ਸਰਜੀਕਲ ਕਾਰਵਾਈ ਪਿੱਛੋਂ ਭਾਰਤੀ ਸਿਆਸਤ ਵਿਚ ਖਿੱਚੋਤਾਣ

ਨਵੀਂ ਦਿੱਲੀ: ਮਕਬੂਜ਼ਾ ਕਸ਼ਮੀਰ ਵਿਚ ਭਾਰਤੀ ਫੌਜ ਵੱਲੋਂ ਦਹਿਸ਼ਤੀ ਠਿਕਾਣਿਆਂ ਖਿਲਾਫ ਕੀਤੀ ਸਰਜੀਕਲ ਕਾਰਵਾਈ ਨੂੰ ਲੈ ਕੇ ਸਿਆਸਤ ਭਖ ਗਈ ਹੈ। ਵਿਰੋਧੀ ਧਿਰਾਂ ਮੋਦੀ ਸਰਕਾਰ ਵੱਲੋਂ ਆਪਣੀ ਪਿੱਠ ਥਾਪੜਨ ਲਈ ਕੀਤੀ ਜਾ ਬਿਆਨਬਾਜ਼ੀ ‘ਤੇ ਸਵਾਲ ਚੁੱਕ ਰਹੀਆਂ ਹਨ। ਇਸ ਤੋਂ ਇਲਾਵਾ ਇਸ ਫੌਜੀ ਕਾਰਵਾਈ ਨੂੰ ਵੀ ਕਈ ਸਿਆਸੀ ਧਿਰਾਂ ਸ਼ੱਕ ਦੀ ਨਿਗ੍ਹਾ ਨਾਲ ਵੇਖਦੇ ਹੋਏ ਕਾਰਵਾਈ ਦੀ ਵੀਡੀਓ ਜਾਰੀ ਕਰਨ ਦੀ ਮੰਗ ਕਰ ਰਹੀ ਹਨ। ਦੂਜੇ ਪਾਸੇ ਸੱਤਾਧਾਰੀ ਭਾਜਪਾ ਇਸ ਸ਼ੱਕ ਨੂੰ ਫੌਜ ਦਾ ਅਪਮਾਨ ਆਖ ਕੇ ਪੱਲਾ ਝਾੜਨ ‘ਚ ਲੱਗੀ ਹੋਈ ਹੈ।

ਇਹ ਵੀ ਚਰਚਾ ਹੈ ਕਿ ਭਾਜਪਾ ਇਸ ਫੌਜੀ ਕਾਰਵਾਈ ਰਾਹੀਂ ਕੁਝ ਸੂਬਿਆਂ ਦੀਆਂ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਸਰਜੀਕਲ ਸਟ੍ਰਾਈਕਸ ਦੀ ਖੁੱਲ੍ਹ ਕੇ ਹਮਾਇਤ ਕੀਤੀ, ਪਰ ਦੋ ਦਿਨਾਂ ਬਾਅਦ ਅਜਿਹੀ ਕਾਰਵਾਈ ਬਾਰੇ ਦਾਅਵੇ ਦਰੁਸਤ ਹੋਣ ਦੇ ਸਬੂਤ ਮੰਗਣੇ ਸ਼ੁਰੂ ਕਰ ਦਿੱਤੇ।
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਤਾਂ ਪ੍ਰਧਾਨ ਮੰਤਰੀ ਉਤੇ ‘ਜਵਾਨਾਂ ਦੇ ਖੂਨ ਦੀ ਦਲਾਲੀ’ ਕਰਨ ਅਤੇ ‘ਫੌਜੀ ਜਵਾਨਾਂ ਦੇ ਪਿੱਛੇ ਛੁਪ ਕੇ ਰਾਜਨੀਤੀ ਚਮਕਾਉਣ’ ਵਰਗੇ ਦੋਸ਼ ਲਾ ਕੇ ਇਸ ਨੂੰ ਨਵੇਂ ਸਿਰਿਉਂ ਭਖਾ ਦਿੱਤਾ ਹੈ। ਪੰਜਾਬ ਵਿਚ ਵੀ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਵਾਏ ਜਾਣ ਦੇ ਮਾਮਲੇ ‘ਤੇ ਰਾਜਨੀਤਕ ਪਾਰਟੀਆਂ, ਖਾਸ ਕਰ ਕੇ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਲਫਜ਼ੀ ਜੰਗ ਚੱਲ ਰਹੀ ਹੈ।
ਭਾਰਤ-ਪਾਕਿ ਸੀਮਾ 2018 ਤੱਕ ਸੀਲ ਹੋਵੇਗੀ ਸੀਲ, ਜੈਸਲਮੇਰ: ਸਾਲ-2018 ਤੱਕ ਭਾਰਤ-ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਜਾਵੇਗੀ। ਸਰਹੱਦ ‘ਤੇ ਬਾਰਡਰ ਸਕਿਉਰਿਟੀ ਗਰਿੱਡ ਬਣਾਈ ਜਾਵੇਗੀ ਅਤੇ ਲਗਾਤਾਰ ਇਸ ਦੀ ਨਿਗਰਾਨੀ ਕੀਤੀ ਜਾਵੇਗੀ। ਬਾਰਡਰ ਸਕਿਉਰਿਟੀ ਗਰਿੱਡ ਦੀ ਹਰ ਪੱਧਰ ‘ਤੇ ਨਿਗਰਾਨੀ ਹੋਵੇਗੀ ਅਤੇ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਉਪਰ ਕੰਮ ਕਰਨਾ ਹੋਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਸਕੱਤਰ ਤੇ ਰਾਜਾਂ ਦੇ ਮੁੱਖ ਸਕੱਤਰਾਂ ਦੀ ਪੰਦਰਾਂ ਦਿਨਾਂ ਵਿਚ ਮੀਟਿੰਗ ਹੋਵੇਗੀ। ਸਰਹੱਦ ਸੀਲ ਕਰਨ ਵਿਚ ਉਚ ਪੱਧਰ ਦੀ ਤਕਨੀਕ ਦੀ ਵਰਤੋਂ ਵੀ ਕੀਤੀ ਜਾਵੇਗੀ।
_________________________________________________
ਪਾਕਿਸਤਾਨੀ ਮੀਡੀਆ ‘ਤੇ ਛਾਏ ਕੇਜਰੀਵਾਲ
ਨਵੀਂ ਦਿੱਲੀ: ਮਕਬੂਜ਼ਾ ਕਸ਼ਮੀਰ (ਪੀæਓæਕੇæ) ‘ਚ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਇਨਕਾਰ ‘ਤੇ ਮੋਦੀ ਨੂੰ ਜਵਾਬ ਦੇਣ ਦੀ ਸਲਾਹ ਦੇਣ ਕਰ ਕੇ ਅਰਵਿੰਦ ਕੇਜਰੀਵਾਲ ਪਾਕਿਸਤਾਨੀ ਮੀਡੀਆ ਦੀਆਂ ਸੁਰਖੀਆਂ ‘ਚ ਹਨ। ‘ਦ ਟ੍ਰਿਬਿਊਨ’ ਨੇ ਆਪਣੀ ਰਿਪੋਰਟ ‘ਚ ਲਿਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਮਹੱਤਵਪੂਰਣ ਮੁੱਦਾ ਚੁੱਕਿਆ ਹੈ। ਉੱਥੇ ਹੀ ‘ਸਮਾ ਟੀਵੀ’ ਨੇ ਕਿਹਾ ਕਿ ਹੁਣ ਭਾਰਤ ਦੇ ਲੀਡਰ ਹੀ ਮੋਦੀ ਸਰਕਾਰ ਤੋਂ ਜਵਾਬ ਮੰਗਣ ਲੱਗੇ ਹਨ। ਇਸ ਦੇ ਨਾਲ ਹੀ ਭਾਜਪਾ ਲੀਡਰ ਰਵੀਸ਼ੰਕਰ ਪ੍ਰਸਾਦ ਨੇ ਕੇਜਰੀਵਾਲ ਦੇ ਬਿਆਨ ‘ਤੇ ਸਵਾਲ ਚੁੱਕਦੇ ਹੋਏ ਕਿਹਾ, “ਕੇਜਰੀਵਾਲ ਨੂੰ ਫੌਜ ਦੇ ਸਰਜੀਕਲ ਸਟ੍ਰਾਈਕ ਕਰਨ ਦੀ ਬਹਾਦਰੀ ‘ਤੇ ਭਰੋਸਾ ਹੈ ਜਾਂ ਨਹੀਂ?” ਇੰਟਰਨੈਸ਼ਨਲ ਮੀਡੀਆ ਵੱਲੋਂ ਭਾਰਤ ਦੇ ਦਾਅਵੇ ‘ਤੇ ਸਵਾਲ ਚੁੱਕਣ ਮਗਰੋਂ ਹੁਣ ਸਰਹੱਦ ਦੇ ਦੋਵੇਂ ਪਾਸੇ ਦੇ ਲੀਡਰਾਂ ਨੇ ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
________________________________________
ਅਮਰਿੰਦਰ ਤੇ ਕੇਜਰੀਵਾਲ ਨੇ ਸੈਨਿਕਾਂ ਵਿਰੁੱਧ ਘਿਨਾਉਣਾ ਜੁਰਮ ਕੀਤਾ: ਬਾਦਲ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਨੂੰ ਰਣਨੀਤਕ ਸੁਰੱਖਿਆ ਮਾਮਲਿਆਂ ਦੇ ਫੈਸਲੇ ‘ਤੇ ਸਿਆਸਤ ਨਹੀਂ ਖੇਡਣੀ ਚਾਹੀਦੀ। ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਨੇ ਭਾਰਤੀ ਫ਼ੌਜ ਦੀ ਸਮਰੱਥਾ ਤੇ ਇਰਾਦੇ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਸ਼ੱਕੀ ਬਣਾਇਆ ਹੈ। ਸ਼ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਹੱਦੀ ਪੱਟੀ ਤੋਂ ਆਮ ਲੋਕਾਂ ਨੂੰ ਉਠਾਉਣ ਦੇ ਮਾਮਲੇ ‘ਤੇ ਲੋਕ ਮਨਾਂ ਵਿਚ ਭੰਬਲਭੂਸਾ ਪੈਦਾ ਕਰ ਰਹੇ ਹਨ।
_______________________________________
ਸਰਹੱਦੀ ਲੋਕਾਂ ਨੂੰ ਉਠਾਉਣ ਦੀ ਲੋੜ ਨਹੀਂ ਸੀ: ਕੈਪਟਨ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਘਰ ਵਾਪਸ ਜਾਣ ਦੇ ਦਿੱਤੇ ਗਏ ਹੁਕਮਾਂ ਨੇ ਉਨ੍ਹਾਂ ਦੇ ਇਸ ਸਟੈਂਡ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਰਹੱਦ ‘ਤੇ ਵਸੇ ਲੋਕਾਂ ਨੂੰ ਉਠਾਉਣ ਦੀ ਕੋਈ ਲੋੜ ਨਹੀਂ ਸੀ। ਸਰਹੱਦੀ ਲੋਕਾਂ ਨੂੰ ਇਨ੍ਹਾਂ ਹੁਕਮਾਂ ਕਾਰਨ ਜੋ ਨੁਕਸਾਨ ਝੱਲਣਾ ਪਿਆ ਹੈ, ਉਸ ਦੀ ਭਰਪਾਈ ਰਾਜ ਸਰਕਾਰ ਨੂੰ ਕਰਨੀ ਚਾਹੀਦੀ ਹੈ। ਲੋਕਾਂ ਨੂੰ ਉਠਾਉਣ ਦਾ ਫੈਸਲਾ ਜੰਗ ਦਾ ਹਊਆ ਖੜ੍ਹਾ ਕਰਨ ਲਈ ਕੀਤਾ ਗਿਆ ਸੀ, ਪਰ ਇਹ ਫੈਸਲਾ ਪੁੱਠਾ ਪੈਣਾ ਸ਼ੁਰੂ ਹੋ ਗਿਆ।