ਵੋਟ ਐਤਕੀਂ ਕਿਸ ਨੂੰ ਪਾਈਏ?

‘ਪੰਜਾਬ ਟਾਈਮਜ਼’ ਲਈ ਗਾਹੇ-ਬਗਾਹੇ ਲਿਖਣ ਵਾਲੇ ਸ਼ ਮਝੈਲ ਸਿੰਘ ਸਰਾਂ ਨੇ ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰਸੰਗ ਛੇੜਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਵਿਚ ਕਈ ਤਿੱਖੇ ਮੋੜ ਆਏ ਹਨ। ਇਸ ਨੇ ਕਈ ਨਵੀਆਂ ਸਫਬੰਦੀਆਂ ਵੱਲ ਇਸ਼ਾਰੇ ਵੀ ਸੁੱਟੇ ਹਨ। ਲੇਖਕ ਨੇ ਇਨ੍ਹਾਂ ਸਾਰੇ ਹਾਲਾਤ ਦਾ ਲੇਖਾ-ਜੋਖਾ ਕਰਦਿਆਂ ਆਪਣੇ ਇਸ ਲੇਖ ਵਿਚ ਸਾਰਥਕ ਟਿੱਪਣੀਆਂ ਕੀਤੀਆਂ ਹਨ ਜੋ ਅਸੀਂ ਆਪਣੇ ਸੁਘੜ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।

-ਸੰਪਾਦਕ।

ਮਝੈਲ ਸਿੰਘ ਸਰਾਂ
19ਵੀਂ ਸਦੀ ਦੇ ਅਮਰੀਕਨ ਲੇਖਕ ਮਾਰਕ ਟਵੇਨ ਨੇ ਲਿਖਿਆ ਹੈ, “ਜੇ ਵੋਟ ਪਾਉਣ ਨਾਲ ਕੋਈ ਫਰਕ ਪੈਣਾ ਹੁੰਦਾ ਤਾਂ ਇਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ ਸੀ।”
ਕਿੰਨਾ ਸੱਚ ਹੈ ਇਸ ਇਕ ਲਾਈਨ ਵਿਚ! ਅੱਜ ਕੱਲ੍ਹ ਸੰਸਾਰ ਦੇ ਤਕਰੀਬਨ ਹਰ ਮੁਲਕ ਦੇ ਹਾਕਮ ਉਥੋਂ ਦੇ ਲੋਕਾਂ ਦੀਆਂ ਵੋਟਾਂ ਨਾਲ ਹੀ ਤਾਂ ਚੁਣੇ ਜਾਂਦੇ ਹਨ। ਫਿਰ ਕਿਉਂ ਉਹੀ ਵੋਟਰ ਆਪਣੇ ਪਸੰਦੀਦਾ ਹਾਕਮਾਂ ਖਿਲਾਫ ਰਫਲਾਂ ਚੁੱਕਦੇ ਹਨ? ਕੀ ਖੁਨਾਮੀ ਵੋਟ ਪਾਉਣ ਵਾਲੇ ਹੱਥਾਂ ਵਿਚ ਹੁੰਦੀ ਹੈ ਜਾਂ ਤਖਤ ‘ਤੇ ਬਿਠਾਏ ਹਾਕਮਾਂ ਦੀ ਨੀਅਤ ਵਿਚ? ਇਹੀ ਕੁਝ ਪਿਛਲੇ 70 ਸਾਲਾਂ ਤੋਂ ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ’ ਭਾਰਤ ਵਿਚ ਹੋ ਰਿਹਾ ਹੈ। ਵੋਟਰ ਜਿੰਨਾ 1947 ਵਿਚ ਦੁਖੀ ਸੀ, ਉਸ ਤੋਂ ਵੀ ਵੱਧ 2016 ਵਿਚ ਦੁਖੀ ਹੋ ਗਿਆ! ਉਹ ਬਦਲ-ਬਦਲ ਕੇ ਬਟਨ ਵੀ ਦੱਬ ਕੇ ਦੇਖ ਚੁੱਕਾ, ਪਰ ਇਹ ਭੋਲਾ ਪੰਛੀ ਕੀ ਜਾਣੇ ਕਿ ਜਿਨ੍ਹਾਂ ਨਾਲ ਵਾਸਤਾ ਪਿਆ, ਉਹ ਕਿੰਨੇ ਸ਼ਾਤਰ-ਦਿਮਾਗ ਹਨ! ਰਾਸ਼ਟਰਵਾਦ ਦਾ ਨਾਅਰਾ ਲਾ ਕੇ ਅੰਦਰੋਂ ਉਸੇ ਰਾਸ਼ਟਰ ਨੂੰ ਲੁੱਟ ਕੇ ਖਾਣ ਵਾਲੇ ਹਾਕਮਾਂ ਲਈ ਗਰੀਬ ਵੋਟਰ ਕਿਸ ਦੇ ਪਾਣੀਹਾਰ ਆ ਭਲਾ? ਇਹ ਹਾਕਮ ਇੰਨੇ ਨਿਰਦਈ ਹੁੰਦੇ ਕਿ ਵੋਟਾਂ ਪਾਉਣ ਵਾਲਿਆਂ ਦੀਆਂ ਵੰਡੀਆਂ ਪੁਆ ਕੇ ਇਕ-ਦੂਜੇ ਦੇ ਪੱਕੇ ਦੁਸ਼ਮਣ ਬਣਾ ਕੇ ਕਤਲੇਆਮ ਤਕ ਕਰਵਾ ਦਿੰਦੇ ਹਨ।
ਗੱਲ ਕਰਨੀ ਹੈ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ। ਪੰਜਾਬੀਆਂ ਲਈ ਮੁਸ਼ਕਿਲ ਇਮਤਿਹਾਨ ਸਿਰ ‘ਤੇ ਹੈ। ਹਰ ਵਾਰ ਵਾਂਗ ਐਤਕੀਂ ਪੰਜਾਬੀ ਵੋਟਰ ਫੇਲ੍ਹ ਨਹੀਂ ਹੋਣਾ ਚਾਹੁੰਦਾ, ਪਰ ਇਕ ਵਾਰ ਫਿਰ ਡਰ ਖਾਣ ਲੱਗ ਪਿਆ ਕਿ ਕਿਤੇ ਉਹੀ ਗੱਲ ਨਾ ਹੋ ਜਾਵੇ! ਇਹ ਖਦਸ਼ਾ ਕਿਸੇ ਹੱਦ ਤੱਕ ਸਹੀ ਵੀ ਹੈ। ਰੈਲੀਆਂ ਵਾਲੇ ਬੜ੍ਹਕਾਂ ਮਾਰਨ ਲੱਗੇ ਹੋਏ ਆ, ਹੁਣ ਇਹੀ ਕੁਝ ਚੱਲਣਾ ਤਿੰਨ-ਚਾਰ ਮਹੀਨੇ। ਵੋਟਰ ਦੀ ਤਾਂ ਇਨ੍ਹਾਂ ਨੇ ਰਲ ਕੇ ਮੱਤ ਮਾਰ ਦੇਣੀ। ਫਿਰ ਵੋਟਰ ਕਿੱਦਾਂ ਪਾਸ ਹੋ ਜਾਊ ਭਲਾ ਇਸ ਪੇਚੀਦਾ ਇਮਤਿਹਾਨ ਵਿਚੋਂ?
ਹੁਣ ਜੇ ਮਾਰਕ ਟਵੇਨ ਦੇ ਕਥਨ ਮੁਤਾਬਕ, ਵੋਟ ਪਾਉਣ ਨਾਲ ਕੋਈ ਫਰਕ ਹੀ ਨਹੀਂ ਪੈਣਾ ਤਾਂ ਕੀ ਵੋਟ ਨਾ ਪਾ ਕੇ ਸਰ ਜਾਊਗਾ? ਪੰਜਾਬੀਆਂ ਨੇ ਇਹ ਵੀ ਅਜ਼ਮਾ ਕੇ ਦੇਖ ਲਿਆ। 1992 ਵਿਚ ਬਾਈਕਾਟ ਹੋਇਆ, ਪਰ ਬਾਈਕਾਟ ਦੇ ਬਾਵਜੂਦ ਜਿਹੜੇ 9 ਫੀਸਦ ਵੋਟਾਂ ਨਾਲ ਹਾਕਮ ਬਣੇ, ਉਨ੍ਹਾਂ ਦੇ ਦਿੱਤੇ ਜ਼ਖਮ ਨਾ-ਭੁੱਲਣਯੋਗ ਹਨ। ਉਨ੍ਹਾਂ ਹਾਕਮਾਂ ਦੀ ਹੀ ਪੈਦਾਇਸ਼ ਹੈ, ਕੇæਪੀæਐਸ਼ ਗਿੱਲ, ਇਜ਼ਹਾਰ ਆਲਮ ਸੈਨਾ, ਕੈਟ ਕਲਚਰ, ਪੁਲਿਸ ਵਿਚ ਬੁੱਚੜਪੁਣਾ ਜਿਨ੍ਹਾਂ ਨੇ ਖਾਲੜਾ ਵਰਗਿਆਂ ਨੂੰ ਅਣਪਛਾਤੀਆਂ ਲਾਸ਼ਾਂ ਵਿਚ ਬਦਲ ਦਿੱਤਾ। ਉਸੇ ਦੌਰ ਦੀ ਪੈਦਾਇਸ਼ ਹਨ, ਅਖੌਤੀ ਸਭਿਆਚਾਰਕ ਮੇਲੇ ਜੋ ਸਾਨੂੰ ਨਿਵਾਣਾਂ ਵੱਲ ਲੈ ਗਏ। ਹਾਕਮਾਂ ਦੀ ਸ਼ਹਿ ‘ਤੇ ਅਜਿਹੇ ਮੇਲਿਆਂ ਦਾ ਰੁਝਾਨ ਅੱਜ ਵੀ ਕਾਇਮ ਹੈ। ਕਹਿਣ ਦਾ ਭਾਵ, ਵੋਟ ਨਾ ਪਾਉਣਾ ਵੀ ਹੱਕ ਵਿਚ ਨਹੀਂ ਜਾਂਦਾ। ਸਵਾਲ ਹੈ ਕਿ ਵੋਟ ਕਿਸ ਨੂੰ ਪਾਈਏ? ਇਹੀ ਸਵਾਲ ਸ਼ਾਇਦ ਮੇਰੇ ਵਰਗੇ ਸਾਰੇ ਵੋਟਰਾਂ ਦਾ ਵੀ ਹੈ, ਕਿਉਂਕਿ ਬੁਰਾਈਆਂ ਵਿਚੋਂ ਹੀ ਕਿਸੇ ਇਕ ਨੂੰ ਰਾਜ ਤਖਤ ‘ਤੇ ਬਿਠਾਉਣਾ ਪੈਂਦਾ।
ਕਿਸੇ ਪਾਰਟੀ ਨਾਲ ਸ਼ਿੱਦਤ ਨਾਲ ਬੱਝੇ ਕੁਝ ਵੀਰਾਂ ਨੂੰ ਲਫ਼ਜ਼ ‘ਬੁਰਾਈ’ ਚੁਭਿਆ ਹੋਣਾ! ਸੱਚ ਇਹੀ ਹੈ। ਪੰਜਾਬ ਦਾ ਸਭ ਤੋਂ ਹਰਮਨਪਿਆਰਾ ਮੁਖ ਮੰਤਰੀ ਸਿਰਫ ਇਕੋ ਹੀ ਹੈ ਜਿਸ ਨੂੰ ਪੰਜਾਬੀਆਂ ਨੇ ਪੰਜ ਵਾਰ ਤਖਤ ‘ਤੇ ਇਹ ਸੋਚ ਕੇ ਬਿਠਾਇਆ ਕਿ ਇਹ ਨਿਆਂ ਕਰੇਗਾ, ਤੱਕੜੀ ਵਿਚ ਬਰਾਬਰ ਤੋਲੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਏਗਾ। ਇਲਾਹੀ ਬਾਣੀ ਦਾ ਸਤਿਕਾਰ ਦਰਵੇਸ਼ ਸਿਆਸਤਦਾਨ ਬਣ ਕੇ ਕਰੇਗਾ। ਗੁਰੂ ਦੇ ਨਿਰਮਲ ਪੰਥ ‘ਤੇ ਹੁੰਦੇ ਬਿਪਰ ਦੇ ਹਮਲਿਆਂ ਤੋਂ ਹਿਫਾਜ਼ਤ ਕਰੇਗਾ। ਇਹ ਪ੍ਰਕਾਸ਼ ਸਿੰਘ ਬਾਦਲ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਖਿਤਾਬਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇੰਨੀਆਂ ਸਿਫਤਾਂ ਅਤੇ ਖਿਤਾਬਾਂ ਵਾਲੇ ਇਨਸਾਨ ਨੂੰ ਮੇਰੇ ਵਰਗੇ ਬੰਦੇ ਦਾ ਬੁਰਾਈ ਕਹਿਣਾ ਜਾਇਜ਼ ਭਲਾ ਕਿਵੇਂ ਹੈ!
ਬਾਦਲ ਸਰਕਾਰ ਦੀਆਂ ਪਿਛਲੀਆਂ ਦੋ ਵਾਰੀਆਂ ਦੇ 10 ਸਾਲਾਂ ਦਾ ਥੋੜ੍ਹਾ ਜਿਹਾ ਲੇਖਾ-ਜੋਖਾ ਕਰ ਲੈਂਦੇ ਹਾਂ। ਕਾਰਨਾਮੇ ਬਹੁਤ ਹਨ, ਪਰ ਸਾਰੇ ਨਹੀਂ ਛੇੜਨੇ। ਖੁਸ਼ਹਾਲੀ ਤੋਂ ਹੀ ਸ਼ੁਰੂ ਕਰਦੇ ਹਾਂ।æææ ਖੁਸ਼ਹਾਲੀ ਦਾ ਸਿਧਾ ਜਿਹਾ ਮਤਲਬ ਹੁੰਦਾ, ਆਪਣਾ ਕੰਮ-ਕਾਰ ਕਰਦਿਆਂ ਕਿਸੇ ਦੀ ਜੇਬ ਵਿਚ ਜਿੰਨੇ ਪੈਸੇ ਬਚੇ, ਉਹ ਉਨਾ ਵੱਧ ਖੁਸ਼ਹਾਲ। ਜੇ ਆਮਦਨ ਨਾਲੋਂ ਖਰਚਾ ਵਧਦਾ ਦਿਸੇ, ਤਾਂ ਬੇਲੋੜੇ ਖਰਚੇ ਰੋਕ ਕੇ ਕਿਰਸ ਕਰਨੀ ਪੈਂਦੀ। ਸਾਰਾ ਕੁਝ ਕਰਨ ਦੇ ਬਾਵਜੂਦ ਜੇ ਸਿਰ ਕਰਜ਼ਾ ਚੜ੍ਹਦਾ ਜਾਵੇ, ਤੇ ਜ਼ਮੀਨ ਗਹਿਣੇ ਰੱਖਣ ਦੀ ਨੌਬਤ ਆ ਜਾਵੇ, ਤਾਂ ਉਹ ਘਰ ਖੁਸ਼ਹਾਲ ਨਹੀਂ, ਕਰਜ਼ਾਈ ਮੰਨਿਆ ਜਾਂਦਾ। ਬਾਦਲ ਜਦੋਂ ਚੌਥੀ ਵਾਰ 2007 ਵਿਚ ਤਖਤ ‘ਤੇ ਬੈਠੇ ਤਾਂ ਪੰਜਾਬ ਸਿਰ ਕਰਜ਼ਾ 51,035 ਕਰੋੜ ਰੁਪਿਆ ਸੀ। ਨੌਂ ਸਾਲਾਂ ਬਾਅਦ ਮਾਰਚ 2016 ਵਿਚ ਇਹ ਕਰਜ਼ਾ ਹੋ ਗਿਆ 1,24,472 ਕਰੋੜ ਰੁਪਏ। ਇਕ ਹੋਰ ਸਾਲ ਬਾਅਦ ਮਾਰਚ 2017 ਤੱਕ ਤਕਰੀਬਨ 10,000 ਕਰੋੜ ਹੋਰ ਪਾ ਕੇ ਇਨ੍ਹਾਂ ਦਸਾਂ ਸਾਲਾਂ ਦਾ ਕਰਜ਼ਾ ਬਣ ਗਿਆ ਕੋਈ 1,85,507 ਕਰੋੜ ਰੁਪਏ। ਇਸ ‘ਤੇ ਸਾਲਾਨਾ ਵਿਆਜ਼ 10,000 ਕਰੋੜ ਰੁਪਏ ਦੇਣਾ ਪੈਂਦਾ। ਇਹ ਕਰਜ਼ਾ ਸਿਰਫ ਪੰਜਾਬ ਸਰਕਾਰ ਦਾ ਹੈ; ਕਿਸਾਨਾਂ, ਮਜ਼ਦੂਰਾਂ ਦਾ ਕਰਜ਼ਾ ਵੱਖਰਾ ਹੈ। 2016 ਵਿਚ ਪੰਜਾਬ ਦੀ ਕੁੱਲ ਆਬਾਦੀ ਬਣਦੀ ਹੈ ਤਕਰੀਬਨ 3 ਕਰੋੜ। ਹਰ ਪੰਜਾਬੀ ਸਿਰ 45,000/- ਰੁਪਏ ਕਰਜ਼ਾ ਬਣਦਾ, ਭਾਵੇਂ ਉਹਨੇ ਖੁਦ ਨਵਾਂ ਪੈਸਾ ਵੀ ਕਰਜ਼ੇ ਦਾ ਨਹੀਂ ਲਿਆ ਹੋਇਆ। ਚਾਰ ਮੈਂਬਰਾਂ ਦੇ ਹਰ ਘਰ ਸਿਰ, ਸਮੇਤ ਵਿਆਜ਼ ਦੋ ਲੱਖ ਦਾ ਕਰਜ਼ਾ ਹੈ ਜਿਹੜਾ ਇਸ ਸਰਕਾਰ ਨੇ ਚੜ੍ਹਾਇਆ ਹੋਇਆ। ਹੁਣ ਦੱਸੋ ਇਹਨੂੰ ਖੁਸ਼ਹਾਲੀ ਕਿਵੇਂ ਕਹਾਂਗੇ? ਪੰਜਾਬ ਦੀ ਕੋਈ ਸਰਕਾਰੀ ਜ਼ਮੀਨ, ਬਿਲਡਿੰਗ, ਬਸ ਅੱਡਾ, ਹਸਪਤਾਲ, ਰੈਸਟ ਹਾਊਸ ਨਹੀਂ ਛੱਡਿਆ ਜੋ ਗਿਰਵੀ ਨਹੀਂ ਰੱਖਿਆ। ਕਾਹਦੇ ਲਈ ਲਿਆ ਇੰਨਾ ਕਰਜ਼ਾ? ਬਾਦਲ ਜੀ ਕਹਿਣਗੇ, ‘ਓ ਕਾਕਾ, ਵਿਕਾਸ ਲਈ ਸਾਰੇ ਕਰਜ਼ਾ ਲੈਂਦੇ ਆ’, ਪਰ ਕਿਸੇ ਨੂੰ ਵਿਕਾਸ ਵਾਲਾ ਦੇਵਤਾ ਪ੍ਰਗਟ ਹੋਇਆ ਨਹੀਂ ਦਿਸਿਆ। ਜੇ ਵਿਕਾਸ ਲਈ ਇੰਨਾ ਕਰਜ਼ਾ ਪੰਜਾਬ ਲਈ ਲਿਆ, ਤਾਂ ਨਿੱਤ ਦਿਨ ਠੂਠਾ ਫੜ ਕੇ ਦਿੱਲੀ ਨੂੰ ਕੀ ਕਰਨ ਜਾਂਦੇ? ਸੱਚ ਇਹ ਹੈ ਕਿ ਵਿਕਾਸ ਲਈ ਕਰਜ਼ਾ ਨਹੀਂ ਲਿਆ, ਇਹ ਮੰਤਰੀਆਂ-ਸੰਤਰੀਆਂ ਦੇ ਗੁਲਛਰਿਆਂ ਲਈ ਜਾਂ ਸੰਗਤ ਦਰਸ਼ਨਾਂ ਦੇ ਨਾਮ ‘ਤੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਖਾਤਰ ਹੈ। ਕੋਈ ਇਹ ਮਤ ਸਮਝੇ ਕਿ ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ‘ਤੇ ਇਸ ਕਰਜ਼ੇ ਵਿਚੋਂ ਖਰਚੇ ਜਾਂਦੇ ਹਨ; ਉਹ ਤਾਂ ਕੇਂਦਰ ਦੀਆਂ ਵੱਖਰੀਆਂ ਸਕੀਮਾਂ ਹਨ। ਇਹ ਤਾਂ ਸਗੋਂ ਇਨ੍ਹਾਂ ਵਿਚੋਂ ਵੀ ਕੁੰਡੀ ਲਾਉਂਦੇ। ਪਿਓ-ਪੁੱਤਰ ਅਤੇ ਰਿਸ਼ਤੇਦਾਰਾਂ ਨੇ ਕਰੋੜਾਂ ਰੁਪਏ ਚਿੜੀ ਦੇ ਪੰਜੇ ਜਿੰਨੇ ਪੰਜਾਬ ਵਿਚ ਘੁੰਮਣ ਲਈ ਹੈਲੀਕਾਪਟਰਾਂ ਦੇ ਝੂਟਿਆਂ ‘ਤੇ ਖਰਚ ਦਿਤੇ। ਹੁਣ ਕਰਜ਼ਿਆਂ ਵਿਚੋਂ ਮੁਫ਼ਤ ਰੇਲ ਗੱਡੀਆਂ ਚਲਾ ਕੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨੂੰ ਤੋਰ ਦਿੱਤਾ। ਕਿਹੜਾ ਵਿਕਾਸ ਹੈ ਇਹ? ਵੋਟਰ ਸਗੋਂ ਕਾਣੇ ਕਰ ਦਿੱਤੇ।
ਦੋਹਾਂ ਬਾਦਲਾਂ ਨੇ ਆਪਣੇ ਸਰਕਾਰੀ ਕੰਮ-ਕਾਜ ਲਈ ਦਰਜਨ ਤੋਂ ਵੱਧ ਸਲਾਹਕਾਰ ਰੱਖੇ ਹੋਏ ਹਨ। ਇਕ ਸਲਾਹਕਾਰ ਨੂੰ ਉਹ ਸੁਖ-ਸਹੂਲਤਾਂ ਮਿਲਦੀਆਂ ਜਿਹੜੀਆਂ ਮੰਤਰੀ ਨੂੰ ਦਿੱਤੀਆਂ ਜਾਂਦੀਆਂ। ਇਕ ਸਲਾਹਕਾਰ ਮਹੀਨੇ ਵਿਚ 5 ਤੋਂ 10 ਲੱਖ ਰੁਪਏ ਵਿਚ ਪੈਂਦਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਾਲਾ ਮਨਜਿੰਦਰ ਸਿੰਘ ਸਿਰਸਾ ਭਲਾ ਕਾਹਦੀ ਸਲਾਹ ਦੇਊ ਪੰਥ ਅਤੇ ਪੰਜਾਬ ਦੇ ਭਲੇ ਦੀ? ਪਿਛਲੇ ਸਾਲ ਇਥੇ ਅਮਰੀਕਾ ਆ ਕੇ ਬਰਾਕ ਓਬਾਮਾ ਨੂੰ ਹੀ ਅਕਲਾਂ ਦੇਣ ਲੱਗ ਪਿਆ ਸੀ ਕਿ ਅਮਰੀਕਾ ਵਸਦੇ ਬਹੁਤੇ ਸਿੱਖ ਪਾਕਿਸਤਾਨ ਦੀ ਆਈæਐਸ਼ਆਈæ ਦੇ ਏਜੰਟ ਹਨ, ਇਨ੍ਹਾਂ ਨੂੰ ਅੰਦਰ ਦਿਓ। ਇਹ ਵੀ ਬਾਦਲਾਂ ਦਾ ਸਰਕਾਰੀ ਸਲਾਹਕਾਰ ਹੈ। ਇਸੇ ਕਰ ਕੇ ਕਹਿੰਨਾਂ, ਇਹ ਬੁਰਾਈਆਂ ਹਨ।
ਹੁਣ ਦੂਜਾ ਪਹਿਲੂ ਦਰਵੇਸ਼ਪੁਣੇ ਦਾ ਵੀ ਦੇਖ ਲਈਏ! ਕਿਸਾਨ ਦਿਨ-ਰਾਤ ਕੰਮ ‘ਚ ਖੁਭਿਆ ਕਰਜ਼ੇ ਦੀ ਮਾਰ ਨਾ ਝੱਲਦਾ ਹੋਇਆ ਜ਼ਮੀਨ ਗਹਿਣੇ ਕਰ ਕੇ ਮਰਨ ਕਿਨਾਰੇ ਪਿਆ ਹੈ, ਪਰ ਬਾਦਲ ਪਰਿਵਾਰ ਦੀ ਜਾਇਦਾਦ ਅਰਬਾਂ-ਖਰਬਾਂ ਨੂੰ ਪਹੁੰਚ ਗਈ। ਸਭ ਕੁਝ ਇਸ ਪਰਿਵਾਰ ਨੇ ਹਥਿਆ ਲਿਆ। ਕੀ ਟ੍ਰਾਂਸਪੋਰਟ, ਕੀ ਕੇਬਲ, ਕੀ ਟੈਲੀਵਿਜ਼ਨ, ਕੀ ਟੌਲ ਪਲਾਜ਼ੇ, ਕੀ ਹੋਟਲ, ਕੀ ਰੇਤੇ-ਬਜਰੀ ਦੇ ਠੇਕੇ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਹੋਰ ਜਾਇਦਾਦਾਂ! ਰਾਜ ਤੋਂ ਬਾਹਰ, ਮੁਲਕ ਦੇ ਵੱਡੇ ਸ਼ਹਿਰਾਂ ਵਿਚ ਵੱਡੀਆਂ ਜਾਇਦਾਦਾਂ ਦੇ ਵੀ ਮਾਲਕ ਹਨ ਇਸ ਟੱਬਰ ਵਾਲੇ। ਦਰਵੇਸ਼ ਇੱਦਾਂ ਦੇ ਹੁੰਦੇ ਭਲਾ? ਸਾਰੀਆਂ ਵਜ਼ੀਰੀਆਂ ਆਪਣੇ ਟੱਬਰ ਤੇ ਰਿਸ਼ਤੇਦਾਰਾਂ ਨੂੰ ਦੇ ਕੇ ਵਾਧੂ ਬਚਦੀਆਂ ਆਪਣੇ ਚਾਪਲੂਸਾਂ ਨੂੰ ਬਖਸ਼ ਦਿਓ, ਤੇ ਫਿਰ ਕਰੋ ਸਰਕਾਰ ਦੇ ਖਜ਼ਾਨੇ ਨਾਲ ਮਨ-ਆਈਆਂ! ਕਰੋ ਪਾਰਟੀ ਦੀਆਂ ਮੀਟਿੰਗਾਂ ਗੋਆ ਦੀ ਬੀਚ ਉਤੇ ਜਾ ਕੇ?
ਛੋਟਾ ਬਾਦਲ ਕਹਿੰਦਾ, ਵਿਕਾਸ ਦੇ ਨਾਂ ‘ਤੇ 2017 ਦੀਆਂ ਚੋਣਾਂ ਜਿੱਤਣਗੇ। ਵੋਟ ਪਾਉਣ ਵਾਲੇ ਭਰਾਵੋ! ਇਨ੍ਹਾਂ ਨੂੰ ਜ਼ਰੂਰ ਪੁੱਛਿਓ ਕਿ 10 ਸਾਲਾਂ ਵਿਚ ਕਿੰਨੀਆਂ ਛੋਟੀਆਂ ਤੇ ਦਰਮਿਆਨੇ ਦਰਜੇ ਦੀਆਂ ਯੂਨਿਟਾਂ ਸਰਕਾਰ ਦੀਆਂ ਗਲਤ ਨੀਤੀਆਂ ਕਰ ਕੇ ਪੰਜਾਬ ਤੋਂ ਬਾਹਰ ਗਈਆਂ? ਸਰਕਾਰੀ ਰਿਪੋਰਟਾਂ ਦੱਸਦੀਆਂ ਕਿ ਇਨ੍ਹਾਂ ਸਾਲਾਂ ਵਿਚ ਕੋਈ 15000 ਕਾਰਖਾਨੇ ਪੰਜਾਬ ਤੋਂ ਬਾਹਰ ਗਏ। ਇਹ ਜਿਹੜਾ ਹੁੱਬ ਕੇ ਕਹਿੰਦੇ ਕਿ ਹੁਣ ਬਿਜਲੀ ਵਾਧੂ ਹੋ ਗਈ, ਇਸ ਦਾ ਇਕ ਕਾਰਨ ਇਹ ਬੰਦ ਫੈਕਟਰੀਆਂ ਹਨ। ਉਪ ਮੁੱਖ ਮੰਤਰੀ ਨੇ ਸੈਮੀਨਾਰ ਕਰ ਕੇ ਕੰਪਨੀਆਂ ਨਾਲ ਅਰਬਾਂ ਦੇ ਸਮਝੌਤਿਆਂ ‘ਤੇ ਦਸਤਖਤ ਕੀਤੇ, ਪਰ ਉਨ੍ਹਾਂ ਵਿਚੋਂ ਕੋਈ ਵੀ ਵੱਡਾ ਪ੍ਰਾਜੈਕਟ ਪੰਜਾਬ ਵਿਚ ਨਹੀਂ ਲੱਗਾ। ਭਲਾ ਪਿੰਡ ਦੇ ਲੋਕਾਂ ਨੂੰ ਪਾਣੀ ਵਾਲੀ ਬੱਸ ਦਾ ਕੀ ਆਸਰਾ? ਜਿਨ੍ਹਾਂ ਨੇ ਕਦੇ ਕਦਾਈਂ ਸ਼ਹਿਰ ਟੈਂਪੂ ‘ਤੇ ਜਾਣਾ ਹੁੰਦਾ, ਪਾਣੀ ਵਾਲੀ ਛੱਡ ਕੇ ਭਾਵੇਂ ਹਵਾ ਵਿਚ ਚਲਾ ਦੇਵੇ!
ਕੁਝ ਸਾਲਾਂ ਤੋਂ ਬੜਾ ਗੰਭੀਰ ਮਸਲਾ ਸਾਹਮਣੇ ਆਇਆ ਹੈ- ਗੈਂਗਸਟਰਾਂ ਦਾ ਮਸਲਾ। ਅੱਲ੍ਹੜ ਉਮਰ ਦੇ ਮੁੰਡੇ ਇਨ੍ਹਾਂ ਗੈਂਗਾਂ ਵਿਚ ਹਨ। ਜੱਗ ਜ਼ਾਹਰ ਹੈ ਕਿ ਇਹੋ ਜਿਹੇ ਗੈਂਗ ਉਥੇ ਬਣਦੇ, ਜਿਥੇ ਡਰੱਗ ਦਾ ਧੰਦਾ ਚੱਲਦਾ। ਇਹ ਭਾਵੇਂ ਲੱਖ ਦੁੱਧ ਧੋਤੇ ਕਹਾਈ ਜਾਣ, ਪਰ ਲੱਛਣ ਇਹੋ ਹਨ ਕਿ 10 ਸਾਲਾਂ ਵਿਚ ਪੰਜਾਬ ਨੂੰ ਇਹ ਸੁਗਾਤ ਦੇਣ ਵਾਲੇ ਕੋਈ ਹੋਰ ਨਹੀਂ, ਇਹੀ ਹਾਕਮ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ। ਬਜ਼ੁਰਗਾਂ ਨੇ ਆਪਣੇ ਘਰ-ਘਾਟ ਬਰਬਾਦ ਕਰ ਕੇ ਇਹ ਬੂਟਾ ਲਾਇਆ ਸੀ। ਜਦੋਂ ਦੀ ਇਹ ਪਾਰਟੀ ਹੋਂਦ ਵਿਚ ਆਈ, ਉਸ ਦਿਨ ਤੋਂ ਹੀ ਦਿੱਲੀ ਦੀ ਅੱਖ ਵਿਚ ਰੜਕ ਰਹੀ ਹੈ। ਇਕ ਤਾਂ ਪਾਰਟੀ ਨੇ ਓਟ ਰੱਖੀ ਸੀ ਆਪਣੇ ਗੁਰੂ ‘ਤੇ, ਦੂਜਾ ਅਕਾਲੀਆਂ ਦਾ ਇਖਲਾਕ ਤੇ ਜ਼ਮੀਰ ਇੰਨੀ ਉਚੀ-ਸੁੱਚੀ ਹੁੰਦੀ ਸੀ ਕਿ ਕਿਸੇ ਦੀ ਜ਼ੁਰਅਤ ਨਹੀਂ ਸੀ ਪੈਂਦੀ ਉਂਗਲੀ ਕਰਨ ਦੀ! ਇਹਦੇ ਜਥੇਦਾਰ ਚੋਣਾਂ ਹਾਰ ਕੇ ਵੀ ਜਿੱਤਿਆਂ ਨਾਲੋਂ ਉਪਰ ਹੁੰਦੇ ਸਨ। ਜਿਸ ਦਿਨ ਦਾ ਇਹਦਾ ਬਾਦਲੀਕਰਨ ਹੋਇਆ, ਇਸ ਦੇ ਲੀਡਰਾਂ ਵਿਚੋਂ ਸੁੱਚਮ ਗਾਇਬ ਹੋ ਗਿਆ। ਅੱਜ ਉਸੇ ਪੰਥਕ ਪਾਰਟੀ ਨੂੰ ਵਿਰੋਧੀ ਤਾਂ ਕੀ, ਖੁਦ ਸਿੱਖ ਵੀ ਮਾਫੀਆ ਪਾਰਟੀ ਕਹਿਣ ਲੱਗ ਪਿਆ ਹੈ।
ਫਿਰ ਜੇ ਇਨ੍ਹਾਂ ਨੂੰ ਵੋਟ ਨਹੀਂ ਪਾਉਣੀ ਤਾਂ ਅਗਲੀ ਬੁਰਾਈ ਜਿਹੜੀ ਚੰਗੀ ਤਰ੍ਹਾਂ ਪਰਖੀ ਹੋਈ ਹੈ, ਉਸ ਦੀ ਵੀ ਚੱਲਵੀਂ ਜਿਹੀ ਗੱਲ ਕਰ ਲੈਂਦੇ ਹਾਂ। ਨਾਂ ਹੈ ਕਾਂਗਰਸ ਜਿਸ ਦੇ ਦਿੱਤੇ ਜ਼ਖਮ ਨਾਸੂਰ ਬਣੇ ਪਏ ਆ, ਸਿੱਖਾਂ ਲਈ ਖਾਸ ਕਰ ਕੇ। ਇਸ ਪਾਰਟੀ ਨੇ ਪੰਜਾਬ ਦੇ ਹਿੰਦੂਆਂ ਅੰਦਰ ਸਿੱਖ ਧਰਮ ਲਈ ਹੀ ਨਹੀਂ, ਪੰਜਾਬੀ ਜ਼ੁਬਾਨ ਨਾਲ ਨਫਰਤ ਭਰਨ ਦੀ ਕਸਰ ਨਹੀਂ ਛੱਡੀ। ਸਿੱਖਾਂ ਦੀਆਂ ਨਿਗੂਣੀਆਂ ਮੰਗਾਂ ‘ਤੇ ਐਸੀ ਅੜੀ ਫੜੀ ਕਿ ਮੋਰਚੇ ਲਾਉਣੇ ਪਏ। ਸਿਰਫ ਇਕ ਮਿਸਾਲ ਹੀ ਕਾਫੀ ਹੈ। ਜਦੋਂ ਅੱਸੀਵਿਆਂ ਵਿਚ ਧਰਮ ਯੁੱਧ ਮੋਰਚਾ ਲੱਗਾ ਤਾਂ ਸਿੱਖਾਂ ਦੀ ਮੰਗ ਇਹ ਵੀ ਸੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਰੇਡੀਓ ‘ਤੇ ਕੁਝ ਘੰਟੇ ਕੀਰਤਨ ਪ੍ਰਸਾਰਨ ਕਰਵਾ ਦਿੱਤਾ ਜਾਵੇ, ਪਰ ਕਾਂਗਰਸ ਸਰਕਾਰ ਨੇ ਬਹਾਨਾ ਘੜ ਕੇ ਇਹ ਮੰਗ ਵੀ ਨਹੀਂ ਮੰਨੀ। ਅੱਜ ਕਿੰਨੇ ਟੀæਵੀæ ਚੈਨਲ 24 ਘੰਟੇ ਉਸੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਨ ਕਰ ਕੇ ਕਰੋੜਾਂ ਦੀ ਕਮਾਈ ਕਰ ਰਹੇ ਹਨ। ਪੰਜਾਬ ਦੇ ਕਾਂਗਰਸੀ ਸਿੱਖਾਂ ਵਿਚ ਇੰਨਾ ਕੁ ਦਮ ਕਦੇ ਨਹੀਂ ਰਿਹਾ ਕਿ ਉਹ ਦਿੱਲੀ ਵਾਲਿਆਂ ਨੂੰ ਨਾਰਾਜ਼ ਕਰ ਲੈਣ। ਇਸੇ ਦਾ ਨਤੀਜਾ ਸੀ ਦਰਬਾਰ ਸਾਹਿਬ ‘ਤੇ ਫੌਜ ਦਾ ਹਮਲਾ। ਜੇ ਇਨ੍ਹਾਂ ਨੇ ਥੋੜ੍ਹਾ ਜਿਹਾ ਵੀ ਦਮ ਰੱਖਿਆ ਹੁੰਦਾ, ਸਿੱਖਾਂ ਦੀਆਂ ਮੰਗਾਂ ਦਾ ਸੁਖਾਵਾਂ ਹੱਲ ਹੋ ਜਾਣਾ ਸੀ ਅਤੇ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਵੀ ਨਾ ਹੁੰਦਾ। ਅੱਜ ਭਾਵੇਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਾਲਿਆਂ ਨੂੰ ਅੱਖਾਂ ਦਿਖਾ ਕੇ ਸਟੇਟ ਇਕਾਈ ਦਾ ਪ੍ਰਧਾਨ ਬਣ ਗਿਆ, ਪਰ ਉਹਦੀਆਂ ਲਗਾਮਾਂ ਕੱਸ ਕੇ ਖਿੱਚੀਆਂ ਹੋਈਆਂ।
ਆਮ ਆਦਮੀ ਪਾਰਟੀ ਦੀ ਆਮਦ ਨਾਲ ਪੰਜਾਬੀਆਂ ਨੂੰ ਆਸ ਬੱਝਣ ਲੱਗੀ ਸੀ ਕਿ ਇਨ੍ਹਾਂ ਦੋਹਾਂ ਬੁਰਾਈਆਂ ਤੋਂ ਖਹਿੜਾ ਛੁੱਟ ਜਾਊ। ਪੰਜਾਬੀਆਂ ਨੇ ਛੋਟੇ-ਮੋਟੇ ਗਿਲੇ-ਸ਼ਿਕਵੇ ਛੱਡ ਕੇ ਇਸ ਪਾਰਟੀ ਨੂੰ ਹੁੰਗਾਰਾ ਭਰਿਆ। ਲੋਕ ਸਭਾ ਚੋਣਾਂ ਵਿਚ ਇਹ ਪਾਰਟੀ ਸਾਰੇ ਮੁਲਕ ਵਿਚ ਕੋਈ ਉਮੀਦਵਾਰ ਨਾ ਜਿਤਾ ਸਕੀ, ਪਰ ਪੰਜਾਬ ਵਿਚੋਂ ਆਸ ਤੋਂ ਕਿਤੇ ਵੱਧ 4 ਜਿੱਤੇ। ਦਰਅਸਲ, ਇਸ ਪਾਰਟੀ ਦੇ ਪੈਰ ਲਾਉਣ ਵਾਲੇ ਪੰਜਾਬੀ ਹਨ, ਦਿੱਲੀ ਵਾਲੇ ਨਹੀਂ। ਇਸੇ ਕਰ ਕੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਉਹਦੀ ਟੀਮ ਨੇ ਆਪਣਾ ਸਾਰਾ ਧਿਆਨ ਪੰਜਾਬ ‘ਤੇ ਲਾ ਦਿੱਤਾ। ਮੁੱਖ ਕਾਰਨ ਇਹ ਵੀ ਸੀ ਕਿ ਦਿੱਲੀ ਵਿਚ ਹੂੰਝਾ ਫੇਰੂ ਜਿੱਤ ਦੇ ਬਾਵਜੂਦ ਕੇਜਰੀਵਾਲ ਦੇ ਪਰ ਕੱਟੇ ਹੀ ਰਹੇ। ਉਥੇ ਜ਼ਿਆਦਾ ਤਾਕਤਵਰ ਲੈਫਟੀਨੈਂਟ ਗਵਰਨਰ ਹੈ ਜੋ ਪ੍ਰਧਾਨ ਮੰਤਰੀ ਮੋਦੀ ਦਾ ਮੋਹਰਾ ਹੈ। ਕੇਜਰੀਵਾਲ ਪੂਰਾ ਤਾਕਤਵਰ ਮੁੱਖ ਮੰਤਰੀ ਬਣ ਕੇ ਅਗਲਾ ਪੈਰ ਪ੍ਰਧਾਨ ਮੰਤਰੀ ਦੇ ਤਖਤ ‘ਤੇ ਰੱਖਣਾ ਲੋਚਦਾ ਅਤੇ ਉਹਦੀ ਇਹ ਮਨਸ਼ਾ ਪੰਜਾਬ ਵਿਚ ਤਾਕਤ ਹਾਸਲ ਕਰ ਕੇ ਪੂਰੀ ਹੋਣ ਦੀ ਸੰਭਾਵਨਾ ਬਣਦੀ ਹੈ। ਅਗਲੀ ਗੱਲ ਇਹ ਕਿ ਜਦੋਂ ਉਹਨੇ ਦਿੱਲੀ ਵਿਚ ਚੋਣਾਂ ਲੜੀਆਂ ਸਨ, ਉਹਦੀ ਪਾਰਟੀ ਸੜਕ ‘ਤੇ ਚਾਦਰ ਵਿਛਾ ਕੇ ਬੈਠਦੀ ਸੀ ਪੈਸੇ ਇਕੱਠੇ ਕਰਨ; ਇਸ ਦੇ ਉਲਟ ਪੰਜਾਬ ਦੇ ਲੋਕਾਂ, ਖਾਸ ਕਰ ਕੇ ਐਨæਆਰæਆਈਜ਼ ਨੇ ਦਿਲ ਖੋਲ੍ਹ ਕੇ ਡਾਲਰ ਦਿੱਤੇ ਇਸ ਪਾਰਟੀ ਨੂੰ। ਉਤੋਂ ਬਾਦਲਾਂ ਦੇ ਭ੍ਰਿਸ਼ਟਾਚਾਰ, ਡਰੱਗ ਮਾਫੀਏ, ਧਾਰਮਿਕ ਬੇਅਦਬੀਆਂ, ਬੇਰੋਜ਼ਗਾਰੀ, ਕਿਸਾਨ ਦੇ ਮਾੜੇ ਆਰਥਿਕ ਹਾਲਾਤ ਨੇ ਬਣੇ ਬਣਾਏ ਮੁੱਦੇ ਦੇ ਕੇ ਇਸ ਪਾਰਟੀ ਦਾ ਭਵਿਖ ਹੋਰ ਉਜਲਾ ਕਰ ਦਿੱਤਾ। ਇਹ ਸਾਰੇ ਹੀ ਮੁੱਦੇ ਤਤਕਾਲੀ ਹਨ। ਅਸਲੀ ਮੁੱਦੇ ਪੰਜਾਬ ਦਾ ਸਵੈਮਾਣ, ਦਹਾਕਿਆਂ ਤੋਂ ਹੋ ਰਿਹਾ ਵਿਤਕਰਾ ਹਨ ਜਿਸ ਬਾਰੇ ਕੇਜਰੀਵਾਲ ਦੀ ਚੁੱਪ ਵੀ ਇਹਨੂੰ ਦੂਜੀਆਂ ਪਾਰਟੀਆਂ ਦੇ ਬਰਾਬਰ ਹੀ ਖੜ੍ਹਾ ਕਰਦੀ ਹੈ। ਇਹ ਵੱਖਰੀ ਗੱਲ ਹੈ ਕਿ ਦੂਜੀਆਂ ਪਾਰਟੀਆਂ ਨੇ ਇਹ ਦਗਾ ਆਪ ਮੋਹਰੇ ਹੋ ਕੇ ਪੰਜਾਬ ਨਾਲ ਕੀਤਾ ਅਤੇ ਕੇਜਰੀਵਾਲ ਦੀ ਅਜੇ ਵਾਰੀ ਆਈ ਨਹੀਂ। ਕੱਲ੍ਹ ਨੂੰ ਉਹ ਕਿਵੇਂ ਕਰਦਾ ਹੈ, ਵਕਤ ਹੀ ਦੱਸੇਗਾ।
ਕੇਜਰੀਵਾਲ ਨੇ ਜਿਸ ਤਰ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਚਲਾਈ, ਉਹ ਪੰਜਾਬੀਕਰਨ ਨਾਲੋਂ ਦਿੱਲੀਕਰਨ ਜ਼ਿਆਦਾ ਹੈ। 50 ਬੰਦਿਆਂ ਦੀ ਟੀਮ ਦਿੱਲੀ ਤੋਂ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਭੇਜੀ ਹੋਈ ਸੀ। ਦਿੱਲੀ ਦੀ ਟੀਮ ਨੇ ਹੀ ਲੱਗਦਾ ਹੈ ਕਿ ਪੰਜਾਬ ਪਾਰਟੀ ਵਿਚ ਗੁੱਟਬੰਦੀ ਖੜ੍ਹੀ ਕਰ ਦਿੱਤੀ ਜਿਸ ਨੇ ਪੰਜਾਬ ਦੇ ਆਮ ਵੋਟਰਾਂ ਦੀਆਂ ਖਾਹਿਸ਼ਾਂ ਦੇ ਉਲਟ ਪਾਰਟੀ ਵਿਚ ਦੁਫੇੜ ਪੁਆ ਦਿੱਤੀ। ਇਥੇ ਕੇਜਰੀਵਾਲ ਦੀ ਸਮਝਦਾਰੀ ਕੰਮ ਆਉਣੀ ਚਾਹੀਦੀ ਸੀ, ਆਖਰ ਉਹ ਪਾਰਟੀ ਦੇ ਮੁਖੀ ਹਨ। ਜਦੋਂ ਹੁਣ ਇਸੇ ਪਾਰਟੀ ਵਿਚੋਂ ਨਿਕਲੇ ਜਾਂ ਕੱਢੇ ਲੀਡਰਾਂ ਨੇ ਚੌਥਾ ਫਰੰਟ ਬਣਾਇਆ ਅਤੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ ਤਾਂ ਇਸ ਵੋਟ-ਵੰਡ ਦਾ ਫਾਇਦਾ ਸਾਰੇ ਜਾਣਦੇ ਹਨ ਕਿ ਕਿਸ ਨੂੰ ਹੋਣਾ ਹੈ। ਇਸ ਵੋਟ-ਵੰਡ ਲਈ ਕੇਜਰੀਵਾਲ ਵੀ ਜ਼ਿੰਮੇਵਾਰ ਹਨ। ਹੁਣ ਇੰਨਾ ਕੁਝ ਹੋਣ ਪਿਛੋਂ ਵੀ ਤਾਂ ਦਿੱਲੀ ਟੀਮ ਵਾਲੇ ਵਾਪਿਸ ਭੇਜੇ ਹੀ ਹਨ, ਜੇ ਸਮੇਂ ਸਿਰ ਇਹ ਕਾਰਵਾਈ ਕਰ ਦਿੰਦਾ ਤਾਂ ਬਿਹਤਰ ਹੋਣਾ ਸੀ। ਪੰਜਾਬ ਦੇ ਲੀਡਰਾਂ ਨੂੰ ਅੱਖੋਂ-ਪਰੋਖੇ ਕਰਨਾ ਕੇਜਰੀਵਾਲ ਦਾ ਫੈਸਲਾ ਦਰੁਸਤ ਨਹੀਂ ਲੱਗਾ। ਪਤਾ ਨਹੀਂ ਕਿਸ ਨੀਤੀ ਤਹਿਤ ਕੇਜਰੀਵਾਲ ਨੇ ਪੰਜਾਬ ਵਿਚ ਕੋਈ ਪਾਏਦਾਰ ਪਾਰਟੀ ਲੀਡਰ ਨਹੀਂ ਬਣਨ ਦਿੱਤਾ। ਉਂਜ, ਕੇਜਰੀਵਾਲ ਨੂੰ ਇਹ ਪਤਾ ਲੱਗ ਚੁਕਾ ਹੈ ਕਿ ਪੰਜਾਬ ਦਾ ਆਮ ਵੋਟਰ ਬਾਦਲਾਂ ਤੋਂ ਖਹਿੜਾ ਛੁਡਾਉਣ ਖਾਤਿਰ ਆਪ ਨੂੰ ਵੋਟ ਪਾਉਣ ਲਈ ਮਜਬੂਰ ਹੈ। ਇਸ ਮਜਬੂਰੀ ਨੂੰ ਸਿਆਸੀ ਜਿੱਤ ਸਮਝਣਾ ਬਹੁਤੀ ਸਮਝਦਾਰੀ ਨਹੀਂ। ਮਜਬੂਰ ਇਨਸਾਨ ਰਾਹ ਵੀ ਰੋਕ ਕੇ ਖੜ੍ਹ ਸਕਦਾ ਸ਼ਹੀਦ ਭਗਤ ਸਿੰਘ ਵਾਂਗ! ਅਜੇ ਤੱਕ ਕੇਜਰੀਵਾਲ ਮੁਲਕ ਵਿਚ ਵਸਦੀਆਂ ਘਟਗਿਣਤੀਆਂ ਬਾਰੇ ਵੀ ਕੋਈ ਸਪਸ਼ਟ ਨੀਤੀ ਨਹੀਂ ਅਪਨਾ ਸਕਿਆ। ਅਸਲ ਵਿਚ ਕੇਜਰੀਵਾਲ ਸਮੇਤ ਭਾਰਤ ਦੇ ਸਾਰੇ ਲੀਡਰਾਂ ਦੇ ਰਾਸ਼ਟਰਵਾਦ ਦੀ ਪਰਿਭਾਸ਼ਾ ਇਕੋ ਹੀ ਹੈ- ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਵਾਲੀ। ਇਹਦੇ ਅੰਦਰ ਰਹਿ ਕੇ ਵੀ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰੇ ਤਾਂ ਉਹ ਸਿੱਧਾ ਰਾਸ਼ਟਰ ਵਿਰੋਧੀ, ਵੱਖਵਾਦੀ, ਅਤਿਵਾਦੀ ਮੰਨਿਆ ਜਾਂਦਾ ਹੈ।
ਸਵਾਲ ਫਿਰ ਉਹੀ ਹੈ ਕਿ ਵੋਟ ਕਿਸ ਨੂੰ ਪਾਈਏ? ਇਕ ਗੱਲ ਪੱਕੀ ਲੜ ਬੰਨ੍ਹਣੀ ਪੈਣੀ ਹੈ ਕਿ ਭਾਵੇਂ ਬਾਦਲ ਲੱਖ ਭਰੋਸਾ ਦਿਵਾਉਣ, ਬਿਲਕੁਲ ਯਕੀਨ ਨਾ ਕਰਿਓ! ਕੈਪਟਨ ਨੂੰ ਪੁੱਛੋ ਕਿ ਦਿੱਲੀ ਵਾਲਿਆਂ ਨੇ ਉਹਦੇ ਹੱਥ ਖੁੱਲ੍ਹੇ ਛੱਡੇ ਹਨ ਜਾਂ ਨਹੀਂ? ਉਹਦੀਆਂ ਲੱਤਾਂ ਤਾਂ ਸ਼ਮਸ਼ੇਰ ਸਿੰਘ ਦੂਲੋ ਹੋਰੀਂ ਹੀ ਖਿੱਚੀ ਫਿਰਦੇ ਆ, ਦਿੱਲੀ ਵਾਲੇ ਕਾਕੇ ਦੀ ਤਾਂ ਗੱਲ ਹੀ ਛੱਡੋ! ਹੁਣ ਗੱਲ ਆਉਂਦੀ ਆਮ ਆਦਮੀ ਪਾਰਟੀ ਦੀ ਜਿਸ ਦੇ ਲਈ ਪੰਜਾਬੀ ਤੱਤੇ ਹੋਏ ਪਏ ਆ। ਜੇ ਤਾਂ ਇਹ ਪਾਰਟੀ ਪੰਜਾਬ ਨੂੰ ਡਰੱਗ ਤੇ ਭ੍ਰਿਸ਼ਟਾਚਾਰ ਤੋਂ ਹੀ ਮੁਕਤ ਕਰਨ ਤੱਕ ਸੀਮਤ ਹੈ, ਤਾਂ ਇਹ ਕੋਈ ਬਹੁਤੀ ਮਾਅਰਕੇ ਵਾਲੀ ਗੱਲ ਨਹੀਂ। ਬਾਦਲਾਂ ਨੂੰ ਲਾਹ ਕੇ ਜਿਹਨੂੰ ਮਰਜ਼ੀ ਬਿਠਾ ਦਿਓ, ਇਹ ਕੰਮ ਤਾਂ ਉਹ ਵੀ ਕਰ ਦੇਊਗਾ। ਕੈਪਟਨ ਤਾਂ ਸ਼ਾਇਦ ਇਨ੍ਹਾਂ ਨਾਲੋਂ ਵੀ ਚੰਗੇ ਤਰੀਕੇ ਨਾਲ ਕਰ ਸਕਦਾ ਹੈ। ਪੁੱਛਣ ਵਾਲੀ ਗੱਲ ਹੈ ਕਿ ਇਹ ਪਾਰਟੀ ਪੰਜਾਬ ਦੇ ਡਿੱਗੇ ਸਵੈਮਾਣ ਨੂੰ ਉਸੇ ਬੁਲੰਦੀ ‘ਤੇ ਲੈਜਾਣ ਅਤੇ ਦਹਾਕਿਆਂ ਤੋਂ ਹੁੰਦੇ ਵਿਤਕਰੇ ਨੂੰ ਰੋਕਣ ਲਈ ਕੁਝ ਕਰੇਗੀ? ਪੰਜਾਬੀਆਂ ਨਾਲ ਪਹਿਲਾਂ ਵੀ ਵਾਅਦੇ ਕਰਨ ਵਾਲੇ ਮੁੱਕਰ ਚੁੱਕੇ ਹਨ। ਹੁਣ ਜੇ ਪੰਜਾਬੀਆਂ ਦਾ ਭਰੋਸਾ ਜਿੱਤਣਾ ਹੈ ਤਾਂ ਕੁਝ ਕਰ ਕੇ ਦੱਸਣਾ ਪੈਣਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਬਾਅਦ ਵੋਟ ਪਾਉਣ ਬਾਰੇ ਫੈਸਲਾ ਕਰ ਲਓ; ਨਹੀਂ ਤਾਂ ਮਾਰਕ ਟਵੇਨ ਦਾ ਕਿਹਾ ਤਾਂ ਫਿਰ ਸੱਚ ਹੈ ਈ!