਚੜ੍ਹਨ ਨੂੰ ਕਮਾਲ ਦੀ ਕਲਾਤਮਿਕਤਾ ਨਾਲ ਫਿਲਮਾਉਂਦਾ ਹੈ। ਉਨ੍ਹਾਂ ਦੀ ਕੁੱਟਮਾਰ ਹੁੰਦੀ ਹੈ, ਮਾਮਲਾ ਥਾਣੇ ਜਾਂਦਾ ਹੈ, ਗੋਲੀਆਂ ਵਰਸਦੀਆਂ ਹਨ। ਇਥੇ ਆਰਚੀ ਦਾ ਕਿਰਦਾਰ ਭਾਰਤੀ ਫਿਲਮਾਂ ਦੀ ਅਜਿਹੀ ਅਮੋੜ ਨਾਇਕਾ ਦੇ ਰੂਪ ਵਿਚ ਉਭਰਦਾ ਹੈ ਜਿਸ ਲਈ ਪਰਸ਼ੀਆ ਉਸ ਦੇ ਹੀ ਵਜੂਦ ਦਾ ਹਿੱਸਾ ਹੈ ਤੇ ਉਹ ਉਸ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹ ਥਾਣੇਦਾਰ ਦੇ ਹੱਥੋਂ ਐਫ਼ਆਈæਆਰ ਦੀ ਕਾਪੀ ਲੈ ਕੇ ਪਾੜ ਦਿੰਦੀ ਹੈ ਜਿਹੜੀ ਉਸ ਦੇ ਨੇਤਾ ਪਿਤਾ ਨੇ ਪਰਸ਼ੀਆ ਅਤੇ ਉਸ ਦੇ ਦੋਸਤਾਂ ਖਿਲਾਫ ਆਰਚੀ ਦਾ ਸਮੂਹਿਕ ਬਲਾਤਕਾਰ ਕਰਨ ਬਾਰੇ ਲਿਖਵਾਈ ਸੀ। ਉਹ ਆਪਣੇ ਪਿਤਾ ਨੂੰ ਇਸ ਮਾੜੀ ਸੋਚ ਲਈ ਲਾਹਣਤਾਂ ਪਾਉਂਦੀ ਹੈ। ਉਸ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਸ ਨੇ ਪਰਸ਼ੀਆ ਨੂੰ ਪਿਆਰ ਕਰ ਕੇ ਅਜਿਹੀ ਕਿਹੜੀ ਗਲਤੀ ਕੀਤੀ ਹੈ ਜਿਸ ਦੀ ਸਜ਼ਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਇਥੇ ਉਸ ਦਾ ਕਿਰਦਾਰ ਅਜਿਹੇ ਨੌਜਵਾਨਾਂ ਦੀ ਨੁਮਾਇੰਦਗੀ ਕਰਦਾ ਹੈ ਜਿਨ੍ਹਾਂ ਦਾ ਬਚਪਨ ਅਤੇ ਅੱਲੜ ਉਮਰ ਇਹ ਸੁਣਦਿਆਂ ਲੰਘਦੇ ਹਨ ਕਿ ਪਿਆਰ ਤੋਂ ਪਵਿੱਤਰ ਕੋਈ ਸ਼ੈਅ ਨਹੀਂ ਜਾਂ ਪਿਆਰ ਹੀ ਜ਼ਿੰਦਗੀ ਦਾ ਆਧਾਰ ਹੈ, ਪਰ ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਉਸ ਖੂਬਸੂਰਤ ਮੋੜ ਦੀ ਦਸਤਕ ਹੁੰਦੀ ਹੈ ਤਾਂ ਸਮਾਜ ਉਨ੍ਹਾਂ ਨੂੰ ਆਪਣੀ ਚੋਣ ਖਾਸ ਜਾਤ, ਧਰਮ, ਤਬਕੇ, ਲਿੰਗ, ਮੁਲਕ ਤੱਕ ਸੀਮਤ ਕਰਨ ਲਈ ਮਜਬੂਰ ਕਰਦਾ ਹੈ। ਨਾਗਰਾਜ ਨਵੇਂ ਭਾਰਤ ਦੀ ਅਜਿਹੀ ਪੀੜ੍ਹੀ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜੀ ਸਮਾਂ ਵਿਹਾ ਚੁੱਕੀਆਂ ਰੂੜੀਆਂ ਅਤੇ ਭਾਰਤੀ ‘ਮਹਾਨਤਾ’ ਦੇ ਸੰਕਲਪ ਕਾਰਨ ਅਜਿਹੀ ਘੁੰਮਣਘੇਰੀ ਵਿਚ ਫਸੀ ਹੋਈ ਹੈ ਕਿ ਉਸ ਦੀ ਜ਼ਿੰਦਗੀ ਦੇ ਸਭ ਤੋਂ ਉਪਜਾਊ ਸਾਲ ਇਸ ਚੱਕਰਵਿਊ ਵਿਚੋਂ ਨਿਕਲਣ ਵਿਚ ਖਰਚ ਹੋ ਜਾਂਦੇ ਹਨ। ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਹੁਤ ਵਾਰ ਇਹ ਨੌਜਵਾਨ ਇਸ ਵਿਰੁੱਧ ਲੜਦਿਆਂ ਇਸੇ ਵਿਵਸਥਾ ਦਾ ਹਿੱਸਾ ਬਣ ਜਾਂਦੇ ਹਨ। ਨਾਗਰਾਜ ਫਿਲਮ ਵਿਚ ‘ਹਿੱਸਾ ਬਣਨ’ ਦੀਆਂ ਬਾਰੀਕੀਆਂ ਨੂੰ ਸੰਵੇਦਨਸ਼ੀਲ ਢੰਗ ਨਾਲ ਫੜਦਾ ਹੈ। ਆਰਚੀ ਦਾ ਭਰਾ ਪ੍ਰਿੰਸ ਕਿਵੇਂ ਦਿਨਾਂ ਵਿਚ ਹੀ ਆਪਣੇ ਪਿਉ-ਦਾਦਾ ਵਾਲੀ ਬੇਕਿਰਕ ਤੇ ਘੁਮੰਡ ਅਪਣਾਉਂਦਾ ਹੈ, ਇਸ ਦੀ ਝਲਕ ਉਸ ਦੁਆਰਾ ਆਪਣੇ ਸਕੂਲ ਅਧਿਆਪਕ ਨੂੰ ਥੱਪੜ ਮਾਰਨ ਤੋਂ ਮਿਲਦੀ ਹੈ। ਉਹ ਇਸ ਘਟਨਾ ਦਾ ਪਛਤਾਵਾ ਕਰਨ ਦੀ ਥਾਂ ਆਪਣੇ ਪਿਤਾ ਨੂੰ ਉਸ ਅਧਿਆਪਕ ਨੂੰ ਸਖਤ ਸਜ਼ਾ ਦੇਣ ਲਈ ਕਹਿੰਦਾ ਹੈ। ਦੂਜੇ ਪਾਸੇ ਸਕੂਲ ਜਾਂ ਕਾਲਜ ਇਕੋ-ਇਕ ਅਜਿਹੀ ਉਮੀਦ ਭਰੀ ਜਗ੍ਹਾ ਹੈ ਜਿਥੇ ਜਮਹੂਰੀ ਕਦਰਾਂ-ਕੀਮਤਾਂ ਦੇ ਪਸਾਰੇ ਰਾਹੀ ਬੱਚਿਆਂ ਨੂੰ ਇਸ ਦਲਦਲ ਵਿਚੋਂ ਕੱਢਿਆ ਜਾ ਸਕਦਾ ਹੈ। ਨਾਗਰਾਜ ਇਨ੍ਹਾਂ ਥਾਵਾਂ ‘ਤੇ ਪਣਪੇ ਰਿਸ਼ਤਿਆਂ ਨੂੰ ਮਨੁੱਖੀ ਜ਼ਿੰਦਗੀ ਦਾ ਹਾਸਿਲ ਤੇ ਭਵਿੱਖ ਦੀ ਉਮੀਦ ਦੱਸਦਾ ਹੈ।
ਨਾਗਰਾਜ ਦੀ ਫਿਲਮ ਦੀ ਵਿਆਕਰਣ ਭਾਰਤੀ ਸਿਨੇਮਾ ਦੇ ‘ਰਾਜਾ-ਰਾਣੀ ਦੇ ਮਿਲਣ ਤੋਂ ਬਾਅਦ ਪਰਜਾ ਦੇ ਸੁਖੀ ਵੱਸਣ’ ਦੀ ਧਾਰਨਾ ਤੋਂ ਅੱਗੇ ਦੀ ਕਹਾਣੀ ਹੈ। ਪਾਪੂਲਰ ਸਿਨੇਮਾ ਵਿਚ ਹੀਰੋ-ਹੀਰੋਇਨ ਦੇ ਮਿਲਣ ਤੋਂ ਬਾਅਦ ਫਿਲਮ ਖਤਮ ਹੋ ਜਾਂਦੀ ਹੈ। ਆਰਚੀ ਤੇ ਪਰਸ਼ੀਆ ਦੇ ਪਿਆਰ ਦੀ ਅਸਲ ਪਰਖ ਇਥੋਂ ਸ਼ੁਰੂ ਹੁੰਦੀ ਹੈ। ਇਥੋਂ ਨਾਗਰਾਜ ਪਿਆਰ ਦੀਆਂ ਜ਼ਮੀਨੀ ਹਕੀਕਤਾਂ ਉਪਰ ਕੈਮਰਾ ਫੋਕਸ ਕਰਦਾ ਹੈ। ਆਰਚੀ ਅਤੇ ਪਰਸ਼ੀਆ ਬੇਘਰੀ, ਬੇਯਕੀਨੀ ਅਤੇ ਬੇਰੁਜ਼ਗਾਰੀ ਦੇ ਨਾਲ-ਨਾਲ ਇਕ-ਦੂਜੇ ਬਾਰੇ ਬੇਭਰੋਸਗੀ ਤੇ ਬੇਚੈਨੀ ਨਾਲ ਕਿਵੇਂ ਲੜਦੇ ਹਨ, ਇਸ ਦਾ ਮਾਰਮਿਕ ਚਿੱਤਰ ਨਾਗਰਾਜ ਆਪਣੀ ਫਿਲਮ ਵਿਚ ਖਿੱਚਦਾ ਹੈ। ਉਨ੍ਹਾਂ ਵਿਚਲਾ ਪਿਆਰ ਕਿਵੇਂ ਸਮਾਂ ਪੈ ਕੇ ਜ਼ਿੰਮੇਵਾਰੀ ਅਤੇ ਸਨਮਾਨ ਵਿਚ ਵਟਦਾ ਹੈ, ਇਸ ਨੂੰ ਫਿਲਮ ਦੇ ਆਖਰੀ ਦ੍ਰਿਸ਼ ਤੱਕ ਮਾਣਿਆ ਜਾ ਸਕਦਾ ਹੈ। ਇਹ ਫਿਲਮ ਭਾਰਤੀ ਸਿਨੇਮਾ ਵਿਚ ਜਾਤ ਬਾਰੇ ਬਣੀਆਂ ਪਹਿਲੀਆਂ ਫਿਲਮਾਂ ਨਾਲੋਂ ਇਸ ਲਈ ਵੀ ਵੱਖਰੀ ਹੈ ਕਿ ਇਸ ਰਾਹੀ ਦਲਿਤ ਕਹੇ ਜਾਣ ਵਾਲਿਆਂ ਦੀ ਕਲਾਤਮਿਕ ਸੂਝ-ਬੂਝ ਬਾਰੇ ਸੰਵਾਦ ਦਾ ਨਵਾਂ ਦਰ ਖੁੱਲਦਾ ਹੈ। ਹੁਣ ਤੱਕ ਜ਼ਿਆਦਾਤਰ ਉਚ ਜਾਤ ਦੁਆਰਾ ਸਿਰਜੀ ਤੇ ਮੰਨਵਾਈ ਸਿਨੇਮਈ ਕਲਾ ਦੇ ਵਿਹੜੇ ਵਿਚ ‘ਸੈਰਾਟ’ ਦਾ ਛਣਕਾਟਾ ਚਿਰਾਂ ਤੱਕ ਪੈਂਦਾ ਰਹੇਗਾ। ਨਾਗਰਾਜ ਨੂੰ ਭਵਿਖ ਵਿਚ ਅਜਿਹੇ ਸਿਨੇਮਾ ਰਚਣ ਲਈ ਵੀ ਯਾਦ ਕੀਤਾ ਜਾਵੇਗਾ ਜੋ ਕਲਾ ਅਤੇ ਸੁਹਜ ਦੇ ਮਿਆਰਾਂ ‘ਤੇ ਵੀ ਪੂਰਾ ਉਤਰਿਆ ਹੈ ਤੇ ਜਿਸ ਨੇ ਮਣਾਂ-ਮੂੰਹੀਂ ਕਮਾਈ ਵੀ ਕੀਤੀ ਹੈ।