ਨੌਂ ਦੋ ਗਿਆਰਾਂ ਹੋਣਾ

ਬਲਜੀਤ ਬਾਸੀ
ਵਿਦਿਆਰਥੀ (ਹਿਸਾਬ ਮਾਸਟਰ ਨੂੰ)- ਸਰ ਅੰਗਰੇਜ਼ੀ ਦੇ ਟੀਚਰ ਅੰਗਰੇਜ਼ੀ ਵਿਚ ਬੋਲਦੇ ਹਨ, ਪੰਜਾਬੀ ਦੇ ਪੰਜਾਬੀ ਵਿਚ ਤੇ ਹਿੰਦੀ ਦੇ ਹਿੰਦੀ ਵਿਚ, ਫਿਰ ਤੁਸੀਂ ਹਿਸਾਬ ਵਿਚ ਕਿਉਂ ਨਹੀਂ ਬੋਲਦੇ?
ਮਾਸਟਰ- ਬਾਹਲਾ ਤਿੰਨ ਪੰਜ ਨਾ ਕਰ, ਫਟਾ ਫਟ ਨੌਂ ਦੋ ਗਿਆਰਾਂ ਹੋ ਜਾ ਨਹੀਂ ਤਾਂ ਪੰਜ ਸੱਤ ਜੜ ਕੇ ਸੱਤਵੇਂ ਅਸਮਾਨ ਪਹੁੰਚਾ ਦਊਂ।

ਅਸੀਂ ਬਥੇਰੀਆਂ ਗੱਲਾਂ ਹਿਸਾਬ ਵਿਚ ਕਰਦੇ ਹਾਂ ਤੇ ਹੋਰ ਬਥੇਰੀਆਂ ਬੇਹਿਸਾਬੀਆਂ ਵੀ। ਜਿੰæਦਗੀ ਹਿਸਾਬ-ਕਿਤਾਬ ਤੇ ਗਿਣਤੀ-ਮਿਣਤੀ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਇਸੇ ਕਰਕੇ ਮੁਹਾਵਰੇ ਕਹਾਵਤਾਂ ਵਿਚ ਵੀ ਗਣਿਤ ਦੇ ਮੁਢਲੇ ਤੱਤਾਂ ਯਾਨਿ ਅੰਕਾਂ ਨੂੰ ਬਣਦਾ ਹਿੱਸਾ ਮਿਲਿਆ ਹੈ। ਜ਼ਰਾ ਸੁਣੋ: ਛੇ ਚਾਰ ਕਰਨਾ; ਨਾ ਤਿੰਨਾਂ ‘ਚ, ਨਾ ਤੇਰਾਂ ‘ਚ; ਤਿੰਨ ਤੇਰਾਂ ਕਰਨਾ; ਇੱਕ ਇੱਕ ਤੇ ਦੋ ਗਿਆਰਾਂ; ਉਨੀ-ਇੱਕੀ ਦਾ ਫਰਕ; ਨੌਤੀ ਸੌ; ਚਾਰ ਸੌ ਵੀਹ ਕਰਨਾ; ਦੋ ਚਾਰ ਹੋਣਾ, ਡਾਢੇ ਦਾ ਸੱਤੀਂ ਵੀਹੀ ਸੌ; ਅੱਠੋ ਅੱਠ ਮਾਰਨਾ ਆਦਿ। ਹਥਲੇ ਮੁਹਾਵਰੇ ਤੋਂ ਬਿਨਾ ਨੌਂ ਅੰਕ ਨਾਲ ਜੁੜੇ ਹੋਰ ਵੀ ਬਥੇਰੇ ਮੁਹਾਵਰੇ ਹਨ: ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ; ਨੌਂ ਨਿਧਾਂ, ਬਾਰਾਂ ਸਿਧਾਂ; ਨੌਂ ਨਕਦ ਨਾ ਤੇਰਾਂ ਉਧਾਰ; ਨੌਂ ਦਿਨ ਚੱਲੇ ਤੇ ਢਾਈ ਕੋਹ; ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ; ਨੌਂ ਤੀਆ ਬਾਈ ਕਰਨਾ ਆਦਿ। ਕਈ ਮੁਹਾਵਰਿਆਂ ਵਿਚ ਅੰਕਾਂ ਦੀ ਵਰਤੋਂ ਤੋਂ ਭਾਰਤੀ ਸਭਿਆਚਾਰ ਦੀਆਂ ਖਾਸੀਅਤਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਜਿਵੇਂ ਛੱਤੀ ਪਦਾਰਥ, ਸੋਲਾ ਕਲਾਂ ਸੰਪੂਰਨ, ਨੌਂ ਨਿਧਾਂ, ਸਵਾ ਲੱਖ ਆਦਿ।
ਮੁਹਾਵਰਿਆਂ, ਖਾਸ ਤੌਰ ‘ਤੇ ਕਹਾਵਤਾਂ ਦੇ ਸਬੰਧ ਵਿਚ ਦਿੱਕਤ ਇਹ ਹੈ ਕਿ ਇਨ੍ਹਾਂ ਦੀ ਮੁੱਢੀ ਲੱਭਣਾ ਕਰੀਬ ਅਸੰਭਵ ਹੁੰਦਾ ਹੈ। ਕਈ ਕਹਾਵਤਾਂ ਅਗਿਆਤ ਲੋਕ ਕਵੀਆਂ ਦੀਆਂ ਕਵਿਤਾਵਾਂ ਦੇ ਸਭ ਤੋਂ ਤਿੱਖੇ ਬਿਆਨ ਹਨ ਜੋ ਸਾਡੇ ਤੱਕ ਮੂੰਹੋਂ ਮੂੰਹ ਪਹੁੰਚ ਗਏ। ਏਹੀ ਕਹਾਵਤਾਂ ਜਦ ਹੋਰ ਉਘੇ ਕਵੀਆਂ ਦੀਆਂ ਲਿਖਤਾਂ ਵਿਚ ਆਉਂਦੀਆਂ ਹਨ ਤਾਂ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਉਨ੍ਹਾਂ ਦੀ ਹੀ ਘਾੜਤ ਹਨ। ਗੁਰੂਆਂ, ਭਗਤਾਂ ਅਤੇ ਸੂਫੀ ਕਵੀਆਂ-ਕਿੱਸਾਕਾਰਾਂ ਦੇ ਨਾਂ ਲਾਈਆਂ ਜਾਂਦੀਆਂ ਕਈ ਕਹਾਵਤਾਂ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ। ਬਹੁਤ ਸਾਰੀਆ ਕਹਾਵਤਾਂ ਦੇ ਅਰੰਭ ਦੀ ਵਿਆਖਿਆ ਬਾਰੇ ਜਾਂ ਤਾਂ ਕੋਈ ਝੂਠੀ ਸੱਚੀ ਕਹਾਣੀ ਪੇਸ਼ ਕਰ ਦਿੱਤੀ ਜਾਂਦੀ ਹੈ ਜਾਂ ਇਸ ਨੂੰ ਤਰਕ ਨਾਲ ਸੁਲਝਾਉਣ ਦਾ ਯਤਨ ਕੀਤਾ ਜਾਂਦਾ ਹੈ। ਵਾਸਤਵ ਵਿਚ ਬਹੁਤ ਸਾਰੇ ਮੁਹਾਵਰੇ, ਕਹਾਵਤਾਂ ਸਵੈ ਸਿੱਧ ਹੀ ਹੁੰਦੇ ਹਨ ਪਰ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿ ਸਭ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਕਿਸ ਨੇ, ਕਿਸ ਪ੍ਰਸੰਗ ਵਿਚ, ਕਿਸ ਮਨਸ਼ੇ ਨਾਲ ਕੀਤੀ ਹੋਵੇਗੀ। ਫਿਰ ਕਿਸੇ ਨੇ ਕੋਈ ਖਾਸ ਸ਼ਬਦ ਹੀ ਕਿਉਂ ਵਰਤਿਆ ਹੈ, ਇਸ ਗੱਲ ਦਾ ਵੀ ਅਟਕਲ ਹੀ ਲਾਇਆ ਜਾ ਸਕਦਾ ਹੈ, ਯਕੀਨੀ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਮਿਸਾਲ ਵਜੋਂ ‘ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ’ ਵਿਚ ਨੌਂ ਮਣ ਤੇਲ ਕਿਹਾ ਗਿਆ ਹੈ, ਦਸ ਮਣ ਕਿਉਂ ਨਹੀਂ? ਸੰਭਵ ਹੈ ਇਸ ਲਈ ਕਿ ਨੌਂ ਦਾ ਹਿੰਦਸਾ ਅੰਕਾਂ ਵਿਚ ਸਭ ਤੋਂ ਵੱਡਾ ਹੁੰਦਾ ਹੈ। ਏਹੋ ਗੱਲ ਨੌਂ ਨਕਦ ਨਾ ਤੇਰਾਂ ਉਧਾਰ ਅਤੇ ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਿਚਲੇ ਨੌਂ ਬਾਰੇ ਕਹੀ ਜਾ ਸਕਦੀ ਹੈ। ‘ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ’ ਵਿਚ ਨੌਂ ਅਤੇ ਸੌ ਦਾ ਕਾਫੀਆ ਮਿਲਦਾ ਹੈ ਤੇ ਪੁਰਾਣੇ ਕਵੀਆਂ ਦੀ ਮੁੱਖ ਚਿੰਤਾ ਕਾਫੀਆ ਮਿਲਾਉਣਾ ਹੀ ਹੁੰਦੀ ਸੀ। ਧਿਆਨ ਰਹੇ, ਇਨ੍ਹਾਂ ਕਹਾਵਤਾਂ ਵਿਚ ‘ਨ’ ਧੁਨੀ ਦਾ ਅਨੁਪ੍ਰਾਸ ਕਹਾਵਤ ਨੂੰ ਹੋਰ ਵੀ ਸੁਖਾਵਾਂ ਬਣਾਉਂਦਾ ਹੈ। ‘ਨੌਂ ਬਰ ਨੌਂ’ ਵਿਚਲੇ ਨੌਂ ਦਾ ਸਬੰਧ ਨੌਂ ਅੰਕ ਨਾਲ ਨਹੀਂ, ਏਥੇ ਨੌ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਨਵਾਂ ਹੈ ਅਤੇ ਇਹ ਇਸ ਦਾ ਸੁਜਾਤੀ ਵੀ ਹੈ। ਸੋ ਮੁਹਾਵਰੇ ਦਾ ਸ਼ਾਬਦਿਕ ਅਰਥ ਹੋਇਆ, ਨਵੇਂ ਦਾ ਨਵਾਂ ਅਰਥਾਤ ਨਰੋਏ ਦਾ ਨਰੋਆ।
‘ਨੌਂ ਦੋ ਗਿਆਰਾਂ ਹੋਣਾ’ ਮੁਹਾਵਰੇ ਦਾ ਅਰਥ ਹੈ, ਕਿਸੇ ਅਣਸੁਖਾਵੀਂ ਸਥਿਤੀ ਦੇ ਹੁੰਦਿਆਂ ਖਿਸਕ ਜਾਣਾ, ਦੇਖਦੇ ਦੇਖਦੇ ਭਜ ਜਾਣਾ, ਚਲਦਾ ਹੋਣਾ। ਇਸ ਬਾਰੇ ਕੁਝ ਤਰਕ ਕਰੀਏ। ਜਿਵੇਂ ਪਹਿਲਾਂ ਦੱਸ ਚੁਕੇ ਹਾਂ, ਅੰਕਾਂ ਵਿਚੋਂ ਨੌਂ ਦੀ ਗਿਣਤੀ ਸਭ ਤੋਂ ਵੱਡੀ ਹੈ, ਇਸ ਪਿਛੋਂ ਦੋ ਅੰਕਾਂ ਵਾਲੀਆਂ ਗਿਣਤੀਆਂ ਜਿਵੇਂ ਦਸ, ਗਿਆਰਾਂ ਆਦਿ ਆਉਂਦੀਆਂ ਹਨ। ਨੌਂ ਵਿਚ ਦੋ ਜੋੜਨ ਨਾਲ ਗਿਆਰਾਂ ਹਾਸਿਲ ਹੁੰਦੇ ਹਨ ਅਰਥਾਤ ਦੋ ਗਿਣਤੀਆਂ, ਨੌਂ ਤੇ ਦੋ, ਗਾਇਬ ਹੋ ਕੇ ਇਕ ਸੰਖਿਆ ਬਣ ਗਈ ਗਿਆਰਾਂ। ਇਥੇ ਗਾਇਬ ਹੋਣ, ਗੁੰਮ ਹੋਣ, ਅਲੋਪ ਹੋਣ ਦਾ ਸੰਕਲਪ ਸਪੱਸ਼ਟ ਹੋ ਰਿਹਾ ਹੈ। ਜਦ ਕੋਈ ਭਜਦਾ ਹੈ ਤਾਂ ਉਹ ਅੱਖੋਂ ਉਹਲੇ ਹੁੰਦਾ ਹੈ। ਇਸ ਆਸ਼ੇ ਲਈ ਅੰਗਰੇਜ਼ੀ ਮੁਹਾਵਰਾ ਹੈ ‘ਘeਟ æੋਸਟ’ ਜਿਸ ਵਿਚ ਵੀ ਗੁੰਮ ਜਾਂ ਗਾਇਬ ਹੋਣ ਵਾਲੀ ਗੱਲ ਉਭਰ ਰਹੀ ਹੈ। ਪੰਜਾਬੀ ਵਿਚ ਲਗਭਗ ਇਸੇ ਅਰਥ ਵਾਲਾ ਇਕ ਹੋਰ ਮੁਹਾਵਰਾ ਹੈ, ‘ਰਫੂ ਚੱਕਰ ਹੋਣਾ।’ ਅਜਿਤ ਵਡਨੇਰਕਰ ਨੇ ਇਸ ਦੀ ਸੰਤੋਖਜਨਕ ਤਾਰਕਿਕ ਵਿਆਖਿਆ ਕੀਤੀ ਹੈ। ਰਫੂ ਕਰਦਿਆਂ ਦਰਜ਼ੀ ਕਪੜੇ ਦੀ ਮੋਰੀ ਨੂੰ ਇਕ ਚੱਕਰਦਾਰ ਢੰਗ ਨਾਲ ਬੁਣਦਿਆਂ ਮੋਰੀ ਨੂੰ ਗਾਇਬ ਕਰ ਦਿੰਦਾ ਹੈ ਜਿਸ ਤੋਂ ‘ਰਫੂ ਚੱਕਰ ਹੋਣਾ’ ਦਾ ਅਰਥ ਗਾਇਬ ਹੋਣਾ, ਅੱਖੋਂ ਓਝਲ ਹੋਣਾ ਸਹੀ ਹੁੰਦਾ ਹੈ। ਇਸ ਆਸ਼ੇ ਲਈ ਪੰਜਾਬੀ ਵਿਚ ਇਕ ਹੋਰ ਮੁਹਾਵਰਾ ਵਰਤ ਹੁੰਦਾ ਹੈ, ਫੁੱਟ ਜਾਣਾ ਜਿਵੇਂ ‘ਫੁੱਟ ਏਥੋਂ।’ ਫੁੱਟਣ ਵਿਚ ਵੀ ਦੂਰ ਹੋਣ, ਅੱਖਾਂ ਤੋਂ ਪਰੇ ਹੋਣ ਦਾ ਭਾਵ ਝਲਕਦਾ ਹੈ।
ਇਥੇ ਮੁਹਾਵਰਿਆਂ ਦੀ ਉਤਪਤੀ ਬਾਰੇ ਇਕ ਹੋਰ ਗੱਲ ਯਾਦ ਆਈ। ਮੌਕੇ ਅਨੁਸਾਰ ਮੁਹਾਵਰੇ ਅਤੇ ਕਹਾਵਤਾਂ ਨਾ ਸਿਰਫ ਬਦਲ ਜਾਂਦੇ ਹਨ ਬਲਕਿ ਸੈਲ ਵਿਭਾਜਨ ਵਾਂਗ ਇਕ ਤੋਂ ਹੋਰ ਮੁਹਾਵਰੇ ਵੀ ਬਣ ਜਾਂਦੇ ਹਨ। ਕਿਸੇ ਨੇ ਦੂਜੇ ਨੂੰ ‘ਫੁੱਟ ਏਥੋਂ’ ਦੀ ਥਾਂ ਕਹਿ ਦਿੱਤਾ ‘ਚੱਲ ਫੁੱਟਾਂ ਖਾਹ’ ਤਾਂ ਇਸ ਤਰ੍ਹਾਂ ਇਕ ਹੋਰ ਮੁਹਾਵਰਾ ਹੋਂਦ ਵਿਚ ਆ ਗਿਆ। ‘ਫੁੱਟਾਂ ਖਾਹ’ ਵਾਲਾ ਮੁਹਾਵਰਾ ਮੈਂ ਖੁਦ ਕੁਝ ਇਕ ਵਾਰੀ ਸੁਣਿਆ ਹੈ, ਸ਼ਾਇਦ ਹੋਰਾਂ ਨੇ ਵੀ ਸੁਣਿਆ ਹੋਵੇ। ਟਾਲ ਮਟੋਲ ਕਰਨਾ ਦੇ ਅਰਥਾਂ ਵਿਚ ਇਕ ਮੁਹਾਵਰਾ ਹੈ, ਨੌਂ ਤੀਆ ਬਾਈ ਕਰਨਾ। ਇਸ ਦਾ ਇਕ ਰੁਪਾਂਤਰ ਹੈ ‘ਨੌਂ ਤੇਰਾਂ ਬਾਈ ਕਰਨਾ’ ਮੇਰਾ ਵਿਚਾਰ ਹੈ ਕਿ ਏਹੀ ਮੁਹਾਵਰਾ ਮੌਲਿਕ ਹੈ ਕਿਉਂਕਿ 9+13=22 ਹੁੰਦੇ ਹਨ ਜਦ ਕਿ ਨੌਂ ਤੀਆ ਬਾਈ ਨਹੀਂ ਬਣਦੇ।
ਨੌਂ ਦੋ ਗਿਆਰਾਂ ਦੀ ਇਕ ਹੋਰ ਵਿਆਖਿਆ ਵੀ ਹੋ ਸਕਦੀ ਹੈ। ਬੰਦੇ ਦੀਆਂ ਦੋ ਖੜੀਆਂ ਲੱਤਾਂ ਦੋ ਨਾਲੋ ਨਾਲ ਲਿਖੇ ਏਕਿਆਂ ਅਰਥਾਤ ਗਿਆਰਾਂ (11) ਵਾਂਗ ਲਗਦੀਆ ਹਨ। ਦੋ ਲੱਤਾਂ ਨਾਲ ਹੀ ਅਸੀਂ ਚੱਲਦੇ, ਦੌੜਦੇ, ਟਿਭਦੇ, ਕਿਸੇ ਅਣਸੁਖਾਵੀਂ ਸਥਿਤੀ ਤੋਂ ਖਿਸਕਦੇ ਹਾਂ। ਸੋ, ‘ਨੌਂ ਦੋ ਗਿਆਰਾਂ’ ਦਾ ਅਰਥ ਬਣਦਾ ਹੈ ਗਿਆਰਾਂ ਬਣ ਜਾਣਾ ਮਤਲਬ ਦੋ ਲੱਤਾਂ ਦੀ ਵਰਤੋਂ ਕਰਕੇ ਦੌੜ ਜਾਣਾ। ਚੇਤੇ ਰਹੇ, ‘ਗਿਆਰਾਂ ਨੰਬਰ ਦੀ ਬੱਸ ‘ਤੇ ਆਉਣਾ’ ਦਾ ਭਾਵ ਹੁੰਦਾ ਹੈ ਦੋ ਲੱਤਾਂ ਨਾਲ ਚੱਲ ਕੇ ਆਉਣਾ।
1957 ਵਿਚ ‘ਨੌਂ ਦੋ ਗਿਆਰਾਂ’ ਨਾਂ ਦੀ ਇਕ ਫਿਲਮ ਵੀ ਆਈ ਸੀ। ਫਿਲਮ ਵਿਚ ਕਿਰਾਇਆ ਨਾ ਦੇ ਸਕਣ ਕਾਰਨ ਹੀਰੋ ਦੇਵ ਅਨੰਦ ਨੂੰ ਘਰੋਂ ਬਾਹਰ ਕਢ ਦਿੱਤਾ ਜਾਂਦਾ ਹੈ। ਉਹ ਆਪਣੇ ਇਕ ਦੋਸਤ ਕੋਲ ਜਾ ਠਹਿਰਦਾ ਹੈ ਜੋ ਉਸ ਦੀ ਡਾਕ ਵੰਡਣ ਵਿਚ ਮਦਦ ਕਰਦਾ ਸੀ। ਉਥੇ ਉਹ ਉਸ ਦੇ ਚਾਚੇ ਵਲੋਂ ਆਈ ਇਕ ਚਿੱਠੀ ਦੇਖਦਾ ਹੈ ਜਿਸ ਵਿਚ ਲਿਖਿਆ ਹੁੰਦਾ ਹੈ ਕਿ ਉਸ ਨੇ ਦੇਵ ਅਨੰਦ ਨੂੰ ਗਿਆਰਾਂ ਲੱਖ ਰੁਪਏ ਦੇਣ ਦੀ ਵਸੀਅਤ ਲਿਖ ਦਿੱਤੀ ਹੈ (ਨੋਂ ਲੱਖ ਦੀ ਜਾਇਦਾਦ ਅਤੇ ਦੋ ਲੱਖ ਨਕਦ ਯਾਨਿ 9+2=11)। ਬਾਕੀ ਸਾਰੀ ਕਹਾਣੀ ਵਿਚ ਵਸੀਅਤ ਅਨੁਸਾਰ ਇਹ ਸਾਰੀ ਮਾਇਆ ਬਟੋਰਨ ਦੀ ਭਜ ਨੱਠ ਹੈ। ਬੰਬਈਆ ਫਿਲਮਾਂ ਵਿਚ ਹੀਰੋ ਹੀਰੋਇਨ ਦਾ ਰੁਮਾਂਸ ਤਾਂ ਜ਼ਰੂਰੀ ਹੁੰਦਾ ਹੈ। ਇਸ ਫਿਲਮ ਵਿਚ ਦੇਵ ਅਨੰਦ ਕਲਪਨਾ ਕਾਰਤਿਕ ਨੂੰ ਨੌਂ ਦੋ ਗਿਆਰਾਂ ਕਰਕੇ ਹੀ ਵਸੀਅਤ ਹਥਿਆਉਣ ਜਾਂਦਾ ਹੈ।
ਆਪਾਂ ਆਪਣੇ ਵਲੋਂ ਮੁਹਾਵਰੇ ਦੀਆਂ ਸੰਭਵ ਵਿਆਖਿਆਵਾਂ ਦੇ ਕੇ ਨੌਂ ਦੋ ਗਿਆਰਾਂ ਹੋ ਰਹੇ ਹਾਂ। ਹੁਣ ਪਾਠਕ ਜਾਣਨ ਕਿ ਉਹ ਕਿਸ ਨੂੰ ਸਹੀ ਸਮਝਦੇ ਹਨ।