ਆਪੇ ਆਪਿ ਵਰਤਦਾ ਸਤਿਸੰਗਿ ਵਿਸੇਖੈ

ਡਾæ ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਦੀ ਦੂਸਰੀ ਵਾਰ ਦੀ ਪਹਿਲੀ ਪਉੜੀ ਦੀ ਆਖਰੀ ਤੁਕ Ḕਆਪੇ ਆਪਿ ਵਰੱਤਦਾ ਸਤਿਸੰਗਿ ਵਿਸੈਖੇḔ ਵਿਚ ਉਹ ਸਪੱਸ਼ਟ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਸਾਰੇ ਵਰਤਦਾ ਹੈ ਕਿਉਂਕਿ ਉਹ ਆਪਣੀ ਸਿਰਜਣਾ ਵਿਚ ਵਿਆਪਕ ਹੈ ਪਰ ਉਹ ਸਤਿਸੰਗਤ ਵਿਚ ਵਿਸ਼ੇਸ਼ ਹੋ ਕੇ ਵਰਤਦਾ ਹੈ। ਉਸ ਦਾ ਅਨੁਭਵ ਸਤਿਸੰਗਤਿ ਵਿਚ ਹੁੰਦਾ ਹੈ ਤੇ ਉਸ ਦੇ ਦਰਸ਼ਨਾਂ ਦਾ ਪ੍ਰਤੱਖ ਅਨੁਭਵ ਹੁੰਦਾ ਹੈ। ਇਸ ਦੂਜੀ ਵਾਰ ਦਾ ਅਰੰਭ ਭਾਈ ਗੁਰਦਾਸ ਗੁਰਮਤਿ ਦੇ ਇਸ ਸਿਧਾਂਤ ਦੀ ਵਿਆਖਿਆ ਨਾਲ ਸ਼ੁਰੂ ਕਰਦੇ ਹਨ

ਕਿ ਇਸ ਸ੍ਰਿਸ਼ਟੀ ਦੀ ਰਚਨਾ ਅਕਾਲ ਪੁਰਖ ਨੇ ਆਪਣੇ ਆਪ ਤੋਂ ਆਪ ਹੀ ਕੀਤੀ ਹੈ ਅਤੇ ਆਪਣੀ ਰਚਨਾ ਕਰਕੇ ਉਹ ਆਪ ਇਸ ਵਿਚ ਹੀ ਸਮਾਇਆ ਹੋਇਆ ਹੈ। ਇਸ ਲਈ ਜੋ ਕੁਝ ਵੀ ਦ੍ਰਿਸ਼ਟਮਾਨ ਸੰਸਾਰ ਵਿਚ ਨਜ਼ਰ ਆਉਂਦਾ ਹੈ, ਉਹ ਆਪ ਹੀ ਆਪ ਹੈ; ਜਿਸ ਨੂੰ ਭਾਈ ਸਾਹਿਬ ਨੇ ਆਮ ਜੀਵਨ ਵਿਚੋਂ ਵੱਖ ਵੱਖ ਉਦਾਹਰਣਾਂ ਰਾਹੀਂ ਸਮਝਾਉਣ ਦਾ ਉਪਰਾਲਾ ਕੀਤਾ ਹੈ। ਪਹਿਲੀ ਉਦਾਹਰਣ ਸ਼ੀਸ਼ੇ ਅਰਥਾਤ ਆਰਸੀ ਦੀ ਦਿੰਦੇ ਹਨ ਜਿਸ ਵਿਚ ਜੋ ਵੀ ਕੋਈ ਆਪਣੇ ਆਪ ਨੂੰ ਉਸ ਦੇ ਸਾਹਮਣੇ ਲਿਆਉਂਦਾ ਹੈ ਤਾਂ ਉਸ ਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ ਕਿਉਂਕਿ ਸ਼ੀਸ਼ੇ ਨੇ ਤਾਂ ਸਾਹਮਣੇ ਆਈ ਵਸਤ ਨੂੰ ਪ੍ਰਤਿਬਿੰਬਤ ਕਰਨਾ ਹੁੰਦਾ ਹੈ।
ਭਾਈ ਗੁਰਦਾਸ ਅਨੁਸਾਰ ਇਹ ਸੰਸਾਰ ਸਿਰਜਣਹਾਰ ਦੇ ਹੱਥ ਵਿਚ ਆਰਸੀ ਅਰਥਾਤ ਸ਼ੀਸ਼ੇ ਦੀ ਨਿਆਈਂ ਹੈ ਜਿਸ ਵਿਚ ਉਹ ਆਪ ਹੀ ਆਪਣੇ ਆਪ ਨੂੰ ਦੇਖਦਾ ਹੈ। ਇਥੇ ਅਕਾਲ ਪੁਰਖ ਦੇ ਨਿਰਗੁਣ ਤੋਂ ਸਰਗੁਣ ਹੋਣ ਦਾ ਜ਼ਿਕਰ ਕੀਤਾ ਹੈ। ਇਹ ਸੰਸਾਰ ਅਕਾਲ ਪੁਰਖ ਦੀ ਮੂਰਤ ਹੈ, ਉਸ ਦਾ ਸਰਗੁਣ ਸਰੂਪ ਹੈ, ਉਸ ਦਾ ਪਰਗਟ ਹੋਣਾ ਹੈ, ਨਿਰਗੁਣ ਤੋਂ ਸਰਗੁਣ ਥੀਣਾ ਹੈ। ਪਹਿਲੀ ਵਾਰ ਦੇ ਅਰੰਭ ਵਿਚ ਭਾਈ ਗੁਰਦਾਸ ਨੇ ਹਿੰਦੂ ਧਰਮ ਦੇ ਛੇ ਸ਼ਾਸਤਰਾਂ ਅਤੇ ਉਨ੍ਹਾਂ ਤੋਂ ਪੈਦਾ ਹੋਏ ਹਿੰਦੂ ਧਰਮ ਦੇ ਵੱਖ ਵੱਖ ਭੇਖਾਂ ਦੀ ਗੱਲ ਕੀਤੀ ਸੀ। ਇਸ ਪਉੜੀ ਵਿਚ ਅੱਗੇ ਦਸਿਆ ਗਿਆ ਹੈ ਕਿ ਉਸ ਦ੍ਰਸ਼ਟੇ ਨੇ ਆਪ ਹੀ ਛੇ ਦਰਸ਼ਨ ਦ੍ਰਿਸ਼ਟੀਮਾਨ ਕੀਤੇ ਅਤੇ ਫਿਰ ਆਪ ਹੀ ਲੋਕਾਂ ਨੂੰ ਇਨ੍ਹਾਂ ਅੰਦਰ ਪ੍ਰਾਪਤ ਦਰਸ਼ਨਾਂ ਨੂੰ ਦਿਖਾਇਆ ਤੇ ਸਮਝਾਇਆ। ਇਸ ਸੰਸਾਰ ਨੂੰ ਸ਼ੀਸ਼ਾ ਦੱਸ ਕੇ ਭਾਈ ਸਾਹਿਬ ਕਹਿੰਦੇ ਹਨ ਕਿ ਸ਼ੀਸ਼ੇ ਵਿਚ ਆਪਣੀ ਹੀ ਮੂਰਤ ਪ੍ਰਤਿਬਿੰਬਤ ਹੁੰਦੀ ਹੈ। ਇਸ ਲਈ ਮਨੁੱਖ ਆਪਣੀਆਂ ਬਿਰਤੀਆਂ ਅਨੁਸਾਰ ਜਿਸ ਕਿਸਮ ਦਾ ਆਪਣੇ ਆਪ ਨੂੰ ਦੇਖਦਾ ਹੈ, ਉਸ ਨੂੰ ਆਪਣਾ ਆਪ ਨਜ਼ਰ ਆਉਂਦਾ ਹੈ ਭਾਵ ਮਾੜੀ ਬਿਰਤੀ ਵਾਲੇ ਨੂੰ ਮਾੜਾ ਨਜ਼ਰ ਆਉਂਦਾ ਹੈ ਅਤੇ ਚੰਗੀ ਬਿਰਤੀ ਵਾਲੇ ਨੂੰ ਚੰਗਾ ਨਜ਼ਰ ਆਉਂਦਾ ਹੈ। ਇਸ ਅਨੁਸਾਰ ਹੱਸਦੇ ਮਨੁੱਖ ਨੂੰ ਇਹ ਸੰਸਾਰ ਹੱਸਦਾ, ਖੁਸ਼ ਹੁੰਦਾ ਨਜ਼ਰ ਆਉਂਦਾ ਹੈ ਕਿਉਂਕਿ ਉਸ ਦਾ ਆਪਣਾ ਆਪ ਪ੍ਰਤਿਬਿੰਬਤ ਹੁੰਦਾ ਹੈ। ਰੋਂਦੇ ਜਾਂ ਦੁਖੀ ਮਨੁੱਖ ਨੂੰ ਇਹ ਜਗਤ ਰੋਂਦਾ ਭਾਵ ਦੁਖੀ ਨਜ਼ਰ ਆਉਂਦਾ ਹੈ ਅਤੇ ਭੈੜੇ ਨੂੰ ਭੈੜਾ ਹੀ ਨਜ਼ਰ ਆਉਂਦਾ ਹੈ।
ਅਖੀਰਲੀ ਤੁਕ ਵਿਚ ਭਾਈ ਸਾਹਿਬ ਨਤੀਜਾ ਇਹ ਕੱਢਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਸਾਰੇ ਵਿਆਪਕ ਹੈ ਪਰ ਸਤਿਸੰਗਤਿ ਵਿਚ ਉਹ ਵਿਸ਼ੇਸ਼ ਹੋ ਕੇ ਵਰਤਦਾ ਹੈ ਕਿਉਂਕਿ ਸਤਿਸੰਗਤ ਹੀ ਐਸੀ ਥਾਂ ਹੈ ਜਿੱਥੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ ਅਤੇ ਉਸ ਦੇ ਨਾਮ ਸਿਮਰਨ ਰਾਹੀਂ ਉਸ ਨੂੰ ਅਨੁਭਵ ਕਰ ਸਕੀਦਾ ਹੈ:
ਆਪਨੜੈ ਹਥਿ ਆਰਸੀ ਆਪੇ ਹੀ ਦੇਖੈ।
ਆਪੇ ਦੇਖਿ ਦਿਖਾਇਦਾ ਛਿਅ ਦਰਸਨਿ ਭੇਖੈ।
ਜੇਹਾ ਮੂਹੁ ਕਰਿ ਭਾਲਿਦਾ ਤੇਵੇਹੈ ਲੇਖੈ।
ਹਸਦੇ ਹਸਦਾ ਦੇਖੀਐ ਸੋ ਰੂਪ ਸਰੇਖੈ।
ਰੋਦੈ ਦਿਸੈ ਰੋਵਦਾ ਹੋਏ ਨਿਮਖ ਨਿਮੇਖੈ।
ਆਪੇ ਆਪਿ ਵਰੱਤਦਾ ਸਤਿਸੰਗਿ ਵਿਸੇਖੈ॥੧॥
ਇਸੇ ਸਿਧਾਂਤ ਨੂੰ ਸਮਝਾਉਣ ਲਈ ਅਗਲੀ ਪਉੜੀ ਵਿਚ ਵਾਜੇ ਅਤੇ ਵਾਜਾ ਵਜਾਉਣ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ ਹੈ। ਭਾਈ ਸਾਹਿਬ ਬਿਆਨ ਕਰਦੇ ਹਨ ਕਿ ਜਿਸ ਤਰ੍ਹਾਂ ਵਾਜੇ ਵਾਲਾ ਆਪਣੇ ਹੱਥ ਵਿਚ ਵਾਜਾ ਲੈ ਕੇ ਰਾਗ ਵਜਾਉਂਦਾ ਹੈ ਅਤੇ ਫਿਰ ਆਪਣੇ ਵਜਾਏ ਉਸ ਰਾਗ ਨੂੰ ਸੁਣ ਸੁਣ ਕੇ ਆਪ ਹੀ ਖੁਸ਼ ਹੁੰਦਾ ਅਤੇ ਉਸ ਦੀ ਸਿਫਤ ਕਰਦਾ ਹੈ। ਇਸ ਤਰ੍ਹਾਂ ਫਿਰ ਸ਼ਬਦ ਸੁਰਤ ਦੀ ਤਾਰ ਵਿਚ ਮਗਨ ਹੋ ਕੇ ਆਪ ਹੀ ਰੀਝ ਜਾਂਦਾ ਹੈ ਅਤੇ ਦੂਸਰਿਆਂ ਨੂੰ ਮਗਨ ਕਰਦਾ ਤੇ ਰੀਝਾਉਂਦਾ ਹੈ। ਅੱਗੇ ਦੱਸਿਆ ਗਿਆ ਹੈ ਕਿ ਫਿਰ ਆਪ ਹੀ ਕਥਵਾਚਕ ਬਣ ਕੇ ਕਥਾ ਕਰਦਾ ਹੈ। ਭਾਵ ਉਹ ਆਪ ਹੀ ਕਥਤਾ ਤੇ ਵਕਤਾ ਹੋ ਕੇ ਬਚਨ ਸੁਣਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਸੁਣ ਕੇ ਸ਼ਬਦ ਦਾ ਗਿਆਨੀ ਹੋ ਕੇ ਆਪਣੀ ਸੁਰਤ ਨੂੰ ਜੋੜਦਾ ਹੈ। ਉਹ ਆਪ ਹੀ ਵਿਸਮਾਦ ਰੂਪ ਹੋ ਕੇ, ਅਸਚਰਜ ਹੋ ਕੇ ਸਰਬ ਅੰਗਾਂ ਵਿਚ ਸਮਾ ਜਾਂਦਾ ਹੈ। ਉਹ ਅਕਾਲ ਪੁਰਖ ਆਪ ਹੀ ਸਭ ਥਾਂ ਵਿਆਪਕ ਹੈ, ਵਰਤ ਰਿਹਾ ਹੈ। ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਗੁਰਮੁਖਿ ਹੀ ਇਸ ਗੱਲ ਦੀ ਪ੍ਰਤੀਤੀ ਕਰਦੇ ਹਨ:
ਜਿਉ ਜੰਤ੍ਰੀ ਹਥਿ ਜੰਤ੍ਰ ਲੈ ਸਭਿ ਰਾਗ ਵਜਾਏ।
ਆਪੇ ਸੁਣਿ ਸੁਣਿ ਮਗਨੁ ਹੋਇ ਆਪੇ ਗੁਣ ਗਾਏ।
ਸਬਦਿ ਸੁਰਤਿ ਲਿਵ ਲੀਣੁ ਹੋਇ ਆਪੇ ਰੀਝਿ ਰੀਝਾਏ।
ਕਥਤਾ ਬਕਤਾ ਆਪਿ ਹੈ ਸੁਰਤਾ ਲਿਵ ਲਾਏ।
ਆਪੇ ਹੀ ਵਿਸਮਾਦੁ ਹੋਇ ਸਰਬੰਗਿ ਸਮਾਏ।
ਆਪੇ ਆਪਿ ਵਰਤਦਾ ਗੁਰਮੁਖਿ ਪਤੀਆਏ॥੨॥
ਗੁਰੂ ਨਾਨਕ ਸਾਹਿਬ Ḕਆਸਾ ਦੀ ਵਾਰḔ ਵਿਚ ਇਸੇ ਸਿਧਾਂਤ ਬਾਰੇ ਚਾਨਣਾ ਪਾਉਂਦਿਆਂ ਦੱਸਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਅਤੇ ਆਪ ਹੀ ਆਪਣੀ ਵਡਿਆਈ ਸਥਾਪਤ ਕੀਤੀ। ਆਪਣੇ ਆਪ ਤੋਂ ਹੀ ਫਿਰ ਉਸ ਨੇ ਆਪਣੀ ਕੁਦਰਤ ਦੀ ਰਚਨਾ ਕੀਤੀ ਅਤੇ ਉਸ ਵਿਚ ਆਸਣ ਜਮਾ ਕੇ ਬੈਠ ਗਿਆ ਅਰਥਾਤ ਉਸ ਨੇ ਆਪਣੀ ਕੁਦਰਤ ਦੀ ਸਾਜਨਾ ਕਰਕੇ ਇਸ ਵਿਚ ਵਿਆਪਕ ਹੋ ਗਿਆ ਅਤੇ ਇਸ ਜਗਤ ਤਮਾਸ਼ੇ ਨੂੰ ਦੇਖਣ ਲੱਗ ਪਿਆ। ਉਹ ਅਕਾਲ ਪੁਰਖ ਆਪ ਹੀ ਜੀਵਾਂ ਦੀ ਰਚਨਾ ਕਰਨ ਵਾਲਾ ਅਤੇ ਆਪ ਹੀ ਜੀਵਾਂ ਨੂੰ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ। ਉਹ ਘਟ ਘਟ ਜਾਣਨਹਾਰ ਹੈ (ਇਸੇ ਲਈ ਉਸ ਨੂੰ ਜਾਣੀ ਜਾਣ ਕਿਹਾ ਗਿਆ ਹੈ)। ਉਹ ਆਪ ਹੀ ਜੀਆਂ ਨੂੰ ਜਿੰਦ ਅਤੇ ਸਰੀਰ ਦਿੰਦਾ ਹੈ ਅਤੇ ਫਿਰ ਆਪ ਹੀ ਲੈ ਲੈਂਦਾ ਹੈ। ਉਹ ਕਾਦਰ ਇਸ ਕੁਦਰਤ ਨੂੰ ਸਾਜ ਕੇ ਅਤੇ ਇਸ ਵਿਚ ਆਸਣ ਜਮਾ ਕੇ ਇਸ ਦੇ ਤਮਾਸ਼ੇ ਨੂੰ ਦੇਖ ਰਿਹਾ ਹੈ:
ਆਪੀਨੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣ ਡਿਠੋ ਚਾਉ॥੧॥
ਅਗਲੀ ਪਉੜੀ ਵਿਚ ਵੀ ਭਾਈ ਗੁਰਦਾਸ ਨੇ ਉਸ ਅਕਾਲ ਪੁਰਖ ਦੀ ਵਿਆਪਕਤਾ ਦੀ ਗੱਲ ਕਰਦਿਆਂ ਦੱਸਿਆ ਹੈ ਕਿ ਉਸ ਨੂੰ ਆਪ ਹੀ ਇੱਛਾ ਹੁੰਦੀ ਹੈ ਅਤੇ ਆਪ ਹੀ ਫਿਰ ਇਸ ਦੀ ਪੂਰਤੀ ਲਈ ਰਸੋਈ ਵਿਚ ਜਾਂਦਾ ਹੈ। ਰਸੋਈ ਵਿਚ ਆਪ ਹੀ ਭੋਜਨ ਬਣਾਉਂਦਾ ਅਤੇ ਇਸ ਭੋਜਨ ਵਿਚ ਸਵਾਦਾਂ ਵਿਚ ਸਵਾਦ ਮਿਲਾਉਂਦਾ ਹੈ। ਆਪ ਹੀ ਖਾ ਕੇ ਉਸ ਦੀ ਸਿਫਤ ਕਰਦਾ ਹੈ ਅਤੇ ਤ੍ਰਿਪਤਿ ਹੋ ਕੇ ਅਨੰਦਤ ਹੁੰਦਾ ਹੈ। ਉਹ ਆਪ ਹੀ ਰਸੀਆ ਹੈ ਤੇ ਆਪ ਹੀ ਰਸ ਰੂਪ ਹੈ ਅਤੇ ਆਪ ਹੀ ਰਸਨਾ (ਜੀਭ ਰੂਪ ਹੋ ਕੇ) ਰੂਪ ਧਾਰ ਕੇ ਉਸ ਦਾ ਭੋਗ ਲਗਾਉਂਦਾ ਤੇ ਰਸ ਨੂੰ ਮਾਣਦਾ ਹੈ। ਉਹ ਆਪ ਹੀ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਉਨ੍ਹਾਂ ਦਾ ਭੋਗ ਕਰਨ ਵਾਲਾ ਭੁਗਤਾ ਹੈ। ਇਸ ਤਰ੍ਹਾਂ ਸਰਬ ਅੰਗਾਂ ਵਿਚ ਸਤਿ ਚਿਤ ਅਨੰਦ ਹੋ ਕੇ ਸਮਾਇਆ ਹੋਇਆ ਹੈ। ਉਹ ਆਪੇ ਆਪ ਵਰਤ ਰਿਹਾ ਹੈ ਅਰਥਾਤ ਸਭ ਵਿਚ ਵਿਆਪਕ ਹੈ ਪ੍ਰੰਤੂ ਇਸ ਦਾ ਅਨੁਭਵ ਗੁਰੂ ਦੇ ਰਸਤੇ ‘ਤੇ ਚੱਲਣ ਵਾਲਿਆਂ ਨੂੰ ਹੁੰਦਾ ਹੈ ਜੋ ਇਸ ਦਾ ਅਨੁਭਵ ਕਰਕੇ ਸੁੱਖ ਪ੍ਰਾਪਤ ਕਰਦੇ ਹਨ। ਭਾਵ ਉਹ ਗੁਰਮੁਖਾਂ ਅੰਦਰ ਵਿਸ਼ੇਸ਼ ਹੈ ਕਿਉਂਕਿ ਉਹ ਉਸ ਦਾ ਅਨੁਭਵ ਕਰਦੇ ਹਨ:
ਆਪੇ ਭੁਖਾ ਹੋਇ ਕੈ ਆਪਿ ਜਾਇ ਰਸੋਈ।
ਭੋਜਨੁ ਆਪਿ ਬਣਾਇਦਾ ਰਸ ਵਿਚਿ ਰਸ ਗੋਈ।
ਆਪੇ ਖਾਇ ਸਲਾਹਿ ਕੈ ਹੋਇ ਤ੍ਰਿਪਤਿ ਸਮੋਈ।
ਆਪੇ ਰਸੀਆ ਆਪਿ ਰਸੁ ਰਸੁ ਰਸਨਾ ਭੋਈ।
ਦਾਤਾ ਭੁਗਤਾ ਆਪਿ ਹੈ ਸਰਬੰਗੁ ਸਮੋਈ।
ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਹੋਈ॥੩॥
ਗੁਰੂ ਰਾਮ ਦਾਸ ਵਾਰ ਸੋਰਠਿ ਵਿਚ ਇਸੇ ਤੱਥ ਦਾ ਖੁਲਾਸਾ ਕਰਦਿਆਂ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਸਾਰੀਆਂ ਗੱਲਾਂ ਦਾ ਪ੍ਰਬੰਧ ਕੀਤਾ ਹੈ ਅਤੇ ਆਪ ਹੀ ਸਾਰੀ ਰਚਨਾ ਕੀਤੀ ਹੈ ਤੇ ਆਪ ਹੀ ਘਲਣਾ ਘਾਲੀ ਹੈ। ਆਪ ਹੀ ਉਸ ਨੇ ਸਾਰੇ ਜੀਵ ਪੈਦਾ ਕੀਤੇ ਹਨ ਅਤੇ ਫਿਰ ਆਪ ਹੀ ਗਲ ਨਾਲ ਲਾ ਕੇ ਮਿਹਰ ਦੀ ਨਜ਼ਰ ਨਾਲ ਨਿਹਾਲ ਕੀਤਾ ਹੈ। ਉਸ ਅਕਾਲ ਪੁਰਖ ਦੇ ਭਗਤ ਆਪਣੇ ਅੰਦਰੋਂ ਦਵੈਤ ਭਾਵ ਨੂੰ ਖਤਮ ਕਰ ਦਿੰਦੇ ਹਨ, ਇਸ ਲਈ ਉਹ ਸਦੀਵੀ ਅਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਸਦਾ ਅਨੰਦ ਵਿਚ ਰਹਿੰਦੇ ਹਨ (ਦਵੈਤ ਭਾਵ ਮਨੁੱਖ ਨੂੰ ਪਰਮਾਤਮ-ਸੁਰਤਿ ਵਿਚ ਲਿਵ ਨਹੀਂ ਲਾਉਣ ਦਿੰਦਾ):
ਸਭੇ ਗਲਾ ਆਪਿ ਥਾਟਿ ਬਹਾਲੀਓਨੁ॥
ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ॥
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ॥
ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ॥
ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ॥੨੮॥ (ਪੰਨਾ ੬੫੩)
ਗੁਰੂ ਨਾਨਕ ਉਸ ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਜ਼ਿਕਰ ਕਰਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਰਸ-ਭਰਿਆ ਪਦਾਰਥ ਹੈ ਅਤੇ ਆਪ ਹੀ ਉਸ ਵਿਚਲਾ ਰਸ ਹੈ, ਆਪ ਹੀ ਉਸ ਰਸ ਦੇ ਸਵਾਦ ਨੂੰ ਮਾਨਣ ਵਾਲਾ ਹੈ। ਇਹ ਸਾਰੀ ਰਚਨਾ ਅਕਾਲ ਪੁਰਖ ਨੇ ਆਪਣੇ ਆਪ ਤੋਂ ਕੀਤੀ ਹੈ ਅਤੇ ਇਸ ਵਿਚ ਆਪ ਹੀ ਵਿਆਪਕ ਹੈ, ਇਸੇ ਦੀ ਵਿਆਖਿਆ ਗੁਰੂ ਨਾਨਕ ਇਸਤਰੀ ਅਤੇ ਉਸ ਦੇ ਸੁਹਾਗ ਦੇ ਦ੍ਰਿਸ਼ਟਾਂ ਰਾਹੀਂ ਕਰਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਇਸਤਰੀ ਹੈ, ਆਪ ਹੀ ਸੇਜ ਹੈ, ਆਪ ਹੀ ਰੰਗ ਮਾਣਨ ਵਾਲਾ ਪਤੀ ਹੈ।
ਗੁਰੂ ਨਾਨਕ ਅੱਗੇ ਇਸੇ ਖਿਆਲ ਨੂੰ ਮੱਛੀ, ਜਾਲ ਤੇ ਮਾਛੀ ਦੀ ਉਦਾਹਰਣ ਰਾਹੀਂ ਦੱਸਦੇ ਹਨ ਕਿ ਅਕਾਲ ਪੁਰਖ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ ਜਿਸ ਵਿਚ ਮੱਛੀ ਦਾ ਨਿਵਾਸ ਹੈ ਅਤੇ ਆਪ ਹੀ ਜਾਲ ਹੈ ਜਿਸ ਵਿਚ ਮੱਛੀ ਫੜੀ ਜਾਂਦੀ ਹੈ। ਅਕਾਲ ਪੁਰਖ ਆਪ ਹੀ ਉਸ ਜਾਲ ਦੇ ਮਣਕੇ ਹੈ ਅਤੇ ਆਪ ਹੀ ਉਸ ਵਿਚ ਰੱਖੀ ਮਾਸ ਦੀ ਬੋਟੀ ਹੈ ਜਿਸ ਕਰਕੇ ਮੱਛੀ ਨੇ ਉਸ ਜਾਲ ਵੱਲ ਪ੍ਰੇਰੀ ਜਾਣਾ ਹੈ। ਗੁਰੂ ਨਾਨਕ ਅੱਗੇ ਫੁਰਮਾਉਂਦੇ ਹਨ, ਹੇ ਮੇਰੀ ਸਹੇਲੀਓ, ਮੇਰੀ ਸਤਿਸੰਗਣੋ! ਉਹ ਪਿਆਰਾ ਅਕਾਲ ਪੁਰਖ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਚੰਗੇ ਭਾਗਾਂ ਵਾਲੀਆਂ ਜੀਵ-ਇਸਤਰੀਆਂ ਨੂੰ ਉਹ ਮਾਲਕ-ਪਰਮਾਤਮਾ ਮਿਲਦਾ ਰਹਿੰਦਾ ਹੈ ਪਰ ਮੇਰੇ ਵਰਗੀਆਂ ਦਾ ਹਾਲ ਦੇਖੋ ਜਿਨ੍ਹਾਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ:
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ॥੧॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ॥੧॥ਰਹਾਉ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ॥
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ॥
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ॥੩॥ (ਪੰਨਾ ੨੩)
ਇਸੇ ਖਿਆਲ ਨੂੰ ਭਾਈ ਗੁਰਦਾਸ ਅੱਗੇ ਚੌਥੀ ਪਉੜੀ ਵਿਚ ਪ੍ਰਗਟ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੋਈ ਆਪ ਹੀ ਮੰਜਾ ਵਿਛਾ ਕੇ ਫਿਰ ਆਪ ਹੀ ਉਸ ਵਿਚ ਸੌਂਦਾ ਹੈ ਅਤੇ ਫਿਰ ਨੀਂਦ ਵਿਚ ਸੁਪਨਿਆਂ ਰਾਹੀਂ ਕਈ ਮੁਲਕਾਂ ਵਿਚ ਚੱਕਰ ਲਾਉਂਦਾ ਹੈ। ਕੰਗਾਲ ਤੋਂ ਰਾਜਾ ਅਤੇ ਫਿਰ ਰਾਜੇ ਤੋਂ ਕੰਗਾਲ ਬਣਾ ਕੇ ਦੁੱਖ-ਸੁੱਖ ਪਾਉਂਦਾ ਹੈ। ਪਾਣੀ ਦੇ ਰੂਪ ਵਿਚ ਹੋ ਕੇ ਕਦੀ ਉਹ ਠੰਢਾ ਹੁੰਦਾ ਹੈ ਅਤੇ ਕਦੀ ਗਰਮ ਹੁੰਦਾ ਤੇ ਉਬਲਦਾ ਹੈ। ਇਸੇ ਤਰ੍ਹਾਂ ਜੀਵ ਦੇ ਰੂਪ ਵਿਚ ਕਦੀ ਹਰਖ ਭਾਵ ਖੁਸ਼ੀ ਅਤੇ ਕਦੀ ਸੋਗ ਅਰਥਾਤ ਗਮ ਵਿਚ ਚੀਖਦਾ-ਚਿਲਾਉਂਦਾ ਹੈ ਅਤੇ ਜੇ ਕੋਈ ਬੁਲਾ ਲਵੇ ਤਾਂ ਹੀ ਬੋਲਦਾ ਹੈ। ਭਾਈ ਸਾਹਿਬ ਕਹਿੰਦੇ ਹਨ ਕਿ ਉਹ ਆਪ ਹੀ ਆਪ ਸਾਰੇ ਵਰਤ ਰਿਹਾ ਹੈ ਪਰ ਗੁਰਮੁਖ ਅਰਥਾਤ ਗੁਰੂ ਰਾਹੀਂ ਉਸ ਦਾ ਅਨੁਭਵ ਕਰਨ ਵਾਲਾ ਵਿਅਕਤੀ ਉਸ ਦੇ ਅਨੁਭਵ ਦਾ ਸੁਖ-ਅਨੰਦ ਪ੍ਰਾਪਤ ਕਰਦਾ ਹੈ:
ਆਪੇ ਪਲੰਘੁ ਵਿਛਾਇ ਕੈ ਆਪਿ ਅੰਦਰਿ ਸਉਂਦਾ।
ਸੁਹਣੇ ਅੰਦਰਿ ਜਾਇ ਕੈ ਦੇਸੰਤਰਿ ਭਉਂਦਾ।
ਰੰਕੁ ਰਾਉ ਰਾਉ ਰੰਕੁ ਹੋਇ ਦੁਖ ਸੁਖ ਵਿਚਿ ਪਉਂਦਾ।
ਤਤਾ ਸੀਅਰਾ ਹੋਇ ਜਲੁ ਆਵਟਣੁ ਖਉਂਦਾ।
ਹਰਖ ਸੋਗ ਵਿਚਿ ਧਾਂਵਦਾ ਚਾਵਾਏ ਚਉਂਦਾ।
ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਰਉਂਦਾ॥੪॥
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਪਰਮਾਤਮ-ਜੋਤਿ ਹਰ ਸਥਾਨ ਅਤੇ ਜੀਵ ਵਿਚ ਇਕਸਾਰ ਵਿਆਪਕ ਹੈ ਪਰ ਹਰ ਜੀਵ ਜਾਂ ਸਥਾਨ ਦੀ ਬਿਰਤੀ ਅਨੁਸਾਰ ਉਸ ਦਾ ਕਾਰਜ ਹੋਣਾ ਹੁੰਦਾ ਹੈ। ਇਸ ਤੱਥ ਨੂੰ ਭਾਈ ਸਾਹਿਬ ਨੇ ਕਈ ਤਰ੍ਹਾਂ ਦੀਆਂ ਉਦਾਹਰਣਾਂ ਰਾਹੀਂ ਸਮਝਾਇਆ ਹੈ। ਸਵਾਂਤ-ਨਛੱਤਰ (27 ਤਾਰਿਆਂ ਦੀ ਬਣਤਰ ਵਿਚੋਂ ਪੰਦਰਾਂ ਦੀ ਤਰਤੀਬ) ਦੀ ਬੂੰਦ, ਵਰਖਾ ਦੀਆਂ ਕਣੀਆਂ ਹਰ ਥਾਂ ਇੱਕੋ ਜਿਹੇ ਰੂਪ ਵਿਚ ਪੈਂਦੀਆਂ ਹਨ ਪਰ ਇਹ ਬੂੰਦਾਂ ਜਦੋਂ ਪਾਣੀ ‘ਤੇ ਪੈਂਦੀਆਂ ਹਨ ਤਾਂ ਪਾਣੀ ਦਾ ਰੂਪ ਹੋ ਜਾਂਦੀਆਂ ਹਨ ਪਰ ਜਦੋਂ ਧਰਤੀ ‘ਤੇ ਕਈ ਤਰ੍ਹਾਂ ਨਾਲ ਪੈਂਦੀਆਂ ਹਨ ਤਾਂ ਧਰਤੀ ਵਿਚ ਸਮਾ ਕੇ ਉਸੇ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਹੀ ਬੂੰਦਾਂ ਖੇਤੀ ਵਿਚ ਪੈ ਕੇ ਖੇਤੀ, ਬ੍ਰਿਛਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਫਲਾਂ ਤੇ ਫੁੱਲਾਂ ਵਿਚ ਕਸੈਲੇ, ਮਿੱਠੇ ਰਸ ਬਣ ਕੇ ਸ਼ੋਭਦੀਆਂ ਹਨ। ਇਹ ਬੂੰਦ ਜਦੋਂ ਕੇਲੇ ਵਿਚ ਮਿਲ ਜਾਂਦੀ ਹੈ ਤਾਂ ਠੰਢਾ ਕਪੂਰ ਬਣ ਜਾਂਦੀ ਹੈ ਜੋ ਸੁਖਦਾਈ ਅਤੇ ਸੀਤਲ ਹੁੰਦਾ ਹੈ। ਇਹੀ ਸਵਾਂਤ ਬੂੰਦ ਜਦੋਂ ਸਮੁੰਦਰ ਵਿਚ ਕਿਸੇ ਸਿੱਪ ਦੇ ਮੂੰਹ ਵਿਚ ਪੈ ਜਾਂਦੀ ਹੈ ਤਾਂ ਕੀਮਤੀ ਮੋਤੀ ਬਣ ਕੇ ਆਪਣਾ ਮੁੱਲ ਪੁਆਉਂਦੀ ਹੈ। ਇਸ ਦੇ ਉਲਟ ਜਦੋਂ ਜ਼ਹਿਰੀਲੇ ਸੱਪ ਦੇ ਮੂੰਹ ਵਿਚ ਪੈਂਦੀ ਹੈ ਤਾਂ ਜ਼ਹਿਰ ਬਣ ਜਾਂਦੀ ਹੈ ਅਤੇ ਸਦਾ ਦੂਸਰੇ ਦੀ ਬੁਰਾਈ ਚਿਤਵਦੀ ਹੈ ਅਰਥਾਤ ਕਿਸੇ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਅਕਾਲ ਪੁਰਖ ਸਾਰੀਆਂ ਥਾਂਵਾਂ ‘ਤੇ ਆਪ ਹੀ ਵਰਤ ਰਿਹਾ ਹੈ ਪਰ ਸਤਿਸੰਗਤ ਵਿਚ ਉਹ ਵਿਸ਼ੇਸ਼ ਨਜ਼ਰ ਆਉਂਦਾ ਹੈ ਕਿਉਂਕਿ ਸਤਿਸੰਗਤ ਵਿਚ ਉਸ ਦਾ ਸਤਿ-ਸਰੂਪ, ਉਸ ਦਾ ਰੱਬੀ-ਜੋਤਿ-ਸਰੂਪ ਅਨੁਭਵ ਹੁੰਦਾ ਹੈ:
ਸਮਸਰਿ ਵਰਤੈ ਸਵਾਂਤ ਬੂੰਦ ਜਿਉ ਸਭਨੀ ਥਾਈ।
ਜਲ ਅੰਦਰਿ ਜਲੁ ਹੋਇ ਮਿਲੈ ਧਰਤੀ ਬਹੁ ਭਾਈ।
ਕਿਰਖ ਬਿਰਖ ਰਸ ਕਸ ਘਣੇ ਫਲੁ ਫੁਲੁ ਸੁਹਾਈ।
ਕੇਲੇ ਵਿਚਿ ਕਪੂਰੁ ਹੋਇ ਸੀਤਲੁ ਸੁਖੁਦਾਈ।
ਮੋਤੀ ਹੋਵੈ ਸਿਪ ਮੁਹਿ ਬਹੁ ਮੋਲ ਮੁਲਾਈ।
ਬਿਸੀਅਰ ਦੇ ਮੁਹਿ ਕਾਲਕੂਟ ਚਿਤਵੇ ਬੁਰਿਆਈ।
ਆਪੇ ਆਪਿ ਵਰਤਦਾ ਸਤਿਸੰਗਿ ਸੁਭਾਈ॥੫॥