ਸਿਸਟਮ ਬਾਝੋਂ ਸਿਖਿਆ ਦੀ ਤ੍ਰਾਸਦੀ

ਗੁਰਚਰਨ ਸਿੰਘ ਨੂਰਪੁਰ
ਫੋਨ: +91-98550-51099
ਸਿੱਖਿਆ ਨੂੰ ਸਿਸਟਮ ਅਨੁਸਾਰ ਚਲਾਉਣ ਦੀ ਸ਼ੁਰੂਆਤ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਤਕਰੀਬਨ ਚੌਵੀ ਸੌ ਸਾਲ ਪਹਿਲਾਂ ਯੂਨਾਨ ਵਿਚ ਕੀਤੀ। ਪਲੈਟੋ ਨੇ ਰਵਾਇਤੀ ਸਿੱਖਿਆ ਨੂੰ ਤਿੰਨ ਭਾਗਾਂ ਵਿਚ ਵੰਡਿਆ- ਪ੍ਰਾਇਮਰੀ, ਮਾਧਮਿਕ ਸਿੱਖਿਆ ਅਤੇ ਉਚ ਸਿੱਖਿਆ। ਪਲੈਟੋ ਹੀ ਸੀ ਜਿਸ ਨੇ ਪਹਿਲੀ ਵਾਰ ਮਰਦਾਂ ਦੇ ਨਾਲ ਇਸਤਰੀ ਨੂੰ ਸਿੱਖਿਅਤ ਕਰਨ ਦਾ ਸਮਰਥਨ ਕੀਤਾ। ਪਲੈਟੋ ਜਿਸ ਨੂੰ ਅਫਲਾਤੂਨ ਵੀ ਕਿਹਾ ਜਾਂਦਾ ਹੈ, ਅਨੁਸਾਰ ਰਾਸ਼ਟਰ ਨਿਰਮਾਣ ਵਿਚ ਇਸਤਰੀ ਦਾ ਵੀ ਮਰਦ ਜਿੰਨਾ ਯੋਗਦਾਨ ਹੈ। ਪਲੈਟੋ ਦਾ ਸਿੱਖਿਆ ਸ਼ਾਸਤਰ ਜਿਸ ਦੀ ਵਕਾਲਤ ਉਹ ਆਪਣੇ ਗ੍ਰੰਥ ḔਰਿਪਬਲਿਕḔ ਵਿਚ ਕਰਦਾ ਹੈ,

ਦਾ ਵੱਡਾ ਦੋਸ਼ ਇਹ ਸੀ ਕਿ ਉਹ ਉਤਪਾਦਕਾਂ ਜਿਵੇਂ ਕਾਰੀਗਰ, ਕਿਸਾਨ ਅਤੇ ਮਜ਼ਦੂਰਾਂ ਦੀ ਸਿੱਖਿਆ ਦੇ ਹੱਕ ਵਿਚ ਨਹੀਂ ਸੀ। ਇਸ ਕਰ ਕੇ ਪਲੈਟੋ ਦੀ ਆਲੋਚਨਾ ਵੀ ਹੁੰਦੀ ਰਹੀ ਹੈ। ਅਜੋਕੀ ਸਿੱਖਿਆ ਦੀ ਸ਼ੁਰੂਆਤ ਪਲੈਟੋ ਦੀ ਸਭ ਤੋਂ ਪਹਿਲੀ ਉਸ ਅਕੈਡਮੀ ਤੋਂ ਹੋਈ ਮੰਨੀ ਜਾਂਦੀ ਹੈ ਜੋ ਉਸ ਨੇ ਏਥਨਜ਼ ਦੇ ਨਜ਼ਦੀਕ ਬਣਾਈ। ਅਰਸਤੂ ਵਰਗੇ ਦਾਰਸ਼ਨਿਕ ਇਸੇ ਅਕੈਡਮੀ ਦੇ ਵਿਦਿਆਰਥੀ ਸਨ। ਪਲੈਟੋ ਦੇ ਸਿੱਖਿਆ ਸ਼ਾਸਤਰ ਅਨੁਸਾਰ ਸਿੱਖਿਆ ਦਾ ਉਦੇਸ਼ ਉਤਮ ਨਾਗਰਿਕ ਪੈਦਾ ਕਰਨਾ ਹੈ। ਉਹ ਮੰਨਦਾ ਸੀ ਕਿ ਸਿੱਖਿਆ ਸਟੇਟ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ। ਪਲੈਟੋ ਦੀ ਵੱਡੀ ਖੂਬੀ ਇਹ ਸੀ ਕਿ ਉਹ ਸਮਝਦਾ ਸੀ ਕਿ ਸਿੱਖਿਆ ਦੁਆਰਾ ਯੋਗ ਬੰਦੇ, ਵਿਦਵਾਨ ਸ਼ਾਸਕ, ਅਰਥਾਤ Ḕਦਾਰਸ਼ਨਿਕ ਰਾਜੇḔ ਤਿਆਰ ਕੀਤੇ ਜਾਣ। ਉਹਦਾ ਮੰਨਣਾ ਸੀ ਕਿ ਜਿੰਨੀ ਦੇਰ ਰਾਜੇ ਦਾਰਸ਼ਨਿਕ ਨਹੀਂ ਹੋਣਗੇ, ਉਨੀ ਦੇਰ ਵਿਸ਼ਵ ਦੀਆਂ ਸਮੱਸਿਆਵਾਂ ਕਿਸੇ ਵੀ ਹਾਲਤ ਵਿਚ ਖ਼ਤਮ ਨਹੀਂ ਹੋ ਸਕਣਗੀਆਂ। ਪਲੈਟੋ ਦੀ ਸਿੱਖਿਆ ਪ੍ਰਣਾਲੀ ਵਿਚ ਖੇਡਾਂ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਹਿਸਾਬ, ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਗਿਆਨ ਵਿਗਿਆਨ ਦੀ ਸਿੱਖਿਆ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਨੂੰ ਪੜ੍ਹਾਇਆ ਜਾਂਦਾ ਸੀ। ਸਿੱਖਿਆ ਮਨੁੱਖ ਦੇ ਚਰਿੱਤਰ ਨਿਰਮਾਣ, ਸਰੀਰਕ ਤੰਦਰੁਸਤੀ ਅਤੇ ਬੌਧਿਕ ਵਿਕਾਸ ਲਈ ਦਿੱਤੀ ਜਾਂਦੀ ਸੀ।
ਉਹ ਸਿੱਖਿਆ ਪ੍ਰਣਾਲੀ ਜੋ ਮਨੁੱਖ ਦੇ ਚਰਿੱਤਰ, ਬੌਧਿਕ ਵਿਕਾਸ ਅਤੇ ਸਰੀਰਕ ਵਿਕਾਸ ਤੋਂ ਸ਼ੁਰੂ ਹੋਈ, ਅੱਜ ਕਿਥੇ ਖੜ੍ਹੀ ਹੈ? ਜਿਥੇ ਅੱਜ ਸਿੱਖਿਆ ਦੇ ਖੇਤਰ ਵਿਚ ਬਹੁਤ ਕੁਝ ਚੰਗਾ ਵਾਪਰਿਆ ਹੈ, ਉਥੇ ਸਿੱਖਿਆ ਤੇਜ਼ੀ ਨਾਲ ਵੱਡਾ ਕਾਰੋਬਾਰ ਬਣ ਗਈ ਹੈ। ਸਿੱਖਿਆ ਦਾ ਮਨੋਰਥ ਕੇਵਲ ਚੰਗੇ ਇਨਸਾਨ ਪੈਦਾ ਕਰਨਾ ਨਹੀਂ ਰਿਹਾ। ਅਸੀਂ ਉਸ ਪਾਸੇ ਵੱਲ ਵਧ ਰਹੇ ਹਾਂ ਕਿ ਸਿੱਖਿਆ ਰਾਹੀਂ ਚੰਗੇ ਖਪਤਵਾਦੀ ਪੈਦਾ ਕੀਤੇ ਜਾਣ। ਸਿੱਖਿਆ ਵਿਚ ਕੁਝ ਖ਼ਾਸ ਤਰ੍ਹਾਂ ਦੀਆਂ ਤਰਜੀਹਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਕਿ ਇਸ ਰਾਹੀਂ ਪਦਾਰਥਕ ਲੋੜਾਂ ਦੀ ਪੂਰਤੀ ਕਰਨ ਵਾਲੇ ਅਤੇ ਵਸਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਲੇ ਨਾਗਰਿਕ ਪੈਦਾ ਕੀਤੇ ਜਾਣ। ਇਸ ਸਿੱਖਿਆ ਦਾ ਵੱਡਾ ਦੋਸ਼ ਇਹ ਹੈ ਕਿ ਇਸ ਨੂੰ ਗ੍ਰਹਿਣ ਕਰ ਕੇ ਮਨੁੱਖ ਅੰਦਰਲੀ ਨਿਰਛਲਤਾ, ਭ੍ਰਿਸ਼ਟਤਾ ਘਟਣ ਦੀ ਬਜਾਏ ਵਧਦੀ ਹੈ। ਬਹੁਗਿਣਤੀ ਪੜ੍ਹਿਆ-ਲਿਖਿਆ ਵਰਗ ਭ੍ਰਿਸ਼ਟ ਢੰਗਾਂ ਨਾਲ ਵੱਧ ਤੋਂ ਵੱਧ ਕਮਾਉਣ ਨੂੰ ਆਪਣੀ ਪ੍ਰਾਪਤੀ ਮੰਨਣ ਲੱਗ ਪਿਆ ਹੈ। ਉਚ ਸਿੱਖਿਆ ਗ੍ਰਹਿਣ ਕਰ ਕੇ ਬਣੇ ਸਰਜਨ ਵੱਲੋਂ ਬਿਨਾ ਲੋੜ ਤੋਂ ਓਪਰੇਸ਼ਨ ਕਰਨ ਵਰਗੇ ਵਰਤਾਰੇ ਆਮ ਹੋ ਗਏ ਹਨ।
ਦੂਜਿਆਂ ਤੋਂ ਚਲਾਕੀ ਨਾਲ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਾਲੇ ਹੁਣ ਸਤਿਕਾਰਯੋਗ ਹਨ। ਅਸੀਂ ਪੜ੍ਹਦੇ ਹਾਂ ਕਿ ਪੇਂਡੂ ਅਤੇ ਘੱਟ ਪੜ੍ਹੇ ਇਲਾਕਿਆਂ ਦੇ ਮੁਕਾਬਲੇ ਸਿੱਖਿਅਤ ਇਲਾਕਿਆਂ ਵਿਚ ਭਰੂਣ ਹੱਤਿਆ ਵਧੇਰੇ ਹੁੰਦੀ ਹੈ। ਅਸੀਂ ਜਦੋਂ ਦੇਖਦੇ ਹਾਂ ਕਿ ਸੱਤਾ ਤਾਕਤ ਪ੍ਰਸ਼ਾਸਨਿਕ ਵਿਵਸਥਾ ਸੁਰੱਖਿਆ ਬਲਾਂ ਦੇ ਜ਼ੋਰ ‘ਤੇ ਕਿਸੇ ਇਲਾਕੇ ਵਿਚ ਜਲ, ਜੰਗਲ ਅਤੇ ਜ਼ਮੀਨਾਂ ਨੂੰ ਤਬਾਹ ਕਰ ਕੇ ਉਥੋਂ ਦੇ ਬਸ਼ਿੰਦਿਆਂ ਨੂੰ ਹਾਸ਼ੀਆ ਗ੍ਰਸਤ ਕਰਦੀ ਹੈ। ਸਥਾਨਕ ਲੋਕ ਜੋ ਪੜ੍ਹੇ-ਲਿਖੇ ਨਹੀਂ ਹੁੰਦੇ ਜਾਂ ਘੱਟ ਪੜ੍ਹੇ ਹੁੰਦੇ ਹਨ, ਅਜਿਹਾ ਸਭ ਕੁਝ ਰੋਕਣ ਲਈ ਲੜਦੇ ਹਨ, ਮਰਦੇ ਹਨ, ਤਬਾਹ ਕਰ ਦਿੱਤੇ ਜਾਂਦੇ ਹਨ। ਸਾਧਨਾਂ ਵਾਲੇ ਲੋਕ ਭਾਵੇਂ ਪਹਿਲਾਂ ਵੀ ਅਜਿਹਾ ਕਰਦੇ ਸਨ, ਪਰ ਵਿਗਿਆਨਕ ਤਕਨੀਕ ਨੇ ਇਸ ਅਮਲ ਨੂੰ ਬੇਤਹਾਸ਼ਾ ਵਧਾ ਦਿੱਤਾ ਹੈ।
ਧਰਮ, ਰਾਜਨੀਤੀ, ਸਭਿਆਚਾਰ ਅਤੇ ਸਿੱਖਿਆ, ਇਹ ਚਾਰੇ ਤਰਜੀਹਾਂ ਜੋ ਸਮਾਜ ਲਈ ਚੰਗਾ-ਮਾੜਾ ਸਿਰਜਣ ਦੀ ਤਾਕਤ ਰੱਖਦੀਆਂ ਹਨ, ਬਾਜ਼ਾਰ ਦੇ ਪ੍ਰਭਾਵ ਹੇਠ ਹਨ। ਬਾਜ਼ਾਰ ਦੇ ਇਸ ਯੁੱਗ ਵਿਚ ਮਨੁੱਖ ਨੂੰ ਮੰਡੀ ਦੀ ਜਿਣਸ ਸਮਝਿਆ ਜਾਣ ਲੱਗਿਆ ਹੈ। ਸਿੱਖਿਆ ਦੇ ਖੇਤਰ ਲਈ ਇਹ ਦੇਖਿਆ ਜਾ ਰਿਹਾ ਹੈ ਕਿ ਕਿਥੋਂ, ਕਿੰਨਾ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ।
ਅੱਜ ਦੀ ਸਿੱਖਿਆ ਮਨੁੱਖ ਦੇ ਬੁਨਿਆਦੀ ਮਸਲਿਆਂ ਨੂੰ ਸੰਬੋਧਤ ਨਹੀਂ ਹੈ। ਸਾਡੀਆਂ ਮੁਸ਼ਕਿਲਾਂ ਸਮੱਸਿਆਵਾਂ ਕੁਝ ਹੋਰ ਹਨ, ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਹੈ। ਅਜਿਹੇ ਧੁੰਦਲਕੇ ਵਾਲੀ ਸਥਿਤੀ ਵਿਚ ਅਧਿਆਪਕ ਦੇ ਫ਼ਰਜ਼ਾਂ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ। ਅੱਜ ਅਧਿਆਪਕ ਨੂੰ ਰੂਸੀ ਨਾਵਲ ‘ਪਹਿਲਾ ਅਧਿਆਪਕ’ ਦੇ ਨਾਇਕ ਵਰਗੀ ਭੂਮਿਕਾ ਨਿਭਾਉਣੀ ਪਵੇਗੀ। ਜਿਵੇਂ ਪਹਿਲਾਂ ਵਿਦਿਆਰਥੀ ਆਪਣੇ ਆਲੇ-ਦੁਆਲੇ ਅਤੇ ਸਮਾਜ ਤੋਂ ਸਿੱਖਦੇ ਸਨ, ਹੁਣ ਅਜਿਹਾ ਨਹੀਂ ਹੈ। ਉਸ ਕੋਲ ਸਿੱਖਣ ਦੇ ਹੋਰ ਵੀ ਸਾਧਨ ਹਨ; ਮੋਬਾਈਲ, ਟੀæਵੀæ ਤੇ ਇੰਟਰਨੈੱਟ ਦੇ ਸੰਸਾਰ ਨੇ ਵਿਦਿਆਰਥੀ ਨੂੰ ਉਹੋ ਜਿਹਾ ਨਹੀਂ ਰਹਿਣ ਦਿੱਤਾ ਜਿਹੋ ਜਿਹਾ ਉਹ ਵੀਹ ਸਾਲ ਪਹਿਲਾਂ ਸੀ।
ਸਮੇਂ ਦੀ ਮੰਗ ਹੈ ਕਿ ਸਿੱਖਿਆ ਵਿਦਿਆਰਥੀ ਨੂੰ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਆਰਥਿਕ ਪੱਖੋਂ ਸਮਝ ਬਣਾਉਣ ਲਈ ਉਸ ਦੀ ਅਗਵਾਈ ਕਰੇ। ਉਸ ਦੀ ਸ਼ਖਸੀਅਤ ਦਾ ਵਿਕਾਸ ਕਰੇ। ਪੈਸੇ ਅਤੇ ਸਾਧਨਾਂ ਦੀ ਸਹੀ ਵਰਤੋਂ ਸਾਡੇ ਸਮਾਜ ਲਈ ਬਹੁਤ ਵੱਡਾ ਮਸਲਾ ਹੈ, ਇਸ ਸਬੰਧੀ ਪਾਠਕ੍ਰਮ ਬਣਾਏ ਜਾਣ ਦੀ ਲੋੜ ਹੈ। ਸਿੱਖਿਆ ਦੀ ਜਿਸ ਤਰਜੀਹ Ḕਤੇ ਹੁਣ ਤੱਕ ਕੰਮ ਨਹੀਂ ਹੋਇਆ, ਉਹ ਇਹ ਹੈ ਕਿ ਸਿਖਾਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿੱਖਣ ਲਈ ਉਤਸੁਕ ਕੀਤਾ ਜਾਵੇ। ਬੱਚੇ ਕਿਤਾਬਾਂ ਪੜ੍ਹ ਰਹੇ ਹਨ, ਪਰ ਉਨ੍ਹਾਂ ਵਿਚ ਨਵਾਂ ਸਿੱਖਣ ਦਾ ਰੁਝਾਨ ਬਹੁਤ ਘੱਟ ਹੈ। ਅੰਧਵਿਸ਼ਵਾਸ ਭਾਰਤੀ ਸਮਾਜ ਲਈ ਗੰਭੀਰ ਮਸਲਾ ਹੈ ਜੋ ਮਨੁੱਖੀ ਬੁੱਧੀ ਨੂੰ ਜੜ੍ਹ ਕਰੀ ਰੱਖਦਾ ਹੈ। ਸਾਡੀਆਂ ਕਿਤਾਬਾਂ ਵਿਚ ਵਿਗਿਆਨਕ ਸੋਚ ਅਤੇ ਤਰਕਸ਼ੀਲ ਵਿਸ਼ਿਆਂ ਵਾਲੇ ਪਾਠ ਹੋਣੇ ਚਾਹੀਦੇ ਹਨ। ਮਿਸਾਲ ਵਜੋਂ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ Ḕਟੀæਵੀæ, ਮੋਬਾਈਲ ਅਤੇ ਪੁਲਾੜ ਵਿਚ ਛੱਡੇ ਉਪਗ੍ਰਹਿ ਵਿਗਿਆਨ ਦੀ ਦੇਣ ਹਨ, ਪਰ ਇਨ੍ਹਾਂ ਦੀ ਮਦਦ ਨਾਲ ਜੋ ਬੰਦਾ ਟੀæਵੀæ ਚੈਨਲ Ḕਤੇ ਕਰਾਮਾਤੀ ਨਗ ਮੁੰਦਰੀਆਂ ਵੇਚ ਕੇ ਮੁਨਾਫ਼ਾ ਬਟੋਰਦਾ ਹੈ, ਇਹ ਸਰਾਸਰ ਅੰਧਵਿਸ਼ਵਾਸ ਹੈ।Ḕ ਸਕੂਲਾਂ ਕਾਲਜਾਂ ਵਿਚ ਬੱਚਿਆਂ ਦੀ ਰੁਚੀ ਅਨੁਸਾਰ ਪਾਠਕ੍ਰਮ ਹੋਣ ਜਿਵੇਂ ਕੋਈ ਬੱਚਾ ਜੇ ਪੇਂਟਿੰਗ ਬਣਾਉਣ ਵਿਚ ਰੁਚੀ ਲੈਂਦਾ ਹੈ ਤਾਂ ਉਸ Ḕਤੇ ਦੂਜੇ ਵਿਸ਼ਿਆਂ ਦਾ ਬੋਝ ਘੱਟ ਕਰ ਕੇ ਉਸ ਦੀ ਕਲਾਤਮਿਕ ਪ੍ਰਤਿਭਾ ਨੂੰ ਹੋਰ ਨਿਖਾਰਨ ਦਾ ਪ੍ਰਬੰਧ ਹੋਵੇ। ਸਮੇਂ ਦੀ ਮੰਗ ਅਨੁਸਾਰ ਵਿਦਿਆਰਥੀ ਇਕ ਤੋਂ ਵੱਧ ਬੋਲੀਆਂ ਸਿੱਖਣ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਉਸ ਦੀ ਮਾਂ ਬੋਲੀ ਤੋਂ ਦੂਰ ਕਰ ਦਿੱਤਾ ਜਾਵੇ।
ਸਿੱਖਿਆ ਦੇ ਖੇਤਰ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਇਸ ਕਰ ਕੇ ਹਨ ਕਿ ਅਨੇਕਾਂ ਸਕੂਲਾਂ ਵਿਚ ਬੱਚੇ ਨੂੰ ਮਾਂ-ਬੋਲੀ ਬੋਲਣ ਤੋਂ ਵਰਜਿਆ ਜਾਂਦਾ ਹੈ, ਜਦ ਕਿ ਬੱਚਾ ਸਭ ਤੋਂ ਵੱਧ ਆਪਣੀ ਮਾਂ-ਬੋਲੀ ਵਿਚ ਹੀ ਸਿੱਖ ਸਕਦਾ ਹੈ। ਅੱਜ ਮਾਪਿਆਂ ਲਈ ਇਹ ਵੱਡਾ ਮਸਲਾ ਹੈ ਕਿ ਦਸਵੀਂ ਕਰਨ ਤੋਂ ਬਾਅਦ ਉਨ੍ਹਾਂ ਦੇ ਬੱਚੇ ਕਿਹੜੇ ਵਿਸ਼ੇ ਪੜ੍ਹਨ ਅਤੇ ਕਿਥੋਂ ਪੜ੍ਹਨ। ਹਰ ਮਹੀਨੇ ਸਕੂਲਾਂ ਵਿਚ ਮਾਪਿਆਂ ਅਤੇ ਬੱਚਿਆਂ ਲਈ ਗਾਈਡੈਂਸ ਅਤੇ ਕਾਊਂਸਲਿੰਗ ਲਈ ਵਿਸ਼ੇਸ਼ ਸੈਮੀਨਾਰ ਲਗਾਏ ਜਾਣ। ਸਿੱਖਿਆ ਦੇ ਅਧਿਕਾਰ ਜਿਸ ਵਿਚ ਹਰ ਪ੍ਰਾਈਵੇਟ ਸਕੂਲ ਵਿਚ 25 ਫ਼ੀਸਦੀ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਲੈਣ ਦਾ ਅਧਿਕਾਰ ਹੈ, ਸਬੰਧੀ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਨੇ ਢਿਲਮੱਠ ਵਾਲੀ ਨੀਤੀ ਅਪਣਾਈ ਹੋਈ ਹੈ। ਇਸ ਨੂੰ ਯਕੀਨੀ ਬਣਾਉਣ ਲਈ ਸਾਰਥਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਿੱਖਿਆ ਵਿਚ ਕਾਰੋਬਾਰ ਇਥੋਂ ਤੱਕ ਭਾਰੂ ਹੋ ਗਿਆ ਹੈ ਕਿ ਕੁਝ ਸਕੂਲਾਂ ਵਿਚ ਬੱਚਿਆਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਦਾਖਲੇ ਹੋਣ ਲੱਗੇ ਹਨ।
ਮੰਤਰੀਆਂ, ਕਿਸਾਨਾਂ, ਮਜ਼ਦੂਰਾਂ ਦੇ ਬੱਚਿਆਂ ਲਈ ਸਿੱਖਿਆ ਇਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਇਹ ਜਿਵੇਂ ਪਲੈਟੋ ਨੇ ਕਿਹਾ ਸੀ, ਸਰਕਾਰ ਵੱਲੋਂ ਹੋਣੀ ਚਾਹੀਦੀ ਹੈ। ਸਿੱਖਿਆ ਅਦਾਰਿਆਂ ਨੂੰ ਰਾਜਨੀਤੀ ਦੇ ਅਖਾੜੇ ਬਣਨ ਤੋਂ ਰੋਕਣ ਦੀ ਤੁਰੰਤ ਲੋੜ ਹੈ। ਸਿੱਖਿਆ ਸਿੱਖਣ ਲਈ ਹੋਣੀ ਚਾਹੀਦੀ ਹੈ, ਤੋਤਾ ਰਟਣ ਲਈ ਨਹੀਂ; ਪਰ ਇਸ ਨੂੰ ਸਾਰਟੀਫਿਕੇਟ ਹਾਸਲ ਕਰਨ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇਥੇ ਹੰਗਰੀ ਦੀ ਮਿਸਾਲ ਲੈ ਸਕਦੇ ਹਾਂ। ਉਥੇ ਇਮਤਿਹਾਨ ਪਾਠਕ੍ਰਮ ਦੇ ਅਭਿਆਸ ਅਨੁਸਾਰ ਨਹੀਂ ਲਏ ਜਾਂਦੇ। ਉਥੇ ਸਿੱਖਿਆ ਨੂੰ ਘੜੇ-ਘੜਾਏ ਜਵਾਬਾਂ ਤੱਕ ਸੀਮਤ ਨਹੀਂ ਰੱਖਿਆ ਗਿਆ, ਬਲਕਿ ਇਮਤਿਹਾਨ ਇਸ ਸਬੰਧੀ ਲਿਆ ਜਾਂਦਾ ਹੈ ਕਿ ਵਿਦਿਆਰਥੀ ਨੇ ਪੂਰਾ ਸਾਲ ਕੀ ਕੀ ਅਤੇ ਕਿੰਨਾ ਕੁ ਸਿੱਖਿਆ ਹੈ। ਅਜਿਹੀਆਂ ਤਰਜੀਹਾਂ ‘ਤੇ ਕੰਮ ਕੀਤਾ ਜਾਣਾ ਅਜੇ ਬਾਕੀ ਹੈ ਕਿ ਕਿਹੜੇ-ਕਿਹੜੇ ਵਿਸ਼ੇ ਅਤੇ ਕਿਤਾਬਾਂ ਪੜ੍ਹਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚੰਗੇ ਇਨਸਾਨ ਬਣਾਇਆ ਜਾਵੇ। ਭਾਰਤੀ ਸਮਾਜ ਬੇਸ਼ੱਕ ਪਹਿਲਾਂ ਨਾਲੋਂ ਵਧੇਰੇ ਸਿੱਖਿਅਤ ਹੋ ਗਿਆ ਹੈ, ਪਰ ਜ਼ਿੰਦਗੀ ਦਾ ਸੁਹਜ-ਸਵਾਦ ਅਸੀਂ ਗੁਆ ਲਿਆ ਹੈ।