ਫੁੱਲਾਂ ਨੂੰ ਖਿੜਨ ਦਾ ਸੁਨੇਹਾ

ਸੰਤੋਖ ਮਿਨਹਾਸ
ਫੋਨ: 559-283-3676
ਸੰਸਾਰ ਬਾਰੂਦ ਦਾ ਵੱਡਾ ਅੰਬਾਰ। ਹਰ ਬਾਘੜ-ਬਿੱਲੇ ਕੋਲ ਆਪੋ ਆਪਣਾ ਅੱਗ ਦਾ ਢੇਰ, ਜਿਸ ‘ਤੇ ਬੈਠੇ ਲਲਕਾਰ ਰਹੇ ਹਨ, ਦਹਾੜ ਰਹੇ ਹਨ। ਤਹਿਸ-ਨਹਿਸ ਕਰਨ ਦੇ ਹੰਕਾਰੀ ਫੈਸਲੇ, ਹੱਸਦੀਆਂ ਵੱਸਦੀਆਂ ਬਸਤੀਆਂ ਨੂੰ ਮਲਬੇ ਦੇ ਢੇਰਾਂ ‘ਚ ਬਦਲ ਰਹੇ ਹਨ। ਬੰਬਾਂ ਨਾਲ ਲੱਦੇ ਉਡਣ-ਖਟੋਲੇ ਮੌਤ ਦਾ ਮੀਂਹ ਬਰਸਾ ਰਹੇ ਹਨ। ਨਿਤਾਣਾ ਮਨੁੱਖ ਆਪਣੀ ਲਾਸ਼ ਆਪਣੇ ਹੀ ਮੋਢਿਆਂ ‘ਤੇ ਚੁੱਕਣ ਲਈ ਮਜਬੂਰ ਹੈ। ਬੰਦੇ ਦੀ ਅੱਖ ਵਿਚ ਰੱਤ ਦੇ ਅੱਥਰੂ ਹਨ। ਦੈਂਤ ਖੜਾ ਤਮਾਸ਼ਾ ਵੇਖ ਰਿਹਾ ਹੈ। ਤਾਸ਼ ਦੇ ਖਿਲਰੇ ਪੱਤੇ ਇੱਕਠੇ ਕਰਨ ਦਾ ਢੌਂਗ ਵੀ ਰਚ ਰਿਹਾ ਹੈ।

ਸੀਰੀਆਈ ਬੱਚੇ ਉਮਰਾਨ ਦਕਨੀਸ਼ ਦੀ ਮਾਸੂਮੀਅਤ ਮਲਬੇ ਦੇ ਢੇਰ ਹੇਠੋਂ ਪੁੱਛ ਰਹੀ ਹੈ, ਜੇ ਮੈਂ ਫੁੱਲ ਹਾਂ ਖਿੜਨਾ ਮੇਰਾ ਨਸੀਬ ਹੈ। ਕੀ ਮੈਂ ਮਹਿਕ ਨਹੀਂ ਸਕਾਂਗਾ। ਇਸ ਦਾ ਹੁੰਗਾਰਾ ਭਰਿਆ ਹ, ਨਿਊ ਯਾਰਕ ਦੇ ਇੱਕ ਛੇ ਸਾਲਾ ਬੱਚੇ ਅਲੈਕਸ ਨੇ ਜਿਸ ਦੀ ਸੋਚ ਨੇ ਸਾਰੇ ਸੰਸਾਰ ਦੀ ਮਾਨਵੀ ਹਿੱਤਾਂ ਦੀ ਰਾਖੀ ਦੇ ਢੰਢੋਰਚੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ।
ਅਲੈਕਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਚਿੱਠੀ ਲਿਖ ਕੇ ਉਸ ਸੀਰੀਆਈ ਬੱਚੇ ਉਮਰਾਨ ਨੂੰ ਆਪਣੇ ਘਰ ਵਿਚ ਥਾਂ ਦੇਣ ਦੀ ਤਜਵੀਜ ਰੱਖੀ ਹੈ। ਪਾਠਕਾਂ ਨੂੰ ਯਾਦ ਹੋਏਗਾ, ਜਦ ਉਮਰਾਨ ਦੀ ਖੂਨ ਅਤੇ ਧੂੜ-ਮਿੱਟੀ ਨਾਲ ਲੱਥ-ਪੱਥ ਤਸਵੀਰ ਸੰਸਾਰ ਪੱਧਰ ‘ਤੇ ਛਾਇਆ ਹੋਈ ਸੀ। ਦੁਨੀਆਂ ਦੇ ਬਹੁਤ ਸਾਰੇ ਲੋਕਾਂ ਦਾ ਦਿਲ ਪਸੀਜਿਆ ਗਿਆ ਸੀ। ਬੰਬਾਂ ਦੀ ਮਾਰ ਝੱਲ ਰਹੇ ਦੇਸ਼ਾਂ ਤੋਂ ਲੈ ਕੇ ਪੂਰੀ ਦੁਨੀਆਂ ਦੇ ਤਾਕਤਵਰ ਨੇਤਾਵਾਂ ਨੇ ਵੀ ਇਸ ਬੱਚੇ ਲਈ ਹਮਦਰਦੀ ਪ੍ਰਗਟਾਈ ਸੀ। ਪਰ ਕਿਸੇ ਨੇ ਉਸ ਦੀ ਬਾਂਹ ਫੜਨ ਦਾ ਹੌਸਲਾ ਨਹੀਂ ਸੀ ਦਿਖਾਇਆ ਤੇ ਨਾ ਹੀ ਉਸ ਦੇ ਦੁੱਖ ਦੂਰ ਕਰਨ ਲਈ ਕੋਈ ਉਪਰਾਲਾ ਕੀਤਾ ਸੀ।
ਉਮਰਾਨ ਦਕਨੀਸ਼ ਦਾ ਘਰ ਸੀਰੀਆ ‘ਤੇ ਹੋਈ ਬੰਬਾਰੀ ਵਿਚ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਸ ਤਬਾਹੀ ਦੇ ਆਲਮ ਨੇ ਉਸ ਦੇ ਭਰਾ ਤੋਂ ਇਲਾਵਾ ਘਰ ਦੇ ਕਈ ਹੋਰ ਜੀਅ ਮਾਰ ਮੁਕਾਏ ਸਨ। ਉਮਰਾਨ ਨੂੰ ਮਲਬੇ ਦੇ ਢੇਰ ਵਿਚੋਂ ਖੂਨ ਨਾਲ ਲੱਥ-ਪੱਥ ਜਿੰਦਾ ਕੱਢਿਆ ਗਿਆ ਸੀ। ਇਹ ਤਸਵੀਰ ਦੇਖ ਕੇ ਹਰ ਕੋਈ ਝੰਜੋੜਿਆ ਗਿਆ ਸੀ। ਜਦ ਇਹ ਤਸਵੀਰ ਅਲੈਕਸ ਨੇ ਦੇਖੀ ਤਾਂ ਉਹ ਉਸ ਦੀ ਬਾਂਹ ਫੜਨ ਲਈ ਅੱਗੇ ਆਇਆ। ਉਸ ਨੇ ਕਿਹਾ ਹੈ ਕਿ ਉਹ ਉਮਰਾਨ ਨੂੰ ਆਪਣੇ ਭਰਾ ਦੀ ਤਰ੍ਹਾਂ ਰੱਖੇਗਾ।
ਬਰਾਕ ਓਬਾਮਾ ਨੇ ਇਸ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਹ ਚਿੱਠੀ ਉਸ ਬੱਚੇ ਨੇ ਲਿਖੀ ਹੈ ਜਿਸ ਨੇ ਅਜੇ ਆਲੋਚਨਾ, ਸ਼ੱਕ ਅਤੇ ਡਰਨਾ ਨਹੀਂ ਸਿੱਖਿਆ। ਵਾਈਟ ਹਾਊਸ ਇਸ ਚਿੱਠੀ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੇ ਅਲੈਕਸ ਦੀ ਚਿੱਠੀ ਪ੍ਰਕਾਸ਼ਿਤ ਵੀ ਕੀਤੀ ਹੈ। ਇੰਨਾ ਹੀ ਨਹੀਂ, ਇਹ ਚਿੱਠੀ ਅਲੈਕਸ ਦੀ ਆਵਾਜ਼ ਵਿਚ ਰਿਕਾਰਡ ਵੀ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ ਅਤੇ ਇਹ ਸੱਤਰ ਹਜ਼ਾਰ ਤੋਂ ਵੀ ਵੱਧ ਵਾਰ ਲੋਕ ਸ਼ਿਅਰ ਕਰ ਚੁਕੇ ਹਨ।
ਜਿਹੜੀ ਗੱਲ ਸਭ ਤੋਂ ਵੱਧ ਧਿਆਨ ਮੰਗਦੀ ਹੈ, ਉਹ ਹੈ ਕਿ ਬਰਾਕ ਓਬਾਮਾ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਵਿਚ ਪਰਵਾਸੀ ਸੰਕਟ ‘ਤੇ ਬੋਲਦਿਆਂ ਇਸ ਚਿੱਠੀ ਨੂੰ ਪੜ੍ਹ ਕੇ ਸੁਣਾਇਆ। ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦਾ ਰਾਸ਼ਟਰਪਤੀ ਜਦੋਂ ਇਹ ਕਹਿੰਦਾ ਹੈ ਕਿ ਸਾਨੂੰ ਸਭ ਨੂੰ ਅਲੈਕਸ ਵਾਂਗ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸਾਰੇ ਅਲੈਕਸ ਵਰਗੇ ਹੋ ਜਾਵਾਂਗੇ, ਦੁੱਖ ਕਿੰਨਾ ਘੱਟ ਜਾਵੇਗਾ ਅਤੇ ਅਸੀਂ ਦੁਨੀਆਂ ਵਿਚ ਕਿੰਨੀ ਬਰਬਾਦੀ ਰੋਕ ਲਵਾਂਗੇ। ਗੱਲ ਇੱਕਲੇ ਉਮਰਾਨ ਦੀ ਨਹੀਂ, ਪਤਾ ਨਹੀਂ ਕਿੰਨੇ ਉਮਰਾਨ ਰੋਜ਼ ਮੌਤ ਦਾ ਸ਼ਿਕਾਰ ਹੁੰਦੇ ਹਨ ਜਾਂ ਅਪਾਹਜ ਹੋ ਕੇ ਨਰਕ ਵਰਗੀ ਜਿੰæਦਗੀ ਜਿਉਣ ਲਈ ਮਜਬੂਰ ਹਨ। ਅਜੇ 16 ਦਸੰਬਰ 2014 ਦੀ ਗੱਲ ਜਦੋਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਇੱਕ ਸਕੂਲ ਵਿਚ ਮੌਤ ਦੇ ਵਪਾਰੀਆਂ ਨੇ 148 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਜਿਨ੍ਹਾਂ ਵਿਚ 138 ਮਾਸੂਮ ਬੱਚੇ ਵੀ ਸਨ। ਸੰਸਾਰ ਹੱਕਾ-ਬੱਕਾ ਰਹਿ ਗਿਆ ਸੀ, ਮੌਤ ਦਾ ਇਹ ਤਾਂਡਵ ਨਾਚ ਵੇਖ ਕੇ। ਇਨ੍ਹਾਂ ਗੈਰ-ਮਨੁੱਖੀ ਕਾਰਵਾਈਆਂ ਵਿਚ ਲੱਗੇ ਬੁਚੜਾਂ ਨੂੰ ਸਬਕ ਸਿਖਾਉਣ ਦੇ ਫੈਸਲੇ ਲਏ ਗਏ ਸਨ। ਬੱਚੇ ਤਾਂ ਫੁੱਲ ਸਨ, ਜਿਨ੍ਹਾਂ ਅਜੇ ਖਿੜਨਾ ਸੀ। ਇਹ ਕਾਰਾ ਭਾਵੇਂ ਤਾਲਿਬਾਨ ਦੇ ਖੂਨੀ ਪੰਜਿਆਂ ਦੀ ਖੇਡ ਹੋਵੇ ਜਾਂ ਕਿਸੇ ਹੋਰ ਦੀ, ਪਰ ਦਰਿੰਦਗੀ ਦੀ ਇਹ ਸਿਖਰ ਸੀ। ਆਈæਐਸ਼ (ਇਸਲਾਮਿਕ ਸਟੇਟ) ਸੀਰੀਆ ਤੇ ਇਰਾਕ ਵਿਚ ਮੌਤ ਦਾ ਜੋ ਤਾਂਡਵ ਨਾਚ ਕਰ ਰਹੀ ਹੈ, ਉਹ ਹੈਵਾਨੀਅਤ ਦਾ ਸਭ ਤੋਂ ਭੈੜਾ ਰੂਪ ਹੈ। ਕਿਵੇਂ ਇਹ ਹਤਿਆਰੇ ਇੱਕ ਪਾਸੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਦੂਜੇ ਪਾਸੇ ਆਪਣੇ ਮਕਸਦ ਲਈ ਨਿੱਕੇ ਨਿੱਕੇ ਬੱਚਿਆਂ ਨੂੰ ਵਰਤਦੇ ਹਨ। ਉਹ ਮਾਸੂਮ ਜਿੰਦੜੀਆਂ, ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਜਿੰæਦਗੀ ਦੀ ਮੁਹਾਰਨੀ ਲਿੱਖਣੀ ਸੀ, ਉਨ੍ਹਾਂ ਹੱਥਾਂ ਵਿਚ ਮੌਤ ਦੀ ਸਮਗਰੀ ਵੇਖ ਤਰਸ ਵੀ ਆਉਂਦਾ ਹੈ ਤੇ ਹੈਰਾਨੀ ਵੀ। ਜਦੋਂ ਇਹ ਨਿੱਕੇ ਨਿੱਕੇ ਹੱਥ ਦਿਲ ਕੰਬਾਊ ਕਾਰਨਾਮਿਆਂ ਨੂੰ ਅੰਜ਼ਾਮ ਦਿੰਦੇ ਹਨ। ਮੌਤ ਦੋਵੇਂ ਪਾਸੇ ਹੈ, ਮਾਰਨ ਤੇ ਮਰਨ ਦੇ ਅਰਥ ਇੱਕੋ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ। ਕਿਵੇਂ ਨਾਈਜੀਰੀਆ ਦੇ ਅਤਿਵਾਦੀ ਸੰਗਠਨ ਬੋਕੋ ਹਰਮ ਨੇ 14-15 ਅਪਰੈਲ 2014 ਨੂੰ 276 ਸਕੂਲੀ ਬੱਚੀਆਂ ਨੂੰ ਸਕੂਲ ਵਿਚੋਂ ਚੁੱਕਿਆ। ਕਈਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਕਈਆਂ ਨੂੰ ਮੌਤ ਦਾ। ਇਨ੍ਹਾਂ ਵਿਚੋਂ ਕਈਆਂ ਨੂੰ ਦੇਹ-ਵਪਾਰੀਆਂ ਕੋਲ ਵੇਚ ਦਿੱਤਾ।
ਇਕ ਮਨੁੱਖੀ ਅਧਿਕਾਰ ਰਿਪੋਟਰ ਅਨੁਸਾਰ ਹੁਣ ਤੱਕ ਕੋਈ ਪੰਜ ਸੌ ਬੱਚੀਆਂ ਨੂੰ ਜ਼ਬਰੀ ਚੁੱਕਿਆ ਗਿਆ ਹੈ। ਇਹ ਘਿਨਾਉਣੀ ਤਸਵੀਰ ਸੰਸਾਰ ਦੇ ਸਾਹਮਣੇ ਹੈ। ਮੌਤ ਦੀ ਇਹ ਹਨੇਰੀ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਚੱਲ ਰਹੀ ਹੈ।
ਹੁਣ ਸਵਾਲ ਹੈ ਕਿ ਦਹਿਸ਼ਤ ਦੇ ਇਨ੍ਹਾਂ ਵਪਾਰੀਆਂ ਨੂੰ ਸਿਖਲਾਈ ਕੌਣ ਦਿੰਦਾ ਹੈ? ਇਨ੍ਹਾਂ ਨੂੰ ਅਸਲਾ ਕੌਣ ਦਿੰਦਾ ਹੈ? ਇਹ ਕਿਸ ਮਕਸਦ ਲਈ ਤਿਆਰ ਕੀਤੇ ਜਾਂਦੇ ਹਨ? ਇਹ ਮੌਤ ਦੇ ਵਾਰੰਟ ਕਿਸ ਦੀ ਸੇਵਾ ਵਿਚ ਭੁਗਤਦੇ ਹਨ? ਇਸ ਬਰਬਾਦੀ ਲਈ ਕੌਣ ਜਿੰਮੇਵਾਰ ਹੈ? ਕੌਣ ਕਿਸ ਨੂੰ ਕਹਿ ਰਿਹਾ ਹੈ ਕਿ ਇਹ ਤਬਾਹੀ ਦਾ ਮੰਜ਼ਰ ਰੁਕਣਾ ਚਾਹੀਦਾ ਹੈ ਪਰ ਰੁਕ ਨਹੀਂ ਰਿਹਾ। ਕਿਉਂ ਇਹ ਸਹਿਮ ਦੁਨੀਆਂ ਦਾ ਹਰ ਬੰਦਾ ਮਹਿਸੂਸ ਕਰ ਰਿਹਾ ਹੈ ਕਿ ਕਿਤੇ ਵੀ ਕੁਝ ਵਾਪਰ ਸਕਦਾ ਹੈ। ਕੀ ਤੱਤੀਆਂ ਹਵਾਵਾਂ ਨੂੰ ਬਰਫ ਦੇ ਫੇਹੇ ਠਾਰ ਸਕਣਗੇ? ਕਦ ਇਹ ਨਸੀਹਤਾਂ ਤੇ ਦਿਲਬਰੀਆਂ ਲੋਕਾਂ ਦੇ ਕਲਿਆਣ ਲਈ ਅਰਦਾਸ ਬਣਨਗੀਆਂ? ਫੁੱਲਾਂ ਜੋਗੀ ਧਰਤੀ ਕੌਣ ਸਾਂਭ ਕੇ ਰੱਖੇਗਾ? ਪਰ ਸੰਸਾਰ ਚੁੱਪ ਹੈ। ਹੁਣ ਮੌਤ ਦੇ ਦੂਤ ਅਤੇ ਰਖਵਾਲੇ ਵਿਚ ਬਹੁਤਾ ਅੰਤਰ ਦਿਸਦਾ ਨਜ਼ਰ ਨਹੀਂ ਆ ਰਿਹਾ।