ਮੇਰੀ ਪੰਜਾਬ ਫੇਰੀ:ਆਵਾਮ, ਸਿਆਸੀ ਲੀਡਰਾਂ ਤੇ ਪ੍ਰਸ਼ਾਸਨ ਬਾਰੇ ਬਿਰਤਾਂਤ

ਕੈਲੀਫੋਰਨੀਆ ਵੱਸਦੇ ਜਸਵੰਤ ਸਿੰਘ ਸੰਧੂ ਨੇ ‘ਮੇਰੀ ਪੰਜਾਬ ਫੇਰੀ’ ਵਿਚ ਪੰਜਾਬ ਦੇ ਅੱਜ ਦੇ ਹਾਲਾਤ ਦੀਆਂ ਕੁਝ ਕੁ ਝਾਕੀਆਂ ਪੇਸ਼ ਕੀਤੀਆਂ ਹਨ। ਇਨ੍ਹਾਂ ਝਾਕੀਆਂ ਤੋਂ ਸਮੁੱਚੇ ਪੰਜਾਬ ਦੇ ਹਾਲਾਤ ਬਾਰੇ ਚਾਨਣ ਹੋ ਜਾਂਦਾ ਹੈ। ਆਮ ਬੰਦੇ ਲਈ ਪੈਰ-ਪੈਰ ‘ਤੇ ਅੜਿੱਕੇ ਹਨ ਅਤੇ ਲੀਡਰ ਲੋਕ ਇਸ ਪਾਸੇ ਉਕਾ ਹੀ ਧਿਆਨ ਨਹੀਂ ਧਰ ਰਹੇ। ਲੋਕਾਂ ਦੀਆਂ ਇਨ੍ਹਾਂ ਔਕੜਾਂ ਦਾ ਬਿਆਨ ਲੇਖਕ ਨੇ ਬਹੁਤ ਸਹਿਜ ਸ਼ਬਦਾਂ ਵਿਚ ਕੀਤਾ ਹੈ।

-ਸੰਪਾਦਕ

ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971

ਪੰਜ ਦਰਿਆਵਾਂ ਦੀ ਧਰਤੀ, ਬਹਾਦਰ ਤੇ ਅਣਖੀਲੇ ਪੰਜਾਬੀਆਂ ਦੀ ਧਰਤੀ ਪੰਜਾਬ ਜਿਸ ਬਾਰੇ ਪੰਜਾਬੀ ਸ਼ਾਇਰ ਫੀਰੋਜ਼ਦੀਨ ਸ਼ਰਫ ਨੇ ਕਦੇ ਲਿਖਿਆ ਸੀ:
ਸੋਹਣਾ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ।
ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ।
ਬੜੀਆਂ ਕੁਰਬਾਨੀਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਪੰਜਾਬੀਆਂ ਦਾ ਰਾਜ ਕਾਇਮ ਕੀਤਾ ਜਿਸ ਵਿਚ ਸਭ ਧਰਮਾਂ ਦੇ ਲੋਕ ਪਿਆਰ ਨਾਲ ਰਹਿੰਦੇ ਤੇ ਸੁਖੀ ਵਸਦੇ ਸਨ। ਉਨ੍ਹਾਂ ਦੇ ਰਾਜ ‘ਚ ਕਦੀ ਫਿਰਕੂ ਫਸਾਦ ਨਹੀਂ ਸੀ ਹੋਏ। ਮਹਾਰਾਜੇ ਦੀ ਮੌਤ ਪਿਛੋਂ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਤੇ ਡੋਗਰਿਆਂ ਦੀ ਗੱਦਾਰੀ ਕਾਰਨ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ। ਇਸ ਗੁਲਾਮੀ ਨੂੰ ਗਲੋਂ ਲਾਹੁਣ ਲਈ ਗਦਰੀ ਬਾਬਿਆਂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਸੁਭਾਸ਼ ਚੰਦਰ ਵਰਗੇ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ। ਇਹ ਆਜ਼ਾਦੀ ਪੰਜਾਬੀਆਂ ਨੂੰ ਬੜੀ ਮਹਿੰਗੀ ਪਈ। ਵੰਡ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਨਾਮਵਰ ਢਾਡੀ ਤੇ ਵਿਦਵਾਨ ਪਿਆਰਾ ਸਿੰਘ ਪੰਛੀ ਨੇ 1947 ਵਿਚ ਪੰਜਾਬ ਦੀ ਬਰਬਾਦੀ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:
ਕਈਆਂ ਚਿਰਾਂ ਦੀ ਹੈ ਸੀ ਉਡੀਕ ਸਾਨੂੰ,
ਕਦੇ ਹੋਵੇਗਾ ਦੇਸ ਆਜ਼ਾਦ ਸਾਡਾ।
ਬੇਗੁਨਾਹਾਂ ਨੂੰ ਪਿੰਜਰੀਂ ਪਾਉਣ ਵਾਲਾ,
ਨਿਕਲ ਜਾਏਗਾ ਇਥੋਂ ਸਿਆਦ ਸਾਡਾ।
ਸਾਡੀ ਕੀਤੀ ਕਮਾਈ ਨੂੰ ਲੁੱਟੂ ਕੋਈ ਨਾ,
ਸੋਹਣਾ ਹੋਵੇਗਾ ਦੇਸ ਆਬਾਦ ਸਾਡਾ।
ਇਸ ਗੱਲ ਦਾ ‘ਪੰਛੀਆ’ ਪਤਾ ਨਹੀਂ ਸੀ,
ਹੋ ਜਾਣਾ ਹੈ ਝੁੱਗਾ ਬਰਬਾਦ ਸਾਡਾ।
ਭਗਤ ਸਿੰਘ ਨੇ ਕਿਹਾ ਸੀ, “ਸਾਡੀ ਲੜਾਈ ਉਨਾ ਚਿਰ ਜਾਰੀ ਰਹੇਗੀ, ਜਦੋਂ ਤੱਕ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਖਤਮ ਨਹੀਂ ਹੁੰਦੀ।” ਗੋਰੇ ਲੁਟੇਰੇ ਦੀ ਥਾਂ ਕਾਲਾ ਲੁਟੇਰਾ ਆ ਗਿਆ। ਅੰਗਰੇਜ਼ ਆਪਣੀ ਸਮੁੱਚੀ ਕੌਮ ਵਾਸਤੇ ਲੁੱਟਦੇ ਸਨ, ਪਰ ਸਾਡੇ ਹਾਕਮਾਂ ਨੇ ਆਪਣੇ ਅਤੇ ਆਪਣੇ ਪਰਿਵਾਰਾਂ ਵਾਸਤੇ ਲੁੱਟਣਾ ਸ਼ੁਰੂ ਕਰ ਦਿੱਤਾ। ਢਾਡੀ ਸੋਹਣ ਸਿੰਘ ਸੀਤਲ ਨੇ ‘ਧਰਮਰਾਜ ਦੀ ਕਚਹਿਰੀ ਵਿਚ ਦੁੱਖਾਂ ਮਾਰੀ ਧਰਤੀ ਦੀ ਫਰਿਆਦ’ ਨਾਮੀ ਕਲੀ ਵਿਚ ਲਿਖਿਆ ਹੈ:
ਜਿੰਨੂ ਮਜ਼੍ਹਬਾਂ ਵਾਲੇ ਕਹਿਣ ਕਚਹਿਰੀ ਧਰਮ ਦੀ,
ਦੁੱਖਾਂ ਮਾਰੀ ਧਰਤੀ ਉਥੇ ਜਾ ਪੁਕਾਰਦੀ।
ਇਥੇ ਪਾਪਾਂ ਦੀ ਹੱਦ ਹੋ ਗਈ ਮੇਰੇ ਦਾਤਿਆ!
ਮਾਣਸ ਦੈਂਤ ਦਾ ਹੁਣ ਮੈਂ ਨਾ ਭਾਰ ਸਹਾਰਦੀ।
ਜਿਨ੍ਹਾਂ ਦੇਣਾ ਸੀ ਉਪਦੇਸ਼ ਜਗਤ ਨੂੰ ਧਰਮ ਦਾ,
ਪੱਟੀ ਨਿੱਤ ਪੜ੍ਹਾਉਂਦੇ ਰਹਿੰਦੇ ਅਤਿਆਚਾਰ ਦੀ।
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜ ਅਤੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਲਾ ਕੇ ਸੱਤਾ ‘ਚ ਆਈ ਸਰਕਾਰ ਇਨ੍ਹਾਂ ਵਾਅਦਿਆਂ ਦੇ ਉਲਟ ਕੰਮ ਕਰ ਰਹੀ ਹੈ। ‘ਰਾਈਟ ਟੂ ਸਰਵਿਸ ਕਾਨੂੰਨ’ ਅਧੀਨ 70-80 ਮਹਿਕਮੇ ਆਉਂਦੇ ਹਨ ਜਿਨ੍ਹਾਂ ਵਿਚ ਹਰ ਕੰਮ ਨੂੰ ਬਿਨਾ ਰਿਸ਼ਵਤ, ਮਿਥੇ ਸਮੇਂ ਵਿਚ ਨਾ ਕਰਨ ਦੀ ਸੂਰਤ ਵਿਚ ਜੁਰਮਾਨਾ ਵੀ ਰੱਖਿਆ ਗਿਆ। ਇਸ ਦੇ ਨਿਯਮ ਹਰ ਮਹਿਕਮੇ ਦੇ ਦਫਤਰ ਵਿਚ ਲਿਖ ਕੇ ਕੰਧਾਂ ਨੀਲੀਆਂ ਕੀਤੀਆਂ ਹੋਈਆਂ ਹਨ, ਪਰ ਇਸ ਦੇ ਬਾਵਜੂਦ ਕੰਮ ਨਿਯਮਾਂ ਦੇ ਉਲਟ ਹੋ ਰਿਹਾ ਹੈ। ਵੱਡੇ-ਵੱਡੇ ਸੰਗਤ ਦਰਸ਼ਨ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਰਕਰ ਲੀਡਰਾਂ ਸਾਹਮਣੇ ਦਫਤਰਾਂ ਵਿਚ ਚੱਲਦੀ ਸ਼ਰੇਆਮ ਰਿਸ਼ਵਤ ਦਾ ਜ਼ਿਕਰ ਨਹੀਂ ਕਰਦਾ। 1920 ਵਿਚ ‘ਜਥੇਦਾਰ’ ਸ਼ਬਦ ਪਵਿੱਤਰ ਆਦਮੀ ਦਾ ਪ੍ਰਤੀਕ ਸੀ, ਪਰ ਅੱਜ ਦੇ ਜਥੇਦਾਰ ਆਪਣੇ ਲੀਡਰਾਂ ਦੀਆਂ ਝੂਠੀਆਂ ਸਿਫਤਾਂ ਕਰੀ ਜਾਂਦੇ ਹਨ। ਜ਼ਮੀਰਾਂ ਮਰ ਗਈਆਂ ਨੇ। ਤੰਗ ਆ ਕੇ ਲੋਕ ਅੰਗਰੇਜ਼ ਰਾਜ ਨੂੰ ਯਾਦ ਕਰਨ ਲੱਗ ਪਏ ਨੇ।
ਆਪਣੇ ਭਤੀਜੇ ਦੇ ਵਿਆਹ ਉਤੇ ਪੰਜਾਬ ਦਾ ਗੇੜਾ ਲੱਗਿਆ। ‘ਰਾਜ ਨਹੀਂ ਸੇਵਾ’ ਦੇ ਰਾਜ ਵਿਚ ਜੋ ‘ਸੇਵਾ’ ਲੋਕਾਂ ਦੀ ਹੋ ਰਹੀ ਏ, ਉਨ੍ਹਾਂ ਵਿਚੋਂ ਕੁਝ ਘਟਨਾਵਾਂ ਦਾ ਜ਼ਿਕਰ ਕਰਾਂਗਾ। ਇਹ ਸਭ ਮੈਂ ਖੁਦ ਹੰਢਾਇਆ ਅਤੇ ਅੱਖੀਂ ਦੇਖਿਆ ਹੈ।
ਮੇਰੇ ਅਧਿਆਪਕ ਦੋਸਤ ਕੋਲ ਇਕ ਮੁੰਡਾ ਅੱਠਵੀਂ ਵਿਚ ਪੜ੍ਹਦਾ ਸੀ ਜਿਸ ਦੇ ਪਟਵਾਰੀ ਪਿਉ ਦੀ ਮੌਤ ਰਿਟਾਇਰ ਹੋਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਸਰਕਾਰੀ ਕਾਨੂੰਨ ਮੁਤਾਬਕ ਤਰਸ ਦੇ ਆਧਾਰ ‘ਤੇ ਯੋਗਤਾ ਮੁਤਾਬਕ ਉਸ ਨੂੰ ਨੌਕਰੀ ਮਿਲ ਜਾਣੀ ਸੀ। ਅਧਿਆਪਕ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਦਿੱਤਾ ਜੋ ਉਸ ਨੇ ਨਾ ਕੀਤਾ। ਕੰਮ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, “ਮੈਂ ਤਾਂ ਸਾਰੀਆਂ ਛੁੱਟੀਆਂ ਖਾੜਕੂ ਸਿੰਘਾਂ ਨਾਲ ਰਿਹਾਂ।” ਅਧਿਆਪਕ ਦੇ ਸਮਝਾਉਣ ‘ਤੇ ਉਸ ਨੇ ਖਾੜਕੂ ਸਿੰਘਾਂ ਦਾ ਖਹਿੜਾ ਛੱਡ ਦਿੱਤਾ। 12ਵੀਂ ਕਰ ਕੇ ਪਟਵਾਰ ਦਾ ਇਕ ਸਾਲ ਦਾ ਕੋਰਸ ਕਰ ਕੇ ਉਹ ਛੇ ਪਿੰਡਾਂ ਦਾ ਪਟਵਾਰੀ ਲੱਗ ਗਿਆ ਜਿਨ੍ਹਾਂ ਵਿਚ ਅਧਿਆਪਕ ਦਾ ਪਿੰਡ ਵੀ ਆਉਂਦਾ ਸੀ। ਉਸ ਨੇ ਸ਼ਾਗਿਰਦ ਪਟਵਾਰੀ ਨੂੰ ਭਰਾਵਾਂ ਨਾਲ ਪੱਕੀ ਵੰਡ ਕਰਨ ਲਈ ਕਿਹਾ। ਅਧਿਆਪਕ ਸਮੇਤ ਪੱਕੀ ਵੰਡ ਲਈ ਤਿੰਨ ਅਸਾਮੀਆਂ ਸਨ। ਇਕ ਆਸਾਮੀ ਤੋਂ ਵੰਡ ਕਰਾਉਣ ਦਾ ਖਰਚ 15 ਹਜ਼ਾਰ ਲਿਆ ਜਾਂਦਾ ਹੈ ਜਿਸ ਵਿਚ ਪਟਵਾਰੀ, ਗਰਦਾਵਰ ਅਤੇ ਤਹਿਸੀਲਦਾਰ ਦੇ ਅਹੁਦੇ ਅਨੁਸਾਰ ਹਿੱਸਾ ਹੁੰਦਾ ਹੈ। ਪਟਵਾਰੀ ਨੇ ਆਪਣੇ ਅਧਿਆਪਕ ਤੋਂ ਪੈਸੇ ਨਾ ਲਏ। ਵੰਡ ਬਾਅਦ ਜਦ ਉਹ 45 ਹਜ਼ਾਰ ਦੀ ਥਾਂ 30 ਹਜ਼ਾਰ ਲੈ ਕੇ ਗਰਦਾਵਰ ਅਤੇ ਤਹਿਸੀਲਦਾਰ ਕੋਲ ਗਿਆ ਤਾਂ ਗਰਦਾਵਰ ਨੇ ਕਿਹਾ, “ਪਟਵਾਰੀ ਜੀ! ਤਿੰਨਾਂ ਵੇਲਣਿਆਂ ਤੋਂ ਬਿਨਾ ਗੰਨਾ ਨਹੀਂ ਪੀੜਿਆ ਜਾਂਦਾ, 15 ਹਜ਼ਾਰ ਹੋਰ ਚਾਹੀਦੇ ਨੇ।” ਪਟਵਾਰੀ ਨੇ ਕਿਹਾ, “ਜਿਸ ਅਧਿਆਪਕ ਦੀ ਬਦੌਲਤ ਮੈਂ ਪਟਵਾਰੀ ਬਣਿਆ, ਮੈਂ ਉਨ੍ਹਾਂ ਤੋਂ ਪੈਸੇ ਨਹੀਂ ਲਏ।” ਗਰਦਾਵਰ ਨੇ ਪਿੰਡ ਦੇ ਸਰਪੰਚ ਕੋਲੋਂ ਅਧਿਆਪਕ ਤੋਂ ਪੈਸੇ ਨਾ ਲੈਣ ਦੀ ਤਸਦੀਕ ਕਰ ਕੇ ਪਟਵਾਰੀ ਦਾ ਖਹਿੜਾ ਛੱਡਿਆ।
ਅਮਰੀਕਾ ਵਿਚ ਸਿਆਸੀ ਲੀਡਰ ਪਾਰਟੀ ਫੰਡ ਇਕੱਠਾ ਕਰਨ ਆਉਂਦੇ ਨੇ। ਵਿਸ਼ਵਾਸ ਦਿਵਾਉਂਦੇ ਹਨ ਕਿ ਪੰਜਾਬ ਵਿਚ ਪਰਵਾਸੀਆਂ ਦਾ ਹਰ ਕੰਮ ਪਹਿਲ ਦੇ ਆਧਾਰ ‘ਤੇ ਹੋਵੇਗਾ। ਮੇਰੇ ਜਾਣ ਤੋਂ ਪਹਿਲਾਂ ਪਿੰਡ ਦਾ ਟਰਾਂਸਫਾਰਮਰ ਸੜ ਚੁੱਕਾ ਸੀ। ਦਸ ਦਿਨ ਤੋਂ ਪਿੰਡ ਦੀ ਬਿਜਲੀ ਗੁੱਲ ਸੀ। ਐਨæਆਰæਆਈæ ਹੋਣ ਦਾ ਫਾਇਦਾ ਲੈਣ ਲਈ ਉਹ ਮੈਨੂੰ ਐਸ਼ਡੀæਓæ ਦੇ ਦਫਤਰ ਲੈ ਗਏ। ਮੈਂ ਉਸ ਨੂੰ ਆਪਣੇ ਐਨæਆਰæਆਈæ ਹੋਣ ਬਾਰੇ ਦੱਸਿਆ ਤਾਂ ਉਸ ਨੇ ਕਿਹਾ, “ਪਹਿਲਾਂ ਅਸੀਂ ਮੌਕਾ ਵੇਖਾਂਗੇ।” ਇਕ ਜੇæਈæ ਸਰਕਾਰੀ ਗੱਡੀ ਉਤੇ ਆਇਆ। ਮੌਕਾ ਵੇਖ ਕੇ ਪਿੰਡ ਵਾਲਿਆਂ ਨੂੰ ਕਿਹਾ, “ਗੱਡੀ ਦੇ ਤੇਲ ਦਾ ਇਕ ਹਜ਼ਾਰ ਖਰਚਾ ਦੇ ਦਿਉ।” ਫੇਰੇ ਮਾਰ-ਮਾਰ ਅੱਕੇ ਲੋਕਾਂ ਨੇ ਉਸ ਨੂੰ ਮੇਰੇ ਸਾਹਮਣੇ ਹਜ਼ਾਰ ਰੁਪਿਆ ਦੇ ਦਿੱਤਾ। ਪਿੰਡ ਵਾਲਿਆਂ ਨੇ ਮੁਲਾਜ਼ਮਾਂ ਤੋਂ ਟਰਾਂਸਫਾਰਮਰ ਲੁਹਾ ਕੇ ਕਿਰਾਏ ਉਤੇ ਆਪਣੀ ਗੱਡੀ ਲਿਆ ਕੇ ਖੜਿਆ ਤੇ ਨਵਾਂ ਲਿਆਂਦਾ। ਐਕਸੀਅਨ ਦੇ ਦਫਤਰ ਵਾਲਿਆਂ ਵੀ ‘ਲਾਗ’ ਲੈ ਲਿਆ। ਟਰਾਂਸਫਾਰਮਰ ਚੜ੍ਹਨ ਤੱਕ ਪਿੰਡ ਵਾਲਿਆਂ ਦਾ ਕੁੱਲ ਖਰਚ 4 ਹਜ਼ਾਰ ਆਇਆ। ਸੜਿਆ ਟਰਾਂਸਫਾਰਮਰ ਲਾਹ ਕੇ ਅਤੇ ਨਵਾਂ ਲਿਆਉਣ ਲਈ ਸਰਕਾਰੀ ਗੱਡੀ ਬਿਜਲੀ ਵਾਲਿਆਂ ਦੀ ਹੁੰਦੀ ਹੈ। ਇਹ ਸਰਕਾਰੀ ਖਰਚਾ ਐਸ਼ਡੀæਓæ ਤੇ ਜੇæ ਆਈæ ਆਪਣੀ ਜੇਬ ਵਿਚ ਪਾ ਲੈਂਦੇ ਹਨ। ਦੋਹਰੀ ਕਮਾਈ! ਇਹ ਮਿਸਾਲ ਹੈ ਐਨæਆਰæ ਆਈæ ਦੇ ਪਹਿਲ ਦੇ ਆਧਾਰ ‘ਤੇ ਕੰਮ ਕਰਨ ਦੀ।
ਅਟਾਰੀ ਸ਼ ਸ਼ਾਮ ਸਿੰਘ ਮੇਰੇ ਪਿੰਡੋਂ 6 ਕਿਲੋਮੀਟਰ ਹੈ। ਉਥੇ ਹਰ ਸਾਲ 10 ਫਰਵਰੀ ਨੂੰ ਸ਼ ਸ਼ਾਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਵੱਡੀ ਗਿਣਤੀ ਵਿਚ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ। ਇਸ ਸ਼ਹੀਦੀ ਸਮਾਗਮ ਵਿਚ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਮੰਤਰੀ ਵੀ ਆਉਂਦਾ ਹੈ। ਮੈਂ ਵੀ ਸ਼ਹੀਦੀ ਦਿਨ ‘ਤੇ ਗਿਆ। ਉਥੇ ਮੈਨੂੰ ਕਰਨਲ ਜੀæਐਸ਼ ਸੰਧੂ ਮਿਲ ਪਏ ਜੋ ਬਾਬਾ ਦੀਪ ਸਿੰਘ ਦੀ ਸੱਤਵੀਂ ਪੀੜ੍ਹੀ ਵਿਚੋਂ ਹਨ। ਅਟਾਰੀ ਉਨ੍ਹਾਂ ਦੇ ਨਾਨਕੇ ਹਨ। ਇਨ੍ਹਾਂ ਹੀ ਜ਼ਾਲਮ ਪੂਹਲੇ ਨੂੰ ਹਾਈ ਕੋਰਟ ਰਾਹੀਂ ਅੰਦਰ ਕਰਾਇਆ ਸੀ। ਸਾਡੇ ਥਾਣੇ ਦਾ ਐਸ਼ ਐਚæ ਓæ ਵੀ ਸੰਧੂ ਸੀ ਜਿਸ ਨੂੰ ਕਰਨਲ ਸੰਧੂ ਜਾਣਦੇ ਸਨ। ਉਹ ਆਪਣੇ ਅਮਲੇ ਨਾਲ ਸਮਾਧ ਉਤੇ ਸਕਿਉਰਟੀ ਡਿਊਟੀ ਦੇਣ ਆਇਆ ਸੀ। ਕਰਨਲ ਸੰਧੂ ਨੇ ਕਿਹਾ, “ਕੈਲੀਫੋਰਨੀਆ ਤੋਂ ਆਇਆ ਹੈ, ਇਸ ਨੂੰ ਪੁੱਛ ਕਿ ਅਮਰੀਕਾ ਦੀ ਪੁਲਿਸ ਕਿੰਨੀ ਇਮਾਨਦਾਰ ਤੇ ਫਰਜ਼-ਸ਼ਨਾਸ ਹੈ। ਤੁਸੀਂ ਪੰਜਾਬ ਪੁਲਿਸ ਵਾਲੇ ਅਨਪੜ੍ਹ ਜਥੇਦਾਰਾਂ ਦੇ ਥੱਲੇ ਲੱਗ ਕੇ ਗਰੀਬ ਲੋਕਾਂ ਤੋਂ ਪੈਸੇ ਲੈ ਕੇ ਮੰਤਰੀਆਂ ਤੇ ਵੱਡੇ ਅਫਸਰਾਂ ਨੂੰ ਦਈ ਜਾਂਦੇ ਜੇ, ਕੁਝ ਆਪ ਖਾਈ ਜਾਂਦੇ ਜੇ। ਤੁਸੀਂ ਭਾਈ ਲਾਲੋਆਂ ਦੀ ਨਹੀਂ, ਮਲਕ ਭਾਗੋਆਂ ਦੀ ਸੇਵਾ ਕਰਦੇ ਹੋ।” ਐਸ਼ਐਚæਓæ ਸ਼ਰਮਿੰਦਾ ਹੋਇਆ ਝੂਠਾ ਜਿਹਾ ਹਾਸਾ ਹੱਸ ਰਿਹਾ ਸੀ। ਉਸ ਪਾਸ ਕਰਨਲ ਸੰਧੂ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ।
ਸ਼ ਨਾਨਕ ਸਿੰਘ ਨਾਵਲਿਸਟ ਦੇ ਛੋਟੇ ਲੜਕੇ ਸ਼ ਕੁਲਬੀਰ ਸਿੰਘ ਸੂਰੀ ਮੇਰੇ ਦੋਸਤ ਨੇ। ਮੈਂ ਆਪਣੇ ਪੋਤਰੇ-ਪੋਤਰੀ ਲਈ ਬਾਲ ਕਹਾਣੀਆਂ (ਦਾਦੀ ਮਾਂ ਦੀਆਂ ਕਹਾਣੀਆਂ) ਅਤੇ ਕਵਿਤਾਵਾਂ ਦੀਆਂ ਕਿਤਾਬਾਂ ਲੈਣ ਅੰਮ੍ਰਿਤਸਰ ਗਿਆ। ਉਨ੍ਹਾਂ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਇਕ ਹਸਪਤਾਲ ਵਿਚ ਚੰਗਾ ਇਲਾਜ ਹੋਣ ਦੇ ਪ੍ਰਭਾਵ ਥੱਲੇ ਲੋਕ ਆਉਂਦੇ ਹਨ। ਇਥੇ ਭੋਲੇ-ਭਾਲੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਿਆ ਜਾ ਰਿਹਾ ਹੈ। ਜਿਸ ਕਿਸੇ ਨੂੰ ਵੀ ਦਿਲ ਦੀ ਥੋੜ੍ਹੀ ਤਕਲੀਫ ਹੁੰਦੀ ਹੈ, ਉਹ ਇਸ ਹਸਪਤਾਲ ਵੱਲ ਦੌੜਦੇ ਹਨ। ਉਨ੍ਹਾਂ ਦੀ ਕੰਪਿਊਟਰ ‘ਤੇ ਦਿਲ ਦੀ ਬਲੌਕੇਜ 97-98 ਦਿਖਾ ਦਿੱਤੀ ਜਾਂਦੀ ਹੈ। ਮਰੀਜ਼ ਅਤੇ ਉਸ ਦੇ ਵਾਰਸ ਘਬਰਾ ਜਾਂਦੇ ਨੇ। ਉਨ੍ਹਾਂ ਨੂੰ ਹਸਪਤਾਲ ਵਾਲੇ ਜਲਦੀ ਫੈਸਲਾ ਕਰਨ ਲਈ ਕਹਿ ਦਿੰਦੇ ਨੇ ਤੇ ਬਾਈਪਾਸ ਸਰਜਰੀ ਜਾਂ ਸਟੈਂਟ ਪੁਆਉਣ ਲਈ ਕਿਹਾ ਜਾਂਦਾ ਹੈ। ਘਬਰਾਏ ਹੋਏ ਵਾਰਸ ਸਟੈਂਟ ਪੁਆਉਣ ਲਈ ਕਹਿ ਦਿੰਦੇ ਹਨ। ਇਸ ਤਰ੍ਹਾਂ ਹਜ਼ਾਰਾਂ, ਲੱਖਾਂ ਰੁਪਏ ਬਟੋਰ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹਦੇ ਦੋਸਤ ਨਾਲ ਇਸ ਤਰ੍ਹਾਂ ਹੋਇਆ, ਪਰ ਗੱਲ ਕੁਝ ਵੀ ਨਹੀਂ ਸੀ। ਹੁਣ ਉਹ ਇਸ ਬਾਰੇ ਨਾਵਲ ਲਿਖ ਰਹੇ ਹਨ ਜਿਸ ਵਿਚ ਇਸ ਘਟਨਾ ਦਾ ਜ਼ਿਕਰ ਕਰਨਗੇ। ਭਾਰਤੀ ਡਾਕਟਰ ਬੁੱਚੜ ਤੇ ਹਸਪਤਾਲ ਬੁੱਚੜਖਾਨੇ ਬਣ ਗਏ ਹਨ।
ਕੁਰਬਾਨੀਆਂ ਤੋਂ ਬਾਅਦ ਸਿੱਖ ਧਰਮ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਅੱਜ ਕੱਲ੍ਹ ਇਸ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਦੀ ਨਾਮੀ ਧਾਰਮਿਕ ਸੰਸਥਾ ਦੇ ਮੁਖੀ ਨੂੰ ਮੁੱਖ ਪ੍ਰਚਾਰਕ ਥਾਪਿਆ ਹੈ ਜਿਸ ਪਾਸ ਵਧੀਆ ਗੱਡੀ, ਡਰਾਇਵਰ, ਪੰਜਾਂ ਅੰਕਾਂ ਦੇ ਬਰਾਬਰ ਤਨਖਾਹ ਵੀ ਹੋਵੇਗੀ। ਦੋ ਪ੍ਰਚਾਰਕ (ਕਥਾਵਾਚਕ) ਤੇ ਢਾਡੀ ਜਥਾ, ਮੁਖੀ ਪ੍ਰਚਾਰਕ ਨੂੰ ਮਿਲਿਆ ਹੋਇਆ ਹੈ। ਧਰਮ ਪ੍ਰਚਾਰ ਲਈ ਸਾਡੇ ਪਿੰਡ ਦੀਵਾਨ ਕੀਤਾ। ਮੈਂ ਵੀ ਦੀਵਾਨ ਵਿਚ ਸ਼ਾਮਲ ਸੀ। ਸਮਾਪਤੀ ‘ਤੇ ਗੁਰਦੁਆਰੇ ਦੇ ਗ੍ਰੰਥੀ ਨੇ ਮੈਨੂੰ ‘ਜਥੇ’ ਦਾ ਧੰਨਵਾਦ ਕਰਨ ਲਈ ਆਖਿਆ ਤੇ ਮੈਂ ਧੰਨਵਾਦ ਕਰਦਿਆਂ ਕਿਹਾ, “ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਆਲੇ-ਦੁਆਲੇ ਦੀ ਉਪਜ ਹੈ। ਜਿਹੋ ਜਿਹਾ ਬੱਚੇ ਨੂੰ ਅਸੀਂ ਆਲਾ-ਦੁਆਲਾ ਦੇਵਾਂਗੇ, ਉਹੋ ਜਿਹਾ ਹੀ ਬੱਚਾ ਬਣ ਜਾਵੇਗਾ। ਅਸੀਂ ਸਭ ਪੇਂਡੂ ਹਾਂ, ਖੇਤਾਂ ਵਿਚ ਅਸੀਂ ਵੇਖਦੇ ਹਾਂ, ਵਾਤਾਵਰਨ ਕਾਰਨ ਹੀ ਹਰੇ ਪੱਠਿਆਂ ਦਾ ਟਿੱਡਾ ਹਰਿਆ ਅਤੇ ਸੁੱਕੇ ਪੱਠਿਆਂ ਦਾ ਭੂਸਲਾ ਹੁੰਦਾ ਹੈ। ਅੱਜ ਦੇ ਦੀਵਾਨ ਵਿਚ ਕੋਈ ਨੌਜਵਾਨ ਨਹੀਂ ਆਇਆ। ਕਾਰਨ? ਪਿਛਲੇ 68 ਸਾਲਾਂ ਵਿਚ ਅਸੀਂ ਉਨ੍ਹਾਂ ਨੂੰ ਅਸ਼ਲੀਲ ਗੀਤ ਸੁਣਨ ਤੇ ਨੰਗੇਜ ਵੇਖਣ ਦੀ ਆਦਤ ਪਾ ਦਿੱਤੀ ਹੈ। ਜੇ ਅੱਜ ਪਿੰਡ ਵਿਚ ਕੋਈ ਗਾਇਕਾ ਆਈ ਹੁੰਦੀ ਤਾਂ ਤਿਲ ਜਿੰਨੀ ਜਗ੍ਹਾ ਨਹੀਂ ਸੀ ਲੱਭਣੀ। ਸ਼੍ਰੋਮਣੀ ਕਮੇਟੀ ਕੋਲ ਅਰਬਾਂ ਦਾ ਬਜਟ ਹੈ। ਪਿੰਡਾਂ ਵਿਚ ਗਰੀਬਾਂ ਵਾਸਤੇ ਮੁਫਤ ਪੜ੍ਹਾਈ ਲਈ ਸਕੂਲ ਕਾਲਜ ਖੋਲ੍ਹੇ, ਇਲਾਜ ਲਈ ਗਰੀਬਾਂ ਲਈ ਹਸਪਤਾਲ ਖੋਲ੍ਹੇ। ਸਿੱਖ ਪ੍ਰਚਾਰਕ ਧਾਰਮਿਕ ਤੇ ਅਮਲੀ ਜੀਵਨ ਜਿਉਣ। ਗੁਰੂ ਨਾਨਕ ਨੇ ਕਰਤਾਰਪੁਰ (ਰਾਵੀ) 18 ਸਾਲ ਹੱਥੀਂ ਖੇਤੀ ਕਰ ਕੇ ਕਿਰਤ ਕਰਨ ਦਾ ਸਿਧਾਂਤ ਦਿੱਤਾ। ਪਿਸ਼ਾਵਰ ਵਿਚ ਗਿਆਨੀ ਬਾਗ ਸਿੰਘ ਦੇ ਅਮਲੀ ਜੀਵਨ ਨੂੰ ਵੇਖ ਕੇ ਹੰਸਰਾਜ ਤੋਂ ਨਾਨਕ ਸਿੰਘ ਬਣ ਗਿਆ। ਸਾਬਤ ਸੂਰਤ ਫੌਜੀਆਂ ਨੂੰ ਵੇਖ ਕੇ ਨੱਥੂ ਰਾਮ, ਪ੍ਰੋæ ਸਾਹਿਬ ਸਿੰਘ ਬਣ ਗਿਆ ਜਿਨ੍ਹਾਂ ਦਸ ਜਿਲਦਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ।”
ਸਰਕਾਰ ਦੇ ਚਹੇਤਿਆਂ ਨੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਤੇ ਨਰਸਿੰਗ ਸੈਂਟਰ ਖੋਲ੍ਹ ਰੱਖੇ ਹਨ। ਪੰਜਾਬ ਦੇ ਚੰਦ ਇਕ ਕਾਲਜਾਂ ਨੂੰ ਛੱਡ ਕੇ ਅਜਿਹੇ ਕਾਲਜ ਮਾਪਿਆਂ ਤੋਂ ਡੋਨੇਸ਼ਨ ਲੈ ਕੇ, ਚਾਰ ਸਾਲ ਭਾਰੀ ਫੀਸਾਂ ਲੈ ਕੇ, ਮਾਪਿਆਂ ਦੀ ਕਮਾਈ ਦੀ ਲੁੱਟ ਅਤੇ ਬੱਚਿਆਂ ਦੇ ਕੀਮਤੀ ਸਾਲ ਬਰਬਾਦ ਹੋ ਰਹੇ ਹਨ। ਮੇਰੇ ਇਕ ਦੋਸਤ ਦੇ ਲੜਕੇ ਨੂੰ ਅਜਿਹੇ ਕਾਲਜ ਤੋਂ ਬੀæਟੈੱਕ ਕੀਤੀ ਨੂੰ ਚਾਰ ਸਾਲ ਹੋ ਗਏ। ਉਸ ਨੇ ਦੱਸਿਆ, “ਅੰਕਲ! ਕਾਲਜ ਸਟਾਫ ਨੇ ਸਾਨੂੰ ਸਮੈਸਟਰ ਨਕਲ ਮਰਵਾ ਪਾਸ ਕਰਾ ਕੇ ਡਿਗਰੀ ਦੇ ਦਿੱਤੀ। ਉਦੋਂ ਅਸੀਂ ਵੀ ਖੁਸ਼ ਸੀ ਕਿ ਪੜ੍ਹਨਾ ਨਹੀਂ ਪੈਂਦਾ, ਪਰ ਹੁਣ ਪਤਾ ਲੱਗਦਾ, ਜਦੋਂ ਕੰਪਨੀਆਂ ਟੈਸਟ ਲੈਂਦੀਆਂ। ਟੈਸਟ ਪਾਸ ਨਹੀਂ ਹੁੰਦਾ ਤੇ ਨੌਕਰੀ ਨਹੀਂ ਮਿਲਦੀ। ਜਿਹੋ ਜਿਹੇ 12ਵੀਂ ਕਰ ਕੇ ਦਾਖਲ ਹੋਏ ਸੀ, ਉਹੋ ਜਿਹੇ 4 ਸਾਲ ਬਾਅਦ ਡਿਗਰੀ ਦਾ ਇਹ ਸਰਟੀਫਿਕੇਟ ਲੈ ਕੇ ਧੱਕੇ ਖਾ ਰਹੇ ਹਾਂ।”
ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵਿਚ ਜ਼ਮੀਨ, ਜਾਇਦਾਦ ਨਾਂ ਲਵਾਉਣ ਦੀ ਅਸ਼ਟਾਮ ਡਿਊਟੀ ਪੰਜਾਬ ਸਰਕਾਰ ਨੇ ਮੁਆਫ ਕਰ ਦਿੱਤੀ ਹੈ। ਇਸ ਦੀ ਵੱਧ ਤੋਂ ਵੱਧ ਅਸਲੀ ਫੀਸ ਡੇਢ ਤੋਂ ਦੋ ਹਜ਼ਾਰ ਹੈ, ਪਰ ਭੋਲੇ-ਭਾਲੇ ਅਨਪੜ੍ਹ ਜ਼ਿਮੀਂਦਾਰਾਂ ਤੋਂ ਦਲਾਲਾਂ ਰਾਹੀਂ ਮਾਲ ਮਹਿਕਮੇ ਵਾਲੇ 15 ਹਜ਼ਾਰ ਪ੍ਰਤੀ ਕਿੱਲਾ ਲੈ ਕੇ ਰਜਿਸਟਰੀਆਂ ਕਰ ਰਹੇ ਹਨ। ਗਰੀਬ ਕਿਸਾਨਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਕੋਈ ਪੁੱਛਣ ਵਾਲਾ ਨਹੀਂ। ਕੁੱਤੀ-ਚੋਰ ਆਪਸ ਵਿਚ ਰਲੇ ਹੋਏ ਹਨ।
ਅੱਜ ਕੱਲ੍ਹ ਸੰਗਤ ਦਰਸ਼ਨ ਹੋ ਰਹੇ ਹਨ। ਇਹ ਆਮ ਤੌਰ ‘ਤੇ ਪੈਲੇਸਾਂ ਵਿਚ ਹੁੰਦੇ ਹਨ। ਅਫਸਰਾਂ ਸਮੇਤ ਸਾਰਾ ਅਮਲਾ-ਫੈਲਾ ਅਤੇ ਸਥਾਨਕ ਲੋਕ, ਸੰਗਤ ਦਰਸ਼ਨ ਵਿਚ ਆਉਂਦੇ ਹਨ। ਉਨ੍ਹਾਂ ਦਾ ਚਾਹ-ਪਾਣੀ, ਰੋਟੀ, ਪੈਲੇਸ ਦਾ ਖਰਚ ਸਥਾਨਕ ਪਟਵਾਰੀ, ਗਰਦਾਵਰ ਤੇ ਤਹਿਸੀਲਦਾਰ ਦੇ ਜ਼ਿੰਮੇ ਹੁੰਦਾ ਹੈ। ਮੇਰੇ ਪਿੰਡ ਵਿਚ ਵੀ ਸੰਗਤ ਦਰਸ਼ਨ ਹੋਇਆ। ਪਟਵਾਰੀ ਮੇਰੇ ਘਰ ਵੱਡੇ ਅਫਸਰਾਂ ਦੇ ਬੈਠਣ ਲਈ ਸੋਫਾ ਲੈਣ ਆਇਆ। ਜਦ ਸੰਗਤ ਦਰਸ਼ਨ ਤੋਂ ਬਾਅਦ ਸੋਫਾ ਵਾਪਸ ਕਰਨ ਪਟਵਾਰੀ ਦੇ ਨਾਲ ਗਰਦਾਵਰ ਵੀ ਆਇਆ ਤਾਂ ਮੈਂ ਪੁੱਛਿਆ, “ਸੰਗਤ ਦਰਸ਼ਨ ਠੀਕ-ਠਾਕ ਹੋ ਗਿਆ?” ਗਰਦਾਵਰ ਦਾ ਜਵਾਬ ਸੀ, “ਭਾਜੀ! ਸੰਗਤ ਦਰਸ਼ਨ ਲੀਡਰਾਂ ਤੇ ਅਫਸਰਾਂ ਦਾ ਕਾਹਦਾ! ਇਹ ਤਾਂ ਸਾਡਾ ਸੰਗਤ ਦਰਸ਼ਨ ਸੀ। ਚਾਰ ਪੰਜ ਦਿਨ ਤੋਂ ਤਿਆਰੀ ਕਰ ਰਹੇ ਸੀ। ਇਸ ਸੰਗਤ ਦਰਸ਼ਨ ਦਾ ਸਾਰਾ ਖਰਚ 65 ਹਜ਼ਾਰ ਰੁਪਿਆ ਆਇਆ। ਇਹ ਖਰਚ ਅਸੀਂ ਹੁਣ ਲੋਕਾਂ ਦੀਆਂ ਜੇਬਾਂ ਵਿਚੋਂ ਕੱਢਣਾ ਹੈ। ਅਸੀਂ ਮਾਂ ਦਾ ਸੂਤ ਵੇਚਿਆ! ਲੀਡਰ ਤੇ ਵੱਡੇ ਅਫਸਰ ਰਿਸ਼ਵਤ ਲੈਣ ਦਾ ਲਾਇਸੈਂਸ ਤਾਂ ਸਾਨੂੰ ਆਪਣੇ ਆਪ ਹੀ ਦੇ ਦਿੰਦੇ ਨੇ। ਅਸੀਂ ਹੁਣ ਇਕ ਲੱਖ ਤੀਹ ਹਜ਼ਾਰ ਬਣਾਵਾਂਗੇ ਤਾਂ ਹੀ ਸਾਡਾ ਘਰ ਪੂਰਾ ਹੋਊ। ਜੇ ਕਿਸੇ ਵੱਡੇ ਅਫਸਰ ਦਾ ਰਿਸ਼ਤੇਦਾਰ ਰੀਟ੍ਰੀਟ ਸੈਰਾਮਨੀ (ਬਾਰਡਰ) ਵੇਖਣ ਆਉਂਦਾ ਹੈ ਤਾਂ ਉਨ੍ਹਾਂ ਦਾ ਸਾਰਾ ਖਰਚ ‘ਤੀਸਰਾ ਨੇਤਰ’ ਖੋਲ੍ਹਣ ਤੱਕ ਸਾਡਾ ਹੀ ਹੁੰਦਾ ਹੈ। ਰਿਸ਼ਵਤ ਦੇ ਖਿਲਾਫ ਸ਼ਿਕਾਇਤ ਕੌਣ ਸੁਣੇਗਾ?”
ਪਿਛਲੇ ਸਾਲ ਇਕਬਾਲ ਸਿੰਘ ਰਾਮੂਵਾਲੀਆ ਦਾ ਲੇਖ ‘ਪੰਜਾਬ ਟਾਈਮਜ਼’ ਵਿਚ ਛਪਿਆ ਸੀ, ‘ਇਹ ਲੁੱਟਣ ਪੰਜਾਬ ਨੂੰ ਅਸੀਂ ਅਪਨਾਈਏ ਪਿੰਡ।’ ਮੈਂ ਦੇਖਿਆ ਕਿ ਕਈ ਲੋਕ ਤਾਂ ਠੀਕ ਦੇਸ਼ ਵਾਸੀਆਂ ਜਾਂ ਪਰਵਾਸੀਆਂ ਦੀ ਮਦਦ ਦੇ ਹੱਕਦਾਰ ਹੁੰਦੇ ਹਨ। ਜੋ ਲੋਕ ਹੱਥੀਂ ਕੰਮ ਨਹੀਂ ਕਰਦੇ, ਆਮਦਨ ਨਾਲੋਂ ਜ਼ਿਆਦਾ ਖਰਚ ਕਰਦੇ ਹਨ, ਗਰੀਬੀ ਹੋਣ ਦੇ ਬਾਵਜੂਦ ਨਸ਼ਾ ਕਰਦੇ ਹਨ; ਅਜਿਹੇ ਲੋਕ ਗਰੀਬੀ ਦੇ ਆਪ ਜ਼ਿੰਮੇਵਾਰ ਹਨ। ਇਸ ਤਰ੍ਹਾਂ ਦੇ ਲੋਕਾਂ ਦੀ ਸਹਾਇਤਾ ਕਿਸੇ ਸੂਰਤ ਵਿਚ ਨਹੀਂ ਕਰਨੀ ਚਾਹੀਦੀ। ਹਾਂ, ਜੇ ਕਿਸੇ ਦੀ ਕੁਦਰਤੀ ਆਫਤ ਕਾਰਨ ਜਾਂ ਲਾਇਲਾਜ ਬਿਮਾਰੀ ਕਾਰਨ ਹਾਲਤ ਮਾੜੀ ਹੋ ਜਾਂਦੀ ਹੈ ਤਾਂ ਉਹ ਪਰਵਾਸੀਆਂ ਦੀ ਮਦਦ ਦਾ ਹੱਕਦਾਰ ਹੈ।
ਅੱਜ ਹਰ ਹਲਕੇ ਵਿਚ ‘ਹਲਕਾ ਜਥੇਦਾਰ’ ਲਾਇਆ ਹੋਇਆ ਹੈ। ਤਹਿਸੀਲਦਾਰ, ਬੀæਡੀæਓæ, ਐਸ਼ਐਚæਓæ ਆਦਿ ਉਸ ਦੀ ਮਰਜ਼ੀ ਨਾਲ ਲਾਇਆ ਹੁੰਦਾ ਹੈ। ਹਲਕਾ ਜਥੇਦਾਰ ਦੇ ਆਰਡਰ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਜਾਇਜ਼-ਨਾਜਾਇਜ਼ ਕੰਮ ਕਰਾ ਕੇ ਕੁਝ ਆਪਣੇ ਪਾਸ ਰੱਖ ਕੇ ਉਪਰਲਿਆਂ ਨੂੰ ਮਹੀਨਾ ਦਿੰਦਾ ਹੈ। ਨਾਜਾਇਜ਼ ਕੰਮ ਜਲਦੀ ਹੋ ਜਾਂਦੇ ਹਨ, ਪਰ ਜਾਇਜ਼ ਕੰਮ ਸਾਲਾਂ ਬੱਧੀ ਨਹੀਂ ਹੁੰਦੇ। ਨਿਸ਼ਾਨਦੇਹੀ ਕੁਝ ਦਿਨਾਂ ਦੇ ਵਿਚ ਹੀ ਹੋਣੀ ਚਾਹੀਦੀ ਹੈ, ‘ਰਾਈਟ ਟੂ ਸਰਵਿਸ’ ਦੇ ਹਿਸਾਬ ਨਾਲ, ਪਰ ਮੇਰੇ ਪਿੰਡ ਦੇ ਇਕ ਜ਼ਿਮੀਂਦਾਰ ਦੀ ਨਿਸ਼ਾਨਦੇਹੀ 2013 ਤੋਂ ਲੈ ਕੇ ਹੁਣ ਤੱਕ ਨਹੀਂ ਹੋਈ।
ਮੇਰੇ ਪਿੰਡ ਦੀ ਫਿਰਨੀ 22 ਫੁੱਟ ਹੈ, ਪਰ ਹੁਣ 10 ਫੁੱਟ ਰਹਿ ਗਈ ਹੈ। ਦੋ ਗੱਡੀਆਂ ਆਹਮੋ-ਸਾਹਮਣੇ ਲੰਘ ਨਹੀਂ ਸਕਦੀਆਂ। ਇਸ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਵਿਚ ਲੜਾਈਆਂ ਅਤੇ ਕਤਲ ਹੋ ਸਕਦੇ ਹਨ। ਪਹਿਲੀ ਪੰਚਾਇਤ 1952 ਵਿਚ ਬਣੀ ਸੀ, ਪਰ ਅੱਜ ਤੱਕ ਕਿਸੇ ਨੇ ਵੀ ਨਿਸ਼ਾਨਦੇਹੀ ਲੈ ਕੇ 12 ਫੁੱਟ ਥਾਂ ਨਹੀਂ ਕਢਵਾਇਆ। ਇਸ ਵੋਟ ਰਾਜਨੀਤੀ ਅਤੇ ਚੌਧਰ ਦੀ ਭੁੱਖ ਨੇ ਹੇਠਾਂ ਤੋਂ ਲੈ ਕੇ ਉਤੋਂ ਤੱਕ ਰਾਜ ਪ੍ਰਬੰਧ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।
‘ਫੈਲੇ ਵਿਦਿਆ ਚਾਨਣ ਹੋਏ’ ਅਨੁਸਾਰ ਵਿਦਿਆ ਨਾਲ ਆਦਮੀ ਵਿਚ ਬੁੱਧ-ਬਿਬੇਕ ਪੈਦਾ ਹੁੰਦੀ ਹੈ। ਵਿਦਿਆ ਸਾਨੂੰ ਵਿਗਿਆਨਕ ਸੋਚ ਦੇ ਲੜ ਲਾਉਂਦੀ ਹੈ। ਅਨਪੜ੍ਹਤਾ ਕਾਰਨ ਅੱਜ ਵੀ ਪਿੰਡਾਂ ਵਿਚ ਅੰਧਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ ਹਨ ਤੇ ਬਾਬਾਵਾਦ ਪੈਦਾ ਹੋ ਰਿਹਾ ਹੈ। ਅੱਜ ਕੱਲ੍ਹ ਸਾਡੇ ਧਾਰਮਿਕ ਆਗੂ ਪਿੰਡ ਵਿਚ ਇਕ ਗੁਰਦੁਆਰਾ ਬਣਾਉਣ ਅਤੇ ਸਾਰੇ ਭਾਈਚਾਰਿਆਂ ਦੀ ਇਕ ਹੀ ਮੜ੍ਹੀ ਦੀ ਗੱਲ ਕਹਿੰਦੇ ਹਨ। ਮੈਂ ਪਿੰਡ ਦੇ ਜੱਟਾਂ ਅਤੇ ਮਜ਼੍ਹਬੀ ਸਿੱਖਾਂ ਨੂੰ ਮੜ੍ਹੀ ਇਕ ਥਾਂ ਕਰਨ ਵਾਸਤੇ ਦੋਹਾਂ ਭਾਈਚਾਰਿਆਂ ਨੂੰ ਸੱਦਿਆ। ਇਸ ‘ਤੇ ਮਜ਼੍ਹਬੀ ਸਿੱਖਾਂ ਦਾ ਮੋਹਤਬਰ ਮੈਨੂੰ ਕਹਿਣ ਲੱਗਾ, “ਭਾਜੀ! ਇਹ ਨਹੀਂ ਹੋ ਸਕਦਾ।” ਮੈਂ ਪੁੱਛਿਆ, “ਕਿਉਂ?” ਉਸ ਦਾ ਉਤਰ ਸੀ, “ਜੇ ਮੜ੍ਹੀ ਇਕ ਥਾਂ ਕਰ ਦਿੱਤੀ ਤਾਂ ਜੱਟ ਤੇ ਮਜ਼੍ਹਬੀ ਮੁਰਦੇ ਭੁਤ-ਚੁੜੇਲਾਂ ਬਣ ਕੇ ਆਪਸ ਵਿਚ ਲੜਿਆ ਕਰਨਗੇ।”
ਅੱਜ ਕੱਲ੍ਹ ਪੰਜਾਬ ਵਿਚ ਸਮੈਕ ਆਦਿ ਨਸ਼ਿਆਂ ਦੀ ਤਸਕਰੀ ਦੀ ਬੜੀ ਚਰਚਾ ਹੈ। ਇਹ ਤਸਕਰੀ ਕਰਨ ਵਾਲੇ ਕੌਮਾਂਤਰੀ ਵੱਡੇ-ਵੱਡੇ ਬਲੈਕੀਏ ਹਨ ਜੋ ਦੋਹਾਂ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿਚ ਬੈਠੇ ਹਨ। ਇਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਫੜੇ ਜਾਂ ਕੈਦ ਕੱਟਣ ਵਾਲੇ, ਮਾਰੇ ਜਾਣ ਵਾਲੇ ਤਾਂ ‘ਪਾਂਡੀ’ ਹੁੰਦੇ ਹਨ ਜੋ ਮਾਲ ਟਿਕਾਣੇ ਪਹੁੰਚਾਉਣ ਦਾ ਕਮਿਸ਼ਨ ਲੈਂਦੇ ਹਨ। ਸਾਡੇ ਇਲਾਕੇ ਦੇ ਇਕ ‘ਪਾਂਡੀ’ ਤੋਂ ਦੋ ਅੰਕਾਂ ਦੇ ਬਰਾਬਰ ਭਾਰ ਦੀ ਹੈਰੋਇਨ ਫੜੀ ਗਈ। ਉਹ ਜੇਲ੍ਹ ਚਲਾ ਗਿਆ। ਕੁਝ ਮਹੀਨਿਆਂ ਬਾਅਦ ਉਹ ਪਿੰਡ ਆ ਕੇ ਕਬੱਡੀ ਦਾ ਮੈਚ ਕਰਾ ਰਿਹਾ ਸੀ। ਉਸ ਦੇ ਵਿਰੋਧੀਆਂ ਨੇ ਟੂਰਨਾਮੈਂਟ ਵਿਚ ਸ਼ਮੂਲੀਅਤ ਦੀ ਵੀਡੀਓ ਬਣਾ ਕੇ ਜ਼ਿਲ੍ਹੇ ਦੇ ਵੱਡੇ ਅਫਸਰ ਨੂੰ ਦੇ ਦਿੱਤੀ। ਉਹ ਬੜੇ ਆਰਾਮ ਨਾਲ ਦੁਬਾਰਾ ਜੇਲ੍ਹ ਚਲਾ ਗਿਆ। ਉਸ ‘ਤੇ ਕੋਈ ਐਕਸ਼ਨ ਨਾ ਹੋਇਆ। ਸਾਲ ਦੇ ਵਿਚ-ਵਿਚ ਹੀ ਉਹ ਬਰੀ ਹੋ ਗਿਆ ਤੇ ਅੱਜ ਕੱਲ੍ਹ ਫਿਰ ਆਪਣੇ ਕੰਮ ਵਿਚ ਰੁੱਝਿਆ ਹੋਇਆ ਹੈ।
ਪੰਜਾਬ ਵਿਚ ਅੱਜ ਕੱਲ੍ਹ 2017 ਦੀਆਂ ਚੋਣਾਂ ਲਈ ਰਵਾਇਤੀ ਪਾਰਟੀਆਂ ਤੋਂ ਇਲਾਵਾ ਇਕ ਪਾਰਟੀ ਨਵੀਂ ਉਭਰੀ ਹੈ। ਇਸ ਪਾਰਟੀ ਨਾਲ ਸਬੰਧਤ ਦਿੱਲੀ ਦੇ ਐਮæਐਲ਼ਏæ ਜੱਸੀ ਗਿੱਲ ਨੇ ਮੈਨੂੰ ਆਪਣੇ ਘਰ ਦੁਪਹਿਰ ਦੇ ਖਾਣੇ ‘ਤੇ ਸੱਦਿਆ। ਮੈਂ ਗਿਆ ਅਤੇ ਉਸ ਨੂੰ ਸਵਾਲ ਕੀਤਾ, “68 ਸਾਲਾਂ ਵਿਚ ਸਾਡੇ ਲੀਡਰਾਂ ਨੇ ਸਾਨੂੰ ਬੇਈਮਾਨੀ ਸਿਖਾਈ ਹੈ, ਇਮਾਨਦਾਰ ਤੇ ਨਿਸ਼ਕਾਮ ਬੰਦੇ ਕਿਥੋਂ ਲਿਆਓਗੇ?” ਉਸ ਨੇ ਕਿਹਾ, “ਅਸੀਂ ਸਿਸਟਮ ਬਦਲਾਂਗੇ। ਸਿਆਸਤਦਾਨ ਤੇ ਅਫਸਰਸ਼ਾਹੀ ਬਦਲੇਗੀ ਤਾਂ ਸਿਸਟਮ ਵੀ ਬਦਲ ਜਾਏਗਾ?”
ਪੰਜਾਬ ਨੂੰ ਲੋੜ ਹੈ, ਅੱਜ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਲੀਡਰਾਂ ਦੀ; ਅੱਜ ਲੋੜ ਹੈ, ਨਵਾਬ ਕਪੂਰ ਸਿੰਘ ਵਰਗਿਆਂ ਦੀ; ਕਰਤਾਰ ਸਿੰਘ ਝੱਬਰ ਵਰਗੇ ਲੀਡਰਾਂ ਦੀ, ਜਿਸ ਨੇ ਅਕਾਲੀ ਲਹਿਰ ਵਿਚ ਸਭ ਤੋਂ ਵੱਧ ਕੁਰਬਾਨੀ ਕੀਤੀ, ਪਰ ਨਾ ਕੋਈ ਅਹੁਦਾ ਲਿਆ ਤੇ ਨਾ ਹੀ ਗੁਰੂ ਦੀ ਗੋਲਕ ਵਿਚੋਂ ਤਨਖਾਹ ਲਈ। ਅੱਜ ਜਿਸ ਲੀਡਰ ਦੀਆਂ ਇਕ ਦਿਨ ਪਹਿਲਾਂ ਸਿਫਤਾਂ ਕਰਦੇ ਨਹੀਂ ਥੱਕਦੇ, ਟਿਕਟ ਨਾ ਮਿਲਣ ਉਤੇ ਉਸ ਦੀ ਨਿੰਦਿਆਂ ਪਾਣੀ ਪੀ-ਪੀ ਕੇ ਕਰਨ ਲੱਗ ਪੈਂਦੇ ਹਨ। ਜਿੰਨਾ ਚਿਰ ਸਾਡਾ ਕਿਰਦਾਰ ਚੰਗਾ ਨਹੀਂ ਹੋਵੇਗਾ, ਅਸੀਂ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੇ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥