ਸੱਚ ਦੀ ਲੋਅ: ਮਹਾਰਾਜ ਰਾਵਣ

ਕਿਰਪਾਲ ਕੌਰ
ਫੋਨ: 815-356-9535
ਪਰਮਜੀਤ ਕੌਰ ਨੂੰ ਦੀਪੋ ਨੇ ਆ ਕੇ ਆਵਾਜ਼ ਦਿੱਤੀ, “ਭਾਬੀ ਹੋ ਗਈ ਵਿਹਲੀ।”
“ਆਹੋ, ਆ ਜਾ ਲੰਘ ਆ। ਛਾਹ ਵੇਲਾ ਤੇ ਹੋ ਗਿਆ। ਮੈਂ ਸੀਤਾ ਨੂੰ ਉਡੀਕਦੀ ਸੀ ਵਿਹੜਾ ਕਰ ਜਾਵੇ।”

“ਮੈਂ ਕਹਿੰਨੀ ਆਂ ਮਿਸਰਾਣੀ ਦੀ ਦਿੱਲੀ ਵਾਲੀ ਭੈਣ ਆਈ ਹੋਈ ਐ। ਫਿਰ ਦੁਪਹਿਰ ਦਾ ਕੰਮ ਹੋ ਜਾਣਾ।”
“ਚਲ ਪੈਂਦੇ ਆਂ।” ਕਹਿ ਦੇ ਦੀਪੋ ਨੇ ਅੰਦਰ ਤਾਲਾ ਲਾ ਕੇ ਵਿਹੜਾ ਖੁੱਲ੍ਹਾ ਰਹਿਣ ਦਿੱਤਾ। ਦੋਵੇਂ ਮਿਸਰਾਣੀ ਦੇ ਘਰ ਵੱਲ, ਜੋ ਇਸੇ ਬੀਹੀ ਵਿਚ ਸੀ, ਤੁਰ ਪਈਆਂ। ਪਰਮਜੀਤ ਦੇ ਹੱਥ ਵਿਚ ਦੋ ਘੀਆ ਤੇ ਗੋਭੀ ਦਾ ਫੁੱਲ ਸੀ। ਦੀਪੋ ਕੋਲ ਦੁੱਧ ਦਾ ਗੜਵਾ ਅਤੇ ਉਸ ‘ਤੇ ਖੰਡ ਦਾ ਛੰਨਾ। ਮਿਸਰਾਣੀ ਦਾ ਦਰਵਾਜ਼ਾ ਖੁੱਲ੍ਹਾ ਸੀ। ਉਸ ਨੇ ਵੀ ਦੇਖ ਕੇ ਖੁਸ਼ ਹੁੰਦਿਆਂ ਕਿਹਾ, “ਆਓ ਸਰਦਾਰਨੀਓਂ! ਆਓ ਬੈਠੋ।” ਤੇ ਝਟਪਟ ਪੀੜ੍ਹੀਆਂ ਰੱਖ ਦਿੱਤੀਆਂ।
ਪਰਮਜੀਤ ਬੋਲੀ, “ਦਿੱਲੀ ਵਾਲੀ ਭੈਣ ਆਈ ਸੁਣੀ ਐ।”
“ਆਹੋ, ਆਈ ਐ। ਕਹਿੰਦੀ ਤੈਨੂੰ ਲੈਣ ਆਈ ਹਾਂ, ਚੱਲ ਦਿੱਲੀ ਦਾ ਦੁਸਹਿਰਾ ਤੇ ਰਾਮ ਲੀਲਾ ਦੇਖ ਲੈ, ਪਰ ਕਿਥੇ ਜਾ ਹੁੰਦਾ! ਦੁਸਹਿਰਾ ਤਾਂ ਇਸ ਪਿੰਡ ਦਾ ਵੀ ਬੜਾ ਮਸ਼ਹੂਰ ਹੈ, ਤੂੰ ਹੀ ਸਾਡਾ ਦੇਖ ਜਾ।”
ਦੀਪੋ ਕਹਿੰਦੀ, “ਕਾਹਦਾ ਦੁਸਹਿਰਾ ਦੇਖਣਾ, ਇਹ ਤਾਂ ਆਦਮੀਆਂ ਜਾਂ ਨਿਆਣਿਆਂ ਦੀ ਰੌਣਕ ਹੁੰਦੀ। ਅਸੀਂ ਤਾਂ ਬੱਚਿਆਂ ਨੂੰ ਭੇਜਦੇ ਵੀ ਡਰਦੇ ਹਾਂ। ਜ਼ਮਾਨਾ ਬੜਾ ਖਰਾਬ ਐ।”
ਉਸੇ ਵੇਲੇ ਦਿੱਲੀ ਵਾਲੀ ਆਪਣੀ ਸਾੜ੍ਹੀ ਦੀਆਂ ਚੋਣਾਂ ਪੇਟੀਕੋਟ ਵਿਚ ਟੰਗਦੀ ਆਈ। ਹਾਲ-ਚਾਲ ਪੁੱਛਿਆ। ਦੀਪੋ ਕਹਿੰਦੀ, “ਮਿਸਰਾਣੀ ਚੱਲ ਐਤਕੀਂ ਆਪਾਂ ਚੱਲਾਂਗੇ, ਦਿੱਲੀ ਵਾਲਿਆਂ ਨੂੰ ਵੀ ਦਿਖਾਵਾਂਗੇ।”
“ਨਾ ਭਾਈ ਮੈਨੂੰ ਤਾਂ ਭੀੜ ਤੋਂ ਪਹਿਲਾਂ ਈ ਡਰ ਲਗਦਾ ਹੁੰਦਾ ਸੀ, ਹੁਣ ਤਾਂ ਜ਼ਮਾਨੇ ਨੂੰ ਅੱਗ ਲੱਗੀ ਹੋਈ ਐ।”
“ਪਰਮਜੀਤ ਕੁਰੇ, ਹੁਣ ਤਾਂ ਬੰਦਾ ਨਾ ਘਰ ਨਾ ਬਾਹਰ, ਕਿਤੇ ਵੀ ਸੇਫ ਨਹੀਂ। ਛੋਕਰ ਵਾਧਾ ਧੀਆਂ ਭੈਣਾਂ ਦੀ ਕੋਈ ਪਛਾਣ ਨਹੀਂ ਕਰਦਾ। ਬੰਦਾ ਨਾ ਪੈਦਲ ਤੁਰਦਾ ਬਚਦਾ, ਨਾ ਸਾਈਕਲ-ਸਕੂਟਰ ਜਾਂ ਬੱਸ ‘ਤੇ ਬਚਦਾ।”
ਮਿਸਰਾਣੀ ਬੋਲੀ, “ਭੈਣੇ ਜੰਗਲੀ ਜਾਨਵਰ ਤਾਂ ਨਹੀਂ ਪੈਂਦੇæææ ਤੇਰੇ-ਮੇਰੇ ਘਰ ਦੇ ਹੀ ਹਨ ਜਿਹੜੇ ਨੀਚ ਕੰਮ ਕਰਦੇ। ਮਾਪੇ ਵੀ ਨਹੀਂ ਸਮਝਾਉਂਦੇ, ਸਗੋਂ ਆਪ ਨਾਲ ਰਲ ਜਾਂਦੇ।”
ਦਿੱਲੀ ਵਾਲੀ ਨੇ ਆਪਣਾ ਗਿਆਨ ਝਾੜਿਆ, “ਕੁੜੀਆਂ ਨੂੰ ਬਾਹਲੀ ਅੱਗ ਲੱਗੀ ਹੋਈ ਆ, ਕੱਪੜੇ ਕਿੱਦਾਂ ਦੇ ਪਾਉਂਦੀਆਂ। ਸਾਥੋਂ ਤਾਂ ਨਹੀਂ ਦੇਖੇ ਜਾਂਦੇ। ਫਿਰ ਆਦਮ ਜਾਤ ਕੀ ਕਰੇ, ਦੇਖ ਕੇ ਹੱਥ ਪਾ ਲੈਂਦੇ ਆ।”
ਪਰਮਜੀਤ ਬੜੇ ਰੋਹ ਨਾਲ ਬੋਲੀ, “ਆਦਮ ਜਾਤ ਨੂੰ ਖੁੱਲ੍ਹ ਹੈ ਕਿਉਂ? ਭੈਣੇ, ਤੁਹਾਡੀਆਂ ਸੀਤਾ ਮਾਤਾ, ਦੇਵਕੀ, ਰਾਧਾ, ਇਥੋਂ ਤੱਕ ਕਿ ਮੀਰਾ ਬਾਈ ਦੀਆਂ ਤਸਵੀਰਾਂ ਵਿਚ ਕਿਸੇ ਦੇ ਤਨ-ਢਕਵੇਂ ਕੱਪੜੇ ਨਹੀਂ ਹੁੰਦੇ। ਬੱਸ ਤੌਲੀਆ ਤੇ ਉਚੇ ਘੱਗਰੇ! ਇਸ ਦਾ ਮਤਲਬ, ਤਾਂ ਹੀ ਕ੍ਰਿਸ਼ਨ ਨੂੰ ਖੁੱਲ੍ਹ ਸੀ ਉਨ੍ਹਾਂ ਨਾਲ ਰਾਸ ਲੀਲਾ ਕਰਨ ਦੀ।”
ਦੀਪੋ ਨੇ ਉਸ ਦਾ ਹੱਥ ਘੁੱਟਿਆ, “ਕੱਪੜੇ ਕਿਸੇ ਨੇ ਕਿਸੇ ਤਰ੍ਹਾਂ ਦੇ ਪਾਏ ਹੋਣ, ਦੇਖਣ ਵਾਲੇ ਦੀ ਨਜ਼ਰ ‘ਚ ਖੋਟ ਹੁੰਦੈ। ਜੀਹਦੀ ਨਜ਼ਰ ਸਾਫ ਹੈ, ਉਸ ਲਈ ਕੋਈ ਕਿਵੇਂ ਦੇ ਕੱਪੜੇ ਪਾਵੇ!”
ਮਿਸਰਾਣੀ ਨੇ ਵਿਸ਼ਾ ਬਦਲਿਆ, “ਭੈਣ ਚਾਹ ਬਣ ਗਈ, ਪੀ ਲਵੋ। ਤੁਸੀਂ ਵੀ ਪੀ ਲਓ ਭੈਣੋ।”
ਪਰਮਜੀਤ ਬੋਲੀ, “ਅਸੀਂ ਤਾਂ ਖਾ ਪੀ ਕੇ ਆਈਆਂ।”
ਉਪਰ ਪੰਡਤ ਕੋਲ ਪਿੰਡ ਦੇ ਦੋ-ਤਿੰਨ ਬੰਦੇ ਆਏ ਹੋਏ ਸਨ, ਉਨ੍ਹਾਂ ਜਾਣਾ ਸੀ। ਕਿਸ਼ਨਾ ਦੋ ਚਾਰ ਪੌੜੀਆਂ ਉਤਰ ਕੇ ਉਥੇ ਹੀ ਬੈਠ ਗਿਆ।
ਦਿੱਲੀ ਵਾਲੀ ਭੈਣ ਬੋਲੀ, “ਮਾੜੀ ਨਜ਼ਰ ਰਾਵਣ ਨੇ ਸੀਤਾ ‘ਤੇ ਪਾਈ ਸੀ। ਯੁੱਗਾਂ ਤੋਂ ਉਸ ਦਾ ਪੁਤਲਾ ਸਾੜਿਆ ਜਾਂਦਾ ਹੈ ਕਿ ਲੋਕਾਂ ਨੂੰ ਸਬਕ ਮਿਲੇ, ਪਰ ਕਿਥੇæææ।”
ਕਿਸ਼ਨਾ ਬੋਲਿਆ, ਮੈਂ ਤਾਂ ਸੁਣਿਆ, ਛੇੜ ਪਹਿਲਾਂ ਲਛਮਣ ਨੇ ਛੇੜੀ ਸੀ। ਰਾਵਣ ਦੀ ਭੈਣ ਵੀ ਰਾਜਕੁਮਾਰੀ ਸੀ। ਉਂਜ ਵੀ ਕਹਿੰਦੇ, ਰਾਵਣ ਵਾਂਗ ਬਹੁਤ ਗਿਆਨ ਪੜ੍ਹੀ ਹੋਈ ਸੀ। ਲੰਕਾ ਤੇ ਹਿੰਦੋਸਤਾਨ ਵਿਚਾਲੇ ਸਮੁੰਦਰ ਹੈ। ਉਹ ਉਸ ਉਤੋਂ ਖਬਰੇ ਕਿਵੇਂ ਲੰਘ ਕੇ ਭਾਰਤ ਵਾਲੇ ਪਾਸੇ ਆਈ ਸੀ ਸੈਰ ਕਰਨ। ਮੋਹਰੇ ਰਾਜ ਕੁਮਾਰ ਲਛਮਣ ਦਿਖ ਪਿਆ। ਰੱਬ ਜਾਣੇ, ਕਿਸ ਨੇ ਪਹਿਲਾਂ ਕਿਸ ਨੂੰ ਛੇੜਿਆ, ਪਰ ਇਹ ਗੱਲ ਤਾਂ ਪੱਕੀ, ਭਈ ਸਰੂਪਨਖਾ ਮੰਨੀ ਨਹੀਂ ਹੋਣੀ। ਲਛਮਣ ਦਾ ਗੁੱਸੇ ਵਾਲਾ ਸੁਭਾਅ ਤਾਂ ਮਸ਼ਹੂਰ ਹੈ। ਉਸ ਆਪਣੇ ਤੀਰ ਨਾਲ ਉਸ ਦਾ ਨੱਕ ਜ਼ਖ਼ਮੀ ਕਰ ਦਿਤਾ। ਉਸ ਨੇ ਜਦ ਘਰ ਜਾ ਕੇ ਭਰਾ ਨੂੰ ਦੱਸਿਆ ਹੋਣਾ, ਫਿਰ ਕਿਹੜਾ ਭਰਾ ਜੀਹਦਾ ਖੂਨ ਨਾ ਖੌਲੇ! ਬੱਸ, ਪੈ ਗਿਆ ਪੁਆੜਾ।
æææਰਾਵਣ ਕੋਲ ਤਾਂ ਕਹਿੰਦੇ ਬਹੁਤ ਕਰਾਮਾਤਾਂ ਸਨ। ਪੜ੍ਹਾਈ ਵੀ ਬਹੁਤ ਕੀਤੀ ਸੀ। ਉਹ ਵੀ ਭਾਰਤ ਦੇ ਲੰਕਾ ਨੇੜੇ ਵਾਲੇ ਭਾਗ ਵਿਚ ਜਾ ਵੜਿਆ। ਉਸ ਦੇਖਿਆ, ਸੀਤਾ ਆਪਣੀ ਕੁਟੀਆ ਵਿਚ ਬਨਵਾਸ ਵਾਲੇ ਕੱਪੜੇ ਪਾਈ ਫੁੱਲ ਬੂਟਿਆਂ ਨੂੰ ਪਾਣੀ ਦੇ ਰਹੀ ਹੈ ਤੇ ਲਛਮਣ ਪਹਿਰਾ ਦੇ ਰਿਹਾ ਹੈ। ਰਾਵਣ ਨੇ ਆਪਣੇ ਗਿਆਨ ਨਾਲ ਆਪਣੇ ਆਪ ਨੂੰ ਸੁਨਹਿਰੀ ਹਿਰਨ ਬਣਾਇਆ ਤੇ ਕੁਟੀਆ ਦੇ ਆਲੇ-ਦੁਆਲੇ ਚੁੰਗੀਆਂ ਭਰਨ ਲੱਗਾ। ਸੀਤਾ ਨੂੰ ਦਿਖਾਈ ਦੇਵੇ, ਲਛਮਣ ਨੂੰ ਨਹੀਂ। ਸੀਤਾ ਨੇ ਲਛਮਣ ਨੂੰ ਬੁਲਾਇਆ, ਫਿਰ ਕਿਹਾ, Ḕਵੀਰੇ, ਮੈਨੂੰ ਉਹ ਸੁਨਹਿਰੀ ਹਿਰਨ ਲਿਆ ਕੇ ਦੇਹ।Ḕ
ਲਛਮਣ ਨੂੰ ਵੀ ਦਿਸ ਪਿਆ। ਉਸ ਦੇ ਰੰਗ-ਢੰਗ ਤੋਂ ਲਛਮਣ ਸਮਝ ਗਿਆ ਕਿ ਛਲ ਹੈ। ਉਸ ਨੇ ਸੀਤਾ ਨੂੰ ਕਿਹਾ ਕਿ ਇਸ ਵੇਲੇ ਭਾਈ ਕੁਟੀਆ ਵਿਚ ਨਹੀਂ, ਮੈਂ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਣਾ, ਪਰ ਸੀਤਾ ਨੇ ਤਾਂ ਜ਼ਿਦ ਫੜ ਲਈ। ਲਛਮਣ ਨੇ ਤੀਰ ਦੀ ਨੋਕ ਨਾਲ ਝੌਂਪੜੀ ਅੱਗੇ ਕਾਰ ਕੱਢ ਕੇ ਕਿਹਾ, Ḕਕਿਸੇ ਵੀ ਸੂਰਤ ਵਿਚ ਇਸ ਨੂੰ ਲੰਘਣਾ ਨਹੀਂ।Ḕ ਅਤੇ ਆਪ ਹਿਰਨ ਦੇ ਮਗਰ ਚਲਾ ਗਿਆ। ਹਿਰਨ ਲੋਪ ਹੋ ਗਿਆ। ਉਸੇ ਵੇਲੇ ਰਾਵਣ ਨੇ ਸਾਧੂ ਦਾ ਰੂਪ ਬਣਾਇਆ ਤੇ ਝੌਂਪੜੀ ਅੱਗੇ ਆ ਅਲਖ ਜਗਾਈ, Ḕਕੋਈ ਪਰਮਾਤਮਾ ਦਾ ਜੀਵ ਭੁੱਖੇ ਸਾਧੂ ਨੂੰ ਭੋਜ ਦੇਵੇ।Ḕ
ਸੀਤਾ ਅੰਦਰੋਂ ਆਈ। ਸਾਧੂ ਨੇ ਹੱਥ ਜੋੜ ਕੇ ਕਿਹਾ, Ḕਹੇ ਮਾਤੇ! ਦੋ ਦਿਨਾਂ ਦਾ ਭੁੱਖਾ ਹਾਂ, ਕੁਝ ਮਿਲੇਗਾ।Ḕ ਸੀਤਾ ਅੰਦਰ ਗਈ, ਦੋ ਕੇਲੇ ਤੇ ਨਾਰੀਅਲ ਸੀ, ਉਹੀ ਕੇਲੇ ਦੇ ਪੱਤੇ ਉਤੇ ਰੱਖ ਕੇ ਲੈ ਆਈ ਅਤੇ ਬੋਲੀ, Ḕਸਾਧੂ ਮਹਾਰਾਜ! ਇਸ ਵੇਲੇ ਕੁਟੀਆ ਵਿਚ ਇਹੀ ਕੁਝ ਹੈ।Ḕ
Ḕਬਹੁਤ ਹੈ ਮਾਤਾ।Ḕ
ਸਾਧੂ ਕਾਰ ਤੋਂ ਪਿਛੇ ਖੜ੍ਹਾ ਸੀ। ਸੀਤਾ ਨੇ ਅੰਦਰ ਖੜ੍ਹੀ ਨੇ ਕਿਹਾ, Ḕਅੱਗੇ ਹੋ ਕੇ ਲੈ ਲਓ।Ḕ
Ḕਮਾਤਾ! ਸਾਧੂ ਭਿਖਾਰੀ ਨਹੀਂ ਹੁੰਦਾ ਜੋ ਅੰਦਰ ਆ ਕੇ ਭਿਖਿਆ ਲਵੇ। ਬਾਹਰ ਆ ਕੇ ਸਾਨੂੰ ਫਲ ਭੇਟ ਕਰੋ।Ḕ
ਸੀਤਾ ਨੇ ਸਿਰ ਨੀਵਾਂ ਕਰ ਕੇ ਕਿਹਾ, Ḕਹੇ ਸਾਧੂ ਮਹਾਰਾਜ, ਮੈਂ ਜਾਣਦੀ ਹਾਂ, ਪਰ ਮਜਬੂਰ ਹਾਂ।Ḕ
Ḕਕੋਈ ਨਹੀਂ ਬੇਟੀ, ਰਹਿਣ ਦਿਓ।Ḕ ਸਾਧੂ ਨੇ ਕਿਹਾ।
ਸੀਤਾ ਜਿਵੇਂ ਕੰਬ ਗਈ। ਸਾਧੂ ਨਿਰਾਸ਼ ਹੋ ਕੇ ਜਾਵੇ! ਉਸ ਝਟ ਪੈਰ ਬਾਹਰ ਕੱਢਿਆ, ਸਾਧੂ ਨੇ ਆਪਣੀ ਚਾਦਰ ਉਸ ‘ਤੇ ਪਾ ਕੇ ਪਲ-ਛਿਣ ਵਿਚ ਉਸ ਨੂੰ ਚੁੱਕ, ਆਪਣੀ ਪਿੱਠ ‘ਤੇ ਸੁੱਟ ਲਿਆ ਅਤੇ ਛੂ-ਮੰਤਰ ਹੋ ਗਿਆ। ਸੀਤਾ ਰੋਈ-ਕੁਰਲਾਈ, ਪਰ ਕੌਣ ਸੀ ਸੁਣਨ ਵਾਲਾ? ਲੱਤਾਂ ਚਲਾਈਆਂ, ਪੈਰਾਂ ਦੇ ਗਹਿਣੇ ਰਸਤੇ ਵਿਚ ਡਿਗ ਪਏ। ਉਹ ਤਾਂ ਜਿਵੇਂ ਉਡ ਕੇ ਜਾ ਰਿਹਾ ਸੀ। ਪਲ-ਛਿਣ ਵਿਚ ਲੰਕਾ ਆਪਣੀ ਵਾਟਿਕਾ ਵਿਚ ਪਹੁੰਚ ਗਿਆ। ਮਹਿਲੀਂ ਨਹੀਂ ਗਿਆ। ਗਰਜ ਕੇ ਕਿਹਾ, Ḕਜਿੰਨੇ ਪੁਰਸ਼ ਇਥੇ ਕੰਮ ਕਰਦੇ, ਵਾਟਿਕਾ ਤੋਂ ਬਾਹਰ ਚਲੇ ਜਾਣ, ਸਿਰਫ ਦਾਸੀਆਂ ਹੀ ਰਹਿਣ। ਮਹਿਲਾਂ ਵਿਚੋਂ ਹੋਰ ਦਾਸੀਆਂ ਭੇਜ ਦਿੱਤੀਆਂ ਜਾਣ।Ḕ
ਵਾਟਿਕਾ ਅੰਦਰ ਰਹਿਣ ਲਈ ਕਮਰੇ ਸਨ। ਉਸ ਨੇ ਪਿੱਠ ਕਰ ਕੇ ਉਥੇ ਸੀਤਾ ਨੂੰ ਉਤਾਰ ਦਿੱਤਾ ਤੇ ਆਪ ਬਾਹਰ ਆ ਗਿਆ ਤੇ ਮੁੱਖ ਦਾਸੀ ਨੂੰ ਕਿਹਾ, Ḕਇਸ ਦੀ ਸੇਵਾ ਸੰਭਾਲ ਕਰਨੀ। ਜ਼ਰੂਰਤ ਦੀ ਚੀਜ਼-ਵਸਤ ਦੇਣੀ। ਕੋਈ ਪੁਰਸ਼ ਨਾ ਆਵੇ।Ḕ
ਦੋ ਦਿਨ ਬੀਤ ਗਏ। ਸੀਤਾ ਰੋਂਦੀ, ਕੁਰਲਾਉਂਦੀ ਜ਼ਮੀਨ ‘ਤੇ ਸੌਂਦੀ। ਬੁੱਢੀ ਦਾਸੀ ਨੇ ਸਮਝਾਇਆ, Ḕਰੋ ਕੇ, ਭੁੱਖੀ ਰਹਿ ਕੇ ਮਰ ਜਾਵੇਂਗੀ। ਤੈਨੂੰ ਭਾਲਣ ਵਾਲੇ ਜ਼ਰੂਰ ਭਾਲ ਲੈਣਗੇ। ਜੇ ਤੂੰ ਜੀਂਦੀ ਹੋਵੇਂਗੀ, ਤਾਂ ਹੀ ਭਾਲ ਦਾ ਫਲ ਹੋਵੇਗਾ।Ḕ
ਉਸ ਥੋੜ੍ਹੇ ਫਲ ਖਾ ਲੈਣੇ। ਦੋ ਮੋਟੀਆਂ ਧੋਤੀਆਂ ਲੈ ਲਈਆਂ, ਇਸ਼ਨਾਨ ਕਰ ਕੇ ਬਦਲਦੀ। ਪੂਜਾ-ਪਾਠ ਕਰਦੀ। ਉਸ ਨੂੰ ਕੋਈ ਹੋਰ ਤਕਲੀਫ ਨਹੀਂ ਸੀ ਦਿੱਤੀ ਜਾਂਦੀ। ਰਾਵਣ ਜਾਂ ਕੋਈ ਹੋਰ ਪੁਰਸ਼ ਮੁੜ ਵਾਟਿਕਾ ਵਿਚ ਵੀ ਨਹੀਂ ਆਇਆ।
ਉਧਰ, ਲਛਮਣ ਨੇ ਆ ਕੇ ਦੇਖਿਆ, ਸੀਤਾ ਮਾਤਾ ਅੰਦਰ ਨਹੀਂ ਹੈ। ਝੌਂਪੜੀ ਦੇ ਦਰਵਾਜ਼ੇ ‘ਤੇ ਪੈਰਾਂ ਦੇ ਨਿਸ਼ਾਨ ਹਨ। ਉਸ ਨੂੰ ਸਭ ਕੁਝ ਸਮਝ ਆ ਗਿਆ। ਰਾਮ ਚੰਦਰ ਵੀ ਅੰਦਰ ਦਿਸੇ। ਉਹ ਭੱਜ ਕੇ ਗਿਆ, ਹੱਥ ਜੋੜ ਸਾਰਾ ਬਿਰਤਾਂਤ ਸੁਣਾਇਆ। ਉਹ ਬੱਚਿਆਂ ਵਾਂਗ ਰੋਣ ਲੱਗੇ। ਲਛਮਣ ਦੌੜ ਕੇ ਸਮੁੰਦਰ ਤੱਟ ਵੱਲ ਗਿਆ, ਉਥੇ ਕੋਈ ਨਿਸ਼ਾਨ, ਕਿਸੇ ਬੇੜੀ ਜਾਂ ਸੇਤੂ (ਪੁਲ) ਦਾ ਨਹੀਂ ਸੀ। ਹਾਂ, ਰਾਸਤੇ ਵਿਚ ਉਸ ਨੂੰ ਸੀਤਾ ਦੇ ਪੈਰਾਂ ਦਾ ਗਹਿਣਾ ਮਿਲ ਗਿਆ।
ਰਾਮ ਚੰਦਰ ਦਾ ਰੁਦਨ ਸੁਣ ਕੇ ਕਹਿੰਦੇ ਹਨ, ਹਿਰਨਾਂ ਦੀਆਂ ਅੱਖਾਂ ਵਿਚੋਂ ਵੀ ਨੀਰ ਵਹਿਣ ਲੱਗ ਪਿਆ। ਪੰਛੀ ਵੀ ਉਦਾਸ ਹੋ ਕੇ ਚੁੱਪ ਕਰ ਗਏ। ਭਲਾ ਹੋਇਆ, ਇਕ ਬਾਂਦਰ ਨੇ ਹਨੂਮਾਨ ਨੂੰ ਜਾ ਦੱਸਿਆ। ਉਹ ਉਸੇ ਵੇਲੇ ਲਛਮਣ ਕੋਲ ਪਹੁੰਚੇ ਤੇ ਕਿਹਾ, Ḕਮੈਂ ਲੰਕਾ ਜਾ ਕੇ ਮਾਤਾ ਸੀਤਾ ਦੀ ਸੁਧ ਲਿਆਵਾਂਗਾ। ਜੇ ਲੰਕਾ ਵਿਚ ਹੋਈ, ਮੈਂ ਸ਼ਾਮ ਤੱਕ ਆ ਕੇ ਹਾਲ ਦੱਸਾਂਗਾ। ਮੇਰੇ ਕੋਲ ਰਾਮ ਚੰਦਰ ਦੀ ਕੋਈ ਨਿਸ਼ਾਨੀ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਭਰੋਸਾ ਦੇਣ ਲਈ।Ḕ
ਰਾਮਚੰਦਰ ਦੀ ਅੰਗੂਠੀ ਲੈ ਕੇ ਹਨੂਮਾਨ ਛੋਟਾ ਬਾਂਦਰ ਬਣ, ਰਾਵਣ ਦੇ ਮਹਿਲਾਂ ਕੋਲ ਪਹੁੰਚ ਗਿਆ। ਸਾਰੇ ਮਹਿਲ ਦੀ ਪੜਤਾਲ ਕੀਤੀ। ਸੀਤਾ ਮਾਤਾ ਕਿਤੇ ਨਹੀਂ ਸੀ। ਫਿਰ ਵਾਟਿਕਾ ਪਹੁੰਚ ਉਸ ਦੇਖਿਆ, ਸੀਤਾ ਮਾਤਾ ਦੇ ਆਸ-ਪਾਸ ਦਾਸੀਆਂ ਸਨ। ਉਹ ਕਿਸੇ ਤਰ੍ਹਾਂ ਸੀਤਾ ਕੋਲ ਪਹੁੰਚ ਗਿਆ ਤੇ ਰਾਮ ਚੰਦਰ ਦੀ ਮੁੰਦਰੀ ਦਿਖਾਈ। ਮਾਤਾ ਨੇ ਵੀ ਦੱਸਿਆ ਕਿ ਉਸ ਦੀ ਇਜ਼ਤ ‘ਤੇ ਕਿਸੇ ਹੱਥ ਨਹੀਂ ਪਾਇਆ, ਉਸ ਨੂੰ ਜਲਦੀ ਲੈ ਜਾਓ। ਹੋਰ ਫਿਕਰ ਨਾ ਕਰੋ।
ਹਨੂਮਾਨ ਨੇ ਭਰੋਸਾ ਦਿਵਾਇਆ, ਬਹੁਤ ਜਲਦੀ ਛੁਡਾ ਲਵਾਂਗੇ।
ਰਾਮ-ਲਛਮਣ ਨੇ ਹਨੂਮਾਨ ਦੀ ਬਾਂਦਰ ਸੈਨਾ ਦੀ ਮਦਦ ਨਾਲ ਸੀਤਾ ਨੂੰ ਛੁਡਾ ਲਿਆ ਤੇ ਰਾਵਣ ਦਾ ਵੰਸ਼ ਨਾਸ ਕਰ ਦਿੱਤਾ। ਲੰਕਾ ਜਲਾ ਦਿੱਤੀ। ਦੁਸਹਿਰਾ ਰਾਮ ਦੀ ਉਸੇ ਜਿੱਤ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ।
ਕਿਸ਼ਨੇ ਦਾ ਛੋਟਾ ਭਰਾ ਵੀ ਪੌੜੀ ‘ਤੇ ਬੈਠਾ ਸੀ। ਬੋਲਿਆ, “ਨਾਲੇ ਕਹਿੰਦੇ ਰਾਵਣ ਦੇ ਭਰਾਵਾਂ ਨੇ ਸਾਰਾ ਭੇਤ ਦੱਸਿਆ ਸੀ, ਫਿਰ ਉਨ੍ਹਾਂ ਨੂੰ ਰਾਮ ਦੀਆਂ ਫੌਜਾਂ ਨੇ ਕਿਉਂ ਮਾਰ ਦਿੱਤਾ?”
ਕਿਸ਼ਨਾ ਕਹਿਣ ਲੱਗਾ, “ਛੋਟਿਆ! ਇਹੀ ਰਾਜਨੀਤੀ ਹੈ। ਪਹਿਲਾਂ ਭੇਤ ਪੁੱਛ ਲਓ, ਫਿਰ ਉਸ ਦਾ ਵੀ ਸਫਾਇਆ ਕਰ ਦਿਓ, ਕਿਤੇ ਕੁਝ ਬਕ ਨਾ ਜਾਵੇ।”
ਮਿਸਰਾਣੀ ਕਹਿੰਦੀ, “ਭਾਈ, ਇਹ ਤਾਂ ਬੜਾ ਸਮਝਦਾਰ ਹੋ ਗਿਆ।”
“ਭਾਬੀ ਮੈਂ ਅੱਠ ਜਮਾਤਾਂ ਪੜ੍ਹਿਆ ਹੋਇਆਂ। ਹੁਣ ਦੱਸੋ, ਪੁਤਲੇ ਜਾਲ ਕੇ ਕਦੀ ਬਦੀ ਜਲੀ ਹੈ? ਮੈਂ ਤਾਂ ਕਹਿੰਨਾਂ, ਪੁਤਲਿਆਂ ਦੀਆਂ ਚੰਗਿਆੜੀਆਂ ਨੇ ਤਾਂ ਘਰ-ਘਰ ਬੁਰਾਈਆਂ ਫੈਲਾ ਦਿੱਤੀਆਂ।”
“ਠੀਕ ਕਹਿੰਨਾਂ ਤੂੰ।” ਦਿੱਲੀ ਵਾਲੀ ਬੋਲੀ।
ਕਿਸ਼ਨਾ ਜ਼ਰਾ ਹੋਰ ਸਿਆਣਾ ਬਣ ਕੇ ਬੋਲਿਆ, “ਭੈਣੇ ਸੁਣ! ਕਹਿੰਦੇ ਆ ਕਿ ਪਤੀ-ਪਤਨੀ ਦਾ ਨਾਤਾ ਵਿਸ਼ਵਾਸ ‘ਤੇ ਟਿਕਿਆ ਹੁੰਦਾ। ਇਹ ਹੈ ਵੀ ਸੱਚ। ਪਹਿਲਾਂ ਤਾਂ ਹਨੂਮਾਨ ਨੇ ਦੱਸਿਆ ਕਿ ਸੀਤਾ ਮਾਤਾ ਦੇ ਸਤ ਅਤੇ ਧਰਮ ਨੂੰ ਕਿਸੇ ਆਂਚ ਨਹੀਂ ਆਉਣ ਦਿੱਤੀ। ਫਿਰ ਸੀਤਾ ਨੇ ਦੱਸਿਆ ਕਿ ਰਾਵਣ ਨੇ ਜਦ ਭਿਖਿਆ ਮੰਗਣ ਲਈ ਉਹਦਾ ਮੂੰਹ ਦੇਖਿਆ ਸੀ, ਤਾਂ ਮਾਤਾ ਕਿਹਾ ਸੀ। ਫਿਰ ਚੁੱਕਣ ਵੇਲੇ ਉਸ ‘ਤੇ ਕੱਪੜਾ ਪਾ ਕੇ ਆਪਣਾ ਹੱਥ ਵੀ ਉਹਦੇ ਸਰੀਰ ਨੂੰ ਛੁਹਣ ਨਹੀਂ ਦਿੱਤਾ। ਵਾਟਿਕਾ ਵਿਚ ਜਾ ਕੇ ਪਿੱਠ ਕਰ ਕੇ ਉਸ ਨੂੰ ਸੁੱਟ ਕੇ ਬਾਹਰ ਨਿਕਲ ਗਿਆ। ਉਸ ਨੇ ਉਸ ਨੂੰ ਦੇਖਿਆ ਤੱਕ ਨਹੀਂ ਸੀ, ਪਰ ਰਾਮ ਨੇ ਕੀ ਕੀਤਾ ਕਿਸੇ ਦੀ ਗੱਲ ਸੁਣ ਕੇ? ਉਸ ‘ਤੇ ਭਰੋਸਾ ਹੀ ਨਹੀਂ ਕੀਤਾ। ਅਗਨੀ ਪ੍ਰੀਖਿਆ ਲਈ। ਕੀ ਇਸ ਨੂੰ ਧਰਮ ਕਹਾਂਗੇ?”
ਦੀਪੋ ਬੋਲੀ, “ਭੈਣ ਮਿਸਰਾਣੀ, ਤੇਰੀਆਂ ਪੌੜੀਆਂ ਵਿਚ ਤਾਂ ਬੜਾ ਗਿਆਨ ਹੈ। ਦੇਖ ਦੋਵੇਂ ਕਿੰਨੀਆਂ ਸਿਆਣੀਆਂ ਗੱਲਾਂ ਕਰਦੇ ਆ ਪੌੜੀਆਂ ਵਿਚ ਬੈਠੇ।”
“ਆਹ ਭਾਈ ਪਿੰਡ ਦੀਆਂ ਸਬਜ਼ੀਆਂ ਤੇ ਦੁੱਧ ਦੀ ਖੀਰ ਦਿੱਲੀ ਵਾਲੀ ਨੂੰ ਖੁਆ ਦੇਣੀ ਬਣਾ ਕੇ, ਅਸੀਂ ਤਾਂ ਇਵੇਂ ਹੀ ਦੁਸਹਿਰਾ ਮਨਾ ਲਈਦਾ।”
ਪਰਮਜੀਤ ਕਹਿੰਦੀ, “ਹੋਰ ਅਸੀਂ ਪੇਂਡੂ ‘ਜੈ ਸ੍ਰੀ ਰਾਮ’ ਵੀ ਕਹਿ ਲਈਦਾ, ਕਿਸ਼ਨੇ ਦੀਆਂ ਗੱਲਾਂ ਵਿਚੋਂ ਸੱਚ ਸੁਣ ਕੇ ‘ਜੈ ਮਹਾਰਾਜ ਰਾਵਣ’ ਵੀ ਕਹਿ ਦਈਦਾ। ਅਸੀਂ ਕਿਸੇ ਤੋਂ ਕੀ ਲੈਣਾ-ਦੇਣਾ? ਬੁਰਾਈ ਤੇ ਭਲਾਈ ਸਾਡੇ ਆਪਣੇ ਮਨਾਂ ਅੰਦਰ ਅਤੇ ਅੱਖਾਂ ਵਿਚ ਹੈ। ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣਾ ਮਨ ਸੱਚਾ ਸੁੱਚਾ ਕਰ ਲੈਣ ਨਾਲ ਦੁਸਹਿਰਾ ਮੰਨ ਜਾਂਦਾ ਹੈ।”