ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਵਿਚਾਲੇ 10 ਨਵੰਬਰ ਨੂੰ ਸੱਦੇ ਜਾ ਰਹੇ ਸਰਬੱਤ ਖਾਲਸਾ ਦੇ ਮਾਮਲੇ ਵਿਚ ਮੁੜ ਸਫਬੰਦੀ ਹੋਣ ਦੀ ਸੰਭਾਵਨਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਹਾਲ ਹੀ ਵਿਚ ਜੇਲ੍ਹ ਤੋਂ ਜਾਰੀ ਕੀਤੇ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਇਸ ਵਾਰ ਸਰਬੱਤ ਖਾਲਸਾ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਪੰਜ ਪਿਆਰਿਆਂ ਕਰਨ; ਜਦੋਂਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ, ਸਮਾਗਮ ਦੀ ਸਰਪ੍ਰਸਤੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਹੁਕਮ ਪਿੱਛੋਂ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ।
ਇਸ ਸੁਨੇਹੇ ਤੋਂ ਬਾਅਦ ਸਰਬੱਤ ਖਾਲਸਾ ਨਾਲ ਜੁੜੀਆਂ ਕੁਝ ਮੁੱਖ ਧਿਰਾਂ ਦੁਚਿੱਤੀ ਵਿਚ ਹਨ। ਇਨ੍ਹਾਂ ਧਿਰਾਂ ਦਾ ਕਹਿਣਾ ਹੈ ਕਿ ਜਥੇਦਾਰਾਂ ਦੇ ਹੁੰਦਿਆਂ ਪੰਜ ਪਿਆਰਿਆਂ ਨੂੰ ਵਧੇਰੇ ਅਹਿਮੀਅਤ ਦੇਣਾ ਸਿਧਾਂਤਾਂ ਦੇ ਉਲਟ ਹੋਵੇਗਾ। ਫਿਲਹਾਲ ਇਨ੍ਹਾਂ ਧਿਰਾਂ ਨੇ ਆਪਣੀ ਦੁਚਿੱਤੀ ਸਬੰਧੀ ਕੋਈ ਠੋਸ ਫੈਸਲਾ ਨਹੀਂ ਕੀਤਾ, ਪਰ ਦੂਜੇ ਪਾਸੇ ਕੁਝ ਧਿਰਾਂ ਜੋ 2015 ਸਰਬੱਤ ਖਾਲਸਾ ਤੋਂ ਦੂਰ ਰਹੀਆਂ ਸਨ, ਹੁਣ ਇਸ ਦੇ ਨਾਲ ਜੁੜ ਰਹੀਆਂ ਹਨ। ਦਲ ਖਾਲਸਾ ਤੇ ਉਸ ਦੀਆਂ ਕੁਝ ਸਹਿਯੋਗੀ ਜਥੇਬੰਦੀਆਂ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਥਕ ਏਕਤਾ ਅਤੇ ਵਿਧੀ-ਵਿਧਾਨ ਅਨੁਸਾਰ ਅਗਲਾ ਸਰਬੱਤ ਖਾਲਸਾ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
ਦਲ ਖਾਲਸਾ ਦੀ ਕੌਮਾਂਤਰੀ ਪੱਧਰ ‘ਤੇ ਸਰਗਰਮ ਹਮ-ਖਿਆਲੀ ਜਥੇਬੰਦੀ ‘ਸਿੱਖ ਫੈਡਰੇਸ਼ਨ ਯੂæਕੇ’ ਨੇ ਵੀ ਹਵਾਰਾ ਵੱਲੋਂ ਆਰੰਭੀ ਪੰਥਕ ਏਕਤਾ ਦੀ ਮੁਹਿੰਮ ਦਾ ਸਮਰਥਨ ਕੀਤਾ ਹੈ। ਸਿੱਖ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੀਆਂ ਜਥੇਬੰਦੀਆਂ ਸਰਬੱਤ ਖਾਲਸਾ ਵਿਚ ਸ਼ਾਮਲ ਹੋਣਗੀਆਂ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੀ ਹਵਾਰਾ ਦੇ ਹੱਕ ਵਿਚ ਨਿੱਤਰੇ ਹਨ। ਦੱਸਣਯੋਗ ਹੈ ਕਿ ਸਰਬੱਤ ਖਾਲਸਾ ਕਰਵਾਉਣ ਦੇ ਵਿਧੀ-ਵਿਧਾਨ ਬਾਰੇ ਸਿੱਖ ਜਥੇਬੰਦੀਆਂ ਵਿਚ ਮਤਭੇਦ ਹਨ। ਕਈ ਜਥੇਬੰਦੀਆਂ ਮੰਨਦੀਆਂ ਹਨ ਕਿ ਸਰਬੱਤ ਖਾਲਸਾ ਅਕਾਲ ਤਖਤ ‘ਤੇ ਹੀ ਹੋਣਾ ਚਾਹੀਦਾ ਹੈ, ਪਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਇਸ ਸਰਬੱਤ ਖਾਲਸੇ ਨੂੰ ਮਾਨਤਾ ਨਾ ਦੇਣ ਕਾਰਨ ਇਹ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।