ਬੜਬੋਲੇ ਟਰੰਪ ਨੇ ਵਿਗਾੜੀ ਆਪਣੀ ਹੀ ਖੇਡ

ਵਾਸ਼ਿੰਗਟਨ (ਗੁਰਵਿੰਦਰ ਸਿੰਘ ਵਿਰਕ): ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਦਾ ਬੜਬੋਲਾਪਣ ਅਤੇ ਰੰਗੀਨ ਮਿਜ਼ਾਜੀ ਉਸ ਦੇ ਰਾਹ ਵਿਚ ਰੋੜਾ ਬਣਨ ਲੱਗੀ ਹੈ। ਸਾਲ 2005 ਦੀ ਵੀਡੀਓ ਸਾਹਮਣੇ ਆਉਣ ਪਿਛੋਂ ਉਸ ਦੀ ਪਾਰਟੀ ਦੇ ਸੈਨੇਟਰਾਂ ਅਤੇ ਗਵਰਨਰਾਂ ਨੇ ਪਾਸਾ ਵੱਟ ਲਿਆ ਹੈ। ‘ਵਾਸ਼ਿੰਗਟਨ ਪੋਸਟ’ ਕੋਲ ਮੌਜੂਦ ਵੀਡੀਓ ਵਿਚ ਟਰੰਪ ਰੇਡੀਓ ਅਤੇ ਟੀæਵੀæ ਪੇਸ਼ਕਾਰ ਬਿਲੀ ਬੁਸ਼ ਨਾਲ ਗੱਲਬਾਤ ਦੌਰਾਨ ਔਰਤਾਂ ਨੂੰ ਚੁੰਮਣ, ਛੂਹਣ ਅਤੇ ਸਰੀਰਕ ਸਬੰਧ ਬਣਾਉਣ ਬਾਰੇ ਬੇਹੱਦ ਅਸ਼ਲੀਲ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ; ਹਾਲਾਂਕਿ ਇਨ੍ਹਾਂ ਟਿੱਪਣੀਆਂ ਬਾਰੇ ਟਰੰਪ ਦਾ ਕਹਿਣਾ ਹੈ ਕਿ ਇਹ ਨਿੱਜੀ ਗੱਲਬਾਤ ਸੀ ਜੋ ਕਈ ਵਰ੍ਹੇ ਪਹਿਲਾਂ ਹੋਈ ਸੀ। ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਇਨ੍ਹਾਂ ਟਿੱਪਣੀਆਂ ਨੂੰ ਸ਼ਰਮਨਾਕ ਦੱਸ ਕੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ।

ਵੱਡੀ ਗੱਲ ਇਹ ਹੈ ਕਿ ਇਸ ਖੁਲਾਸੇ ਪਿੱਛੋਂ ਟਰੰਪ ਨੇ ਬੜੀ ਆਸਾਨੀ ਨਾਲ ਮੰਨ ਲਿਆ ਕਿ ਉਸ ਨੇ ਕਦੇ ਨਹੀਂ ਕਿਹਾ ਕਿ ਉਹ ਆਦਰਸ਼ ਇਨਸਾਨ ਹੈ। ਇੰਨਾ ਵਿਰੋਧ ਹੋਣ ਦੇ ਬਾਵਜੂਦ ਟਰੰਪ ਦਾ ਦਾਅਵਾ ਹੈ ਕਿ ਭਾਵੇਂ ਜੋ ਵੀ ਹੋ ਜਾਵੇ, ਉਹ ਮੈਦਾਨ ਨਹੀਂ ਛੱਡੇਗਾ। ਟਰੰਪ ਨੇ ਮੰਦਾ ਬੋਲਣ ਵਿਚ ਆਪਣੀ ਧੀ ਨੂੰ ਵੀ ਨਹੀਂ ਬਖਸ਼ਿਆ। ਉਹ ਰੇਡੀਓ ‘ਤੇ ਕਾਫੀ ਸਮਾਂ ਪਹਿਲਾਂ ਦਿੱਤੀ ਇੰਟਰਵਿਊ ਦੌਰਾਨ ਆਪਣੀ ਧੀ ਈਵਾਂਕਾ ਟਰੰਪ ਦੇ ਜਿਸਮ ਬਾਰੇ ਬੋਲਿਆ ਸੀ।
ਉਧਰ, ਚੋਣਾਂ ਤੋਂ ਪਹਿਲਾਂ ਅਤਿ ਘਟੀਆ ਪੱਧਰ ਅਤੇ ਨਾਕਾਰਾਤਮਕ ਪਹੁੰਚ ਵਾਲੀ ਚੋਣ ਮੁਹਿੰਮ ‘ਤੇ ਵੀ ਸਵਾਲ ਉਠ ਰਹੇ ਹਨ। ਹੁਣੇ-ਹੁਣੇ ਹੋਏ ਸਰਵੇਖਣ ਮੁਤਾਬਕ 70 ਫੀਸਦੀ ਤੋਂ ਵੱਧ ਅਮਰੀਕੀ ਇਹ ਮਹਿਸੂਸ ਕਰਦੇ ਹਨ ਕਿ ਇਹ ਚੋਣ ਮੁਹਿੰਮ ਨਾਕਾਰਾਤਮਕ (ਨੈਗੇਟਿਵ) ਹੈ। ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰੀ ਹੋਇਆ ਹੈ ਕਿ ਦੋਵਾਂ ਪਾਰਟੀਆਂ (ਡੈਮੋਕਰੈਟਿਕ ਅਤੇ ਰਿਪਬਲੀਕਨ) ਦੇ ਉਮੀਦਵਾਰਾਂ ਨੂੰ ਨਾ-ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਨਾਲੋਂ ਜ਼ਿਆਦਾ ਹੈ। ਉਦਾਹਰਣ ਵਜੋਂ 60 ਫੀਸਦੀ ਲੋਕ ਇਹ ਮਹਿਸੂਸ ਕਰਦੇ ਹਨ ਕਿ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
67 ਫੀਸਦੀ ਲੋਕਾਂ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੇ ਤੌਰ-ਤਰੀਕੇ ਪਸੰਦ ਨਹੀਂ। ਦੋਵੇਂ ਉਮੀਦਵਾਰ ਆਪਣੀਆਂ ਖੂਬੀਆਂ ਦੱਸਣ ਦੀ ਬਜਾਏ ਦੂਜੇ ਉਮੀਦਵਾਰ ਦੀਆਂ ਕਮਜ਼ੋਰੀਆਂ ਦੱਸਣ ‘ਤੇ ਜ਼ੋਰ ਦੇ ਰਹੇ ਹਨ। ਹਿਲੇਰੀ ਕਲਿੰਟਨ ਕਹਿ ਰਹੀ ਹੈ ਕਿ ਟਰੰਪ ਨੇ ਟੈਕਸ ਨਾ ਭਰ ਕੇ ਇਕ ਤਰ੍ਹਾਂ ਨਾਲ ਟੈਕਸ ਦੀ ਚੋਰੀ ਕੀਤੀ ਹੈ। ਉਸ ਨੇ ਔਰਤਾਂ ਨਾਲ ਵਿਤਕਰਾ ਕੀਤਾ ਹੈ ਅਤੇ ਔਰਤਾਂ ਦਾ ਸ਼ੋਸ਼ਣ ਕੀਤਾ ਹੈ। ਟਰੰਪ ਦਾ ਹਿਲੇਰੀ ਬਾਰੇ ਕਹਿਣਾ ਹੈ ਕਿ ਉਸ ਨੇ 30,000 ਹਜ਼ਾਰ ਈ-ਮੇਲ ਗਾਇਬ ਕਰ ਦਿੱਤੀਆਂ ਹਨ। ਇਹ ਉਸ ਵੇਲੇ ਦੀਆਂ ਸਨ ਜਦੋਂ ਉਹ ਅਮਰੀਕਾ ਦੀ ਵਿਦੇਸ਼ ਮੰਤਰੀ ਸੀ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੇ ਪਤੀ ਬਿਲ ਕਲਿੰਟਨ ਵੱਲੋਂ ਔਰਤਾਂ ਦਾ ਕਾਮੁਕ ਸ਼ੋਸ਼ਣ ਵਾਲੇ ਮਾਮਲਿਆਂ ਵਿਚ ਉਸ ਦੇ ਹੱਕ ਵਿਚ ਹੀ ਭੁਗਤੀ।
_________________________________
ਹਿਲੇਰੀ ਦੀ ਚੜ੍ਹਤ ਬਰਕਰਾਰ
ਸੇਂਟ ਲੂਈ: ਚੋਣ ਸਰਵੇਖਣ ਵਿਚ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਦੀ ਚੜ੍ਹਤ ਬਰਕਰਾਰ ਹੈ। ਦੂਜੀ ਬਹਿਸ ਤੋਂ ਬਾਅਦ ਚੋਣ ਸਰਵੇਖਣ ਦੇ ਨਤੀਜਿਆਂ ਮੁਤਾਬਕ ਦੋਵਾਂ (ਹਿਲੇਰੀ-ਟਰੰਪ) ਵਿਚਾਲੇ 11 ਫੀਸਦੀ ਅੰਕਾਂ ਦਾ ਫਰਕ ਹੈ। ਹਿਲੇਰੀ 11 ਫੀਸਦੀ ਅੰਕ ਅੱਗੇ ਹਨ, ਜਦ ਕਿ ਪਹਿਲਾਂ ਇਹ ਫਰਕ ਘੱਟ ਸੀ। ਇਸ ਤੋਂ ਪਹਿਲਾਂ ਦੂਜੀ ਬਹਿਸ ਵਿਚ ਕਿਹਾ ਗਿਆ ਕਿ ਹਿਲੇਰੀ ਇਸ ਬਹਿਸ ਦੀ ਸਪਸ਼ਟ ਜੇਤੂ ਰਹੀ ਕਿਉਂਕਿ ਸਰਵੇਖਣ ਵਿਚ ਸ਼ਾਮਲ 57 ਫੀਸਦੀ ਲੋਕਾਂ ਨੇ ਹਿਲੇਰੀ ਦੇ ਜਿੱਤਣ ਦੀ ਗੱਲ ਕਹੀ ਹੈ ਜਦੋਂ ਕਿ 34 ਫੀਸਦੀ ਨੇ ਟਰੰਪ ਦਾ ਸਮਰਥਨ ਕੀਤਾ।