ਅਮਰੀਕੀ ਫੌਜ ‘ਚ ਸਿੱਖੀ ਸਰੂਪ ਸਮੇਤ ਕੰਮ ਕਰਨ ਦੀ ਇਜਾਜ਼ਤ

ਵਾਸ਼ਿੰਗਟਨ: ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਮੰਨਦਿਆਂ ਕਰਦਿਆਂ ਅਮਰੀਕਾ ਨੇ ਸਿੱਖਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿਚ ਦਸਤਾਰ ਅਤੇ ਦਾੜ੍ਹੀ ਵਰਗੇ ਸਿੱਖ ਧਰਮ ਦੇ ਕਕਾਰਾਂ ਸਮੇਤ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਜਾਰੀ ਹਦਾਇਤ ਮੁਤਾਬਕ ਸਿੱਖਾਂ ਤੇ ਦੂਸਰਿਆਂ ਨੂੰ ਆਪਣੇ ਧਰਮ ਦੇ ਸਰੂਪ ਵਿਚ ਰਹਿੰਦੇ ਹੋਏ ਫੌਜ ਵਿਚ ਸੇਵਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਕਾਂਗਰਸ ਮੈਂਬਰ ਜੋਏ ਕਰਾਉਲੀ ਜਿਨ੍ਹਾਂ ਸਿਖ ਭਾਈਚਾਰੇ ਵੱਲੋਂ ਮੁਹਿੰਮ ਦੀ ਅਗਵਾਈ ਕੀਤੀ, ਨੇ ਕਿਹਾ ਕਿ ਸਾਡਾ ਦੇਸ਼ ਅਤੇ ਫੌਜ ਮਜ਼ਬੂਤ ਹੈ ਕਿਉਂਕਿ ਅਸੀਂ ਧਾਰਮਿਕ ਤੇ ਨਿੱਜੀ ਆਜ਼ਾਦੀ ਦਾ ਸਤਿਕਾਰ ਕਰਦੇ ਹਾਂ ਅਤੇ ਇਸ ਨਵੀਂ ਹਦਾਇਤ ਨਾਲ ਇਸ ਨੂੰ ਅਮਰੀਕੀ ਫੌਜ ਵੱਲੋਂ ਇਕ ਵਾਰ ਫਿਰ ਦਿੱਤੀ ਮਾਨਤਾ ਨੂੰ ਦੇਖ ਕੇ ਉਹ ਖੁਸ਼ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਰਹਿੰਦੇ ਸਿੱਖ ਇਸ ਦੇਸ਼ ਨਾਲ ਪਿਆਰ ਕਰਦੇ ਹਨ ਅਤੇ ਸਾਡੇ ਦੇਸ਼ ਦੀ ਫੌਜ ਵਿਚ ਸਮਾਨਤਾ ਦੇ ਆਧਾਰ ‘ਤੇ ਸੇਵਾ ਕਰਨ ਦਾ ਢੁਕਵਾਂ ਮੌਕਾ ਚਾਹੁੰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਾਨੂੰ ਧਾਰਮਿਕ ਆਜ਼ਾਦੀ ਦੀ ਇੱਛਾ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਇਸ ‘ਤੇ ਬੰਦਸ਼ਾਂ ਨਹੀਂ ਲਾਉਣੀਆਂ ਚਾਹੀਦੀਆਂ। ਸ੍ਰੀ ਕਰਾਉਲੀ ਨੇ ਕਿਹਾ ਕਿ ਭਾਵੇਂ ਇਹ ਕਦਮ ਪਹਿਲਾਂ ਪਹਿਲ ਦੇਖਣ ਨੂੰ ਸਹੀ ਦਿਸ਼ਾ ਵੱਲ ਲਗਦਾ ਹੈ, ਪਰ ਉਹ ਇਸ ਹਦਾਇਤ ਦੀ ਧਿਆਨ ਨਾਲ ਸਮੀਖਿਆ ਕਰ ਰਹੇ ਹਨ। ਹੁਣ ਤੱਕ ਸਿੱਖਾਂ ਅਤੇ ਹੋਰਨਾਂ ਨੂੰ ਆਪਣੇ ਧਰਮ ਦੇ ਸਰੂਪ ਵਿਚ ਰਹਿੰਦੇ ਹੋਏ ਅਮਰੀਕੀ ਫੌਜ ਵਿਚ ਸੇਵਾ ਨਿਭਾਉਣ ਦੀ ਇਜਾਜ਼ਤ ਲੈਣੀ ਪੈਂਦੀ ਹੈ। ਇਸ ਤਰ੍ਹਾਂ ਦੀ ਇਜਾਜ਼ਤ ਨਾ ਤਾਂ ਪੱਕੀ ਹੈ ਅਤੇ ਹਰੇਕ ਸੌਂਪੀ ਜ਼ਿੰਮੇਵਾਰੀ ਪਿੱਛੋਂ ਇਸ ਦੀ ਨਵੇਂ ਸਿਰੇ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ।
__________________________________
ਅਮਰੀਕੀ ਸਰਕਾਰ ਦੇ ਫੈਸਲੇ ਦਾ ਸਵਾਗਤ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਮੰਨਦਿਆਂ ਆਪਣੀਆਂ ਹਥਿਆਰਬੰਦ ਫੌਜਾਂ ਵਿਚ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਵਿਚ ਰਹਿੰਦਿਆਂ ਕੰਮ ਕਰਨ ਦਾ ਅਧਿਕਾਰ ਦੇਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਕ ਵਾਰ ਫਿਰ ਧਾਰਮਿਕ ਸਹਿਣਸ਼ੀਲਤਾ ਦਿਖਾਉਂਦਿਆਂ ਸਿੱਖਾਂ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਂਗਰਸ ਮੈਂਬਰ ਜੋਏ ਕਰਾਉਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਨੂੰ ਹੋਰ ਅਦਾਰਿਆਂ ਵਿਚ ਵੀ ਸਿੱਖੀ ਸਰੂਪ ਵਿਚ ਕੰਮ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ।
__________________________________
ਕੈਨੇਡਾ ‘ਚ ਵਿਦਿਆਰਥੀ ਨੂੰ ਕਿਰਪਾਨ ਪਹਿਨਣ ਦੀ ਆਗਿਆ
ਐਡਮਿੰਟਨ: ਵਿਦੇਸ਼ਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਆਪਣੇ ਕਕਾਰ ਖਾਸ ਤੌਰ ਉਤੇ ਕਿਰਪਾਨ ਪਹਿਨ ਕੇ ਵਿੱਦਿਅਕ ਸੰਸਥਾਵਾਂ ਜਾਂ ਕੰਮ ਕਰਨ ਵਾਲੀਆਂ ਥਾਵਾਂ ‘ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਦਰਮਿਆਨ ਕੈਨੇਡਾ ਦੇ ਸੂਬੇ ਐਡਮਿੰਟਨ ਦੇ ਸਿੱਖ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਇਥੋਂ ਦੇ ਹਾਈ ਸਕੂਲ ਵਿਚ ਹੁਣ ਸਿੱਖ ਵਿਦਿਆਰਥੀ ਆਪਣੇ ਕਕਾਰ ਆਜ਼ਾਦੀ ਨਾਲ ਧਾਰਨ ਕਰ ਕੇ ਸਕੂਲ ਵਿਚ ਪੜ੍ਹਾਈ ਕਰ ਸਕਦੇ ਹਨ। ਇਹ ਫੈਸਲਾ ਸਕੂਲ ਪ੍ਰਸ਼ਾਸਨ ਨੇ ਆਪ ਲਿਆ ਹੈ। ਦਰਅਸਲ ਸਾਹਿਬ ਸਿੰਘ ਨਾਮੀ 16 ਸਾਲਾ ਵਿਦਿਆਰਥੀ ਨੂੰ ਕਿਰਪਾਨ ਪਹਿਨ ਕੇ ਆਉਣ ਉਤੇ ਸਕੂਲ ਪ੍ਰਸ਼ਾਸਨ ਨੇ ਪਹਿਲਾਂ ਰੋਕ ਦਿੱਤਾ ਸੀ। ਸਕੂਲ ਪ੍ਰਬੰਧਕਾਂ ਨੇ ਸਾਹਿਬ ਸਿੰਘ ਨੂੰ ਦੋ ਵਿਕਲਪ ਦਿੱਤੇ ਸਨ ਕਿ ਜਾਂ ਉਹ ਆਪਣੇ ਘਰੋਂ ਹੀ ਕਿਰਪਾਨ ਉਤਾਰ ਕੇ ਸਕੂਲ ਆਵੇ ਜਾਂ ਫਿਰ ਸਕੂਲ ਪਹੁੰਚ ਕੇ ਕਿਰਪਾਨ ਪ੍ਰਿੰਸੀਪਲ ਦਫਤਰ ਵਿਚ ਜਮਾਂ ਕਰਵਾਏ ਅਤੇ ਸਕੂਲ ਤੋਂ ਵਾਪਸੀ ਸਮੇਂ ਕਿਰਪਾਨ ਲੈ ਕੇ ਜਾਵੇ। ਸਕੂਲ ਦੇ ਇਹ ਦੋਵੇਂ ਵਿਕਲਪ ਸਾਹਿਬ ਨੂੰ ਮਨਜ਼ੂਰ ਨਹੀਂ ਸਨ। ਇਸ ਉਪਰੰਤ ਸਾਹਿਬ ਸਿੰਘ ਦੇ ਪਰਿਵਾਰ ਨੇ ਵਰਲਡ ਸਿੱਖ ਜਥੇਬੰਦੀ ਨਾਲ ਸੰਪਰਕ ਕਰ ਕੇ ਮਦਦ ਮੰਗੀ। ਸੰਸਥਾ ਵੱਲੋਂ ਸਕੂਲ ਪ੍ਰਬੰਧਕਾਂ ਤੇ ਸਾਹਿਬ ਦੇ ਮਾਪਿਆਂ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਸਿੱਖ ਧਰਮ ਤੇ ਕਕਾਰਾਂ ਬਾਰੇ ਸਮਝਾਇਆ ਗਿਆ ਅਤੇ ਕੈਨੇਡਾ ਵਿਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਕਾਨੂੰਨੀ ਤੌਰ ਤੇ ਇਜਾਜ਼ਤ ਵਾਲੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਸਾਹਿਬ ਸਿੰਘ ਤੋਂ ਮੁਆਫੀ ਵੀ ਮੰਗੀ ਤੇ ਆਜ਼ਾਦੀ ਨਾਲ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ।