ਸਾਵਧਾਨ! ਸਕੈਮ…ਸੰਭਲੋ

ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ
ਦੋ ਕੁ ਸਾਲ ਪਹਿਲਾਂ Ḕਪੰਜਾਬ ਟਾਈਮਜ਼Ḕ ਵਿਚ ਛਪੇ ਮੇਰੇ ਲੇਖ ‘ਸਾਵਧਾਨ ਸਕੈਮ ਸੰਭਲੋ’ ਪਿਛੋਂ ਪਾਠਕਾਂ ਵੱਲੋਂ ਧੰਨਵਾਦ ਦੇ ਮੈਨੂੰ ਬਹੁਤ ਸਾਰੇ ਫੋਨ ਤੇ ਸੁਨੇਹੇ ਆਏ ਕਿ ਮੇਰਾ ਲੇਖ ਪੜ੍ਹ ਕੇ ਉਹ ਠੱਗਾਂ ਦੇ ਅੜਿੱਕੇ ਆਉਣ ਤੋਂ ਬਚ ਗਏ। ਕੁਝ ਹੋਰਨਾਂ ਨੇ ਦੱਸਿਆ ਕਿ ਉਹ ਮੇਰੀ ਵਾਰਨਿੰਗ ਪੜ੍ਹ ਕੇ ਵੀ ਨਹੀਂ ਬਚ ਸਕੇ ਤੇ ਤਿੰਨ ਤਿੰਨ ਹਜਾਰ ਦੀ ਠੱਗੀ ਖਾ ਚੁੱਕੇ ਹਨ। ਹੁਣ ਅਮਰੀਕੀ ਏਜੰਸੀਆਂ ਦੀ ਪੈਰਵੀ ‘ਤੇ ਭਾਰਤ ਸਰਕਾਰ ਨੇ ਇਹ ਠੱਗੀ ਸਿਲਸਿਲਾ ਬੇਨਕਾਬ ਕਰ ਕੇ 70 ਬੰਦੇ ਫੜ ਲਏ ਹਨ ਜੋ ਅਮਰੀਕਾ ਅਤੇ ਕੈਨੇਡਾ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਠੱਗੀਆਂ ਮਾਰਦੇ ਸਨ ਤੇ ਪੁਲਿਸ ਦੀ ਪਕੜ ਤੋਂ ਬਾਹਰ ਸਨ। ਇਹ ਲੋਕ ਹੁਣ ਤੱਕ ਲੱਖਾਂ ਡਾਲਰਾਂ ਦੀ ਲੋਕਾਂ ਦੀ ਛਿੱਲ ਲਾਹ ਚੁੱਕੇ ਹਨ ਜੋ ਸ਼ਰਮਿੰਦੇ ਹੋਏ ਦੱਸਣ ਜੋਗੇ ਵੀ ਨਹੀਂ।

ਇਸ ਲੇਖ ਵਿਚ ਮੈਂ ਲਿਖਿਆ ਸੀ ਕਿ ਘਰ ਦੇ ਪਿਛਵਾੜੇ ਮੈਂ ਸੈਰ ਕਰ ਰਿਹਾ ਸਾਂ ਕਿ ਫੋਨ ਦੀ ਘੰਟੀ ਸੁਣੀ। ਦੌੜ ਕੇ ਅੰਦਰ ਗਿਆ ਪਰ ਉਦੋਂ ਤੱਕ ਫੋਨ ਬੰਦ ਹੋ ਚੁਕਾ ਸੀ। ਫੋਨ ਦੀ ਆਈæਡੀæ ਤੋਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ। ਫੋਨ ਨੰਬਰ 210-424-2344 ਕੋਈ ਓਪਰਾ ਜਿਹਾ ਸੀ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਘੰਟੀ ਫੇਰ ਖੜਕ ਪਈ। ਮੈਂ ਜਾਣ ਕੇ ਅਵੇਸਲਾ ਹੋ ਗਿਆ ਕਿ ਮੈਂ ਫੋਨ ਨਹੀਂ ਚੁੱਕਣਾ ਕਿਉਂਕਿ ਕਈ ਵੇਰਾਂ ਬੇਨਾਮੀ ਫੋਨ ਪ੍ਰੇਸ਼ਾਨ ਕਰਦੇ ਰਹਿੰਦੇ ਨੇ। ਕਈ ਵੇਰਾਂ ਇਸ਼ਤਿਹਾਰਬਾਜ਼ੀ ਵਾਲੇ ਜਾਂ ਗਲਤ ਬਿਰਤੀ ਵਾਲੇ ਫੋਨ ਸ਼ਰੀਫ ਲੋਕਾਂ ਨੂੰ ਐਵੇਂ ਉਚਾਟ ਕਰਦੇ ਰਹਿੰਦੇ ਨੇ। ਦਸ ਮਿੰਟ ਬਾਅਦ ਫਿਰ ਫੋਨ ਖੜਕਿਆ ਤਾਂ ਮੈਂ ਚੁੱਕ ਲਿਆ ਕਿ ਕੋਈ ਜ਼ਰੂਰੀ ਫੋਨ ਨਾ ਹੋਵੇ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਬੋਲਣ ਵਾਲੇ ਨੇ ਦਬਕਵੀਂ ਰੋਹਬਦਾਰ ਆਵਾਜ਼ ‘ਚ ਆਪਣਾ ਤੁਆਰਫ ਕਰਾਇਆ, “ਮੈਂ ਤੁਹਾਡੇ ਸ਼ਹਿਰ ਦੇ ਸ਼ੈਰਿਫ ਦਫਤਰ ਵਿਚੋਂ ਬੋਲ ਰਿਹਾ ਹਾਂ। ਮੈਂæææਨਾਲ ਗੱਲ ਕਰਨੀ ਹੈ।”
“ਹਾਂ ਜੀ! ਬੋਲੋ, ਮੈਂ ਹੀ ਹਾਂ। ਫਰਮਾਓ?” ਮੈਂ ਪੁਛਿਆ। ਪੁਲਿਸ ਦਫਤਰੋਂ ਪਹਿਲਾਂ ਵੀ ਕਈ ਵੇਰਾਂ ਫੋਨ ਆਉਂਦੇ ਰਹਿੰਦੇ ਸਨ। ਅੱਗੋਂ ਜਵਾਬ ਆਇਆ, “ਤੁਸੀਂ ਪਿਛਲੇ ਸਾਲ ਚੈਕ ਭੇਜ ਕੇ ਪੁਲਿਸ ਸਹਾਇਤਾ ਫੰਡ ਵਿਚ ਹਿੱਸਾ ਪਾਇਆ, ਤੁਹਾਡਾ ਧੰਨਵਾਦ। ਤੁਹਾਨੂੰ ਦੁਬਾਰਾ ਜ਼ਹਿਮਤ ਦੇ ਰਹੇ ਹਾਂ ਕਿ ਤੁਹਾਡੇ ਜਿਹੇ ਦਾਨੀ ਲੋਕਾਂ ਦੀ ਸਾਨੂੰ ਹਰ ਵੇਲੇ ਜ਼ਰੂਰਤ ਹੈ। ਮਿਹਰਬਾਨੀ ਕਰ ਕੇ ਇਸ ਸਾਲ ਦਾ ਵੀ ਆਪਣਾ ਯੋਗਦਾਨ ਜਲਦੀ ਭੇਜ ਦਿਓ।” ਪਿਛਲੀ ਵਾਰੀ ਤੋਂ ਖਿਝ ਕੇ ਮੈਂ ਕਹਿ ਦਿੱਤਾ, ਇੱਕ ਦੋ ਵੇਰਾਂ ਤੁਹਾਨੂੰ ਚੰਦਾ ਦੇ ਦਿੱਤਾ, ਤੁਸੀਂ ਤਾਂ ਹੱਥ ਧੋ ਕੇ ਪਿੱਛੇ ਹੀ ਪੈ ਗਏ! ਮਿਹਰਬਾਨੀ ਕਰ ਕੇ ਸਾਡਾ ਨਾਮ ਹੁਣ ਲਿਸਟ ਵਿਚੋਂ ਕੱਟ ਦਿਓ।
ਅੱਗੋ ਫਿਰ ਜਵਾਬ ਆਇਆ, “ਤੁਹਾਡੇ ਖਿਲਾਫ ਸਾਡੇ ਕੋਲ ਬੜੀ ਸੰਗੀਨ ਮੁਜਰਮਾਨਾ ਸ਼ਿਕਾਇਤ ਪਹੁੰਚੀ ਹੈ। ਇਸ ਦੇ ਸਬੰਧ ਵਿਚ ਪੁਲਿਸ ਮੁਖੀ ਤੁਹਾਡੇ ਨਾਲ ਸਿੱਧੀ ਇੰਟਰਵਿਊ ਕਰਨੀ ਚਾਹੁੰਦੇ ਹਨ।” ਸ਼ਿਕਾਇਤ ਦੇ ਨਾਂ ‘ਤੇ ਮੇਰੀ ਘਬਰਾਹਟ ਸਭ ਹੱਦਾਂ ਬੰਨੇ ਟੱਪ ਗਈ। ਕੁਦਰਤ ਦੀ ਗੋਦ ਵਿਚ ਸਵੇਰੇ ਸਵੇਰੇ ਮੌਜ-ਮਸਤੀ ਕਰਦੇ ਬਟੇਰੇ ਨੂੰ ਜਿਵੇਂ ਇੱਲ ਨੇ ਝਪਟਾ ਮਾਰ ਲਿਆ ਹੋਵੇ, ਕਿੰਨੀ ਦੇਰ ਮੇਰੇ ਮੂਹੋਂ ਕੋਈ ਸ਼ਬਦ ਨਾ ਨਿਕਲੇ।
“ਕੀ ਸ਼ਿਕਾਇਤ ਆ ਜੀ?” ਮੈਂ ਧੜਕਦੇ ਕਾਲਜੇ ਨਾਲ ਕਿਹਾ।
“ਇਨਕਮ ਟੈਕਸ ਮਹਿਕਮੇ ਨੇ ਤੁਹਾਡੇ ਖਿਲਾਫ ਰਿਪੋਰਟ ਲਿਖਾਈ ਹੈ ਕਿ ਤੁਸੀਂ ਸਰਕਾਰ ਨਾਲ ਫਰਾਡ ਕਰ ਕੇ ਤਕੜਾ ਚੂਨਾ ਲਾਇਆ ਹੈ। ਇਹ ਬੜੇ ਗੰਭੀਰ ਇਲਜ਼ਾਮ ਹਨ ਜਿਸ ਵਾਸਤੇ ਤੁਹਾਡੇ ਵਾਰੰਟ-ਗ੍ਰਿਫਤਾਰੀ ਜਾਰੀ ਹੋਣ ਵਾਲੇ ਹਨ। ਤੁਹਾਡਾ ਪੱਖ ਜਾਣਨ ਲਈ ਤੁਹਾਨੂੰ ਮਿਲਣਾ ਜ਼ਰੂਰੀ ਸੀ ਤਾਂ ਜੋ ਕੱਲ੍ਹ ਨੂੰ ਤੁਸੀਂ ਕੋਈ ਉਜ਼ਰ ਇਤਰਾਜ਼ ਨਾ ਕਰੋ।” ਅੱਗੋਂ ਧਮਕੀ ਜਿਹਾ ਜਵਾਬ ਮਿਲਿਆ।
“ਮੈਂ ਸ਼ਰੀਫ ਆਦਮੀ ਹਾਂ ਤੇ ਕਦੇ ਕੋਈ ਠੱਗੀ ਨਹੀਂ ਕੀਤੀ। ਬਣਦਾ ਟੈਕਸ ਮੈਂ ਕਦੇ ਲੇਟ ਨਹੀਂ ਕੀਤਾ, ਸਗੋਂ ਮੈਨੂੰ ਇਸ ਦਾ ਰਿਫੰਡ ਮਿਲਿਆ ਸੀ।” ਮੈਂ ਕੰਬਦੀ ਆਵਾਜ਼ ਵਿਚ ਕਿਹਾ।
“ਤੁਹਾਡੇ ਨਾਂ ਸਰਕਾਰ ਦਾ ਟੈਕਸ ਬਕਾਇਆ ਹੈ ਜੋ ਤੁਸੀਂ ਤਾਰਿਆ ਨਹੀਂ। ਅਸੀਂ ਤੁਹਾਨੂੰ ਡਾਕ ਰਾਹੀਂ ਦੋ ਤਿੰਨ ਨੋਟਿਸ ਦਿੱਤੇ ਪਰ ਸਾਰੇ ਵਾਪਸ ਆ ਗਏ। ਡਾਕੀਏ ਦੀ ਗਵਾਹੀ ਅਨੁਸਾਰ ਤੁਸੀਂ ਲੈਣ ਤੋਂ ਜਾਣ-ਬੁੱਝ ਕੇ ਇਨਕਾਰ ਕੀਤਾ। ਅਸੀਂ ਹੁਣੇ ਅੱਧੇ ਘੰਟੇ ਬਾਅਦ ਤੁਹਾਡੇ ਵਾਰੰਟ-ਗ੍ਰਿਫਤਾਰੀ ਜਾਰੀ ਕਰ ਰਹੇ ਹਾਂ। ਤੀਰ ਕਮਾਨੋਂ ਨਿਕਲ ਗਿਆ ਤਾਂ ਵਾਪਸ ਨਹੀਂ ਹੋਣਾ। ਚਾਹੋ ਤਾਂ ਮੈਂ ਤੁਹਾਨੂੰ ਸ਼ੈਰਿਫ ਨਾਲ ਸਿੱਧਾ ਮਿਲਾ ਸਕਦਾ ਹਾਂ। ਉਹ ਬੜੇ ਮਿਹਰਬਾਨ ਅਫਸਰ ਹਨ, ਤੁਹਾਨੂੰ ਸਾਰੀ ਤਫਸੀਲ ਸਮਝਾ ਦੇਣਗੇ।” ਕਹਿ ਕੇ ਉਸ ਨੇ ਫੋਨ ਕਿਸੇ ਹੋਰ ਨੂੰ ਦੇ ਦਿੱਤਾ।
“ਗੁਡ ਮਾਰਨਿੰਗ ਮਿਸਟਰæææ! ਮੇਰਾ ਨਾਮ ਥਾਮਸ ਇਬਰਾਹੀਮ ਹੈ। ਕੀ ਹਾਲ ਹੈ ਤੁਹਾਡਾ?”
“ਮੈਂ ਠੀਕ ਹਾਂ ਜਨਾਬ, ਤੁਸੀਂ ਸੇਵਾ ਦੱਸੋ। ਮੇਰੇ ਖਿਲਾਫ ਕੀ ਦੋਸ਼ ਹਨ? ਮੈਂ ਨਹੀਂ ਸਮਝ ਸਕਿਆ। ਮੈਂ ਹਰ ਸਾਲ ਤੁਹਾਡੇ ਪੁਲਿਸ ਵੈਲਫੇਅਰ ਫੰਡ ਵਿਚ ਸਰਦਾ-ਪੁੱਜਦਾ ਹਿੱਸਾ ਪਾਉਂਦਾ ਰਿਹਾ ਹਾਂ। ਇਸ ਸਾਲ ਲੇਟ ਹੋ ਗਿਆ, ਮੁਆਫ ਕਰਨਾ। ਉਹ ਵੀ ਜਲਦੀ ਪਾ ਦਿਆਂਗਾ। ਮੇਰੇ ‘ਤੇ ਦਇਆ ਕਰੋ।”
“ਤੁਹਾਨੂੰ ਮੇਰੇ ਕਾਰਿੰਦੇ ਨੇ ਦੱਸ ਹੀ ਦਿੱਤਾ ਹੋਵੇਗਾ। ਅਸੀਂ ਤੁਹਾਨੂੰ ਪਹਿਲਾਂ ਤਿੰਨ ਨੋਟਿਸ ਭੇਜ ਚੁੱਕੇ ਹਾਂ ਪਰ ਸਾਰੇ ਸਾਡੇ ਦਫਤਰ ਵਾਪਸ ਮੁੜ ਆਏ ਹਨ। ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਪੂਰੀ ਹੋ ਚੁਕੀ ਹੈ। ਹਾਂ, ਜੇ ਤੁਸੀਂ ਇਸ ਬਾਰੇ ਹੋਰ ਤਸਦੀਕ ਕਰਨੀ ਚਾਹੋ ਤਾਂ ਮੈਂ ਤੁਹਾਨੂੰ ਰੈਵੀਨਿਊ ਅਧਿਕਾਰੀ ਨਾਲ ਮਿਲਾ ਸਕਦਾ ਹਾਂ। ਤੁਸੀਂ ਉਸ ਨਾਲ ਸਿੱਧੀ ਗੱਲ ਕਰ ਕੇ ਆਪਣੇ ਸ਼ੱਕ ਨਵਿਰਤ ਕਰ ਲਓ। ਦੱਸੋ, ਮਿਲਾਵਾਂ ਫੋਨ?” ਉਹ ਬੜੀ ਨਿਡਰਤਾ ਨਾਲ ਅੱਗੇ ਵਧ ਰਹੇ ਸਨ।
“ਹਾਂ ਮਿਲਾ ਦਿਓ, ਤੁਹਾਡੀ ਮਿਹਰਬਾਨੀ।” ਮੈਂ ਆਪਣੀ ਘਬਰਾਹਟ ਉਨ੍ਹਾਂ ਕੋਲੋਂ ਛੁਪਾਉਣ ਦੀ ਕੋਸ਼ਿਸ਼ ਵਿਚ ਸਾਂ। ਲਾਈਨ ਕੱਝ ਦੇਰ ਖਾਲੀ ਰਹੀ। ਮੈਂ ਟੈਲੀਫੋਨ ਹੱਥ ਵਿਚ ਫੜੀ ਉਡੀਕਣ ਲੱਗਾ। ਇੱਕ ਦੋ ਮਿੰਟ ਬਾਅਦ ਇੱਕ ਨਵੀਂ ਆਵਾਜ਼ ਆਈ, “ਹੈਲੋ, ਹੈਲੋ ਸਰ! ਕੀ ਤੁਸੀਂæææਹੋ? ਮੈਂ ਜਾਰਜ ਸਟੀਵ ਬੋਲ ਰਿਹਾ ਹਾਂ, ਇਨਕਮ ਟੈਕਸ ਅਫਸਰ।” ਹਲੀਮੀ ਭਰੀ ਨਵੀਂ ਆਵਾਜ਼ ਆਈ।
“ਹਾਂ ਜੀ ਬਿਲਕੁਲ! ਇਹੀ ਮੇਰਾ ਨਾਮ ਹੈ। ਕੀ ਕੋਤਾਹੀ ਹੋਈ ਮੈਥੋਂ?”
“ਤੁਸੀਂ ਆਪਣਾ ਟੈਕਸ ਬਚਾਉਣ ਖਾਤਰ ਆਮਦਨ ਵਿਚ ਬਹੁਤ ਹੇਰਾ-ਫੇਰੀ ਕੀਤੀ ਹੈ ਜੋ ਇੱਕ ਚੰਗੇ ਨਾਗਰਿਕ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਚੰਗੀ ਤਰ੍ਹਾਂ ਦਰਿਆਫਤ ਕਰ ਲਈ ਹੈ ਤੇ ਤੁਹਾਡਾ ਜੁਰਮ ਸਾਬਤ ਹੋ ਚੁੱਕਾ ਹੈ।”
“ਕਿਹੜੀ ਹੇਰਾ-ਫੇਰੀ? ਕਿੰਨੇ ਡਾਲਰ ਨੇ ਸਰ ਬਕਾਇਆ? ਮੈਂ ਹੁਣੇ ਕਿੱਦਾਂ ਕਿੱਥੇ ਜਮ੍ਹਾ ਕਰਾ ਦਿਆਂ? ਜੇ ਆਗਿਆ ਦਿਓ ਤਾਂ ਬੈਂਕ ਵਿਚ ਕਰਵਾ ਸਕਦਾ ਹਾਂ।” ਮੈਂ ਆਪਣੀ ਪਿਛਲੀ ਜੇਬ ਟੋਹੀ ਜਿਸ ਵਿਚ ‘ਹਵਾਈ’ ਦੇ ਸਫਰ ਵਾਸਤੇ 2500 ਡਾਲਰ ਜਮ੍ਹਾ ਕਰ ਰੱਖੇ ਸਨ। ਇਹ ਤਾਂ ਹੁਣ ਕੱਟੀ ਗਈ ਸਮਝੋ। ਮੈਂ ਆਪਣੇ ਆਪ ਵਿਚ ਹਿਸਾਬ ਲਗਾਇਆ।
“ਤੁਹਾਡੇ ਵੱਲ ਛੋਟੀ ਜਿਹੀ ਰਕਮ ਸਿਰਫ 2524 ਡਾਲਰ ਬਕਾਇਆ ਹੈ। ਜੇ ਤੁਸੀਂ ਅੱਜ ਦੇ ਸਕਦੇ ਹੋ ਤਾਂ ਇਹ ਅਖੀਰਲੀ ਘੜੀ ਹੈ, ਤੁਹਾਡਾ ਮੁਸੀਬਤ ਤੋਂ ਛੁਟਕਾਰਾ ਹੋ ਸਕਦਾ ਹੈ। ਨਹੀਂ ਤਾਂ ਹੱਥਕੜੀ ਲੈ ਕੇ ਪੁਲਿਸ ਵਾਲੇ ਤੁਹਾਡੇ ਦਰ ‘ਤੇ ਪਹੁੰਚ ਜਾਣਗੇ।” ਉਹ ਮੇਰੇ ਸੁਆਲ ਤੋਂ ਪਾਸੇ ਪਾਸੇ ਲੰਘ ਗਿਆ।
“ਮੈਨੂੰ ਸੋਚਣ ਵਾਸਤੇ ਥੋੜ੍ਹੀ ਜਿਹੀ ਮੁਹਲਤ ਦਿਓ। ਕੱਲ੍ਹ ਨੂੰ ਮੈਂ ਇੱਕ ਹਫਤੇ ਵਾਸਤੇ ਬਾਹਰ ਜਾਣਾ ਹੈ, ਵਾਪਸ ਆ ਕੇ ਸਾਰਾ ਹਿਸਾਬ ਨਿਬੇੜ ਦਿਆਂਗਾ।” ਮੈਂ ਥਿੜਕਦੀ ਜ਼ਬਾਨ ਨਾਲ ਕਿਹਾ।
“ਓ ਭਾਈ ਸਾਹਿਬ! ਬਾਹਰ ਤੁਸੀਂ ਕਿਵੇਂ ਜਾ ਸਕਦੇ ਹੋ? ਤੁਹਾਡੇ ਪਾਸਪੋਰਟ ਅਤੇ ਹਵਾਈ ਦਸਤਾਵੇਜ਼ ਸਾਰੇ ਰੱਦ ਹੋ ਜਾਣੇ ਨੇ ਤੇ ਤੁਹਾਨੂੰ ਹਵਾਈ ਅੱਡੇ ‘ਤੇ ਹੀ ਹੱਥਕੜੀ ਲੱਗ ਜਾਵੇਗੀ। ਸਰਕਾਰ ਦੀਆਂ ਨਜ਼ਰਾਂ ਵਿਚ ਤੁਸੀਂ ਘੋਰ ਅਪਰਾਧੀ ਤੇ ਦੰਡ ਦੇ ਭਾਗੀਦਾਰ ਹੋ। ਚੰਗੀ ਗੱਲ ਇਹੀ ਹੈ ਕਿ ਤੁਸੀਂ ਸ਼ੈਰਿਫ ਥਾਮਸ ਇਬਰਾਹੀਮ ਨਾਲ ਗੱਲ ਕਰ ਕੇ ਬੇਨਤੀ ਕਰ ਵੇਖੋ, ਸ਼ਾਇਦ ਉਹ ਮੰਨ ਜਾਣ।” ਉਸ ਨੇ ਫੋਨ ਰੱਖ ਦਿੱਤਾ। ਥੋੜ੍ਹੇ ਵਕਫੇ ਬਾਅਦ ਕਿਸੇ ਹੋਰ ਦੀ ਆਵਾਜ਼ ਆਈ।
“ਹੋ ਗਈ ਤਸੱਲੀ ਜਨਾਬ?” ਜਿਵੇਂ ਕਿਸੇ ਨੇ ਮਸ਼ਕਰੀ ਕੀਤੀ ਹੋਵੇ।
“ਹਾਂ ਜੀ ਮਹਾਂਪੁਰਖੋ! ਮੁਆਫ ਕਰਨਾ, ਤੁਹਾਨੂੰ ਐਵੇਂ ਦਿੱਕਤ ਦਿੱਤੀ।”
“ਮੈਨੂੰ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਡੇ ਕੋਲ ਤੁਹਾਡੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ। ਤੁਹਾਨੂੰ ਅਖੀਰਲੀ ਚਿਤਾਵਨੀ ਹੈ ਕਿ ਜੇ ਇੱਜਤ ਬਚਾਉਣੀ ਚਾਹੁੰਦੇ ਹੋ ਤਾਂ 2524 ਡਾਲਰ ਅੱਧੇ ਘੰਟੇ ਵਿਚ ਜਮ੍ਹਾ ਕਰਵਾ ਦਿਓ। ਤੁਹਾਡਾ ਕੀ ਇਰਾਦਾ ਹੈ? ਨਹੀਂ ਤੇ ਤੁਹਾਨੂੰ ਪਕੜ ਕੇ ਕਚਹਿਰੀ ਵਿਚ ਪੇਸ਼ ਕਰਨ ਦੇ ਹੁਕਮ ਹੋ ਜਾਣੇ ਨੇ ਤੇ ਅੱਜ ਸ਼ਾਮ ਤੱਕ ਤੁਹਾਡੇ ਘਰੋਂ ਸਿਪਾਹੀ ਤੁਹਾਨੂੰ ਪਕੜ ਕੇ ਲੈ ਜਾਣਗੇ।” ਉਸ ਦੇ ਕੁਰਖ਼ਤ ਸ਼ਬਦ ਸੁਣ ਕੇ ਮੇਰੇ ਹੱਥ ਕੰਬਣ ਲੱਗੇ। ਮੈਨੂੰ ਹੱਥਕੜੀ ਲੱਗੀ ਮੇਰੇ ਗਵਾਂਢੀ ਵੇਖਣਗੇ!
“ਜਨਾਬ! ਏਨੀ ਕਿਹੜੀ ਆਖ਼ਰ ਆ ਗਈ ਕਿ 2524 ਡਾਲਰ ਦੀ ਨਿਗੂਣੀ ਜਿਹੀ ਰਕਮ ਕਾਰਨ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਤੁਹਾਨੂੰ ਏਨੀ ਵੱਡੀ ਤਕੱਲਫ ਕਰਨੀ ਪਏ! ਮੈਂ 2012 ਦਾ ਟੈਕਸ ਪਹਿਲਾਂ ਜਮ੍ਹਾ ਕਰਵਾ ਚੁੱਕਾ ਹਾਂ। ਉਸ ਵਿਚ ਪਿਛਲੇ ਬਕਾਏ ਦੀ ਰਕਮ ਦਾ ਕੋਈ ਜ਼ਿਕਰ ਨਹੀਂ ਸੀ।” ਯਾਦ ਕਰ ਕੇ ਮੈਂ ਆਪਣੇ ਪੈਰਾਂ ਸਿਰ ਪੱਕਾ ਹੋ ਗਿਆ।
“ਜੀ ਸਾਨੂੰ ਪਤਾ ਨਹੀਂ, ਸਾਨੂੰ ਤਾਂ ਆਈæਆਰæਐਸ਼ ਵੱਲੋਂ ਹੁਕਮ ਹੋਇਆ ਹੈ ਕਿ ਤੁਸੀਂ ਡਿਫਾਲਟਰ ਹੋ, ਇਸ ਵਾਸਤੇ ਹੋਰ ਕੋਈ ਚਾਰਾ ਨਹੀਂ।”
“ਸ੍ਰੀ ਮਾਨ ਜੀ, ਮੈਂ ਤੁਹਾਨੂੰ ਇਕਦਮ ਕੋਈ ਜੁਆਬ ਨਹੀਂ ਦੇ ਸਕਦਾ, ਮੈਨੂੰ ਕਿਸੇ ਕਾਨੂੰਨੀ ਮਾਹਿਰ ਨਾਲ ਸਲਾਹ ਕਰਨ ਦਾ ਟਾਈਮ ਦਿਓ। ਤੁਸੀਂ ਅਜਿਹੇ ਨੋਟਿਸ ਡਾਕ ਰਾਹੀਂ ਭੇਜ ਦਿਓ। ਤੁਹਾਡਾ ਕੀ ਨਾਮ ਹੈ ਸਰ!” ਮੈਂ ਕਿਹਾ।
“ਮੇਰਾ ਨਾਂ ਅਸ਼ੋਕ ਮਹਿਤਾ ਹੈ। ਮੈਂ ਤੁਹਾਡਾ ਹਮਦਰਦ ਹਾਂ। ਮੈਂ ਨਹੀਂ ਚਾਹੁੰਦਾ ਤੁਸੀਂ ਐਵੇਂ ਫਜ਼ੂਲ ਉਲਝਣ ਵਿਚ ਫਸ ਕੇ ਆਪਣੇ ਆਪ ਨੂੰ ਅੰਦਰ ਕਰਾ ਲਓ। ਸ਼ੈਰਿਫ ਮੇਰੀ ਗੱਲ ਮੰਨਦੇ ਹਨ, ਮੈਂ ਉਨ੍ਹਾਂ ਨੂੰ ਮਨਾ ਲਵਾਂਗਾ।” ਉਹ ਹੁਣ ਹਿੰਦੀ-ਪੰਜਾਬੀ ਵਿਚ ਗੱਲ ਕਰਨ ਲੱਗ ਪਿਆ।
“ਤੁਸੀਂ ਆਪਣੇ ਭਰਾ ਭਾਈ ਜਾਪਦੇ ਹੋ, ਮੈਂ ਤੁਹਾਨੂੰ ਹਿੰਦੀ ਵਿਚ ਚੰਗੀ ਤਰ੍ਹਾਂ ਸਮਝਾ ਦਿਆਂ ਕਿ ਤੁਸੀਂ ਇਸ ਜ਼ਰੂਰੀ ਕਾਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਹ ਬੜਾ ਸੀਰੀਅਸ ਮਾਮਲਾ ਹੈ। ਤੁਸੀਂ ਜੇਲ੍ਹ ਕੈਦ ਹੋ ਸਕਦੇ ਹੋ, ਬਲੈਕ-ਲਿਸਟ ਹੋ ਜਾਉਗੇ, ਤੁਹਾਡੇ ਬੈਂਕ ਖਾਤੇ ਸੀਲ ਹੋ ਸਕਦੇ ਹਨ। ਚੰਗਾ ਇਹੀ ਹੈ ਕਿ ਬਕਾਇਆ ਫਟਾਫਟ ਮੇਰੇ ਕੋਲ ਜਮਾ ਕਰਵਾ ਦਿਓ।” ਉਸ ਦੇ ਹਮਦਰਦੀ ਤੇ ਬਦਲਦੇ ਪੈਂਤੜੇ ਤੋਂ ਮੈਨੂੰ ਘਾਲੇ-ਮਾਲੇ ਦੀ ਬਦਬੂ ਆਉਣ ਲੱਗੀ।
ਕੁਝ ਦਿਨ ਪਹਿਲਾਂ ਇੱਕ 75 ਸਾਲਾ ਔਰਤ ਨੂੰ ਵੀ ਅਜਿਹਾ ਟੈਲੀਫੋਨ ਆਇਆ ਸੀ। ਉਹ ਵਿਚਾਰੀ ਰੇਡੀਓ-ਟਾਕ ‘ਤੇ ਕਿਸੇ ਵਕੀਲ ਨੂੰ ਇਸ ਤਰ੍ਹਾਂ ਦੇ ਫੋਨ ਬਾਰੇ ਦੱਸਦੀ ਰਾਹ ਪੁੱਛ ਰਹੀ ਸੀ। ਵਕੀਲ ਨੇ ਦੱਸਿਆ ਸੀ, “ਇਹ ਸਭ ਘਾਲਾ-ਮਾਲਾ ਜਾਪਦਾ ਹੈ। ਇਨਕਮ ਟੈਕਸ ਅਧਿਕਾਰੀ ਕਿਸੇ ਮੁਜਰਮ ਨਾਲ ਵੀ ਟੈਲੀਫੋਨ ‘ਤੇ ਇਸ ਤਰ੍ਹਾਂ ਦਾ ਅੜੀਅਲ ਵਤੀਰਾ ਨਹੀਂ ਅਪਨਾਉਂਦੇ। ਉਹ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਹਰੇਕ ਨੂੰ ਪੂਰਾ ਮੌਕਾ ਦਿੰਦੇ ਹਨ। ਕਈ ਵੇਰਾਂ ਕਈ ਹੋਰ ਗਲਤ ਅਨਸਰ ਸ਼ਰੀਫ ਲੋਕਾਂ ਨੂੰ ਲੁੱਟਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਕੇ ਪ੍ਰੇਸ਼ਾਨ ਕਰਦੇ ਰਹਿੰਦੇ ਨੇ। ਕਈ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਆਪਣਾ ਬੈਂਕ ਖਾਤਾ ਨੰਬਰ ਦੱਸ ਦਿੰਦੇ ਹਨ, ਜਿਸ ਵਿਚੋਂ ਉਹ ਤੁਰੰਤ ਪੈਸੇ ਕਢਵਾ ਕੇ ਰਫੂਚੱਕਰ ਹੋ ਜਾਂਦੇ ਨੇ। ਇਸ ਨੂੰ ਆਈæਡੀæ ਥੈਫਟ (ਚੋਰੀ) ਦਾ ਨਾਂ ਵੀ ਦਿੱਤਾ ਜਾਂਦਾ ਹੈ।”
ਇਹ ਯਾਦ ਕਰ ਕੇ ਮੈਂ ਫੋਨ ਵਾਲੇ ਨੂੰ ਫੇਰ ਬੇਨਤੀ ਕੀਤੀ, “ਸਰ! ਸੋਚਣ ਵਾਸਤੇ ਟਾਈਮ ਲੈਣਾ ਮੇਰਾ ਅਧਿਕਾਰ ਹੈ, ਮੈਂ ਤੁਹਾਨੂੰ ਦੁਬਾਰਾ ਕਾਲ ਕਰਾਂਗਾ, ਜਾਂ ਤੁਸੀਂ ਮੈਨੂੰ ਦੁਬਾਰਾ ਕਾਲ ਕਰ ਲਿਓ।” ਉਹ ਜ਼ਿੱਦ ਕਰ ਰਿਹਾ ਸੀ, “ਮੇਰੇ ਕੋਲ ਸਿਰਫ ਅੱਧਾ ਘੰਟਾ ਹੈ, ਮੇਰੇ ਹੱਥ ਖੜੇ ਹਨ।”
ਅਖੀਰ ‘ਮੈਂ ਇਸ ਵੇਲੇ ਬੇਵੱਸ ਹਾਂ, ਕੁਝ ਨਹੀਂ ਕਰ ਸਕਦਾ, ਮੈਨੂੰ ਟਾਈਮ ਦਿਓ’ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ ਤੇ 210-424-2344 ਰੀਡਾਇਲ ਕਰ ਲਿਆ। ਅੱਗੇ ਬੜੀ ਗਹਿਮਾ-ਗਹਿਮੀ ਭਰੀ ਕੋਈ ਥਾਂ ਜਾਪਦੀ ਸੀ ਤੇ ਪਿਛਿਓਂ ਕਈ ਤਰ੍ਹਾਂ ਦੀ ਗੁਫਤਗੂ ਦੀਆਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਕੋਈ ਬਹੁਤ ਰੁਝੇਵੇਂ ਭਰਪੂਰ ਅਹਿਮ ਦਫਤਰ ਹੋਵੇ।
“ਮਿਹਰਬਾਨੀ ਕਰ ਕੇ ਆਪਣਾ ਮੰਤਵ ਸਪਸ਼ਟ ਕਰੋ। ਜੇ ਤੁਹਾਨੂੰ ਆਪਣੀ ਪਾਰਟੀ ਦਾ ਨੰਬਰ ਪਤਾ ਹੈ ਤਾਂ ਉਹ ਘੁਮਾ ਲਓ।” ਰਿਕਾਰਡ ਕੀਤਾ ਜਵਾਬ ਮਿਲਿਆ। ਵਾਇਸ-ਮੇਲ ਤੋਂ ਬਿਨਾ ਕਿਸੇ ਨੇ ਫੋਨ ਨਹੀਂ ਉਠਾਇਆ। ਜ਼ਾਹਰ ਸੀ ਇਹ ਅਸਲੀ ਨੰਬਰ ਤਾਂ ਮੌਜੂਦ ਹੈ, ਇਸ ਲਈ ਫੋਨ ਕਰਨ ਵਾਲੇ ਵੀ ਤਾਂ ਲੱਭ ਹੀ ਜਾਣਗੇ। ਫੋਨ ਦੀ ਘੰਟੀ ਫੇਰ ਖੜਕੀ। ਉਹੀ ਨੰਬਰ ਸੀ। ਮੈਂ ਨਹੀਂ ਚੁੱਕਿਆ ਪਰ ਘੰਟੀ ਖੜਕਦੀ ਰਹੀ।
ਮੇਰਾ ਤੌਖਲਾ ਵਧ ਗਿਆ। ਮੈਂ ਕਿਸੇ ਹੋਰ ਮਿੱਤਰ ਜੋ ਟੈਕਸ ਦਾ ਮਾਹਿਰ ਹੈ, ਨਾਲ ਫੋਨ ਮਿਲਾਇਆ। ਉਸ ਨੇ ਦੱਸਿਆ ‘ਇਹ ਸਕੈਮ ਹੈ ਅਤੇ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਭਲੇ ਲੋਕਾਂ ਦੀਆਂ ਆਈæਡੀæ ਚੋਰੀ ਕਰ ਕੇ ਠੱਗੀਆਂ ਮਾਰਦੇ ਹਨ। ਮੇਰੀ ਬੇਨਤੀ ‘ਤੇ ਉਸ ਨੇ ਹਾਮੀ ਭਰ ਦਿੱਤੀ ਕਿ ਉਹ 210-424-2344 ਨੰਬਰ ‘ਤੇ ਟੈਲੀਫੋਨ ਕਰ ਕੇ ਦਰਿਆਫਤ ਕਰੇਗਾ। ਦੋ-ਚਾਰ ਮਿੰਟ ਵਿਚ ਉਸ ਦਾ ਵਾਪਸੀ ਫੋਨ ਆ ਗਿਆ, “ਇਹ ਨੰਬਰ ਬਣਾਉਟੀ ਜਾਪਦਾ ਹੈ। ਮੈਂ ਉਸ ਨੰਬਰ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਮਿਲਦਾ ਨਹੀਂ ਜਾਂ ਵਾਰ ਵਾਰ ਕੱਟਿਆ ਜਾ ਰਿਹਾ ਹੈ। ਨੰਬਰ ਗੂਗਲ-ਸਰਚ ‘ਤੇ ਪਾ ਕੇ ਤੁਸੀਂ ਆਪ ਅਸਲੀ-ਨਕਲੀ ਦੀ ਪਹਿਚਾਣ ਕਰ ਸਕਦੇ ਹੋ।”
ਮੈਂ ਸਿੱਧਾ ਮਿਲਾਉਣ ਦੀ ਠਾਣੀ ਪਰ ਕੋਰਾ ਜੁਆਬ ਮਿਲ ਗਿਆ, “ਇਹ ਨੰਬਰ ਵਰਤੋਂ ਵਿਚ ਨਹੀਂ।” ਚੰਗਾ ਭਲਾ ਚੱਲਦਾ ਨੰਬਰ ਗਾਇਬ ਹੋ ਗਿਆ! ਮੈਂ ਸੁੱਖ ਦਾ ਸਾਹ ਲਿਆ।
ਮੈਂ ਗੂਗਲ-ਸਰਚ ‘ਤੇ ਨੰਬਰ ਪਾਇਆ। ਲਾਲ ਅੱਖਰਾਂ ਵਿਚ ਲਿਖਿਆ ਆ ਰਿਹਾ ਸੀ, “ਤੁਹਾਡੇ ਨਾਂ ਵਾਰੰਟ ਗ੍ਰਿਫਤਾਰੀ ਜਾਰੀ ਹੋ ਚੁੱਕੇ ਹਨ ਤੇ ਤੁਸੀਂ ਇਸ ਬਾਰੇ ਸਾਵਧਾਨ ਹੋ ਜਾਓ। ਤੁਹਾਡੇ ਦਰ ‘ਤੇ ਪੁਲਿਸ ਵਾਲੇ ਪਹੁੰਚਣ ਵਾਲੇ ਹਨ।” ਸਕਰੀਨ ਤੇ ਲਾਲ ਪੱਟੀ ਚੱਲ ਰਹੀ ਸੀ ਤੇ ਥੱਲੇ ਲਿਖਿਆ ਸੀ, “ਇਹ ਸਕੈਮ ਹੈ, ਧੋਖਾ-ਫਰੇਬ ਹੈ। ਤੁਸੀਂ ਚਾਹੋ ਤਾਂ ਇਸ ਬਾਰੇ ਸਾਈਬਰ-ਕ੍ਰਾਈਮ ਬਰਾਂਚ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਬਚ ਗਏ ਹੋ ਤਾਂ ਹੋਰਾਂ ਨੂੰ ਵੀ ਸਾਵਧਾਨ ਕਰੋ।”
ਮੇਰੇ ਸਾਹ ਵਿਚ ਸਾਹ ਆਇਆ। ਮੈਂ ਡਾਕੂ ਟੋਲੇ ਹੱਥੋਂ ਬਚ ਗਿਆ ਸਾਂ।