ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਾਕਾਇਦਾ ਆਪਣੇ ਭਾਸ਼ਣ ਵਿਚ ਕਿਹਾ ਕਿ ਐਤਕੀਂ ਦਸਹਿਰਾ ਪਹਿਲਾਂ ਤਮਾਮ ਸਾਲਾਂ ਦੌਰਾਨ ਲੰਘੇ ਦਸਹਿਰਿਆਂ ਤੋਂ ਵੱਖਰਾ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਉੜੀ (ਜੰਮੂ ਕਸ਼ਮੀਰ) ਵਿਚ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਕੀਤੀ ਸਰਜੀਕਲ ਕਾਰਵਾਈ ਤੋਂ ਸੀ। ਇਸ ਕਾਰਵਾਈ ਨੂੰ ਹਿੰਦੂਤਵੀ ਤਾਕਤਾਂ ਨੇ ਅੱਜ ਆਪਣੇ ਸੀਨੇ ਦਾ ਤਗਮਾ ਬਣਾਇਆ ਹੋਇਆ ਹੈ ਅਤੇ ਆਵਾਮ ਵਿਚ ਪਾੜਾ ਵਧਾਉਣ ਲਈ ਇਸ ਬਾਰੇ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਜ਼ਾਹਰ ਹੈ ਕਿ ਹਿੰਦੂਤਵੀ ਤਾਕਤਾਂ ਅੱਜ ਆਪਣੇ ਪੂਰੇ ਜਲੌਅ ਵਿਚ ਹਨ; ਦੇਸ਼ ਭਗਤੀ ਦਾ ਨਾਅਰਾ ਠਾਠਾਂ ਮਾਰ ਰਿਹਾ ਹੈ ਅਤੇ ਇਸ ਮਾਹੌਲ ਵਿਚ ਇਨ੍ਹਾਂ ਦੀ ਨੁਕਤਾਚੀਨੀ ਕਰਨ ਵਾਲਾ ਜਾਂ ਵਿਰੋਧੀ ਵਿਚਾਰ ਰੱਖਣ ਵਾਲਾ ਹਰ ਸ਼ਖਸ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਐਤਕੀਂ ਦਸਹਿਰੇ ਮੌਕੇ ਰਾਵਣ ਦੇ ਜਿਹੜੇ ਪੁਤਲੇ ਸਾੜੇ ਗਏ, ਉਨ੍ਹਾਂ ਉਤੇ ਪਾਕਿਸਤਾਨ ਜਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਤਸਵੀਰਾਂ ਲਾਈਆਂ ਗਈਆਂ, ਭਾਵ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਪਰਲੇ ਪੱਧਰ ਉਤੇ ਜੰਗ ਵਾਲਾ ਮਾਹੌਲ ਸਿਰਜਣ ਦੇ ਯਤਨ ਕੀਤੇ ਗਏ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੱਖਾਂ ਲੋਕਾਂ ਨੂੰ ਕੁਝ ਘੰਟਿਆਂ ਵਿਚ ਹੀ ਘਰੋਂ ਉਜਾੜ ਦਿੱਤਾ ਗਿਆ। ਸਾਲ 2013 ਵਿਚ ਜਦੋਂ ਲੋਕ ਸਭਾ ਚੋਣਾਂ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਤਾਂ ਮਸ਼ਹੂਰ ਲਿਖਾਰੀ ਤੇ ਕਾਰਕੁਨ ਅਰੁੰਧਤੀ ਰਾਏ ਨੇ ਇਸ ਨੂੰ ਮੁਲਕ ਦੀ Ḕਤ੍ਰਾਸਦੀḔ ਕਿਹਾ ਸੀ। ਹੁਣ ਮੁਲਕ ਅਤੇ ਦੇਸ਼ ਭਗਤੀ ਦੇ ਨਾਂ ਉਤੇ ਇਹ ਹਿੰਦੂਤਵੀ ਤਾਕਤਾਂ ਜੋ ਕੁਝ ਕਰ ਰਹੀਆਂ ਹਨ, ਉਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਉਸ ਵੇਲੇ ਅਰੁੰਧਤੀ ਰਾਏ ਵੱਲੋਂ ਪ੍ਰਗਟ ਕੀਤੇ ਵਿਚਾਰਾਂ ਦੇ ਅਰਥ ਕਿੰਨੇ ਡੂੰਘੇ ਸਨ!
ਕੋਈ ਵੀ ਸ਼ਾਂਤੀਪਸੰਦ ਬੰਦਾ ਕਸ਼ਮੀਰ ਵਿਚ ਦਹਿਸ਼ਤਪਸੰਦੀ ਦੇ ਹੱਕ ਵਿਚ ਨਹੀਂ ਭੁਗਤ ਸਕਦਾ, ਪਰ ਤਿੰਨ ਮਹੀਨਿਆਂ ਤੋਂ ਉਸ ਰਿਆਸਤ ਵਿਚ ਜੋ ਮਾਹੌਲ ਚੱਲ ਰਿਹਾ ਹੈ, ਉਸ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਦਸ ਜੁਲਾਈ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰੀ ਲੋਕ ਸੜਕਾਂ ਉਤੇ ਆਏ ਹੋਏ ਹਨ। ਇਸ ਰਿਆਸਤ ਵਿਚ ਜਦੋਂ ਕਦੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਕਸਰ ਅਜਿਹੀ ਪ੍ਰਤੀਕ੍ਰਿਆ ਦੇਖਣ ਨੂੰ ਮਿਲਦੀ ਹੈ, ਪਰ ਐਤਕੀਂ ਇਹ ਪ੍ਰਤੀਕ੍ਰਿਆ ਪਹਿਲਾਂ ਨਾਲੋਂ ਉਕਾ ਹੀ ਵੱਖਰੀ ਸੀ। ਐਤਕੀਂ ਇਸ ਨੂੰ ਠੱਲ੍ਹ ਪੈਣ ਦੇ ਆਸਾਰ ਹੁਣ ਤਕ ਨਜ਼ਰ ਨਹੀਂ ਆ ਰਹੇ। ਕਸ਼ਮੀਰੀਆਂ ਦੀ ਨਵੀਂ ਪੀੜ੍ਹੀ ਕਿਸ ਕਦਰ ਬੇਗਾਨਗੀ ਦੀ ਸ਼ਿਕਾਰ ਹੈ ਤੇ ਬੇਜ਼ਾਰ ਹੈ, ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਿਛਲੇ ਕਰੀਬ ਦੋ ਦਹਾਕਿਆਂ ਦੌਰਾਨ ਫੌਜ ਅਤੇ ਹੋਰ ਸੁਰੱਖਿਆ ਬਲਾਂ ਨੇ ਉਥੇ ਜੋ ਕਾਰਵਾਈਆਂ ਕੀਤੀਆਂ ਹਨ, ਉਸ ਤੋਂ ਅੱਕੇ ਲੋਕ ਹੁਣ ਕਰਫਿਊ ਦੇ ਬਾਵਜੂਦ ਸੜਕਾਂ ਉਤੇ ਨਿਕਲ ਕੇ ਛਾਤੀ ਗੋਲੀਆਂ ਅੱਗੇ ਡਾਹ ਰਹੇ ਹਨ। ਪੈਲੇਟ ਗੱਨਾਂ ਵਿਚੋਂ ਨਿਕਲਿਆ ਬਾਰੂਦ ਬੱਚਿਆਂ ਨੂੰ ਅੰਨ੍ਹੇ ਕਰ ਰਿਹਾ ਹੈ। ਇਹ ਕੋਈ ਸਾਧਾਰਨ ਹਾਲਾਤ ਨਹੀਂ ਹਨ, ਪਰ ਕੇਂਦਰ ਵਿਚ ਹਕੂਮਤ ਕਰ ਰਹੀ ਪਾਰਟੀ ਅਤੇ ਇਸ ਦੇ ਆਗੂ ਇਸ ਸਮੁੱਚੇ ਹਾਲਾਤ ਬਾਰੇ ਸੋਚਣ ਦੀ ਬਜਾਏ, ਬਲ ਦੀ ਵਰਤੋਂ ਕਰ ਕੇ ਹਾਲਾਤ ਨਾਲ ਨਜਿੱਠਣਾ ਚਾਹ ਰਹੇ ਹਨ; ਨਤੀਜਾ ਸਭ ਦੇ ਸਾਹਮਣੇ ਹੈ। ਆਪਣੇ ਹੀ ਲੋਕ ਪਹਿਲਾਂ ਨਾਲੋਂ ਹੋਰ ਦੂਰ ਜਾ ਰਹੇ ਹਨ। ਇਹ ਹਨ ਉਹ ਤੱਥ ਹਨ ਜੋ ਅੱਜ ਦੇ ਹਾਲਾਤ ਦੇ ਪਿਛੋਕੜ ਵਿਚ ਵਿਚਰ ਰਹੇ ਹਨ ਅਤੇ ਸੌੜੀ ਸਿਆਸਤ ਕਰ ਕੇ ਜਿਨ੍ਹਾਂ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ।
ਇਨ੍ਹਾਂ ਤੱਥਾਂ ਦੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਖੇ ਸ਼ਬਦਾਂ ਦੇ ਅਰਥ ਸਮਝ ਆਉਣ ਲਗਦੇ ਹਨ। ਸੱਚਮੁੱਚ ਐਤਕੀਂ ਦਸਹਿਰਾ ਪਹਿਲਾਂ ਲੰਘੇ ਦਸਹਿਰਿਆਂ ਤੋਂ ਵੱਖਰਾ ਹੈ; ਕਿਉਂਕਿ ਇਨ੍ਹਾਂ ਹਿੰਦੂਤਵੀ ਤਾਕਤਾਂ ਵੱਲੋਂ ਸ਼ਿਸ਼ਕੇਰੇ ਲੋਕਾਂ ਨੇ ਉਤਰ ਪ੍ਰਦੇਸ਼ ਵਿਚ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਰਾਮ ਲੀਲ੍ਹਾ ਵਿਚ ਅਦਾਕਾਰੀ ਕਰਨ ਤੋਂ ਰੋਕ ਦਿੱਤਾ; ਪਾਕਿਸਤਾਨੀ ਕਲਾਕਾਰਾਂ ਖਿਲਾਫ ਜੋ ਨਫਰਤੀ ਮੁਹਿੰਮ ਛੇੜੀ ਗਈ ਹੈ, ਉਸ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਇਤਿਹਾਸ ਦੱਸਦਾ ਹੈ ਕਿ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਆਵਾਮ ਇਕ-ਦੂਜੇ ਦੇ ਹੋਰ ਨੇੜੇ ਆਉਣਾ ਚਾਹੁੰਦਾ ਹੈ। ਵੱਖ-ਵੱਖ ਸਮਿਆਂ ਦੌਰਾਨ ਅਜਿਹਾ ਪ੍ਰਤੱਖ ਰੂਪ ਵਿਚ ਦੇਖਣ ਨੂੰ ਵੀ ਮਿਲਦਾ ਰਿਹਾ ਹੈ, ਪਰ ਜਦੋਂ ਵੀ ਨਫਰਤ ਛੰਡ ਕੇ ਲੋਕ ਇਕ-ਦੂਜੇ ਦੇ ਨੇੜੇ ਆਉਂਦੇ ਹਨ, ਨਫਰਤ ਫੈਲਾਉਣ ਵਾਲੇ ਟੋਲੇ ਆਪਣੇ ਲਾਮ-ਲਸ਼ਕਰ ਸਮੇਤ ਹਾਜ਼ਰ ਹੋ ਜਾਂਦੇ ਹਨ। ਇਨ੍ਹਾਂ ਅਨਸਰਾਂ ਨੂੰ ਸਰਕਾਰੀ ਜਾਂ ਗੈਰ-ਸਰਕਾਰੀ ਪੱਧਰ ਉਤੇ ਪੂਰੀ ਹਵਾ ਦਿੱਤੀ ਜਾਂਦੀ ਹੈ ਅਤੇ ਸੰਜੀਦਾ ਲੋਕਾਂ ਵੱਲੋਂ ਮਿਹਨਤ ਨਾਲ ਕਮਾਈ ਸ਼ਾਂਤੀ ਪਲਾਂ-ਛਿਣਾਂ ਅੰਦਰ ਟੋਟੇ-ਟੋਟੇ ਕਰ ਦਿੱਤੀ ਜਾਂਦੀ ਹੈ। ਐਤਕੀਂ ਦਸਹਿਰੇ ਮੌਕੇ ਇਕ ਗੱਲ ਹੋਰ ਵੱਖਰੀ ਹੋਈ। ਨਾਗਪੁਰ ਵਿਚ ਉਚੇਚੇ ਸਮਾਗਮ ਦੌਰਾਨ ਆਰæਐਸ਼ਐਸ਼ ਮੁਖੀ ਨੇ ਆਪਣਾ ਭਾਸ਼ਣ ਗੁਰੂ ਗੋਬਿੰਦ ਸਿੰਘ ਦੇ ਸ਼ਬਦ ‘ਦੇਹ ਸਿਵਾ ਬਰੁ ਮੋਹਿ ਇਹੈ’ ਨਾਲ ਸਮਾਪਤ ਕੀਤਾ। ਇਹੀ ਉਹ ਤ੍ਰਾਸਦੀ ਹੈ ਜਿਸ ਦਾ ਜ਼ਿਕਰ ਲਿਖਾਰੀ ਅਰੁੰਧਤੀ ਰਾਏ ਦੇ ਹਵਾਲੇ ਨਾਲ ਉਪਰ ਕੀਤਾ ਗਿਆ ਹੈ। ਇਹ ਇਕ ਭਾਈਚਾਰੇ ਨੂੰ ਨਿਖੇੜਨ ਅਤੇ ਦੂਜੇ ਨੂੰ ਪਲੋਸਣ ਦੀ ਕਹਾਣੀ ਹੈ। ਹਿੰਦੂਤਵਵਾਦੀਆਂ ਦੀ ਇਸ ਸੋਚ ਅਤੇ ਦਾਈਏ ਨੂੰ ਜਿੰਨੀ ਛੇਤੀ ਸਮਝ ਜਾਈਏ, ਉਤਨਾ ਹੀ ਬਿਹਤਰ ਹੈ; ਨਹੀਂ ਤਾਂ ਇਹ ਤਾਕਤਾਂ ਇੰਨੀ ਤੇਜ਼ੀ ਨਾਲ ਸਿਰ ‘ਤੇ ਚੜ੍ਹੀਆਂ ਆ ਰਹੀਆਂ ਹਨ ਕਿ ਸੰਭਲਣ ਦਾ ਮੌਕਾ ਵੀ ਨਹੀਂ ਮਿਲਣਾ। ਇਸ ਵੇਲੇ ਮੁਲਕ ਵਿਸ਼ੇਸ਼ ਹਾਲਾਤ ਵਿਚੋਂ ਲੰਘ ਰਿਹਾ ਹੈ। ਸਭ ਸਿਆਸੀ ਧਿਰਾਂ ਤੇਜ਼ੀ ਨਾਲ ਰਸਾਤਲ ਵੱਲ ਜਾ ਰਹੀਆਂ ਹਨ ਅਤੇ ਖਾਲੀ ਹੋ ਰਹੀ ਸਪੇਸ ਹਿੰਦੂਤਵੀ ਤਾਕਤਾਂ ਉਸ ਤੋਂ ਕਿਤੇ ਵੱਧ ਤੇਜ਼ੀ ਨਾਲ ਮੱਲ ਰਹੀਆਂ ਹਨ। ਸੰਜੀਦਾ ਲੋਕਾਂ ਨੇ ਇਸ ਸਮੁੱਚੇ ਹਾਲਾਤ ਬਾਰੇ ਸਮਝ ਬਣਾ ਕੇ ਜੇ ਹੁਣ ਵੀ ਕੋਈ ਲਾਮਬੰਦੀ ਨਾ ਕੀਤੀ ਤਾਂ ਇਨ੍ਹਾਂ ਤਾਕਤਾਂ ਦੀ ਚੜ੍ਹ ਹੋਰ ਮੱਚੇਗੀ।