ਤੁਹਮਤਾਂ ਦੇ ਤੀਰ, ਵਿਸ਼ੇਸ਼ਣਾਂ ਦੀ ਢਾਲ ਤੇ ਸਭਿਆਚਾਰਕ ਬਰਬਰਤਾ

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਛਪੇ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਟਿੱਪਣੀਆਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਭੇਜਿਆ ਲੇਖ ਅਸੀਂ 24 ਸਤੰਬਰ ਵਾਲੇ ਅੰਕ ਵਿਚ ਪਾਠਕਾਂ ਦੀ ਨਜ਼ਰ ਕਰ ਚੁਕੇ ਹਾਂ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰਭਸ਼ਰਨਬੀਰ ਸਿੰਘ ਨੇ ਇਕ ਲੇਖ ਭੇਜਿਆ ਸੀ ਜੋ ਅਸੀਂ ਪਹਿਲੀ ਅਕਤੂਬਰ ਦੇ ਅੰਕ ਵਿਚ ਛਾਪਿਆ ਸੀ।

ਉਸ ਲੇਖ ਵਿਚ ਉਨ੍ਹਾਂ ਆਪਣੇ ਨਜ਼ਰੀਏ ਤੋਂ ਕੁਝ ਸਵਾਲ ਉਠਾਏ ਸਨ। ਉਸੇ ਲੇਖ ਦੇ ਪ੍ਰਤੀਕਰਮ ਵਿਚ ਹਥਲਾ ਲੇਖ ਪ੍ਰੋæ ਅਵਤਾਰ ਸਿੰਘ ਨੇ ਭੇਜਿਆ ਹੈ ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਸਾਡਾ ਮਨੋਰਥ ਪਾਠਕਾਂ ਨੂੰ ਵਿਚਾਰ-ਚਰਚਾ ਲਈ ਇਕ ਮੰਚ ਮੁਹੱਈਆ ਕਰਨਾ ਹੈ, ਕਿਸੇ ਦਾ ਪੱਖ ਲੈਣਾ ਨਹੀਂ। ਪ੍ਰਤੀਕਰਮ ਵਜੋਂ ਆਈਆਂ ਹੋਰ ਰਚਨਾਵਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬਸ, ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384

ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਕਾਵਿ ਵਿਸ਼ਲੇਸ਼ਣ ਵਿਚ ਪੰਜਾਬੀ ਕਾਵਿ ਮੰਡਲ ਨੂੰ ਜੰਗ ਦਾ ਅਖਾੜਾ ਬਣਾ ਧਰਿਆ ਜਿਸ ਵਿਚ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਨੂੰ ਇਕ ਦੂਸਰੇ ਦੇ ਟਾਕਰੇ ‘ਤੇ ਲਿਆ ਖੜ੍ਹੇ ਕੀਤਾ। ਮਹਿਬੂਬ ਦੀ ਕਵਿਤਾ ਨੂੰ ਵਿਸ਼ਵ ਦੀ ਸਰਬੋਤਮ ਕਵਿਤਾ ਮੰਨ ਕੇ ਪਾਤਰ ਦੀ ਕਵਿਤਾ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਇਹ ਨੇਕੀ ਅਤੇ ਬਦੀ ਦੇ ਬਿੰਬ ਨਹੀਂ, ਬੰਬ ਹੋਣ। ਅਸਹਿਮਤੀ ਪ੍ਰਗਟ ਕੀਤੀ ਤਾਂ ਉਸ ਨੂੰ ਇਤਰਾਜ਼ ਹੋਇਆ ਕਿ ਮੈਂ ਪਾਤਰ ਦੀ ਕਵਿਤਾ ਲਈ ਵਿਸ਼ੇਸ਼ਣ ਕਿਉਂ ਵਰਤੇ!
ਦੱਸਿਆ ਗਿਆ ਹੈ ਕਿ ਉਹ ਕਿਸੇ ਬਾਹਰਲੀ ਯੂਨੀਵਰਸਿਟੀ ਵਿਚ ਅਧਿਆਪਕ ਹੈ, ਕਿੱਥੇ, ਕਾਹਦਾ ਅਤੇ ਕਦੋਂ ਦਾ ਅਧਿਆਪਕ ਹੈ, ਕਿਸੇ ਨੇ ਕੀ ਲੈਣਾ ਪਰ, ਗੁਰ ਫੁਰਮਾਨ “ਵਾਹੁ ਵਾਹੁ ਕਰਤਿਆ ਸੋਭਾ ਪਾਇ” ਦੇ ਵਿਪਰੀਤ ਜਾਤੀ, ਜ਼ਾਤੀ ਅਤੇ ਜਮਾਤੀ ਕੀਨੇ, ਸਾੜੇ ਅਤੇ ਨਫਰਤ ਦੀਆਂ ਪੰਡਾਂ ਅਧਿਆਪਕਾਂ ਦੇ ਸਿਰੀਂ ਸੋਭਦੀਆਂ ਨਹੀਂ। ਇਹ ਬਦਖੂ ਪੰਡਾਂ ਵਿਸ਼ੇਸ਼ਣ ਪਸੰਦ ਨਹੀਂ ਕਰਦੀਆਂ।
ਉਸ ਨੂੰ ਗਿਲਾ ਹੈ ਕਿ ਪਾਤਰ ਦੀ ਕਵਿਤਾ ਦੇ ਹੱਕ ਵਿਚ ਕੋਈ ਕਿਉਂ ਨਿਤਰਿਆ, ਇਕ ਕਵੀ ਨੂੰ ਚੁੱਕਣ ਲਈ ਦੂਜੇ ਨੂੰ ਡੁਬੋਣਾ ਸਹਿਣ ਕਿਉਂ ਨਾ ਕੀਤਾ, ਉਸ ਦੀ ਤੁਹਮਤੀ ਸ਼ਮਸ਼ੀਰ ਦੇ ਸਾਹਮਣੇ ਕਿਸੇ ਨੇ ਵਿਸ਼ੇਸ਼ਣੀ ਢਾਲ ਅੱਗੇ ਕਿਉਂ ਕੀਤੀ ਅਤੇ ਉਸ ਦੇ ਅਗਨ ਬਾਣ ਨੂੰ ਪਾਣੀ ਦੀ ਫੁਹਾਰ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਿਉਂ ਕੀਤੀ। ਜੇ ਕੋਈ ਵਿਚਾਰ-ਵਟਾਂਦਰੇ ਨੂੰ ਜੰਗ ਦਾ ਅਖਾੜਾ ਬਣਾ ਲਵੇ ਅਤੇ ਟਕੂਏ ਵਰਗੇ ਤੁਹਮਤੀ ਤੀਰਾਂ ਦੀ ਬੁਛਾੜ ਕਰੇ ਤਾਂ ਉਸ ਦੇ ਜਵਾਬ ਵਿਚ ਵਿਸ਼ੇਸ਼ਣਾਂ ਦੀ ਢਾਲ ਦੀ ਵਰਤੋ ਸਹੀ ਹੈ। ਸ਼ਾਇਦ ਉਸ ਨੂੰ ਪਤਾ ਨਹੀਂ ਕਿ ਤੁਹਮਤਾਂ ਨਸ਼ਟ ਕਰਦੀਆਂ ਤੇ ਵਿਸ਼ੇਸ਼ਣ ਪਾਲਦੇ ਹਨ। ਕਵਿਤਾ ਨੂੰ ਪਾਲਣਾ ਪਾਪ ਨਹੀਂ। ਜੇ ਉਸ ਮੁਤਾਬਕ ਕਵਿਤਾ ਦੀ ਦਾਦ ਦੇਣਾ ਪਾਪ ਹੈ, ਤਾਂ ਇਹ ਪਾਪ ਮੇਰੇ ਲਈ ਮੁਬਾਰਕ ਹੈ।
ਉਸ ਅਨੁਸਾਰ ਵਿਸ਼ਵ ਦੀ ਸਿਰਮੌਰ ਕਵਿਤਾ ਦੇ ਮੁਜੱਸਮੇ ਮਹਿਬੂਬ ਦੀ ਕਾਵਿਕ ਪਿੱਠਭੂਮੀ ਬਾਬਤ ਥੋੜ੍ਹਾ ਜਿਹਾ ਜਾਣ ਲੈਣਾ ਜ਼ਰੂਰੀ ਹੋ ਗਿਆ ਹੈ। ਆਕੀ ਬੌਧਿਕਤਾ ਦੇ ਪਟਿਆਲਾ ਘਰਾਣੇ ਅਰਥਾਤ ਭੂਤਵਾੜੇ ਦੀ ਅਸ਼ਾਲੀਨ ਆਬੋ-ਹਵਾ ਵਿਚ ਪਲੇ ਭੂਤਾਂ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨੂੰ ਉਮਰ ਭਰ ਹਿਰਖ ਰਿਹਾ ਕਿ ਸਦੀਆਂ ਤੋਂ ਸਿੱਖ ਜਪੁਜੀ ਸਾਹਿਬ ਦਾ ਪਾਠ ਕਰ ਕਰ ਕੇ ਅੱਕੇ ਅਤੇ ਥੱਕੇ ਕਿਉਂ ਨਹੀਂ। ਮਹਿਬੂਬ ਸਾਹਿਬ ਖੁਦ ਦੱਸਦੇ ਸਨ ਕਿ ਇਸੇ ਸੇਖੋਂ ਨੂੰ ਉਹ ਖੁਦ ਸਿਰਦਾਰ ਕਪੂਰ ਸਿੰਘ ਦੇ ਬਰਖਿਲਾਫ ਗਲ ਪੈਣ ਲਈ ਚੁੱਕਦੇ ਤੇ ਉਕਸਾਉਂਦੇ ਰਹੇ ਸਨ। ਇਸ ਭੂਤਵਾੜੇ ਵਿਚ ਅਖਬਾਰਾਂ ਨੂੰ ਬਿਸਤਰ ਅਤੇ ਦਸਤਰਖਾਨ ਵਜੋਂ ਵਰਤਣਾ ਮਜਬੂਰੀ ਨਹੀਂ, ਸ਼ੌਂਕ ਸਮਝਿਆ ਜਾਂਦਾ ਸੀ। ਕਿਸੇ ਦੇ ਨਵੇਂ ਝੱਗੇ ਨੂੰ ਚੂਹਿਆਂ ਦੀ ਖੁੱਡ ‘ਚ ਤੁੰਨ੍ਹ ਦੇਣਾ ਰਚਨਾਤਮਕ ਮਸ਼ਗੂਲਾ ਸੀ। ਕਿਸੇ ਦੇ ਕੱਛੇ/ਕੱਛੀ ਨੂੰ ਬਾਂਸ ‘ਤੇ ਟੰਗ ਕੇ ਭੂਤਵਾੜੇ ਦਾ ਨਿਸ਼ਾਨ ਸਾਹਿਬ ਦੱਸਿਆ ਜਾਂਦਾ ਸੀ। ਇਨ੍ਹਾਂ ਮਹਾਨ ਕਾਰਿਆਂ ਵਿਚ ਨਾ ਸ਼ਾਮਲ ਹੋਣ ਵਾਲਿਆਂ ਦੇ ਘਰੋਂ, ਸ਼ਰਾਰਤੀ ਚੋਰੀ ਕਰ ਕੇ ਲਿਆਂਦੇ ਪੈਸਿਆਂ ਨਾਲ ਕੜਾਹ ਪ੍ਰਸ਼ਾਦ ਬਣਾ ਕੇ ਵਿਚ ਬੀ ਕੰਪਲੈਕਸ ਦੇ ਕੈਪਸੂਲ ਰਲਾ ਕੇ ਕੁੱਤਿਆਂ ਅੱਗੇ ਰੱਖ ਕੇ ਪਰਖਿਆ ਜਾਂਦਾ ਸੀ ਕਿ ਖਾਣਾ ਠੀਕ ਵੀ ਹੈ ਕਿ ਨਹੀਂ। ਅਜਿਹੇ ਕੁਬੁੱਧ ਪ੍ਰਬੋਧ ਮੰਡਲ ਦੇ ਮੁਲਖੱਈਆ ਸੁਹਜ ਵਿਚ ਮਹਿਬੂਬ ਦੀ ਕਾਵਿਕ ਤਰਬੀਅਤ ਹੋਈ ਜਿਸ ਤੋਂ ਮੁਕਤ ਹੋਣ ਲਈ ਉਹ ਯਤਨਸ਼ੀਲ ਵੀ ਰਹੇ। ਉਹ ਖੁਦ ਮੰਨਦੇ ਸਨ ਕਿ ਭਾਈ ਵੀਰ ਸਿੰਘ ਦੀ ਕਾਵਿ ਪ੍ਰਤਿਭਾ ਅਤੇ ਅਜ਼ਮਤ ਬਾਬਤ ਕੁਫਰ ਤੋਲਣ ਅਤੇ ਬੋਲਣ ਤੋਂ ਉਨ੍ਹਾਂ ਨੂੰ ਡਾæ ਤਿਵਾੜੀ ਨੇ ਟੋਕਿਆ ਅਤੇ ਰੋਕਿਆ ਸੀ। ਜਲੰਧਰ ਹਸਪਤਾਲ ਵਿਚ ਖਬਰਸਾਰ ਲਈ ਗਿਆਂ ਮਹਿਬੂਬ ਸਾਹਿਬ ਕਹਿਣ ਲੱਗੇ, “ਰਾਤੀਂ ਮੇਰੇ ਸੁਪਨੇ ‘ਚ ਕਪੂਰ ਸੋਂਹ ਆਇਆ ਤਾਂ ਮੈਨੂੰ ਦੇਖਦੇ ਸਾਰ ਪਿਛੇ ਮੁੜ ਗਿਆ। ਮੈਂ ਪਿਛਿਉਂ ਅਵਾਜ਼ ਮਾਰ ਕੇ ਕਿਹਾ- ਕਪੂਰ ਸਿਆਂ ਤੈਂ ਕੱਖ ਨੀਂ ਕੀਤਾ।”
ਪ੍ਰਭਸ਼ਰਨਬੀਰ ਮੁਤਾਬਕ ਅਜੋਕੇ ਯੁੱਗ ਦਾ ਬਿਹਤਰੀਨ ਪੰਜਾਬੀ ਸਾਹਿਤ ਇਸੇ ਭੂਤਵਾੜੇ ਦੀ ਦੇਣ ਹੈ। ਉਸ ਨੇ ਭੂਤਵਾੜੇ ਨੂੰ ਇਵੇਂ ਪੇਸ਼ ਕੀਤਾ ਹੈ, ਜਿਵੇਂ ਇਹ ਪਲੈਟੋ ਦੀ ਅਕਾਦਮੀ ਹੋਵੇ; ਜਿਥੇ ਅਗਵਾ ਹੋਈ ਯੂਨਾਨੀ ਸੁੰਦਰੀ ਹੈਲਨ ਦੀ ਭਾਲ ਵਿਚ ਭਟਕਦੇ ਭਰਾਵਾਂ ਨੂੰ ਅਕਾਦਮੀਆ ਨਾਂ ਦੇ ਬਾਗਬਾਨ ਨੇ ਦੱਸ ਪਾਈ ਸੀ। ਉਸ ਦੀ ਚੌਕਸੀ ਦੇ ਇਵਜ਼ ਵਿਚ ਉਸ ਦੇ ਬਾਗ ਨੂੰ ਰੱਬੀ ਰੱਖ ਦਾ ਵਰਦਾਨ ਦੇ ਦਿਤਾ ਗਿਆ ਸੀ। ਇਸੇ ਬਾਗ ਵਿਚ ਪਲੈਟੋ ਨੇ ਵਿਚਾਰ-ਵਟਾਂਦਰੇ ਦਾ ਸਿਲਸਿਲਾ ਜਾਰੀ ਕੀਤਾ ਸੀ। ਉਸ ਬਾਗਬਾਨ ਦੇ ਨਾਂ ‘ਤੇ ਹੀ ਉਸ ਥਾਂ ਨੂੰ ਵੀ ਅਕਾਦਮੀ ਕਿਹਾ ਗਿਆ; ਪਰ ਹੈਰਾਨੀ ਹੈ ਕਿ ਜੇ ਇਹ ਪਟਿਆਲਵੀ ਮਹਾਂਪੁਰਖ ਇੰਨੇ ਹੀ ਪ੍ਰਬੁੱਧ ਸਨ ਤਾਂ ਇਨ੍ਹਾਂ ਦੀ ਖਾਬਗਾਹ ਨੂੰ ਪਟਿਆਲਾ ਵਾਸੀਆਂ ਨੇ ਭੂਤਵਾੜੇ ਦਾ ਨਾਂ ਕਿਉਂ ਦਿਤਾ! ਸ਼ਾਇਦ ਲੋਕ ਚੇਤਿਆਂ ਵਿਚ ਭੂਤ ਮੰਡਲੀ ਦੀ ਯਾਦ ਮੁੜ ਜਾਗ ਪਈ ਹੋਵੇ, ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਜੰਗਨਾਮੇ ਵਿਚ ਕੀਤਾ ਸੀ- ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ।
ਪ੍ਰਭਸ਼ਰਨਬੀਰ ਨੂੰ ਭਾਰੀ ਗਿਲਾ ਹੈ ਕਿ ਪਾਤਰ ਦੀ ਕਵਿਤਾ ਫੱਟ ਖਾਣ ਜਾਂ ਮਾਰਨ ਤੋਂ ਗੁਰੇਜ਼ ਕਿਉਂ ਕਰਦੀ ਹੈ, ਉਸ ਦੀ ਕਵਿਤਾ ਦਿੱਲੀ ਦੇ ਵਿਰੁਧ ਨਾਅਰੇ ਕਿਉਂ ਨਹੀਂ ਮਾਰਦੀ ਅਤੇ ਉਸ ਨਾਲ ਲੋਹਾ ਕਿਉਂ ਨਹੀਂ ਲੈਂਦੀ। ਪਾਤਰ ਦੀ ਕਵਿਤਾ ਨੂੰ ਉਸ ਨੇ ਬੁਜ਼ਦਿਲੀ ਤੱਕ ਕਹਿ ਦਿਤਾ ਹੈ। ਸ਼ਾਇਦ ਉਸ ਮੁਤਾਬਕ ਕਵਿਤਾ ਲੋਹੇ ‘ਚੋਂ ਉਪਜਦੀ ਹੈ, ਦਿਲ ‘ਚੋਂ ਨਹੀਂ। ਪੰਚਮ ਪਾਤਸ਼ਾਹ ਦੀ ਸ਼ਹਾਦਤ ਪਿਛੋਂ ਛੇਵੇਂ ਪਾਤਸ਼ਾਹ ਨੇ ਬੇਸ਼ੱਕ ਹਥਿਆਰ ਤੇ ਘੋੜੇ ਇਕੱਠੇ ਕਰਨੇ ਅਰੰਭ ਦਿਤੇ ਸਨ, ਪਰ ਅਜਿਹੇ ਸਮੇਂ ਸਿੱਖਾਂ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦੇ ਰੂਪ ਵਿਚ ਕਵਿਤਾ ਦੇ ਅਸਲ ਚਸ਼ਮੇ ਵਗ ਤੁਰੇ ਸਨ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਪਿਛੋਂ ਖਾਲਸੇ ਦੀ ਸਿਰਜਣਾ ਹੋਈ, ਪਰ ਜੰਗ ਦੇ ਮੈਦਾਨ ਵਿਚ ਹਥਿਆਰਾਂ ਦੇ ਕਹਿਰ ਅਤੇ ਖੜਾਕ ਵਿਚਾਲੇ ਬਿਨਾ ਵਿਤਕਰਾ ਅੰਮ੍ਰਿਤ ਜਲ ਵਰਤਾਉਂਦੀ ਭਾਈ ਘਨੱਈਆ ਦੀ ਮਸ਼ਕ ਜਿਹਾ ਸ਼ਾਇਦ ਹੀ ਕਵਿਤਾ ਦਾ ਕੋਈ ਹੋਰ ਸਰੋਤ ਹੋਵੇ। ਫੱਟ ਖਾਣਾ ਜਾਂ ਮਾਰਨਾ ਜੰਗੀ ਕਾਰਨਾਮਾ ਹੈ, ਪਰ ਫੱਟ ਮੇਲਣਾ ਕਵਿਤਾ ਦਾ ਚਮਤਕਾਰ ਹੈ। ਫੱਟ ਮੇਲਣੇ ਪ੍ਰਭਸ਼ਰਨਬੀਰ ਲਈ ਬੁਜ਼ਦਿਲੀ ਹੈ।
ਕਵਿਤਾ ਕੇਵਲ ਜੰਗ ਤੱਕ ਮਹਿਦੂਦ ਨਹੀਂ। ਭਿੜਨ ਵਾਲੇ ਹੀ ਕਵਿਤਾ ਦਾ ਸਰੋਤ ਨਹੀਂ ਹੁੰਦੇ। ਭੇੜ ਦਰਮਿਆਨ ਪਿਸਣ ਵਾਲੇ ਨਿਰਦੋਸ਼ ਵੀ ਕਵਿਤਾ ਦਾ ਵਿਸ਼ਾ ਹੋ ਸਕਦੇ ਹਨ। ਭੇੜ ਤਾਂ ਅੰਨ੍ਹਿਆਂ ਨੂੰ ਵੀ ਨਜ਼ਰ ਆਉਂਦੇ ਹਨ, ਪਰ ਦਿਲਾਂ ਦੀਆਂ ਤਹਿਆਂ ਹੇਠ ਹੋ ਰਹੀ ਕਸ਼ਮਕਸ਼ ਦੀਆਂ ਮਹੀਨ ਪਰਤਾਂ ਕੋਈ ਹੀ ਬੁੱਝ, ਦੇਖ ਅਤੇ ਖੋਲ੍ਹ ਸਕਦਾ ਹੈ। ਕਵਿਤਾ ਵਿਚ ਕਿਰਪਾਨ ਦਾ ਜ਼ਿਕਰ ਆਉਂਦਾ ਹੈ, ਲੇਕਿਨ ਕੇਵਲ ਕਿਰਪਾਨਾਂ, ਛਵੀਆਂ ਤੇ ਗੰਡਾਸਿਆਂ ਨੂੰ ਹੀ ਕਵਿਤਾ ਨਹੀਂ ਕਹਿੰਦੇ। ਭਾਈ ਕਾਨ੍ਹ ਸਿੰਘ ਨਾਭਾ ਦਾ ਸਨਮਾਨ ਕਰਨ ਸਮੇਂ ਇਰਾਨ ਦੇ ਬਾਦਸ਼ਾਹ ਨੇ ਕਿਹਾ ਸੀ, “ਕਸਬਿ ਖਾਲਸਾ ਸ਼ਮਸ਼ੀਰ ਜ਼ਦਨ ਅਸਤ।” ਭਾਈ ਸਾਹਿਬ ਨੇ ਇਸ ਨੂੰ ਦਰੁਸਤ ਕਰਦਿਆਂ ਕਿਹਾ ਸੀ, “ਕਸਬਿ ਖਾਲਸਾ ਬੰਦਗੀ ਅਸਤ।” ਅਰਥਾਤ ਕਿਰਪਾਨ ਬੰਦਗੀ ਦੀ ਹਿਫਾਜ਼ਤ ਲਈ ਹੈ, ਪਰ ਇਹ ਟਕੂਆ ਸ਼ਾਸਤਰੀਆਂ ਨੂੰ ਕੌਣ ਸਮਝਾਵੇ ਕਿ “ਫੂਲ ਕੀ ਪੱਤੀ ਸੇ ਕਟ ਸਕਤਾ ਹੈ ਹੀਰੇ ਕਾ ਜਿਗਰ, ਮਰਦਿ ਨਾਦਾਂ ਪਰ ਕਲਾਮਿ ਨਰਮੋ ਨਾਜ਼ਕ ਬੇਅਸਰ।”
ਇਨ੍ਹਾਂ ਨੂੰ ਸ਼ਿਕਾਇਤ ਹੈ ਕਿ ਪਾਤਰ ਨੇ ਬਲੂ ਸਟਾਰ ਅਤੇ ਦਿੱਲੀ ਦੰਗਿਆਂ ‘ਤੇ ਕਵਿਤਾ ਨਹੀਂ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਰ ਦੇ ਹਮਲੇ ਦਾ ਕੁਝ ਪੰਨਿਆਂ ‘ਤੇ ਹੀ ਜ਼ਿਕਰ ਹੈ। ਭਾਈ ਗੁਰਦਾਸ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਕੀਤਾ। ਦਸਮ ਪਿਤਾ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਜ਼ਿਕਰ ਵਿਸਤਾਰ ਵਿਚ ਨਹੀਂ ਕੀਤਾ। ਕੁਝ ਲੋਕਾਂ ਦਾ ਇਤਰਾਜ਼ ਹੈ ਕਿ ਭਾਈ ਵੀਰ ਸਿੰਘ ਨੇ ਜਲ੍ਹਿਆਂ ਵਾਲੇ ਬਾਗ ‘ਤੇ ਕਵਿਤਾ ਨਹੀਂ ਲਿਖੀ। ਜਿਸ ਨੇ ਜੋ ਲਿਖਿਆ, ਉਸ ਦਾ ਮੁਲੰਕਣ ਹੁੰਦਾ ਹੈ, ਪਰ ਮੇਰਾ ਵੀਰ, ਪ੍ਰਭਸ਼ਰਨਬੀਰ ਜਿਸ ਨੇ ਜੋ ਨਹੀਂ ਲਿਖਿਆ, ਉਸ ਦਾ ਮੁਲੰਕਣ ਕਰਨਾ ਲੋਚਦਾ ਹੈ।
ਸਿੱਖੀ ਦਾ ਕੇਂਦਰੀ ਨੁਕਤਾ ਜੰਗ ਨਹੀਂ, ਕਿਰਤ ਹੈ। ਕਿਰਤ ਦੀ ਪ੍ਰੇਰਨਾ ਬੰਦਗੀ ‘ਚੋਂ ਮਿਲਦੀ ਹੈ। ਕਿਰਤ ਅਤੇ ਬੰਦਗੀ ਦੀ ਹਿਫਾਜ਼ਤ ਲਈ ਕਿਰਪਾਨ ਹੈ। ਸਿੱਖੀ ਦਾ ਨਾਇਕ ਕਿਰਤੀ ਹੈ। ਖੇਤਾਂ ਜਾਂ ਕਾਰਖਾਨਿਆਂ ਦੇ ਮਾਲਕ ਕਿਰਤੀ ਨਹੀਂ, ਬਲਕਿ ਉਥੇ ਕੰਮ ਕਰਨ ਵਾਲੇ ਕਿਰਤੀ ਹਨ ਜਿਨ੍ਹਾਂ ਦੀਆਂ ਕੋਮਲ, ਨਿਮਰ ਤੇ ਗਰੀਬ ਚਾਹਤਾਂ ਦਾ ਚਿਤੇਰਾ ਹੀ ਸਿੱਖ ਕਵੀ ਹੈ। ਕਿਰਤ ਸਜੀਵ ਕਵਿਤਾ ਹੈ ਅਤੇ ਕਿਰਤੀ ਹੀ ਕਵੀ ਹੈ। ਕਵਿਤਾ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕੇਵਲ “ਦਿੱਲੀ ਵਿਚ ਬੈਠੇ ਜਲਾਦ” ਦਿਸਦੇ ਹਨ, ਪਰ ਕਵੀ ਨੂੰ ਦਿੱਲੀ ਨਹੀਂ, ਦਿਲ ਦੇ ਜਲਾਦ ਦਿਸਦੇ ਹਨ।
ਪਾਤਰ ਮਕਬੂਲ ਹੋਣ ਲਈ ਜਾਂ ਕਬੂਲ ਹੋਣ ਲਈ ਲਿਖਦਾ ਹੈ, ਇਹ ਤਾਂ ਪਾਤਰ ਜਾਣੇ; ਪਰ, ਪਾਤਰ ਦੀ ਕਵਿਤਾ ਸਿਰਫ ਇਨਾਮ ਖਾਤਰ ਕਵਿਤਾ ਹੇਠ ਫੁੱਟਨੋਟ ਨਹੀਂ ਛਾਪਦੀ ਅਤੇ ਨਾ ਹੀ ਸਰਕਾਰੀ ਇਨਾਮ ਲੈਣ ਲਈ ਕਿਸੇ ਜਰਨੈਲੀ ਭਬਕ ‘ਤੇ ਕਾਲੀ ਸਿਆਹੀ ਨਾਲ ਹੜਤਾਲ ਫੇਰਦੀ ਹੈ। ਪਾਤਰ ਦੀ ਕਵਿਤਾ ਵਿਚ “ਖਯਾਬਾਂ ਖਯਾਬਾਂ ਇਰਮ” ਖਿੜਦੇ ਹਨ, ਮਾਨਵੀ ਹਿਰਦੇ ਦੀਆਂ ਤਹਿਆਂ ਖੁੱਲ੍ਹਦੀਆਂ ਹਨ, ਜਜ਼ਬਾਤ ਨਿਖਰਦੇ ਹਨ, ਅਹਿਸਾਸ ਸ਼ਬਦਾਂ ਦਾ ਜਾਮਾ ਪਹਿਨਦੇ ਹਨ, ਸ਼ਬਦ ਸਰੋਦ ਬਣ ਸੱਜਰੇ ਦ੍ਰਿਸ਼ ਸਿਰਜਦੇ ਹਨ। ਮਹਿਬੂਬ ਦੀ ਬੋਝਲ ਕਵਿਤਾ ਹੇਠ ਪਾਤਰ ਦੀ ਕਵਿਤਾ ਦੀਆਂ ਕੋਮਲ ਪੱਤੀਆਂ ਨੂੰ ਮਿਧਣ ਦੀ ਕੋਸ਼ਿਸ਼ ਕਰਨ ਵਾਲੇ ਰਤਾ ਮਹਿਬੂਬ ਦੀਆਂ ਇਨ੍ਹਾਂ ਸਤਰਾਂ ਦਾ ਮਤਲਬ ਵੀ ਸਮਝ ਲੈਣ ਤਾਂ ਸ਼ਾਇਦ ਮਹਿਬੂਬ ਦੀ Ḕਕਾਮਤ ਕੀ ਦਰਾਜ਼ੀḔ ਦਾ ਭੇਤ ਵੀ ਖੁੱਲ੍ਹ ਜਾਵੇ ਤੇ ਉਨ੍ਹਾਂ ਦੇ ਤੁਰਰੇ ਦੇ Ḕਪੇਚੋ ਖਮḔ ਸਭ ਦੇ ਸਾਹਮਣੇ ਆ ਜਾਣ।
ਪਹਿਲੇ ਪਾਤਸ਼ਾਹ ਨੂੰ ḔਨਾਨਕਾḔ ਕਹਿ ਕੇ ਕਿਹੜਾ ਸਿੱਖ ਸੰਬੋਧਨ ਕਰ ਸਕਦਾ ਹੈ? Ḕਰਬਾਬ ਦੀਆਂ ਠੰਢੀਆਂ ਤਾਰਾਂ ਦੇ ਕੋਲੇḔ, Ḕਚਿੱਟਿਆਂ ਬਾਜ਼ਾਂ ਦੀ ਕਾਂਗḔ ਅਤੇ Ḕਮਾਸੂਮ ਨੈਣਾਂ ਦੇ ਸਾਹਮਣੇ ਤਾਰਿਆਂ ਵਾਂਗੂੰ ਚਮਕਦੇ, ਇਲਮ ਦੀ ਹੱਦ ਤੋਂ ਅੱਗੇ ਦੇ ਲੱਖਾਂ ਆਵੇਸ਼Ḕ ਤੱਕਣਾ ਮਹਿਬੂਬ ਦੀ ਤਿਰਛੀ ਨਜ਼ਰ ਦਾ ਕਮਾਲ ਹੈ। ਇਕ ਦਫਾ ਸਾਹਿਬਜ਼ਾਦਿਆਂ ‘ਤੇ ਕਵਿਤਾ ਲਿਖ ਕੇ ਮਹਿਬੂਬ ਸਾਹਿਬ ਕਹਿਣ ਲੱਗੇ, “ਸਾਹਿਬਜ਼ਾਦਿਆਂ ਦੀ ਪੰਜਾਹ ਸਾਲ ਉਮਰ ਵਧ ਗਈ”; ਜਦੋਂ ਕਿਹਾ ਕਿ “ਸਾਹਿਬਜ਼ਾਦਿਆਂ ਦੀ ਨਹੀਂ, ਸਰ, ਤੁਹਾਡੀ ਵਧੀ ਹੈ” ਤਾਂ ਚੁੱਪ ਹੋ ਗਏ। ਇਥੇ ਹੀ ਬਸ ਨਹੀਂ, ਮਹਿਬੂਬ ਸਾਹਿਬ ਦੀ ਕਾਵਿ ਕੀਰਤੀ ਦੇ ਕੁਝ ਨੁਕਤੇ ਇਸ ਤੋਂ ਵੀ ਵਧੇਰੇ ਕਾਬਲੇ ਗ਼ੌਰ ਹਨ:
1æ “ਗੁਰੂ ਪੈਗ਼ੰਬਰ ਦੀਵੇ ਨਿੱਕੇ ਭਰਮ ਦੀ ਓਟ ‘ਚ ਬਾਲੇ”, ਅਰਥਾਤ ਵਹਿਮ ਭਰਮ ਦੇ ਉਹਲੇ ਵਿਚ ਗੁਰੂ ਅਤੇ ਪੈਗ਼ੰਬਰ ਦੋ ਨਿਕੇ ਨਿਕੇ ਦੀਵੇ ਹਨ।
2æ “ਇਲਮ ਦੇ ਸਾਦਾ ਅੱਖਰ ਤੋਂ ਵੱਧ ਕੂਕ ਨਾ ਸਕੀ ਬਾਣੀ”, ਭਾਵ ਰੰਚਕ ਗਿਆਨ ਤੋਂ ਵੱਧ ਬਾਣੀ ਦੀ ਹੈਸੀਅਤ ਨਹੀਂ।
3æ “ਖੈਰ ਲਈ ਅੱਡੇ ਹੱਥ ਸੀ ਜੋ ਨਾਲ ਲਾਚਾਰੀ” ਪੰਚਮ ਪਾਤਸ਼ਾਹ ਨੇ ਰਾਵੀ ਵਿਚ ਅੰਤਮ ਸਮੇਂ ਲਾਚਾਰੀ ਵਿਚ ਖੈਰ ਲਈ ਹੱਥ ਅੱਡੇ ਸਨ।
4æ “ਪੁੱਤ ਸ਼ੇਰ ਬਰਾੜਾਂ ਦੇ, ਵੱਡੇ ਦਿਲ ਸਰਦਾਰਾਂ ਦੇ।”
ਮਹਿਬੂਬ ਦੇ ਇਨ੍ਹਾਂ ਕਾਵਿ ਕਥਨਾਂ ਦਾ ਵਿਆਖਿਆ ਸ਼ਾਸਤਰ ਅਬੁੱਝ ਹੈ। ਮਹਾਰਾਜਿਆਂ ਦੇ ਦਰਬਾਰਾਂ ‘ਚ ਰੁਲਦੀ ਸ਼ੇਰਾਂ ਦੀ ਸਰਦਾਰੀ ਤਾਂ ਕਵਿਤਾ ਨਹੀਂ ਹੁੰਦੀ; ਪਰ ਮਲਵਈ ਮਹਿਬੂਬ, ਸ਼ੇਰ ਅਤੇ ਸਰਦਾਰ ਦੇ ਸਾਹਮਣੇ ਨਾਚੀਜ਼, ਗ਼ਰੀਬ ਅਤੇ ਦੁਆਬੀਏ ਪਾਤਰ ਦੀ ਕੀ ਔਕਾਤ ਹੈ। ਕਿਥੇ ਸਿੱਖੀ ਦਾ ਮਾਲਕ ਸਰਦਾਰ, ਕਿਥੇ ਸਿੱਖੀ ਦਾ ਨਿਮਾਣਾ ਜਿਹਾ ਪਾਤਰ।
“ਪੰਜਾਬ ਵਿਚ ਕੁਝ ਨਵੇਂ ਸਾਹਿਤਕ ਡੇਰਿਆਂ ਵਾਂਗ ਆਪੇ ਸਹੇੜੀ ਅਲਹਿਦਗੀ” ਦਾ ਸੰਕੇਤ ਸਪਸ਼ਟ ਹੈ, ਜਿਥੇ ਪ੍ਰਭਸ਼ਰਨਬੀਰ ਵੀ ਕਿਸੇ ਸਮੇਂ ਗੱਜ ਵੱਜ ਕੇ ਭਾਸ਼ਣ ਕਰਦਾ ਰਿਹਾ ਹੈ। ਸੰਸਥਾ ਪੀੜ੍ਹੀ ਹੁੰਦੀ ਹੈ, ਪੌੜੀ ਨਹੀਂ ਜਿਸ ਰਾਹੀਂ ਚੜ੍ਹ ਕੇ, ਉਸ ਨੂੰ ਚੁੱਕਿਆ, ਥੁੱਕਿਆ, ਸੁੱਟਿਆ ਜਾਂ ਧੱਕਿਆ ਜਾ ਸਕੇ। ਪੌੜੀ ਸਿਰਫ ਚੜ੍ਹਾਉਣ ਵਿਚ ਹੀ ਨਹੀਂ ਕੰਮ ਆਉਂਦੀ, ਚੜ੍ਹਿਆਂ ਨੂੰ ਉਤਾਰ ਵੀ ਸਕਦੀ ਹੈ।
ਕਈ ਲੋਕ ਅਡੋਰਨੋ ਦੈਰੀਦਾ ਦੇ ਮੱਲੋ ਮੱਲੀ ਟਿਊਟਰ ਬਣ ਬੈਠੇ ਹਨ, ਤੇ ਮੱਤਾਂ ਦਿੰਦੇ ਹਨ। ਕਿਤਾਬਾਂ ਰਾਹੀਂ ਗਿਆਨ ਜਗਾਇਆ ਜਾਂਦਾ ਹੈ, ਫੁੱਟਦਾ ਮਸਤਕ ‘ਚੋਂ ਹੈ। ਉਸ ਨੇ ਲਿਖਿਆ ਕਿ ਉਸ ਦਾ ਮੰਤਵ ਤਾਂ “ਅਡੋਰਨੋ ਵਲੋਂ ਯਹੂਦੀਆਂ ਦੇ ਮਹਾਂਨਾਸ਼ ਸਬੰਧੀ ਕੀਤੀ ਟਿੱਪਣੀ, ਆਸ਼ਵਿਟਜ਼ ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ” ਬਾਰੇ ਵਿਚਾਰ ਕਰਨਾ ਸੀ। ਕੌਣ ਰੋਕਦਾ ਹੈ! ਜੰਮ ਜੰਮ ਕਰੇ, ਪਰ ਕਵਿਤਾ ਪ੍ਰਤੀ ਬਾਰਬਰਿਕ ਹੋਏ ਬਗ਼ੈਰ।
ਯੂਨਾਨੀ ਲੋਕ ਆਪਣੀ ਭਾਸ਼ਾ ਬਿਨਾ ਸਭ ਨੂੰ ਟਿੱਚ ਜਾਣਦੇ ਸਨ। ਦੂਸਰੇ ਮੁਲਕ ਦਾ ਕੋਈ ਬੰਦਾ ਜਿਸ ਦੀ ਭਾਸ਼ਾ ਉਨ੍ਹਾਂ ਨੂੰ ਸਮਝ ਨਹੀਂ ਸੀ ਪੈਂਦੀ, ਜਦ ਮਿਲਦਾ ਤਾਂ ਕਹਿੰਦੇ, “ਕੀ ਬਰ ਬਰ ਕਰੀ ਜਾਂਦਾ”; ਜਿਵੇਂ ਅਸੀਂ ਕਹਿ ਦਿੰਦੇ ਹਾਂ, “ਕੀ ਬਕ ਬਕ ਲਾਈ ਹੈ।” ਇਹ “ਬਰ ਬਰ” ਹੀ ਬਰਬਰਤਾ ਸ਼ਬਦ ਦਾ ਜਨਮ ਦਾਤਾ ਹੈ। ਯੂਨਾਨੀ ਲੋਕ ਕਿਸੇ ਵਿਦੇਸ਼ੀ ਨੂੰ “ਬਾਰਬਰਅਸ” ਅਤੇ ਵਿਦੇਸ਼ੀ ਭਾਸ਼ਾ ਨੂੰ ਪ੍ਰਭਸ਼ਰਨਬੀਰ ਵਾਲੀ ḔਬਰਬਰਤਾḔ ਕਹਿੰਦੇ ਸਨ। ਉਨ੍ਹਾਂ ਮੁਤਾਬਕ ਕਿਸੇ ਹੋਰ ਮੁਲਕ ‘ਚੋਂ ਆਇਆ ਗੈਰਭਾਸ਼ੀ ਬੰਦਾ ਬਰਬਰ ਹੈ ਅਤੇ ਬਰਬਰਤਾ ਫੈਲਾਉਂਦਾ ਹੈ। ਅਮਰੀਕਾ ਵਿਚ ਕੰਮ ‘ਤੇ ਬੈਠਾ ਕੋਈ ਆਪਣੇ ਭੈਣ-ਭਾਈ ਨਾਲ ਫੋਨ ‘ਤੇ ਪੰਜਾਬੀ ‘ਚ ਗੱਲ ਕਰਦਾ ਹੋਵੇ ਤਾਂ ਬੌਸ ਬਰਬਰਤਾ ਸਮਝ ਕੇ ਰੋਕ ਦਿੰਦਾ ਹੈ।
ਜੌਨ ਆਈਟੋ ਨੇ ਦੱਸਿਆ ਕਿ ḔਬਰਬਰਤਾḔ ਵਿਚੋਂ ਹੀ ḔਬਰੇਵḔ ਸ਼ਬਦ ਨਿਕਲਿਆ ਹੈ। ਬ੍ਰੇਵ ਦਾ ਮੁਢਲਾ ਅਰਥ ਅਸੱਭਿਅਕ ਹੈ। ਅਸੱਭਿਅਕ ਉਹੀ ਹੈ ਜਿਸ ਦੀ ਬੋਲੀ ਕਿਸੇ ਨੂੰ ਸਮਝ ਨਹੀਂ ਪੈਂਦੀ, ਜਾਂ ਜਿਹੜਾ ਕੋਈ ਬੋਲੀ ਠੀਕ ਤਰ੍ਹਾਂ ਨਾਲ ਨਹੀਂ ਬੋਲ ਸਕਦਾ। ਅਸਲ ਵਿਚ ਬ੍ਰੇਵ ਦਾ ਅਰਥ ਵਿਦੇਸ਼ੀ ਹੀ ਬਣਦਾ ਹੈ। ਇਕ ਸਭਿਅਤਾ ਦਾ ਬੰਦਾ ਦੂਸਰੀ ਸਭਿਅਤਾ ਵਿਚ ਅਸੱਭਿਅਕ ਗਿਣਿਆ ਜਾਂਦਾ ਹੈ। ਆਪਣੀ ਸਭਿਅਤਾ ਛੱਡ ਕੇ, ਜਿਹੜਾ ਕਿਸੇ ਹੋਰ ਸਭਿਅਤਾ ਵਿਚ ਜਾ ਕੇ ਜਾਂ ਰਹਿ ਕੇ ਅਸੱਭਿਅਕ ਸਮਝੇ ਜਾਣ ਦਾ ਜੋਖਮ ਉਠਾਉਂਦਾ ਹੈ, ਉਸ ਨਾਲ ਦਲੇਰੀ ਦਾ ਭਾਵ ਜੁੜ ਜਾਂਦਾ ਹੈ। ਇਥੋਂ ਹੀ ਬ੍ਰੇਵ ਦਾ ਅਰਥ ਦਲੇਰ ਹੋ ਗਿਆ ਹੈ। ਦਲੇਰ ਉਹ ਜੋ ਦਿਲ, ਅਰਥਾਤ ਹੌਸਲੇ ਵਾਲਾ ਹੈ।
ਬ੍ਰੇਵ ਹੀ ਬਰਬਰ ਹੁੰਦੇ ਹਨ। ਜਿਸ ਦੇ ਖੂਨ ਰਗਾਂ ਵਿਚ ਦੌੜਦਾ ਹੈ, ਉਹ ਬ੍ਰੇਵ ਹੈ; ਪਰ ਜਿਸ ਦਾ ਖੂਨ ਅੱਥਰੂ ਬਣ ਟਪਕਦਾ ਹੈ, ਉਹ ਕਵੀ ਹੈ। ਨੇਹੁ ਵਾਲੇ ਨੈਣਾਂ ਦਾ ਨੀਰ ਕਵਿਤਾ ਹੈ। ਬ੍ਰੇਵ ਪੁਰਸ਼ ਜਦ ਬਰਬਰਤਾ ਫੈਲਾਉਂਦੇ ਹਨ ਤਾਂ ਦੁੱਖ ਦਿੰਦੇ ਹਨ। ਜਿਨ੍ਹਾਂ ਤੋਂ ਦੁੱਖ ਦੇਖਿਆ ਨਹੀਂ ਜਾਂਦਾ, ਉਹ ਦੁੱਖ ਦੇਖ ਦੇਖ ਅੱਥਰੂ ਵਹਾਉਂਦੇ ਹਨ। ਅੱਥਰੂ ਵੀ ਦੋ ਤਰ੍ਹਾਂ ਦੇ ਲੋਕ ਵਹਾਉਂਦੇ ਹਨ। ਇਕ ਉਹ ਜੋ ਦੁੱਖ ਸਹਿ ਨਹੀਂ ਸਕਦੇ, ਇਕ ਉਹ ਜੋ ਦੁੱਖ ਦੇਖ ਨਹੀਂ ਸਕਦੇ। ਜੋ ਦੁੱਖ ਸਹਿ ਨਹੀਂ ਸਕਦੇ, ਉਨ੍ਹਾਂ ਦਾ ਦਿਲ ਕਮਜ਼ੋਰ ਹੁੰਦਾ ਹੈ। ਜੋ ਦੁੱਖ ਦੇਖ ਨਹੀਂ ਸਕਦੇ, ਉਨ੍ਹਾਂ ਦਾ ਦਿਲ ਕੋਮਲ ਹੁੰਦਾ ਹੈ। ਇਹੀ ਲੋਕ ਕਵੀ ਹੁੰਦੇ ਹਨ।
ਸੁਹਿਰਦ ਅਤੇ ਸਹਿਰਦ ਦੋ ਸ਼ਬਦ ਹਨ। ਭਾਰਤੀ ਕਾਵਿ ਸ਼ਾਸਤਰ ਵਿਚ ਸੁਹਿਰਦ ਨਹੀਂ, ਸਹਿਰਦ ਕੇਂਦਰੀ ਸ਼ਬਦ ਹੈ। ਸੁਹਿਰਦ ਉਹ ਹੈ ਜਿਸ ਦਾ ਹਿਰਦਾ ਸਵੱਛ ਹੈ; ਪਰ ਸਹਿਰਦ ਉਹ ਹੈ ਜਿਸ ਦਾ ਹਿਰਦਾ ਦੂਸਰਿਆਂ ਜਿਹਾ ਹੈ। ਦੂਸਰਿਆਂ ਜਿਹਾ ਹਿਰਦਾ ਰੱਖਣ ਵਾਲਾ, ਸਹਿਰਦ ਹੀ ਅਸਲ ਵਿਚ ਸਵੱਛ ਹਿਰਦੇ ਵਾਲਾ, ਸੁਹਿਰਦ ਹੈ। ਜਿਸ ਦਾ ਹਿਰਦਾ ਅਲਹਿਦਾ ਹੈ, ਉਹ ਦੂਸਰਿਆਂ ਦੀ ਖੁਸ਼ੀ ਗਮੀ ਮਹਿਸੂਸ ਨਹੀਂ ਕਰ ਸਕਦਾ। ਕਵੀ ਦਾ ਦਿਲ ਸਾਰੇ ਜਹਾਨ ਦਾ ਦਿਲ ਹੁੰਦਾ ਹੈ। ਉਸ ਦੇ ਦਿਲ ਵਿਚ ਸਭ ਦਾ ਦਿਲ ਧੜਕਦਾ ਹੈ। ਦਰਅਸਲ, ਉਸ ਲਈ ਕੋਈ ਦੂਸਰਾ ਹੁੰਦਾ ਹੀ ਨਹੀ। “ਦੂਸਰ ਹੋਇ ਤ ਸੋਝੀ ਪਾਇ।” ਬ੍ਰੇਵ ਫੱਟ ਮਾਰਦੇ ਹਨ ਤੇ ਬਰਬਰਤਾ ਫੈਲਾਉਂਦੇ ਹਨ। ਕੋਮਲ ਚਿਤ ਕਵੀ ਆਪਣੇ ਅੱਥਰੂਆਂ ਨੂੰ ਕਵਿਤਾ ਵਿਚ ਪਲਟਾ ਕੇ ਸੰਵੇਦਨਾ ਸਿਰਜਦੇ ਹਨ। ਸੰਵੇਦਨਾ ਬਿਨਾ ਬਰਬਰਤਾ ਦਾ ਕੋਈ ਹੱਲ ਨਹੀਂ। ਸੰਵੇਦਨਸ਼ੀਲ ਮਨ ਜੇ ਕਿਤੇ ਕਿਰਪਾਨ ਵੀ ਚੁੱਕ ਲੈਣ ਤਾਂ ਉਹ ਬਰਬਰਤਾ ਦਾ ਸਮਾਪਨ ਕਰਦੇ ਹਨ, ਪਰ ਸੰਵੇਦਨਾਹੀਨ ਦੇ ਹੱਥ ਜੇ ਕਿਰਪਾਨ ਆ ਜਾਵੇ ਤਾਂ ਉਹ ਬਰਬਰਤਾ ਵਿਚ ਹੋਰ ਵਾਧਾ ਕਰਦੇ ਹਨ। ਇਤਿਹਾਸ ਦੱਸਦਾ ਹੈ ਕਿ ਬੰਦੇ ਬਹਾਦਰ ਦੇ ਸਮੇਂ ਚੋਖੀ ਗਿਣਤੀ ਵਿਚ ਸੰਵੇਦਨਾਹੀਨ ਤੱਤ ਸਿੱਖੀ ਵਿਚ ਦਾਖਲ ਹੋ ਗਿਆ ਸੀ ਜੋ ਬਰਬਰਤਾ ਨੂੰ ਖਤਮ ਕਰਦਾ ਕਰਦਾ ਖੁਦ ਬਰਬਰ ਹੋ ਗਿਆ। ਉਹੀ ਬਰਬਰੀ ਲੋਕ ਸਿੱਖੀ ਵਿਚ ਹਾਲੇ ਤੱਕ ਕਾਬਜ਼ ਹਨ। ਗੁਰੂ ਨੇ Ḕਖੂਨ ਕੇ ਸੋਹਿਲੇḔ ਗਾਏ ਸਨ, ਬਰਬਰਤਾ ਦੇ ਨਹੀਂ।
ਜੇ ਮਹਿਬੂਬ ਬ੍ਰੇਵ ਕਵੀ ਹੈ ਤੇ ਉਸ ਦੇ ਪੈਰੋਕਾਰਾਂ ਦੀਆਂ ਨਜ਼ਰਾਂ ਵਿਚ ਪਾਤਰ ਵਿਚਾਰਾ ਤਾਂ ਬਰਬਰਤਾ ਦੇ ਮੱਚਦੇ ਅੰਗਿਆਰਿਆਂ ‘ਤੇ ਨੱਚਣ ਵਾਲਾ ਬੇਵਸ ਤੇ ਲਾਚਾਰ ਜਿਹਾ ਫਨਕਾਰ ਹੈ। ਮਹਿਬੂਬ ਉਮਰ ਭਰ ਕਵਿਤਾ ਨੂੰ ਕਮਜ਼ੋਰੀ ਸਮਝਦੇ ਰਹੇ ਤੇ ਬਰਬਰਤਾ ਨੂੰ ਦਲੇਰੀ। ਇਸੇ ਲਈ ਉਨ੍ਹਾਂ ਦੀ ਕਵਿਤਾ ਬਰਬਰਤਾ ਦੇ ਹੱਕ ਵਿਚ ਭੁਗਤਦੀ ਰਹੀ ਤੇ ਬਰਬਰਤਾ ਦੀ ਹਾਰ ‘ਤੇ ਅੱਥਰੂ ਕੇਰਦੀ ਰਹੀ। ਇਨ੍ਹਾਂ ਅੱਥਰੂਆਂ ਤੋਂ ਹੀ ਲੋਕਾਂ ਨੇ ਉਨ੍ਹਾਂ ਨੂੰ ਕਵੀ ਸਮਝ ਲਿਆ। ਪਾਤਰ ਨੇ ਲਿਖਿਆ ਸੀ ਕਿ ਅੱਥਰੂ ਟੈਸਟ ਟਿਊਬ ‘ਚ ਪਾ ਕੇ ਪਰਖਾਂਗੇ, ਕੱਲ੍ਹ ਉਹ ਆਪਣੇ ਕਿਸ ਮਹਿਬੂਬ ਨੂੰ ਰੋਇਆ ਸੀ। ਕੇਵਲ ਰੋਣਾ ਹੀ ਕਵਿਤਾ ਨਹੀਂ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੋਈ ਕਿਸ ਲਈ ਰੋਇਆ, ਫੱਟ ਦੇਣ ਵਾਲੇ ਲਈ ਜਾਂ ਖਾਣ ਵਾਲੇ ਲਈ।
ਜਦ ਤੱਕ ਕਿਸੇ ਕੋਲ Ḕਝਾਂਜਰਾਂ ਦਾ ਕਾਲḔ ਹੈ, ਉਦੋਂ ਤੱਕ ਕਵਿਤਾ ਦੀ ਕਨਸੋ ਨਹੀਂ ਮਿਲਦੀ। ਇਸਤਰੀ ਨੂੰ ਅੰਗਰੇਜ਼ੀ ਵਿਚ ਲੇਡੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਰੋਟੀ ਬਣਾਉਣ ਵਾਲੀ ਹੈ। ਫੈਮਿਨਿਨ ਸ਼ਬਦ ਵੀ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਦੁੱਧ ਪਿਲਾਉਣ ਵਾਲੀ ਹੈ। ਔਰਤ ਫਾਰਸੀ ਦਾ ਸ਼ਬਦ ਹੈ, ਇਸ ਦਾ ਅਰਥ ਪਰਦਾਨਸ਼ੀਂ ਜਾਂ ਪਰਦਾਪਸੰਦ ਹੈ। ਇਸੇ ਤਰ੍ਹਾਂ ਵਾਈਫ ਸ਼ਬਦ ਦੇ ਅਰਥ ਸ਼ਰਮਾਕਲ ਜਾਂ ਲੱਜਾਵੰਤ ਹਨ। ਇਨ੍ਹਾਂ ਸਾਰੇ ਅਰਥਾਂ ਅਤੇ ਭਾਵਾਂ ਦੀ ਕਨਸੋ ਝਾਂਜਰ ਵਿਚ ਨਿਹਿਤ ਹੈ। ਕੋਈ ਜ਼ੰਜੀਰ ਨੂੰ ਝਾਂਜਰ ਸਮਝ ਬੈਠੇ ਤੇ ਝਾਂਜਰ ਨੂੰ ਜ਼ੰਜੀਰ ਕਹੀ ਜਾਵੇ ਤਾਂ ਉਸ ਦਾ ਰੱਬ ਹੀ ਰਾਖਾ ਹੈ।
ਪ੍ਰਭਸ਼ਰਨਬੀਰ ਦੇ ਵੱਡੇ ਅਤੇ ਅਰਧ ਹਮਨਾਮੀ ਭਾਈ ਨੇ ਵੀ ਯੂਟਿਊਬ ‘ਤੇ ਕੀਤੀ ਵਾਰਤਾਲਾਪ ਵਿਚ ਆਪਣੇ ਪੁਰਾਣੇ ਗੈਰਮਲਵਈ ਦੋਸਤ ਲਈ ਉਹੋ ਜਿਹੇ ਅਲਫਾਜ਼ ਇਸਤੇਮਾਲ ਕੀਤੇ ਹਨ ਜਿਹੋ ਜਿਹੇ ਪ੍ਰਭਸ਼ਰਨਬੀਰ ਨੇ ਪਾਤਰ ਲਈ ਕੀਤੇ; ਪਰ ਉਸ ਨੇ ਇਕ ਕਮਾਲ ਦਾ ਵਾਕਿਆ ਵੀ ਸਾਂਝਾ ਕੀਤਾ ਹੈ ਕਿ ਉਸ ਨੂੰ ਪਹਿਲੀ ਵਾਰੀ ਜਦ ਮਹਿਬੂਬ ਦੇ ਇਕ ਪਰਮ ਮਿੱਤਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਿਸੇ ਸੈਮੀਨਾਰ ਉਪਰੰਤ ਪੁੱਛਿਆ ਸੀ ਕਿ ਉਹ ਕੀ ਕਰਦਾ ਹੈ, ਤਾਂ ਉਸ ਦੇ ਇਹ ਦੱਸਣ ‘ਤੇ ਕਿ ਉਹ ਅੰਗਰੇਜ਼ੀ ਦੀ ਐਮæ ਏæ ਕਰਦਾ ਹੈ, ਉਸ ਨੇ ਖੁਸ਼ੀ ਵਿਚ ਉਛਲ ਕੇ ਕਿਹਾ ਸੀ ਕਿ “ਜੱਟ ਦੇ ਪੁੱਤ ਨੂੰ ਅੰਗਰੇਜ਼ੀ ਦੀ ਐਮæਏæ ਹੀ ਕਰਨੀ ਚਾਹੀਦੀ ਹੈ।” ਸਿੱਖੀ ਲਿਬਾਸ ਵਿਚ ਮਲਵਈ ਬਰਾੜਾਂ ਤੇ ਸਰਦਾਰਾਂ ਦੇ ਸੋਹਿਲੇ ਗਾਉਣ ਵਾਲੇ ਮਹਾਨ ਕਵੀ ਦੇ ਪੈਰੋਕਾਰ ਵੀ ਮੁਲਖੱਈਆ ਸੋਚ ਦੀ ਪੈਰਵੀ ਅਤੇ ਅਗਵਾਈ ਕਰਨੀ ਲੋਚਦੇ ਹਨ ਤੇ ਇਸ ਬਰਬਰਤਾ ਦੀ ਪੈਦਾ ਕੀਤੀ ਘੁਟਣ ਵਿਚ ਤਿਲ ਤਿਲ ਘਟਦੇ ਸੁਰਜੀਤ ਪਾਤਰ ਦੀ ਕਵਿਤਾ ਦੇ ਖੰਭ ਝਾੜ ਦੇਣ ਬਾਬਤ ਸੋਚਦੇ ਹਨ ਤਾਂ ਕਿ ਕੋਈ ਵੀ ਸੋਚ ਆਜ਼ਾਦ ਫਿਜ਼ਾ ਵਿਚ ਪਰਵਾਜ਼ ਨਾ ਭਰ ਸਕੇ। ਬੰਦ ਪਿੰਜਰੇ ਵਿਚ ਪਈ ਪਲੇਟ ਵਿਚ ਚੋਗਾ ਖਾਣ ਵਾਲੇ ਕੈਦ ਪੰਛੀ ਨੂੰ ਇਕਬਾਲ ਦੀ ਕਵਿਤਾ ਨੇ ਗੂੜ੍ਹੀ ਨੀਂਦ ‘ਚੋਂ ਇਵੇਂ ਜਗਾਇਆ ਸੀ: “ਐ ਤਾਇਰਿ ਲਾਹੂਤੀ, ਉਸ ਰਿਜ਼ਕ ਸੇ ਮੌਤ ਅੱਛੀ, ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ ਕੁਤਾਹੀ”; ਪਰ ਅਮਰੀਕੀ ਸੋਨ ਪਿੰਜਰੇ ਦੇ ਪੰਛੀਆਂ ਲਈ ਕੋਈ ਕਵਿਤਾ ਨਹੀਂ ਅਹੁੜਦੀ। ਰੱਬ ਰਾਖਾ!