ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸਰਪੰਚ ਦੇ ਕਹਿਣ ਉਤੇ ਰਤਨਾ ਚੌਕੀਦਾਰ ਸਿਆਣੇ ਬੰਦਿਆਂ ਦੇ ਘਰੀਂ ਸੁਨੇਹਾ ਦੇ ਆਇਆ ਸੀ ਕਿ ਕੱਲ੍ਹ ਨੂੰ ਪ੍ਰੀਤਮ ਸਿਉਂ ਦੇ ਮੁੰਡਿਆਂ ਨੇ ਘਰ ਤੇ ਜ਼ਮੀਨ ਜਾਇਦਾਦ ਦਾ ਬਟਵਾਰਾ ਕਰਨਾ ਹੈ। ਤੁਸੀਂ ਭਾਈ ਸਵੇਰੇ ਦਸ ਵਜੇ ਪ੍ਰੀਤਮ ਸਿਉਂ ਦੇ ਘਰ ਪਹੁੰਚ ਕੇ ਭਰਾਵਾਂ ਦੀ ਵੰਡ ਸਹਿਮਤੀ ਨਾਲ ਕਰਵਾ ਦਿਓ। ਬਹੁਤਿਆਂ ਨੇ ‘ਹਾਂ’ ਦਾ ਹੁੰਗਾਰਾ ਭਰਿਆ।
ਬਾਗ ਵਿਚ ਫੁੱਲਾਂ ਵਾਂਗ ਖਿੜੇ ਦੋਵਾਂ ਭਰਾਵਾਂ ਉਤੇ ਸਮੇਂ ਦੀ ਚੱਲੀ ਹਨੇਰੀ ਨੇ ਉਜਾੜ ਲੈ ਆਂਦਾ ਸੀ। ਕੋਈ ਸਮਾਂ ਸੀ ਜਦੋਂ ਦੋਵੇਂ ਭਰਾ ਲੋਕਾਂ ਦੇ ਘਰੀਂ ਫੈਸਲੇ ਕਰਵਾਉਣ ਜਾਂਦੇ ਸਨ, ਪਰ ਹੁਣ ਉਨ੍ਹਾਂ ਦੀ ਸਿਆਣਪ ਬੌਣੀ ਹੋ ਚੁੱਕੀ ਸੀ। ਹੁਣ ਲੋਕਾਂ ਦੀ ਸਿਆਣਪ ਉਨ੍ਹਾਂ ਨੂੰ ਲੈਣੀ ਪੈ ਰਹੀ ਸੀ, ਪਿਛਲੇ ਦੋ ਸਾਲਾਂ ਤੋਂ ਘਰ ਤਬਾਹੀ ਵੱਲ ਜੁ ਜਾ ਰਿਹਾ ਸੀ।
ਰਿਟਾਇਰ ਹੋਇਆ ਪ੍ਰੀਤਮ ਸਿੰਘ ਪਟਵਾਰੀ ਸ਼ਾਇਦ ਪੰਜਾਬ ਦਾ ਪਹਿਲਾ ਪਟਵਾਰੀ ਹੋਵੇਗਾ ਜਿਸ ਨੇ ਕਦੇ ਕਿਸੇ ਕੋਲੋਂ ਪਾਣੀ ਦਾ ਗਲਾਸ ਵੀ ਨਾ ਪੀਤਾ ਹੋਵੇ। ਪਿਉ ਦਾਦੇ ਦੀ ਦਸ ਕਿੱਲੇ ਜ਼ਮੀਨ ਸੀ। ਜਿਸ ਦਿਨ ਪਟਵਾਰੀ ਲੱਗਿਆ ਤੇ ਜਿਸ ਦਿਨ ਹਟਿਆ, ਜ਼ਮੀਨ ਨਾ ਵਿਸਵਾ ਵਧੀ, ਨਾ ਘਟੀ। ਇਮਾਨਦਾਰੀ ਨਾਲ ਆਪਣੀ ਨੌਕਰੀ ਕਰ ਕੇ ਉਸ ਨੇ ਆਪਣੇ ਦੋਵੇਂ ਪੁੱਤਾਂ-ਸਰਦੂਲ ਸਿੰਘ ਤੇ ਕਪੂਰ ਸਿੰਘ ਨੂੰ ਪਾਲਿਆ ਤੇ ਪੜ੍ਹਾਇਆ ਸੀ। ਸਰਦੂਲ ਸਿੰਘ ਨੂੰ ਬਚਪਨ ਤੋਂ ਹੀ ਖੇਤੀ ਦਾ ਸ਼ੌਕ ਸੀ। ਉਹ ਦਸ ਜਮਾਤਾਂ ਪੜ੍ਹ ਕੇ ਖੇਤੀ ਕਰਨ ਲੱਗਾ। ਕਪੂਰ ਸਿੰਘ ਨੂੰ ਉਸ ਦੇ ਫੁੱਫੜ ਨੇ ਫੌਜ ਵਿਚ ਭਰਤੀ ਕਰਵਾ ਦਿੱਤਾ। ਫੁੱਫੜ ਆਪ ਵੀ ਕਰਨਲ ਸੀ। ਪ੍ਰੀਤਮ ਸਿੰਘ ਖੁਸ਼ ਸੀ ਕਿ ਦੋਵੇਂ ਪੁੱਤ ਕਿੱਤੇ ਲੱਗ ਗਏ ਸਨ। ਵਿਆਹਾਂ ਦਾ ਕੋਈ ਫਿਕਰ ਨਾ ਰਹੂ।
ਸਰਦੂਲ ਸਿੰਘ ਬਲਦਾਂ ਨਾਲ ਹੀ ਖੇਤੀ ਕਰਦਾ ਸੀ। ਪਿੰਡ ਵਿਚ ਟਾਂਵਾਂ-ਟਾਂਵਾਂ ਟਰੈਕਟਰ ਆਇਆ ਸੀ। ਕਈਆਂ ਨੇ ਪ੍ਰੀਤਮ ਸਿਉਂ ਨੂੰ ਕਹਿਣਾ, “ਤਾਇਆ! ਅਸੀਂ ਤੇਰੀ ਜ਼ਮੀਨ ਵਾਹ-ਬੀਜ ਦਿੰਦੇ ਆਂ। ਕਾਹਨੂੰ ਸਰਦੂਲ ਤੋਂ ਟੱਕਰਾਂ ਮਰਵਾਉਂਦਾ ਏਂ।” ਪਰ ਪ੍ਰੀਤਮ ਸਿਉਂ ਜਵਾਬ ਦੇ ਦਿੰਦਾ। ਉਹ ਕਿਸੇ ਦਾ ਅਹਿਸਾਨ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ। ਕਈ ਵਾਰ ਸਰਦੂਲ ਸਿੰਘ ਨੇ ਕਹਿਣਾ, “ਬਾਪੂ ਜੀ! ਜੇ ਕੋਈ ਤੇਲ ਉਤੇ ਆਪਣੀ ਬੀਜ ਬਜਾਈ ਕਰ ਵੀ ਦੇਊ ਤਾਂ ਹਰਜ ਕੀ ਹੈ?” ਪਰ ਪ੍ਰੀਤਮ ਸਿਉਂ ਲਈ ਆਪਣੀ ਨੌਕਰੀ ‘ਜ਼ਿੰਦਾਬਾਦ’ ਸੀ।
ਇਕ ਵਾਰ ਉਹ ਦੋ ਭਰਾਵਾਂ ਦੀ ਜ਼ਮੀਨ ਦੀ ਮਿਣਤੀ ਕਰਨ ਚਲਿਆ ਗਿਆ। ਵੱਡੇ ਭਰਾ ਦੀ ਸਰਕਾਰੇ-ਦਰਬਾਰੇ ਪਹੁੰਚ ਸੀ। ਉਹ ਆਪਣੇ ਭਰਾ ਦਾ ਅੱਧਾ ਕਿੱਲਾ ਜ਼ਮੀਨ ਵੱਧ ਰੱਖਣ ਲਈ ਲਾਲਚੀ ਹੋ ਗਿਆ। ਪ੍ਰੀਤਮ ਸਿਉਂ ਨੂੰ ਪਹਿਲਾਂ ਰਿਸ਼ਵਤ ਦੀ ਪੇਸ਼ਕਸ਼ ਕੀਤੀ, ਤੇ ਫਿਰ ਉਪਰਲੀ ਅਫਸਰੀ ਦਾ ਰੋਹਬ ਪੁਆਇਆ। ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਪਰ ਉਹ ਅਡੋਲ ਰਿਹਾ। ਜ਼ਮੀਨ ਦੀ ਮਿਣਤੀ ਸੋਨੇ ਦੀ ਤੱਕੜੀ ਤੋਲ ਦਿੱਤੀ, ਪਰ ਲਾਲਚੀ ਬੰਦੇ ਦੇ ਗੱਲ ਕਿਥੇ ਹਜ਼ਮ ਹੁੰਦੀ ਹੈ! ਉਸ ਨੇ ਚੌਥੇ ਕੁ ਦਿਨ ਸੂਏ ਦੀ ਪਟੜੀ ਆਉਂਦੇ ਪ੍ਰੀਤਮ ਸਿਉਂ ਉਤੇ ਭਾੜੇ ਦੇ ਟੱਟੂਆਂ ਤੋਂ ਹਮਲਾ ਕਰਵਾ ਦਿੱਤਾ। ਕਿਸੇ ਨੇ ਘਰ ਸੁਨੇਹਾ ਦਿੱਤਾ। ਹਸਪਤਾਲ ਲੈ ਕੇ ਗਏ, ਪ੍ਰੀਤਮ ਸਿਉਂ ਮਰਨੋਂ ਬਚ ਗਿਆ, ਪਰ ਲੱਤੋਂ ਨਕਾਰਾ ਹੋ ਗਿਆ।
ਪੁਲਿਸ ਨੇ ਬਿਆਨ ਲਏ ਅਤੇ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰੀ ਕਰਵਾਉਣ ਲਈ ਕਿਹਾ, ਪਰ ਪ੍ਰੀਤਮ ਸਿਉਂ ਨੇ ਬਾਜ਼ਾਂ ਵਾਲੇ ਦੀ ਕਚਹਿਰੀ ਕੇਸ ਪਾ ਦਿੱਤਾ। ਚੌਦਵੇਂ ਦਿਨ ਉਸ ਕਿਸਾਨ ਦਾ ਇਕੱਲਾ ਪੁੱਤ ਝੋਟੇ ਨੇ ਕੰਧ ਵਿਚ ਦੇ ਕੇ ਮਾਰ ਦਿੱਤਾ। ਉਹ ਰੋਂਦਾ ਪ੍ਰੀਤਮ ਸਿਉਂ ਕੋਲ ਆਇਆ ਤੇ ਮੁਆਫੀ ਮੰਗੀ। ਇਕ ਕਿੱਲਾ ਜ਼ਮੀਨ ਦਾ ਆਪਣੇ ਭਰਾ ਨੂੰ ਆਪ ਵੱਧ ਦਿੱਤਾ। ਪ੍ਰੀਤਮ ਸਿੰਘ ਦਾ ਸਭ ਤੋਂ ਵੱਡਾ ਹਥਿਆਰ ਸੀ ਚੁੱਪ; ਨਾ ਕਿਸੇ ਨਾਲ ਲੜਨਾ, ਨਾ ਹੱਕ ਖਾਣਾ ਤੇ ਨਾ ਖਾਣ ਦੇਣਾ।
ਸਮੇਂ ਦੀ ਚਾਲ ਚੱਲਦੀ ਗਈ। ਪ੍ਰੀਤਮ ਸਿੰਘ ਨੇ ਆਪਣਾ ਵੱਡਾ ਪੁੱਤ ਸਰਦੂਲ ਸਿਉਂ ਵਿਆਹ ਲਿਆ। ਲੋਕੀਂ ਬੜਾ ਕੁਝ ਲੈ ਕੇ ਆਏ, ਪਰ ਉਸ ਨੇ ਕਿਸੇ ਦਾ ਕੁਝ ਨਾ ਰੱਖਿਆ। ਇਸੇ ਤਰ੍ਹਾਂ ਉਸ ਨੇ ਕਪੂਰ ਸਿੰਘ ਦਾ ਵਿਆਹ ਕੀਤਾ। ਕਪੂਰ ਸਿੰਘ ਵਿਆਹ ਕਰਵਾ ਕੇ ਦੋ ਮਹੀਨੇ ਪਿੰਡ ਰਿਹਾ ਤੇ ਫਿਰ ਪਠਾਨਕੋਟ ਛਾਉਣੀ ਚਲਿਆ ਗਿਆ। ਅਜੇ ਉਹ ਦੁਬਾਰਾ ਛੁੱਟੀ ਲਈ ਅਰਜ਼ੀ ਦੇਣ ਦੀ ਸੋਚ ਰਿਹਾ ਸੀ ਕਿ ਉਸ ਦੇ ਹੱਥ ਵਿਚ ਨਕਾਰਾ ਹੋਇਆ ਗਰਨੇਡ ਚੱਲ ਗਿਆ ਜੋ ਉਸ ਦਾ ਸੱਜਾ ਹੱਥ ਉਡਾ ਕੇ ਲੈ ਗਿਆ। ਉਸ ਦਾ ਇਲਾਜ ਕਰਵਾਇਆ ਤੇ ਫਿਰ ਅੱਠ ਸਾਲ ਦੀ ਨੌਕਰੀ ਬਾਅਦ ਉਸ ਨੂੰ ਪੈਨਸ਼ਨ ਲਾ ਕੇ ਭੇਜ ਦਿੱਤਾ ਗਿਆ। ਘਰ ਵਿਚ ਕਿਸੇ ਨੂੰ ਰੋਟੀ ਨਾ ਸਵਾਦ ਲੱਗੇ।
ਠੀਕ ਹੋਣ ਤੋਂ ਬਾਅਦ ਕਪੂਰ ਸਿੰਘ ਵੱਡੇ ਨਾਲ ਖੇਤੀ ਕਰਨ ਲੱਗਾ। ਫੌਜ ਵਿਚੋਂ ਮਿਲੀ ਰਕਮ ਨਾਲ ਪੁਰਾਣਾ ਟਰੈਕਟਰ ਲੈ ਲਿਆ। ਖੇਤੀ ਦਾ ਕੰਮ ਸੁਖਾਲਾ ਹੋ ਗਿਆ। ਦੋਵੇਂ ਭਰਾ ਬੜੀ ਮਿਹਨਤ ਕਰਦੇ। ਪ੍ਰੀਤਮ ਸਿਉਂ ਆਪਣੀ ਨੌਕਰੀ ਇਮਾਨਦਾਰੀ ਨਾਲ ਕਰੀ ਜਾ ਰਿਹਾ ਸੀ। ਉਹ ਹਮੇਸ਼ਾ ਖੱਦਰ ਦੇ ਕੱਪੜੇ ਪਹਿਨਦਾ ਤੇ ਖੱਦਰ ਦੀ ਹੀ ਪੱਗ ਬੰਨ੍ਹਦਾ ਸੀ। ਸਮਾਂ ਬੀਤਦਾ ਗਿਆ, ਦੋਹਾਂ ਭਰਾਵਾਂ ਦੇ ਘਰ ਦੋ-ਦੋ ਪੁੱਤ ਤੇ ਇਕ-ਇਕ ਧੀ ਹੋਏ। ਵਿਹੜਾ ਖੁਸ਼ੀਆਂ ਨਾਲ ਭਰਿਆ ਰਹਿੰਦਾ। ਲੋਕ ਪ੍ਰੀਤਮ ਸਿਉਂ ਦੇ ਸੁਖੀ ਵੱਸਦੇ ਪਰਿਵਾਰ ਨੂੰ ਦੇਖ ਕੇ ਆਪਣੇ ਘਰੀਂ ਵੀ ਸੁੱਖ ਭਾਲਦੇ। ਪ੍ਰੀਤਮ ਸਿਉਂ ਦੀਆਂ ਦੋਵੇਂ ਨੂੰਹਾਂ ਵੀ ਸਿਆਣੀਆਂ ਤੇ ਸਮਝਦਾਰ ਸਨ। ਉਨ੍ਹਾਂ ਨੇ ਆ ਕੇ ਘਰ ਨੂੰ ਚਾਰ ਚੰਨ ਲਾ ਦਿੱਤੇ।
ਪ੍ਰੀਤਮ ਸਿਉਂ ਦੀ ਇਮਾਨਦਾਰੀ ਦਾ ਫਲ ਉਸ ਨੂੰ ਮਿਲਿਆ। ਕਿਸੇ ਵੱਡੇ ਅਮੀਰ ਬੰਦੇ ਨੇ ਉਸ ਦੀ ਬਦਲੀ ਫਿਰੋਜ਼ਪੁਰ ਲਾਗੇ ਕਰਵਾ ਦਿੱਤੀ। ਪ੍ਰੀਤਮ ਸਿਉਂ ਨੇ ਝੁਕਣ ਨਾਲੋਂ ਘਰ ਦੀ ਦੂਰੀ ਮਨਜ਼ੂਰ ਕਰ ਲਈ। ਪ੍ਰੀਤਮ ਸਿਉਂ ਦੇ ਉਥੇ ਜਾਣ ਮਗਰੋਂ ਪਤਾ ਨਹੀਂ ਕਿਸੇ ਨੇ ਘਰ ਵਿਚ ਕੀ ਫੂਕ ਮਾਰ ਦਿੱਤੀ ਕਿ ਲੜਾਈ ਦਾ ਬੀਜ ਬੀਜਿਆ ਗਿਆ। ਪ੍ਰੀਤਮ ਸਿਉਂ ਹੁਣ ਸੇਵਾ ਮੁਕਤ ਹੋ ਕੇ ਘਰ ਆ ਗਿਆ ਸੀ। ਇਕ ਦਿਨ ਵੱਡੀ ਨੂੰਹ ਨੇ ਖਾਰੀ ਵਾਲੇ ਭਾਈ ਤੋਂ ਕੇਲੇ ਲੈ ਕੇ ਆਪਣੇ ਬੱਚਿਆਂ ਨੂੰ ਦੇ ਦਿੱਤੇ, ਬੱਸ ਇਸੇ ਬਹਾਨੇ ਛੋਟੀ ਨੂੰਹ ਨੇ ਘਰ ਕਲੇਸ਼ ਪਾ ਲਿਆ ਕਿ ਉਸ ਦੇ ਬੱਚਿਆਂ ਨੂੰ ਕੇਲੇ ਕਿਉਂ ਨਹੀਂ ਲੈ ਕੇ ਦਿੱਤੇ? ਪ੍ਰੀਤਮ ਸਿਉਂ ਨੇ ਬਹੁਤ ਸਮਝਾਇਆ, ਪਰ ਗੱਲ ਸਿਰੇ ਨਾ ਲੱਗ ਸਕੀ। ਨਿੱਕੀ ਜਿਹੀ ਗੱਲ ਅੱਜ ਬਟਵਾਰੇ ਤੱਕ ਪਹੁੰਚ ਗਈ ਸੀ।
ਦਿੱਤੇ ਹੋਏ ਸਮੇਂ ਮੁਤਾਬਕ ਪਿੰਡ ਦੇ ਮੋਹਤਬਰ ਆ ਗਏ। ਲੋਕਾਂ ਦੇ ਕੰਨ ਪ੍ਰੀਤਮ ਸਿਉਂ ਦੇ ਘਰ ਦੀਆਂ ਕੰਧਾਂ ਨਾਲ ਲੱਗ ਗਏ। ਪਹਿਲਾਂ ਸਰਪੰਚ ਨੇ ਘਰ ਦੀ ਵੰਡ ਕੀਤੀ ਤੇ ਵੱਡੇ ਭਰਾ ਦਾ ਪੱਲੜਾ ਭਾਰੀ ਰੱਖਿਆ। ਫੌਜੀ ਕਪੂਰ ਸਿਉਂ ਕਹਿੰਦਾ, ਜੋ ਕਰੋਗੇ, ਮਨਜ਼ੂਰ ਹੈ। ਸਿਆਣਿਆਂ ਨੇ ਵੀ ਗਿਣਤੀ-ਮਿਣਤੀ ਵਿਚ ਪੱਖਪਾਤ ਕੀਤਾ। ਪ੍ਰੀਤਮ ਸਿਉਂ ਬੈਠਾ ਸਭ ਕੁਝ ਦੇਖ ਰਿਹਾ ਸੀ। ਜਦੋਂ ਅਖੀਰ ਗੱਲ ਨਾ ਬਣੀ ਤਾਂ ਉਹ ਉਠਿਆ ਤੇ ਬੋਲਿਆ, “ਭਰਾਵੋ! ਮੈਂ ਸਾਰੀ ਉਮਰ ਲੋਕਾਂ ਦੀਆਂ ਜ਼ਮੀਨਾਂ ਵੰਡਾਉਂਦਾ ਰਿਹਾਂ ਤੇ ਅੱਜ ਦੀਵੇ ਥੱਲੇ ਹਨੇਰਾ ਹੋ ਗਿਆ। ਤੁਸੀਂ ਪੱਖਪਾਤ ਛੱਡ ਕੇ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਵੰਡ ਕਰਵਾਓ।”
ਕਈਆਂ ਨੇ ਭਾਈਚਾਰਕ ਸਾਂਝ ਨੂੰ ਨਾ ਤੋੜਦਿਆਂ ਕੋਈ ਫੈਸਲਾ ਨਾ ਕੀਤਾ। ਫਿਰ ਭਰਾਵਾਂ ਦੀ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਪ੍ਰੀਤਮ ਸਿਉਂ ਦੀਆਂ ਦੋਵੇਂ ਨੂੰਹਾਂ ਵੀ ਮਿਹਣੋ-ਮਿਹਣੀ ਹੋ ਗਈਆਂ। ਘਰ ਵਿਚ ਲੜਾਈ ਹੋਣ ਹੀ ਵਾਲੀ ਸੀ ਕਿ ਬਾਹਰੋਂ ਦੋ ਜੀਪਾਂ ਬੰਦਿਆਂ ਨਾਲ ਭਰੀਆਂ ਆ ਗਈਆਂ ਜਿਨ੍ਹਾਂ ਨਾਲ ਪੰਜ-ਛੇ ਬੁੜ੍ਹੀਆਂ ਵੀ ਸਨ। ਇਹ ਸਾਰੇ ਜਣੇ ਸਰਦੂਲ ਸਿਉਂ ਅਤੇ ਕਪੂਰ ਸਿਉਂ ਦੇ ਸਹੁਰਿਆਂ ਤੋਂ ਆਏ ਸਨ। ਦੋਵਾਂ ਭਰਾਵਾਂ ਨੇ ਸੋਚਿਆ ਕਿ ਉਨ੍ਹਾਂ ਦੇ ਸਹੁਰਿਆਂ ਵਾਲੇ ਬੰਦੇ ਆਪੋ-ਆਪਣੇ ਪੱਖ ਵਿਚ ਖੜ੍ਹਨਗੇ, ਪਰ ਕਹਾਣੀ ਉਲਟ ਹੋ ਗਈ।
“ਮਾਸੜ ਜੀ! ਗੁਰੂ ਫਤਿਹ ਪ੍ਰਵਾਨ ਕਰਨੀ।” ਛੇ ਫੁੱਟ ਦੇ ਜਵਾਨ ਨੇ ਕਿਹਾ ਜੋ ਸਰਦੂਲ ਸਿਉਂ ਦਾ ਸਾਲਾ ਲੱਗਦਾ ਸੀ, ਦੂਜਾ ਮਧਰੇ ਕੱਦ ਵਾਲਾ ਕਪੂਰ ਸਿਉਂ ਦਾ ਸਾਲਾ ਵੀ ਨਾਲ ਹੀ ਖੜ੍ਹਾ ਸੀ। “ਦੇਖੋ ਮਾਸੜ ਜੀ! ਅਸੀਂ ਇਨ੍ਹਾਂ ਦੋਵਾਂ ਦਾ ਬਟਵਾਰਾ ਕਰਵਾਉਣ ਨਹੀਂ ਆਏ। ਅਸੀਂ ਤਾਂ ਇਹ ਕਹਿਣ ਆਏ ਹਾਂ ਕਿ ਜੇ ਇਨ੍ਹਾਂ ਨੇ ਘਰ ਜ਼ਮੀਨ ਦਾ ਬਟਵਾਰਾ ਕਰਨਾ ਹੈ ਤਾਂ ਅਸੀਂ ਇਨ੍ਹਾਂ ਦੇ ਘਰ ਨਹੀਂ ਵੜਨਾ। ਨਾ ਅਸੀਂ ਆਪਣੀਆਂ ਭੈਣਾਂ ਨਾਲ ਬੋਲਣਾ ਹੈ ਤੇ ਨਾ ਕੋਈ ਰਿਸ਼ਤੇਦਾਰੀ ਰੱਖਣੀ ਹੈ। ਅਸੀਂ ਬਟਵਾਰਾ ਕਰਾਉਣ ਨਹੀਂ, ਬਟਵਾਰਾ ਰੋਕਣ ਆਏ ਹਾਂ। ਸਰਪੰਚ ਸਾਬ੍ਹ! ਤੁਸੀਂ ਜਾਉ ਘਰਾਂ ਨੂੰ, ਅਸੀਂ ਆਪ ਹੀ ਸਮਝਾ ਲਵਾਂਗੇ ਇਨ੍ਹਾਂ ਨੂੰ।” ਸਰਦੂਲ ਸਿਉਂ ਦਾ ਸਾਲਾ ਬੋਲਿਆ।
ਆਏ ਹੋਏ ਬੰਦੇ ਕੱਚੇ ਜਿਹੇ ਹੁੰਦੇ ਆਪੋ-ਆਪਣੇ ਘਰੀਂ ਚਲੇ ਗਏ। ਬਟਵਾਰਾ ਰੁਕ ਗਿਆ। ਦੋਵੇਂ ਭਰਾ ਕੁਝ ਨਾ ਬੋਲੇ। ਪ੍ਰੀਤਮ ਸਿਉਂ ਖੁਸ਼ ਹੋ ਗਿਆ।
ਚੰਗੇ ਸਹੁਰਿਆਂ ਦੀ ਬਦੌਲਤ ਦੋਹਾਂ ਭਰਾਵਾਂ ਦਾ ਉਜੜਨ ਲੱਗਿਆ ਘਰ ਬਚ ਗਿਆ। ਫਿਰ ਉਨ੍ਹਾਂ ਕਦੇ ਬਟਵਾਰੇ ਦਾ ਨਾਂ ਨਾ ਲਿਆ। ਪ੍ਰੀਤਮ ਸਿਉਂ ਸੌ ਸਾਲ ਦਾ ਹੋ ਕੇ ਜਹਾਨੋਂ ਗਿਆ। ਅਗਾਂਹ ਪੁੱਤ ਪੋਤਰੇ ਵੀ ਇਕੱਠੇ ਰਹੇ। ਅੱਜ ਪਿੰਡ ਵਿਚ ਲੋਕ ਇਨ੍ਹਾਂ ਨੂੰ ‘ਕੱਠਿਆਂ ਦੇ’ ਕਹਿ ਕੇ ਬੁਲਾਉਂਦੇ ਹਨ। ਸੱਠ ਕਿਲੇ ਜ਼ਮੀਨ ਹੈ ਹੁਣ ਇਨ੍ਹਾਂ ਕੋਲ, ਤੇ ਤਿੰਨ ਟਰੈਕਟਰ। ਲੋਕ ਸਰਦੂਲ ਸਿਉਂ ਤੇ ਕਪੂਰ ਸਿਉਂ ਨੂੰ ਫੈਸਲਾ ਕਰਾਉਣ ਵਾਸਤੇ ਲਿਜਾਂਦੇ ਹਨ। ਦੋਵੇਂ ਕਹਿ ਦਿੰਦੇ ਹਨ, “ਭਰਾਵੋ! ਸਾਡੀ ਸਿਆਣਪ ਕਿਹੜੇ ਕੰਮ ਦੀ ਹੈ, ਤੁਹਾਡੇ ਸਹੁਰੇ ਸਿਆਣੇ ਹੋਣੇ ਚਾਹੀਦੇ। ਸਹੁਰਿਆਂ ਦੀ ਬਦੌਲਤ ਹੀ ਲੋਕ ਅੱਜ ਸਾਨੂੰ ਸਿਆਣੇ ਸਮਝਣ ਲੱਗੇ ਹਨ।”