ਸਰਜੀਕਲ ਹਮਲੇ ਨੇ ਦਹਿਸ਼ਤੀ ਜਥੇਬੰਦੀ ਲਸ਼ਕਰ ਦਾ ਲੱਕ ਤੋੜਿਆ

ਨਵੀਂ ਦਿੱਲੀ: ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਪਾਰ ਕੀਤੇ ਗਏ ਸਰਜੀਕਲ ਹਮਲਿਆਂ ‘ਚ ਹਾਫ਼ਿਜ਼ ਸਈਦ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਰੇਡੀਓ ‘ਤੇ ਫੜੀ ਗਈ ਗੱਲਬਾਤ ਉਤੇ ਆਧਾਰਤ ਮੁਲਾਂਕਣ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਦਹਿਸ਼ਤੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦੌਰਾਨ ਲਸ਼ਕਰ ਦੇ ਤਕਰੀਬਨ 20 ਦਹਿਸ਼ਤਗਰਦ ਹਲਾਕ ਹੋਏ ਹਨ।

ਭਾਰਤੀ ਫੌਜ ਦੀਆਂ ਫੀਲਡ ਇਕਾਈਆਂ ਤੋਂ ਮਿਲੀਆਂ ਮੁਲਾਂਕਣ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਲਸ਼ਕਰ ਨੂੰ ਆਪਣੇ ਮਕਬੂਜ਼ਾ ਕਸ਼ਮੀਰ ਵਿਚਲੇ ਡਡਨਿਆਲ ਕੈਂਪ ‘ਚ ਭਾਰੀ ਨੁਕਸਾਨ ਸਹਿਣਾ ਪਿਆ ਹੈ। ਸੂਤਰਾਂ ਨੇ ਕਿਹਾ ਕਿ ਫੌਜੀ ਡਿਵੀਜ਼ਨ ਦੀਆਂ ਪੰਜ ਟੀਮਾਂ ਨੂੰ ਕੈਲ ਜਾਂ ਕੇਲ ਅਤੇ ਡਡਨਿਆਲ ‘ਚ ਦਹਿਸ਼ਤੀ ਗੁੱਟਾਂ ਦੇ ਕੈਂਪਾਂ ਨੂੰ ਤਬਾਹ ਕਰਨ ਲਈ ਭੇਜਿਆ ਗਿਆ ਸੀ।
28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੀਤੇ ਗਏ ਹਮਲੇ ‘ਚ ਭਾਰਤੀ ਫੌਜ ਨੇ ਕੰਟਰੋਲ ਰੇਖਾ ਤੋਂ 700 ਮੀਟਰ ਅੰਦਰ ਪਾਕਿਸਤਾਨੀ ਚੌਕੀ ਦੀ ਨਿਗਰਾਨੀ ਹੇਠ ਪੈਂਦੇ ਚਾਰ ਦਹਿਸ਼ਤੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ। ਰਿਪੋਰਟਾਂ ਮੁਤਾਬਕ ਜਦੋਂ ਹਮਲਾ ਹੋਇਆ ਤਾਂ ਦਹਿਸ਼ਤਗਰਦ ਪਾਕਿਸਤਾਨੀ ਚੌਕੀ ਵੱਲ ਭੱਜਦੇ ਦੇਖੇ ਗਏ, ਪਰ ਉਨ੍ਹਾਂ ਨੂੰ ਭਾਰਤੀ ਜਵਾਨਾਂ ਨੇ ਪਹਿਲਾਂ ਹੀ ਮਾਰ ਮੁਕਾਇਆ।
ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਫੜੇ ਗਏ ਵਾਇਰਲੈੱਸ ਸੁਨੇਹਿਆਂ ਤੋਂ ਸੰਕੇਤ ਮਿਲੇ ਕਿ ਚਾਰ ਕੈਂਪਾਂ ‘ਤੇ ਹਮਲਿਆਂ ਦੌਰਾਨ ਲਸ਼ਕਰ ਦੇ ਘੱਟੋ ਘੱਟ 10 ਦਹਿਸ਼ਤਗਰਦ ਮਾਰੇ ਗਏ। ਸਵੇਰ ਹੋਣ ਤੱਕ ਪਾਕਿਸਤਾਨੀ ਫੌਜ ਦੇ ਵਾਹਨ ਘੁੰਮਦੇ ਰਹੇ ਅਤੇ ਸਾਰੀਆਂ ਲਾਸ਼ਾਂ ਨੂੰ ਟਿਕਾਣੇ ਲਾ ਦਿੱਤਾ ਗਿਆ। ਸੂਤਰਾਂ ਮੁਤਾਬਕ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਨੂੰ ਨੀਲਮ ਵਾਦੀ ‘ਚ ਦਫਨਾਇਆ ਗਿਆ। ਦਹਿਸ਼ਤਗਰਦਾਂ ਨੂੰ ਇਸੇ ਤਰ੍ਹਾਂ ਦਾ ਝਟਕਾ ਬਲੋਨੀ ਇਲਾਕੇ ‘ਚ ਦਿੱਤਾ ਗਿਆ ਜਿਥੇ ਲਸ਼ਕਰ ਦੇ 9 ਦਹਿਸ਼ਤਗਰਦ ਮਾਰੇ ਗਏ। ਸੂਤਰਾਂ ਨੇ ਕਿਹਾ ਕਿ ਇਸੇ ਸੈਕਟਰ ਵਿਚ ਪਾਕਿਸਤਾਨ ਦੇ ਦੋ ਫੌਜੀ ਹਲਾਕ ਹੋਏ ਸਨ। ਇਸ ਦੌਰਾਨ ਚੌਕੀ ‘ਤੇ ਜਿਹੜੇ ਸੁਨੇਹੇ ਫੜੇ ਜਾ ਰਹੇ ਸਨ, ਉਹ ਵੀ ਬੰਦ ਹੋ ਗਏ। ਖੁਫ਼ੀਆਂ ਰਿਪੋਰਟਾਂ ਮੁਤਾਬਕ ਅਤਿਵਾਦੀ ਕਸ਼ਮੀਰ ਅਤੇ ਜੰਮੂ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰਤ ਵਿਚ ਦਾਖਲ ਹੋਣ ਲਈ ਮੌਕੇ ਦੀ ਉਡੀਕ ਵਿਚ ਸਨ।
_____________________
2011 ਵਿਚ ਵੀ ਹੋਈ ਸੀ ਸਰਜੀਕਲ ਕਾਰਵਾਈ
ਨਵੀਂ ਦਿੱਲੀ: ਹਾਲ ਹੀ ਵਿਚ ਹੋਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਖਬਰ ਆਈ ਹੈ ਕਿ 2011 ‘ਚ ਵੀ ਫੌਜ ਨੇ ਐਲ਼ਓæ ਸੀæ ਪਾਰ ਕਰ ਕੇ ਸਰਜੀਕਲ ਸਟ੍ਰਾਈਕ ਕੀਤਾ ਸੀ। ‘ਦਾ ਹਿੰਦੂ’ ਅਖਬਾਰ ਵਿਚ ਛਪੀ ਖਬਰ ਅਨੁਸਾਰ ਉਸ ਸਰਜੀਕਲ ਸਟ੍ਰਾਈਕ ਨੂੰ ‘ਅਪਰੇਸ਼ਨ ਜਿੰਜਰ’ ਦਾ ਨਾਮ ਦਿੱਤਾ ਗਿਆ ਸੀ। ਭਾਰਤੀ ਫੌਜ ਦੀਆਂ ਤਿੰਨ ਟੁਕੜੀਆਂ ਅਪਰੇਸ਼ਨ ਲਈ ਗਈਆਂ ਸਨ। ਦੋ ਵਾਰ ਸਰਜੀਕਲ ਸਟ੍ਰਾਈਕ ਹੋਇਆ ਸੀ, ਜਿਸ ‘ਚ ਲਗਭਗ 13 ਜਵਾਨਾਂ ਦੀ ਜਾਨ ਗਈ ਸੀ। ਇਨ੍ਹਾਂ ਵਿਚੋਂ ਪੰਜ ਜਵਾਨਾਂ ਦੇ ਸਿਰ ਵੀ ਕੱਟੇ ਗਏ ਸਨ। ਦੋਵਾਂ ਦੇਸ਼ਾਂ ਦੀ ਫੌਜ ਇਕ ਦੂਸਰੇ ਦੇ ਜਵਾਨਾਂ ਦੇ ਸਿਰ ਕੱਟ ਕੇ ਟਰਾਫੀ ਵਾਂਗ ਲੈ ਕੇ ਗਈ ਸੀ। ਖਬਰ ਅਨੁਸਾਰ ਪਾਕਿਸਤਾਨੀ ਫੌਜ ਦੋ ਸਿਰ ਕੱਟ ਕੇ ਲੈ ਗਈ ਸੀ, ਜਿਸ ਦੇ ਬਦਲੇ ਵਿਚ ਭਾਰਤੀ ਜਵਾਨ ਤਿੰਨ ਸਿਰ ਕੱਟ ਕੇ ਲਿਆਏ ਸਨ। ‘ਦਾ ਹਿੰਦੂ’ ਨੂੰ ਅਪਰੇਸ਼ਨ ਜਿੰਜਰ ਦੇ ਕਈ ਸਬੂਤ ਮਿਲੇ ਹਨ ਜਦਕਿ ਉਸ ਵੇਲੇ ਦੇ ਮੇਜਰ ਜਨਰਲ (ਰਿਟਾæ) ਐਸ਼ਕੇæ ਚਕਰਵਰਤੀ, ਜਿਨ੍ਹਾਂ ਇਸ ਅਪਰੇਸ਼ਨ ਨੂੰ ਕੀਤਾ ਸੀ, ਨੇ ਵੀ ਗੱਲਬਾਤ ‘ਚ ਇਹ ਗੱਲ ਕਬੂਲੀ ਹੈ। ਉਹ ਕੁਪਵਾੜਾ ਦੇ 28ਵੇਂ ਡਵੀਜਨ ਦੇ ਮੁਖੀ ਸਨ, ਹਾਲਾਂਕਿ ਉਨ੍ਹਾਂ ਇਸ ਮਾਮਲੇ ‘ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ