ਚੰਡੀਗੜ੍ਹ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ ਚਰਚਿਤ ਜ਼ਮੀਨ ਘੁਟਾਲੇ ਦੇ ਮਾਮਲੇ ਵਿਚ ਨਾਮਜ਼ਦ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਤਕਰੀਬਨ ਨੌਂ ਸਾਲਾਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਖਤਮ ਕਰਨ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿਚ ਦਾਇਰ ਕੀਤੀ ਅਰਜ਼ੀ ਨਾਲ ਸੂਬੇ ਦੀ ਸਿਆਸਤ ਗਰਮਾ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ 17 ਹੋਰਾਂ ਵਿਰੁੱਧ 11 ਸਤੰਬਰ 2008 ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਸਮੇਤ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮੁੱਦੇ ਨੂੰ ਮਾਰਚ 2006 ਵਿਚ ਕਾਂਗਰਸ ਦੇ ਹੀ ਵਿਧਾਇਕ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਉਠਾਇਆ ਸੀ। ਸੱਤਾ ਤਬਦੀਲੀ ਬਾਅਦ ਬਣੀ ਅਕਾਲੀ-ਭਾਜਪਾ ਸਰਕਾਰ ਮੌਕੇ 2007 ਵਿਚ ਇਸ ਕੇਸ ਦੀ ਜਾਂਚ ਲਈ ਵਿਧਾਨ ਸਭਾ ਨੇ ਇਕ ਕਮੇਟੀ ਗਠਿਤ ਕੀਤੀ। ਇਸ ਕਮੇਟੀ ਵੱਲੋਂ 2008 ਵਿਚ ਪੇਸ਼ ਕੀਤੀ ਗਈ ਰਿਪੋਰਟ ਵਿਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੀ 32 ਏਕੜ ਜ਼ਮੀਨ ਗ੍ਰਹਿਣ ਕਰਨ ਨੂੰ ਗੈਰਕਾਨੂੰਨੀ ਪਾਉਣ ਦੇ ਨਾਲ-ਨਾਲ ਅਜਿਹਾ ਕੀਤੇ ਜਾਣ ਕਾਰਨ ਨਗਰ ਸੁਧਾਰ ਟਰੱਸਟ ਨੂੰ 360 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਵੀ ਖੁਲਾਸਾ ਕੀਤਾ ਗਿਆ।
ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਹੀ ਦਰਜ ਕੀਤਾ ਗਿਆ ਬਲਕਿ ਕੈਪਟਨ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਖਾਰਜ ਕਰ ਦਿੱਤਾ ਗਿਆ। 2010 ਵਿਚ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਤੋਂ ਬਰਖ਼ਾਸਤਗੀ ਨੂੰ ਰੱਦ ਕਰ ਦਿੱਤਾ ਅਤੇ 2014 ਵਿਚ ਕੈਪਟਨ ਵੱਲੋਂ ਇਸ ਕੇਸ ਦੀ ਮੁੜ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਅਪੀਲ ‘ਤੇ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਕੇਸ ਦੀ ਮੁੜ ਜਾਂਚ ਦੇ ਹੁਕਮ ਦੇ ਦਿੱਤੇ। ਪਿਛਲੇ ਸਾਲ ਸ਼ੁਰੂ ਹੋਈ ਮੁੜ ਜਾਂਚ ਵਿਚ ਕੈਪਟਨ ਤੇ ਹੋਰਾਂ ਸਬੰਧੀ ਕੋਈ ਠੋਸ ਸਬੂਤ ਨਾ ਮਿਲਣ ਉਤੇ ਵਿਜੀਲੈਂਸ ਬਿਊਰੋ ਨੇ ਹੁਣ ਅਦਾਲਤ ਵਿਚ ਕੇਸ ਖਾਰਜ ਕਰਨ ਦੀ ਅਪੀਲ ਪਾਈ ਹੈ ਜਿਸ ‘ਤੇ ਅਦਾਲਤ ਨੇ 25 ਅਕਤੂਬਰ ਨੂੰ ਸੁਣਵਾਈ ਤੈਅ ਕੀਤੀ ਹੈ।
ਵਿਜੀਲੈਂਸ ਬਿਊਰੋ ਵੱਲੋਂ ਇਸ ਕੇਸ ਨੂੰ ਖਾਰਜ ਕਰਨ ਸਬੰਧੀ ਅਦਾਲਤ ਵਿਚ ਪਾਈ ਗਈ ਅਰਜ਼ੀ ਦੀ ਪ੍ਰਵਾਨਗੀ ਬਾਅਦ ਜਿਥੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਰਾਹਤ ਮਿਲ ਜਾਵੇਗੀ, ਉਥੇ ਕਾਂਗਰਸ ਪਾਰਟੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕੁਝ ਨਾ ਕੁਝ ਲਾਹਾ ਵੀ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਇਸ ਕੇਸ ਦੇ ਖਾਰਜ ਹੋਣ ਨਾਲ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਉਤੇ ਰਲ-ਮਿਲ ਕੇ ਸਿਆਸਤ ਦਾ ਦੋਸਤਾਨਾ ਮੈਚ ਖੇਡਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਵੀ ਬਲ ਮਿਲੇਗਾ। ਲਗਪਗ ਨੌਂ ਸਾਲ ਤੋਂ ਚੱਲੇ ਆ ਰਹੇ ਇਸ ਕੇਸ ਦਾ ਬਿਨਾਂ ਕਿਸੇ ਠੋਸ ਨਤੀਜੇ ਦੇ ਭੋਗ ਪੈ ਜਾਣਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਸੱਤਾਧਾਰੀ ਪਾਰਟੀਆਂ ਵੱਲੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਦਰਜ ਕਰਵਾਏ ਜਾਂਦੇ ਕੇਸ ਲੋਕ ਹਿੱਤਾਂ ਦੀ ਥਾਂ ਸਿਆਸੀ ਖਹਿਬਾਜ਼ੀ ਦਾ ਨਤੀਜਾ ਹੀ ਹੁੰਦੇ ਹਨ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ 2004 ਵਿਚ ਸੱਤਾ ਵਿਚ ਆਉਂਦਿਆਂ ਬਾਦਲ ਪਰਿਵਾਰ ਵਿਰੁੱਧ ਦਰਜ ਕੀਤੇ ਗਏ ਕੇਸਾਂ ਦਾ ਵੀ ਇਹੋ ਹਸ਼ਰ ਹੋਇਆ ਹੈ।
__________________________________________
ਕੈਪਟਨ ਵੱਲੋਂ ‘ਆਵਾਜ਼-ਏ-ਪੰਜਾਬ’ ਨੂੰ ਕੋਰਾ ਜਵਾਬ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਆਵਾਜ਼-ਏ-ਪੰਜਾਬ’ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਫਰੰਟ ਦਾ ਕਾਂਗਰਸ ਵਿਚ ਸਿਰਫ ਰਲੇਵਾਂ ਹੀ ਸੰਭਵ ਹੈ। ਕੈਪਟਨ ਅਮਰਿੰਦਰ ਦੇ ਇਸ ਐਲਾਨ ਤੋਂ ਬਾਅਦ ‘ਆਵਾਜ਼-ਏ-ਪੰਜਾਬ’ ਲਈ ਕਸੂਤੀ ਸਥਿਤੀ ਬਣ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ (ਆਪ) ਪਹਿਲਾਂ ਹੀ ਨਵਜੋਤ ਸਿੱਧੂ, ਵਿਧਾਇਕ ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਕਰਨ ਤੋਂ ਪਾਸਾ ਵੱਟ ਚੁੱਕੀ ਹੈ। ਕਾਂਗਰਸ ਅਤੇ ‘ਆਪ’ ਪਰਗਟ ਸਿੰਘ ਨੂੰ ਆਪੋ-ਆਪਣੀ ਪਾਰਟੀ ਵਿਚ ਸ਼ਾਮਲ ਕਰਨ ਲਈ ਜ਼ਰੂਰ ਗੰਭੀਰ ਜਾਪਦੀਆਂ ਹਨ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਕਾਂਗਰਸੀ ਆਗੂ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ ਤੇ ਇਹ ਸਭ ਅਫਵਾਹਾਂ ਹਨ। ਉਨ੍ਹਾਂ ਬੜੇ ਵਿਸ਼ਵਾਸ ਨਾਲ ਕਿਹਾ ਕਿ ਜੇ ਸਿੱਧੂ ਧੜੇ ਨਾਲ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਬਾਰੇ ਸੂਬਾਈ ਲੀਡਰਸ਼ਿਪ ਅਤੇ ਖਾਸ ਕਰ ਕੇ ਪਾਰਟੀ ਇੰਚਾਰਜ ਆਸ਼ਾ ਕੁਮਾਰੀ ਤੇ ਕੌਮੀ ਸਕੱਤਰ ਹਰੀਸ਼ ਚੌਧਰੀ ਨੂੰ ਜ਼ਰੂਰ ਜਾਣਕਾਰੀ ਹੋਣੀ ਸੀ।
ਉਨ੍ਹਾਂ ਉਲਟਾ ਸਿੱਧੂ ਜੋੜੇ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕਿਹੜੇ ਕੇਂਦਰੀ ਆਗੂ ਨਾਲ ਗੱਲ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਕਿਸੇ ਦਾ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਹੈ, ਪਰ ਇਸ ਦੌਰਾਨ ਸ਼ਰਤ ਤੇ ਸੀਟ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਧੜਾ ਵੀ ਪੀਪਲਜ਼ ਪਾਰਟੀ ਆਫ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵਾਂਗ ਕਾਂਗਰਸ ਵਿਚ ਸਿਰਫ ਰਲੇਵਾਂ ਹੀ ਕਰ ਸਕਦੇ ਹਨ। ਸਾਬਕਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਤੇ ‘ਆਪ’ ਸਮੇਤ ਹੋਰ ਪਾਰਟੀਆਂ ਵਿਚੋਂ ਕਾਂਗਰਸ ‘ਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਬਾਰੇ ਵੀ ਇਕ ਵਿਸ਼ੇਸ਼ ਕਮੇਟੀ ਉਨ੍ਹਾਂ ਦੇ ਇਤਿਹਾਸ ਅਤੇ ਪ੍ਰੋਫਾਈਲ ਦੀ ਪੜਤਾਲ ਕਰਨ ਮਗਰੋਂ ਹੀ ਅਜਿਹੇ ਬਾਹਰੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰੇਗੀ।
____________________________________________
ਕਲੋਜ਼ਰ ਰਿਪੋਰਟ ‘ਚ ਸਾਡਾ ਕੋਈ ਹੱਥ ਨਹੀਂ: ਬਾਦਲ
ਲੰਬੀ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ ਚਰਚਿਤ ਜ਼ਮੀਨ ਘੁਟਾਲੇ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਾਂ ਖਿਲਾਫ਼ ਦਰਜ ਭ੍ਰਿਸ਼ਟਾਚਾਰ ਦਾ ਕੇਸ ਰੱਦ ਕਰਨ ਸਬੰਧੀ ਵਿਜੀਲੈਂਸ ਵੱਲੋਂ ਮੁਹਾਲੀ ਦੀ ਅਦਾਲਤ ‘ਚ ਅਰਜ਼ੀ ਦਾਖਲ ਕੀਤੇ ਜਾਣ ਉਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦਾ ਇਸ ‘ਚ ਕੋਈ ਦਖਲ ਨਹੀਂ ਹੈ। ਇਹ ਵਿਭਾਗਾਂ ਦੇ ਅੰਦਰੂਨੀ ਕੰਮਾਂ ਦਾ ਹਿੱਸਾ ਹੈ ਜਿਸ ਬਾਰੇ ਵਿਜੀਲੈਂਸ ਹੀ ਜਵਾਬ ਦੇ ਸਕਦੀ ਹੈ।
_______________________________________
ਅਕਾਲੀ ਦਲ ਤੇ ਕਾਂਗਰਸ ‘ਚ ਗੰਢ-ਤੁਪ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਗਠਜੋੜ ਅਤੇ ਕਾਂਗਰਸ ਦੀ ਮਿਲੀਭੁਗਤ ਹੈ। ਮੀਡੀਆ ਰਿਪੋਰਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ।