ਚੋਣ ਤਿਆਰੀਆਂ ਵਿਚ ‘ਆਪ’ ਨੇ ਰਵਾਇਤੀ ਧਿਰਾਂ ਨੂੰ ਪਛਾੜਿਆ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੇ ਐਲਾਨ ਵਿਚ ਆਮ ਆਦਮੀ ਪਾਰਟੀ (ਆਪ) ਨੇ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਪਛਾੜ ਦਿੱਤਾ ਹੈ। ਆਪ ਨੇ 2017 ਦੀਆਂ ਚੋਣਾਂ ਲਈ ਆਪਣੇ 29 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਇਸ ਤੋਂ ਪਹਿਲਾਂ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਬਾਕੀ ਬਚਦੇ 56 ਉਮੀਦਵਾਰਾਂ ਵਿਚੋਂ 39 ਦਾ ਐਲਾਨ ਵੀ ਇਸ ਮਹੀਨੇ ਦੌਰਾਨ ਕਰਨ ਦੇ ਸੰਕੇਤ ਦਿੱਤੇ ਗਏ ਹਨ।

ਇਸ ਸੂਚੀ ਵਿਚ ਸਿਰਫ ਪੰਜ ਉਮੀਦਵਾਰ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ, ਜਦੋਂ ਕਿ ਔਰਤਾਂ ਸਿਰਫ ਦੋ ਹਨ। ਤੀਜੀ ਸੂਚੀ ਵਿਚ ਕਾਂਗਰਸ ਛੱਡ ਕੇ ਆਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਭੁਲੱਥ ਤੋਂ ਟਿਕਟ ਦਿੱਤੀ ਗਈ ਹੈ। ਪੱਤਰਕਾਰ ਤੋਂ ਸਿਆਸਤਦਾਨ ਬਣੇ ਕੰਵਰ ਸੰਧੂ ਨੂੰ ਖਰੜ ਅਤੇ ਐਨæਆਰæਆਈæ ਵਿੰਗ ਦੇ ਜਗਤਾਰ ਸਿੰਘ ਸੰਘੇੜਾ ਨੂੰ ਨਕੋਦਰ ਤੋਂ ਟਿਕਟ ਮਿਲੀ ਹੈ। ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਪਦਮਸ੍ਰੀ ਭਲਵਾਨ ਕਰਤਾਰ ਸਿੰਘ ਅਤੇ ਨਵਾਂ ਸ਼ਹਿਰ ਤੋਂ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਝਾੜੂ ਫੜਨ ਵਾਲੇ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ। ਸ਼ਾਹਕੋਟ ਤੋਂ ਡਾæ ਅਮਰਜੀਤ ਸਿੰਘ ਥਿੰਦ ਨੂੰ ਟਿਕਟ ਦਿੱਤੀ ਗਈ ਹੈ, ਜਦੋਂ ਕਿ ਇਥੋਂ ਪਾਰਟੀ ਦੇ ਮੀਤ ਪ੍ਰਧਾਨ ਕਰਨਲ ਸੀæਡੀæ ਸਿੰਘ ਕੰਬੋਜ ਮੁੱਖ ਦਾਅਵੇਦਾਰ ਸਨ। ਫਿਲੌਰ ਤੋਂ ਸਰੂਪ ਸਿੰਘ ਕੰਡਿਆਣਾ, ਜਲੰਧਰ (ਉਤਰੀ) ਤੋਂ ਗੁਲਸ਼ਨ ਸ਼ਰਮਾ ਅਤੇ ਜਲੰਧਰ (ਪੱਛਮੀ) ਤੋਂ ਦਰਸ਼ਨ ਲਾਲ ਭਗਤ ਨੂੰ ਟਿਕਟ ਮਿਲੀ ਹੈ।
ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਜਗਦੀਪ ਸਿੰਘ ਸੰਧੂ, ਭੋਆ ਤੋਂ ਵਿਨੋਦ ਕੁਮਾਰ, ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ, ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਆਦਮਪੁਰ ਤੋਂ ਹੰਸ ਰਾਜ ਰਾਣਾ, ਹਰਗੋਬਿੰਦਪੁਰ ਤੋਂ ਵਕੀਲ ਅਮਰਪਾਲ ਸਿੰਘ, ਮੁਕੇਰੀਆਂ ਤੋਂ ਸੁਲੱਖਣ ਸਿੰਘ ਜੱਗੀ, ਬਰਨਾਲਾ ਤੋਂ ਮੀਤ ਹੇਅਰ, ਸੁਜਾਨਪੁਰ ਤੋਂ ਵਕੀਲ ਕੁਲਭੂਸ਼ਣ ਸਿੰਘ ਮਿਨਹਾਸ, ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ, ਬੰਗਾ ਤੋਂ ਹਰਜੋਤ ਕੌਰ, ਚਮਕੌਰ ਸਾਹਿਬ ਤੋਂ ਡਾæ ਚਰਨਜੀਤ ਸਿੰਘ, ਅਧਿਆਪਕ ਦੀ ਨੌਕਰੀ ਛੱਡ ਕੇ ਆਪ ਵਿਚ ਸ਼ਾਮਲ ਹੋਈ ਸਰਬਜੀਤ ਕੌਰ ਮਾਣੂੰਕੇ ਨੂੰ ਜਗਰਾਉਂ ਤੋਂ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰੀ, ਧਰਮਕੋਟ ਤੋਂ ਡਾæ ਰਣਜੀਤ ਸਿੰਘ ਸਰਾਂ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਪ੍ਰਧਾਨ ਪਿਰਮਲ ਸਿੰਘ ਨੂੰ ਭਦੌੜ ਤੋਂ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ ਨੂੰ ਟਿਕਟ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਪੰਜਾਬ ਦੀਆਂ ਪ੍ਰਚਾਰ ਅਤੇ ਸਕਰੀਨਿੰਗ ਕਮੇਟੀਆਂ ਨੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀæਏæਸੀæ) ਅੱਗੇ 36 ਹਲਕਿਆਂ ਲਈ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਕੀਤੀਆਂ, ਪਰ ਪੀæਏæਸੀæ ਨੇ ਇਨ੍ਹਾਂ ਵਿਚੋਂ ਸੱਤ ਸੀਟਾਂ ਪੈਂਡਿੰਗ ਰੱਖ ਲਈਆਂ ਹਨ। ਇਸ ਮੌਕੇ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਝੂਠ ਫੈਲਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਸਰਜੀਕਲ ਅਪਰੇਸ਼ਨ ਕਰਨ ਦੇ ਮਾਮਲੇ ਵਿਚ ਭਾਰਤੀ ਸੈਨਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ ਸੀ, ਪਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ।
________________________________________________
ਛੋਟੇਪੁਰ ਵੱਲੋਂ ਧਰਮਵੀਰ ਗਾਂਧੀ ਨਾਲ ਗੱਠਜੋੜ ਦਾ ਐਲਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ‘ਆਪਣਾ ਪੰਜਾਬ’ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ‘ਆਪ’ ਦੇ ਵਿਦਰੋਹੀਆਂ ਉਤੇ ਆਧਾਰਤ 40 ਮੈਂਬਰੀ ਸਟੇਟ ਬਾਡੀ ਬਣਾਉਣ ਦਾ ਐਲਾਨ ਕੀਤਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਤਕਰੀਬਨ ਸਾਰੇ ਅਹੁਦੇਦਾਰ ‘ਆਪ’ ਦੇ ‘ਪੀੜਤ’ ਹਨ। ਛੋਟੇਪੁਰ ਨੇ ਕਿਹਾ ਕਿ ਯੋਗੇਂਦਰ ਯਾਦਵ ਵੱਲੋਂ ਬਣਾਈ ਗਈ ਸਵਰਾਜ ਇੰਡੀਆ ਪਾਰਟੀ ਨਾਲ ਫਿਲਹਾਲ ਉਹ ਤਾਲਮੇਲ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਤੋਂ ਮੁਅੱਤਲ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਉਣ ਸਬੰਧੀ ਤਕਰੀਬਨ ਸਹਿਮਤੀ ਬਣ ਚੁੱਕੀ ਹੈ। ਸੀਟਾਂ ਸਬੰਧੀ ਸਮਝੌਤਾ ਕਰ ਕੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਉਤੇ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ। ਉਨ੍ਹਾਂ ਦੁਹਰਾਇਆ ਕਿ ਜੇ ਅੱਜ ਵੀ ਆਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ, ਓਲੰਪੀਅਨ ਪਰਗਟ ਸਿੰਘ, ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੀ ਪਾਰਟੀ ਨਾਲ ਕੋਈ ਚੋਣ ਸਮਝੌਤਾ ਕਰਨਾ ਚਾਹੁਣਗੇ ਤਾਂ ਉਹ ਤਿਆਰ ਹਨ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਤੋਂ ਬਚਾਉਣ ਲਈ ਉਹ ਕਿਸੇ ਵੀ ਧਿਰ ਦੇ ਦਰ ਉਤੇ ਜਾਣ ਲਈ ਤਿਆਰ ਹਨ।