ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਜ਼ਿੰਦਗੀ ਲੀਹ ਉਤੇ ਆਉਣ ਲੱਗੀ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਅਨਿਸ਼ਚਿਤਤਾ ਭਾਵੇਂ ਬਰਕਰਾਰ ਹੈ, ਪਰ ਸਰਹੱਦੀ ਪਿੰਡਾਂ ਵਿਚ ਜ਼ਿੰਦਗੀ ਲੀਹ ਉਤੇ ਆਉਣ ਲੱਗੀ ਹੈ। ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਉਤੇ ਗਏ ਬਹੁਤੇ ਲੋਕ ਆਪਣੇ ਟਿਕਾਣਿਆਂ ‘ਤੇ ਪਰਤ ਆਏ ਹਨ। ਸਰਹੱਦੀ ਖੇਤਰ ਦੇ ਸਕੂਲ ਵੀ ਖੁੱਲ੍ਹ ਗਏ ਹਨ ਤੇ ਕੰਡਿਆਲੀ ਤਾਰ ਤੋਂ ਪਾਰ ਫਸਲ ਦੀ ਵਾਢੀ ਸ਼ੁਰੂ ਹੋ ਗਈ ਹੈ।

ਦੱਸਣਯੋਗ ਹੈ ਕਿ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਅਤਿਵਾਦੀ ਟਿਕਾਣਿਆਂ ‘ਤੇ ਕੀਤੀ ਸਰਜੀਕਲ ਕਾਰਵਾਈ ਤੋਂ ਬਾਅਦ 29 ਸਤੰਬਰ ਨੂੰ ਸਰਹੱਦ ਤੋਂ ਦਸ ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਕਾਰਨ ਲੋਕਾਂ ਨੂੰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਉਤੇ ਜਾਣਾ ਪਿਆ ਸੀ। ਕੁਝ ਲੋਕ ਮਾਲ ਡੰਗਰ ਦੀ ਸਾਂਭ-ਸੰਭਾਲ ਅਤੇ ਫਸਲ ਦੀ ਰਾਖੀ ਲਈ ਰਹਿ ਗਏ ਸਨ। ਕੰਡਿਆਲੀ ਤਾਰ ਤੋਂ ਪਾਰ ਫਸਲ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਤੇ ਸਰਹੱਦ ‘ਤੇ ਝੰਡਾ ਉਤਾਰਨ ਦੀ ਰਸਮ ਵੀ ਲੋਕਾਂ ਲਈ ਬੰਦ ਸੀ।
ਹੁਣ ਲਗਪਗ ਇਕ ਹਫਤੇ ਮਗਰੋਂ ਸਰਹੱਦੀ ਖੇਤਰ ਵਿਚ ਜ਼ਿੰਦਗੀ ਲੀਹ ਉਤੇ ਆਉਣ ਲੱਗੀ ਹੈ। ਜੰਗ ਬਾਰੇ ਸ਼ੰਕੇ ਭਾਵੇਂ ਬਰਕਰਾਰ ਹਨ, ਪਰ ਸਰਹੱਦ ‘ਤੇ ਅਜਿਹੇ ਹਾਲਾਤ ਨਾ ਹੋਣ ਕਾਰਨ ਲੋਕਾਂ ਨੂੰ ਅਜਿਹੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਘਰਾਂ ਨੂੰ ਪਰਤ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹੀ ਹੰਗਾਮੀ ਸਥਿਤੀ ਆਈ ਤਾਂ ਉਹ ਤੁਰਤ ਆਪਣੇ ਵਾਹਨਾਂ ਰਾਹੀਂ ਪਰਿਵਾਰ ਦੇ ਜੀਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣਗੇ, ਪਰ ਇਸ ਤਰ੍ਹਾਂ ਪਹਿਲਾਂ ਹੀ ਘਰ-ਬਾਰ, ਮਾਲ ਡੰਗਰ ਤੇ ਪੱਕੀਆਂ ਫਸਲਾਂ ਸੁੰਨੀਆਂ ਛੱਡਣੀਆਂ ਜਾਇਜ਼ ਨਹੀਂ ਹਨ। ਉਜਾੜੇ ਦੀ ਮਾਰ ਝੱਲ ਚੁੱਕੇ ਸਰਹੱਦੀ ਪਿੰਡ ਰਾਣੀਏ ਦੇ ਸਰਪੰਚ ਕੇਹਰ ਸਿੰਘ ਨੇ ਦੱਸਿਆ ਕਿ ਪਿੰਡ ਦੇ 80 ਫੀਸਦੀ ਲੋਕ ਘਰ-ਬਾਰ ਛੱਡ ਗਏ ਸਨ, ਉਹ ਹੁਣ ਪਰਤ ਆਏ ਹਨ। ਇਹ ਪਿੰਡ ਕੰਡਿਆਲੀ ਤਾਰ ਤੋਂ ਸਿਰਫ 700 ਮੀਟਰ ਪਿੱਛੇ ਹੈ। ਇਸੇ ਤਰ੍ਹਾਂ ਹੋਰ ਪਿੰਡਾਂ ਦੇ ਲੋਕ ਵੀ ਆਉਣੇ ਸ਼ੁਰੂ ਹੋ ਗਏ ਹਨ ਅਤੇ ਵਧੇਰੇ ਘਰਾਂ ਨੂੰ ਪਰਤ ਆਏ ਹਨ। ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਦਸ ਕਿਲੋਮੀਟਰ ਘੇਰੇ ਵਿਚ ਵਿਚ ਲਗਪਗ 200 ਸਰਕਾਰੀ ਸਕੂਲ ਹਨ। ਇਨ੍ਹਾਂ ਸਕੂਲਾਂ ਵਿਚ ਵੀ ਵਿਦਿਆਰਥੀਆਂ ਆਉਣੇ ਸ਼ੁਰੂ ਹੋ ਗਏ ਹਨ। ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿਚ ਲਗਪਗ 11300 ਬੱਚੇ ਪੜ੍ਹਦੇ ਹਨ।
________________________________________
ਭਾਰਤ-ਪਾਕਿ ਵਿਚਾਲੇ ਪੰਜ ਆਬ ਬੱਸ ਸੇਵਾ ਮੁੜ ਸ਼ੁਰੂ
ਅੰਮ੍ਰਿਤਸਰ: ਸਰਹੱਦ ‘ਤੇ ਬਣੇ ਤਣਾਅ ਕਾਰਨ ਕੁਝ ਦਿਨ ਪਹਿਲਾਂ ਰੋਕੀ ਅੰਮ੍ਰਿਤਸਰ-ਲਾਹੌਰ-ਨਨਕਾਣਾ ਸਾਹਿਬ ਵਿਚਾਲੇ ਚਲਦੀ ਪੰਜ ਆਬ ਬੱਸ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸਰਜੀਕਲ ਅਪਰੇਸ਼ਨ ਕਾਰਨ 29 ਸਤੰਬਰ ਤੋਂ ਚੱਲ ਰਹੇ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਇਸ ਬੱਸ ਨੂੰ ਰੋਕ ਦਿੱਤਾ ਸੀ। ਮੁੜ ਇਸ ਹਫਤੇ ਦੇ ਸ਼ੁਰੂ ਵਿਚ ਇਹ ਬੱਸ ਸ਼ੁਰੂ ਕਰਨ ਬਾਰੇ ਸਥਿਤੀ ‘ਤੇ ਵਿਚਾਰ ਕੀਤਾ ਗਿਆ ਅਤੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਹ ਬੱਸ ਹਰ ਮੰਗਲਵਾਰ ਤੇ ਸ਼ੁੱਕਰਵਾਰ ਚੱਲਦੀ ਹੈ। ਇਸ ਬੱਸ ਨੂੰ ਪੰਜਾਬ ਰੋਡਵੇਜ਼ ਵੱਲੋਂ ਚਲਾਇਆ ਜਾ ਰਿਹਾ ਹੈ। ਜਦੋਂ ਇਸ ਬੱਸ ਦੀ ਮੁੜ ਸ਼ੁਰੂਆਤ ਹੋਈ ਤਾਂ ਇਥੋਂ ਤਿੰਨ ਯਾਤਰੀ ਲਾਹੌਰ ਗਏ ਸਨ ਅਤੇ ਉਸੇ ਦਿਨ ਲਾਹੌਰ ਤੋਂ ਦੋ ਯਾਤਰੀ ਅੰਮ੍ਰਿਤਸਰ ਆਏ ਸਨ। ਇਹ ਬੱਸ ਸੇਵਾ ਪਹਿਲਾਂ ਅੰਮ੍ਰਿਤਸਰ ਅਤੇ ਲਾਹੌਰ ਤੇ ਨਨਕਾਣਾ ਸਾਹਿਬ ਤੱਕ ਜਾਂਦੀ ਸੀ, ਪਰ 2 ਨਵੰਬਰ 2014 ਨੂੰ ਵਾਹਗਾ ਸਰਹੱਦ ‘ਤੇ ਆਤਮਘਾਤੀ ਅਤਿਵਾਦੀ ਹਮਲੇ ਤੋਂ ਬਾਅਦ ਇਸ ਬੱਸ ਨੂੰ ਲਾਹੌਰ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਹੁਣ ਇਹ ਬੱਸ ਅੰਮ੍ਰਿਤਸਰ ਤੋਂ ਵਾਹਗਾ (ਪਾਕਿਸਤਾਨ) ਤੱਕ ਜਾਂਦੀ ਹੈ ਅਤੇ ਦੂਜੇ ਪਾਸਿਉਂ ਪਾਕਿਸਤਾਨ ਦੀ ਦੋਸਤੀ ਬੱਸ ਲਾਹੌਰ ਤੋਂ ਵਾਹਗਾ ਤੱਕ ਆਉਂਦੀ ਹੈ, ਜਿਥੇ ਦੋਵਾਂ ਬੱਸਾਂ ਦੇ ਯਾਤਰੂ ਮੁੜ ਵੱਖ-ਵੱਖ ਬੱਸਾਂ ਵਿਚ ਸਵਾਰ ਹੁੰਦੇ ਹਨ।
______________________________________
ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤ ਦੀ ਆਮਦ ਮੁੜ ਵਧੀ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਈ ਤਣਾਅ ਭਰੀ ਸਥਿਤੀ ਵਿਚ ਸੁਧਾਰ ਹੋਣ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਤਦਾਦ ‘ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਅੰਮ੍ਰਿਤਸਰ ਪੁੱਜ ਰਹੇ ਹਨ। ਅਚਾਨਕ ਬਣੇ ਤਣਾਅ ਭਰੇ ਮਾਹੌਲ ਦੇ ਚਲਦਿਆਂ ਪਿਛਲੇ ਕੁਝ ਦਿਨਾਂ ਦੌਰਾਨ ਗੁਰੂ ਨਗਰੀ ‘ਚ ਆਏ ਸੈਲਾਨੀ ਇਥੋਂ ਨਿਕਲਣੇ ਸ਼ੁਰੂ ਹੋ ਗਏ ਸਨ ਅਤੇ ਹੋਰ ਸੈਲਾਨੀਆਂ ਦੀ ਆਮਦ ਰੁਕ ਗਈ ਸੀ। ਇਕ-ਦੋ ਦਿਨਾਂ ਬਾਅਦ ਸਥਿਤੀ ਦੇ ਆਮ ਵਾਂਗ ਹੁੰਦਿਆਂ ਹੀ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਆਮਦ ਲਗਾਤਾਰ ਵਧ ਹੀ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਸਰਹੱਦੀ ਤਣਾਅ ਕਰ ਕੇ ਬਾਹਰਲੇ ਸੂਬਿਆਂ ਤੋਂ ਆਏ ਸੈਲਾਨੀਆਂ ਦੇ ਵਾਪਸ ਚਲੇ ਜਾਣ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਆਮਦ ‘ਚ ਕੁਝ ਅਸਰ ਪਿਆ ਸੀ, ਪਰ ਇਹ ਪ੍ਰਭਾਵ ਜ਼ਿਆਦਾ ਦਿਨ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਕਣਕ/ਝੋਨੇ ਦੀਆਂ ਫਸਲਾਂ ਦੀ ਕਟਾਈ ਦੇ ਸੀਜ਼ਨ ‘ਚ ਪਿੰਡਾਂ ਦੀ ਸੰਗਤ ਆਪਣੇ ਕੰਮਕਾਜਾਂ ‘ਚ ਰੁੱਝੇ ਹੋਣ ਕਰ ਕੇ ਸ਼ਰਧਾਲੂਆਂ ਦੀ ਗਿਣਤੀ ਵਿਚ ਮਾਮੂਲੀ ਕਮੀ ਆਉਂਦੀ ਹੈ। ਝੋਨੇ ਦੀ ਕਟਾਈ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਦੇ ਰੁਝੇਵੇਂ ਕਾਰਨ ਆਮਦ ‘ਚ ਮਾਮੂਲੀ ਜਿਹਾ ਫਰਕ ਹੋ ਸਕਦਾ ਹੈ, ਪਰ ਤਣਾਅ ਭਰੇ ਮਾਹੌਲ ਦਾ ਸੰਗਤਾਂ ‘ਤੇ ਕੋਈ ਅਸਰ ਨਹੀਂ ਹੈ।