ਸਾਹਾਂ ਦੀ ਸਾਰੰਗੀ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ

ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਬੰਦੇ ਦੇ ਪੈਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮਨ ਦੀ ਬਾਤ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਹਿੱਕ ਬਾਰੇ ਉਨ੍ਹਾਂ ਕਿਹਾ ਸੀ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਗਰਦਨ ਦੀ ਦਾਸਤਾਂ ਸੁਣਾਉਂਦਿਆਂ ਉਨ੍ਹਾਂ ਦੱਸਿਆ ਸੀ ਕਿ ਗਰਦਨ ਸਿੱਧੀ ਰਹੇ ਤਾਂ ਸਿਰਾਂ ‘ਤੇ ਦਸਤਾਰਾਂ ਸੋਂਹਦੀਆਂ, ਸਰਦਾਰੀਆਂ ਕਾਇਮ ਰਹਿੰਦੀਆਂ ਅਤੇ ਸਿਰਤਾਜਾਂ ਨੂੰ ਸਲਾਮਾਂ ਹੁੰਦੀਆਂ। ਪਿਛਲੇ ਲੇਖ ਵਿਚ ਉਨ੍ਹਾਂ ਬੁੱਲੀਆਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਸੀ, ਬੁੱਲੀਆਂ ‘ਚੋਂ ਰਸ ਵੀ ਚੋਂਦਾ ਅਤੇ ਕੁੜੱਤਣ ਵੀ, ਸੋਗੀ ਸੁਰਾਂ ਵੀ ਨਿਕਲਦੀਆਂ ਤੇ ਦੀਪਕ ਰਾਗ ਵੀ, ਸੁੱਚੇ ਬੋਲ ਵੀ ਅਤੇ ਕੁਬੋਲ ਵੀ। ਜਦ ਕੋਈ ਨਿੱਕੜਾ, ਵਡੇਰੇ ਨੂੰ ਚੁੰਮਦਾ ਤਾਂ ਬੱਚੇ ਦੇ ਚੁੰਮਣ ਵਿਚਲੀ ਕੋਮਲਤਾ ਤੇ ਕੋਸਾਪਣ, ਵਡੇਰਿਆਂ ਨੂੰ ਸੁੱਖਦ ਅਹਿਸਾਸ ਨਾਲ ਭਰ ਦਿੰਦਾ। ਇਸ ਲੇਖ ਵਿਚ ਡਾæ ਭੰਡਾਲ ਨੇ ਨਸੀਹਤ ਕੀਤੀ ਹੈ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਇਨ੍ਹਾਂ ਦੀ ਅਵੱਗਿਆ ਤੇ ਅਣਗਹਿਲੀ, ਸਾਡੀ ਤਲੀ ‘ਤੇ ਮੌਤ ਦਾ ਪੈਗਾਮ ਖੁਣਨ ਲਈ ਕਾਹਲੀ ਹੈ। ਸਾਹ, ਮਨ ਤੇ ਸਰੀਰ, ਜੀਵਨ ਤੇ ਮੌਤ, ਮਨੁੱਖ ਤੇ ਮਿੱਟੀ, ਸੱਚ ਤੇ ਝੂਠ ਅਤੇ ਬੋਲ ਤੇ ਸਦੀਵੀ ਚੁੱਪ ਦਰਮਿਆਨ ਨਿੱਘਾ ਤੇ ਪੀਡਾ ਸਬੰਧ। -ਸੰਪਾਦਕ

ਡਾ ਗੁਰਬਖਸ਼ ਸਿੰਘ ਭੰਡਾਲ
ਸਾਹ, ਜੀਵਨ ਦਾ ਆਧਾਰ, ਜਿਉਂਦੇ ਹੋਣ ਦੀ ਨਿਸ਼ਾਨੀ, ਧੜਕਦੀ ਜ਼ਿੰਦਗੀ ਦਾ ਅਹਿਸਾਸ, ਚੱਲਦੇ ਰਹਿਣ ਦੀ ਆਸ ਅਤੇ ਕੁਝ ਚੰਗੇਰਾ ਕਰ ਗੁਜ਼ਰਨ ਦਾ ਧਰਵਾਸ। ਸਾਹ-ਸੁਰਤਾਲ ਸੁਣਾਈ ਦਿੰਦੀ ਰਹਿਣ ਤਾਂ ਅੰਗਾਂ ਵਿਚ ਹਰਕਤ, ਜਿੰਦਾ ਹੋਣ ਦਾ ਆਭਾਸ ਜਦ ਕਿ ਸਾਹਾਂ ਦਾ ਰੁਕਣਾ, ਮਿੱਟੀ ਦੀ ਢੇਰੀ।
ਸਾਹ, ਸਮੁੱਚੀ ਕਾਇਨਾਤ ਦੀ ਆਧਾਰਸ਼ਿਲਾ। ਬਨਸਪਤੀ, ਜੀਵ-ਸੰਸਾਰ ਅਤੇ ਮਾਨਵ-ਜਾਤੀ ਸਾਹਾਂ ਦੀ ਨੀਂਹ ‘ਤੇ ਜੀਵਨੀ ਗੁੰਬਦ ਉਸਾਰਦੀ, ਸਫਲਤਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਚਮ ਲਹਿਰਾਉਂਦੀ ਅਤੇ ਆਪਣੀ ਹੋਂਦ ਦਾ ਜਲਵਾ ਦਿਖਾਉਂਦੀ।
ਸਾਹਾਂ ਨਾਲ ਦਿਲ ਧੜਕਦਾ। ਸਰੀਰ ਦੇ ਵੱਖ ਵੱਖ ਅੰਗਾਂ ਨੂੰ ਖੂਨ ਰੂਪੀ ਊਰਜਾ ਪਹੁੰਚਦੀ। ਹਰ ਅੰਗ ਵਿਚ ਜਿਉਂਦੇ ਹੋਣ ਦਾ ਅਸਰ ਅਤੇ ਅਹਿਦ ਉਪਜਾਉਂਦਾ। ਇਹ ਅਹਿਦ ਹੀ ਹੁੰਦਾ ਜੋ ਅਸੀਂ ਆਪਣੇ ਅੰਗਾਂ ਨਾਲ ਕੁਝ ਕਰਨ ਦੀ ਆਸ ਅਤੇ ਉਮੀਦ ਮਨ ਵਿਚ ਪਾਲਦੇ।
ਸਾਹ ਚਲਦੇ ਤਾਂ ਜੱਗ ਚਲਦਾ। ਜਗਤ ਤਮਾਸ਼ੇ ਦੌਰਾਨ ਰੰਗ-ਬਰੰਗੀਆਂ ਤਸਵੀਰਾਂ ਉਘੜਦੀਆਂ ਜੋ ਸਾਹਧਾਰਾ ਦੀ ਨਿਰੰਤਰਤਾ ਦੀ ਸਬੱਬ ਬਣਦੀਆਂ।
ਸਾਹਾਂ ਦੀ ਰਵਾਨਗੀ ਹੀ ਹੁੰਦੀ ਜਦ ਜਿਉਣਾ ਚੰਗਾ ਲੱਗਦਾ, ਰਿਸ਼ਤਿਆਂ ਵਿਚ ਮੋਹ ਦਾ ਫੁਹਾਰਾ ਫੁੱਟਦਾ ਅਤੇ ਸਬੰਧਾਂ ਵਿਚ ਪਕਿਆਈ ਅਤੇ ਨੇੜਤਾ ਦੀ ਗੰਢ ਹੋਰ ਪਕੇਰੀ ਹੁੰਦੀ।
ਸਾਹ-ਸਰਦਲ ‘ਤੇ ਸਰਗਰਮੀ, ਸਦ-ਉਪਯੋਗ ਅਤੇ ਸਦਭਾਵਨਾ ਦਾ ਪਾਣੀ ਡੋਲ੍ਹਣ ਵਾਲੇ ਚਿੰਰਜੀਵਤਾ ਦਾ ਪਹਿਲਾ ਵਾਕ ਹੁੰਦੇ। ਉਨ੍ਹਾਂ ਦੀ ਸੋਚ ਵਿਚ ਕੁਝ ਕਰ ਗੁਜ਼ਰਨ ਦੀ ਤਮੰਨਾ ਅੰਗੜਾਈ ਲੈਂਦੀ।
ਸਾਹ-ਸਰਗਮ ਵਿਚ ਖੁਦ ਨੂੰ ਲੀਨ ਕਰਨ ਅਤੇ ਇਸ ਦੇ ਵਜਦ ਨੂੰ ਜੀਵਨ-ਸ਼ੈਲੀ ਬਣਾਉਣ ਵਾਲੇ ਜੀਵਨ ਧਾਰਾ ਦਾ ਵਹਾਅ ਹੁੰਦੇ।
ਸਾਹਾਂ ਦਾ ਸਾਜ਼ ਵੱਜਦਾ ਤਾਂ ਇਸ ਵਿਚ ਸੰਗੀਤਕ ਸੁਰਾਂ ਪੈਦਾ ਹੁੰਦੀਆਂ। ਸੂਖਮ, ਸਹਿਜ-ਭਾਵੀ ਅਤੇ ਸੁਖਦ-ਅਨੰਦੀ ਮਾਹੌਲ ਪੈਦਾ ਹੁੰਦਾ ਅਤੇ ਇਸ ਮਹਿਕੀਲੀ ਫਿਜ਼ਾ ਵਿਚ ਹੀ ਯੁੱਗ ਜਿਉਣ ਅਤੇ ਵਧੀਆ ਜੀਵਨ-ਜਾਚ ਦਾ ਪਹਿਲਾ ਸਬਕ ਪੜ੍ਹਿਆ ਜਾਂਦਾ।
ਸਾਹਾਂ ਦੀ ਧੜਕਣ ਨਾਲ ਜਦ ਆਵਾਜ਼ ਪੈਦਾ ਹੁੰਦੀ ਤਾਂ ਇਸ ਦਾ ਅੰਦਾਜ਼, ਰਵਾਨਗੀ ਅਤੇ ਗਤੀਸ਼ੀਲਤਾ ਵਿਚੋਂ ਹੀ ਕਿਸੇ ਸ਼ਖਸ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਨੂੰ ਕਿਆਸ ਕੀਤਾ ਜਾ ਸਕਦਾ। ਅਚਨਚੇਤੀ ਖੁਸ਼ੀ, ਖੁਸ਼ਖਬਰੀ, ਮਿੱਤਰ-ਪਿਆਰੇ ਦਾ ਮਿਲਣਾ ਜਾਂ ਮਾਨਸਿਕ ਉਤੇਜਨਾ ਕਾਰਨ ਸਾਹਾਂ ਦੀ ਗਤੀ ਤੇਜ ਹੋ ਜਾਂਦੀ ਜਦ ਕਿ ਗਮੀ, ਉਦਾਸੀ ਜਾਂ ਪੀੜਾ ਵਿਚ ਸਾਹ ਧੀਮੇ ਹੋ ਜਾਂਦੇ। ਕਈ ਵਾਰ ਤਾਂ ਰੁੱਕ ਰੁੱਕ ਕੇ ਆਉਂਦੇ ਸਾਹ, ਵਿਅਕਤੀ ਨੂੰ ਜੀਵਨ ਅਤੇ ਮੌਤ ਦਰਮਿਆਨ ਲਟਕਾ ਵੀ ਜਾਂਦੇ।
ਸਾਹ ‘ਚ ਜਦ ਸਾਹ ਰਲਦੇ ਤਾਂ ਇਕਸੁਰਤਾ, ਇਕਸਾਰਤਾ ਅਤੇ ਸਦੀਵਤਾ ਵਿਚ ਗੁੰਨਿਆ ਰਾਜ਼, ਦੋ ਰੂਹਾਂ ਵਿਚਲੀ ਪਹਿਲਕਦਮੀ, ਪਿਆਰ-ਪਰਪੱਕਤਾ ਅਤੇ ਪਾਕੀਗਜ਼ੀ ਦਾ ਗੀਤ ਬਣਦਾ।
ਜਦ ਸਾਹਾਂ ‘ਚ ਸਾਹਾਂ ਦੀ ਮਹਿਕ ਘੁਲਦੀ ਤਾਂ ਜਿਉਣਾ ਚੰਗਾ ਲੱਗਦਾ। ਆਪਣਿਆਂ ਦੀ ਸੰਗਤ ਵਿਚ ਸਾਹਾਂ ਨੂੰ ਸਾਹ ਵੀ ਮਿਲਦਾ ਅਤੇ ਸਾਹ-ਚਾਲ ਨੂੰ ਉਦਮ ਤੇ ਧੀਰਜ ਦਾ ਵਰ ਮਿਲਦਾ।
ਜਦ ਅਸੀਂ ਇਕ ਦੂਜੇ ਦੇ ਸਾਹਾਂ ਰਾਹੀਂ ਜਿਉਣ ਵਾਸਤੇ ਸਾਹਾਂ ਦਾ ਵਣਜ ਕਰਦੇ ਤਾਂ ਸਬਰ, ਸੰਤੋਖ, ਸਦਭਾਵਨਾ ਅਤੇ ਸੰਤੁਸ਼ਟਤਾ ਨਾਲ ਭਰਪੂਰ ਸਾਂਝ-ਸਫਰ ਤਵਾਰੀਖ ਦੇ ਨਾਮ ਕਰਦੇ। ਇਸ ਵਿਚੋਂ ਇਕ ਨਵੀਂ ਤਹਿਰੀਕ ਜਨਮ ਲੈਂਦੀ ਜਿਸ ਨੂੰ ਸਿਰਜਣ ਦਾ ਸਿਹਰਾ, ਸਾਹਾਂ ਦੇ ਵਪਾਰੀਆਂ ਨੂੰ ਜਾਂਦਾ।
ਸਾਹ ਸੰਦਲੀ ਹੋਣ ਤਾਂ ਮਹਿਕਾਂ ਦੀ ਹੱਟ ਨੂੰ ਆਪਣੇ ਨਾਮ ਕਰਨ ਲਈ, ਦਰਾਂ ‘ਤੇ ਦਸਤਕਾਂ ਦਾ ਹਜੂਮ ਉਮੜਦਾ। ਜਦ ਇਹ ਦਸਤਕ ਜੀਵਨ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੁੰਦੀ ਤਾਂ ਜੀਵਨ ਨੂੰ ਜੀਵਨ ਮੁੱਲਾਂ ਦਾ ਵਰਦਾਨ ਮਿਲਦਾ।
ਸਾਹਾਂ ਦੀ ਸਾਰੰਗੀ ਦੀਆਂ ਤਾਰਾਂ ਇੰਨੀਆਂ ਵੀ ਨਾ ਕੱਸੋ ਕਿ ਉਹ ਟੁੱਟ ਜਾਣ ਪਰ ਇੰਨੀਆਂ ਵੀ ਢਿਲੀਆਂ ਨਾ ਕਰੋ ਕਿ ਉਨ੍ਹਾਂ ਵਿਚ ਸੰਗੀਤ ਦੀ ਬਜਾਏ ਬੇਸੁਰਾਪਣ ਭਾਰੂ ਹੋਵੇ। ਸਗੋਂ ਇੰਨੀਆਂ ਕੁ ਕੱਸੋ ਕਿ ਉਨ੍ਹਾਂ ਵਿਚ ਪੈਦਾ ਹੋਈ ਟੁਣਕਾਰ, ਰੁਹਾਨੀ ਨਾਦ ਬਣ ਕੇ ਚੌਗਿਰਦੇ ਵਿਚ ਇਲਹਾਮੀ ਵਜਦ ਪੈਦਾ ਕਰੇ। ਇਸ ਦੀ ਉਚੇਰੀ ਵਿਚਾਰ-ਪਰਵਾਜ਼ ਤੇ ਜੀਵਨ-ਰੰਗਤ, ਮਾਣਮੱਤਾ ਹਾਸਲ ਹੁੰਦੀ।
ਸਾਹਾਂ ਵਰਗੇ ਸੱਜਣ ਹੀ ਹੁੰਦੇ ਜੋ ਪੈਰਾਂ ‘ਚ ਚੁਭੇ ਕੰਢੇ ਚੁਗਦੇ, ਹਨੇਰ ਨਾਲ ਓਤ-ਪੋਤ ਰਾਹਾਂ ‘ਚ ਸੂਰਜ ਉਗਾਉਂਦੇ ਅਤੇ ਮੱਸਿਆਂ ਦੀਆਂ ਰਾਤਾਂ ਵਿਚ ਪੁੰਨਿਆਂ ਦਾ ਚੰਨ ਬਣਦੇ। ਸਭ ਤੋਂ ਚੰਗਾ ਇਹ ਵੀ ਹੁੰਦਾ ਏ ਕਿ ਉਹ ਸਭ ਕੁਝ ਕਰਦਿਆਂ ਅਹਿਸਾਨ ਨਹੀਂ ਜਤਾਉਂਦੇ। ਅਛੋਪਲੇ ਜਿਹੇ ਤੁਹਾਨੂੰ ਸੁਪਨ-ਪ੍ਰਾਪਤੀ ਦੇ ਰਾਹ ਪਾ, ਖੁਦ ਪਾਸੇ ਹੋ ਜਾਂਦੇ।
ਮੰਗਵੇਂ ਸਾਹਾਂ ਨਾਲ ਜਿਉਣ ਵਾਲੇ ਲੋਕ ਆਪਣੀ ਕਮਜ਼ੋਰੀ, ਨਾ-ਅਹਿਲੀਅਤ ਅਤੇ ਖਾਮੀਆਂ ਦੀ ਧੁੱਖਦੀ ਧੂਣੀ ਹੁੰਦੇ ਜੋ ਸਮਾਜ ਦੇ ਨੈਣਾਂ ਵਿਚ ਕੁੱਕਰੇ ਪਾ, ਰਾਹਾਂ ‘ਚ ਧੁੰਧਲਕਾ ਫੈਲਾਉਂਦੇ।
ਜਦ ਕੋਈ ਉਧਾਰੇ ਸਾਹਾਂ ਨਾਲ, ਜਿਉਣ ਮਾਰਗ ਨੂੰ ਆਪਣੇ ਨਾਮ ਕਰਦਾ ਤਾਂ ਉਸ ਦੀ ਸੋਚ ਵਿਚ ਉਧਾਰ ਦੇਣ ਵਾਲੇ ਦਾ ਅਹਿਸਾਨ ਅਤੇ ਇਸ ਉਧਾਰ ਨੂੰ ਬਿਹਤਰੀਨ ਰੂਪ ਵਿਚ ਮੋੜਨ ਦਾ ਨਿਸਚਾ ਹੁੰਦਾ। ਅਜਿਹੇ ਲੋਕ ਸਾਰੀ ਉਮਰ ਹੀ ਸ਼ੁਕਰਗੁਜਾਰੀ ਵਿਚੋਂ ਆਪਣੇ ਆਪ ਨੂੰ ਵਿਸਥਾਰਦੇ, ਜੀਵਨੀ ਮਾਰਗ ਦਾ ਅਜਿਹਾ ਮੀਲ ਪੱਥਰ ਨਿਸ਼ਚਿਤ ਕਰ ਜਾਂਦੇ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ ‘ਤੇ ਨਾਜ਼ ਕਰਦੀਆਂ। ਨਾ-ਸ਼ੁਕਰੇ ਲੋਕ ਸਿਰਫ ਜਿਉਣ ਦਾ ਭਾਰ ਹੀ ਢੋਂਦੇ।
ਸਾਹ-ਸੰਗੀਤ ਵਿਚ ਜਦ ਸੁਰ, ਸ਼ਬਦ ਅਤੇ ਸਮਰਪਣ ਦਾ ਸੰਤੁਲਨ ਹੋਵੇ ਤਾਂ ਸਾਹਾਂ ਨੂੰ ਸਾਹ ਕਹਿੰਦਿਆਂ ਹਿੱਕ ਚੌੜੀ ਹੋ ਜਾਂਦੀ ਏ। ਕਹਿਣੀ ਤੇ ਕਥਨੀ ਦੇ ਪੂਰੇ ਸਾਹ ਸਾਨੂੰ ਸਦੀਵਤਾ ਬਖਸ਼ਦੇ ਨੇ।
ਸਾਹਾਂ ਵਿਚ ਸ਼ਿਕਵੇ ਉਗਦੇ ਤਾਂ ਜਿਉਣ ਤੋਂ ਆਤੁਰ ਹੋਈ ਜ਼ਿੰਦਗੀ, ਜਿਉਣ ਤੋਂ ਮੁਨਕਰੀ ਭਾਲਦੀ ਅਤੇ ਉਸ ਦੀ ਤੋਰ ਵਿਚ ਨਿੰਮੋਝੂਣਤਾ ਦਾ ਵਾਸਾ ਹੁੰਦਾ।
ਸਾਹ ਜਦ ਕਿਸੇ ਬਿਰਖ ਦੇ ਪਿੰਡੇ ‘ਤੋਂ ਪਰਵਾਸ ਕਰ ਜਾਣ ਤਾਂ ਕੜੰਗ ਹੋਇਆ ਬਿਰਖ-ਬੋਧ, ਪੱਤਿਆਂ, ਟਾਹਣੀਆਂ, ਕਰੂੰਬਲਾਂ, ਫੁੱਲ ਤੇ ਫਲ ਦੇ ਸੋਗ ਵਿਚ ਮੂਕ-ਹੋਕਰਾ ਬਣ ਜਾਂਦਾ। ਪਰਿੰਦਿਆਂ ਦੇ ਆਲ੍ਹਣਿਆਂ ‘ਚ ਸੋਗ ਪੈਦਾ ਹੁੰਦਾ। ਅਸੀਂ ਇਸ ਮੂਕ ਹੂਕ ਨੂੰ ਸੁਣਨ ਤੋਂ ਆਕੀ ਹੋ ਚੁੱਕੇ ਹਾਂ ਤਾਹੀਂ ਤਾਂ ਸਾਡੇ ਨਸੀਬਾਂ ਵਿਚ ਹਰਿਆਵਲ ਦੀ ਥਾਂ ਉਜਾੜ ਵੱਸਦੀ ਏ। ਜਦ ਕੋਈ ਨਦੀ/ਦਰਿਆ ਸਾਹ ਦੀ ਵਿਲਕਣੀ ਬਣ ਜਾਵੇ ਤਾਂ ਇਸ ਦੀ ਹਿੱਕ ਵਿਚ ਬਰੇਤੇ ਉਗਦੇ, ਕੰਢਿਆਂ ‘ਤੇ ਮੌਲਦੀ ਸਭਿਅਤਾ ਸਿਉਂਕੀ ਜਾਂਦੀ, ਪੱਤਣਾਂ ‘ਤੇ ਲੱਗਦੇ ਮੇਲਿਆਂ ਨੂੰ ਨਜ਼ਰ ਲੱਗ ਜਾਂਦੀ ਅਤੇ ਭਰ ਵਗਦੇ ਦਰਿਆ, ਰੁਦਨ ਬਣ ਕੇ ਮਨੁੱਖ ਦੀ ਵੱਖੀ ਵਿਚ ਚੀਸ ਧਰ ਜਾਂਦੇ। ਪਰ ਮਨੁੱਖ ਨੂੰ ਇਸ ਦਾ ਅਹਿਸਾਸ ਹੀ ਨਹੀਂ। ਜਦ ਸਾਹ-ਸੰਪਤੀ ਵਰਗੀ ਹਵਾ ਵਿਚ ਸਿਸਕੀ ਉਗਦੀ ਤਾਂ ਸਾਹਾਂ ਦੀ ਨਿਰੰਤਰਤਾ ਨੂੰ ਕਿਵੇਂ ਕਿਆਸੋਗੇ? ਹਵਾ ਦੀ ਹਿੱਕ ਵਿਚ ਪੈਦਾ ਕੀਤਾ ਗੰਧਲਾਪਣ ਜਦ ਆਪਣੇ ਅੰਤਰੀਵ ਵਿਚ ਉਤਾਰੋਗੇ ਤਾਂ ਆਪ ਵੀ ਮਰੋਗੇ ਅਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਮਾਰੋਗੇ। ਮਰਦ ਜਨਮਣ ਵਾਲੀ ਧਰਤ ਦੀ ਕੁੱਖ ਨੂੰ ਜ਼ਹਿਰ ਨਾਲ ਸਿੰਜਦਿਆਂ, ਜਦ ਬੰਜਰ ਬਣਾਇਆ ਜਾਵੇ ਤਾਂ ਖੁਦ ਦਾ ਮਰਸੀਆ ਪੜ੍ਹਨ ਤੋਂ ਮਨੁੱਖ ਕਿਵੇਂ ਬਚ ਸਕਦਾ ਏ। ਆਪਣੇ ਮੋਢੇ ‘ਤੇ ਸੂਲੀ ਚੁੱਕੀ ਫਿਰਦਾ ਮਨੁੱਖ ਜਦ ਖੁਦ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਵੇ ਤਾਂ ਕਾਦਰ ਦੀ ਅੱਖ ਸਿੰਮਦੀ। ਇਸ ਦੇ ਖਾਰੇਪਣ ਵਿਚ ਖੁਰ ਜਾਂਦੀਆਂ ਨੇ ਕਈ ਨਸਲਾਂ ਅਤੇ ਭਵਿੱਖ ਦੇ ਨਾਂਵੇਂ ਲਿਖਿਆ ਜਾਂਦਾ ਏ ਸਦੀਵੀ ਸੰਤਾਪ।
ਸਾਹ ਸੰਜੋਗੀ ਹੁੰਦੇ ਤਾਂ ਕਦਮ-ਦਰ-ਕਦਮ ਤੁਰਨ ਵਿਚ ਇਕ ਸਹਿਜ ਤੇ ਸਕੂਨ ਹੁੰਦਾ ਜੋ ਸਮਾਜਿਕ ਸੰਤੁਲਨ, ਆਰਥਿਕ ਆਧਾਰ ਅਤੇ ਧਾਰਮਿਕ ਪਾਕੀਜ਼ਗੀ ਦਾ ਪਲੇਠਾ ਪਾਠਕ੍ਰਮ ਬਣ ਕੇ, ਸਮੁੱਚੀ ਕੁਦਰਤ ਦੇ ਨੈਣਾਂ ਦਾ ਨਾਜ਼ ਬਣਦੇ।
ਸਾਹਾਂ ਵਰਗੀ ਸੱਜਣਤਾ ਹੀ ਹੁੰਦੀ ਜੋ ਸਾਨੂੰ ਸੁਪਨਿਆਂ ਦਾ ਸਿਰਲੇਖ, ਤਦਬੀਰਾਂ ਦੀ ਘਾੜਤ ਅਤੇ ਸਥਾਪਤੀਆਂ ਦੀ ਆਧਾਰਸ਼ਿਲਾ ਦਾ ਸਿਰਨਾਵਾਂ ਬਖਸ਼ਦੀ। ਇਨ੍ਹਾਂ ਦੇ ਪੌਡਿਆਂ ‘ਤੇ ਪੈਰ ਧਰ ਕੇ ਉਚੀਆਂ ਟੀਸੀਆਂ ਸਾਡਾ ਹਾਸਲ ਬਣਦੀਆਂ।
ਸਾਹ ਸੰਘਣੇ ਹੋਣ ਤਾਂ ਇਨ੍ਹਾਂ ਦੀ ਘਣਤਾ ਵਿਚ ਬਹੁਤ ਕੁਝ ਅਜਿਹਾ ਸਮਾਇਆ ਹੁੰਦਾ ਜੋ ਸੋਚ ਨੂੰ ਸੂਰਜ, ਪੈਰਾਂ ਨੂੰ ਪੈੜਚਾਲ, ਕਦਮਾਂ ਨੂੰ ਕਰਮਯੋਗਤਾ ਅਤੇ ਮਸਤਕ ਨੂੰ ਮਾਨਵਤਾ ਦਾ ਵਰ ਦਿੰਦਾ।
ਸਾਹਾਂ ਦਾ ਸਫਰ ਪਹਿਲੇ ਸਾਹ ਤੋਂ ਹੁੰਦਾ ਜੋ ਨਵੀਂ ਜ਼ਿੰਦਗੀ ਦਾ ਅਰਥ ਹੁੰਦਾ ਅਤੇ ਇਸ ਦੀ ਪੂਰਨਤਾ ਆਖਰੀ ਸਾਹ ਨਾਲ ਹੁੰਦੀ, ਜਦ ਮਨੁੱਖ ਤੋਂ ਮਿੱਟੀ ਤੀਕ ਦਾ ਸਫਰ ਪੂਰਨ ਹੁੰਦਾ। ਪਰ ਇਸ ਸਫਰ ਦੌਰਾਨ ਤੁਸੀਂ ਸਾਹਾਂ ਦੀ ਸਾਰਥਕਤਾ, ਸੀਮਾਵਾਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਦੀ ਕਿੰਨੀ ਕੁ ਸੁਯੋਗ ਵਰਤੋਂ ਕੀਤੀ ਹੈ, ਕਿੰਨਿਆਂ ਸਾਹਾਂ ਨੂੰ ਚੰਗੇਰੇ ਲੇਖੇ ਲਾਇਆ ਹੈ, ਕਿੰਨਿਆਂ ਨੂੰ ਵਿਅਰਥ ਗਵਾਇਆ ਹੈ, ਕਿੰਨੇ ਸਾਹਾਂ ਨੂੰ ਮੰਗਵੇਂ ਦੇ ਕੇ ਲੰਗੜੇ ਕਦਮਾਂ ਨੂੰ ਸਾਵੀਂ ਤੋਰ ਬਖਸ਼ੀ ਏ, ਕਿੰਨੇ ਸਾਹਾਂ ਨੂੰ ਉਧਾਰ ਦੇ ਕੇ ਜੀਵਨ ਪੰਧ ‘ਤੇ ਤੋਰਿਆ? ਇਹ ਸਫਰ ਹੀ ਹੁੰਦਾ ਜੋ ਸਾਨੂੰ ਸਦੀਵੀ ਯਾਦ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤੇ ਵਿਚ ਸਾਂਭਣ ਦਾ ਸਬੱਬ ਬਣਦਾ। ਵਰਨਾ ਰੁਤਬਿਆਂ ਤੇ ਮਹਿਲਾਂ ਵਾਲੇ, ਅਹਿਲਕਾਰ ਅਤੇ ਧਨੀ ਲੋਕ ਸਮੇਂ ਦੀ ਗਰਦਿਸ਼ ਵਿਚ ਅਜਿਹੇ ਅਲੋਪ ਹੋ ਗਏ ਕਿ ਕੋਈ ਵੀ ਉਨ੍ਹਾਂ ਨੂੰ ਚੇਤੇ ਨਹੀਂ ਕਰਦਾ। ਕੁਝ ਤਾਂ ਅਜਿਹਾ ਕਰ ਜਾਵੋ ਕਿ ਸਮੇਂ ਦੇ ਵਰਕੇ ‘ਤੇ ਤੁਹਾਡੇ ਨਕਸ਼ ਉਘੜਵੇਂ ਰੂਪ ਵਿਚ ਚਮਕਦੇ ਰਹਿਣ।
ਸਾਹਾਂ ਦੀ ਸਾਦਗੀ, ਇਨ੍ਹਾਂ ਦੇ ਸੁਹਜ ਅਤੇ ਸਹਿਜ ਵਿਚ ਹੀ ਜੀਵਨ-ਜੁਗਤ ਦਾ ਰਾਜ਼ ਜੋ ਸਾਡੇ ਜੀਵਨੀ ਸਰੋਕਾਰਾਂ ਨੂੰ ਨਵਾਂ ਮੁਹਾਂਦਰਾ, ਨਰੋਈ ਦਿੱਖ ਅਤੇ ਅਲੋਕਾਰੀ ਦਿਸਹੱਦੇ ਬਖਸ਼ਦਾ। ਇਨ੍ਹਾਂ ਰਾਹਾਂ ਦੀ ਨਿਸ਼ਾਨਦੇਹੀ ਕਰਨਾ ਹੀ ਮਨੁੱਖੀ ਉਚਮਤਾ ਦੀ ਸੁ-ਨਿਸ਼ਾਨੀ ਹੁੰਦਾ।
ਕਸਰਤ ਜਾਂ ਹੱਥੀਂ ਕਾਰਜ ਕਰਦਿਆਂ ਜਾਂ ਕਿਸੇ ਨਾਲ ਹੱਥ ਵਟਾਉਂਦਿਆਂ ਜਦ ਸਾਹਾਂ ਵਿਚ ਗਰਮਜੋਸ਼ੀ ਅਤੇ ਧੜਕਣ ਵਿਚ ਤੇਜੀ ਆਉਂਦੀ ਤਾਂ ਇਹ ਸਾਡੀ ਸਮਾਜਿਕ ਅਤੇ ਸਰੀਰਕ ਸਿਹਤ ਲਈ ਸਭ ਤੋਂ ਜ਼ਿਆਦਾ ਮੁਆਫਕ ਹੁੰਦੀ। ਤਾਹੀਏਂ ਤਾਂ Ḕਆਪਨੜੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏḔ ਦੇ ਮੂਲ ਮੰਤਰ ਨੂੰ ਮਨ-ਸਾਰ ਬਣਾਉਣ ਵਾਲੇ ਸੰਪੂਰਨ, ਸੰਜੀਦਾ ਅਤੇ ਸਫਲ ਜੀਵਨੀ-ਮਾਰਗ ਦਾ ਅਹਿਦਨਾਮਾ ਹੁੰਦੇ।
ਸਾਹ ਸਵੱਲੇ ਹੋਣ ਤਾਂ ਜੀਵਨ ਵਿਚ ਰੰਗ ਭਰੇ ਜਾਂਦੇ। ਜੂਹਾਂ ਵਿਚ ਮਿੱਠੜੇ ਬੋਲ ਗੂੰਜਦੇ। ਪੱਤਿਆਂ ਦੀ ਰੁਮਕਣੀ ਇਲਾਹੀ ਨਾਦ ਪੈਦਾ ਕਰਦੀ। ਚਿੜੀਆਂ ਦਾ ਚਹਿਕਣਾ ਜੀਣ ਦੀ ਸਨਦ ਹੁੰਦੀ। ਚੌਗਿਰਦੇ ਵਿਚ ਮੌਲਦਾ ਜੀਵ-ਸੰਸਾਰ ਇਕ ਦੂਜੇ ਲਈ ਜਿਉਣ-ਸਰੋਤ ਬਣਦਾ।
ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਇਨ੍ਹਾਂ ਦੀ ਅਵੱਗਿਆ ਤੇ ਅਣਗਹਿਲੀ, ਸਾਡੀ ਤਲੀ ‘ਤੇ ਮੌਤ ਦਾ ਪੈਗਾਮ ਖੁਣਨ ਲਈ ਕਾਹਲੀ ਹੈ।
ਜਦ ਆਪਣੇ ਪਿਆਰੇ ਦੇ ਸਿਰਹਾਣੇ ਬੈਠ ਕੇ, ਸਾਹਾਂ ਦੀ ਪਲ ਪਲ ਟੁੱਟਦੀ ਡੋਰ ਦੇ ਚਸ਼ਮਦੀਦ ਗਵਾਹ ਹੋਈਏ ਅਤੇ ਉਹ ਤੁਹਾਡੇ ਹੱਥਾਂ ਵਿਚੋਂ ਤਿਲਕਣ ਲਈ ਕਾਹਲਾ ਹੋਵੇ ਤਾਂ ਅਜਿਹੇ ਪਲਾਂ ‘ਚ ਖੁਦ ਨੂੰ ਨਿਹਾਰੋ ਜਦ ਅਸੀਂ ਵੀ ਖੁਦ ਨੂੰ ਅਲਵਿਦਾ ਕਹਿਣੀ ਹੈ। ਇਸ ਲਈ ਜਰੂਰੀ ਹੈ ਕਿ ਸਾਹਾਂ ਤੋਂ ਨਿਰਾਸ਼ ਹੋਣ ਦੀ ਥਾਂ ਇਸ ਦੀ ਝੋਲੀ ਵਿਚ ਚਾਵਾਂ ਤੇ ਆਸਾਂ ਦੀ ਚੋਗ ਪਾਉਂਦੇ ਰਹੀਏ ਅਤੇ ਖੁਦ ਵਿਚੋਂ ਖੁਦ ਨੂੰ ਪ੍ਰਗਟਾਉਂਦੇ ਰਹੀਏ।
ਸਾਹ ਚੱਲਦੇ ਹੋਣ ਤਾਂ ਨਵਾਂ ਉਦਮ, ਉਚਾ ਸੁਪਨਾ ਤੇ ਨਵੇਂ ਦਿਸਹੱਦਿਆਂ ਨੂੰ ਮਨ ਵਿਚ ਵਸਾਉਣ ਅਤੇ ਇਨ੍ਹਾਂ ਲਈ ਉਦਮ ਕਰਨਾ ਸੁਚਾਰੂ ਕਾਰਜ ਹੁੰਦਾ। ਜ਼ਿੰਦਗੀ ਨੂੰ ਚੰਗੇਰਾ ਬਣਾਉਣ ਲਈ ਜੀਵਨ ਦੇ ਕਿਸੇ ਵੀ ਮੋੜ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਏ। ਸਿਰਫ ਸਾਹ ਦਾ ਸਦੀਵੀ ਰੁਕ ਜਾਣਾ ਹੀ ਸਭ ਕੁਝ ਖਤਮ ਕਰ ਸਕਦਾ ਏ।
ਸਾਹ ਦਾ ਬਿਰਖ ਅਤੇ ਮਨੁੱਖ ਨਾਲ ਗੂੜ੍ਹਾ ਸਬੰਧ। ਮਨੁੱਖ ਸਾਹ ਰਾਹੀਂ ਆਕਸੀਜ਼ਨ ਸਰੀਰ ਦੇ ਅੰਦਰ ਲੈ ਕੇ ਜਾਂਦਾ ਅਤੇ ਕਾਰਬਨ ਡਾਇਆਕਸਾਈਡ ਬਾਹਰ ਕੱਢਦਾ ਜਦ ਕਿ ਬਿਰਖ, ਮਨੁੱਖ ਦੁਆਰਾ ਛੱਡੀ ਹੋਈ ਕਾਰਬਨ ਡਾਇਆਕਸਾਈਡ ਨੂੰ ਜੀਵਨੀ ਤੱਤ ਬਣਾਉਂਦਾ ਅਤੇ ਬਿਰਖ ਦੁਆਰਾ ਛੱਡੀ ਹੋਈ ਆਕਸੀਜਨ ਮਨੁੱਖ ਲਈ ਜੀਵਨ ਜੋਤ ਬਣਦੀ। ਇਸ ਕਰਕੇ ਰੁੱਖ ਅਤੇ ਮਨੁੱਖ ਵਿਚ ਸੰਤੁਲਨ ਅਤੇ ਸਾਂਝ, ਦੋਹਾਂ ਦੀ ਸਦੀਵਤਾ ਲਈ ਬਹੁਤ ਜਰੂਰੀ।
ਸਾਹ, ਸਾਹਾਂ ਦੀ ਕਰਨ ਇਬਾਦਤ, ਸਾਹ, ਸਾਹਾਂ ਦੇ ਜਾਏ। ਸਾਹਾਂ ਦੀ ਨਗਰੀ ਵਿਚ ਵਸੇਂਦੇ, ਸਾਹਾਂ ਦੇ ਹਮਸਾਏ। ਸਾਹਾਂ ਵਰਗੀਆਂ ਸੋਚਾਂ ਵਿਹੜੇ, ਸਾਹ ਦੇ ਬੂਟੇ ਲਾਈਏ ਅਤੇ ਸਾਹਾਂ ਵਿਚਲੀ ਮਰਨ ਮਿੱਟੀ ਨੂੰ ਕਬਰਾਂ ਵਿਚ ਦਫਨਾਈਏ। ਸਾਹ ਸਮੇਂ ਦਾ ਸੁੱਚਾ ਨਗਮਾ, ਹੋਠੀਂ ਗੁਣਗਣਾਈਏ ਅਤੇ ਇਸ ਦੀ ਅੱਡੀ ਝੋਲੀ ਦੇ ਵਿਚ ਜੀਵਨ-ਨਾਦ ਹੀ ਪਾਈਏ। ਜੋ ਵੀ ਸੋਗ, ਵਿਗੋਚਾ, ਪੀੜਾ ਸਾਹਾਂ ਦੇ ਵਿਚ ਧਰਦਾ। ਹਰ ਪਲ ਉਹ ਸਾਹ ਦੀ ਸੂਲੀ, ਆਪਣੇ ਆਪ ਹੀ ਚੜ੍ਹਦਾ। ਸਾਹ, ਸਾਹਾਂ ਦੀ ਸੱਜੀ ਬਾਂਹ, ਬਣਦੀ ਤੂਤ-ਹਿਲੋਰਾ। ਸਾਹਾਂ ਦੇ ਨਾਲ ਸਗਵੀਂ ਜਿੰਦ ਨੂੰ ਮਿਲਦਾ ਚਾਅ ਕਟੋਰਾ। ਸਾਹਾਂ ਦੇ ਪਿੰਡੇ ਨਾ ਖੁਣਿਓ, ਕਦੇ ਵੀ ਬਦ-ਦੁਆਵਾਂ। ਸਾਹਾਂ ਨੂੰ ਸਾਹ ਬਖਸ਼ਣ ਵਾਲੀਆਂ, ਵਿਲਕਣ ਲੱਗਦੀਆਂ ‘ਵਾਵਾਂ। ਸਾਹ-ਸਬੂਰੀ, ਸਾਹ-ਸਬੂਤੀ, ਸਾਹ-ਧੜਕਣੀ ਜੀਵੇ। ਕਾਇਤਾਨ ਦੀ ਕੁੱਖ ਦੇ ਵਿਚ ਧੜਕਣ ਸਦਾ ਵਸੀਵੇ। ਸਾਹਾਂ ਵਰਗੇ ਅੱਖਰ ਹੋਣ ਤਾਂ ਵਰਕੀਂ ਜਗਦੇ ਦੀਵੇ। ਅਰਥਾਂ ਦੀ ਸਰਗਮ ‘ਤੇ ਨੱਚਦੇ, ਲੋਕ ਸਦੀਂਦੇ ਖੀਵੇ। ਸਾਹ ਨੂੰ ਸੋਚ ਵਿਚ ਟਿਕਾ ਕੇ, ਸਾਹਾਂ ਦੇ ਸੰਗ ਜੀਵੋ। ਸਾਹ ਸ਼ਰਬਤ ਨੂੰ ਘੁੱਟਾਂ-ਬਾਟੀ, ਪਿਆਰ-ਪਿਆਲੇ ਪੀਵੋ। ਸਾਹਾਂ ਦੀ ਸੁੱਚਤਾ ਤੇ ਉਚਤਾ, ਸਾਹਾਂ ਲੇਖੇ ਲਾਈਏ। ਸਦਾ ਸੰਦੀਲੇ ਸਾਹ ਦੇ ਮੁੱਢੀਂ, ਸਾਹ ਦੀਆਂ ਕਲਮਾਂ ਲਾਈਏ।
ਸਾਹ ਲੈਣ ਦੀ ਚੇਤਨਾ ਅਤੇ ਸੋਝੀ ਹੋਵੇ ਤਾਂ ਸਿਹਤਯਾਬੀ, ਸਿਆਣਪ ਤੇ ਸਬੰਧ ਦਾ ਸੁਮੇਲ ਤੁਹਾਡੀ ਝੋਲੀ ਦੀ ਅਮਾਨਤ ਬਣਦਾ। ਸਾਹ ਲੈਣਾ ਅਤੇ ਸੋਚਣਾ-ਦੋ ਕਿਰਿਆਵਾਂ ਹੀ ਮਨੁੱਖ ਲਈ ਸਭ ਤੋਂ ਅਹਿਮ ਜੋ ਜ਼ਿੰਦਗੀ ਨੂੰ ਨਵੇਂ ਅਰਥ ਦਿੰਦੀਆਂ।
ਸਾਹ, ਮਨ ਤੇ ਸਰੀਰ, ਜੀਵਨ ਤੇ ਮੌਤ, ਮਨੁੱਖ ਤੇ ਮਿੱਟੀ, ਸੱਚ ਤੇ ਝੂਠ ਅਤੇ ਬੋਲ ਤੇ ਸਦੀਵੀ ਚੁੱਪ ਦਰਮਿਆਨ ਨਿੱਘਾ ਤੇ ਪੀਡਾ ਸਬੰਧ।
ਸਾਹ ਬੰਦਗੀ ਤੇ ਸਾਹ ਅਰਦਾਸ। ਸਾਹ ਉਮੀਦ ਤੇ ਸਾਹ ਹੀ ਆਸ। ਸਾਹਾਂ ਦੇ ਪਿੰਡੇ ‘ਤੇ ਲਿਖੀਏ ਸਾਹਾਂ ਦਾ ਧਰਵਾਸ ਕਿਉਂਕਿ ਸਾਹਾਂ ਦੀ ਡੋਰ ਕਦੇ ਵੀ ਟੁੱਟ ਸਕਦੀ ਏ। ਪਰ ਇਸ ਦੇ ਟੁੱਟਣ ਤੋਂ ਪਹਿਲਾਂ ਸਾਹਾਂ ਦੀ ਕਰਮਸ਼ੀਲਤਾ ਤੇ ਸਦ-ਉਪਯੋਗਤਾ ਹੀ ਜੀਵਨ ਜੁਗਤ ਦਾ ਮੂਲ ਆਧਾਰ ਏ।
ਆਮੀਨ।