ਪੱਕਾ ਰੰਗ ਨਾ ਦੇਈਂ ਵੇ ਰੱਬਾ

ਅਮਰੀਕਾ ਵਿਚ ਗੁਲਾਮ ਬਣਾ ਕੇ ਲਿਆਂਦੇ ਅਫਰੀਕੀ ਲੋਕਾਂ ਨੇ ਸਦੀਆਂ ਤੱਕ ਬੜੀ ਭੈੜੀ ਜ਼ਿੰਦਗੀ ਗੁਜ਼ਾਰੀ ਹੈ। ਉਨ੍ਹਾਂ ਨੂੰ ਭੇਡਾਂ-ਬੱਕਰੀਆਂ ਤੇ ਮੱਝਾਂ-ਗਾਈਆਂ ਵਾਂਗ ਖਰੀਦਿਆ-ਵੇਚਿਆ ਜਾਂਦਾ। ਉਨ੍ਹਾਂ ਨੂੰ ਕੋਈ ਵੀ ਹੱਕ ਹਾਸਲ ਨਹੀਂ ਸੀ। ਗੋਰੇ ਮਾਲਕ ਕਿਸੇ ਵੀ ਕਾਲੀ ਔਰਤ ਨਾਲ ਜੋ ਮਰਜੀ ਕਰਦੇ ਰਹਿੰਦੇ ਪਰ ਜੇ ਕਦੀ ਕੋਈ ਕਾਲਾ ਮਾੜੀ ਜਿਹੀ ਅਜਿਹੀ ਹਰਕਤ ਕਰ ਬੈਠਦਾ ਤਾਂ ਉਸ ਨੂੰ ਦਰਖਤ ‘ਤੇ ਬੰਨ ਕੇ ਥੱਲੇ ਅੱਗ ਬਾਲ ਕੇ ਸਾੜ ਦੇਣ ਤੱਕ ਦੀ ਸਜ਼ਾ ਦਿੱਤੀ ਜਾਂਦੀ।

ਅਮਰੀਕਾ ਵਿਚ ਗੁਲਾਮੀ ਦੀ ਪ੍ਰਥਾ ਉਦੋਂ ਸ਼ੁਰੂ ਹੋਈ ਜਦੋਂ ਪਹਿਲੇ ਅਫਰੀਕਨ ਗੁਲਾਮ ਵਰਜੀਨੀਆ ਸਟੇਟ ਦੇ ਜੇਮਜ਼ ਟਾਊਨ ਇਲਾਕੇ ਵਿਚ 1619 ਵਿਚ ਲਿਆਂਦੇ ਗਏ। ਗੁਲਾਮੀ ਵਿਰੁਧ ਕਈ ਵਾਰ ਵਿਦਰੋਹ ਹੋਇਆ ਪਰ ਗੱਲ ਸਿਰੇ ਨਾ ਲੱਗੀ। 1863 ਵਿਚ ਅਮਰੀਕੀ ਖਾਨਾਜੰਗੀ ਦੌਰਾਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਗੁਲਾਮੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਪਰ ਫਿਰ ਵੀ 1865 ਵਿਚ ਤੇਰਵੀਂ ਸੰਵਿਧਾਨਕ ਸੋਧ ਕੀਤੇ ਜਾਣ ਤੱਕ ਗੁਲਾਮੀ ਦੀ ਪਿਰਤ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਰਹੀ। ਹੁਣ ਦੇ ਸਮੇਂ ਸੰਵਿਧਾਨਕ ਸੋਧਾਂ ਉਪਰੰਤ ਕਿਸੇ ਵੀ ਤਰ੍ਹਾਂ ਦੇ ਰੰਗ ਭੇਦ ਦੀ ਪੂਰੀ ਮਨਾਹੀ ਹੈ। ਦੋ ਕਿਸ਼ਤਾਂ ਵਿਚ ਛਾਪੇ ਜਾ ਰਹੇ ਇਸ ਲੰਮੇ ਲੇਖ ਵਿਚ ਜੈਕਬ ਗਰੀਨ ਦਾ ਆਤਮ ਬਿਆਨ ਹੈ ਜਿਸ ਨੇ ਗੁਲਾਮੀ ਦੀ ਲਾਹਨਤ ਹੰਢਾਈ। -ਸੰਪਾਦਕ

ਗੁਰਚਰਨ ਸਿੰਘ ਜੈਤੋ
ਫੋਨ: 331-321-1759

ਜੈਕਬ ਡੀæ ਗਰੀਨ ਨਾਂ ਦਾ ਕਾਲੇ ਰੰਗ ਦਾ ਗੁਲਾਮ ਸ਼ਾਇਦ 1813 ਵਿਚ ਪੈਦਾ ਹੋਇਆ ਸੀ। ਸ਼ਾਇਦ ਇਸ ਲਈ ਕਿ ਉਨ੍ਹਾਂ ਸਮਿਆਂ ਵਿਚ ਗੁਲਾਮਾਂ ਦੇ ਜੰਮਣ ਮਰਨ ਦੀਆਂ ਤਰੀਕਾਂ ਨਾ ਹੀ ਗੁਲਾਮਾਂ ਨੂੰ ਤੇ ਨਾ ਹੀ ਉਨ੍ਹਾਂ ਦੇ ਮਾਂ-ਪਿਓ ਨੂੰ ਯਾਦ ਰਹਿੰਦੀਆਂ ਸਨ। ਗੁਲਾਮਾਂ ਨੂੰ ਪੜ੍ਹਨਾ-ਪੜ੍ਹਾਉਣਾ ਇਕ ਕਾਨੂੰਨੀ ਜੁਰਮ ਸੀ। ਗੁਲਾਮਾਂ ਦੇ ਮਾਲਕ ਹੀ ਉਨ੍ਹਾਂ ਦੀਆਂ ਜੰਮਣ-ਮਰਨ ਦੀਆਂ ਤਰੀਕਾਂ ਦਾ ਥੋੜਾ ਬਹੁਤ ਵੇਰਵਾ ਰੱਖ ਲਿਆ ਕਰਦੇ ਸਨ। ਬਹੁਤੇ ਗੁਲਾਮਾਂ ਵਾਂਗ ਜੈਕਬ ਨੂੰ ਵੀ ਆਪਣੇ ਜਨਮ ਦਾ ਦੱਸਿਆ ਦਸਾਇਆ ਅੰਦਾਜ਼ਾ ਹੀ ਸੀ। ਪਰ ਦੂਜੇ ਪਾਸੇ ਉਹ ਬਚਪਨ ਤੋਂ ਹੀ ਤੇਜ਼ ਦਿਮਾਗ ਹੋਣ ਕਰਕੇ ਨਹਿਲੇ ਨੂੰ ਦਹਿਲਾ ਹੋ ਕੇ ਟਕਰਦਾ। ਉਹ ਆਪਣੇ ਮਾਲਕ ਦੀ ਵਧੀਕੀ ਦਾ ਅਜਿਹਾ ਜਵਾਬ ਦਿੰਦਾ ਕਿ ਮਾਲਕ ਦਾ ਸ਼ੱਕ ਉਸ ਦੀ ਗਲਤੀ ‘ਤੇ ਜਾਣ ਦੀ ਥਾਂ ਕਿਸੇ ਤੀਜੇ ‘ਤੇ ਜਾਂਦਾ। ਉਹ ਆਪਣੀ ਹੱਡਬੀਤੀ ਸੁਣਾਉਂਦਿਆਂ ਦਸਦਾ ਹੈ ਕਿ ਅਚਾਨਕ ਇਕ ਸਵੇਰ ਉਸ ਦੀ ਗੁਲਾਮ ਮਾਂ ਨੂੰ ਉਸ ਦੇ ਮਾਲਕ ਨੇ ਕਿਸੇ ਹੋਰ ਕੋਲ ਵੇਚ ਦਿਤਾ। ਉਦੋਂ ਉਹ ਬਾਰਾਂ ਸਾਲਾਂ ਦਾ ਸੀ। ਉਸ ਨੂੰ ਨਹੀਂ ਸੀ ਪਤਾ ਕਿ ਉਹਦੀ ਮਾਂ ਕਿੱਥੇ ਚਲੀ ਗਈ ਪਰ ਉਸ ਨੂੰ ਉਹਦੇ ਮਾਲਕ ਨੇ ਆਪਣਾ ਗੁਲਾਮ ਬਣਾ ਕੇ ਰੱਖ ਲਿਆ। ਉਂਜ ਵੀ ਅਮਰੀਕਾ ਦੇ ਦੱਖਣੀ ਸੂਬਿਆਂ ਵਿਚ ਗੋਰੇ ਕਾਸ਼ਤਕਾਰ ਮਾਲਕ ਗਿਆਰਾਂ-ਬਾਰਾਂ ਸਾਲ ਦੇ ਗੁਲਾਮ ਮੁੰਡਿਆਂ ਨੂੰ ਖੇਤਾਂ ਵਿਚ ਕੰਮ ਕਰਨ ਲਾ ਲੈਂਦੇ ਸਨ। ਕਿਸੇ ਵੀ ਗੁਲਾਮ ਮਾਂ-ਪਿਓ ਦੇ ਬੱਚੇ ਜੰਮਣ ਸਾਰ ਹੀ ਗੁਲਾਮ ਸਮਝੇ ਜਾਂਦੇ ਸਨ।
ਜੈਕਬ ਜਦੋਂ ਵੱਡਾ ਹੋਇਆ ਤਾਂ ਉਸ ਨੂੰ ਵੀ ਖੇਤਾਂ ਵਿਚ ਕੰਮ ਕਰਨ ਲਾ ਦਿੱਤਾ ਗਿਆ। ਇਕ ਦਿਨ ਉਸ ਨੇ ਇਕ ਗੋਰੇ ਮੁੰਡੇ ਨੂੰ ਮਾਲਕ ਦੇ ਖੇਤਾਂ ਵਿਚੋਂ ਮੱਕੀ ਦੀਆਂ ਛੱਲੀਆਂ ਚੋਰੀ ਕਰਦਿਆਂ ਦੇਖ ਲਿਆ। ਝੱਟ ਹੀ ਉਹਦੇ ਤੇਜ਼ ਦਿਮਾਗ ਵਿਚ ਆਇਆ ਕਿ ਹੁਣ ਇਸ ਚੋਰੀ ਲਈ ਕਿਸੇ ਕਾਲੇ ਗੁਲਾਮ ਨੂੰ ਮਾਰ ਖਾਣੀ ਪਏਗੀ। ਅਕਸਰ ਚੋਰੀ ਭਾਵੇਂ ਕਿਸੇ ਨੇ ਕੀਤੀ ਹੋਵੇ, ਮਾਲਕਾਂ ਦਾ ਸ਼ੱਕ ਕਾਲੇ ਗੁਲਾਮਾਂ ‘ਤੇ ਹੀ ਜਾਂਦਾ ਸੀ ਤੇ ਕੋੜਿਆਂ ਦੀ ਮਾਰ ਵੀ ਉਨ੍ਹਾਂ ਬੇਦੋਸ਼ੇ ਗੁਲਾਮਾਂ ਨੂੰ ਹੀ ਪੈਂਦੀ ਸੀ। ਜੇ ਕਿਧਰੇ ਉਸ ਪਲ ਮਾਲਕ ਆਪ ਉਥੇ ਹੁੰਦਾ ਜਾਂ ਓਵਰਸੀਅਰ ਹੁੰਦਾ ਜਿਸ ਦੀ ਜ਼ਿੰਮੇਦਾਰੀ ਗੁਲਾਮਾਂ ਤੋਂ ਕੰਮ ਕਰਵਾਉਣਾ ਹੁੰਦਾ ਸੀ, ਤਾਂ ਗੱਲ ਹੋਰ ਹੋਣੀ ਸੀ। ਪਰ ਜੈਕਬ ਨੇ ਤਾਂ ਉਸ ਗੋਰੇ ਮੁੰਡੇ ਨੂੰ ਛੱਲੀਆਂ ਤੋੜ ਕੇ ਬੋਰੀ ਭਰ ਕੇ ਲਿਜਾਂਦਿਆਂ ਆਪਣੇ ਅੱਖੀਂ ਦੇਖਿਆ ਸੀ। ਉਸ ਨੇ ਮਨ ਵਿਚ ਫੈਸਲਾ ਕੀਤਾ ਕਿ ਉਹ ਇਸ ਚੋਰੀ ਬਾਰੇ ਚੁੱਪ ਰਹੇਗਾ, ਤੇ ਜੇ ਮਾਲਕਾਂ ਨੂੰ ਕਿਧਰੋਂ ਇਸ ਚੋਰੀ ਦਾ ਪਤਾ ਲੱਗ ਵੀ ਗਿਆ ਤਾਂ ਫੇਰ ਦੇਖੀ ਜਾਊ! ਦੂਜੇ ਪਾਸੇ ਜੇ ਉਹ ਮਾਲਕਾਂ ਨੂੰ ਉਸ ਚੋਰੀ ਬਾਰੇ ਸੱਚ ਦਸਦਾ ਵੀ ਤਾਂ ਉਨ੍ਹਾਂ ਨੇ ਉਸ ਦੀ ਗੱਲ ‘ਤੇ ਇਤਬਾਰ ਨਹੀਂ ਸੀ ਕਰਨਾ! ਪੱਕੀ ਗੱਲ ਸੀ ਕਿ ਗੋਰੇ ਮੁੰਡੇ ਨੇ ਚੋਰੀ ਨਹੀਂ ਸੀ ਮੰਨਣੀ ਤੇ ਉਲਟਾ ਮਾਰ ਜੈਕਬ ਨੂੰ ਹੀ ਪੈਣੀ ਸੀ, ਕਿਉਂਕਿ ਚੋਰੀ ਕਰਨ ਵਾਲਾ ਗੋਰਾ ਸੀ ਤੇ ਜੈਕਬ ਕਾਲਾ! ਉਹ ਸੋਚਣ ਲੱਗਾ-ਹਾਏ ਓ ਰੱਬਾ! ਕਾਲਾ ਹੋਣ ਵਿਚ ਭਲਾ ਮੇਰਾ ਕੀ ਕਸੂਰ? ਚੰਗਾ ਹੁੰਦਾ, ਮੈਂ ਜੰਮਦਾ ਈ ਨਾ! ਅਜਿਹੀਆਂ ਗੱਲਾਂ ਸੋਚ ਉਹ ਸੋਚੀਂ ਪੈ ਜਾਂਦਾ:
“ਅਜੇ ਕਲ੍ਹ ਹੀ ਮੇਰੀ ਮਾਂ ਨੂੰ ਵੇਚ ਦਿਤਾ ਗਿਆ ਸੀ। ਪਤਾ ਨਹੀਂ ਉਹ ਕਿੱਥੇ ਹੋਵੇਗੀ, ਪਤਾ ਨਹੀਂ ਕੌਣ ਉਹਨੂੰ ਕਿੱਥੇ ਲੈ ਗਿਆ ਹੋਵੇਗਾ! ਮੈਂ ਪਿੱਛੇ ਇਕੱਲਾ ਰਹਿ ਗਿਆਂ! ਹੁਣ ਮੈਂ ਸਾਰੀ ਉਮਰ ਆਪਣੀ ਮਾਂ ਨੂੰ ਮਿਲ ਨਹੀਂ ਸਕਾਂਗਾ! ਜਾਣ ਤੋਂ ਪਹਿਲਾਂ ਮੇਰੀ ਮਾਂ ਮੈਨੂੰ ਕਹਿ ਗਈ ਸੀ ਕਿ ਮੈਂ ਚੰਗਾ ਬੱਚਾ ਬਣ ਕੇ ਰਹਾਂ। ਮੈਨੂੰ ਯਾਦ ਹੈ, ਉਸ ਨੇ ਕਿਹਾ ਸੀ ਕਿ ਉਹ ਮੇਰੇ ਲਈ ਅਰਜੋਈਆਂ ਕਰਦੀ ਰਹੇਗੀ ਤੇ ਮੈਂ ਵੀ ਉਸ ਦੀ ਸਲਾਮਤੀ ਲਈ ਪ੍ਰਾਰਥਨਾ ਕਰਾਂ! ਪਰ ਜਦੋਂ ਵੀ ਮੈਂ ਹੱਥ ਜੋੜਦਾਂ ਤਾਂ ਮੈਨੂੰ ਆਪਣੇ ਮਾਲਕ ਦੇ ਬੋਲ ਯਾਦ ਆ ਜਾਂਦੇ ਨੇ। ਉਸ ਨੇ ਕਿਹਾ ਸੀ-ਕਾਲੇ ਲੋਕਾਂ ਨੂੰ ਰੱਬ ਨੇ ਥੋੜੋ ਬਣਾਇਐ! ਨਹੀਂ, ਰੱਬ ਇਹੋ ਜਿਹੀ ਗਲਤੀ ਨਹੀਂ ਕਰ ਸਕਦਾ! ਤੁਹਾਨੂੰ ਤਾਂ ਸ਼ੈਤਾਨ ਨੇ ਬਣਾਇਐ! ਤੇ ਨਾਲ ਦੀ ਨਾਲ ਮੈਨੂੰ ਉਹ ਪੁਰਾਣੀ ਗੱਲ ਵੀ ਯਾਦ ਆਉਂਦੀ ਰਹੀ ਜਿਹੜੀ ਸਾਡਾ ਮਾਲਕ ਆਮ ਹੀ ਕਿਹਾ ਕਰਦਾ ਸੀ ਕਿ ਜਦੋਂ ਗੋਰੇ ਲੋਕਾਂ ਨੂੰ ਰੱਬ ਨੇ ਸਭ ਤੋਂ ਵਧੀਆ ਮਿੱਟੀ ਲੱਭ ਕੇ ਬਣਾਇਆ ਤਾਂ ਸ਼ੈਤਾਨ ਇਹ ਸਾਰਾ ਕੁਝ ਦੇਖੀ ਜਾਂਦਾ ਸੀ। ਉਹਨੇ ਝੱਟ ਕਿਧਰੋਂ ਕਾਲਾ ਗਾਰਾ ਚੱਕ ਕੇ ਕਾਲੇ ਬੰਦੇ ਬਣਾਉਣੇ ਸ਼ੁਰੂ ਕਰ ਦਿਤੇ ਤੇ ਉਨ੍ਹਾਂ ਦਾ ਨਾਂ ਰੱਖ ਦਿਤਾ ਨੀਗਰ! ਮੇਰਾ ਮਾਲਕ ਵੀ ਮੈਨੂੰ ਹਰ ਰੋਜ਼ ਚੰਗਾ ਬਣਨ ਲਈ ਕਹਿੰਦਾ ਰਹਿੰਦਾ ਕਿ ਜਿਵੇਂ ਮੇਰੀ ਮਾਂ ਨੇ ਉਹਦੀ ਸੇਵਾ ਕੀਤੀ ਸੀ, ਜੇ ਮੈਂ ਵੀ ਬਿਨਾ ਕਿਸੇ ਹੀਲ ਹੁੱਜਤ ਦੇ ਕਰਦਾ ਰਿਹਾ ਤਾਂ ਸਿੱਧਾ ਸੁਰਗਾਂ ਨੂੰ ਜਾਵਾਂਗਾ। ਮੇਰੀ ਮਾਂ ਵੀ ਅਕਸਰ ਇਹੋ ਕਿਹਾ ਕਰਦੀ ਸੀ। ਮੈਂ ਵੀ ਦੂਜੇ ਗੁਲਾਮਾਂ ਵਾਂਗ ਪਾਦਰੀ ਕੌਬ ਦੀਆਂ ਮੀਟਿੰਗਾਂ ਵਿਚ ਹਰ ਐਤਵਾਰ ਜਾਣ ਲੱਗ ਪਿਆ ਸਾਂ। ਉਹ ਸਾਨੂੰ ਵਾਰ ਵਾਰ ਯਾਦ ਕਰਾਉਂਦਾ ਕਿ ਜਦੋਂ ਕਾਲੇ ਲੋਕ ਅਫਰੀਕਾ ਵਿਚ ਪੈਦਾ ਹੋਏ ਤਾਂ ਉਹ ਕਾਨਿਆਂ ਤੇ ਪੱਥਰਾਂ ਦੇ ਬੁੱਤ ਪੂਜਦੇ ਰਹਿੰਦੇ ਸਨ। ਰੱਬ ਨੇ ਉਨ੍ਹਾਂ ‘ਤੇ ਤਰਸ ਖਾ ਕੇ ਗੋਰੇ ਲੋਕਾਂ ਦੇ ਮਨਾਂ ਵਿਚ ਪਿਰਤ ਤੇ ਦਯਾ ਪਾ ਕੇ ਉਨ੍ਹਾਂ ਨੂੰ ਚੰਗਾ ਬਣਾਉਣ ਲਈ ਇਥੇ ਲਿਆਂਦਾ ਹੈ। ਉਹ ਉਚੀ ਆਵਾਜ਼ ਵਿਚ ਕਿਹਾ ਕਰਦਾ, ਓਏ ਕਾਲੇ ਲੋਕੋ, ਦੇਖੋ ਇਸ ਰੋਸ਼ਨੀ ਨੂੰ ਦੇਖੋ! ਕਿਤੇ ਇਸ ਰੋਸ਼ਨੀ ਤੋਂ ਵਾਂਝੇ ਰਹਿ ਕੇ ਹੀ ਨਾ ਮਰ ਜਾਇਓ! ਇਸ ਰੋਸ਼ਨੀ ਤੋਂ ਬਿਨਾ ਤੁਹਾਨੂੰ ਨਰਕ ਤੋਂ ਬਿਨਾ ਹੋਰ ਕੁਝ ਵੀ ਨਸੀਬ ਨਹੀਂ ਜੇ ਹੋਣਾ।
ਪਰ ਹੋਇਆ ਕੁਝ ਹੋਰ ਹੀ! ਉਹ ਵਿਚਾਰਾ ਪਾਦਰੀ ਆਪ ਰੋਸ਼ਨੀ ਤੋਂ ਬਿਨਾ ਹੀ ਮਰ ਗਿਆ। ਮੈਨੂੰ ਪਾਦਰੀ ਤੋਂ ਅਜਿਹੀਆਂ ਗੱਲਾਂ ਸੁਣਨ ਦੀ ਆਦਤ ਜਿਹੀ ਪੈ ਗਈ ਸੀ ਜਿਨ੍ਹਾਂ ਦਾ ਅਸਰ ਘੱਟ ਹੀ ਹੁੰਦਾ ਸੀ। ਇਹੋ ਜਿਹੀਆਂ ਗੱਲਾਂ ਸੁਣਦਿਆਂ ਮੈਨੂੰ ਸਤਾਰ੍ਹਵਾਂ ਵਰ੍ਹਾ ਵੀ ਲੱਗ ਗਿਆ। ਮੈਨੂੰ ਇਹ ਖਾਸ ਹਦਾਇਤ ਸੀ ਕਿ ਜੇ ਕਿਤੇ ਮੇਰਾ ਸਾਹਮਣਾ ਕਿਸੇ ਗੋਰੇ ਮੁੰਡੇ ਨਾਲ ਹੋ ਜਾਵੇ ਤਾਂ ਉਸ ਨਾਲ ਮੈਂ ਕਿਸੇ ਕਿਸਮ ਦਾ ਪੰਗਾ ਨਾ ਲਵਾਂ। ਜੇ ਉਹ ਮੈਨੂੰ ਮਾਰੇ ਵੀ ਤਾਂ ਮੋੜ ਕੇ ਉਸ ਨੂੰ ਮਾਰਨਾ ਵੀ ਮੈਨੂੰ ਮਨ੍ਹਾਂ ਸੀ। ਜੇ ਅਗਲਾ ਮੁੰਡਾ ਕਾਲਾ ਹੋਵੇ ਤਾਂ ਮੈਂ ਆਪਣੇ ਬਚਾਓ ਲਈ ਕੋਸ਼ਿਸ਼ ਕਰ ਸਕਦਾ ਸਾਂ! ਹੋਇਆ ਇਉਂ ਕਿ ਉਹ ਗੋਰਾ ਮੁੰਡਾ ਅਕਸਰ ਆ ਕੇ ਮੇਰੀਆਂ ਗੋਟੀਆਂ ਤੇ ਲਾਟੂ ਚੋਰੀ ਕਰ ਲੈਂਦਾ। ਅਖੀਰ ਉਹਨੂੰ ਮੈਂ ਰੰਗੇ ਹੱਥੀਂ ਫੜ ਲਿਆ। ਸਾਡੀ ਹੱਥੋ-ਪਾਈ ਹੋ ਗਈ। ਮੈਂ ਉਹਨੂੰ ਹੇਠਾਂ ਸਿੱਟ ਲਿਆ। ਉਤੋਂ ਮਾਲਕ ਮਿਸਟਰ ਬਰਮੀ ਵੀ ਪਹੁੰਚ ਗਿਆ। ਉਹਨੇ ਮੈਨੂੰ ਗੋਰੇ ਮੁੰਡੇ ਦੀ ਹਿੱਕ ‘ਤੇ ਬੈਠੇ ਨੂੰ ਠੁੱਡਾ ਮਾਰ ਕੇ ਪਰ੍ਹਾਂ ਕੀਤਾ ਤੇ ਮੈਨੂੰ ਘੂਰ ਕੇ ਕਿਹ, ਜੇ ਮੈਂ ਉਸ ਦਾ ਗੁਲਾਮ ਹੁੰਦਾ ਤਾਂ ਉਹ ਮੈਨੂੰ ਗੋਰੇ ਮੁੰਡੇ ‘ਤੇ ਹੱਥ ਚੱਕਣ ਦੀ ਸਜ਼ਾ, ਮੇਰੇ ਹੱਥ ਵੱਢ ਕੇ ਦਿੰਦਾ! ਉਹਦਾ ਠੁੱਡਾ ਏਨਾ ਜ਼ਬਰਦਸਤ ਸੀ ਕਿ ਮੈਨੂੰ ਬਹੁਤ ਪੀੜ ਹੋਈ। ਮੇਰਾ ਕੋਈ ਕਸੂਰ ਨਹੀਂ ਸੀ, ਮੈਨੂੰ ਬੇਦੋਸ਼ੇ ਨੂੰ ਉਸ ਨੇ ਕਿਉਂ ਮਾਰਿਆ? ਖੈਰ! ਉਸ ਹਾਦਸੇ ਨੇ ਮੇਰੇ ਦਿਲ ਵਿਚ ਬਦਲੇ ਦੀ ਭਾਵਨਾ ਨੂੰ ਜਨਮ ਦਿਤਾ। ਮੈਂ ਫੈਸਲਾ ਕੀਤਾ ਕਿ ਉਸ ਬਰਮੀ ਨੂੰ ਉਸ ਦੇ ਕੀਤੇ ਦੀ ਸਜ਼ਾ ਮੈਂ ਇਕ ਦਿਨ ਜ਼ਰੂਰ ਦਿਆਂਗਾ।
ਲਓ ਜੀ! ਮੈਂ ਇਕ ਦਿਨ ਬਾਹਰ ਜਾ ਕੇ ਇਕ ਰੁੱਖ ਦੇ ਨਾਲ ਖੜ੍ਹਾ ਹੋ ਕੇ ਆਪਣੇ ਸਿਰ ਦੇ ਬਰਾਬਰ ਸਾਹਮਣੇ ਚਾਕੂ ਨਾਲ ਨਿਸ਼ਾਨ ਬਣਾਇਆ ਤਾਂ ਕਿ ਮੈਂ ਦੇਖ ਸਕਾਂ ਕਿ ਮੈਂ ਕਿੰਨੀ ਜਲਦੀ ਵੱਡਾ ਹੋ ਜਾਵਾਂਗਾ। ਦੋ ਮਹੀਨੇ ਤਕ ਮੈਂ ਕਈ ਵਾਰੀ ਜਾ ਜਾ ਕੇ ਉਸ ਨਿਸ਼ਾਨ ਦੇ ਬਰਾਬਰ ਖੜ੍ਹਾ ਹੋ ਕੇ ਦੇਖਦਾ ਰਿਹਾ, ਪਰ ਮੇਰਾ ਕੱਦ ਵਧਦਾ ਨਜ਼ਰ ਨਹੀਂ ਸੀ ਆ ਰਿਹਾ! ਫੇਰ ਮੈਂ ਸੋਚਿਆ ਕਿ ਜੇ ਮੈਂ ਉਸ ਬੰਦੇ ਜਿੰਨਾ ਲੰਮਾ ਨਾ ਹੋ ਸਕਿਆ ਤਾਂ ਕੋਈ ਗੱਲ ਨਹੀਂ, ਫੇਰ ਮੈਂ ਉਹਦੇ ਨਿਆਣਿਆਂ ਤੋਂ ਤਾਂ ਬਦਲਾ ਲੈ ਹੀ ਲਵਾਂਗਾ!
ਉਨ੍ਹੀਂ ਦਿਨੀਂ ਮੈਂ ਮਾਲਕ ਦੇ ਘਰ ਸਾਰੇ ਨਿੱਕੇ-ਮੋਟੇ ਕੰਮ ਕਰਦਾ ਸਾਂ। ਮੈਨੂੰ ਪਤਾ ਸੀ ਕਿ ਮਾਲਕਣ ਨੂੰ ਮਿਲਣ ਉਸ ਦੇ ਦੋ ਚਾਹਵਾਨ ਘਰ ਵਿਚ ਅਕਸਰ ਆਉਂਦੇ-ਜਾਂਦੇ ਸਨ। ਇਨ੍ਹਾਂ ਵਿਚੋਂ ਇਕ ਤਾਂ ਓਹੀ ਬਰਮੀ ਸੀ ਜਿਸ ਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਦੂਜਾ ਰੋਜਰਜ਼। ਉਹ ਇਕ ਦੂਜੇ ਨੂੰ ਨਫਰਤ ਕਰਦੇ ਸਨ ਤੇ ਇਕ ਦੂਜੇ ਤੋਂ ਵਧ ਕੇ ਮਾਲਕਣ ਨੂੰ ਖੁਸ਼ ਕਰਨ ਦੇ ਚੱਕਰ ਵਿਚ ਰਹਿੰਦੇ ਸਨ। ਮਾਲਕਣ ਵੀ ਮੈਨੂੰ ਉਨ੍ਹਾਂ ਦੀ ਸੇਵਾ ਵਿਚ ਲਾਈ ਰੱਖਦੀ। ਮਾਲਕਣ ਬਰਮੀ ਨੂੰ ਆਪਣੇ ਬਹੁਤਾ ਨੇੜੇ ਹੋਣ ਦਿੰਦੀ ਸੀ। ਬਰਮੀ ਨੂੰ ਤਮਾਕੂ ਪੀਣ ਦੀ ਆਦਤ ਸੀ। ਮਾਲਕਣ ਨੇ ਉਸ ਲਈ ਇਕ ਖਾਸ ਕਿਸਮ ਦੀ ਪਾਈਪ ਰੱਖੀ ਹੋਈ ਸੀ। ਪਾਈਪ ਦੇ ਤਮਾਕੂ ਪਾਉਣ ਵਾਲੇ ਸਿਰੇ ‘ਤੇ ਜਰਮਨ ਚਾਂਦੀ ਦਾ ਇਕ ਛੋਟਾ ਕੱਪ ਜੜਿਆ ਹੋਇਆ ਸੀ ਜਿਸ ਕਰਕੇ ਉਹ ਪਾਈਪ ਦੂਰੋਂ ਚਮਕਦੀ ਸੁਹਣੀ ਲਗਦੀ ਸੀ। ਇਹ ਪਾਈਪ ਆਮ ਵੱਡੇ ਕਮਰੇ ਵਿਚ ਇਕ ਕਣਸ ‘ਤੇ ਪਈ ਰਹਿੰਦੀ। ਮਾਲਕਣ ਉਸ ਵਿਚ ਤਮਾਕੂ ਭਰ ਕੇ ਬਰਮੀ ਦੇ ਪੀਣ ਲਈ ਤਿਆਰ ਰਖਦੀ। ਇਕ ਸਵੇਰ ਮੈਂ ਉਸ ਕਮਰੇ ਵਿਚ ਸਫਾਈ ਕਰ ਰਿਹਾ ਸਾਂ। ਪਾਈਪ ਆਪਣੀ ਥਾਂ ਕਣਸ ‘ਤੇ ਹੀ ਪਈ ਸੀ। ਮਾਲਕ ਦਾ ਮੁੰਡਾ ਵਿਲੀਅਮ ਨਾਲ ਦੇ ਕਮਰੇ ਦੀ ਅਲਮਾਰੀ ਵਿਚ ਆਪਣੀ ਬੰਦੂਕ ਲਈ ਬਰੂਦ ਵਾਲਾ ਪਾਊਡਰ ਰਖਦਾ ਹੁੰਦਾ ਸੀ। ਮੈਂ ਉਹ ਪਾਈਪ ਮਲਕੜੇ ਜਿਹੇ ਚੁੱਕੀ ਤੇ ਨਾਲ ਦੇ ਕਮਰੇ ਦੀ ਉਹ ਅਲਮਾਰੀ ਜਾ ਖੋਲ੍ਹੀ। ਪਾਈਪ ਵਿਚੋਂ ਉਪਰੋਂ ਅੱਧਾ ਤਮਾਕੂ ਕੱਢ ਕੇ ਉਸ ਦੀ ਥਾਂ ਬਰੂਦ ਵਾਲਾ ਪਾਊਡਰ ਪਾ ਕੇ ਮੁੜ ਬਾਕੀ ਤਮਾਕੂ ਉਪਰ ਪਾ ਕੇ ਮੈਂ ਪਾਈਪ ਤਿਆਰ ਕੀਤੀ ਤੇ ਵਾਪਸ ਟਿਕਾਣੇ ‘ਤੇ ਰੱਖ ਦਿਤੀ। ਉਸ ਪਿਛੋਂ ਮੈਂ ਅਸਤਬਲ ਵਿਚ ਘੋੜਿਆਂ ਦੀ ਸਾਫ ਸਫਾਈ ਕਰਨ ਜਾ ਲੱਗਾ।
ਮੇਰੀ ਮਾਲਕਣ ਦਾ ਪਹਿਲਾ ਆਸ਼ਕ ਰੋਜਰਜ਼ ਸਵੇਰੇ ਅੱਠ ਵਜੇ ਹੀ ਆ ਪਹੁੰਚਿਆ। ਮਾਲਕ ਬਾਹਰ ਗਿਆ ਹੋਇਆ ਸੀ ਤੇ ਮਾਲਕਣ ਘਰ ਇਕੱਲੀ ਸੀ। ਉਹ ਗਿਆਰਾਂ ਵਜੇ ਤਕ ਉਸ ਨਾਲ ਰਿਹਾ ਤੇ ਫੇਰ ਚਲਾ ਗਿਆ। ਉਸ ਪਿੱਛੋਂ ਬਰਮੀ ਆ ਗਿਆ। ਘੰਟੇ ਕੁ ਪਿਛੋਂ ਮੈਂ ਅਚਾਨਕ ਖੇਤਾਂ ਵਲੋਂ ਕਈ ਗੁਲਾਮ ਘਰ ਵਲ ਭੱਜੇ ਆਉਂਦੇ ਦੇਖੇ। ਹਥਲਾ ਕੰਮ ਵਿਚੇ ਛੱਡ ਕੇ ਮੈਂ ਵੀ ਘਰ ਵਲ ਭੱਜਿਆ। ਘਰ ਆ ਕੇ ਦੇਖਿਆ ਕਿ ਬਰਮੀ ਆਰਾਮ ਕੁਰਸੀ ‘ਤੇ ਬੇਹੋਸ਼ ਹੋਇਆ ਪਿਆ ਸੀ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਸਾਫ ਦਿਸ ਰਿਹਾ ਸੀ ਕਿ ਆਮ ਵਾਂਗ ਉਸ ਨੇ ਤਮਾਕੂ ਵਾਲੀ ਪਾਈਪ ਪੀਣ ਲਈ ਜਿਉਂ ਹੀ ਅੱਗ ਲਾ ਕੇ ਮੂੰਹ ਵਿਚ ਪਾਈ ਹੋਵੇਗੀ, ਬਾਰੂਦ ਫਟ ਗਿਆ ਹੋਵੇਗਾ। ਸਾਰਾ ਸ਼ੱਕ ਘਰੋਂ ਪਹਿਲਾਂ ਗਏ ਰੋਜਰਜ਼ ‘ਤੇ ਹੀ ਗਿਆ। ਲਓ ਜੀ, ਬਰਮੀ ਦਾ ਪੁੱਤਰ ਜਾ ਕੇ ਰੋਜਰਜ਼ ਨੂੰ ਬੁਰਾ ਭਲਾ ਕਹਿਣ ਲੱਗਾ, ਖੂਬ ਲੜਾਈ ਹੋਈ। ਅਖੀਰ ਮਾਮਲਾ ਅਦਾਲਤ ਵਿਚ ਗਿਆ। ਨਤੀਜਾ ਅੱਠ ਸੌ ਡਾਲਰ ਰੋਜਰਜ਼ ਨੂੰ ਮੁਕੱਦਮਾ ਲੜਨ ਲਈ ਖਰਚਣੇ ਪਏ। ਬਰਮੀ ਦੇ ਵੀ ਛੇ ਸੌ ਡਾਲਰ ਲੱਗੇ, ਉਹਦਾ ਬੂਥਾ ਜ਼ਖ਼ਮੀ ਹੋਇਆ, ਉਹ ਵਖਰਾ! ਮੇਰੇ ਮਾਲਕ ਦੀ ਪਤਨੀ ਵੀ ਉਸ ਝਗੜੇ ਵਿਚ ਘਿਰ ਚੁੱਕੀ ਸੀ। ਉਸ ਨੂੰ ਦਸਣਾ ਪੈਣਾ ਸੀ ਕਿ ਪਤੀ ਦੀ ਗੈਰਹਾਜ਼ਰੀ ਵਿਚ ਉਹ ਦੋ ਬੰਦੇ ਉਹਦੇ ਘਰ ਕੀ ਕਰਨ ਆਉਂਦੇ ਸਨ! ਇਸੇ ਗੱਲ ‘ਤੇ ਇਕ ਹੋਰ ਮੁਕੱਦਮਾ ਚਲਿਆ ਤੇ ਸਾਡੇ ਮਾਲਕ ਨੂੰ ਚੌਦਾਂ ਸੌ ਡਾਲਰ ਦਾ ਨੁਕਸਾਨ ਹੋਇਆ। ਮੇਰੇ ਉਤੇ ਤਾਂ ਕਿਸੇ ਨੇ ਕੀ ਉਂਗਲ ਚੱਕਣੀ ਸੀ! ਆਪਾਂ ਤਮਾਸ਼ਾ ਦੇਖੀ ਗਏ! ਬੁਰੇ ਕੰਮਾਂ ਦੇ ਬੁਰੇ ਨਤੀਜੇ!
ਮੈਂ ਆਪਣੇ ਮਾਲਕ ਨੂੰ ਦੂਰ ਨੇੜੇ ਜਿਥੇ ਵੀ ਜਾਣਾ ਹੁੰਦਾ, ਘੋੜਾ-ਬੱਘੀ ਜੋੜ ਕੇ ਲਿਜਾਇਆ ਕਰਦਾ ਸਾਂ। ਇਕ ਵਾਰੀ ਮੈਂ ਉਹਨੂੰ ਬਾਲਟੀਮੋਰ ਸ਼ਹਿਰ ਲੈ ਕੇ ਗਿਆ। ਉਥੇ ਉਹਦੇ ਪੁੱਤਰ ਕਾਨੂੰਨ ਦੀ ਪੜ੍ਹਾਈ ਕਰਦੇ ਸਨ। ਉਥੇ ਮੈਂ ਕੁਝ ਸ਼ਕਰਕੰਦੀਆਂ ਚੋਰੀ ਕਰਕੇ ਬੱਘੀ ਵਿਚ ਰੱਖ ਲਈਆਂ। ਸੋਚਿਆ ਜਦੋਂ ਮੌਕਾ ਮਿਲਿਆ ਤਾਂ ਭੁੰਨ ਕੇ ਖਾਵਾਂਗੇ। ਘਰ ਪਹੁੰਚ ਕੇ ਮੈਨੂੰ ਨਹੀਂ ਪਤਾ ਕਿ ਮਾਲਕ ਨੂੰ ਮੇਰੀ ਇਸ ਚੋਰੀ ਦਾ ਕਿਵੇਂ ਪਤਾ ਲੱਗਾ। ਮਾਲਕ ਨੇ ਇਕ ਕਾਗਜ਼ ਦਾ ਟੁਕੜਾ ਮੇਰੇ ਹੱਥ ਫੜਾਉਂਦਿਆਂ ਕਿਹਾ ਕਿ ਮੈਂ ਉਹ ਕਾਗਜ਼ ਓਵਰਸੀਅਰ ਮਿਸਟਰ ਕੌਂਗ ਨੂੰ ਦੇ ਆਵਾਂ। ਦੂਜੇ, ਮੈਂ ਇਕ ਸੁਨੇਹਾ ਦੂਜੇ ਗੁਲਾਮ ਮੁੰਡੇ ਡਿੱਕ ਨੂੰ ਦੇ ਆਵਾਂ ਕਿ ਆਉਂਦੀ ਸਵੇਰ ਮਾਲਕ ਨੂੰ ਘੋੜਾ-ਬੱਘੀ ‘ਤੇ ਬਾਲਟੀਮੋਰ ਉਹੀ ਲੈ ਕੇ ਜਾਏਗਾ। ਜਿਉਂ ਹੀ ਉਹ ਕਾਗ਼ਜ਼ ਮੈਂ ਆਪਣੇ ਹੱਥ ਵਿਚ ਫੜਿਆ, ਮੈਨੂੰ ਯਕੀਨ ਹੋ ਗਿਆ ਕਿ ਉਸ ਕਾਗ਼ਜ਼ ਵਿਚ ਮੇਰੇ ਲਈ ਛਾਂਟਿਆਂ ਦੀ ਮਾਰ ਲਈ ਸੁਨੇਹਾ ਲਿਖਿਆ ਹੋਇਆ ਸੀ। ਕਿਉਂਕਿ ਮਾਲਕ ਗੁਲਾਮਾਂ ਨਾਲ ਅਕਸਰ ਇੰਜ ਹੀ ਕਰਦਾ ਸੀ। ਜਿਹੜਾ ਵੀ ਗੁਲਾਮ ਮਾਲਕ ਦਾ ਕਾਗ਼ਜ਼ੀ ਸੁਨੇਹਾ ਓਵਰਸੀਅਰ ਕੌਂਗ ਕੋਲ ਲੈ ਕੇ ਜਾਂਦਾ ਉਹ ਮਾਰ ਖਾ ਕੇ ਹੀ ਮੁੜਦਾ! ਮੈਂ ਉਹ ਕਾਗ਼ਜ਼ ਸਾਰਾ ਦਿਨ ਤੇ ਰਾਤ ਆਪਣੇ ਕੋਲ ਰਖਿਆ। ਅਗਲੇ ਦਿਨ ਵੀ ਉਹ ਕਾਗ਼ਜ਼ ਮੇਰੇ ਕੋਲ ਹੀ ਰਿਹਾ। ਮੈਨੂੰ ਉਹ ਕਾਗ਼ਜ਼ ਕੌਂਗ ਨੂੰ ਦੇਣ ਤੋਂ ਡਰ ਲਗਦਾ ਸੀ ਤੇ ਨਤੀਜਾ ਵੀ ਮੈਨੂੰ ਪਤਾ ਸੀ। ਦੂਜੇ ਦਿਨ, ਮੈਂ ਦਿਨ ਢਲਦਿਆਂ ਸੋਚੀਂ ਪੈ ਗਿਆ ਕਿ ਜੇ ਇਹ ਕਾਗ਼ਜ਼ ਕੌਂਗ ਨੂੰ ਦਿਤਾ ਤਾਂ ਛਾਂਟਿਆਂ ਦੀ ਮਾਰ ਤਾਂ ਪੈਣੀ ਲਾਜ਼ਮੀ ਸੀ। ਇੰਜ ਹਰ ਹਾਲਤ ਵਿਚ ਮੈਨੂੰ ਛਾਂਟਿਆਂ ਦੀ ਮਾਰ ਤਾਂ ਖਾਣੀ ਹੀ ਪੈਣੀ ਸੀ।
ਉਧਰ ਡਿੱਕ ਨੇ ਆਪਣੀ ਸਹੇਲੀ ਨੂੰ ਚੋਰੀ ਰਾਤ ਨੂੰ ਮਿਲਣ ਜਾਣਾ ਸੀ। ਜਿਸ ਲਈ ਉਹਨੇ ਬਿਮਾਰੀ ਦਾ ਬਹਾਨਾ ਬਣਾ ਕੇ ਮਾਲਕ ਤੋਂ ਛੁੱਟੀ ਲੈਣੀ ਸੀ। ਇਸ ਲਈ ਉਹ ਬਾਲਟੀਮੋਰ ਸ਼ਹਿਰ ਨਹੀਂ ਸੀ ਜਾ ਸਕਦਾ। ਅਸਲ ਵਿਚ ਉਹ ਚਾਹੁੰਦਾ ਸੀ ਕਿ ਉਹਦੀ ਥਾਂ ਮੈਂ ਹੀ ਬਾਲਟੀਮੋਰ ਚਲਾ ਜਾਵਾਂ ਤਾਂ ਕਿ ਉਹ ਆਪਣੀ ਸਹੇਲੀ ਨੂੰ ਮਿਲ ਸਕੇ। ਮੈਂ ਵੀ ਉਸ ਦੀ ਥਾਂ ਜਾਣ ਲਈ ਮੰਨ ਗਿਆ। ਹੁਣ ਉਸ ਨੂੰ ਮੇਰਾ ਇਕ ਕੰਮ ਕਰਨਾ ਪੈਣਾ ਸੀ ਕਿ ਮੇਰਾ ਦਿੱਤਾ ਉਹ ਕਾਗ਼ਜ਼ ਦਾ ਟੁਕੜਾ ਉਸ ਨੇ ਲਿਜਾ ਕੇ ਮਿਸਟਰ ਕੌਂਗ ਨੂੰ ਦੇਣਾ ਸੀ, ਕਿਉਂਕਿ ਉਹ ਕਾਗ਼ਜ਼ ਦੇਣਾ ਮੈਂ ਭੁੱਲ ਗਿਆ ਸਾਂ। ਡਿੱਕ ਨੇ ਮੇਰੀ ਗੱਲ ਮੰਨ ਲਈ ਤੇ ਮੈਂ ਉਹਨੂੰ ਕਾਗ਼ਜ਼ ਫੜਾ ਕੇ ਘਰ ਚਲਾ ਗਿਆ। ਪਿਛੋਂ ਪਤਾ ਲੱਗਾ ਕਿ ਜਿਉਂ ਹੀ ਡਿੱਕ ਨੇ ਕੌਂਗ ਨੂੰ ਕਾਗ਼ਜ਼ ਦਿਤਾ ਤਾਂ ਉਹਨੇ ਸੁਨੇਹਾ ਪੜ੍ਹਨ ਸਾਰ ਹੀ ਉਸ ਨੂੰ ਮਾਰ ਖਾਣ ਵਾਲੇ ਥਮ੍ਹਲੇ ਕੋਲ ਜਾਣ ਲਈ ਕਿਹਾ। ਜਦੋਂ ਡਿੱਕ ਨੇ ਆਪਣਾ ਕਸੂਰ ਪੁੱਛਿਆ ਤਾਂ ਉਸ ਨੂੰ 39 ਛਾਂਟਿਆਂ ਤੋਂ ਇਲਾਵਾ ਹੋਰ ਵੀ ਮਾਰ ਖਾਣੀ ਪਈ। ਉਤੋਂ ਉਹ ਵਿਚਾਰਾ ਆਪਣੀ ਪਿਆਰੀ ਮਸ਼ੂਕ ਨੂੰ ਮਿਲਣ ਲਈ ਵੀ ਨਾ ਜਾ ਸਕਿਆ।
ਬਾਲਟੀਮੋਰ ਪਹੁੰਚ ਕੇ ਮਾਲਕ ਨੇ ਮੇਰੀ ਪੁੱਛ-ਗਿੱਛ ਸ਼ੁਰੂ ਕੀਤੀ। ਮਾਲਕ ਨੇ ਪੁੱਛਿਆ ਕਿ ਮੈਂ ਕਿਉਂ ਆਇਆ ਸਾਂ? ਮੈਂ ਝੱਟ ਜਵਾਬ ਦਿਤਾ ਕਿ ਡਿੱਕ ਵਿਚਾਰਾ ਬਿਮਾਰ ਹੋ ਗਿਆ ਸੀ, ਇਸ ਲਈ ਉਹਦੀ ਥਾਂ ਮੈਨੂੰ ਆਉਣਾ ਪਿਆ। ਫੇਰ ਉਸ ਨੇ ਮੈਨੂੰ ਪੁੱਛਿਆ ਕਿ ਮਿਸਟਰ ਕੌਂਗ ਨੂੰ ਮੈਂ ਕਾਗ਼ਜ਼ ਦੇ ਦਿਤਾ ਸੀ ਕਿ ਨਹੀਂ? ਮੈਂ ਜਵਾਬ ਦਿਤਾ-ਜੀ ਹਾਂ, ਸਰ! ਫੇਰ ਉਸ ਨੇ ਪੁੱਛਿਆ ਕਿ ਮੈਨੂੰ ਕਾਗ਼ਜ਼ ਦੇਣ ਪਿਛੋਂ ਕਿਦਾਂ ਲੱਗਾ, ਤਾਂ ਮੈਂ ਕਿਹਾ, ‘ਸਰ ਬਹੁਤ ਵਧੀਆ!’
‘ਵਧੀਆ ਲਗਿਆ ਤੇਰਾ ਸਿਰ!’ ਮਾਲਕ ਨੇ ਕਿਹਾ।
‘ਜੀ ਹਜ਼ੂਰ।’ ਮੈਂ ਕਿਹਾ।
‘ਓਏ ਕਾਲੂਆ, ਮਿਸਟਰ ਕੌਂਗ ਨੇ ਤੈਨੂੰ ਛਾਂਟੇ ਮਾਰੇ ਸੀ?Ḕ ਮਾਲਕ ਨੇ ਕਿਹਾ।
‘ਨਹੀਂ ਸਰ! ਮੈਂ ਤਾਂ ਕੋਈ ਗਲਤੀ ਨਹੀਂ ਸੀ ਕੀਤੀ!’
‘ਹਾਂ! ਤੂੰ ਤਾਂ ਕਦੇ ਗਲਤੀ ਕਰਦਾ ਈ ਨਹੀਂ।’ ਇਸ ਪਿਛੋਂ ਘਰ ਪਰਤ ਆਉਣ ਤਕ ਉਸ ਨੇ ਮੇਰੇ ਨਾਲ ਕੋਈ ਗਲ ਨਾ ਕੀਤੀ।
ਮਾਲਕ ਅਜਿਹਾ ਬੰਦਾ ਸੀ ਕਿ ਉਹ ਆਪਣੀ ਹੁਕਮ ਅਦੂਲੀ ਕਦੇ ਵੀ ਬਰਦਾਸ਼ਤ ਨਹੀਂ ਸੀ ਕਰਦਾ ਤੇ ਆਪਣੀ ਹਰ ਗਲ ਪੂਰੀ ਕਰਕੇ ਰਹਿੰਦਾ। ਆਉਣਸਾਰ ਉਸ ਨੇ ਕੌਂਗ ਨੂੰ ਬੁਲਾ ਭੇਜਿਆ। ਕੌਂਗ ਜਦੋਂ ਆਇਆ ਤਾਂ ਮਾਲਕ ਨੇ ਪੁੱਛਿਆ ਕਿ ਉਸ ਦਾ ਭੇਜਿਆ ਕਾਗ਼ਜ਼ੀ ਸੁਨੇਹਾ ਉਹਨੂੰ ਮਿਲ ਗਿਆ ਸੀ?
‘ਜੀ, ਮਿਲ ਗਿਆ ਸੀ।’ ਕੌਂਗ ਦਾ ਜਵਾਬ ਸੀ।
‘ਤਾਂ ਤੂੰ ਕਾਗ਼ਜ਼ ‘ਤੇ ਲਿਖਿਆ ਮੇਰਾ ਹੁਕਮ ਪੂਰਾ ਕਿਉਂ ਨਹੀਂ ਕੀਤਾ?Ḕ
‘ਮੈਂ ਕਰ ਦਿਤਾ ਸੀ ਹਜ਼ੂਰ!’ ਕੌਂਗ ਨੇ ਕਿਹਾ।
‘ਮੈਂ ਤੈਨੂੰ ਨੀਗਰ ਨੂੰ 39 ਛਾਂਟੇ ਮਾਰਨ ਲਈ ਲਿਖ ਕੇ ਭੇਜਿਆ ਸੀ।’
‘ਮੈਂ ਓਵੇਂ ਈ ਕੀਤਾ ਸੀ ਹਜ਼ੂਰ।’ ਕੌਂਗ ਨੇ ਕਿਹਾ।
‘ਉਹ ਤਾਂ ਕਹਿੰਦੈ ਕਿ ਤੂੰ ਉਸ ਨੂੰ ਹੱਥ ਵੀ ਨਹੀਂ ਲਾਇਆ?Ḕ ਮਾਲਕ ਨੇ ਕਿਹਾ।
‘ਉਹ ਝੂਠ ਬੋਲਦੈ ਹਜ਼ੂਰ।’ ਕੌਂਗ ਨੇ ਕਿਹਾ।
ਏਨੇ ਵਿਚ ਜਦੋਂ ਮਾਲਕ ਨੇ ਮੈਨੂੰ ਬੁਲਾ ਭੇਜਿਆ, ਮੈਂ ਬੂਹੇ ਪਿੱਛੇ ਖਲੋ ਕੇ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸਾਂ। ਮੈਂ ਝੱਟ ਹੀ ਪੁੱਠੇ ਪੈਰੀਂ ਮੁੜ ਕੇ ਦੂਰ ਚਲਾ ਗਿਆ ਤੇ ਦੂਰੋਂ ਜਾ ਕੇ ਆਵਾਜ਼ ਦਿੱਤੀ ਕਿ ਮੈਂ ਛੇਤੀ ਹੀ ਆ ਰਿਹਾਂ ਤਾਂ ਕਿ ਉਨ੍ਹਾਂ ਨੂੰ ਮੇਰੇ ਨੇੜੇ ਤੇੜੇ ਹੋਣ ਦਾ ਸ਼ੱਕ ਨਾ ਪਵੇ। ਫੇਰ ਮੈਂ ਮਾਲਕ ਦੇ ਸਾਹਮਣੇ ਹਾਜ਼ਰ ਹੋ ਕੇ ਕਿਹਾ, ‘ਜਨਾਬ ਮੈਂ ਹਾਜ਼ਰ ਆਂ! ਦਸੋ, ਕੀ ਹੁਕਮ ਐ!’
‘ਕੀ ਤੂੰ ਮੈਨੂੰ ਨਹੀਂ ਸੀ ਕਿਹਾ ਕਿ ਕੌਂਗ ਨੇ ਤੈਨੂੰ ਛਾਂਟੇ ਨਹੀਂ ਸੀ ਮਾਰੇ?’
‘ਜੀ ਹਜ਼ੂਰ, ਉਸ ਨੇ ਮੈਨੂੰ ਛਾਂਟੇ ਨਹੀਂ ਸਨ ਮਾਰੇ!’ ਮੇਰਾ ਜਵਾਬ ਸੀ।
‘ਮੈਂ ਇਹਨੂੰ ਛਾਂਟੇ ਨਹੀਂ ਸਨ ਮਾਰੇ। ਤੁਸੀਂ ਮੈਨੂੰ ਇਹਨੂੰ ਛਾਂਟੇ ਮਾਰਨ ਲਈ ਨਹੀਂ ਸੀ ਲਿਖਿਆ। ਉਹ ਤਾਂ ਦੂਜਾ ਗੁਲਾਮ ਸੀ, ਡਿੱਕ ਜਿਹੜਾ ਤੁਹਾਡਾ ਸੁਨੇਹਾ ਲੈ ਕੇ ਆਇਆ ਸੀ।’
‘ਕਿਹੜਾ ਦੂਜਾ ਗੁਲਾਮ ਬਈ?’ ਮਾਲਕ ਹੈਰਾਨ ਸੀ।
‘ਡਿੱਕ।’ ਕੌਂਗ ਨੇ ਕਿਹਾ
‘ਮੈਂ ਤਾਂ ਤੈਨੂੰ ਏਸ ਕਾਲ਼ੂ ਨੂੰ ਛਾਂਟੇ ਮਾਰਨ ਲਈ ਲਿਖ ਭੇਜਿਆ ਸੀ।’
ਕੌਂਗ ਨੇ ਫੇਰ ਆਪਣੀ ਜੇਬ ਵਿਚੋਂ ਕਾਗ਼ਜ਼ ਕੱਢ ਕੇ ਮਾਲਕ ਦੇ ਸਾਹਮਣੇ ਰੱਖ ਦਿਤਾ, ਜਿਸ ਵਿਚ ਲਿਖਿਆ ਸੀ, Ḕਮਿਸਟਰ ਕੌਂਗ ਇਹ ਕਾਜ਼ਗ਼ ਲਿਆਉਣ ਵਾਲੇ ਨੂੰ 39 ਛਾਂਟੇ ਮਾਰੇਗਾ।’
ਦਸਤਖ਼ਤ
ਆਰ ਟੀ ਅਰਲ।
ਇਸ ਪਿਛੋਂ ਮੈਂ ਕਮਰੇ ਤੋਂ ਬਾਹਰ ਚਲਾ ਗਿਆ। ਫੇਰ ਹੋਰ ਪੁੱਛ-ਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਨੂੰ ਮੁੜ ਅੰਦਰ ਬੁਲਾਇਆ।
‘ਡਿੱਕ ਕੋਲ ਉਹ ਕਾਗ਼ਜ਼ ਕਿਵੇਂ ਪਹੁੰਚਿਆ?’ ਮਾਲਕ ਨੇ ਪੁੱਛਿਆ।
ਮੈਂ ਕਿਹਾ ਕਿ ਇਹ ਕਾਗ਼ਜ਼ ਦੇਣਾ ਮੈਂ ਭੁੱਲ ਗਿਆ ਸਾਂ। ਜਦੋਂ ਡਿੱਕ ਨੇ ਮੈਨੂੰ ਆਪਣੀ ਥਾਂ ਬਾਲਟੀਮੋਰ ਜਾਣ ਲਈ ਕਿਹਾ ਤਾਂ ਮੈਨੂੰ ਯਾਦ ਆਇਆ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਥਾਂ ਬਾਲਟੀਮੋਰ ਚਲਾ ਜਾਵਾਂਗਾ ਪਰ ਉਸ ਨੂੰ ਇਹ ਕਾਗ਼ਜ਼ ਕੌਂਗ ਸਾਹਿਬ ਨੂੰ ਦੇਣਾ ਪਏਗਾ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਸ ਕਾਗ਼ਜ਼ ‘ਤੇ ਕੀ ਲਿਖਿਆ ਸੀ, ਮੈਂ ਤਾਂ ਪੜ੍ਹ ਨਹੀਂ ਸਕਦਾ।
‘ਤੂੰ ਝੂਠ ਬੋਲਦੈਂ! ਕਮੀਨਾ ਨਾ ਹੋਵੇ ਤਾਂ!’ ਮਾਲਕ ਨੇ ਗੁੱਸੇ ਵਿਚ ਆ ਕੇ ਕੋਲ ਪਈ ਲੋਹੇ ਦੀ ਇਕ ਲੰਮੀ ਸੰਨ੍ਹੀ ਚੱਕ ਲਈ ਤੇ ਕਿਹਾ ਕਿ ਜੇ ਮੈਂ ਉਸ ਨੂੰ ਸੱਚੋ ਸੱਚ ਗੱਲ ਨਾ ਦੱਸੀ ਤਾਂ ਉਹ ਮੇਰਾ ਸਿਰ ਭੰਨ ਦੇਵੇਗਾ। ਤਾਂ ਮੈਂ ਸੱਚੋ ਸੱਚ ਜਵਾਬ ਦਿੰਦਿਆਂ ਕਿਹਾ ਕਿ ਮੈਂ ਸੋਚਿਆ ਕਿ ਇਸ ਕਾਗ਼ਜ਼ ਵਿਚ ਜ਼ਰੂਰ ਕੁਝ ਅਜਿਹਾ ਸੀ ਜੋ ਮੇਰੇ ਲਈ ਚੰਗਾ ਨਹੀਂ। ਫੇਰ ਮੈਂ ਸੋਚਿਆ ਕਿ ਤੁਹਾਡਾ ਉਹ ਕਾਗ਼ਜ਼ ਮੈਂ ਕੌਂਗ ਨੂੰ ਨਹੀਂ ਦੇਵਾਂਗਾ।
‘ਓਏ ਕਾਲੂਆ! ਤੂੰææਤੂੰææਅੱਗ ਦੀ ਨਾਲ ਏਂ! ਜੇ ਤੂੰ ਮੇਰੇ ਘਰ ਤਿੰਨ ਕੁ ਮਹੀਨੇ ਹੋਰ ਰਿਹਾ ਤਾਂ ਤੂੰ ਮਾਲਕ ਬਣ ਜਾਏਂਗਾ ਤੇ ਮੈਂ ਤੇਰਾ ਗੁਲਾਮ! ਮੈਨੂੰ ਉਸ ਵੇਲੇ ਕੋਈ ਹੈਰਾਨੀ ਨਹੀਂ ਸੀ ਹੋਈ ਜਦੋਂ ਤੂੰ ਕਿਹਾ ਸੀ- ਬਹੁਤ ਵਧੀਆ ਲੱਗਾ। ਹੁਣ ਮੈਨੂੰ ਜਦੋਂ ਵੀ ਮੌਕਾ ਲੱਗਾ, ਮੈਂ ਤੈਨੂੰ ਜੌਰਜੀਆ ਵੇਚਣ ਲਈ ਭੇਜ ਦਿਆਂਗਾ।’
ਮਾਲਕ ਨੇ ਸੰਨ੍ਹੀ ਹੇਠਾਂ ਰਖਦਿਆਂ ਬੂਹਾ ਖੋਲ੍ਹ ਕੇ ਜਿਉਂ ਹੀ ਦਫਾ ਹੋਣ ਲਈ ਇਸ਼ਾਰਾ ਕੀਤਾ, ਮੈਂ ਭੱਜਣ ਦੀ ਕੀਤੀ। ਫੇਰ ਮੈਨੂੰ ਉਹਦੇ ਚਮੜੇ ਦੇ ਲੰਮੇ ਤੇ ਵੱਡੇ ਬੂਟ ਵੀ ਦਿਸ ਪਏ। ਮੈਨੂੰ ਪਤਾ ਸੀ ਕਿ ਉਨ੍ਹਾਂ ਵਿਚੋਂ ਇਕ ਬੂਟ ਮੇਰਾ ਪਿੱਛਾ ਜ਼ਰੂਰ ਕਰੇਗਾ ਤੇ ਓਹੋ ਗੱਲ ਹੋਈ! ਮੇਰੇ ਭੱਜਦਿਆਂ ਭੱਜਦਿਆਂ ਇਕ ਬੂਟ ਮੇਰੇ ਚਿੱਤੜਾਂ ‘ਤੇ ਆ ਵੱਜਾ। ਪਰ ਫੇਰ ਵੀ ਗੱਲ ਇਥੇ ਈ ਖਤਮ ਨਾ ਹੋਈ! ਜਦੋਂ ਡਿੱਕ ਨੂੰ ਪਤਾ ਲਗਾ ਕਿ ਮੇਰੇ ਕਰਕੇ ਹੀ ਉਸ ਨੂੰ ਛਾਂਟਿਆਂ ਦੀ ਮਾਰ ਪਈ ਸੀ, ਉਹ ਮੇਰੇ ਨਾਲ ਖਾਰ ਖਾਣ ਲੱਗਾ। ਪਿਛੋਂ ਕਈ ਮਹੀਨੇ ਸਾਡੀ ਲੜਾਈ ਜਾਰੀ ਰਹੀ।
ਜਦੋਂ ਮੈਂ ਸੋਲਾਂ ਸਾਲਾਂ ਦਾ ਹੋਇਆ ਤਾਂ ਮੈਨੂੰ ਨੱਚਣ ਦਾ ਸ਼ੌਕ ਚੜ੍ਹਿਆ। ਉਸ ਇਲਾਕੇ ਵਿਚ ਕਾਲੇ ਗੁਲਾਮ ਮੁੰਡੇ-ਕੁੜੀਆਂ ਇੱਕਠੇ ਹੋ ਕੇ ਕਿਸੇ ਮਿਥੀ ਰਾਤ ਨੱਚਿਆ-ਟੱਪਿਆ ਕਰਦੇ ਸਨ। ਇਸ ਨੂੰ ਅਸੀਂ ‘ਸ਼ਿੰਡੀ’ ਕਹਿੰਦੇ ਸਾਂ। ਮੈਨੂੰ ਵੀ ਘਰ ਤੋਂ ਕੋਈ ਬਾਰਾਂ ਮੀਲ ਦੂਰ ਹੋਣ ਵਾਲੇ ‘ਸ਼ਿੰਡੀ’ ਦਾ ਪਤਾ ਲੱਗ ਗਿਆ। ਪਹਿਲੀ ਵਾਰ ਮੈਂ ਡਾਂਸ ਕਰਨ ਜਾਣਾ ਸੀ। ਮੈਂ ਵੀ ਪੂਰੀ ਤਿਆਰੀ ਖਿੱਚ ਲਈ। ਘਰ ਵਿਚ ਖਾਣਾ ਬਣਾਉਣ ਵਾਲੀ ਦੀਨਾ ਆਂਟੀ ਨੂੰ ਮੈਂ ਆਪਣੀਆਂ ਦੋ ਲਿਨਨ ਦੀਆਂ ਕਮੀਜ਼ਾਂ ਦਿੱਤੀਆਂ ਤਾਂ ਕਿ ਉਹ ਕਮੀਜ਼ਾਂ ਦੇ ਕਾਲਰਾਂ ਨੂੰ ਕਲਫ ਲਾ ਦੇਵੇ। ਉਸ ਦਿਨ ਜੀਵਨ ਵਿਚ ਮੈਂ ਪਹਿਲੀ ਵਾਰੀ ਖੜ੍ਹੇ ਕਾਲਰਾਂ ਵਾਲੀ ਕਮੀਜ਼ ਪਾਉਣੀ ਸੀ। ਮੇਰੇ ਕੋਲ ਇਕ ਵਾਹਵਾ ਜਿਹੀ ਪੈਂਟ ਵੀ ਸੀ ਜਿਹੜੀ ਮੈਂ ਸੰਭਾਲ ਛੱਡੀ ਸੀ। ਪਰ ਨਾ ਤਾਂ ਮੇਰੇ ਕੋਲ ਕੋਈ ਟਾਈ ਸੀ ਤੇ ਨਾ ਰੁਮਾਲ। ਇਹ ਲੋੜ ਮੈਂ ਦੀਨਾ ਆਂਟੀ ਦਾ ਰਸੋਈ ਵਿਚ ਕੰਮ ਕਰਨ ਵਾਲਾ ਐਪਰਨ ਵਰਤ ਕੇ ਪੂਰੀ ਕੀਤੀ। ਐਪਰਨ ਪਾੜ ਕੇ ਮੈਂ ਦੋ ਟੁਕੜੇ ਕੀਤੇ, ਇਕ ਦੀ ਟਾਈ ਤੇ ਦੂਜੇ ਵਿਚੋਂ ਰੁਮਾਲ ਬਣਾ ਲਿਆ। ਮੇਰੇ ਕੋਲ ਕੁਝ ਸਿੱਕੇ ਵੀ ਸਨ। ਕੁਲ ਮਿਲਾ ਕੇ ਉਨ੍ਹਾਂ ਦੀ ਕੀਮਤ ਚੌਵੀ ਸੈਂਟ ਬਣਦੀ ਸੀ। ਹੋਰ ਮੇਰੇ ਕੋਲ ਪਿੱਤਲ ਦੇ ਕੋਈ ਪੰਜਾਹ ਕੁ ਬਟਨ ਸਨ। ਮੈਂ ਸਿੱਕੇ ਤੇ ਬਟਨ ਮਿਲਾ ਕੇ ਪੈਂਟ ਦੀਆਂ ਦੋਵੇਂ ਜੇਬਾਂ ਭਰ ਲਈਆਂ! ਉਹ ਇਸ ਲਈ ਕਿ ਜਦੋਂ ਨਚਦਿਆਂ ਮੈਂ ਸਭ ਦੇ ਸਾਹਮਣੇ ਜਾਵਾਂਗਾ ਤਾਂ ਬਟਨ ਤੇ ਸਿੱਕੇ ਆਪਸ ਵਿਚ ਖੜਕਣਗੇ ਅਤੇ ਲੋਕ ਮੈਨੂੰ ਪੈਸੇ ਵਾਲਾ ਤਕੜਾ ਗੁਲਾਮ ਸਮਝਣਗੇ। ਹਾਣ ਦੇ ਮੁੰਡੇ ਤਾਂ ਈਰਖਾ ਕਰਨਗੇ, ਪਰ ਕੁੜੀਆਂ ਤਾਂ ਇਹੋ ਸੋਚਣਗੀਆਂ ਬਈ ਇਹ ਕੋਈ ਛੈਲ ਛਬੀਲਾ ਅਮੀਰ ਮੁੰਡਾ ਹੋਊ! ਫੇਰ ਮੈਂ ਸਿਰ ਦੇ ਵਾਲਾਂ ‘ਤੇ ਪਾਣੀ ਲਾ ਲਾ ਕੇ ਅੜਕਾਂ ਕਢੀਆਂ। ਘੁੰਗਰਾਲੇ ਵਾਲਾਂ ਵਿਚ ਕੰਘੀ ਵਾਰ ਵਾਰ ਫਸਦੀ ਰਹੀ। ਕੰਘੀ ਦੇ ਕਈ ਦੰਦੇ ਵਾਲ ਵਾਹੁੰਦਿਆਂ ਟੁੱਟ ਵੀ ਗਏ। ਅਖੀਰ ਮੈਂ ਲਿਸ਼ਕ ਪੁਸ਼ਕ ਕੇ ਇਕ ਟੁੱਟੇ ਹੋਏ ਸ਼ੀਸ਼ੇ ਦੇ ਨਿੱਕੇ ਟੁਕੜੇ ਵਿਚ ਆਪਣਾ ਚਿਹਰਾ ਦੇਖਿਆ, ਤਾਂ ਸੱਚ ਜਾਣਿਓ ਮੈਂ ਮਜ਼ਾਕ ਨਹੀਂ ਕਰਦਾ, ਇਹੋ ਜਿਹਾ ਸੁਹਣਾ ਚਿਹਰਾ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ!
ਉਸ ਦਿਨ ਜਦੋਂ ਰਾਤ ਨੂੰ ਦਸ ਕੁ ਵਜੇ ਘਰ ਵਿਚ ਚੁੱਪ-ਚਾਂ ਹੋ ਗਈ ਤੇ ਸਾਰੇ ਸੌਂ ਗਏ ਤਾਂ ਮੈਂ ਚੋਰੀ ਚੋਰੀ ਅਸਤਬਲ ਵਲ ਗਿਆ। ਮਾਲਕ ਦਾ ਸਭ ਤੋਂ ਵਧੀਆ ਘੋੜਾ ਖੋਲ੍ਹ ਕੇ ਜਦੋਂ ਉਤੇ ਬੈਠਾ ਤਾਂ ਮੈਂ ਸੋਚ ਰਿਹਾ ਸਾਂ ਕਿ ਮਾਲਕ ਸ਼ਾਮ ਨੂੰ ਛੇ ਵਜੇ ਇਥੇ ਸਾਰੇ ਘੋੜੇ ਸਾਫ ਸੁਥਰੇ ਆਪੋ ਆਪਣੀਆਂ ਥਾਂਵਾਂ ‘ਤੇ ਬੱਝੇ ਦੇਖ ਹੀ ਗਿਆ ਸੀ। ਜ਼ਰੂਰੀ ਸੀ ਕਿ ਮੈਂ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਮੁੜ ਆਵਾਂ ਤੇ ਘੋੜੇ ਨੂੰ ਸਾਫ ਸੁਥਰਾ ਕਰਕੇ ਮੁੜ ਕੇ ਉਹਦੀ ਥਾਂ ਬੰਨ੍ਹ ਦਿਆਂ! ਜਦੋਂ ਮੈਂ ਡਾਂਸ ਵਾਲੀ ਥਾਂ ਪਹੁੰਚਣ ਲਈ ਘੋੜਾ ਭਜਾ ਰਿਹਾ ਸਾਂ ਤਾਂ ਮੈਂ ਇਹ ਵੀ ਸੋਚ ਰਿਹਾ ਸੀ ਕਿ ਕਾਲੀਆਂ ਸੁਹਣੀਆਂ ਨੱਢੀਆਂ ਮੈਨੂੰ ਦੇਖ ਕੇ ਕੀ ਸੋਚਣਗੀਆਂ! ਕੁਝ ਵੀ ਸੀ ਮੈਨੂੰ ਪੂਰਾ ਭਰੋਸਾ ਸੀ ਕਿ ਅਜ ਰਾਤ ਮੈਂ ਸਭ ਤੋਂ ਸੁਹਣੀ ਕੁੜੀ ਚੁਣਾਂਗਾ। ਮੇਰੇ ਕੋਲ ਪੈਸਾ ਸੀ ਤੇ ਸੁਹਣੇ ਕਪੜਿਆਂ ਵਿਚ ਮੈਂ ਸਭ ਤੋਂ ਸੁਹਣਾ ਵੀ ਤਾਂ ਲਗ ਰਿਹਾ ਹੋਵਾਂਗਾ। ਮੈਂ ਆਪਣੇ ਬਾਰੇ ਕੁਝ ਵੀ ਮਾੜਾ ਨਹੀਂ ਸਾਂ ਸੋਚ ਰਿਹਾ! ਸਭ ਕੁਝ ਵਧੀਆ ਸੀ! ਘੋੜਾ ਹਵਾ ਨਾਲ ਗੱਲਾਂ ਕਰਦਾ ਕਦੋਂ ਬਾਰਾਂ ਮੀਲ ਦਾ ਸਫਰ ਕਰਕੇ ਆਪਣੀ ਥਾਂ ਪਹੁੰਚ ਗਿਆ, ਪਤਾ ਵੀ ਨਾ ਲੱਗਾ।
ਜਿਹੜੇ ਘਰ ਵਿਚ ਡਾਂਸ ਦਾ ਪ੍ਰੋਗਰਾਮ ਸੀ, ਉਹ ਜੰਗਲ ਵਿਚ ਇਕ ਪੁਰਾਣਾ ਵੱਡਾ ਘਰ ਸੀ ਜਿਥੇ ਪੁਰਾਣੇ ਸਮਿਆਂ ਵਿਚ ਕਾਲੇ ਗੁਲਾਮ ਇਕੱਠੇ ਹੋਇਆ ਕਰਦੇ ਸਨ। ਘਰ ਦੇ ਆਲੇ ਦੁਆਲੇ ਲਕੜ ਦੇ ਥਮਲਿਆਂ ਨਾਲ ਕੋਈ ਸੌ ਕੁ ਘੋੜੇ ਬੱਝੇ ਹੋਣਗੇ। ਉਥੇ ਆਉਣ ਵਾਲੇ ਮੁੰਡੇ-ਕੁੜੀਆਂ ਨੇ ਮੇਰੇ ਵਾਂਗ ਦੂਰੋਂ ਨੇੜਿਓਂ ਆਉਣਾ ਸੀ। ਉਨ੍ਹਾਂ ਨੇ ਵੀ ਸਵੇਰੇ ਮੇਰੇ ਵਾਂਗ ਆਪਣੇ ਮਾਲਕ ਦੇ ਜਾਗਣ ਤੋਂ ਪਹਿਲਾਂ ਘਰਾਂ ਨੂੰ ਮੁੜਨਾ ਸੀ ਤੇ ਸਾਫ-ਸਫਾਈ ਕਰਨੀ ਸੀ। ਡਰ ਸੀ ਕਿਧਰੇ ਫੜੇ ਨਾ ਜਾਣ। ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਮਾਲਕ ਨੇ ਆਉਣ ਦੀ ਆਗਿਆ ਬਖ਼ਸ਼ੀ ਹੋਵੇਗੀ। ਜਦੋਂ ਮੈਂ ਆਪਣਾ ਘੋੜਾ ਥੰਮਲੇ ਨਾਲ ਬੰਨ੍ਹ ਕੇ ਮੁੜਿਆ ਤਾਂ ਉਥੇ ਲੱਗੀ ਇਕ ਕਿੱਲ ਵਿਚ ਮੇਰੀ ਪੈਂਟ ਅੜ ਗਈ। ਉਸ ਬੇਸ਼ਰਮ ਕਿੱਲ ਨੇ ਮੇਰੀ ਪੈਂਟ ਪੱਟ ਵਾਲੇ ਹਿਸੇ ਤੋਂ ਲੈ ਕੇ ਪਿਛੇ ਤਕ ਪਾੜ ਸੁੱਟੀ! ਪੈਂਟ ਵੀ ਅਜਿਹੀ ਪਾਟੀ ਕਿ ਮੇਰੀ ਕਮੀਜ਼ ਪਿਛੋਂ ਬਾਹਰ ਨਿਕਲ ਆਈ ਤੇ ਔਰਤਾਂ ਦੇ ਲਬਾਦੇ ਵਾਂਗ ਪਿਛੇ ਲਮਕਣ ਲਗ ਪਈ! ਆਪਣੀ ਕਮੀਜ਼ ਨੂੰ ਮੈਂ ਅੰਦਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੁੜ ਬਾਹਰ ਨਿਕਲ ਆਉਂਦੀ! ਉਸ ਹਾਦਸੇ ਨੇ ਮੈਨੂੰ ਸ਼ਰਮਿੰਦਾ ਕਰ ਦਿਤਾ ਸੀ। ਉਸ ਰਾਤ ਲਈ ਮੇਰਾ ਬਣਿਆ ਬਣਾਇਆ ਮੂਡ ਵੀ ਖ਼ਰਾਬ ਹੋ ਚੁਕਾ ਸੀ। ਹਨੇਰੇ ਵਿਚ ਖੜ੍ਹੇ ਦੇ ਮੇਰੇ ਹੰਝੂ ਨਿਕਲ ਆਏ ਕਿ ਇਹ ਕੇਹਾ ਬੇਹੂਦਾ ਮਜ਼ਾਕ ਮੇਰੇ ਨਾਲ ਹੋ ਰਿਹਾ ਸੀ! ਹੋਰ ਮੈਂ ਉਸ ਵੇਲੇ ਕਰ ਵੀ ਕੀ ਸਕਦਾ ਸਾਂ! ਮੈਂ ਵੀ ਮਨ ਕਰੜਾ ਕਰਕੇ ਪੱਕਾ ਇਰਾਦਾ ਕਰ ਲਿਆ ਕਿ ਜੋ ਕੁਝ ਮੈਂ ਸੋਚਿਆ ਸੀ, ਕਰਕੇ ਰਹਾਂਗਾ। ਦਿਮਾਗ਼ ਖੁਰਚ ਕੇ ਇਕ ਸਕੀਮ ਲੜਾਈ। ਏਧਰੋਂ ਓਧਰੋਂ ਬਕਸੂਏ ਲਾ ਲਾ ਕੇ ਪੈਂਟ ਨੂੰ ਗੰਢਿਆ ਤੇ ਡਾਂਸ ਕਰਨ ਲਈ ਇਕ ਜੇਤੂ ਵਾਂਗ ਅੰਦਰ ਜਾ ਵੜਿਆ। ਜਾਣ ਸਾਰ ਸਾਜ਼ਿੰਦਿਆਂ ਦਾ ਧਿਆਨ ਖਿੱਚ ਕੇ ਮੈਂ ਡਾਂਸ ਲਈ ਆਪਣੇ ਟੱਪਿਆਂ ਵਾਲਾ ਸੰਗੀਤ ਵਜਾਉਣ ਲਈ ਕਿਹਾ। ਬੈਂਜੋ ਨਾਲ ਜਦੋਂ ਡਰੰਮ ਨੇ ਤਾਲ ਮਿਲਾਈ ਤਾਂ ਨਜ਼ਾਰੇ ਆ ਗਏ! ਫੇਰ ਮੈਂ ਇਕ ਨਿੱਕੀ ਜਿਹੀ ਕਾਲੀ ਨੱਢੀ ਨੂੰ ਫੜ ਕੇ ਡਾਂਸ ਕਰਦਿਆਂ ਗੇੜੇ ਦੇ ਕੇ ਸਮਾਂ ਬੰਨ੍ਹ ਦਿਤਾ! ਲਓ ਜੀ, ਆਪਾਂ ਉਥੇ ਅਜਿਹਾ ਰੰਗ ਬੰਨ੍ਹਿਆ ਕਿ ਸਮਝੋ ਸਾਰੇ ਦੇਖਣ ਵਾਲਿਆਂ ਦੀਆਂ ਅੱਖਾਂ ਮੇਰੇ ‘ਤੇ ਆ ਟਿਕੀਆਂ। ਮੈਂ ਵੀ ਸੋਚ ਰਿਹਾ ਸਾਂ ਕਿ ਅਜ ਮੈਂ ਇਨ੍ਹਾਂ ਕਾਲੀਆਂ ਨੱਢੀਆਂ ‘ਤੇ ਆਪਣਾ ਅਜਿਹਾ ਅਸਰ ਛਡਾਂਗਾ ਕਿ ਉਹ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੀਆਂ ਕਿ ਮੇਰੇ ਵਰਗਾ ਅਮੀਰ ਤੇ ਸੁਨੱਖਾ ਮੁੰਡਾ ਉਨ੍ਹਾਂ ਨੇ ਅਜ ਤਕ ਨਹੀਂ ਦੇਖਿਆ ਹੋਣਾ। ਮੇਰੀ ਬਦਕਿਸਮਤੀ ਨੂੰ ਡਾਂਸ ਕਰਦਿਆਂ ਮੇਰੀ ਪੈਂਟ ਨਾਲ ਲਗੇ ਬਕਸੂਏ ਟੁੱਟ ਗਏ ਤੇ ਪੈਂਟ ਪਾਟ ਕੇ ਕਮੀਜ਼ ਮੁੜ ਬਾਹਰ ਨਿਕਲ ਆਈ! ਹੋਰ ਤਾਂ ਹੋਰ ਮੇਰੇ ਨਾਲ ਨੱਚਣ ਵਾਲੀ ਕੁੜੀ ਨੂੰ ਪਤਾ ਨਹੀਂ ਕੀ ਸ਼ਰਾਰਤ ਸੁੱਝੀ ਕਿ ਬਜਾਏ ਮੇਰੀ ਨੰਗੀ ਇੱਜ਼ਤ ਢਕਣ ਦੇ, ਉਹਨੇ ਮੇਰੀ ਕਮੀਜ਼ ਦਾ ਪਿਛਲਾ ਪਾਸਾ ਜਿਹੜਾ ਪੂਛ ਵਾਂਗ ਮੇਰੀ ਕਮੀਜ਼ ਵਿਚੋਂ ਬਾਹਰ ਲਮਕਣ ਲਗ ਪਿਆ ਸੀ, ਚੱਕ ਕੇ ਉਪਰ ਲਹਿਰਾਉਣਾ ਸ਼ੁਰੂ ਕਰ ਦਿਤਾ। ਸਭ ਦੇ ਸਾਹਮਣੇ ਮੇਰਾ ਵਾਹਵਾ ਜਲੂਸ ਨਿਕਲ ਗਿਆ!
ਮੁੰਡੇ-ਕੁੜੀਆਂ ਮੇਰੀ ਹਾਲਤ ਦੇਖ ਕੇ ਏਨਾ ਹੱਸ ਰਹੇ ਸਨ ਕਿ ਕਿਸੇ ਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ। ਮੇਰੀ ਹਾਲਤ ਇਹ ਸੀ ਕਿ ਧਰਤੀ ਵਿਹਲ ਨਹੀਂ ਸੀ ਦੇ ਰਹੀ। ਸੋ ਮੈਂ ਸੋਚਿਆ ਜਿਹੋ ਜਿਹੀ ਵੀ ਚੰਗੀ ਮਾੜੀ ਮੇਰੀ ਹਾਲਤ ਸੀ, ਮੈਂ ਉਥੋਂ ਆਪਣੀ ਇੱਜਤ ਬਚਾ ਕੇ ਭੱਜ ਜਾਵਾਂ! ਮੈਨੂੰ ਉਹ ਵੀ ਨਸੀਬ ਨਾ ਹੋਇਆ। ਜਿੰਨਾ ਚਿਰ ਮੈਂ ਪੈਂਟ ਵਿਚੋਂ ਨਿਕਲੀ ਕਮੀਜ਼ ਦੀ ਪਿੱਛੇ ਲਮਕਦੀ ਪੂਛ ਨਾਲ ਹਾਲ ਕਮਰੇ ਦਾ ਪੂਰਾ ਚੱਕਰ ਨਹੀਂ ਲਾਇਆ, ਮੈਨੂੰ ਬਾਹਰ ਨਹੀਂ ਸੀ ਆਉਣ ਦਿਤਾ ਗਿਆ। ਉਥੇ ਇਕ ਵੀ ਕੁੜੀ ਜਾਂ ਮੁੰਡਾ ਅਜਿਹਾ ਨਹੀਂ ਸੀ ਜਿਹੜਾ ਮੇਰੀ ਹਾਲਤ ਦੇਖ ਕੇ ਹੱਸਿਆ ਨਾ ਹੋਵੇ। ਹਾਸਾ ਏਨਾ ਮਚਿਆ ਕਿ ਕਈ ਮੁੰਡੇ ਹੱਸ ਹੱਸ ਕੇ ਲੋਟ ਪੋਟ ਹੋਏ ਜ਼ਮੀਨ ‘ਤੇ ਲਿਟਣ ਲਗ ਪਏ। ਮੇਰੀ ਹਾਲਤ ਬਾਰੇ ਤਾਂ ਕੋਈ ਵੀ ਸੋਚ ਸਕਦੈ ਕਿ ਮੇਰੇ ਦਿਲ ‘ਤੇ ਉਸ ਵੇਲੇ ਕੀ ਬੀਤ ਰਹੀ ਹੋਵੇਗੀ!
ਅਖੀਰ ਮੈਂ ਕਿਵੇਂ ਨਾ ਕਿਵੇਂ ਉਥੋਂ ਬਾਹਰ ਆਇਆ ਤੇ ਉਸ ਪੁਰਾਣੇ ਘਰ ਦੇ ਪਿਛਲੇ ਪਾਸੇ ਚਲਾ ਗਿਆ। ਚੰਨ ਚਾਨਣੀ ਰਾਤ ਵਿਚ ਮੈਂ ਆਪਣੀ ਦੁਰਗਤੀ ਕਰਵਾ ਕੇ ਸ਼ਰਮਿੰਦਾ ਹੋਇਆ ਖੜ੍ਹਾ ਸਾਂ। ਮੇਰੇ ਅੰਦਰ ਦੀ ਤੜਕ ਭੜਕ ਕਿਧਰੇ ਗਾਇਬ ਹੋ ਗਈ ਸੀ! ਘਰ ਅੰਦਰ ਧੱਕਾ ਮੁੱਕੀ ਕਰਦਿਆਂ ਕੁੜੀਆਂ-ਮੁੰਡਿਆਂ ਨੇ ਮੇਰੀ ਪੈਂਟ ਦੀਆਂ ਜੇਬਾਂ ਖਾਲੀ ਕਰਕੇ ਅੰਦਰੋਂ ਬਾਹਰ ਕਰ ਦਿੱਤੀਆਂ ਸਨ। ਉਨ੍ਹਾਂ ਸੋਚਿਆ ਹੋਵੇਗਾ ਕਿ ਪਤਾ ਨਹੀਂ ਕਿੰਨੇ ਕੁ ਸੈਂਕੜੇ ਡਾਲਰਾਂ ਨਾਲ ਮੇਰੀਆਂ ਜੇਬਾਂ ਭਰੀਆਂ ਪਈਆਂ ਨੇ। ਜਦੋਂ ਕਿ ਫਰੋਲਾ ਫਰੋਲੀ ਕਰਕੇ ਉਨ੍ਹਾਂ ਨੂੰ ਕੁਲ ਚੌਵੀ ਪੈਨੀਆਂ ਮਿਲੀਆਂ ਹੋਣਗੀਆਂ ਤੇ ਨਾਲ ਪੰਜਾਹ ਪਿੱਤਲ ਦੇ ਬਟਨ! ਹਾਲ ਕਮਰੇ ਵਿਚ ਖ਼ੁਸ਼ੀਆਂ ਭਰਿਆ ਮਾਹੌਲ ਸੀ, ਪਰ ਕਿਸੇ ਨੁੰ ਇਹ ਨਹੀਂ ਸੀ ਪਤਾ ਕਿ ਮੇਰੀ ਹਾਲਤ ਕੀ ਬਣੀ ਹੋਈ ਸੀ? ਉਸ ਦਿਨ ਮੁੰਡੇ-ਕੁੜੀਆਂ ਨੇ ਮੇਰੀ ਦੁਰਗਤੀ ਕਰਕੇ ਆਪਣਾ ਮਨੋਰੰਜਨ ਕੀਤਾ ਤੇ ਇਨ੍ਹਾਂ ਖ਼ੁਸ਼ੀਆਂ ਦੀ ਜ਼ਿੰਮੇਦਾਰ ਮੇਰੀ ਪਾਟੀ ਹੋਈ ਪੈਂਟ ਵਿਚੋਂ ਨਿਕਲੀ ਹੋਈ ਕਮੀਜ਼ ਦੀ ਬਣੀ ਉਹ ਪੂਛ ਸੀ!
ਮੈਨੂੰ ਉਸ ਵੇਲੇ ਪਹਿਲਾ ਖਿਆਲ ਬਦਲਾ ਲੈਣ ਦਾ ਆਇਆ! ਮਨ ਵਿਚ ਸੋਚਿਆ- ਓਏ ਕਾਲੂਓ! ਜ਼ਰਾ ਠਹਿਰ ਜਾਓ, ਮੈਂ ਹੁਣੇ ਤੁਹਾਨੂੰ ਮਜ਼ਾ ਚਖਾਵਾਂਗਾ ਤੇ ਉਹ ਵੀ ਅਜਿਹਾ ਕਿ ਉਸ ਦਾ ਸਵਾਦ ਤੁਹਾਨੂੰ ਸਵੇਰੇ ਆਏਗਾ। ਮੈਂ ਆਪਣਾ ਚਾਕੂ ਬਾਹਰ ਕੱਢਿਆ ਤੇ ਇਕ ਇਕ ਕਰਕੇ ਸਾਰੇ ਘੋੜਿਆਂ ਦੇ ਰੱਸੇ ਕੱਟਣੇ ਸ਼ੁਰੂ ਕਰ ਦਿਤੇ। ਘੋੜੇ ਵੀ ਉਸੇ ਵੇਲੇ ਇਕ ਦੂਜੇ ਦੇ ਪਿਛੇ ਆਪੋ ਆਪਣੇ ਘਰਾਂ ਵਲ ਭੱਜਣੇ ਸ਼ੁਰੂ ਹੋ ਗਏ। ਫੇਰ ਮੈਂ ਆਪਣੇ ਘੋੜੇ ‘ਤੇ ਮਾਲਕ ਦੇ ਘਰ ਵਲ ਚਲ ਪਿਆ। ਥੋੜੀ ਦੂਰ ਜਾ ਕੇ ਮੈਨੂੰ ਖਿਆਲ ਆਇਆ ਕਿ ਦੇਖਾਂ ਤਾਂ ਸਹੀ ਕਿ ਬਾਕੀ ਮੁੰਡੇ-ਕੁੜੀਆਂ ਜਦੋਂ ਬਾਹਰ ਆਉਣਗੇ ਤਾਂ ਆਪਣੇ ਘੋੜੇ ਗਾਇਬ ਹੋਏ ਦੇਖ ਕੇ ਉਨ੍ਹਾਂ ਦੀ ਕੀ ਹਾਲਤ ਹੋਵੇਗੀ! ਇਹ ਸੋਚ ਕੇ ਆਪਣੀ ਦੁਰਗਤੀ ਦਾ ਬਦਲਾ ਲੈ ਕੇ ਮਨ ਹੀ ਮਨ ਬੜਾ ਖ਼ੁਸ਼ ਹੋ ਰਿਹਾ ਸਾਂ! ਪਰ ਹੁਣ ਤਾਂ ਉਹ ਸਭ ਕੁਝ ਮੈਥੋਂ ਦਸ ਬਾਰਾਂ ਮੀਲ ਦੂਰ ਹੋ ਰਿਹਾ ਸੀ। ਸਵੇਰੇ ਉਨ੍ਹਾਂ ਦੇ ਮਾਲਕ ਉਨ੍ਹਾਂ ਦੀ ਇਹ ਕਹਿ ਕੇ ਖ਼ਬਰ ਲੈ ਰਹੇ ਹੋਣਗੇ ਕਿ ਕਲ੍ਹ ਰਾਤ ਤੁਸੀਂ ਵੱਡੀ ਗਲਤੀ ਕੀਤੀ, ਹੁਣ ਸਵੇਰੇ ਸਵੇਰੇ ਕੋੜਿਆਂ ਦੀ ਸਜ਼ਾ ਵੀ ਭੁਗਤੋ! ਮੈਂ ਸੋਚ ਰਿਹਾ ਸਾਂ ਕਿ ਕਲ ਸਵੇਰੇ ਛਾਂਟਿਆਂ ਦੀ ਮਾਰ ਖਾ ਖਾ ਕੇ ਉਨ੍ਹਾਂ ਦੀਆਂ ਪਿੱਠਾਂ ਉਧੜ ਚੁਕੀਆਂ ਹੋਣਗੀਆਂ।
(ਚਲਦਾ)